ਮਿਰਜ਼ਾ ਗਾਲਿਬ ਤੇ ਫਖਰੁਦੀਨ ਅਲੀ ਅਹਿਮਦ

ਗੁਲਜ਼ਾਰ ਸਿੰਘ ਸੰਧੂ
ਮੈਂ 10 ਮਈ ਦਾ ਦਿਨ ਭੁੱਲ ਬਖਸ਼ਾਉਣ ਲਈ ਚੁਣਿਆ ਹੈ। ਇਸ ਭੁੱਲ ਦੇ ਪਾਤਰ ਮੇਰੇ ਹੋਰ ਮਿੱਤਰ ਵੀ ਹਨ, ਮਿਰਜ਼ਾ ਗਾਲਿਬ ਦੇ ਮੱਦਾਹ। ਪੰਜਾਬੀ ਕਵੀ ਸੁਰਜੀਤ ਪਾਤਰ, ਉਰਦੂ ਹਾਸ ਵਿਅੰਗ ਸ਼ਾਇਰ ਟੀ. ਐਨ. ਰਾਜ਼, ਐਡਵੋਕੇਟ ਰਾਜਿੰਦਰ ਸਿੰਘ ਚੀਮਾ ਤੇ ਹੋਰ। 1945 ਦੇ ਏਸ ਦਿਨ ਬੱਗਾ ਬੇਗਮ (ਪਤਨੀ ਬਾਕਰ ਅਲੀ ਖਾਂ) ਦੀ ਮੌਤ ਹੋ ਗਈ ਸੀ। ਬਾਕਰ ਅਲੀ ਨੂੰ ਉਸ ਦੇ ਪਿਤਾ ਆਰਿਫ ਦੀ ਮੌਤ ਪਿੱਛੋਂ ਗਾਲਿਬ ਦੀ ਬੀਵੀ ਉਮਰਾਓ ਬੇਗਮ ਨੇ ਪਾਲਿਆ ਸੀ।

ਆਰਿਫ ਦੀ ਮਾਂ ਬੁਨਿਆਦੀ ਬੇਗਮ ਮਿਰਜ਼ਾ ਗਾਲਿਬ ਦੀ ਸਾਲੀ ਸੀ ਤੇ ਉਮਰਾਓ ਬੇਗਮ ਦੀ ਸਕੀ ਭੈਣ। ਉਹ ਬਾਰਾਂ ਸਾਲ ਦੀ ਉਮਰ ਵਿਚ ਬਾਕਰ ਅਲੀ ਦੀ ਦੁਲਹਨ ਬਣ ਕੇ ਮਿਰਜ਼ਾ ਗਾਲਿਬ ਦੇ ਘਰ ਆਈ ਸੀ। ਉਸ ਨੇ 69 ਸਾਲ ਵਿਧਵਾ ਰਹਿ ਕੇ 93 ਸਾਲ ਦੀ ਉਮਰ ਭੋਗੀ। ਭਾਰਤ ਦਾ ਦੂਜਾ ਰਾਸ਼ਟਰਪਤੀ ਫਖਰੁਦੀਨ ਅਲੀ ਅਹਿਮਦ ਮੁਆਜ਼ਮ ਜ਼ਪਾਨੀ ਬੇਗਮ ਉਰਫ ਬੱਗਾ ਬੇਗਮ ਦਾ ਦੋਹਤਰਾ ਸੀ।
ਇਹ ਵੇਰਵਾ ਮੈਂ ਫਖਰੁਦੀਨ ਤੇ ਗਾਲਿਬ ਦਾ ਨਾਤਾ ਜੋੜਨ ਲਈ ਦਿੱਤਾ ਹੈ। ਆਪਾਂ ਮਿਰਜ਼ਾ ਗਾਲਿਬ ਦੇ ਪ੍ਰਸੰਗ ਵਿਚ ਹੋਈ ਭੁੱਲ ਦੀ ਗੱਲ ਕਰੀਏ, ਜਿਸ ਦੇ ਪਾਤਰ ਮੇਰੇ ਮਿੱਤਰ ਰਾਜ਼, ਪਾਤਰ ਤੇ ਚੀਮਾ ਵੀ ਹਨ। ਭੁੱਲ ਇੱਕ ਸਾਲ ਪੁਰਾਣੀ ਹੈ। ਲੰਘੇ ਸਾਲ ਮਿਰਜ਼ਾ ਗਾਲਿਬ ਨੂੰ ਇਸ ਦੁਨੀਆਂ ਤੋਂ ਕੂਚ ਕੀਤਿਆਂ ਡੇਢ ਸੌ ਸਾਲ ਹੋ ਗਏ ਸਨ। ਅਸੀਂ ਗੁਰਬਖਸ਼ ਸਿੰਘ ਪ੍ਰੀਤਲੜੀ ਤੇ ਸੰਤੋਖ ਸਿੰਘ ਧੀਰ ਦੀਆਂ ਸਵਾ ਸੌ ਤੇ ਸੌ ਸਾਲਾ ਵਰ੍ਹੇਗੰਢਾਂ ਤਾਂ ਮਨਾਉਂਦੇ ਰਹੇ, ਉਰਦੂ ਦੇ ਮਾਇਆਨਾਜ਼ ਸ਼ਾਇਰ ਮਿਰਜ਼ਾ ਅਸਦ ਉਲਾ ਖਾਂ ਗਾਲਿਬ ਨੂੰ ਭੁੱਲ ਗਏ। ਉਹ ਮਰਨ ਤੋਂ ਪਹਿਲਾਂ ਇਸ ਦੀ ਪੇਸ਼ੀਨਗੋਈ ਖੁਦ ਵੀ ਕਰ ਗਿਆ ਸੀ,
ਗਾਲਿਬ-ਏ-ਖਸਤਾ ਕੇ ਬਗੈਰ
ਕੌਨ ਸੇ ਕਾਮ ਬੰਦ ਹੈਂ,
ਰੋਈਏ ਜ਼ਾਰ ਜ਼ਾਰ ਕਿਆ ਕੀਚੀਏ
ਹਾਏ ਹਾਏ ਕਿਉਂ?
ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਪੇਸ਼ੀਨਗੋਈ ਵਿਚ ਉਨਾ ਹੀ ਕਮਾਲ ਹਾਸਿਲ ਸੀ, ਜਿੰਨਾ ਸ਼ਾਇਰੀ ਵਿਚ। ਉਸ ਦੀ ਇਸ ਕਲਾ ਵਿਚ ਨਾਕਾਮੀ ਦੀ ਪੁਸ਼ਟੀ ਚਾਹੀਦੀ ਹੋਵੇ ਤਾਂ ਉਸ ਦਾ ਹੇਠ ਲਿਖਿਆ ਸ਼ਿਅਰ ਕਾਫੀ ਹੈ,
ਸ਼ੇਰ ਲਾਸ਼-ਏ-ਬੇਕਫਨ
ਅਸਦ ਖਸਤਾ ਜਾਂ ਕੀ ਹੈ,
ਹੱਕ ਮਸਫਰਤ ਕਰੇ,
ਅਜਬ ਆਜ਼ਾਦ ਮਰਦ ਥਾ।
ਜੇ ਹੋਰ ਸਬੂਤ ਦੀ ਲੋੜ ਹੋਵੇ ਤਾਂ ਇਹ ਵੀ,
ਹੂਏ ਮਰ ਕੇ ਹਮ ਜੋ ਰੁਸਵਾ
