ਨਾਬਰੀ ਦੀ ਅਵਾਜ਼ ਬਰਾਸਤਾ ਮੇਰਾ ਕੀ ਕਸੂਰ!

ਇੰਦਰਜੀਤ ਚੁਗਾਵਾਂ
ਤੂਫਾਨ ਮੱਚਿਆ ਪਿਐ ਯਾਰੋ! ਇੱਕ ਗੀਤ ‘ਚ ਏਨਾ ਮਾਦਾ ਕਿ ਹਾਹਾਕਾਰ ਮੱਚ ਜਾਵੇ? ਤੇ ਗੀਤ ਵੀ ਕਿਹੜਾ, ‘ਮੇਰਾ ਕੀ ਕਸੂਰ!’ ਕਸੂਰ ਲੱਭਣ ਲਈ ਸਿਰਦਰਦੀ ਤਾਂ ਲੈਣੀ ਹੀ ਪਊ! ਫਿਰ ਈ ਗੁਨਾਹਗਾਰ ਦਾ ਪਤਾ ਲੱਗੂ! ਗੀਤ ਸ਼ੁਰੂ ਹੁੰਦੈ ਇੱਕ ਸੁਆਲ ਨਾਲ ਤੇ ਸੁਆਲ ਵੀ ਅਜਿਹਾ ਕਿ ਝੁਣਝੁਣੀ ਛੇੜਦੈ! ਕਮਾਲ ਹੋ ਗਈ ਏਹ ਤਾਂ! ਲੱਭਣ ਤਾਂ ਲੱਗੇ ਸੀ ਕਸੂਰਵਾਰ ਤੇ ਛਿੜ ਗਈ ਝੁਣਝੁਣੀ! ਬੱਲੇ ਓਏ ਬਾਵਾ! ਬੱਲੇ ਓਏ ਬੀਰ ਸਿੰਹਾਂ! ਗੁਨਾਹ ਤਾਂ ਕੋਈ ਕੀਤਾ ਹੋਣੈਂ ਮਿੱਤਰੋ! ਐਵੇਂ ਤਾਂ ਨਹੀਂ ਬਨੇਰਿਆਂ ‘ਤੇ ਬੈਠੇ ਤਮਾਸ਼ਬੀਨ। ਚਲੋ, ਹੁਣ ਆਪਾਂ ਦੇਖਣੈਂ ਕਿ ਇਹ ਤਮਾਸ਼ਾ ਐ ਜਾਂ ਬਗਾਵਤ?

ਗੀਤਕਾਰ ਬੀਰ ਅਤੇ ਗਾਇਕ ਬਾਵੇ ਦੀ ਜੋੜੀ ਨੇ ਕਿਹਾ ਕੀ ਐ, ਆਓ ਜ਼ਰਾ ਗਹੁ ਨਾਲ ਵਿਚਾਰੀਏ! ਵਿਚਾਰਨ ਲਈ ਕਿਹੈ ਭਾਈ, ਸੁਣਨ ਲਈ ਨਹੀਂ! ਇਹ ਕਿਉਂ ਕਿਹਾ? ਕਿਉਂਕਿ ਬਾਣੀ ਦਾ ਪਾਠ ਨਿੱਤ ਸੁਣਦੇ ਓ ਤੁਸੀਂ, ਪਰ ਵਿਚਾਰਦੇ ਉਕਾ ਨਹੀਂ! ਜੇ ਵਿਚਾਰਦੇ ਹੁੰਦੇ, ਵਿਚਾਰ ਕੇ ਜ਼ਮੀਨ ‘ਤੇ ਉਤਾਰਦੇ ਹੁੰਦੇ ਤਾਂ ਇਨ੍ਹਾਂ ਮੁੰਡਿਆਂ ਨੂੰ ਕੀ ਪੁੱਛਣ ਦੀ ਲੋੜ ਸੀ ਕਿ ਮੇਰਾ ਕੀ ਕਸੂਰ ਆ! ਕੀ ਕਹਿ ਰਹੀ ਐ ਬੀਰ-ਬਾਵਾ ਦੀ ਜੋੜੀ,
“ਕੈਸੀ ਤੇਰੀ ਮੱਤ ਲੋਕਾ, ਕੈਸੀ ਤੇਰੀ ਬੁੱਧ ਆ
ਭੁੱਖਿਆਂ ਲਈ ਮੁੱਕੀਆਂ ਤੇ ਪੱਥਰਾਂ ਨੂੰ ਦੁੱਧ ਆ
ਜੇ ਮੈਂ ਸੱਚ ਬਹੁਤਾ ਬੋਲਿਆ ਤਾਂ ਮੱਚ ਜਾਣਾ ਯੁੱਧ ਆ
ਗਰੀਬੜੇ ਦੀ ਛੋਹ ਮਾੜੀ ਗਊ ਦਾ ਮੂਤ ਸ਼ੁੱਧ ਆ।
ਚਲੋ ਮੰਨਿਆ ਬਈ ਤਕੜਾ ਏਂ, ਤੇਰਾ ਆਪਣਾ ਗਰੂਰ ਆ
ਜੇ ਮੈਂ ਮਾੜੇ ਘਰ ਜੰਮਿਆ ਤਾਂ ਮੇਰਾ ਕੀ ਕਸੂਰ ਆ!

