ਕੈਪਟਨ ਅਮਰਿੰਦਰ ਸਿੰਘ ਦੀ ਕਪਤਾਨੀ ਉਤੇ ਫਿਰ ਸਵਾਲ

ਕਰੋਨਾ ਬਾਰੇ ਦਾਅਵਿਆਂ ਦੀ ਪੋਲ ਖੁੱਲ੍ਹੀ
ਚੰਡੀਗੜ੍ਹ: ਹਜ਼ੂਰ ਸਾਹਿਬ ਤੋਂ ਪਰਤੇ ਵੱਡੀ ਗਿਣਤੀ ਸਿੱਖ ਸ਼ਰਧਾਲੂਆਂ ਦੇ ਕਰੋਨਾ ਪਾਜ਼ੇਟਿਵ ਆਉਣ ਨਾਲ ਪੰਜਾਬ ਸਰਕਾਰ ਦੇ ਇਸ ਮਹਾਮਾਰੀ ਖਿਲਾਫ ਵਿੱਢੀ ਜੰਗ ਬਾਰੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਨਾਂਦੇੜ ਵਿਚ ਤਕਰੀਬਨ ਡੇਢ ਮਹੀਨੇ ਤੋਂ ਫਸੇ 4000 ਤੋਂ ਵੱਧ ਸ਼ਰਧਾਲੂ ਬੜੇ ਚਾਅ ਨਾਲ ਇਥੋਂ ਘਰ ਵਾਪਸੀ ਲਈ ਤੁਰੇ ਸਨ ਪਰ ਸਰਕਾਰ ਦੇ ਕੁਚੱਜੇ ਪ੍ਰਬੰਧਾਂ ਕਾਰਨ ਉਹ ਮਹਾਮਾਰੀ ਦੀ ਲਪੇਟ ਵਿਚ ਆ ਗਏ।

ਮਹਾਰਾਸ਼ਟਰ ਸਰਕਾਰ ਨੇ ਸ਼ਰਧਾਲੂਆਂ ਨੂੰ ਭੇਜਣ ਤੋਂ ਪਹਿਲਾਂ ਸਾਫ ਆਖਿਆ ਸੀ ਕਿ ਇਨ੍ਹਾਂ ਦੀ ਸਿਰਫ ਸਕੈਨਿੰਗ ਕੀਤੀ ਗਈ ਹੈ, ਕਿਸੇ ਦਾ ਟੈਸਟ ਨਹੀਂ ਹੋਇਆ। ਇਸ ਦੇ ਬਾਵਜੂਦ ਸ਼ਰਧਾਲੂਆਂ ਨੂੰ ਬਿਨਾਂ ਕਿਸੇ ਟੈਸਟ ਦੇ ਘਰਾਂ ਨੂੰ ਤੋਰ ਦਿੱਤਾ ਗਿਆ। ਇਹ ਵੀ ਸਾਹਮਣੇ ਆਇਆ ਹੈ ਕਿ ਮਹਾਰਾਸ਼ਟਰ ਵਿਚ ਦਿਹਾੜੀ ਲਈ ਪੰਜਾਬ ਤੋਂ ਗਏ ਵੱਡੀ ਗਿਣਤੀ ਕਾਮਿਆਂ ਨੂੰ ਵੀ ਸ਼ਰਧਾਲੂਆਂ ਦੇ ਨਾਲ ਬੱਸਾਂ ਵਿਚ ਚਾੜ੍ਹ ਦਿੱਤਾ ਗਿਆ।
