ਟੈਗੋਰ ਦੇ ਬੰਗਾਲ ਨੂੰ ਜਾਂ ਬੰਗਾਲ ਦੇ ਟੈਗੋਰ ਨੂੰ ਪ੍ਰਣਾਮ!

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਟੈਗੋਰ ਦੇ ਸਮੇਂ ਦਾ ਹਰ ਵਿਦਵਾਨ, ਲੇਖਕ, ਕਵੀ ਤੇ ਕਲਾਕਾਰ ਉਨ੍ਹਾਂ ਨੂੰ ਮਿਲਣ ਦੀ ਤਾਂਘ ਰੱਖਦਾ ਸੀ ਅਤੇ ਉਨ੍ਹਾਂ ਦੇ ਚਰਨਾਂ ਵਿਚ ਕੁਝ ਪਲ ਬੈਠ ਕੇ ਹਿਰਦੇ ਵਿਚ ਠੰਢਕ, ਵਿਚਾਰਾਂ ਵਿਚ ਨਿਰਮਲਤਾ ਤੇ ਅਹਿਸਾਸ ਵਿਚ ਹਿੰਮਤ ਮਹਿਸੂਸ ਕਰਦਾ ਸੀ।

ਪੰਜਾਬ ਦੇ ਕਈ ਵੱਡੇ ਵੱਡੇ ਲੇਖਕ ਅੰਗਰੇਜ਼ੀ ਵਿਚ ਲਿਖਣ ਨੂੰ ਵਧੇਰੇ ਮਹੱਤਤਾ ਦਿੰਦੇ ਸਨ, ਪਰ ਟੈਗੋਰ ਨੂੰ ਮਿਲਣ ਉਪਰੰਤ ਉਨ੍ਹਾਂ ਨੇ ਆਪਣੀ ਮਾਦਰੀ ਜ਼ੁਬਾਨ ਵਿਚ ਲਿਖਣ ਨੂੰ ਤਰਜੀਹ ਦਿੱਤੀ। ਜੇ ਬਲਰਾਜ ਸਾਹਨੀ ਨੇ ਟੈਗੋਰ ਦੇ ਕਹਿਣ ‘ਤੇ ਪੰਜਾਬੀ ਵਿਚ ਨਾ ਲਿਖਿਆ ਹੁੰਦਾ ਤਾਂ ਪੰਜਾਬੀ ਸਾਹਿਤ ਵਿਚ ਸਾਨੂੰ ਕਮੀ ਰੜਕਦੀ ਰਹਿਣੀ ਸੀ।
ਟੈਗੋਰ ਨੇ ਦੇਸ਼ ਦਾ ਰਾਸ਼ਟਰੀ ਗੀਤ ਲਿਖਿਆ ਤਾਂ ਕਿਸੇ ਨੇ ਉਹਨੂੰ ਅੰਤਰ-ਰਾਸ਼ਟਰੀ ਗੀਤ ਲਿਖਣ ਦੀ ਸਿਫਾਰਸ਼ ਕੀਤੀ। ਉਹ ਕਹਿਣ ਲੱਗੇ ਕਿ ਅੰਤਰ-ਰਾਸ਼ਟਰੀ ਗੀਤ ਤਾਂ ਕਿਤੇ ਰਿਹਾ, ਪੂਰੇ ਬ੍ਰਹਿਮੰਡ ਦਾ ਗੀਤ ਗੁਰੂ ਨਾਨਕ ਪਾਤਸ਼ਾਹ ਪਹਿਲਾਂ ਹੀ ਲਿਖ ਗਏ ਹਨ। ਕਹਿੰਦੇ ਹਨ, ਗੁਰੂ ਨਾਨਕ ਪਾਤਸ਼ਾਹ ਦਾ ਉਹ ਬ੍ਰਹਿਮੰਡੀ ਗੀਤ ‘ਗਗਨ ਮੈ ਥਾਲੁ’ ਅੱਜ ਵੀ ਟੈਗੋਰ ਦੇ ਸ਼ਾਂਤੀ ਨਿਕੇਤਨ ਵਿਚ ਗਾਇਆ ਜਾਂਦਾ ਹੈ।
ਟੈਗੋਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਤਾਂ ਭਗਤ ਕਬੀਰ ਦੇ ਸ਼ਬਦ ਸੁਣ ਕੇ ਇੰਨੇ ਪ੍ਰਭਾਵਿਤ ਹੋਏ ਕਿ ਜਾਣ ਲੱਗੇ ਭਗਤ ਬਾਣੀ ਦੀ ਪੋਥੀ ਨਾਲ ਲੈ ਗਏ। ਇਹਦੇ ਵਿਚੋਂ ਉਨ੍ਹਾਂ ਨੇ ਚੋਣਵੇਂ ਸੌ ਸ਼ਬਦ ਅੰਗਰੇਜ਼ੀ ਵਿਚ ਅਨੁਵਾਦ ਕੀਤੇ ਸਨ। ਜਦ ਉਨ੍ਹਾਂ ਨੂੰ ਆਪਣੀ ਪੁਸਤਕ ‘ਗੀਤਾਂਜਲੀ’ ‘ਤੇ ਨੋਬੇਲ ਇਨਾਮ ਮਿਲਿਆ ਤਾਂ ਉਨ੍ਹਾਂ ਨੇ ਭਗਤ ਕਬੀਰ ਨੂੰ ਸ਼ੁਕਰਾਨੇ ਦੇ ਭਾਵ ਵਿਚ ਯਾਦ ਕੀਤਾ ਸੀ।
ਮੁਹੰਮਦ ਇਕਬਾਲ ਨੇ ਲਿਖਿਆ, ‘ਜਹਾਂ ਮੇਂ ਅਹਿਲੇ ਈਮਾਂ ਸੂਰਤੇ ਖੁਰਸ਼ੀਦ ਜੀਤੇ ਹੈਂ, ਇਧਰ ਡੂਬੇ ਉਧਰ ਨਿਕਲੇ, ਉਧਰ ਡੂਬੇ ਇਧਰ ਨਿਕਲੇ।’ ਟੈਗੋਰ 7 ਮਈ 1861 ਨੂੰ ਇਸ ਜਹਾਨ ਵਿਚ ਆਏ ਤੇ 1941 ਵਿਚ ਇਸ ਜਹਾਨ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੇ ਜਾਣ ‘ਤੇ ਇਵੇਂ ਮਹਿਸੂਸ ਹੋਇਆ, ਜਿਵੇਂ ਦੇਸ਼ ਸੁੰਨਾ ਹੋ ਗਿਆ ਹੋਵੇ ਤੇ ਖਾਸ ਤੌਰ ‘ਤੇ ਬੰਗਾਲ ਜਿਵੇਂ ਉਨ੍ਹਾਂ ਦੇ ਨਾਲ ਹੀ ਸਤੀ ਹੋ ਗਿਆ ਹੋਵੇ।
ਪਰ ਅਗਲੇ ਹੀ ਸਾਲ ਭਾਵ 1942 ਵਿਚ ਕਲਕੱਤੇ ਵਿਚ ਵਿਸ਼ਵ ਦੀ ਮਹਾਨ ਪ੍ਰਤਿਭਾ ਗਾਇਤਰੀ ਚੱਕਰਵਰਤੀ ਸਪੀਵੈਕ ਦਾ ਜਨਮ ਹੋਇਆ। ਬੰਗਾਲ ਦੇ ਬੌਧਿਕ ਤੇ ਕਲਾਤਮਿਕਤਾ ਦੇ ਸੰਘਣੇ ਮਾਹੌਲ ਵਿਚ ਪੜ੍ਹ ਲਿਖ ਕੇ ਵੱਡੀ ਹੋਈ ਤਾਂ ਉਹਨੇ ਆਪਣੇ ਆਪ ਨੂੰ ਹੋਰ ਸੰਪੰਨ ਕਰਨ ਹਿਤ ਸਹਿਵਨ ਹੀ ਫਰਾਂਸੀਸੀ ਕਿਤਾਬ ਨੂੰ ਅੰਗਰੇਜ਼ੀ ਵਿਚ ਅਨੁਵਾਦ ਕਰਨਾ ਸ਼ੁਰੂ ਕਰ ਦਿੱਤਾ। ਉਹ ਕਿਤਾਬ ਵਿਸ਼ਵ ਦੇ ਪ੍ਰਸਿੱਧ ਚਿੰਤਕ ਦੈਰੀਦਾ ਦੀ ‘ਗ੍ਰੈਮਟੌਲੋਜੀ’ ਸੀ।
ਉਸ ਸਮੇਂ ਤੱਕ ਇਹ ਕਿਤਾਬ ਅੰਗਰੇਜ਼ੀ ਵਿਚ ਅਨੁਵਾਦ ਕਰਨ ਲਈ ਕਿਸੇ ਅੰਗਰੇਜ਼ ਦਾ ਹੌਸਲਾ ਨਹੀਂ ਸੀ ਪਿਆ। ਵਿਸ਼ਵ ਵਿਚ ਹਲਚਲ ਮੱਚ ਗਈ। ਬਸਤੀਵਾਦ ਦੀਆਂ ਪੇਚੀਦਾ ਗੰਢਾਂ ਖੋਲ੍ਹਣ ਵਾਲੀ ਤੇ ਕਿਸੇ ਵੀ ਸੰਰਚਨਾ ਦੇ ਅੰਦਰ ਵੜ ਕੇ ਉਹਦੀਆਂ ਮਹੀਨ ਤੰਦਾਂ ਨੂੰ ਫੋਲਣ ਵਾਲੀ ਕਿਤਾਬ ਅੰਗਰੇਜ਼ੀ ਜਗਤ ਦੇ ਸਾਹਮਣੇ ਪ੍ਰਕਾਸ਼ਿਤ ਹੋ ਗਈ।
ਵਿਦਵਾਨ ਦੱਸਦੇ ਹਨ ਕਿ ਇਸ ਅਨੁਵਾਦਤ ਪੁਸਤਕ ਦਾ ਆਦਿਕਥਨ ਵਿਸ਼ਵ-ਦਰਸ਼ਨ ਦਾ ਰਾਹ ਰੁਸ਼ਨਾਉਣ ਵਾਲੇ ਦਸਤਾਵੇਜ਼ ਵਜੋਂ ਜਾਣਿਆ ਜਾਂਦਾ ਹੈ। ਵਿਸ਼ਵ ਦੇ ਵੱਡੇ ਚਿੰਤਕ ਦੈਰੀਦਾ ਦੀ ਡੀਕੰਸਟ੍ਰਕਸ਼ਨ ਨੂੰ ਸਮਝਣ ਲਈ ਗਾਇਤਰੀ ਚੱਕਰਵਰਤੀ ਦੇ ਇਸ ਆਦਿਕਥਨ ਦਾ ਸਹਾਰਾ ਲੈਂਦੇ ਹਨ। ਟੈਗੋਰ ਦੇ ਬੰਗਾਲ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ।
ਟੈਗੋਰ ਪਿਛੋਂ ਬੰਗਾਲੀ ਪ੍ਰਤਿਭਾ, ਦਲਿਤ ਯਾਤਨਾ ਅਤੇ ਇਸਤਰੀ ਸੰਵੇਦਨਾ ਦੀ ਮਾਂ ਕਰਕੇ ਜਾਣੀ ਜਾਂਦੀ ਇਕ ਹੋਰ ਮਹਾਨ ਹਸਤੀ ਮਹਾਸ਼ਵੇਤਾ ਦੇਵੀ ਦੀਆਂ ਲਿਖਤਾਂ ਦਾ ਅੰਗਰੇਜ਼ੀ ਅਨੁਵਾਦ ਕਰਕੇ ਵਿਸ਼ਵ ਪੱਧਰ ਤੱਕ ਪ੍ਰਚਾਰਨ ਦਾ ਮਹਾ ਕਾਰਜ ਵੀ ਇਸ ਗਾਇਤਰੀ ਚੱਕਰਵਰਤੀ ਦੇ ਹਿੱਸੇ ਆਇਆ।
ਬੜੇ ਮਾਣ ਦੀ ਗੱਲ ਹੈ ਕਿ ਮਹਾਸ਼ਵੇਤਾ ਦੇਵੀ ਦੇ ਨਾਵਲ ‘1084ਵੇਂ ਦੀ ਮਾਂ’ ਦਾ ਸਾਡੇ ਆਪਣੇ ਬੁਲੰਦ ਇਲਮ ਅਤੇ ਇਖਲਾਕ ਵਾਲੇ ਕਵੀ ਲੇਖਕ ਜਾਂ ਲੇਖਕ ਕਵੀ ਅਮਰਜੀਤ ਚੰਦਨ ਨੇ ਅਨੁਵਾਦ ਕੀਤਾ ਹੈ।
ਗਾਇਤਰੀ ਚੱਕਰਵਰਤੀ ਦੀ ਬੌਧਿਕ ਪ੍ਰਤਿਭਾ ਨੂੰ ਦੇਖ ਕੇ ਵਿਸ਼ਵ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਨੇ ਉਨ੍ਹਾਂ ਨੂੰ ਅਧਿਆਪਨ ਦੀਆਂ ਸੇਵਾਵਾਂ ਲਈ ਪੇਸ਼ਕਸ਼ ਕੀਤੀ। ਅਖੀਰ ਕੋਲੰਬੀਆ ਯੂਨੀਵਰਸਿਟੀ (ਅਮਰੀਕਾ) ਨੇ ਗਾਇਤਰੀ ਚੱਕਰਵਰਤੀ ਨੂੰ ‘ਯੂਨੀਵਰਸਿਟੀ ਪ੍ਰੋਫੈਸਰ’ ਦਾ ਮਾਣਮੱਤਾ ਖਿਤਾਬ ਦਿੱਤਾ।
ਮੇਰਾ ਮੰਨਣਾ ਹੈ ਕਿ ਹਿੰਦੁਸਤਾਨ ਵਿਚ ਸਨਾਤਨ ਧਰਮ ਨੂੰ ਸਹੀ ਅਰਥਾਂ ਵਿਚ ਸਮਝਣ ਵਾਲੀ ਇੱਕੋ ਇੱਕ ਨਿਰਲੇਪ ਅਤੇ ਨਿਰਪੱਖ ਸੰਸਥਾ ‘ਰਾਮਕਿਸ਼ਨ ਮਿਸ਼ਨ’ ਹੈ, ਜੋ ਸੁਆਮੀ ਵਿਵੇਕਾਨੰਦ ਨੇ ਆਪਣੇ ਗੁਰੂਦੇਵ ਸੁਆਮੀ ਰਾਮਕਿਸ਼ਨ ਪਰਮਹੰਸ ਦੀ ਯਾਦ ਵਿਚ ਬਣਾਈ ਸੀ। ਵਿਸ਼ਵ ਪ੍ਰਸਿੱਧ ਚਿੰਤਕ ਗਾਇਤਰੀ ਚੱਕਰਵਰਤੀ ਇਸੇ ਸੁਆਮੀ ਰਾਮਕਿਸ਼ਨ ਪਰਮਹੰਸ ਦੇ ਡਾਕਟਰ ਦੀ ਪੜਪੋਤੀ ਹੈ।
ਵਿੱਦਿਆ ਦੀ ਪੁੰਜ ਗਾਇਤਰੀ ਚੱਕਰਵਰਤੀ ਨੇ ਇੱਕ ਲੇਖ ਲਿਖਿਆ ‘ਕੈਨ ਦੀ ਸਬਾਲਟਰਨ ਸਪੀਕ?’ ਪੂਰੇ ਵਿਸ਼ਵ ਵਿਚ ਇਸ ਲੇਖ ਨੇ ਚਰਚਾ ਛੇੜ ਦਿੱਤੀ। ਵਿਸ਼ਵ ਦੇ ਵਿਦਵਾਨਾਂ ਨੂੰ ਲੱਗਾ ਕਿ ਪਹਿਲੀ ਵਾਰ ਕਿਸੇ ਨੇ ਸਬਾਲਟਰਨ ਦੀ ਇਸ ਤਰ੍ਹਾਂ ਦੀ ਸ਼ਿੱਦਤ ਨਾਲ ਗੱਲ ਕੀਤੀ ਹੈ।
ਇਹ ਸਿਹਰਾ ਬੰਗਾਲ ਦੀ ਉਸ ਮਹਾਨ ਪ੍ਰਤਿਭਾ ਸਿਰ ਬੱਝਦਾ ਹੈ, ਜਿਹਦੇ ਕਰਕੇ ਅੱਜ ਕਲ ਵਿਸ਼ਵ ਦੀਆਂ ਯੂਨੀਵਰਸਿਟੀਆਂ ਵਿਚ ‘ਸਬਾਲਟਰਨ ਸਟੱਡੀਜ਼’ ਦੇ ਨਾਂ ਦਾ ਇਕ ਨਵਾਂ ਵਿਸ਼ਾ ਪੜ੍ਹਿਆ ਤੇ ਪੜ੍ਹਾਇਆ ਜਾਣਾ ਸ਼ੁਰੂ ਹੋ ਗਿਆ ਹੈ। ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ ਵੀ ਪਿੱਛੇ ਨਹੀਂ ਰਹੀਆਂ ਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਵੀ ਇਸ ਵਿਸ਼ੇ ਦਾ ਢਿੱਲਾ ਜਿਹਾ ਜ਼ਿਕਰ ਹੋਣ ਲੱਗ ਪਿਆ ਹੈ।
ਵੈਸੇ ਇਹ ਸੁਣਨ ਵਿਚ ਆਇਆ ਹੈ ਕਿ ਗਾਇਤਰੀ ਚੱਕਰਵਰਤੀ ਅੱਜ ਕਲ ਯੂਨੀਵਰਸਿਟੀਆਂ ਦੇ ਖੋਖਲੇ ਸਰੋਕਾਰਾਂ ਤੋਂ ਅੱਕ ਚੁਕੀ ਹੈ। ਉਹ ਕਿਸੇ ਪ੍ਰੋਫੈਸਰ ਦੇ ਕਹਿਣ ‘ਤੇ ਕਿਸੇ ਯੂਨੀਵਰਸਿਟੀ ਦੇ ਸੈਮੀਨਾਰ ਵਿਚ ਕਦੇ ਸ਼ਿਰਕਤ ਨਹੀਂ ਕਰਦੀ। ਹਾਂ, ਕਿਤੇ ਕੋਈ ਵਿਦਿਆਰਥੀ ਉਹਨੂੰ ਮਿਲ ਕੇ ਗੱਲਬਾਤ ਕਰਨੀ ਚਾਹੇ ਤਾਂ ਉਹ ਬੜੀ ਖੁਸ਼ੀ ਨਾਲ ਗੱਲ ਕਰ ਲੈਂਦੀ ਹੈ। ਉਹਦੇ ਬਾਰੇ ਚਰਚਾ ਹੈ ਕਿ ਉਹ ਅੱਜ ਕਲ ਬੰਗਾਲ ਦੇ ਕਿਸੇ ਅਣਗੌਲੇ ਪਿੰਡ ਵਿਚ ਬੱਚਿਆਂ ਨੂੰ ਪੜ੍ਹਾਉਂਦੀ ਹੈ। ਉਹਨੂੰ ਲੱਗਦਾ ਹੈ ਕਿ ਜੇ ਵਿਸ਼ਵ ਵਿਚ ਕੋਈ ਤਬਦੀਲੀ ਲਿਆਉਣੀ ਹੈ ਤਾਂ ਉਹਦੀ ਆਧਾਰਸ਼ਿਲਾ ਬੱਚੇ ਹੀ ਹੋ ਸਕਦੇ ਹਨ।
ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਪੰਜਾਬੀ ਦੇ ਅਧਿਆਪਕਾਂ ਨੂੰ ਹਾਲੇ ਤੱਕ ‘ਸਬਾਲਟਰਨ’ ਸ਼ਬਦ ਦਾ ਪੰਜਾਬੀ ਪਰਿਆਇ ਨਹੀਂ ਲੱਭਾ। ਉਹ ‘ਹਾਸ਼ੀਆਗਤ’ ਸ਼ਬਦ ਨਾਲ ਬੁੱਤਾ ਸਾਰਦੇ ਹਨ ਜਾਂ ਸਬਾਲਟਰਨ ਨੂੰ ਸਬਾਲਟਰਨ ਕਹਿਣ ਵਿਚ ਹੀ ਸ਼ਾਨ ਸਮਝਦੇ ਹਨ। ਇਹ ਸਾਡੀ ਬੌਧਿਕ ਸੁਸਤੀ ਦਾ ਨਤੀਜਾ ਹੈ।
ਜੇ ਇਸ ਸ਼ਬਦ ਦਾ ਮੂਲ ਲੱਭਿਆ ਜਾਵੇ ਤਾਂ ਇਹ ਦੋ ਸ਼ਬਦਾਂ-ਸੱਬ ਅਤੇ ਆਲਟਰਨ ਦਾ ਜੋੜ ਹੈ। ਸੱਬ ਦਾ ਅਰਥ ਹੈ, ਅਧੀਨ ਅਤੇ ਆਲਟਰਨ ਦਾ ਅਰਥ ਹੈ, ਹੋਰ ਸਾਰੇ। ਸਬਾਲਟਰਨ ਦਾ ਅਰਥ ਹੋਇਆ, ਜੋ ਹੋਰ ਸਭ ਦੇ ਅਧੀਨ, ਅਰਥਾਤ ਸਭ ਤੋਂ ਨੀਵਾਂ ਹੈ।
ਇਹ ਜਾਣ ਕੇ ਮੇਰਾ ਧਿਆਨ ਗੁਰੂ ਨਾਨਕ ਪਾਤਸ਼ਾਹ ਵੱਲ ਚਲਾ ਜਾਂਦਾ ਹੈ, ਜਿਨ੍ਹਾਂ ਨੇ ਕਿਹਾ ਸੀ, ‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਹਿੰਦੁਸਤਾਨ ਵਿਚ ਚਾਰ ਵਰਣ ਹਨ। ਸਭ ਤੋਂ ਉਪਰ ਬ੍ਰਾਹਮਣ ਹੈ, ਉਹਦੇ ਹੇਠ ਖੱਤਰੀ, ਉਹਦੇ ਹੇਠ ਵੈਸ਼ ਤੇ ਸਭ ਤੋਂ ਨੀਵਾਂ ਸ਼ੂਦਰ ਹੈ। ਚਾਰ ਵਰਣਾਂ ਵਿਚ ਸਭ ਤੋਂ ਹੇਠਾਂ ਸ਼ੂਦਰ ਹੈ, ਪਰ ਸ਼ੂਦਰ ਵਰਣ ਵਿਚ ਅਗਾਂਹ ਹੋਰ ਵੀ ਊਚ ਨੀਚ ਘਰ ਕਰ ਗਈ ਹੋਈ ਹੈ। ਕਿੰਨੇ ਦੁੱਖ ਤੇ ਹੈਰਾਨੀ ਦੀ ਗੱਲ ਹੈ ਕਿ ਸ਼ੂਦਰਾਂ ਵਿਚ ਅਗਾਂਹ ਹੋਰ ਨੀਵੇਂ ਲੋਕ ਵੀ ਹਨ, ਜਿਨ੍ਹਾਂ ਦੇ ਅੱਗੇ ਹੋਰ ਨੀਵਾਂ ਕੋਈ ਨਹੀਂ ਹੈ।
