ਮੰਨੈ ਮਾਰਗਿ ਠਾਕ ਨ ਪਾਇ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਗੁਰੂ ਨਾਨਕ ਦੇਵ ਦੀ ਮਹਾਨਤਾ ਦੱਸਣ ਲਈ ਕਈ ਨਵੇਂ ਪੁਰਾਣੇ ਵਿਦਵਾਨ ਤੇ ਸਾਖੀਕਾਰ ਤਰ੍ਹਾਂ ਤਰ੍ਹਾਂ ਦੀਆਂ ਚਮਤਕਾਰੀ ਕਹਾਣੀਆਂ ਲਿਖਦੇ ਹਨ। ਅੱਗੋਂ ਸਿੱਖ ਪੁਜਾਰੀ ਤੇ ਪ੍ਰਚਾਰਕ ਇਨ੍ਹਾਂ ਨੂੰ ਵਿਸਥਾਰ ਨਾਲ ਸੁਣਾਉਂਦੇ ਹਨ। ਉਹ ਗੁਰੂ ਸਾਹਿਬ ਨੂੰ ਇੰਨੀਆਂ ਗੈਬੀ ਸ਼ਕਤੀਆਂ ਨਾਲ ਲੈਸ ਕਰ ਦਿੰਦੇ ਹਨ, ਜਿੰਨੀਆਂ ਹਿੰਦੂ ਅਵਤਾਰਾਂ, ਨਾਥ-ਜੋਗੀਏ ਸਿੱਧਾਂ ਤੇ ਇਸਲਾਮੀ ਪੀਰਾਂ ਫਕੀਰਾਂ ਵਿਚੋਂ ਕਿਸੇ ਕੋਲ ਨਾ ਹੋਣ; ਪਰ ਉਨ੍ਹਾਂ ਨੂੰ ਮਹਾਨ ਸਿੱਧ ਕਰਨ ਲਈ ਤਲਿਸਮੀ ਕਥਾਵਾਂ ਦਾ ਸਹਾਰਾ ਲੈਣ ਦੀ ਲੋੜ ਨਹੀਂ ਹੈ।

ਕਿਸੇ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਉਨ੍ਹਾਂ ਮੱਕਾ ਫੇਰ ਦਿੱਤਾ ਸੀ ਜਾਂ ਕੋਧਰੇ ਦੀ ਰੋਟੀ ਵਿਚੋਂ ਦੁੱਧ ਤੇ ਸ਼ਾਹੀ ਪਕਵਾਨਾਂ ਵਿਚੋਂ ਲਹੂ ਵਗਾ ਕੇ ਦਿਖਾਇਆ ਸੀ। ਆਖਰ ਰੂਪਕ (ੰਮਿਲਿeਸ) ਤੇ ਅਲੰਕਾਰ (ੰeਟਅਪਹੋਰਸ) ਵੀ ਤਾਂ ਕੋਈ ਚੀਜ਼ ਹੁੰਦੇ ਹਨ। ਸੱਪ ਦੀ ਛਾਂ ਵਾਲੀ ਗੱਲ ਵੀ ਢੁਕਦੀ ਨਹੀਂ। ਜੇ ਜਾਨਵਰਾਂ ਨੂੰ ਧੁੱਪ-ਛਾਂ ਕਰਨ ਦੀ ਸੁੱਧ ਹੁੰਦੀ ਤਾਂ ਉਹ ਮੱਝ, ਜਿਸ ਨੂੰ ਗੁਰੂ ਸਾਹਿਬ ਚਰਾਉਣ ਗਏ ਸਨ, ਸੱਪ ਤੋਂ ਵਧੇਰੇ ਵੱਡੀ ਛਾਂ ਕਰ ਸਕਦੀ ਸੀ। ਇਹ ਵੀ ਕਹਿਣ ਦੀ ਲੋੜ ਨਹੀਂ ਕਿ ਉਨ੍ਹਾਂ ਨੇ ਕੌੜੇ ਰੀਠੇ ਮਿੱਠੇ ਕਰ ਦਿੱਤੇ ਤੇ ਅੱਡੀ ਮਾਰ ਕੇ ਝਰਨਾ ਵਹਾ ਦਿੱਤਾ। ਗੁਰੂ ਸਾਹਿਬ ਕੁਦਰਤ ਦੇ ਨਿਯਮਾਂ ਨੂੰ ਸਮਝਣ ਤੇ ਸਮਝਾਉਣ ਲਈ ਆਏ ਸਨ, ਨਾ ਕਿ ਇਨ੍ਹਾਂ ਨੂੰ ਤੋੜ ਕੇ ਪਰਿਹਾਸ ਕਰਨ ਲਈ। ਵੇਈਂ ਵਿਚ ਟੁੱਭੀ ਮਾਰ ਕੇ ਕਈ ਦਿਨ ਬਾਹਰ ਨਾ ਆਉਣ ਅਤੇ ਹਵਾ ‘ਤੇ ਸਵਾਰ ਹੋ ਕੇ ਉਦਾਸੀਆਂ ਕਰਨ ਜਿਹੀਆਂ ਮਿੱਥਕਾਰੀ ਗੱਲਾਂ ਵੀ ਉਹ ਇਕ ਪਾਸੇ ਰੱਖ ਲੈਣ, ਇਹ ਕਿਸੇ ਨਾਥ ਜੋਗੀ, ਸਿੱਧ ਪੁਰਖ ਜਾਂ ਪੀਰ ਪੈਗੰਬਰ ਦੀ ਮਹਿਮਾ ਲਈ ਕੰਮ ਆ ਜਾਣਗੀਆਂ। ਇਨ੍ਹਾਂ ਵਿਚੋਂ ਇਕ ਵੀ ਉਨ੍ਹਾਂ ਦੀ ਸ਼ੋਭਾ ਵਿਚ ਕੰਮ ਨਹੀਂ ਆਵੇਗੀ। ਜੇ ਸੱਚ ਸਮਝੋ ਤਾਂ ਅਜਿਹੇ ਜਾਦੂਗਰੀ ਪਲੇਥਣਾਂ ਨਾਲ ਤਾਂ ਉਸ ਮਹਾਪੁਰਸ਼ ਦੀ ਸ਼ੋਭਾ ਵਧਣ ਦੀ ਥਾਂ ਘਟੇਗੀ; ਪਰ ਕਿਉਂ?
ਕਿਉਂਕਿ ਜਮਾਨੇ ਦੀ ਹਵਾ ਤੇਜੀ ਨਾਲ ਬਦਲ ਰਹੀ ਹੈ। ਜਿਨ੍ਹਾਂ ਲੋਕਾਂ ਨੂੰ ਇਹ ਸੁਣਾਉਣੀਆਂ ਹਨ, ਉਨ੍ਹਾਂ ਦਾ ਮਿਜ਼ਾਜ਼ ਪਹਿਲਾਂ ਜਿਹਾ ਨਹੀਂ ਰਿਹਾ। ਉਹ ਹੁਣ ਸੱਚ ਦੀ ਕਦਰ ਕਰਨ ਲੱਗ ਪਏ ਹਨ ਤੇ ਸੱਚ ਜਾਣਨਾ ਚਾਹੁੰਦੇ ਹਨ। ਉਹ ਤਰਕ ਦੇ ਰਸਤੇ ਪਏ ਹਨ ਤੇ ਸਵਾਲ ਕਰਨ ਲੱਗੇ ਹਨ। ਅਨਪੜ੍ਹਤਾ ਤੇ ਅੰਧਵਿਸ਼ਵਾਸ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਹਨ। ਸਿਖਿਆ ਪ੍ਰਸਾਰ ਮੰਦ ਹੀ ਸਹੀ, ਪਰ ਜਾਣਕਾਰੀਆਂ ਹੁਣ ਆਲੇ ਦੁਆਲਿਓਂ ਆਉਣ ਲੱਗੀਆਂ ਹਨ। ਸਾਹਿਤ ਤੋਂ ਦੂਰੀ ਸਹੀ, ਪਰ ਮੀਡੀਆ ਸਭ ਦੇ ਕੰਨੀਂ ਭਿਣਭਿਣਾ ਰਿਹਾ ਹੈ। ਵਿਵੇਕ ਦੇ ਹੜ੍ਹ ਨਾਲ ਅਗਿਆਨ ਦੇ ਸਭ ਟੋਏ ਟੋਭੇ ਭਰਨ ਲੱਗੇ ਹਨ। ਦਿਮਾਗ ਦੀ ਵਰਤੋਂ ਹੋਣ ਲੱਗੀ ਹੈ ਤੇ ਸੰਵਾਦ ਦਾ ਰਸ ਸਭ ਨੂੰ ਆਉਣ ਲੱਗਾ ਹੈ। ਰੁੱਤ ਬਦਲਣ ਨਾਲ ਪਛੇਤੇ ਪੌਦਿਆਂ ਨੂੰ ਵੀ ਬੂਰ ਪੈ ਜਾਂਦਾ ਹੈ, ਸੋ ਪੈ ਰਿਹਾ ਹੈ। ਉਹ ਦਿਨ ਦੂਰ ਨਹੀਂ, ਜਦੋਂ ਕਰਾਮਾਤ ਨੂੰ ਤਰਕ ਲਤਾੜੇਗਾ ਤੇ ਦਲੀਲ ਅਲੌਕਿਕਤਾ ਨੂੰ ਪਛਾੜੇਗੀ। ਕਦਮ ਕਦਮ ‘ਤੇ ਪੁੱਛ ਪੜਤਾਲ ਦੇ ਨਾਕੇ ਲੱਗੇ ਹੋਣਗੇ ਤੇ ਸਵਾਲਾਂ ਦੇ ਘੇਰੇ ਮਜਬੂਤ ਹੋਏ ਹੋਣਗੇ। ਬੇ-ਤੁਕੇ ਕਲਾਮ ਤੇ ਹਵਾਈ ਗੁੱਲੇ ਸ਼ਰਮਸਾਰ ਹੋਣਗੇ। ਸਭਨੀ ਥਾਂਈਂ ਅਕਲ-ਵਿਚਾਰ ਦਾ ਬੋਲਬਾਲਾ ਹੋਵੇਗਾ। ਵਾਦ-ਸੰਵਾਦ ਵਿਚ ਮਾਣ ਇੱਜਤ ਨਾਲ ਉਹੀ ਪਾਰ ਲੰਘ ਸਕੇਗਾ, ਜਿਸ ਕੋਲ ਤਰਕ ਪ੍ਰਮਾਣ ਅਤੇ ਬੌਧਿਕ ਸੂਝ ਬੂਝ ਦਾ ਪਾਸ ਹੋਵੇਗਾ। ਮਨਨ ਦੇ ਮਾਰਗ ‘ਤੇ ਚਲਣ ਵਾਲਿਆਂ ਨੂੰ ਕੋਈ ਰੁਕਾਵਟ ਨਹੀਂ ਪਵੇਗੀ, ਉਹ ਸਵੈ-ਸਨਮਾਨ ਨਾਲ ਧੌਣ ਉਚੀ ਕਰ ਕੇ ਲੰਘ ਸਕਣਗੇ। ਇਹੀ ਤਾਂ ਅਰਥ ਹੈ, ਗੁਰੂ ਸਾਹਿਬ ਦੀਆਂ ਇਨ੍ਹਾਂ ਦੋ ਪੰਕਤੀਆਂ ਦਾ, “ਮੰਨੈ ਮਾਰਗਿ ਠਾਕ ਨ ਪਾਇ॥ ਮੰਨੈ ਪਤਿ ਸਿਉ ਪਰਗਟੁ ਜਾਇ॥”
ਪਰ ਸਦੀਆਂ ਪੁਰਾਣੇ ਅੰਧ-ਵਿਸ਼ਵਾਸੀ ਚਮਤਕਾਰਾਂ ਤੇ ਕਰਾਮਾਤੀ ਅਲੰਕਾਰਾਂ ਦੇ ਹਨਨ ਨਾਲ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਨਿਰਾਸ਼ ਨਾ ਹੋਣ। ਉਹ ਇਹ ਨਾ ਸੋਚਣ ਕਿ ਉਹ ਹੁਣ ਜਗਤ ਨੂੰ ਕੀ ਮੂੰਹ ਦਿਖਾਉਣਗੇ ਤੇ ਕਿੰਜ ਦੱਸਣਗੇ ਕਿ ਗੁਰੂ ਨਾਨਕ ਕਲਯੁਗ ਦਾ ਸਭ ਤੋਂ ਵੱਡਾ ਅਵਤਾਰ ਸੀ। ਉਹ ਇਹ ਸਭ ਬਨਾਉਟੀ ਗੱਲਾਂ ਛੱਡਣ ਤੇ ਇਕ ਕਾਗਜ਼ ਕਲਮ ਲੈ ਕੇ 15ਵੀਂ ਸਦੀ ਵਿਚ ਉਤਰ ਜਾਣ। ਉਥੇ ਉਹ ਉਦੋਂ ਦੇ ਸਮਾਜਕ ਤੇ ਸਭਿਆਚਾਰਕ ਇਤਿਹਾਸ ਨੂੰ ਚੰਗੀ ਤਰ੍ਹਾਂ ਘੋਖਣ ਤੇ ਸਭ ਹਾਲਾਤ ਲਿਖਣ। ਜਦੋਂ ਉਹ ਅਗਿਆਨ ਤੇ ਬਰਬਰਤਾ ਦੀ ਚਾਰ-ਦੀਵਾਰੀ ਅੰਦਰ ਸੱਚ ਤੇ ਸੁਤੰਤਰਤਾ ਦਾ ਸਾਹ ਘੁਟਦਾ ਦੇਖ ਲੈਣ ਤਾਂ ਬਾਹਰ ਆ ਕੇ ਮੰਨੇ ਦੀਆਂ ਚਾਰੇ ਪਉੜੀਆਂ ਦਾ ਮਨ ਵਿਚ ਵਿਚਾਰ ਕਰਨ। ਫਿਰ ਪਤਾ ਲੱਗੇਗਾ ਕਿ ਗੁਰੂ ਨਾਨਕ ਅਸਲ ਵਿਚ ਕਿਹੜੀ ਗੱਲੋਂ ਮਹਾਨ ਸਨ। ਇਹ ਮਹਾਨਤਾ ਉਨ੍ਹਾਂ ਤੋਂ ਨਾ ਦੱਸੀ ਜਾਵੇਗੀ ਤੇ ਨਾ ਸੰਭਾਲੀ।