ਇਸ ਤੋਂ ਵੀ ਨਮੋਸ਼ੀ ਵਾਲੀ ਗੱਲ ਇਹ ਹੈ ਕਿ ਸਿਆਸੀ ਲਾਹਾ ਲੈਣ ਲਈ ਸ਼ੱਕੀ ਸ਼ਰਧਾਲੂਆਂ ਨਾਲ ਕੈਦੀਆਂ ਤੋਂ ਵੀ ਮਾੜਾ ਸਲੂਕ ਕੀਤਾ ਜਾ ਗਿਆ। ਸ਼੍ਰੋਮਣੀ ਕਮੇਟੀ ਵਲੋਂ ਸ਼ਰਧਾਲੂਆਂ ਨੂੰ ਸਰਾਵਾਂ ਵਿਚ ਰੱਖਣ ਦੀ ਪੇਸ਼ਕਸ਼ ਠੁਕਰਾ ਕੇ ਉਨ੍ਹਾਂ ਨੂੰ ਡੇਰਿਆਂ ਤੇ ਸਕੂਲਾਂ ਵਿਚ ਤੂੜਿਆ ਗਿਆ। ਵੱਡੀ ਗਿਣਤੀ ਸ਼ਰਧਾਲੂ ਇਥੇ ਮਾੜੇ ਪ੍ਰਬੰਧਾਂ ਦੀਆਂ ਸ਼ਿਕਾਇਤਾਂ ਕਰਦੇ ਰਹੇ ਪਰ ਸਰਕਾਰ ਸਿਆਸੀ ਲਾਹੇ ਵਲ ਵੱਧ ਜ਼ੋਰ ਦਿੱਤਾ। ਉਧਰ, ਹਜ਼ੂਰ ਸਾਹਿਬ ਤੋਂ ਚੰਗੇ ਭਲੇ ਤੁਰੇ ਇਨ੍ਹਾਂ ਸ਼ਰਧਾਲੂਆਂ ਨੂੰ ਪੰਜਾਬ ਵੜਦੇ ਹੀ ਕਰੋਨਾ ਹੋਣ ਉਤੇ ਵੀ ਸਵਾਲ ਉਠ ਰਹੇ ਹਨ। ਕਰੋਨਾ ਪਾਜ਼ੇਟਿਵ ਆਏ ਸ਼ਰਧਾਲੂ ਖੁਦ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਵੀਡੀਓ/ਆਡੀਓ ਜਾਰੀ ਕਰ ਕੇ ਸਵਾਲ ਕਰ ਰਹੇ ਹਨ ਕਿ ਉਹ ਹੁਣ ਵੀ ਬਿਲਕੁਲ ਚੰਗੇ ਭਲੇ ਹਨ, ਕਿਸੇ ਨੂੰ ਕੋਈ ਤਕਲੀਫ ਨਹੀਂ, ਫਿਰ ਸਰਕਾਰ ਨੇ ਕਿਸ ਆਧਾਰ ਉਤੇ ਉਨ੍ਹਾਂ ਨੂੰ ਵਾਇਰਸ ਪੀੜਤ ਐਲਾਨ ਦਿੱਤਾ। ਇਕ ਸ਼ਰਧਾਲੂ ਨੇ ਤਾਂ ਇਥੋਂ ਤੱਕ ਆਖ ਦਿੱਤਾ ਹੈ ਕਿ ਉਨ੍ਹਾਂ ਦੇ 3000 ਦੇ ਜਥੇ ਵਿਚ ਬਜ਼ੁਰਗ ਤੇ ਬੱਚੇ ਵੀ ਸਨ, ਤੇ ਚੰਗੇ ਭਲੇ ਹਨ, ਉਹ ਖੁਦ ਹੈਰਾਨ ਹਨ ਕਿ ਉਨ੍ਹਾਂ ਨਾਲ ਇਹ ਹੋ ਕੀ ਗਿਆ?