ਹਰ ਵਰਗ ਆਪਣੇ ਉਪਰਲੇ ਤੋਂ ਮਿਲੀ ਨਿਰਾਸ਼ਾ ਆਪਣੇ ਹੇਠਲੇ ‘ਤੇ ਕੱਢ ਲੈਂਦਾ ਹੈ, ਪਰ ਜਿਨ੍ਹਾਂ ਦੇ ਹੇਠ ਕੋਈ ਹੋਰ ਹੈ ਹੀ ਨਹੀਂ, ਉਨ੍ਹਾਂ ਨੂੰ ਹਰ ਤਰ੍ਹਾਂ ਦੇ ਅੱਕ ਆਪ ਹੀ ਚੱਬਣੇ ਪੈਂਦੇ ਹਨ।
ਗੁਰੂ ਨਾਨਕ ਪਾਤਸ਼ਾਹ ਨੇ ਉਨ੍ਹਾਂ ਲੋਕਾਂ ਨੂੰ ‘ਅਤਿ ਨੀਚੁ’ ਕਿਹਾ ਹੈ। ਸਹੀ ਮਾਇਨਿਆਂ ਵਿਚ ਸਬਾਲਟਰਨ ਦਾ ਤਰਜਮਾ ‘ਅਤਿ ਨੀਚੁ’ ਬਣਦਾ ਹੈ, ਜਿਨ੍ਹਾਂ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਖੜ੍ਹੇ ਹੋਣਾ ਆਪਣਾ ਧਰਮ ਜਾਣਿਆ ਸੀ।
ਗੁਰੂ ਰਾਮਦਾਸ ਪਾਤਸ਼ਾਹ ਨੇ ਵੀ ਇਨ੍ਹਾਂ ਲੋਕਾਂ ਨੂੰ ਦੂਰੋਂ ਦੂਰੋਂ ਲਿਆ ਕੇ ਅੰਮ੍ਰਿਤਸਰ ਸਾਹਿਬ ਵਿਖੇ ਵਸਾਇਆ ਸੀ। ਛੇਵੇਂ ਪਾਤਸ਼ਾਹ ਕੋਲ ਵੀ ਇਹੀ ਲੋਕ ਆਪਣੇ ਸੀਸ ਅਰਪਣ ਕਰਨ ਦੀ ਤਮੰਨਾ ਲੈ ਕੇ ਪੇਸ਼ ਹੋਏ ਸਨ। ਦਸਮੇਸ਼ ਪਿਤਾ ਨੇ ਵੀ ਇਨ੍ਹਾਂ ਸਬਾਲਟਰਨ ਅਰਥਾਤ ਅਤਿ ਨੀਚੁ ਲੋਕਾਂ ਦਾ ਉਥਾਨ ਕਰਕੇ ਪਾਤਸ਼ਾਹੀ ਤੱਕ ਦਾ ਵਚਨ ਅਤੇ ਵਰਦਾਨ ਦੇ ਦਿੱਤਾ ਸੀ।
ਇਤਿਹਾਸ ਦੇ ਤਹਿਖਾਨਿਆਂ ਵਿਚ ਲੁਕਿਆ ਤੱਥ ਹਾਲੇ ਖੋਜੀ ਇਤਿਹਾਸਕਾਰਾਂ ਦੀ ਉਡੀਕ ਵਿਚ ਹੈ ਕਿ ਪਾਤਸ਼ਾਹੀ ਦੇ ਐਨ ਨੇੜੇ ਢੁਕਣ ਸਮੇਂ ਕਿਵੇਂ ਸਬਾਲਟਰਨ ਅਰਥਾਤ ਅਤਿ ਨੀਚੁ ਨੂੰ ਕੁਟਲ ਬੇਰਹਿਮੀ ਨਾਲ ਕੁਚਲ ਦਿੱਤਾ ਗਿਆ ਸੀ।