ਹੂਏ ਕਿਉਂ ਨਾ ਗਰਕ-ਏ-ਦਰਯਾ,
ਨਾ ਕਭੀ ਜਨਾਜ਼ਾ ਉਠਤਾ
ਨਾ ਕਹੀਂ ਮਜ਼ਾਰ ਹੋਤਾ।
ਉਸ ਦੀ ਲਾਸ਼ ਨੂੰ ਕਫਨ ਵੀ ਮਿਲਿਆ, ਜਨਾਜ਼ਾ ਵੀ ਉਠਿਆ ਤੇ ਮਜ਼ਾਰ ਵੀ ਬਣਿਆ। ਇਹ ਗੱਲ ਵੀ ਕਰਾਂਗੇ, ਪਹਿਲਾਂ ਉਸ ਦੀ ਅਜ਼ਮਤ ਤੇ ਅਮਰਤਾ ਦੇ ਤਿੰਨ ਸ਼ਿਅਰ,
1. ਹੈਂ ਔਰ ਭੀ ਦੁਨੀਆਂ ਮੇ
ਸ਼ਖਨਵਰ ਬਹੁਤ ਅੱਛੇ,
ਕਹਿਤੇ ਹੈਂ ਕਿ ਗਾਲਿਬ ਕਾ
ਹੈ ਅੰਦਾਜ਼-ਏ-ਬਯਾਂ ਔਰ।

2. ਹਮ ਕਹਾ ਕੇ ਦਾਨਾ ਥੇ
ਕਿਸ ਹੁਨਰ ਮੇਂ ਯਕਤਾ ਥੇ,
ਬੇਸਬਬ ਹੂਆ ਗਾਲਿਬ
ਦੁਸ਼ਮਨ ਆਸਮਾਂ ਅਪਨਾ।

3. ਯੇਹ ਮਸਾਇਲ-ਏ-ਤਸਵੁਫ
ਯੇਹ ਤੇਰਾ ਬਯਾਨ ਗਾਲਿਬ,
ਤੁਝੇ ਹਮ ਵਲੀ ਸਮਝਤੇ
ਜੋ ਨਾ ਬਾਦਾਖ੍ਵਾਰ ਹੋਤਾ।
ਨਿਸ਼ਚੇ ਹੀ ਮਿਰਜ਼ਾ ਗਾਲਿਬ ਨੂੰ ਆਪਣੀ ਅਕਲ, ਪਹੁੰਚ ਅਤੇ ਧਾਰਨਾ ‘ਤੇ ਮਾਣ ਸੀ। ਉਸ ਦੀ ਹਰ ਗਜ਼ਲ ਜੀਵਨ ਦੀ ਜਦੋ-ਜਹਿਦ, ਮਨ ਦੀ ਸਾਦਗੀ ਤੇ ਦ੍ਰਿੜ੍ਹਤਾ ਅਤੇ ਜ਼ਿੰਦਗੀ ਦੇ ਸਥਾਈ ਸੱਚ ਨਾਲ ਭਰੀ ਪਈ ਹੈ। ਸਮਝਾਉਣ, ਬੁਝਾਉਣ ਤੇ ਜ਼ਿੰਦਗੀ ਨੂੰ ਰੱਜ ਕੇ ਮਾਣਨ ਦੀ ਸੇਧ ਦੇਣ ਵਾਲੀ। 1821 ਵਿਚ 24 ਸਾਲ ਦੀ ਉਮਰੇ ਲਿਖੇ ਕੁਝ ਸ਼ਿਅਰ ਧਿਆਨ ਮੰਗਦੇ ਹਨ,
ਏਕ ਹੰਗਾਮੇ ਪੇ ਮੌਕੂਫ ਹੈ ਘਰ ਕੀ ਰੌਨਕ
ਨੌਹਾ-ਏ-ਗਮ ਹੀ ਸਹੀ,
ਨਗਮਾ-ਏ-ਸ਼ਾਦੀ ਨਾ ਸਹੀ।