ਸਵਾਲ ਇਹ ਵੀ ਹੈ ਕਿ ਹਰਿਆਣਾ ਦੇ ਹਜ਼ੂਰ ਸਾਹਿਬ ਵਿਖੇ ਫਸੇ 452 ਸ਼ਰਧਾਲੂ ਪੰਜਾਬ ਦੀ ਸੰਗਤ ਦੇ ਨਾਲ ਹੀ ਰਹੇ ਸਨ ਤੇ ਵਾਪਸ ਆਏ ਹਨ। ਅੰਬਾਲਾ ਵਿਖੇ ਹਰਿਆਣਾ ਸਰਕਾਰ ਨੇ ਇਨ੍ਹਾਂ ਸਾਰੇ ਸ਼ਰਧਾਲੂਆਂ ਦੇ ਕਰੋਨਾ ਟੈਸਟ ਕਰਵਾਏ ਹਨ ਤੇ ਇਨ੍ਹਾਂ ਵਿਚੋਂ ਇਕ ਵੀ ਸ਼ਰਧਾਲੂ ਪਾਜ਼ੇਟਿਵ ਨਹੀਂ ਪਾਇਆ ਗਿਆ। ਉਂਜ, ਸ਼ਰਧਾਲੂਆਂ ਦੇ ਨਮੂਨਿਆਂ ਦੇ ਆ ਰਹੇ ਨਤੀਜਿਆਂ ਵਿਚ ਵੀ ਵੱਡੀ ਗੜਬੜ ਸਾਹਮਣੇ ਆ ਰਹੀ ਹੈ। ਕਰੋਨਾ ਦੀ ਜਾਂਚ ਲਈ ਲਏ ਜਾ ਰਹੇ ਸੈਂਪਲਾਂ ਦੀ ਰਿਪੋਰਟ ਸ਼ੱਕ ਦੇ ਘੇਰੇ ਵਿਚ ਹੈ। ਹਜ਼ੂਰ ਸਾਹਿਬ ਤੋਂ ਆਏ ਚਾਰ ਸ਼ਰਧਾਲੂਆਂ ਦੇ ਸੈਂਪਲ ਲੈਣ ਮਗਰੋਂ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਦਿੱਤੀ ਗਈ ਤੇ ਉਸੇ ਸੈਂਪਲ ਉਤੇ ਉਨ੍ਹਾਂ ਨੂੰ ਬਾਅਦ ਵਿਚ ਪਾਜ਼ੇਟਿਵ ਕਰਾਰ ਦੇ ਦਿੱਤਾ ਗਿਆ।
ਉਧਰ, ਮਹਾਰਾਸ਼ਟਰ ਸਰਕਾਰ ਦਾ ਦਾਅਵਾ ਵੀ ਇਸ ਮਾਮਲੇ ਨੂੰ ਸ਼ੱਕੀ ਬਣਾਉਂਦਾ ਹੈ। ਇਥੋਂ ਦੀ ਸਰਕਾਰ ਮੁਤਾਬਕ ਸੰਗਤ ਦੇ ਆਉਣ ਤੋਂ ਪਹਿਲਾਂ ਨਾਂਦੇੜ ਦਾ ਪੂਰਾ ਇਲਾਕਾ ਸੰਤਰੀ ਜ਼ੋਨ ਵਿਚ ਸੀ ਤੇ ਇਥੇ ਕੋਈ ਵੀ ਮਰੀਜ਼ ਨਹੀਂ ਸੀ। ਪੰਜਾਬ ਦੇ ਡਰਾਈਵਰਾਂ ਨੂੰ ਜਿਨ੍ਹਾਂ ਸੇਵਾਦਾਰਾਂ ਨੇ ਨਾਂਦੇੜ ਵਿਖੇ ਲੰਗਰ ਛਕਾਇਆ, ਉਹ ਸੇਵਾਦਾਰ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਸਵਾਲ ਚੁੱਕਿਆ ਹੈ ਕਿ ਜੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਹੀ 40 ਦਿਨਾਂ ਤੋਂ ਬੈਠੇ ਸ਼ਰਧਾਲੂਆਂ ਨੂੰ ਲਾਗ ਲੱਗੀ ਹੁੰਦੀ ਤਾਂ ਪੂਰੇ ਨਾਂਦੇੜ ਨੇ ਲਪੇਟ ਵਿਚ ਆ ਜਾਣਾ ਸੀ।