ਫਿਰ ਕਿਵੇਂ 1962 ਵਿਚ ਹਰੇ ਇਨਕਲਾਬ ਲਈ ਰਾਹ ਪੱਧਰਾ ਕਰਨ ਸਮੇਂ ਲੁਧਿਆਣੇ ਦੀ ਖੇਤੀ ਯੂਨੀਵਰਸਿਟੀ ਦੇ ਨਿਰਮਾਣ ਸਮੇਂ ਅਤਿ ਨੀਚ ਅਰਥਾਤ ਸਬਾਲਟਰਨ ਦੇ ਕਾਰੋਬਾਰਾਂ ਨੂੰ ਉਕਾ ਹੀ ਵਿਸਾਰ ਦਿੱਤਾ ਗਿਆ ਸੀ ਤੇ ਉਹ ਆਜ਼ਾਦ ਭਾਰਤ ਵਿਚ ਫਿਰ ਉਸੇ ਦਸ਼ਾ ਦੇ ਸ਼ਿਕਾਰ ਹੋ ਗਏ, ਜਿਹਦੇ ਵੱਲ ਕਿਸੇ ਵਕਤ ਗੁਰੂ ਨਾਨਕ ਪਾਤਸ਼ਾਹ ਨੇ ਸੰਕੇਤ ਕੀਤਾ ਸੀ, ‘ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ…॥’
ਅੱਜ ਗੁਰੂ ਦੀ ਵਰੋਸਾਈ ਧਰਤੀ ਪੰਜਾਬ ਵਿਚ ਸਹੀ ਅਰਥਾਂ ਵਿਚ ਸਬਾਲਟਰਨ ਦੇ ਹੱਕ ਅਤੇ ਸੱਚ ਦੀ ਗੱਲ ਕਰਨ ਵਾਲਿਆਂ ਖਿਲਾਫ ਲਾਮਬੰਦੀ ਹੋ ਰਹੀ ਹੈ, ਗਾਲ੍ਹੀ-ਗਲੋਚ ਦੀ ਭਾਸ਼ਾ ਦਾ ਪ੍ਰਯੋਗ ਹੁੰਦਾ ਹੈ, ਤਾਅਨੇ ਮਿਹਣੇ ਦਿੱਤੇ ਜਾਂਦੇ ਹਨ, ਫਿਕਰੇ ਕੱਸੇ ਜਾਂਦੇ ਹਨ ਤੇ ਜੁਮਲੇ ਛੱਡੇ ਜਾਂਦੇ ਹਨ।
ਮੈਂ ਯੂਨੀਵਰਸਿਟੀਆਂ ‘ਚ ਬੈਠੇ ਸਨਮਾਨਯੋਗ ਪ੍ਰੋਫੈਸਰ ਸਾਹਿਬਾਨ ਨੂੰ ਪਿਆਰ ਅਤੇ ਸਤਿਕਾਰ ਨਾਲ ਪੁੱਛਣਾ ਚਾਹੁੰਦਾ ਹਾਂ ਕਿ ਕਿਸੇ ਵਿਚ ਇੰਨਾ ਦਿਲ ਹੈ, ਜੋ ਬੰਗਾਲ ਦੀ ਗਾਇਤਰੀ ਚੱਕਰਵਰਤੀ ਵਾਂਗ ਯੂ. ਜੀ. ਸੀ. ਅਤੇ ਯੂਨੀਵਰਸਿਟੀਆਂ ਦੀ ਥੋਥੀ ਤੇ ਫੋਕੀ ਮਾਅਰਕੇਬਾਜ਼ੀ ਵਲੋਂ ਮੂੰਹ ਫੇਰ ਕੇ ਪੰਜਾਬ ਦੇ ਕਿਸੇ ਪਿੰਡ ਦੇ ਸਬਾਲਟਰਨ ਅਰਥਾਤ ਅਤਿ ਨੀਚ ਬੱਚਿਆਂ ਵਿਚਾਲੇ ਡੇਰਾ ਲਾਉਣ ਨੂੰ ਤਿਆਰ ਹੋਵੇ ਤਾਂ ਜੋ ਪੰਜਾਬ ਵਿਚ ਕੁਝ ਤਬਦੀਲੀ ਆ ਸਕੇ ਤੇ ਸਰਬੱਤ ਦੇ ਭਲੇ ਦੇ ਸਭ ਨੂੰ ਦੀਦਾਰ ਹੋ ਸਕਣ?
ਟੈਗੋਰ ਸਾਹਿਬ ਦਾ ਜਨਮ ਦਿਨ ਸਭ ਨੂੰ ਮੁਬਾਰਕ ਹੋਵੇ!