ਉਹ ਘਰ ਕੀ ਹੋਇਆ, ਜਿਸ ਵਿਚ ਸ਼ੋਰ ਸ਼ਰਾਬਾ ਨਾ ਹੋਵੇ! ਹੰਗਾਮੇ ਤੋਂ ਬਿਨਾ ਬੰਦੇ ਦਾ ਕੀ ਜਿਉਣਾ। ਜੇ ਖੁਸ਼ੀ ਦਾ ਗੀਤ ਨਸੀਬ ਨਾ ਹੋਵੇ ਤਾਂ ਦੁਖਦਾਈ ਵਿਰਲਾਪ ਵੀ ਰਾਹਤ ਦਿੰਦਾ ਹੈ।
ਆਸ਼ਕੀ ਦੇ ਪ੍ਰਸੰਗ ਵਿਚ ਲਿਖਿਆ ਹੈ,
ਨਾ ਹੂਈ ਗਰ ਮੇਰੇ ਮਰਨੇ ਸੇ ਤਸੱਲੀ, ਨਾ ਸਹੀ
ਇਮਤਿਹਾਂ ਔਰ ਭੀ ਬਾਕੀ ਹੋ, ਤੋ ਯੇ ਭੀ ਨਾ ਸਹੀ।
ਜੇ ਮੇਰੇ ਮਰਨ ਨਾਲ ਵੀ ਤੇਰੀ ਤਸੱਲੀ ਨਹੀਂ ਹੋਈ ਤੇ ਜ਼ੁਲਮ ਕਰਨ ਦੀ ਹਵਸ ਬਾਕੀ ਹੈ ਤਾਂ ਮੇਰੇ ਵਲੋਂ ਇਮਤਿਹਾਨ ਲਈ ਲਾਸ਼ ਹਾਜ਼ਰ ਹੈ। ਮੇਰਾ ਇਸ਼ਕ ਮਰਨ ਤੋਂ ਪਿੱਛੋਂ ਵੀ ਵਡੇਰੇ ਇਮਤਿਹਾਨ ਵਿਚੋਂ ਲੰਘਣ ਲਈ ਤਿਆਰ ਹੈ।
ਨਾ ਸਤਾਇਸ਼ ਕੀ ਤਮੰਨਾ, ਨਾ ਸਿਲੇ ਕੀ ਪਰਵਾਹ,
ਗ਼ਰ ਨਹੀਂ ਮੇਰੇ ਇਸ਼ਆਰ ਮੇਂ ਮਾਅਨੀ, ਨਾ ਸਹੀ।
ਗਾਲਿਬ ਦੇ ਕਲਾਮ ਵਿਚ ਨੁਕਸ ਕੱਢਣ ਵਾਲਿਆਂ ਦੀ ਸਦਾ ਇਹੀਓ ਸ਼ਿਕਾਇਤ ਸੀ ਕਿ ਸਮਝ ਨਹੀਂ ਆਉਂਦਾ। ਉਸ ਨੇ ਇਸ ਦਾ ਉਤਰ ਭਰ ਜਵਾਨ ਉਮਰੇ ਇਸ ਸ਼ਿਅਰ ਰਾਹੀਂ ਦਿੱਤਾ ਸੀ, “ਮੈਂ ਜੋ ਵੀ ਲਿਖਦਾ ਹਾਂ, ਕਿਸੇ ਤੋਂ ਪ੍ਰਸ਼ੰਸਾ ਪ੍ਰਾਪਤ ਕਰਨ ਜਾਂ ਇਨਾਮ ਲੈਣ ਲਈ ਨਹੀਂ ਲਿਖਦਾ। ਜੇ ਕਿਸੇ ਨੂੰ ਮੇਰੇ ਲਿਖੇ ਦਾ ਅਰਥ ਸਮਝ ਨਹੀਂ ਆਉਂਦਾ ਤਾਂ ਮੈਨੂੰ ਕੀ?”