ਪੰਜਾਬ ‘ਚ ਪੁੱਜੇ ਜੋ ਸ਼ਰਧਾਲੂ ਹੁਣ ਟੈਸਟਾਂ ਦੌਰਾਨ ਪਾਜ਼ੇਟਿਵ ਨਿਕਲੇ ਹਨ, ਉਨ੍ਹਾਂ ਨੂੰ ਨਾਂਦੇੜ ਪ੍ਰਸ਼ਾਸਨ ਨੇ ਬਕਾਇਦਾ ਕਲੀਨ ਚਿੱਟ ਦਿੱਤੀ ਹੋਈ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚੋਂ 25 ਅਪਰੈਲ ਨੂੰ ਪੰਜਾਬ ਰੋਡਵੇਜ਼ ਅਤੇ ਪੀæਆਰæਟੀæਸੀæ ਦੀਆਂ 80 ਬੱਸਾਂ ਨਾਂਦੇੜ ਸਾਹਿਬ ਗਈਆਂ ਸਨ, ਜਿਨ੍ਹਾਂ ‘ਚ ਕਰੀਬ 2400 ਸ਼ਰਧਾਲੂ ਵਾਪਸ ਪਰਤੇ ਸਨ। ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ‘ਚ ਵੱਖਰੇ 325 ਦੇ ਕਰੀਬ ਸ਼ਰਧਾਲੂ ਠਹਿਰੇ ਹੋਏ ਸਨ, ਜਿਨ੍ਹਾਂ ਨੂੰ ਤਖਤ ਸਾਹਿਬ ਤਰਫੋਂ ਪ੍ਰਾਈਵੇਟ ਬੱਸਾਂ ਦਾ ਇੰਤਜ਼ਾਮ ਕਰ ਕੇ ਅੰਮ੍ਰਿਤਸਰ, ਹਰਿਆਣਾ ਅਤੇ ਦਿੱਲੀ ਛੱਡਿਆ ਗਿਆ। ਗੁਰਦੁਆਰਾ ਲੰਗਰ ਸਾਹਿਬ ਵਿਚ ਤਕਰੀਬਨ ਤਿੰਨ ਹਜ਼ਾਰ ਸ਼ਰਧਾਲੂ ਠਹਿਰੇ ਹੋਏ ਸਨ ਜੋ 7 ਮਾਰਚ ਨੂੰ ਨਾਂਦੇੜ ਸਾਹਿਬ ਪੁੱਜੇ ਸਨ। ਪੰਜਾਬ ਦੇ ਸ਼ਰਧਾਲੂ ਵਾਪਸ ਪਰਤ ਆਏ ਹਨ ਜਦੋਂ ਕਿ ਦਿੱਲੀ, ਯੂæਪੀæ ਅਤੇ ਹਰਿਆਣਾ ਦੇ ਕਰੀਬ 250 ਸ਼ਰਧਾਲੂ ਹਾਲੇ ਵੀ ਗੁਰਦੁਆਰਾ ਸਾਹਿਬ ਵਿਚ ਮੌਜੂਦ ਹਨ। ਗੁਰਦੁਆਰਾ ਲੰਗਰ ਸਾਹਿਬ ਦੇ ਪ੍ਰਬੰਧਕ ਬਾਬਾ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਾਵਾਂ ਵਿਚ ਸਾਰੇ ਸ਼ਰਧਾਲੂ ਠਹਿਰਾਏ ਹੋਏ ਸਨ ਜੋ ਕਰੀਬ ਡੇਢ ਮਹੀਨੇ ਤੋਂ ਰਹਿ ਰਹੇ ਸਨ, ਜਿਨ੍ਹਾਂ ਦੇ ਤਿੰਨ ਵਾਰ ਟੈਸਟ ਵੀ ਕਰਾਏ ਗਏ ਅਤੇ ਸਭ ਟੈਸਟ ਨੈਗੇਟਿਵ ਆਏ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਕਰੋਨਾ ਵਾਇਰਸ ਦੀ ਲਾਗ ਰਸਤੇ ਵਿਚ ਹੀ ਪੰਜਾਬ ਦੇ ਸ਼ਰਧਾਲੂਆਂ ਨੂੰ ਲੱਗੀ ਹੋਵੇਗੀ ਕਿਉਂਕਿ ਸ਼ਰਧਾਲੂਆਂ ਨੇ ਇੰਦੌਰ ਵਿਚ ਲੰਗਰ ਛਕਿਆ ਸੀ।
——————————
ਸਿਆਸੀ ਧਿਰਾਂ ਦੀ ਇਕ-ਦੂਜੇ ਵਲ ਉਂਗਲ