ਗਾਤਰੇ ਜਨੇਊ ਤੇ ਕਰਾਸ ਗਲ ਪਾ ਲਏ
ਵਿਚਾਰ ਅਪਣਾਏ ਨਾ ਤੇ ਬਾਣੇ ਅਪਣਾ ਲਏ
ਚੌਧਰਾਂ ਦੇ ਭੁੱਖਿਆਂ ਅਸੂਲ ਸਾਰੇ ਖਾ ਲਏ…!”
ਮਾੜਾ ਕੀ ਐ ਇਸ ਗੀਤ ‘ਚ? ਸਾਡੇ ਬਾਬਾ ਨਾਮਦੇਵ, ਭਗਤ ਕਬੀਰ, ਸਾਡੇ ਰਹਿਬਰ ਬਾਬਾ ਰਵਿਦਾਸ ਨੇ ਵੀ ਤਾਂ ਇਹੋ ਕੁਝ ਕਿਹਾ ਸੀ। ਇਹ ਅਵਾਜ਼ ਤਾਂ ਸਦੀਆਂ ਤੋਂ ਉਠ ਰਹੀ ਐ! ਜੇ ਇੱਕ ਪਸੂ ਦੇ ਮੂਤਰ ਦਾ ਸੇਵਨ ਕੀਤਾ ਜਾ ਸਕਦੈ, ਜੇ ਉਸ ਪਸੂ ਦੀ ਪੂਜਾ ਕੀਤੀ ਜਾ ਸਕਦੀ ਐ ਤਾਂ ਇੱਕ ਖਾਸ ਵਰਗ ਦੇ ਲੋਕਾਂ ਦੀ ਛੋਹ ਮਾਤਰ ਨਾਲ ਤੁਸੀਂ ਅਪਵਿੱਤਰ ਕਿਵੇਂ ਹੋ ਸਕਦੇ ਓ? ਉਹ ਵੀ ਉਨ੍ਹਾਂ ਦੀ ਛੋਹ ਨਾਲ ਜੋ ‘ਮਾਂ’ ਕਹੀ ਜਾਂਦਾ ਗਾਂ ਦੀ ਦੇਖ-ਭਾਲ ਕਰਦੇ ਹਨ। ਉਨ੍ਹਾਂ ਦੇ ਹੱਥਾਂ ਦਾ ਚੋਇਆ ਹੋਇਆ ਦੁੱਧ ਤਾਂ ਤੁਸੀਂ ਮਜ਼ੇ ਨਾਲ ਪੀ ਜਾਂਦੇ ਓ! ਜੇ ਇਹ ਵਧੀਕੀ ਸਮਾਜ ‘ਚ ਨਹੀਂ ਹੈ ਤਾਂ ਗਾਇਕ-ਗੀਤਕਾਰ ਦੋਵੇਂ ਦੋਸ਼ੀ ਹਨ।
ਦੂਜੀ ਗੱਲ, ਇਹ ਗੀਤ ਕਿਸੇ ਵੀ ਧਰਮ ਦੇ ਵਿਰੁੱਧ ਹੈ ਈ ਨਹੀਂ! ਇਹ ਤਾਂ ਗਾਤਰਾ, ਜਨੇਊ ਤੇ ਕਰਾਸ ਪਾਈ ਫਿਰਦੇ ਬਹੁਰੂਪੀਆਂ ‘ਤੇ ਵਾਰ ਕਰਦੈ। ਇਹ ਗੀਤ ਤਾਂ ਬਾਣੇ ਦੀ ਥਾਂ ਬਾਣੀ ਦੀ ਗੱਲ ਕਰਦੈ! ਕਿਵੇਂ ਇਨਕਾਰ ਕਰੋਗੇ ਕਿ ਮੰਦਿਰਾਂ, ਗੁਰਦੁਆਰਿਆਂ, ਚਰਚਾਂ, ਮਸੀਤਾਂ ‘ਤੇ ਛਲ-ਕਪਟ ਦਾ ਰਾਜ ਨਹੀਂ ਹੈ? ਜੇ ਅਜਿਹਾ ਨਾ ਹੁੰਦਾ ਤਾਂ ਆਸਾਰਾਮ, ਸਿਰਸੇ ਵਾਲੇ ਗੁਰਮੀਤ ਜਿਹੇ ਜੇਲ੍ਹ ਦੀ ਹਵਾ ਨਾ ਖਾ ਰਹੇ ਹੁੰਦੇ। ਧੀ ਮਾਰਨ ਦੇ ਦੋਸ਼ ਹੇਠ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਨੂੰ ਸੀਖਾਂ ਨਾ ਦੇਖਣੀਆਂ ਪੈਂਦੀਆਂ!
ਕੋਈ ਵੀ ਦੇਸ਼ ਸਿਰਫ ਭਾਵਨਾਵਾਂ ਆਸਰੇ ਨਹੀਂ ਚਲ ਸਕਦਾ, ਉਸ ਨੂੰ ਚਲਾਉਣ ਲਈ ਇੱਕ ਸੰਵਿਧਾਨ ਹੁੰਦੈ। ਸਾਡੇ ਦੇਸ਼ ਦਾ ਵੀ ਇੱਕ ਸੰਵਿਧਾਨ ਹੈ ਤੇ ਇਹ ਸੰਵਿਧਾਨ ਬੋਲਣ-ਲਿਖਣ ਦੀ ਆਜ਼ਾਦੀ ਦਾ ਹੱਕ ਆਪਣੇ ਹਰ ਨਾਗਰਿਕ ਨੂੰ ਦਿੰਦੈ। ਬੀਰ-ਬਾਵਾ ਨੇ ਸਮਾਜ ਵਿਚਲੇ ਕੋਹੜ ਵੱਲ ਉਂਗਲ ਕੀਤੀ ਹੈ ਤੇ ਅਜਿਹਾ ਕਰਨਾ ਕੋਈ ਗੁਨਾਹ ਨਹੀਂ ਹੈ। ਬਿਮਾਰੀ ਦੇ ਇਲਾਜ ਲਈ ਉਸ ਦੀ ਸ਼ਨਾਖਤ ਤਾਂ ਬਹੁਤ ਜ਼ਰੂਰੀ ਐ। ਏਨੀ ਕੁ ਗੱਲ ਨਾਲ ਭਾਵਨਾਵਾਂ ਨੂੰ ਸੱਟ ਲੱਗ ਗਈ? ਜੇ ਭਾਵਨਾਵਾਂ ਏਨੀਆਂ ਈ ਕਮਜ਼ੋਰ ਹਨ ਤਾਂ ਉਨ੍ਹਾਂ ਨੂੰ ਹੁਣ ਤੱਕ ਤਾਂ ਮਰ-ਮੁੱਕ ਜਾਣਾ ਚਾਹੀਦਾ ਸੀ, ਕਿਉਂਕਿ ਦੇਸ਼ ‘ਤੇ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਦੇ ਆਗੂ ਸੰਗੀਤ ਸੋਮ ਦੀ ਕੰਪਨੀ ਬੀਫ ਐਕਸਪੋਰਟ ਕਰਨ ਵਾਲੀਆਂ ਕੰਪਨੀਆਂ ਦੀ ਮੋਹਰਲੀ ਕਤਾਰ ‘ਚ ਸ਼ਾਮਲ ਹੈ। ਇਨ੍ਹਾਂ ਭਾਵਨਾਵਾਂ ਨੇ ਆਪਣੇ ਆਗੂ ਦੇ ਕਾਰੋਬਾਰ ਨੂੰ ਸ਼ਾਇਦ ਨੱਕ ‘ਤੇ ਰੁਮਾਲ ਰੱਖ ਕੇ ਬਰਦਾਸ਼ਤ ਕਰ ਲਿਐ! ਭਾਵਨਾਵਾਂ ਦੇ ਵਪਾਰੀ ਏਨੇ ਸ਼ਾਤਿਰ ਹਨ ਕਿ ਇੱਕ ਮੁਕੱਦਮਾ ਕਰਕੇ ਹਿੰਦੂ ਧਰਮ ਦਾ ਠੇਕੇਦਾਰ ਬਣਦਾ ਹੈ ਤੇ ਦੂਜਾ ਆਪਣੀ ਝੰਡੀ ਉਚੀ ਕਰਨ ਲਈ ਬਾਵੇ ਦਾ ਮੂੰਹ ਕਾਲਾ ਕਰਨ ਵਾਲੇ ਨੂੰ ਇੱਕ ਲੱਖ ਰੁਪਈਏ ਦੇ ਇਨਾਮ ਦਾ ਐਲਾਨ ਕਰਦਾ ਹੈ।
ਪਹਿਲੀ ਗੱਲ ਇਹ ਕਿ ਇਹ ਆਗੂ ਇਨਾਮ ਦਾ ਐਲਾਨ ਈ ਕਿਉਂ ਕਰੇ? ਜੇ ਇਹ ‘ਨੇਕ ਕੰਮ’ ਕਰਕੇ ਉਸ ਦੀਆਂ ਜ਼ਖਮੀ ਭਾਵਨਾਵਾਂ ਨੂੰ ਠੰਡ ਪੈਂਦੀ ਐ ਤਾਂ ਉਹ ਆਪਣੇ ਹੱਥੀਂ ਕਿਉਂ ਨਹੀਂ ਕਰ ਲੈਂਦਾ? ਦੂਜਿਆਂ ਦੇ ਪੁੱਤਾਂ ਨੂੰ ਕਿਉਂ ਉਕਸਾ ਰਿਹੈ? ਦੂਜੀ ਗੱਲ ਇਹ ਕਿ ਕੋਈ ਕਾਨੂੰਨ ਦਾ ਰਾਜ ਹੈ ਵੀ ਕਿ ਨਹੀਂ? ਅਜਿਹੀਆਂ ਭੜਕਾਹਟਾਂ ਪੈਦਾ ਕਰਨ ਵਾਲੇ ਵਿਰੁੱਧ ਪੰਜਾਬ ਸਰਕਾਰ ਕੇਸ ਕਿਉਂ ਨਹੀਂ ਦਰਜ ਕਰਦੀ? ਜੇ ਪੰਜਾਬ ਸਰਕਾਰ ਇਹ ਫਰਜ਼ ਨਹੀਂ ਨਿਭਾਉਂਦੀ ਤਾਂ ਸੂਬੇ ਦੀ ਹਾਈ ਕੋਰਟ ਇਸ ਭੜਕਾਹਟ ਦਾ ਖੁਦ ਨੋਟਿਸ ਲੈ ਕੇ ਕਿਉਂ ਨਹੀਂ ਮੁਕੱਦਮਾ ਚਲਾਉਂਦੀ?
ਵੈਸੇ ਇਨ੍ਹਾਂ ਭਗਵੇਂ ਸਿਪਾਹ-ਸਾਲਾਰਾਂ ਨੂੰ ਇੱਕ ਹੋਰ ਸ਼ਖਸ ਦਾ ਮੂੰਹ ਵੀ ਲੱਗੇ ਹੱਥ ਕਾਲਾ ਕਰ ਈ ਦੇਣਾ ਚਾਹੀਦੈ। ਉਹ ਸ਼ਖਸ ਹੈ ਪਾਰੇਸ਼ ਰਾਵਲ, ਅਹਿਮਦਾਬਾਦ ਤੋਂ ਭਾਰਤੀ ਜਨਤਾ ਪਾਰਟੀ ਦਾ ਲੋਕ ਸਭਾ ਮੈਂਬਰ। ਪਾਰੇਸ਼ ਰਾਵਲ ਇੱਕ ਕਮਾਲ ਦਾ ਅਦਾਕਾਰ ਹੈ। ਉਸ ਦੀ ਫਿਲਮ ‘ਓ ਮਾਈ ਗਾਡ’ ਦੇਖਣ ਵਾਲੀ ਹੈ। ਉਸ ਦਾ ਇੱਕ ਡਾਇਲਾਗ ਹੈ, “ਜਹਾਂ ਧਰਮ ਹੈ ਵਹਾਂ ਸੱਤਿਆ ਕੇ ਲੀਏ ਜਗ੍ਹਾ ਨਹੀਂ ਹੈ, ਔਰ ਜਹਾਂ ਸੱਤਿਆ ਹੈ ਵਹਾਂ ਧਰਮ ਕੀ ਜ਼ਰੂਰਤ ਹੀ ਨਹੀਂ ਹੈ।” ਇਸੇ ਫਿਲਮ ‘ਚ ਹੀ ਪਾਰੇਸ਼ ਰਾਵਲ ਕਹਿੰਦਾ ਹੈ, “ਮੰਦਿਰ ਮੇਂ ਆਨੇ ਵਾਲਾ ਏਕ ਏਕ ਸ਼ਖਸ ਵੋ ਪੱਥਰ ਪੇ ਦੂਧ ਡਾਲਨੇ ਕੀ ਬਜਾਇ ਕਿਸੀ ਗਰੀਬ ਕੇ ਪੇਟ ਮੇਂ ਡਾਲੇ ਤੋ ਸਬ ਸੇ ਬੜਾ ਪੁੰਨਿਆ ਮਿਲੇਗਾ।” ਇਹ ਡਾਇਲਾਗ ਤਾਂ ਇਸ ਗਾਣੇ ਨਾਲੋਂ ਵੀ ਜ਼ਿਆਦਾ ਤਿੱਖੇ ਹਨ। ਪਰ ਨਹੀਂ ਹੁਣ ਕਿਉਂਕਿ ਪਾਰੇਸ਼ ਰਾਵਲ ਉਨ੍ਹਾਂ ਦਾ ਆਪਣਾ ਹੋ ਗਿਐ, ਉਹ ਅਜਿਹਾ ਨਹੀਂ ਕਰਨਗੇ।
ਕਿਹਾ ਜਾ ਰਿਹੈ ਕਿ ਬਾਵਾ ਨੇ ਮੁਆਫੀ ਮੰਗ ਲਈ ਐ! ਇਹ ਮੁਆਫੀ ਉਨ੍ਹਾਂ ਲਈ ਖਬਰ ਹੋ ਸਕਦੀ ਹੈ, ਜਿੰਨ੍ਹਾਂ ਦਾ ਕੰਮ ਸਿਰਫ ਅੱਖਾਂ ਮੀਟ ਕੇ ਕੱਛਾਂ ਵਜਾਉਣਾ ਹੁੰਦੈ, ਇਹ ਮੁਆਫੀ ਉਨ੍ਹਾਂ ਨੂੰ ਅਨੰਦ ਦੇ ਸਕਦੀ ਹੈ, ਜੋ ਵਿਆਹਾਂ ‘ਚ ਡੀ. ਜੇ. ‘ਤੇ ਚਲ ਰਹੇ ‘ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ, ਤੇਰੇ ‘ਚ ਤੇਰਾ ਯਾਰ ਬੋਲਦਾ’ ਗਾਣੇ ਦੀ ਧੁਨ ‘ਤੇ ਆਪਣੀ ਹੀ ਧੀ-ਭੈਣ ਵੱਲ ਇਸ਼ਾਰੇ ਕਰ ਕਰ ਕੇ ਨੱਚ ਸਕਦੇ ਹਨ, ਪਰ ਹਨੇਰਿਆਂ ਨੂੰ ਵੰਗਾਰ ਸਕਣ ਦਾ ਹੌਸਲਾ ਰੱਖਣ ਵਾਲਿਆਂ ਨੂੰ ਇਸੇ ਗੱਲ ਦਾ ਫਖਰ ਐ ਕਿ ਉਨ੍ਹਾਂ ਦੇ ਖਿਆਲਾਂ ਦੀ ਰੌਸ਼ਨੀ ਲਈ ਉਨ੍ਹਾਂ ਨੂੰ ਇੱਕ ਅਜਿਹਾ ਗੀਤ ਮਿਲ ਗਿਆ ਹੈ, ਜਿਸ ਨੇ ਮਜ਼ਹਬੀ ਜਨੂੰਨੀਆਂ ‘ਚ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ ਤੇ ਬੀਰ-ਬਾਵਾ ਦੀ ਜੋੜੀ ਇਸ ਲਈ ਵਧਾਈ ਦੀ ਹੱਕਦਾਰ ਐ। ਸਮਾਂ ਮੰਗ ਕਰਦੈ ਕਿ ਇਸ ਜੋੜੀ ਦੇ ਸਮਰਥਨ ‘ਚ ਖੁੱਲ੍ਹ ਕੇ ਮੈਦਾਨ ‘ਚ ਆਇਆ ਜਾਵੇ।
ਤੁਹਾਡੀਆਂ ਅੱਖਾਂ ਸਾਹਮਣੇ ਜੇ ਕਿਸੇ ਨਿਮਾਣੇ-ਨਿਤਾਣੇ ਨਾਲ ਵਧੀਕੀ ਹੋ ਰਹੀ ਹੋਵੇ ਤਾਂ ਤੁਸੀਂ ਉਸ ਵਕਤ ਚੁੱਪ ਵੱਟ ਲਓ ਤੇ ਬਾਅਦ ‘ਚ ਉਸ ਵਧੀਕੀ ਜਿਹੇ ਗੁਨਾਹਾਂ, ਜ਼ੁਲਮਾਂ ਬਾਰੇ ਪਰ੍ਹਿਆ ‘ਚ ਜਾਂ ਸਟੇਜਾਂ ਤੋਂ ਪ੍ਰਵਚਨ ਸੁਣਾਓ ਤਾਂ ਤੁਹਾਡੇ ਤੋਂ ਵੱਡਾ ਅਪਰਾਧੀ ਕੋਈ ਹੋ ਈ ਨਹੀਂ ਸਕਦਾ! ਤੁਹਾਡੇ ਸਾਹਮਣੇ ਸੱਚ ਦੀ ਅਵਾਜ਼ ਦਾ ਗਲਾ ਘੁੱਟਿਆ ਜਾ ਰਿਹਾ ਹੋਵੇ ਤੇ ਤੁਸੀਂ ਚੁੱਪ ਰਹੋ ਤਾਂ ਤੁਸੀਂ ਵੀ ਕਾਤਲਾਂ ਦੀ ਕਤਾਰ ‘ਚ ਈ ਖੜੇ ਕੀਤੇ ਜਾਓਗੇ। ਜ਼ਰਾ ਕੁ ਅੰਦਰ ਝਾਤੀ ਮਾਰੋਗੇ ਤਾਂ ਤੁਹਾਡੇ ਅੰਦਰਲਾ ਈ ਤੁਹਾਨੂੰ ਲਾਹਣਤਾਂ ਪਾਵੇਗਾ ਕਿ ਜੇ ਤੂੰ ਉਸ ਵਕਤ ਜ਼ੁਬਾਨ ਖੋਲ੍ਹ ਲੈਂਦਾ, ਜੇ ਤੂੰ ਨਿਮਾਣੇ-ਨਿਤਾਣੇ ਦੇ ਹੱਕ ਵਿਚ ਹਾਅ ਦਾ ਨਾਅਰਾ ਸਮੇਂ ਸਿਰ ਮਾਰਿਆ ਹੁੰਦਾ ਤਾਂ ਜ਼ੁਲਮਾਂ ਦੀ ਲੜੀ ਨਹੀਂ ਸੀ ਲੱਗਣੀ! ਜ਼ਰਾ ਅੰਦਰ ਝਾਤ ਮਾਰ ਕੇ ਸੋਚਣਾ ਕਿ ਜੇ ‘ਕੰਮੀ-ਕਮੀਣ’ ਜਿਹੇ ਨਫਰਤੀ ਲਫਜ਼ ਅੱਜ ਵੀ ਕੰਨੀਂ ਪੈ ਜਾਂਦੇ ਹਨ ਤਾਂ ਗੁਨਾਹਗਾਰ ਕੌਣ ਐ? ਹਾਂ, ਅਸੀਂ ਹਾਂ ਗੁਨਾਹਗਾਰ! ਕੋਈ ਸ਼ੱਕ ਨਹੀਂ, ਕਿਉਂਕਿ ਅਸੀਂ ਵੇਲੇ ਸਿਰ ਬੋਲੇ ਈ ਨਹੀਂ!
ਜ਼ਰਾ ਵਿਚਾਰਿਓ ਤਾਂ ਸਹੀ ਕਿ ਸਾਡੀ ਆਪਣੀ ਹੀ ਚੁੱਪ ਨੇ ਸਾਡਾ ਕਿੰਨਾ ਨੁਕਸਾਨ ਕਰਕੇ ਰੱਖ ਦਿੱਤੈ। ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਦੇ ਨਾਂ ਹੇਠ ਜ਼ੁਬਾਨਬੰਦੀ ਦਾ ਹਥਿਆਰ ਇਸੇ ਚੁੱਪ ਦਾ ਹੀ ਨਤੀਜਾ ਹੈ। ਭਾਰਤੀ ਦੰਡਾਵਲੀ ਦੀ ਧਾਰਾ 295-ਏ ਬਰਤਾਨਵੀ ਸਾਮਰਾਜ ਦੀ ਗੁਲਾਮੀ ਵੇਲੇ ਦੀ ਦੇਣ ਹੈ। ਉਦੋਂ ਇਸ ਦਾ ਮਕਸਦ ਕੌਮੀ ਮੁਕਤੀ ਲਹਿਰ ਨੂੰ ਕਮਜ਼ੋਰ ਕਰਨ ਲਈ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅਧੀਨ ਫਿਰਕੂ ਵੰਡ ਨੂੰ ਪੱਕਾ ਕਰਨਾ ਸੀ। ਆਜ਼ਾਦੀ ਤੋਂ ਬਾਅਦ ਚਾਹੀਦਾ ਤਾਂ ਇਹ ਸੀ ਕਿ ਇਸ ਕਾਨੂੰਨ ਨੂੰ ਰੱਦ ਕੀਤਾ ਜਾਂਦਾ, ਪਰ ਸਾਡੇ ਆਪਣੇ ਹੁਕਮਰਾਨਾਂ ਨੇ ਇਸ ਨੂੰ ਹੋਰ ਵੀ ਸਖਤ ਕਰ ਦਿੱਤਾ। ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਕਾਨੂੰਨ ਅਧੀਨ ਸਜ਼ਾ ਇੱਕ ਸਾਲ ਦੀ ਕੈਦ ਸੀ, ਜੋ ਬਾਅਦ ‘ਚ ਵਧਾ ਕੇ ਦੋ ਸਾਲ ਕਰ ਦਿੱਤੀ ਗਈ। ਮਾਮਲਾ ਇੱਥੇ ਹੀ ਨਹੀਂ ਰੁਕਿਆ, ਅਕਾਲੀ-ਕਾਂਗਰਸੀ ਹਾਕਮਾਂ ਨੇ ਕੁਝ ਖਾਸ ਹਾਲਾਤ ‘ਚ ਇਹ ਸਜ਼ਾ ਵਧਾ ਕੇ 10 ਸਾਲ ਕਰ ਦਿੱਤੀ ਹੋਈ ਐ। ਕਾਰਨ? ਕਿਉਂਕਿ ਅਸੀਂ ਚੁੱਪ ਰਹੇ! ਸਾਡੀ ਚੁੱਪ ਹੀ ਹੈ ਕਿ ਉਹ ਸਾਨੂੰ ਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੇ ਨਾਂ ‘ਤੇ, ਕਦੇ ਗੁਟਕੇ ਦੀ ਸਹੁੰ ਦਾ ਅਡੰਬਰ ਰਚ ਕੇ ਗੁੰਮਰਾਹ ਕਰ ਜਾਂਦੇ ਹਨ।
ਇਹ ਸਾਰੀ ਖੇਡ ਬਹੁਤ ਈ ਖਤਰਨਾਕ ਹੈ, ਜਿਸ ਦੀ ਸਾਨੂੰ ਆਮ ਲੋਕਾਂ ਨੂੰ ਛੇਤੀ ਕੀਤਿਆਂ ਸਮਝ ਈ ਨਹੀਂ ਪੈਂਦੀ। ਬਰਤਾਨਵੀ ਹੁਕਮਰਾਨਾਂ ਦਾ ਮਕਸਦ ਜੇ ਕੌਮੀ ਮੁਕਤੀ ਲਹਿਰ ਨੂੰ ਕਮਜ਼ੋਰ ਕਰਨਾ ਸੀ ਤਾਂ ‘ਸਾਡੇ ਆਪਣਿਆਂ’ ਦਾ ਮਕਸਦ ਉਨ੍ਹਾਂ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਵਾਲੇ ਤਰਕਸ਼ੀਲ, ਫਿਰਕਾ ਰਹਿਤ ਸੁਚੱਜੇ ਸਮਾਜਕ ਵਿਹਾਰ ਨੂੰ ਉਭਰਨੋਂ ਰੋਕਣਾ ਅਤੇ ਮੌਜੂਦਾ ਪ੍ਰਬੰਧ ਨੂੰ ਮਜ਼ਬੂਤੀ ਬਖਸ਼ਣ ਵਾਲੇ ਪਖੰਡੀ, ਢੋਂਗੀ ਬਾਬਿਆਂ-ਡੇਰਿਆਂ ਵੱਲੋਂ ਲੋਕਾਂ ਨੂੰ ਮਾਨਸਿਕ ਗੁਲਾਮ ਬਣਾ ਕੇ ਉਨ੍ਹਾਂ ਦੀ ਕੀਤੀ ਜਾਂਦੀ ਲੁੱਟ ਖਿਲਾਫ ਬੋਲਣ ਦੀ ਜੁਰਅਤ ਰੱਖਣ ਵਾਲਿਆਂ ਦੀ ਜ਼ੁਬਾਨਬੰਦੀ ਐ। ਭੁੱਲੇ ਤਾਂ ਸ਼ਾਇਦ ਨਹੀਂ ਹੋਵੋਗੇ, ਫਿਰ ਵੀ ਯਾਦ ਕਰਵਾਉਣਾ ਬਣਦੈ ਕਿ ਇਸ ਹਥਿਆਰ ਦੀ ਵਰਤੋਂ ਉਘੇ ਕਵੀ ਸੁਰਜੀਤ ਗੱਗ, ਨਾਮੀ ਲੇਖਕ ਬਲਦੇਵ ਸਿੰਘ ਸੜਕਨਾਮਾ ਖਿਲਾਫ ਹਾਲ ਹੀ ‘ਚ ਹੋ ਚੁਕੀ ਐ। ਤਰਕਸ਼ੀਲ ਆਗੂ ਮੇਘ ਰਾਜ ਮਿੱਤਰ, ਅਮਿੱਤ ਮਿੱਤਰ, ਵਰਿੰਦਰ ਦੀਵਾਨਾ ਵੀ ਇਸ ਦੇ ਸ਼ਿਕਾਰਾਂ ਦੀ ਕਤਾਰ ਵਿਚ ਹਨ।
ਕਿਹਾ ਜਾਂਦੈ ਕਿ ਸੰਗੀਤ ਰੂਹ ਨੂੰ ਸਕੂਨ ਦਿੰਦੈ। ਜ਼ਿਆਦਾਤਰ ਗੀਤ ਅਜਿਹੇ ਹੀ ਹੁੰਦੇ ਹਨ, ਜੋ ਪਲ ਭਰ ਦਾ ਅਨੰਦ ਦਿੰਦੇ ਹਨ ਤੇ ਫਿਰ ਵਿਸਰ ਜਾਂਦੇ ਹਨ। ਵਿਰਲੇ ਈ ਹੁੰਦੇ ਹਨ, ਜੋ ਲੰਮਾ ਸਮਾਂ ਤੁਹਾਡੇ ਜ਼ਿਹਨ ‘ਤੇ ਛਾਏ ਰਹਿੰਦੇ ਹਨ, ਤੁਹਾਡਾ ਸਕੂਨ ਖੋਹ ਲੈਂਦੇ ਹਨ, ਤੁਹਾਨੂੰ ਪ੍ਰੇਸ਼ਾਨ ਕਰ ਦਿੰਦੇ ਹਨ। ਇਹ ਉਹ ਗੀਤ ਹੁੰਦੇ ਹਨ, ਜਿਨ੍ਹਾਂ ‘ਚ ਕੋਈ ਵਿਚਾਰ ਹੁੰਦਾ ਹੈ ਤੇ ਵਿਚਾਰ ਕਦੇ ਛੇਤੀ ਕੀਤੇ ਦਮ ਨਹੀਂ ਤੋੜਦਾ! ਇਹ ਗੀਤ ਵੀ ਅਜਿਹਾ ਹੀ ਹੈ। ਇਹ ਵੀ ਉਨ੍ਹਾਂ ਕਿਰਤਾਂ ਵਿਚ ਜਾ ਸ਼ਾਮਲ ਹੋਇਐ, ਜਿਨ੍ਹਾਂ ਦੀ ਲੋਅ ਓਨੀ ਦੇਰ ਕਾਇਮ ਰਹੇਗੀ, ਜਿੰਨੀ ਦੇਰ ਗੈਰ-ਬਰਾਬਰੀ ਦੀ ਦਲਦਲ ਦਾ ਖਾਤਮਾ ਕਰਕੇ ‘ਬੇਗਮਪੁਰੇ ਦੀ ਸਿਰਜਣਾ’ ਨਹੀਂ ਹੋ ਜਾਂਦੀ!
