ਕਰੋਨਾ ਦੌਰ ਦੀਆਂ ਸਾਹਿਤਕ ਸੰਭਾਵਨਾਵਾਂ

ਇੰਦਰਜੀਤ ਪਾਲ
ਫੋਨ: 91-908554-26160
ਕਰੋਨਾ ਵਾਇਰਸ ਵੱਲੋਂ ਸਾਰੇ ਵਿਸ਼ਵ ਵਿਚ ਮਚਾਈ ਤਬਾਹੀ ਨੂੰ ਤਸੱਵਰ ਕਰਦਿਆਂ ਸਾਹਿਰ ਲੁਧਿਆਣਵੀ ਦੀਆਂ ਇਨ੍ਹਾਂ ਸਤਰਾਂ ਵੱਲ ਧਿਆਨ ਮੱਲੋ ਮੱਲੀ ਚਲਾ ਗਿਆ,
ਕਲ ਜਹਾਂ ਬਸੀਂ ਥੀ ਖੁਸ਼ੀਆਂ

ਆਜ ਹੈ ਮਾਤਮ ਵਹਾਂ,
ਵਕਤ ਲਾਇਆ ਥਾ ਬਹਾਰੇਂ
ਵਕਤ ਲਾਇਆ ਹੈ ਖਿਜਾਂ।
ਅੱਜ ਉਹ ਵਕਤ ਹੈ, ਜਦ ਇਸ ਮਹਾਮਾਰੀ ਨੇ ਬਿਨਾ ਕਿਸੇ ਐਟਮ ਬੰਬ ਜਾਂ ਗੋਲੀ ਬਾਰੂਦ ਦੇ, ਤੀਜੇ ਮਹਾਯੁੱਧ ਜਿਹੇ ਹਾਲਾਤ ਬਣਾ ਦਿੱਤੇ ਹਨ। ਗੋਲੀ ਬਾਰੂਦ ਜਾਂ ਐਟਮ ਬੰਬ ਚਲਾਇਆ ਵੀ ਕਿਸ ‘ਤੇ ਜਾਵੇ? ਦੁਸ਼ਮਣ ਤਾਂ ਅਦ੍ਰਿਸ਼ ਹੈ ਅਤੇ ਘਾਤਕ ਵੀ। ਚਾਰੇ ਪਾਸੇ ਡਰ ਤੇ ਸਹਿਮ ਦਾ ਮਾਹੌਲ ਹੈ, ਜਿਸ ਵਿਚ ਮਨੁੱਖ ਨਾ ਚਾਹੁੰਦਿਆਂ ਵੀ ਦੂਜੇ ਮਨੁੱਖ ਤੋਂ ਅਣਕਿਆਸਿਆ ਖਤਰਾ ਮਹਿਸੂਸ ਕਰ ਰਿਹਾ ਹੈ। ਸਮੁੱਚਾ ਵਿਸ਼ਵ ਇੱਕ ਵਾਰ ਫਿਰ 1930 ਜਿਹੀ ਮਹਾਮੰਦੀ ਵਿਚ ਫਸਦਾ ਨਜ਼ਰ ਆ ਰਿਹਾ ਹੈ। ਸੰਯੁਕਤ ਰਾਸ਼ਟਰੀ ਸੰਗਠਨ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਦਾ ਅੰਦਾਜ਼ਾ ਹੈ ਕਿ ਕਰੀਬ 50% ਲੋਕ ਬੇਰੋਜ਼ਗਾਰ ਹੋ ਸਕਦੇ ਹਨ। ਗਰੀਬਾਂ ਦੀ ਗਿਣਤੀ ਚੋਖੀ ਵਧ ਸਕਦੀ ਹੈ। ਲੌਕਡਾਊਨ ਨਾਲ ਵਸਤਾਂ ਤੇ ਸੇਵਾਵਾਂ ਦੀ ਮੰਗ ਦੇ ਬਨਿਸਬਤ ਉਨ੍ਹਾਂ ਦੀ ਪੂਰਤੀ ਘੱਟ ਹੋਣ ਨਾਲ ਉਨ੍ਹਾਂ ਦੀਆਂ ਕੀਮਤਾਂ ਦੇ ਵਾਧੇ ਦੀ ਪ੍ਰਵਿਰਤੀ ਦੇਖਣ ਨੂੰ ਮਿਲ ਸਕਦੀ ਹੈ। ਅਰਥ ਸ਼ਾਸਤਰੀ ਤਾਂ ਕੁਝ ਦੇਸ਼ਾਂ ਦੇ ਸਕਲ ਘਰੇਲੂ ਉਤਪਾਦ ਦੇ ਵਾਧੇ ਦੀ ਦਰ ਮਨਫੀ ਵੀ ਦੱਸ ਰਹੇ ਹਨ।
ਪੂਰਾ ਵਿਸ਼ਵ ਇੱਕ ਸਦਮੇ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਸਦਮੇ ਦੇ ਸਾਲਾਂ ਸਬੰਧੀ ਨੈਓਮੀ ਕਲੇਨ ਦੀ ਪੁਸਤਕ ‘ਸ਼ਾੱਕ ਡਾਕਟਰਾਈਨ: ਦ ਰਾਈਜ਼ ਆਫ ਡਿਜ਼ਾਸਟਰ ਕੈਪੀਟਲਿਜ਼ਮ’ (2007) ਅਨੁਸਾਰ ਸਦਮੇ ਦੇ ਅਜਿਹੇ ਦੌਰ ਵਿਚ ਧਨਾਢ ਮੁਲਕ ਛੋਟੇ ਮੁਲਕਾਂ ਨੂੰ ਅਤੇ ਸਿਆਸਤਦਾਨ, ਪ੍ਰਸ਼ਾਸਨਿਕ ਅਧਿਕਾਰੀ ਤੇ ਬਹੁਕੌਮੀ ਕੰਪਨੀਆਂ ਆਪਣੇ ਮੁਨਾਫੇ ਲਈ ਆਮ ਲੋਕਾਂ ਨੂੰ ਲਿਤਾੜਦੀਆਂ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਸਦਮੇ ਦੀ ਦੋਹਰੀ ਮਾਰ ਸਹਿਣੀ ਪੈਂਦੀ ਹੈ। ਵਿਕਾਸਸ਼ੀਲ ਦੇਸ਼ਾਂ ਵਿਚ ਤਾਂ ਇਹ ਸੰਕਟ ਹੋਰ ਵੀ ਗਹਿਰਾ ਹੋ ਨਿਬੜਦਾ ਹੈ।
ਕਿਸੇ ਸਮਾਜ ਦੇ ਆਰਥਕ ਹਾਲਾਤ ਵਿਚ ਆਏ ਬਦਲਾਓ ਉਸ ਦੇ ਸਮਾਜਕ ਹਾਲਾਤ ‘ਤੇ ਆਪਣੀ ਗਹਿਰੀ ਛਾਪ ਛੱਡਦੇ ਹਨ। ਸਮਾਜਕ ਦੂਰੀ ਅਤੇ ਆਪਸੀ ਮੇਲ ਮਿਲਾਪ ਤੋਂ ਸੰਕੋਚ ਦੇ ਨਿਯਮ ਲੋਕਾਂ ਦਾ ਸਮਾਜਕ ਆਚਾਰ-ਵਿਹਾਰ ਬਦਲ ਰਹੇ ਹਨ। ਸਹਿਮ ਵਾਲੇ ਇਸ ਮਾਹੌਲ ਵਿਚ ਆਪਸੀ ਰਿਸ਼ਤਿਆਂ ਦਾ ਵੀ ਘਾਣ ਹੋ ਰਿਹਾ ਹੈ। ਲੌਕਡਾਊਨ ਕਾਰਨ ਆਨਲਾਈਨ ਵਿਆਹ, ਰਿਸ਼ਤੇਦਾਰਾਂ ਦਾ ਵਿਆਹ ਵਿਚ ਆਨਲਾਈਨ ਸ਼ਾਮਿਲ ਹੋਣਾ, ਸਮਾਜਕ ਤੇ ਪਰਿਵਾਰਕ ਸਮਾਗਮਾਂ ਵਿਚ ਲੋਕਾਂ ਦੀ ਗਿਣਤੀ ਦਾ ਸੀਮਤ ਹੋਣਾ, ਆਨਲਾਈਨ ਪੜ੍ਹਾਈ ਆਦਿ ਦਾ ਵਰਤਾਰਾ ਚਲਨ ਵਿਚ ਆ ਰਿਹਾ ਹੈ-ਭਾਵੇਂ ਇਹ ਸਭ ਕੁਝ ਮਜਬੂਰੀ ਵੱਸ ਹੀ ਸਹੀ, ਪਰ ਇਸ ਨੂੰ ਇੱਕ ਬਦਲ ਦੇ ਰੂਪ ਵਿਚ ਅਪਨਾਇਆ ਜਾ ਰਿਹਾ ਹੈ।
ਜਦੋਂ ਵੀ ਕੋਈ ਵਿਸ਼ਵ ਵਿਆਪੀ ਸੰਕਟ ਆਉਂਦਾ ਹੈ ਤਾਂ ਉਸ ਦਾ ਪ੍ਰਭਾਵ ਬਹੁਪੱਖੀ ਹੁੰਦਾ ਹੈ। ਭਾਵੇਂ ਕਰੋਨਾ ਵਾਇਰਸ ਨੇ ਹਮਲਾ ਸਿੱਧੇ ਰੂਪ ਵਿਚ ਮਨੁੱਖ ਦੀ ਸਿਹਤ ‘ਤੇ ਕੀਤਾ ਹੈ, ਪਰ ਅਸਿੱਧੇ ਰੂਪ ਵਿਚ ਮਨੁੱਖ ਦੀਆਂ ਆਰਥਕ, ਸਮਾਜਕ ਤੇ ਮੁਲਕਾਂ ਦੀਆਂ ਸਿਆਸੀ ਸਰਗਰਮੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਸਮੇਂ ਦੌਰਾਨ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜੋ ਸ਼ਾਇਦ ਆਮ ਹਾਲਾਤ ਵਿਚ ਨਾ ਵਾਪਰਦੀਆਂ। ਅਜਿਹਾ ਬਹੁਤ ਕੁਝ ਹੈ, ਜੋ ਨਾਟਕੀ ਰੂਪ ਵਿਚ ਘਟਿਆ ਹੈ।
ਸਾਹਿਤਕਾਰ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਡੂੰਘੀ ਨੀਝ ਨਾਲ ਵੇਖਦਾ ਤੇ ਚਿਤਵਦਾ ਹੈ। ਇਸ ਲਈ ਇੱਕ ਸਾਹਿਤਕਾਰ ਨੂੰ ਅਜਿਹੀਆਂ ਨਿਵੇਕਲੀਆਂ ਘਟਨਾਵਾਂ ਸਾਹਿਤ ਲਿਖਣ ਲਈ ਪ੍ਰੇਰਦੀਆਂ ਹਨ। ਲੋਕਾਂ ਦਾ ਕਈ ਸੌ ਮੀਲ ਪੈਦਲ ਤੁਰ ਕੇ ਤਰ੍ਹਾਂ-ਤਰ੍ਹਾਂ ਦੀਆਂ ਔਕੜਾਂ ਝਾਗ ਕੇ ਆਪਣੇ ਘਰਾਂ ਤੱਕ ਪੁੱਜਣਾ, ਰੇਲ ਗੱਡੀ ਦੀ ਟਿਕਟ ਦਾ ਇੰਤਜ਼ਾਰ, ਵਿਦੇਸ਼ਾਂ ਵਿਚ ਫਸੇ ਲੋਕਾਂ ਦੀ ਆਪਣੇ ਦੇਸ਼ ਪਰਤਣ ਦੀ ਤਾਂਘ, ਜੀਵਨ ਰੱਖਿਆ ਲਈ ਭੋਜਨ ਜੁਟਾਉਣ ਤੋਂ ਲੈ ਕੇ ਹੋਰ ਅਸਮਾਜਕ ਅਨਸਰਾਂ ਤੋਂ ਆਪਣੀ ਤੇ ਪਰਿਵਾਰ ਦੀ ਰੱਖਿਆ ਕਰਨਾ-ਅਜਿਹਾ ਬਹੁਤ ਕੁਝ ਹੈ, ਜੋ ਸਾਹਿਤ ਲਈ ਢੇਰ ਸਾਰੀਆਂ ਕਹਾਣੀਆਂ ਦੇ ਰੂਪ ਵਿਚ ਆਪਣੀ ਬੁੱਕਲ ਵਿਚ ਸੰਜੋਈ ਬੈਠਾ ਹੈ।
ਸਾਹਿਤ ਹਮੇਸ਼ਾ ਸਮਕਾਲ ਨਾਲ ਨੱਥੀ ਹੋ ਕੇ ਤੁਰਦਾ ਹੈ। ਇਹ ਸਮਕਾਲ ਦੌਰਾਨ ਆਈਆਂ ਤਬਦੀਲੀਆਂ ਨਾਲ ਸੰਵਾਦ ਰਚਾਉਂਦਿਆਂ ਸਮਕਾਲੀ ਸਮੱਸਿਆਵਾਂ ਨੂੰ ਆਪਣਾ ਵਿਸ਼ਾ ਬਣਾਉਂਦਾ ਹੈ। ਜਿਵੇਂ ਵੀਹਵੀਂ ਸਦੀ ਦੇ ਆਖਰੀ ਦਹਾਕੇ ਦੌਰਾਨ ਆਏ ਖਾੜੀ ਸੰਕਟ ਪਿਛੋਂ ਭਾਰਤ ਦੀ ਨਵੀਂ ਆਰਥਕ ਨੀਤੀ ਨੇ ਬਹੁਤ ਸਾਰੀਆਂ ਸਮਾਜਕ ਤਬਦੀਲੀਆਂ ਅਤੇ ਸਮਕਾਲੀ ਸਾਹਿਤ ਨੂੰ ਜਨਮ ਦਿੱਤਾ ਅਤੇ 1990 ਪਿਛੋਂ ਹੁਣ ਤੱਕ ਦੇ ਰਚੇ ਸਾਹਿਤ ਨੂੰ ਸਮਕਾਲੀ ਸਾਹਿਤ ਦਾ ਨਾਂ ਦਿੱਤਾ ਜਾਂਦਾ ਹੈ। ਠੀਕ ਉਸੇ ਤਰ੍ਹਾਂ ਸੰਭਵ ਹੈ ਕਿ ਇਸ ਕਰੋਨਾ ਕਾਲ ਵਿਚ ਰਚੇ ਗਏ ਸਾਹਿਤ ਨੂੰ ਇੱਕ ਸਮਾਂ ਬਿੰਦੂ ਮੰਨ ਕੇ ਇਸ ਪਿਛੋਂ ਰਚੇ ਗਏ ਸਾਹਿਤ ਨੂੰ ‘ਕਰੋਨਾ ਕਾਲ ਸਾਹਿਤ’ ਦੇ ਨਾਂ ਨਾਲ ਜਾਣਿਆ ਜਾਵੇ।
ਕਹਿੰਦੇ ਹਨ, ਜਦੋਂ ਤੂਫਾਨ ਆਉਂਦਾ ਹੈ ਤਾਂ ਬਹੁਤ ਕੁਝ ਉਜੜਦਾ ਹੈ, ਪਰ ਆਪਣੇ ਵਹਾ ਨਾਲ ਬਹੁਤ ਕੁਝ ਇਕੱਠਾ ਵੀ ਕਰ ਦਿੰਦਾ ਹੈ। ਇਤਿਹਾਸ ਗਵਾਹ ਹੈ ਕਿ ਮਨੁੱਖ ਇਨ੍ਹਾਂ ਤੂਫਾਨਾਂ ਵਿਚੋਂ ਹਮੇਸ਼ਾ ਜੇਤੂ ਬਣ ਕੇ ਉਭਰਿਆ ਹੈ, ਭਾਵ ਮਾੜੇ ਵਿਚੋਂ ਵੀ ਕੁਝ ਨਾ ਕੁਝ ਚੰਗਾ ਹੋਣ ਦੀ ਸੰਭਾਵਨਾ ਹਮੇਸ਼ਾ ਰਹੀ ਹੈ। ਕਰੋਨਾ ਦੌਰ ਦੌਰਾਨ ਵਾਪਰਨ ਵਾਲੀਆਂ ਘਟਨਾਵਾਂ ਤੇ ਤਬਦੀਲੀਆਂ ਸਦਕਾ ਜੋ ਕੁਝ ਵਾਪਰਿਆ ਹੈ, ਉਸ ਦਾ ਸਾਹਿਤ ਦੇ ਰੂਪ ਵਿਚ ਸੰਜੋਇਆ ਜਾਣਾ ਮਾੜੇ ਵਿਚੋਂ ਚੰਗਾ ਹੋਣ ਦੀ ਸੰਭਾਵਨਾ ਹੀ ਹੈ।