ਪੰਜਾਬ ਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਤੇ ਸਿਆਸੀ ਪਾਰਟੀਆਂ, ਮਹਾਰਾਸ਼ਟਰ ਤੋਂ ਪੰਜਾਬ ਲਿਆਂਦੇ ਗਏ ਸ਼ਰਧਾਲੂਆਂ ਦੇ ਕਰੋਨਾ ਪਾਜ਼ੇਟਿਵ ਹੋਣ ਬਾਰੇ ਇਕ ਦੂਜੇ ਨੂੰ ਦੋਸ਼ ਦੇਣ ਵਿਚ ਰੁੱਝੀਆਂ ਹੋਈਆਂ ਹਨ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਉਨ੍ਹਾਂ ਪੰਜਾਬ ਸਰਕਾਰ ਨੂੰ ਤਖਤ ਹਜ਼ੂਰ ਸਾਹਿਬ ਤੋਂ ਆਉਣ ਵਾਲੇ ਸਾਰੇ ਸ਼ਰਧਾਲੂਆਂ ਦੀ ਟੈਸਟਿੰਗ ਲਾਜ਼ਮੀ ਕਰਵਾਉਣ ਲਈ ਅਗਾਊਂ ਚੌਕਸ ਕੀਤਾ ਸੀ। ਸੂਬਾ ਸਰਕਾਰ ਦੀ ਇਸੇ ਕੁਤਾਹੀ ਦਾ ਹੀ ਨਤੀਜਾ ਹੈ ਜੋ ਪੂਰੇ ਪੰਜਾਬ ਨੂੰ ਭੁਗਤਣਾ ਪੈ ਸਕਦਾ ਹੈ। ਇਹੀ ਨਹੀਂ, ਕਈ ਕਾਂਗਰਸੀ ਵਿਧਾਇਕ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਕਾਰ ਦੇ ਅਕਸ ਸੁਧਾਰਨ ਦੇ ਕੀਤੇ ਜਾ ਰਹੇ ਯਤਨਾਂ ‘ਤੇ ਹੀ ਪਾਣੀ ਫੇਰ ਰਹੇ ਹਨ। ਕਾਂਗਰਸ ਦੇ ਕਈ ਆਗੂ ਸਰਕਾਰ ਨੂੰ ਇਹ ਤਰਕ ਦੇ ਰਹੇ ਹਨ ਕਿ ਜੇ ਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਵਿਚ ਠਹਿਰਾ ਦਿੱਤਾ ਤਾਂ ਇਸ ਦਾ ਰਾਜਸੀ ਲਾਹਾ ਸ਼੍ਰੋਮਣੀ ਅਕਾਲੀ ਦਲ ਨੂੰ ਚਲਾ ਜਾਵੇਗਾ ਤੇ ਕਾਂਗਰਸ ਨੂੰ ਭਵਿੱਖ ਵਿਚ ਨੁਕਸਾਨ ਹੋਵੇਗਾ। ਕਈ ਕਾਂਗਰਸੀ ਵਿਧਾਇਕ ਇਹ ਪ੍ਰਚਾਰ ਕਰਨ ਲੱਗੇ ਹੋਏ ਹਨ ਕਿ ਗੁਰਦੁਆਰਿਆਂ ਦੇ ਪ੍ਰਬੰਧਕ ਹੀ ਨਾਂਦੇੜ ਸਾਹਿਬ ਦੀਆਂ ਸੰਗਤਾਂ ਨੂੰ ਰੱਖਣ ਤੋਂ ਇਨਕਾਰ ਕਰ ਰਹੇ ਹਨ; ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਸਣੇ ਕੁਝ ਮੰਤਰੀ ਇਸ ਨੂੰ ਖਹਿਬਾਜ਼ੀ ਆਖ ਕੇ ਖਹਿੜਾ ਛਡਾ ਰਹੇ ਹਨ।
——————————
ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼?
ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਹੋਰ ਸਿੱਖ ਸੰਸਥਾਵਾਂ ਦੇ ਆਗੂਆਂ ਨੇ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਦੀਆਂ ਰਿਪੋਰਟਾਂ ਨੂੰ ਪਾਜ਼ੇਟਿਵ ਆਉਣ ‘ਤੇ ਸ਼ੱਕ ਪ੍ਰਗਟਾਇਆ ਹੈ। ਜਥੇਦਾਰ ਦਾ ਕਹਿਣਾ ਹੈ ਕਿ ਡੇਢ ਮਹੀਨੇ ਤੋਂ ਤਖਤ ਹਜ਼ੂਰ ਸਾਹਿਬ ਨਾਂਦੇੜ ਵਿਖੇ ਗੁਰੂ ਘਰ ਵਿਚ ਰਹਿ ਰਹੇ ਸੈਂਕੜੇ ਸ਼ਰਧਾਲੂਆਂ ਦਾ ਮਹਾਰਾਸ਼ਟਰ ਸਰਕਾਰ ਵਲੋਂ ਵਾਰ-ਵਾਰ ਕਰਵਾਈ ਮੈਡੀਕਲ ਜਾਂਚ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਭੇਜੀਆਂ ਬੱਸਾਂ ਵਿਚ ਵਾਪਸ ਲਿਆਂਦਾ ਗਿਆ ਤਾਂ ਕੁਝ ਘੰਟਿਆਂ ਵਿਚ ਹੀ ਇਹ ਸ਼ਰਧਾਲੂ ਕਰੋਨਾ ਪਾਜ਼ੇਟਿਵ ਆਉਣੇ ਸ਼ੁਰੂ ਹੋ ਗਏ, ਕਿਤੇ ਇਹ ਸਿੱਖ ਕੌਮ ਨੂੰ ਮੁਸਲਮਾਨ ਭਾਈਚਾਰੇ ਵਾਂਗ ਬਦਨਾਮ ਕਰਨ ਦੀ ਸਾਜ਼ਿਸ਼ ਤਾਂ ਨਹੀਂ?
ਜਥੇਦਾਰ ਨੇ ਕਿਹਾ ਹੈ ਕਿ ਇਹ ਮਾਮਲਾ ਪਹਿਲੇ ਨਜ਼ਰੇ ਹੀ ਸ਼ੱਕੀ ਜਾਪ ਰਿਹਾ ਹੈ ਤੇ ਇਹ ਸਿੱਖਾਂ ਨੂੰ ਬਦਨਾਮ ਕਰਨ ਦੀ ਚਾਲ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਹੈ ਕਿ ਕਾਂਗਰਸੀ ਆਗੂ ਦਿਗਵਿਜੈ ਸਿੰਘ ਕੋਲ ਟਵੀਟ ਕਰ ਕੇ ਸਿੱਖਾਂ ਦੀ ਤੁਲਨਾ ਤਬਲੀਗੀਆਂ ਨਾਲ ਕਰਨ ਦਾ ਕੋਈ ਹੱਕ ਨਹੀਂ ਹੈ। ਸਿੱਖ ਕੌਮ ਨੇ ਕਦੇ ਕਿਸੇ ਜ਼ਾਬਤੇ ਜਾਂ ਸਰਕਾਰੀ ਹਦਾਇਤਾਂ ਦੀ ਉਲੰਘਣਾ ਨਹੀਂ ਕੀਤੀ। ਇਸ ਲਈ ਬਤੌਰ ਸਿੱਖ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਗੇ ਆ ਕੇ ਅਜਿਹੇ ਵਿਅਕਤੀ ਨੂੰ ਜੁਆਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗ਼ੈਰ ਸਿੱਖਾਂ ਵਲੋਂ ਸਿੱਖ ਕੌਮ ਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ।