ਮੇਰਾ ਕੀ ਕਸੂਰ

ਪ੍ਰਿੰ. ਕੰਵਲਪ੍ਰੀਤ ਕੌਰ ਪੰਨੂ
ਬੀਰ ਸਿੰਘ ਦੀ ਕਲਮ ਦਾ ਲਿਖਿਆ ਅਤੇ ਗਾਇਕ ਰਣਜੀਤ ਬਾਵਾ ਦਾ ਗਾਇਆ ਗੀਤ ‘ਮੇਰਾ ਕੀ ਕਸੂਰ!’ ਅੱਜ ਕੱਲ ਵਿਵਾਦਾਂ ਦਾ ਹਿੱਸਾ ਬਣਿਆ ਹੋਇਆ। ਸੋਸ਼ਲ ਮੀਡੀਆ ‘ਤੇ ਲੋਕਾਂ ਦੇ ਦੋਵੇਂ ਪੱਖ ਵੇਖਣ ਨੂੰ ਮਿਲਦੇ ਹਨ। ਕਈਆਂ ਨੂੰ ਲਗਦਾ ਹੈ ਕਿ ਗੀਤਕਾਰ ਨੇ ਬਾ-ਕਮਾਲ ਲਿਖਿਆ ਤੇ ਸੱਚ ਨੂੰ ਪੇਸ਼ ਕੀਤਾ ਹੈ, ਦੂਜੇ ਪਾਸੇ ਕਈ ਲੋਕ ਇਹਨੂੰ ਇੱਕ ਖਾਸ ਸਮੂਹ ਨੂੰ ਨਿਸ਼ਾਨਾ ਬਣਾਇਆ ਸਮਝਦੇ ਨੇ। ਇੱਕ ਤੀਜੀ ਤਰ੍ਹਾਂ ਦੇ ਵੀ ਲੋਕ ਹਨ, ਜਿਨਾਂ ਨੂੰ ਇਸ ਸਭ ਨਾਲ ਕੋਈ ਲੈਣਾ-ਦੇਣਾ ਨਹੀਂ।

ਜਾਪਦਾ ਹੈ ਕਿ ਤੀਜੀ ਧਿਰ ਵਾਲੀ ਸੋਚ ਰੱਖਣ ਵਾਲਿਆਂ ਵਾਂਗੂ ਰਣਜੀਤ ਬਾਵਾ ਨੇ ਵੀ ਸੋਚਿਆ ਅਤੇ ਇਹ ਗਾਣਾ ਗਾਉਣ ਲਈ ਮੁਆਫੀ ਮੰਗ ਲਈ। ਉਸ ਨੇ ਆਪਣਾ ਪੱਖ ਰੱਖਿਆ ਕਿ ਮੈਂ ਕਿਸੇ ਵਿਵਾਦ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ। ਇਸ ਮਾਨਸਿਕਤਾ ਨੂੰ ਸਮਝਿਆ ਜਾ ਸਕਦਾ ਹੈ, ਕਿਉਂਕਿ ਅਸੀਂ ਇੱਕ ਅਜਿਹੇ ਸਮਾਜ ਦਾ ਹਿੱਸਾ ਹਾਂ, ਜਿੱਥੇ ਕਈ ਵਾਰ ਤਾਂ ਨਿੱਕੀ ਜਿਹੀ ਗੱਲ ‘ਤੇ ਫਸਾਦ ਖੜਾ ਹੋ ਜਾਂਦਾ, ਪਰ ਕਦੇ ਬਲਾਤਕਾਰ ਜਿਹੇ ਘਿਣਾਉਣੇ ਅੱਤਿਆਚਾਰ ਜਾਂ ਕੌਮਾਂ ਦੇ ਹੋਏ ਕਤਲੇਆਮ ਅੱਗੇ ਵੀ ਖਾਮੋਸ਼ੀ ਛਾਈ ਰਹਿੰਦੀ ਹੈ। ਵੈਸੇ ਗੀਤ ਨੂੰ ਰਿਕਾਰਡ ਕਰਨ ਵੇਲੇ ਸ਼ਾਇਦ ਬਾਵੇ ਨੇ ਗਾ ਤਾਂ ਦਿੱਤਾ ਕਿ ‘ਜੇ ਮੈਂ ਸੱਚ ਬਹੁਤਾ ਬੋਲਿਆ ਤੇ ਮੱਚ ਜਾਣਾ ਯੁੱਧ ਆ’ ਪਰ ਉਸ ਨੇ ਇਸ ਨੂੰ ਸਮਝਿਆ ਨਹੀਂ। ਜੇ ਸਮਝ ਲੈਂਦਾ ਤਾਂ ਉਥੇ ਹੀ ਪਿੱਛੇ ਹੱਟ ਜਾਂਦਾ ਤੇ ਹੁਣ ਤੀਜੀ ਧਿਰ ਵਿਚ ਸ਼ਾਮਿਲ ਹੋ ਕੇ ਮੁਆਫੀ ਨਾ ਮੰਗਣੀ ਪੈਂਦੀ।
ਚਲੋ, ਗੀਤ ਦੇ ਕੁਝ ਬੋਲ ਤਾਂ ਸਮਝਣ ਦੀ ਕੋਸ਼ਿਸ਼ ਕਰੀਏ। ‘ਭੁੱਖਿਆਂ ਲਈ ਮੁੱਕੀਆਂ ਤੇ ਪੱਥਰਾਂ ਲਈ ਦੁੱਧ ਆ’ ਸੁਣਦਿਆਂ ਕਈ ਦ੍ਰਿਸ਼ ਤਾਂ ਮੈਨੂੰ ਚੇਤੇ ਆ ਗਏ, ਜਿੱਥੇ ਮੈਂ ਕਿਸੇ ਗਰੀਬ ਨੂੰ ਨਜ਼ਰ-ਅੰਦਾਜ਼ ਕਰ ਕੇ ਮਾਇਆ ਨਾਲ ਨੱਕੋ-ਨੱਕ ਭਰੀ ਗੋਲਕ ਵਿਚ ਹੋਰ ਮਾਇਆ ਪਾ ਦਿੱਤੀ। ‘ਪੱਥਰਾਂ ‘ਤੇ ਦੁੱਧ’ ਵਾਲੀ ਗੱਲ ਨੂੰ ਸ਼ਾਇਦ ਸਾਡੇ ਕੁਝ ਹਿੰਦੂ ਵੀਰਾਂ ਨੇ ਆਪਣੇ ਧਰਮ ਨਾਲ ਜੋੜ ਲਿਆ। ਸੱਚ ਹਮੇਸ਼ਾ ਕੌੜਾ ਹੀ ਹੁੰਦਾ ਹੈ, ਪਰ ਸੱਚ ਤਾਂ ਇਹ ਵੀ ਹੈ ਕਿ ਜਿਸ ਗੁਰਦੁਆਰੇ ਦਾ ਪੱਥਰ ਦੁੱਧ ਨਾਲ ਧੋਤਾ ਜਾ ਰਿਹਾ ਹੁੰਦਾ, ਉਸੇ ਗੁਰਦੁਆਰੇ ਦੇ ਹੀ ਬਾਹਰ ਭੁੱਖੇ, ਗਰੀਬ, ਲਾਚਾਰ ਅਤੇ ਅੰਗਹੀਣ ਬੱਚੇ ਨਜ਼ਰ-ਅੰਦਾਜ਼ ਹੋ ਰਹੇ ਹੁੰਦੇ ਹਨ। ਪਤਾ ਨਹੀਂ ਇਹ ਦੁੱਧ ਨਾਲ ਪੱਥਰ ਧੋਣ ਦੀ ਪ੍ਰਥਾ ਕਿੱਥੋਂ ਤੁਰ ਪਈ? ਬਾਬੇ ਨਾਨਕ ਨੇ ਜਿਸ ਤਰ੍ਹਾਂ ਸਮਾਜਕ ਕੁਰੀਤੀਆਂ ਦਾ ਖੰਡਨ ਕੀਤਾ, ਸਮਝ ਨਹੀਂ ਆਉਂਦੀ ਕਿ ਬਾਬਾ ਆਪਣੇ ਹੀ ਸਿੱਖਾਂ ਨੂੰ ਫਰਸ਼ ‘ਤੇ ਦੁੱਧ ਡੋਲ੍ਹਦਿਆਂ ਵੇਖ ਕੇ ਕੀ ਮਹਿਸੂਸ ਕਰਦਾ ਹੋਵੇਗਾ!
ਇੱਕ ਛੋਟੀ ਜਿਹੀ ਕਹਾਣੀ ਚੇਤੇ ਆ ਗਈ। ਇੱਕ ਵਾਰ ਇੱਕ ਸੇਵਕ ਸਵੇਰੇ ਉਠ ਕੇ ਬੜੀ ਸ਼ਰਧਾ ਨਾਲ ਆਪਣੇ ਗੁਰੂ ਨੂੰ ਕੰਬਲ ਭੇਟ ਕਰਨ ਗਿਆ ਤੇ ਗੁਰੂ ਨੇ ਕੰਬਲ ਲੈਣ ਤੋਂ ਨਾਂਹ ਕਰ ਦਿੱਤੀ। ਨਿਰਾਸ਼ ਹੋ ਕੇ ਸੇਵਕ ਨੇ ਕਾਰਨ ਪੁੱਛਿਆ ਤਾਂ ਗੁਰੂ ਨੇ ਦੱਸਿਆ ਕਿ ਤੇਰੇ ਘਰ ਦੇ ਬਾਹਰ ਸਾਰੀ ਰਾਤ ਇੱਕ ਕਤੂਰਾ ਠੰਡ ਨਾਲ ਤੜਪ-ਤੜਪ ਕੇ ਮਰ ਗਿਆ। ਜੇ ਤੂੰ ਇਹ ਕੰਬਲ ਉਸ ‘ਤੇ ਪਾ ਦਿੰਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ, ਤੇ ਤੇਰੀ ਸੇਵਾ ਦਰਗਾਹੇ ਕਬੂਲ ਹੁੰਦੀ। ਗੀਤ ਵਿਚ ਵੀ ਗੀਤਕਾਰ ਨੇ ‘ਗਰੀਬ ਦਾ ਮੂੰਹ ਗੁਰੂ ਦੀ ਗੋਲਕ’ ਵਾਲਾ ਉਹ ਸੰਕਲਪ, ਜੋ ਅਸੀਂ ਭੁੱਲ ਬੈਠੇ ਹਾਂ, ਚੇਤੇ ਕਰਵਾਇਆ ਹੈ।
ਇਤਿਹਾਸ ਗਵਾਹ ਹੈ ਕਿ ਹਮੇਸ਼ਾ ਤੋਂ ਹੀ ਸੱਚ ਦਾ ਵਿਰੋਧ ਹੁੰਦਾ ਆਇਆ ਹੈ। ਗੀਤਕਾਰ ਦੀ ਕਲਮ ਨੇ ਲਿਖਿਆ ਕਿ ਅਸੀਂ ਬਾਣਾ ਤਾਂ ਪਾ ਲਿਆ, ਪਰ ਗੁਰੂ ਦੀ ਦਿੱਤੀ ਸਿੱਖਿਆ ‘ਤੇ ਨਹੀਂ ਚੱਲੇ। ਇਸ ਵਿਚ ਗਲਤ ਕੀ ਹੈ? ਵਾਰ-ਵਾਰ ਗੀਤ ਦੇ ਬੋਲ ਸੁਣੇ, ਸਮਝੇ ਪਰ ਗਲਤ ਕੁਝ ਨਹੀਂ ਲੱਭਾ। ਹਾਂ ਇਕ ਗੱਲ ਜ਼ਰੂਰ ਹੈ ਕਿ ਸੱਚ ਕੌੜਾ ਹੁੰਦਾ ਹੈ ਤੇ ਅਸੀਂ ਸੁਣਨਾ ਨਹੀਂ ਚਾਹੁੰਦੇ। ਮੈਂ ਗਊ ਮੂਤਰ ਬਾਰੇ ਗੱਲ ਕਰਨ ਤੋਂ ਗੁਰੇਜ਼ ਕਰਾਂਗੀ, ਪਰ ਗਰੀਬ ਦੀ ਛੂਹ ਬਾਰੇ ਤਾਂ ਗੱਲ ਕਰਨੀ ਬਣਦੀ ਹੈ। ਸਾਨੂੰ ਗੁਰੂ ਸਾਹਿਬ ਨੇ ਬਰਾਬਰੀ ਦਾ ਪਾਠ ਪੜ੍ਹਾਇਆ ਤੇ ਅਸੀਂ ਗੁਰੂ ਦੀ ਕਿੰਨੀ ਕੁ ਮੰਨਦੇ ਹਾਂ? ਇਹ ਪਤਾ ਲੱਗ ਜਾਂਦਾ ਹੈ, ਜਦ ਅਖੰਡ ਪਾਠ ਦੇ ਭੋਗ ਸਮੇਂ ਵੀ ਗੁਰੂ ਦੇ ਲੰਗਰ ਵਿਚ ਗਰੀਬਾਂ ਨਾਲ ਵਿਤਕਰਾ ਕਰਦੇ ਹਾਂ। ਜੇ ਤੁਸੀਂ ਗੁਰਦੁਆਰਿਆਂ ਵਿਚ ਹੁੰਦੀਆਂ ਲੜਾਈਆਂ ਦੀਆਂ ਖਬਰਾਂ ਸੁਣੀਆਂ ਹਨ, ਤਾਂ ਮਾਫ ਕਰਨਾ ਇਸ ਦਾ ਮਤਲਬ ਵੀ ਇਹੀ ਨਿਕਲਦਾ ਕਿ ਅਸੀਂ ਗੁਰੂ ਦੇ ਵਿਚਾਰ ਨਹੀਂ ਅਪਨਾਏ।
ਪਿਛਲੀ ਦਿਨੀਂ ਜਦ ਕਰੋਨਾ ਵਾਇਰਸ ਨੇ ਮਹਾਮਾਰੀ ਦਾ ਰੂਪ ਧਾਰਿਆ ਤਾਂ ਬਹੁਤਿਆਂ ਕੋਲੋਂ ਇਹ ਸੁਣਨ ਨੂੰ ਮਿਲਿਆ, “ਕਾਸ਼! ਧਾਰਮਿਕ ਅਸਥਾਨਾਂ ਤੇ ਇੰਨਾ ਪੈਸਾ ਲਾਉਣ ਨਾਲੋਂ ਹਸਪਤਾਲ ਵੀ ਬਣਾਏ ਹੁੰਦੇ।” ਮੁਆਫ ਕਰਨਾ, ਮੈਨੂੰ ਲਗਦਾ ਕਿ ਅਸੀਂ ਧਾਰਮਿਕ ਅਸਥਾਨਾਂ ‘ਤੇ ਇੰਨਾ ਪੈਸਾ ਲਾ ਦਿੱਤਾ, ਪਰ ਉਥੋ ਸਿੱਖਿਆ ਕੁਝ ਵੀ ਨਹੀਂ। ਜੇ ਸਿੱਖਿਆ ਹੁੰਦਾ ਤਾਂ ਅੱਜ ਸੋਹਣਾ ਸਮਾਜ ਸਿਰਜਿਆ ਹੁੰਦਾ।
ਕੁਝ ਇਸੇ ਤਰ੍ਹਾਂ ਦੇ ਰਲਦੇ-ਮਿਲਦੇ ਵਿਵਾਦਾਂ ਨਾਲ ਜੁੜਿਆ ਸਾਲ 2016 ਵਿਚ ਗਾਇਕ ਪ੍ਰੀਤ ਹਰਪਾਲ ਦਾ ਗਾਇਆ ਗੀਤ ‘ਰੰਗ’ ਵੀ ਚੇਤੇ ਆ ਗਿਆ। ਅੱਜ ਉਸ ਗੀਤ ਨੂੰ ਵੀ ਵਾਰ-ਵਾਰ ਸੁਣਿਆ, ਜੋ ਅੱਜ ਦੇ ਸਮੇਂ ‘ਤੇ ਵੀ ਢੁੱਕਦਾ ਹੈ। ਜੇ ਕੋਈ ਰੱਬ ਨੂੰ ਕਹੇ ਕਿ ਮੈਂ ਉਲਝਣ ਵਿਚ ਹਾਂ, ਕਿਉਂਕਿ ਕੋਈ ਕਹਿੰਦਾ ‘ਅੱਲ੍ਹਾ’ ਨੂੰ ਮੰਨੋ ਤੇ ਕੋਈ ਕਹਿੰਦਾ ‘ਰਾਮ’ ਨੂੰ ਮੰਨੋ, ਤੂੰ ਆਪ ਹੀ ਆ ਕੇ ਇਹ ਰੌਲਾ ਖਤਮ ਕਰ ਤੇ ਦੱਸ ਕਿ ਰੱਬ ਇੱਕ ਹੈ। ਇਸ ਵਿਚ ਗਲਤ ਕੀ ਹੈ? ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਦੁਖੀ ਕੋਈ ਭਾਵੁਕ ਹੋ ਜਾਵੇ ਤੇ ਆਪਣੇ ਗੁਰੂ ਨੂੰ ਕਹੇ ਕਿ ਤੂੰ ਬੇਅਦਬੀ ਕਰਨ ਵਾਲਿਆਂ ਨੂੰ ਆਪ ਸਜ਼ਾ ਕਿਉਂ ਨਹੀਂ ਦਿੰਦਾ, ਇਸ ਵਿਚ ਦੱਸੋ ਗਲਤ ਕੀ ਹੈ? ਜੇ ਕੋਈ ਰੱਬ ਅੱਗੇ ਅਰਦਾਸ ਕਰੇ ਕਿ ਮਾਂਵਾਂ ਦੇ ਭਟਕੇ ਪੁੱਤਾਂ ਨੂੰ ਚੰਗੇ ਰਾਹੇ ਪਾ ਦੇ, ਜੋ ਨਸ਼ਾ ਵੇਚਦੇ ਨੇ ਉਨ੍ਹਾਂ ਦਾ ਬੇੜਾ ਗਰਕ ਕਰ ਦੇ, ਜੇ ਸਾਰੇ ਨਸ਼ੇ ਕਰਕੇ ਮਰ ਗਏ ਤਾਂ ਤੇਰਾ ਸਤਿਸੰਗ ਕੌਣ ਕਰੂ? ਇਹ ਕਹਿਣ ਵਿਚ ਗਲਤ ਕੀ ਹੈ? ਪਤਾ ਨਹੀਂ ਪੰਜਾਬ ਦੀਆਂ ਕਿੰਨੀਆਂ ਮਾਂਵਾਂ ਦੀ ਅਰਦਾਸ ਇਹੀ ਹੋਵੇਗੀ, ਜਿਸ ਨੂੰ ਪ੍ਰੀਤ ਦੀ ਕਲਮ ਨੇ ਬਿਆਨ ਕੀਤਾ ਸੀ।
ਉਦੋਂ ਸਾਡੀ ਸਮਝ ਵਿਚ ਪ੍ਰੀਤ ਦਾ ਗੀਤ ਨਹੀਂ ਸੀ ਆਇਆ ਤੇ ਅੱਜ ਬੀਰ ਸਿੰਘ ਦੀ ਕਲਮ ਤੋਂ ਲਿਖਿਆ ਸੱਚ ਵੀ ਕਈਆਂ ਨੂੰ ਚੰਗਾ ਨਹੀਂ ਲੱਗਾ। ਗੀਤ ਵਿਚਲੀ ਇਕੱਲੀ ਇਕੱਲੀ ਗੱਲ ਦੀਆਂ ਮਿਸਾਲਾਂ ਆਮ ਹੀ ਅਖਬਾਰਾਂ ਵਿਚ ਮਿਲਦੀਆਂ ਹਨ। ਇਸ ਦੇ ਨਾਲ ਹੀ ਚੰਗਾ ਤੇ ਸੱਚਾ-ਸੁੱਚਾ ਲਿਖਣ ਵਾਲੇ ਗੀਤਕਾਰਾਂ ਨੂੰ ਸ਼ਾਬਾਸ਼!