ਮਾੜੇ ਗੀਤਾਂ, ਗਾਇਕਾਂ ਦੀ ਭੰਡੀ ਤਾਂ ਬਹੁਤ ਹੁੰਦੀ ਐ, ਪਰ ਉਸ ਦੇ ਬਰਾਬਰ ਈ ਚੰਗੇ ਗੀਤਕਾਰਾਂ-ਗਾਇਕਾਂ ਨੂੰ ਹੱਲਾਸ਼ੇਰੀ ਦੇਣਾ ਬੇਹੱਦ ਜ਼ਰੂਰੀ ਹੋ ਜਾਂਦੈ! ਆਓ, ਪੂਰਾ ਪੰਜਾਬ ਇੱਕਮੁੱਠ ਹੋ ਕੇ ਬੀਰ-ਬਾਵੇ ਦੀ ਜੋੜੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੋਈਏ!
ਅਜਿਹੇ ਗੀਤ ਮੁਕੱਦਮਿਆਂ-ਮੁਆਫੀਆਂ ਤੋਂ ਉਪਰ ਉਠ ਜਾਂਦੇ ਹਨ! ਇਨ੍ਹਾਂ ਗੀਤਾਂ ਨੇ ਤਾਂ ਨਾਬਰੀ ਦੀ ਅਵਾਜ਼ ਨੂੰ ਜਰਜਰ ਹੋ ਚੁਕੇ ਇਸ ਨਿਜ਼ਾਮ ਲਈ ਕੰਨਪਾੜਵੀਂ ਦਹਾੜ ਵਿਚ ਬਦਲਨਾ ਹੈ! ਇਨ੍ਹਾਂ ਗੀਤਾਂ ਨੇ ਤਾਂ ਹਵਾਵਾਂ ‘ਚ ਬਾਗੀਆਨਾ ਮਹਿਕ ਘੋਲਣੀ ਹੈ ਤੇ ਹਵਾਵਾਂ ਦੀ ਬਗਾਵਤ ਨੂੰ ਕੋਈ ਰੋਕ ਸਕਿਐ ਭਲਾ? ਇਹ ਗੀਤ ਤਾਂ ਅੱਥਰੇ ਫੁੱਲ ਹਨ, ਜਿਨ੍ਹਾਂ ਦੀ ਖੁਸ਼ਬੂ ਕਿਸੇ ਵੀ ਸੀਮਾ, ਕਿਸੇ ਵੀ ਬੰਦਿਸ਼ ਤੋਂ ਨਾਬਰ ਹੋ ਜਾਂਦੀ ਐ ਤੇ ਉਹ ਖੁਸ਼ਬੂ ਵੀ ਕੀ ਹੋਈ, ਜੋ ਕਿਸੇ ਦੀ ਗੁਲਾਮ ਹੋ ਜਾਵੇ?
ਇਹ ਸਦੀਆਂ ਤੋਂ ਦੱਬੇ ਕੁਚਲੇ ਜਾ ਰਹੇ ਲੋਕਾਂ ਦੀ ਪਰ੍ਹਿਆ ‘ਚੋਂ ਉਠਿਆ ਸੁਆਲ ਹੈ ਤੇ ਪਰ੍ਹਿਆ ‘ਚੋਂ ਉਠਿਆ ਸੁਆਲ ਕਦੇ ਖਤਮ ਨਹੀਂ ਹੁੰਦਾ, ਉਹ ਤਾਂ ਜੁਆਬ ਹਾਸਲ ਕਰਕੇ ਈ ਦਮ ਲੈਂਦੈ! ਆਓ, ਮਾੜੇ ਨੂੰ ਮਾੜਾ ਕਹੀਏ ਤੇ ਚੰਗਾ ਕਰਨ ਵਾਲਿਆਂ ਨੂੰ ਇਕੱਲਾ ਨਾ ਛੱਡੀਏ! ਇੱਕ ਅਵਾਜ਼ ‘ਚ ਆਖੀਏ, “ਬਾਵਾ-ਬੀਰ ਸਿੰਹਾਂ, ਘਬਰਾਉਣਾ ਨਹੀਂ ਸ਼ੇਰੋ! ਅਸੀਂ ‘ਰਾਜੇ ਸ਼ੀਂਹ ਮੁਕੱਦਮ ਕੁੱਤੇ’ ਕਹਿਣ ਦਾ ਮਾਦਾ ਰੱਖਣ ਵਾਲੇ ਬਾਬੇ ਦੀ ਔਲਾਦ, ਤੁਹਾਡੇ ਨਾਲ ਹਾਂ!” ਤੇ ਇਹ ਅਵਾਜ਼ ਓਨੀ ਦੇਰ ਬੰਦ ਨਹੀਂ ਹੋਣੀ ਚਾਹੀਦੀ, ਜਿੰਨੀ ਦੇਰ ਤੱਕ ਜ਼ੁਬਾਨਬੰਦੀ ਵਾਲਾ ਇਹ ਕਾਨੂੰਨ (ਧਾਰਾ 295-ਏ), ਇਹ ਹਥਿਆਰ ਨਸ਼ਟ ਨਹੀਂ ਹੁੰਦਾ!