ਸ਼ਾਇਦ ਇਹੀਓ ਕਾਰਨ ਹੈ ਕਿ ਉਸ ਨੇ 1833 ਵਿਚ 36 ਵਰ੍ਹੇ ਦੀ ਉਮਰੇ ਹੇਠ ਲਿਖੇ ਸ਼ਿਅਰਾਂ ਵਾਲੀ ਗਜ਼ਲ ਲਿਖੀ,
ਰਹੀਏ ਅਬ ਐਸੀ ਜਗ੍ਹਾ ਚਲ ਕਰ ਜਹਾਂ ਕੋਈ ਨਾ ਹੋ,
ਹਮ-ਸੁਖਨ ਕੋਈ ਨਾ ਹੋ ਔਰ ਹਮ-ਜ਼ੁਬਾਂ ਕੋਈ ਨਾ ਹੋ।
ਬੇ-ਦਰ-ਓ-ਦੀਵਾਰ ਸਾ ਏਕ ਘਰ ਬਨਾਯਾ ਚਾਹੀਏ
ਕੋਈ ਹਮਸਾਯਾ ਨਾ ਹੋ ਔਰ ਪਾਸਬਾਂ ਕੋਈ ਨਾ ਹੋ।
ਪੜੀਏ ਗਰ ਬੀਮਾਰ ਤੋ ਕੋਈ ਨਾ ਹੋ ਤੀਮਾਰਦਾਰ
ਔਰ ਅਗਰ ਮਰ ਜਾਈਏ, ਤੋ ਨੌਹਾ-ਖ੍ਵਾਂ ਕੋਈ ਨਾ ਹੋ।
ਉਹ ਆਪਣੇ ਨਿਰਾਸ਼ ਦਿਲ ਨੂੰ ਢਾਰਸ ਦੇਣੀ ਵੀ ਜਾਣਦਾ ਹੈ,
ਸੰਭਲਨੇ ਦੇ ਮੁਝੇ ਐ ਨਾਉਮੀਦੀ
ਕਿਆ ਕਿਆਮਤ ਹੈ,
ਕਿ ਦਾਮਨ-ਏ-ਖਿਆਲ-ਏ-ਯਾਰ
ਛੂਟਾ ਜਾਏ ਹੈ ਮੁੱਝ ਸੇ।
ਭਾਵ ਏਨੀ ਵੀ ਨਿਰਾਸ਼ਾ ਕੀ ਹੋਈ ਕਿ ਮਾਸ਼ੂਕ ਦੀ ਯਾਦ ਖਿਆਲ ਹੀ ਵਿਸਰਦਾ ਜਾਪੇ।
ਗਾਲਿਬ ਦੇ ਅੰਤਲੇ ਦਿਨਾਂ ਵਿਚ ਉਨ੍ਹਾਂ ਦਾ ਸ਼ਾਗਿਰਦ ਮੌਲਾਨਾ ਅਲਤਾਫ ਹੁਸੈਨ ਹਾਲੀ ਉਨ੍ਹਾਂ ਨੂੰ ਮਿਲਣ ਗਿਆ ਤਾਂ ਪਲੰਘ ‘ਤੇ ਪਏ ਲੋਹਾਰੂ ਦੇ ਨਵਾਬ ਅਲਾਉਦੀਨ ਖਾਂ ਦੇ ਖਤ ਦਾ ਜਵਾਬ ਲਿਖਵਾ ਰਹੇ ਸਨ। ਫਾਰਸੀ ਦਾ ਕੋਈ ਸ਼ਿਅਰ ਲਿਖਵਾ ਕੇ ਲਿਖਵਾਇਆ, ‘ਮੇਰਾ ਹਾਲ ਮੁਝ ਸੇ ਕਿਆ ਪੂਛਤੇ ਹੋ, ਏਕ ਆਧ ਰੋਜ਼ ਮੇਂ ਪੜੋਸੀਓਂ ਸੇ ਪੂਛਨਾ।’
ਉਹ ਆਪਣੀ ਉਮਰ ਦੇ ਅੰਤ ਸਮੇਂ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਸਨ। ਮਰਨ ਤੋਂ ਕੁਝ ਦਿਨ ਪਹਿਲਾਂ ਰਾਸ਼ੀ ਦੇ ਦੌਰੇ ਪੈਣ ਲੱਗ ਪਏ ਤੇ ਅੰਤ ਦਿਮਾਗ ਦੇ ਫਾਲਿਜ (ਬਰੇਨ ਹੈਮਰੇਜ) ਨਾਲ ਚੱਲ ਵੱਸੇ; 71 ਸਾਲ ਤੋਂ ਇਕ ਮਹੀਨਾ ਵਧ ਉਮਰ ਭੋਗ ਕੇ। ਨਵਾਬ ਰਾਮਪੁਰ ਵਲੋਂ ਭੇਜਿਆ ਆਖਰੀ ਵਜੀਫਾ ਉਨ੍ਹਾਂ ਦੀ ਮੌਤ ਤੋਂ ਸਿਰਫ ਘੰਟਾ ਪਹਿਲਾਂ ਮਿਲਿਆ ਸੀ।
ਮੈਂ ਆਪਣੀ ਭੁਲ ਬਖਸ਼ਾਉਣ ਵਜੋਂ ਸ਼ੇਖ ਮੁਹੰਮਦ ਇਕਰਾਮ ਦੀ ਪੁਸਤਕ ‘ਆਸਾਰ-ਏ-ਗਾਲਿਬ’ ਵਿਚ ਦਰਜ ਇਹ ਸ਼ਬਦ ਪਾਠਕਾਂ ਦੀ ਨਜ਼ਰ ਕਰ ਰਿਹਾਂ, “ਮਿਰਜ਼ਾ ਦੀ ਜ਼ਿੰਦਗੀ ਦੀਆਂ ਘਟਨਾਵਾਂ ਤੇ ਉਨ੍ਹਾਂ ਦੀ ਸ਼ਖਸੀਅਤ ‘ਤੇ ਵਿਚਾਰ ਕੀਤਾ ਜਾਵੇ ਤਾਂ ਖਿਆਲ ਆਉਂਦਾ ਹੈ ਇਨ੍ਹਾਂ ‘ਚ ਪਵਿੱਤਰਤਾ, ਦੂਜੇ ਦੀ ਭਲਾਈ ਤੇ ਰਹਿਮਦਿਲੀ ਇੰਨੀ ਵੱਧ ਉਜਾਗਰ ਨਹੀਂ, ਜਿੰਨੀ ਮਜ਼ਬੂਤ ਅਕਲ ਤੇ ਹੋਸ਼ ਅਤੇ ਸੰਤੁਲਿਤ ਦਿਲ ਤੇ ਦਿਮਾਗ। ਮਿਰਜ਼ਾ ਸੁਭਾਅ ਦੇ ਨੇਕ ਸਨ। ਕਿਉਂ ਜੋ ਉਨ੍ਹਾਂ ਨੇ ਖੁਦ ਤਰ੍ਹਾਂ ਤਰ੍ਹਾਂ ਦੀਆਂ ਮੁਸੀਬਤਾਂ ਬਰਦਾਸ਼ਤ ਕੀਤੀਆਂ ਸਨ, ਇਸ ਲਈ ਉਨ੍ਹਾਂ ਨੂੰ ਦੂਜਿਆਂ ਦੀਆਂ ਤਕਲੀਫਾਂ ਦਾ ਪੂਰਾ ਪੂਰਾ ਅਹਿਸਾਸ ਸੀ ਤੇ ਉਨ੍ਹਾਂ ਨੂੰ ਦੂਰ ਕਰਨ ਲਈ ਉਨ੍ਹਾਂ ਦੀ ਸੱਚੇ ਦਿਲੋਂ ਖਾਹਿਸ਼ ਰਹਿੰਦੀ ਸੀ, ਪਰ ਇਹ ਖਾਹਿਸ਼ ਇਸ ਕਦਰ ਮਜ਼ਬੂਤ ਨਹੀਂ ਸੀ, ਜਿਸ ਕਦਰ ਉਨ੍ਹਾਂ ਦਾ ਵਿਸ਼ੇ ਬੋਧ ਤੇ ਅਵਸਰ ਬੋਧ। ਮਿਰਜ਼ਾ ਗਾਲਿਬ ਸਾਦਾ ਦਿਲ ਬਿਲਕੁਲ ਨਹੀਂ ਸਨ, ਸਗੋਂ ਮਜ਼ਬੂਤ ਅਕਲ ਤੇ ਹੋਸ਼ ਦੇ ਮਾਲਿਕ ਸਨ ਅਤੇ ਉਨ੍ਹਾਂ ਦੇ ਜੀਵਨ ਦੀਆਂ ਘਟਨਾਵਾਂ ‘ਚ ਸਭ ਤੋਂ ਵੱਧ ਵਿਸ਼ਵਾਸਯੋਗ ਤੇ ਪ੍ਰਭਾਵੀ ਮਾਰਗ ਦਰਸ਼ਕ ਉਨ੍ਹਾਂ ਦੀ ਸੂਖਮ ਬੁੱਧੀ ਹੀ ਸੀ।”
ਮੇਰੇ ਮਿਤਰ ਟੀ. ਐਨ. ਰਾਜ਼, ਰਾਜਿੰਦਰ ਚੀਮਾ ਤੇ ਸੁਰਜੀਤ ਪਾਤਰ ਕਿਵੇਂ ਭੁੱਲ ਬਖਸ਼ਾਉਂਦੇ ਹਨ, ਸਮੇਂ ਨੇ ਦਸੱਣਾ ਹੈ। ਉਂਜ ਇਹ ਸਤਰਾਂ ਲਿਖਦੇ ਸਮੇਂ ਮੇਰੇ ਸਾਹਮਣੇ ਉਰਦੂ ਅਕਾਦਮੀ ਆਂਧਰਾ ਪ੍ਰਦੇਸ਼ ਵਲੋਂ 2009 ਵਿਚ ਪ੍ਰਕਾਸ਼ਿਤ ਮੁਰੱਕਾ-ਏ-ਚੁਗਤਾਈ ਦੇ ਸੁਚਿਤੱਰ ਦੀਵਾਨ-ਏ-ਗਾਲਿਬ ਦੀ ਬੇਸ਼ਕੀਮਤ ਕਾਪੀ ਪਈ ਹੈ, ਜੋ ਰਾਜਿੰਦਰ ਚੀਮਾ ਨੇ ਮੇਰੇ ਸ਼ੌਕ ਨੂੰ ਮੁਖ ਰਖਦਿਆਂ ਪਹਿਲੀ ਸਤੰਬਰ 2010 ਵਾਲੇ ਦਿਨ ਇੱਕ ਵਡਮੁੱਲੇ ਤੁਹਫੇ ਵਜੋਂ ਮੈਨੂੰ ਦਿੱਤੀ ਸੀ। ਇਸ ਤੋਂ ਬਿਨਾ ਟੀ. ਐਨ. ਰਾਜ਼ ਦੀ ਸੰਪਾਦਿਤ ‘ਗਾਲਿਬ, ਜੀਵਨ, ਸ਼ਾਇਰੀ, ਖਤ ਅਤੇ ਸਫਰ-ਏ-ਕਲਕੱਤਾ’ ਦਾ ਪੰਜਾਬੀ ਐਡੀਸ਼ਨ (ਲੋਕਗੀਤ ਪ੍ਰਕਾਸਨ, ਚੰਡੀਗੜ੍ਹ, ਪੰਨੇ 230, ਮੁੱਲ: ਮੂੰਹ ਮੰਗਿਆ) ਵੀ ਪਿਆ ਹੈ, ਜਿਸ ਦੇ ਸਰਵਰਕ ਉਤੇ ਸੁਰਜੀਤ ਪਾਤਰ ਦਾ ਵਾਕ “ਰਾਜ਼ ਸਾਹਿਬ ਨੇ ਪੰਜਾਬੀ ਵਿਚ ਏਨਾ ਮਹਾਨ ਕਾਰਜ ਸਿਰਜਿਆ ਹੈ ਕਿ ਜੇ ਅੱਜ ਮਿਰਜ਼ਾ ਗਾਲਿਬ ਹੁੰਦੇ ਤਾਂ ਰਾਜ਼ ਨੂੰ ਮੁਹੱਬਤਾਂ ਨਾਲ ਲਬਰੇਜ ਗਲਵੱਕੜੀ ਵਿਚ ਲੈ ਲੈਂਦੇ” ਨੋਟ ਕਰਨ ਵਾਲਾ ਹੈ। ਇਹ ਵੀ ਕਿ ਗਾਲਿਬ ਦੀ ਬੀਵੀ ਉਮਰਾਓ ਬੇਗਮ ਦੀ ਮੌਤ ਵੀ 4 ਮਈ ਨੂੰ ਹੋਈ ਸੀ।
ਰਾਜ਼ ਦੀ ਪੁਸਤਕ ਵਿਚ ਗਾਲਿਬ ਦੇ ਜਨਮ ਅਸਥਾਨ, (ਕਲਾ ਮਹਲ ਆਗਰਾ) ਤੇ ਦਿੱਲੀ ਵਾਲੇ ਘਰ ਦੀ ਹੀ ਨਹੀਂ, ਨਿਜ਼ਾਮੁਦੀਨ ਵਾਲੇ ਖੂਬਸੂਰਤ ਮਜ਼ਾਰ ਦੀ ਤਸਵੀਰ ਵੀ ਹੈ, ਜੋ ਗਾਲਿਬ ਦੀ ਮੌਤ ਤੋਂ ਪਿੱਛੋਂ ਲਾਸ਼-ਏ-ਬੇਕਫਨ ਵਾਲੀ ਪੇਸ਼ੀਨਗੋਈ ਉਤੇ ਪੋਚਾ ਫੇਰਦੀ ਹੈ। ਫਿਰ ਵੀ ਮੈਂ ਇਨ੍ਹਾਂ ਸਤਰਾਂ ਨਾਲ ਆਪਣੇ ਆਪ ਨੂੰ ਸੁਰਖਰੂ ਨਹੀਂ ਕਰ ਰਿਹਾ। ਜੇ ਮੇਰਾ ਵੱਸ ਚੱਲਿਆ ਤਾਂ ਆਪਣੀ ਪਹੁੰਚ ਵਾਲੀਆਂ ਸਾਹਿਤ ਅਕਾਦਮੀਆਂ ਤੇ ਯੂਨੀਵਰਸਿਟੀਆਂ ਨੂੰ ਬੇਨਤੀ ਕਰਕੇ ਆਪਣੇ ਪਸੰਦੀਦਾ ਸ਼ਾਇਰ ਦੀ 150ਵੀਂ ਬਰਸੀ ਦੀ ਯਾਦ ਵਿਚ ਲੋੜੀਂਦੇ ਪ੍ਰੋਗਰਾਮ ਵੀ ਆਯੋਜਿਤ ਕਰਾਵਾਂਗਾ-ਦੇਰੀ ਦੀ ਖਿਮਾ ਮੰਗ ਕੇ। ਮਿਰਜ਼ਾ ਗਾਲਿਬ ਦਾ ਹੀ ਕਥਨ ਹੈ,
ਮਿਹਰਬਾਂ ਹੋ ਕੇ ਬੁਲਾ ਲੋ ਮੁਝੇ ਚਾਹੋ ਜਿਸ ਵਕਤ,
ਮੈਂ ਗਯਾ ਵਕਤ ਨਹੀਂ ਹੂੰ ਕਿ ਆ ਭੀ ਨਾ ਸਕੂੰ।
ਅੰਤਿਕਾ: ਮਿਰਜ਼ਾ ਗਾਲਿਬ
ਚਾਹੀਏ ਅੱਛੋਂ ਕੋ ਜਿਤਨਾ ਚਾਹੀਏ
ਯੇਹ ਅਗਰ ਚਾਹੇਂ ਤੋ ਫਿਰ ਕਿਆ ਚਾਹੀਏ।