ਪਰ ਅਜੋਕੇ ਸਿੱਖ ਵਿਦਵਾਨ ਛੇਤੀ ਛੇਤੀ ਇੱਦਾਂ ਕਰਨਗੇ ਨਹੀਂ। ਸਾਰੇ ਇਹੀ ਕਹਿਣਗੇ ਕਿ ਇਹ ਕੰਮ ਤਾਂ ਉਨ੍ਹਾਂ ਬਹੁਤ ਵਾਰ ਕੀਤਾ ਹੋਇਆ ਹੈ। ਹਰ ਸਾਲ ਉਹ ਗੁਰੂ ਸਾਹਿਬ ਦੇ ਜਨਮ ਦਿਹਾੜੇ ‘ਤੇ ਇਨ੍ਹਾਂ ਹੀ ਇਤਿਹਾਸਕ ਗੱਲਾਂ ਦਾ ਜ਼ਿਕਰ ਤਾਂ ਕਰਦੇ ਹਨ। ਉਹ ਬਹਿਸਣਗੇ ਕਿ ਉਹ ਇਤਿਹਾਸਕ ਅਧਿਐਨ ਕਰ ਕੇ ਹੀ ਦੱਸਦੇ ਆਏ ਹਨ ਕਿ ਗੁਰੂ ਸਾਹਿਬ ਨੇ ਮਨੁੱਖੀ ਭਾਈਚਾਰੇ ‘ਤੇ ਜੋਰ ਦਿੱਤਾ, ਹੱਥੀਂ ਕੰਮ ਕਰਨ ਤੇ ਵੰਡ ਛਕਣ ਦਾ ਸੰਦੇਸ਼ ਦਿੱਤਾ, ਔਰਤਾਂ ਦੇ ਸਨਮਾਨ ਦੀ ਗੱਲ ਆਖੀ, ਪਖੰਡ ਤੇ ਬੇਈਮਾਨੀ ਛੱਡਣ ਦੀ ਸਿੱਖਿਆ ਦਿੱਤੀ ਤੇ ਮਿੱਠਾ ਬੋਲਣ ਦਾ ਉਪਦੇਸ਼ ਦਿੱਤਾ। ਇਹ ਵਿਦਵਾਨ ਉਹੀ ਗੱਲਾਂ ਕਰਨਗੇ, ਜੋ ਸਦੀਆਂ ਤੋਂ ਕਰਦੇ ਆ ਰਹੇ ਹਨ, ਪਰ ਕਦੇ ਮਹੱਤਵ ਦੀ ਗੱਲ ਤੀਕ ਨਹੀਂ ਅਪੜਨਗੇ। ਉਹ ਕਦੇ ਵੀ ਇਸ ਸਵਾਲ ਦਾ ਖੋਜਵਾਂ ਉਤਰ ਨਹੀਂ ਦੇਣਗੇ ਕਿ ਕੀ ਗੁਰੂ ਸਾਹਿਬ ਦਾ ਉਦੇਸ਼ ਇਹੀ ਉਪਦੇਸ਼ ਦੇਣਾ ਸੀ ਜਾਂ ਇਨ੍ਹਾਂ ਦੇ ਪਿਛੋਕੜ ਵਿਚ ਉਨ੍ਹਾਂ ਦਾ ਕੋਈ ਹੋਰ ਡੂੰਘਾ ਮਨੋਰਥ ਵੀ ਸੀ?
ਵਿਦਵਾਨ ਬੱਸ ਇਹੀ ਰਟਿਆ ਰਟਾਇਆ ਉਤਰ ਦੇਣਗੇ ਕਿ ਉਨ੍ਹਾਂ ਦਾ ਸਰਬੋਤਮ ਉਦੇਸ਼ ਮਨੁੱਖ ਨੂੰ ਮੁਕਤੀ ਦੇ ਰਾਹ ਪਾ ਕੇ ਪਰਮਾਤਮਾ ਨਾਲ ਮਿਲਾਉਣਾ ਸੀ। ਅੱਜ ਕੱਲ ਹਰ ਸਕੂਲ ਵਿਚ ਕਿਸੇ ਲਿਖਤ ਦਾ ਇਕ ਪੈਰ੍ਹਾ ਦੇ ਕੇ ਵਿਦਿਆਰਥੀਆਂ ਤੋਂ ਪੁੱਛਿਆ ਜਾਂਦਾ ਹੈ ਕਿ ਇਸ ਵਿਚ ਲੇਖਕ ਦਾ ਮਨੋਰਥ ਕੀ ਹੈ? ਸਿੱਖ ਵਿਦਵਾਨ ਸਦੀਆਂ ਤੋਂ ਪੂਰੇ ਦਾ ਪੂਰਾ ਗ੍ਰੰਥ ਸਾਹਿਬ ਪੜ੍ਹਦੇ ਆ ਰਹੇ ਹਨ, ਪਰ ਹਾਲੇ ਤੀਕ ਸਾਰਥਕ ਸ਼ਬਦਾਂ ਵਿਚ ਗੁਰੂ ਸਾਹਿਬ ਦਾ ਉਦੇਸ਼ ਨਹੀਂ ਦੱਸ ਸਕੇ।
ਵਿਚਾਰਪੂਰਣ ਗੱਲ ਇਹ ਹੈ ਕਿ ਗੁਰੂ ਸਾਹਿਬ ਦਾ ਮਨੋਰਥ ਸਿਰਫ ਕੁਝ ਇਕ ਉਪਦੇਸ਼ ਦੇਣਾ ਨਹੀਂ ਸੀ, ਸਗੋਂ ਮਨੁੱਖ ਅੰਦਰ ਉਸ ਸ੍ਰੋਤ ਤੀਕ ਪਹੁੰਚਣ ਦੀ ਜਗਿਆਸਾ ਤੇ ਸੇਧ ਪੈਦਾ ਕਰਨਾ ਸੀ, ਜਿਸ ਵਿਚੋਂ ਇਹ ਤੇ ਇਸ ਤਰ੍ਹਾਂ ਦੇ ਅਨੇਕਾਂ ਉਪਦੇਸ਼ ਨਿਕਲਦੇ ਹਨ। ਅਜਿਹੇ ਉਪਦੇਸ਼ ਤਾਂ ਅਨੇਕਾਂ ਹੋਰ ਦਾਰਸ਼ਨਿਕ ਵੀ ਦਿੰਦੇ ਰਹੇ ਸਨ, ਪਰ ਗਿਣਤੀ ਦੇ ਉਪਦੇਸ਼ਾਂ ਨਾਲ ਦੁਨੀਆਂ ਥੋੜੇ ਚਲਦੀ ਹੈ! ਦੁਨੀਆਂ ਸਮਝ, ਵਿਵੇਕ ਤੇ ਅਕਲ ਨਾਲ ਚਲਦੀ ਹੈ। ਉਪਦੇਸ਼ ਨੂੰ ਕੋਈ ਮੰਨੇ, ਨਾ ਮੰਨੇ, ਉਪਦੇਸ਼ ਦੇਣ ਵਾਲੇ ਨੇ ਤਾਮੀਲ ਲਈ ਨਾਲ ਥੋੜਾ ਜਾਣਾ ਹੈ। ਪਰ ਅਕਲ ਦਾ ਵਾਸ ਹਰ ਮਨੁੱਖ ਦੇ ਦਿਮਾਗ ਵਿਚ ਹੁੰਦਾ ਹੈ, ਉਹ ਜਿੱਥੇ ਜਾਵੇਗਾ, ਇਹ ਨਾਲ ਜਾਵੇਗੀ। ਅਕਲ ਉਸ ਨੂੰ ਅਗਿਆਨ ਤੋਂ ਗਿਆਨ ਤੀਕ ਪਹੁੰਚਾਉਂਦੀ ਹੈ ਤੇ ਸੁਣਿਐ ਤੋਂ ਸੱਚ ਤੀਕ ਲੈ ਕੇ ਜਾਂਦੀ ਹੈ। ਜੇ ਅਕਲ ਦੇ ਘੋੜੇ ਚੰਗੀ ਤਰ੍ਹਾਂ ਸਿਧਾਏ ਹੋਣਗੇ ਤਾਂ ਮਨੁੱਖ ਨੂੰ ਸਹੀ ਨਿਰਣੇ ਵਲ ਹੀ ਲੈ ਕੇ ਜਾਣਗੇ। ਜਿਸ ਕੋਲ ਅਕਲ ਦਾ ਗਿਆਨ-ਭੰਡਾਰ, ਨਿਰਪੱਖ ਵਿਸ਼ਲੇਸ਼ਣ-ਸ਼ਕਤੀ ਤੇ ਸੁਤੰਤਰ ਨਿਰਣੇ ਦਾ ਬੋਧ ਹੋਵੇ, ਉਸ ਨੂੰ ਕੋਈ ਭਰਮਾ ਨਹੀਂ ਸਕਦਾ। ਕੋਈ ਉਸ ਦਾ ਰਸਤਾ ਨਹੀਂ ਰੋਕ ਸਕਦਾ ਤੇ ਨਾ ਹੀ ਕੋਈ ਉਸ ਨੂੰ ਗਲਤ ਸਾਬਤ ਕਰ ਸਕਦਾ ਹੈ। ਉਹ ਸਭ ਮੰਜ਼ਿਲਾਂ ਤਰ ਕੇ ਪਾਰ ਕਰ ਜਾਵੇਗਾ।
ਅਕਲ ਦੀ ਵਰਤੋਂ ਤੋਂ ਅਣਜਾਣ ਵਿਅਕਤੀ ਸੁਣੀਐ ਭਾਵ ਸੁਣੀਆਂ ਸੁਣਾਈਆਂ ਗੱਲਾਂ ਤੋਂ ਭ੍ਰਮਿਤ ਹੋ ਜਾਂਦਾ ਹੈ ਤੇ ਵਿਸ਼ਵਾਸ ਵਿਚ ਫਸ ਜਾਂਦਾ ਹੈ। ਉਹ ਆਪਣਾ ਰਸਤਾ ਖੋ ਬੈਠਦਾ ਹੈ ਤੇ ਪੁਜਾਰੀ ਦੇ ਟੇਟੇ ਚੜ੍ਹ ਜਾਂਦਾ ਹੈ। ਪੁਜਾਰੀ ਉਸ ਨੂੰ ਅਲੌਕਿਕ ਕਥਾਵਾਂ ਸੁਣਾ ਕੇ ਵਿਸ਼ਵਾਸ-ਬੱਧ ਕਰਦਾ ਹੈ ਤੇ ਫਿਰ ਆਰਥਕ ਤੇ ਭਾਵਨਾਤਮਕ ਲੁੱਟ-ਖਸੁੱਟ ਦਾ ਪਾਤਰ ਬਣਾਉਂਦਾ ਹੈ। ਇਸ ਦਬਦਬੇ ਨੂੰ ਜਾਰੀ ਰੱਖਣ ਲਈ ਉਹ ਸੁਣਨ ਦੀ ਮਹਿਮਾ ਤੇ ਮੰਨਣ ਦੀ ਪ੍ਰਸ਼ੰਸਾ ‘ਤੇ ਜ਼ੋਰ ਦਿੰਦਾ ਹੈ। ਮਹਾਨਤਾ ਉਹ ਗੁਰੂ ਸਾਹਿਬ ਦੀ ਕਰਦਾ ਹੈ, ਪਰ ਨਜ਼ਰ ਸ਼ਰਧਾਲੂ ਦੀ ਜੇਬ ‘ਤੇ ਰੱਖਦਾ ਹੈ। ਵਿਹਲੜ ਜਮਾਤਾਂ ਲਈ ਇਸ ਤੋਂ ਸੌਖਾ ਤੇ ਮੋਟਾ ਹੋਰ ਕੋਈ ਵਿਵਸਾਏ ਨਹੀਂ ਹੈ। ਬੱਸ ਨਿੱਤ ਨਵੀਆਂ ਸਾਖੀਆਂ ਸੁਣਾ ਕੇ ਸ਼ਰਧਾਲੂਆਂ ਵਿਚ ਵਿਸ਼ਵਾਸ ਪੈਦਾ ਕਰਨਾ ਤੇ ਉਨ੍ਹਾਂ ਦੀ ਨਫਰੀ ਵਧਾ ਕੇ ਗੋਲਕ ਭਰਨਾ ਉਨ੍ਹਾਂ ਦਾ ਮੁੱਖ ਰੁਝਾਨ ਹੈ। ਇਸ ਕੰਮ ਲਈ ਇਹ ਵਰਗ ਐਸੇ ਐਸੇ ‘ਗ੍ਰੰਥਾਂ’ ਨੂੰ ਮਾਨਤਾ ਦਿੰਦਾ ਹੈ, ਜਿਨ੍ਹਾਂ ਵਿਚ ਅਲੌਕਿਕ ਕਾਰਨਾਮਿਆਂ ਤੇ ਅਧਭੁਤ ਕਰਾਮਾਤਾਂ ਦੀ ਭਰਮਾਰ ਹੋਵੇ। ਧਨ ਅਤੇ ਜਸ ਦੇ ਇਸ ਸੌਖੇ ਖੇਤਰ ਵਿਚ ਅਣਗਿਣਤ ਅਜਾਰੇਦਾਰੀ ਸਾਧ ਸੰਤ ਉਤਰ ਆਉਂਦੇ ਹਨ, ਜੋ ਆਪਣੀਆਂ ਆਪਣੀਆਂ ਵਿਲੱਖਣ ਡੇਰੇਦਾਰੀਆਂ ਕਾਇਮ ਕਰ ਲੈਂਦੇ ਹਨ। ਇਨ੍ਹਾਂ ਡੇਰੇਦਾਰੀਆਂ ਰਾਹੀਂ ਭਾਵ ਵੱਖ ਵੱਖ ਪੰਥਾਂ ਰਾਹੀਂ ਉਹ ਗੁਰੂ ਨਾਨਕ ਦੇ ਸਿੱਖਾਂ ਨੂੰ ਆਪਣੇ ਸ਼ਰਧਾਲੂਆਂ ਵਿਚ ਤਬਦੀਲ ਕਰਦੇ ਰਹਿੰਦੇ ਹਨ।
ਫਿਰ ਇਹ ਡੇਰੇਦਾਰ ਤੇ ਪੁਜਾਰੀ ਭਲਾ ਕਿਉਂ ਦੱਸਣਗੇ ਕਿ ਗੁਰੂ ਸਾਹਿਬ ਦਾ ਆਮ ਉਪਦੇਸ਼ਾਂ ਤੋਂ ਉਤਲਾ ਵੀ ਕੋਈ ਸਰੋਕਾਰ ਸੀ! ਉਹ ਕਿਉਂ ਕਿਸੇ ਗਿਆਨ ਜਾਂ ਤਰਕ ਦਲੀਲ ਦੀ ਗੱਲ ਕਰਨਗੇ? ਉਹ ਆਪਣੇ ਸ਼ਰਧਾਲੂਆਂ ਨੂੰ ਅਨੇਕ ਤੋਂ ਏਕ, ਭਾਵ ਅਗਿਆਨ ਤੋਂ ਗਿਆਨ ਤੀਕ ਲੈਜਾ ਕੇ ਆਪਣੇ ਪੈਰਾਂ ਉਤੇ ਆਪ ਕੁਹਾੜਾ ਕਿਉਂ ਮਾਰਨਗੇ? ਜੇ ਉਹ ਇਕ ਮਾਰਗ ‘ਤੇ ਚਲਣ ਵਾਲੇ ਹੋਣ ਤਾਂ ਵੱਖ ਵੱਖ ਡੇਰੇਦਾਰੀਆਂ ਕਿਉਂ ਪੈਦਾ ਕਰਨ? ਇਕ ਮਾਰਗ ਭਾਵ ਮੰਨੇ ਦੇ ਵਿਚਾਰ-ਮੰਥਨ ਵਾਲੇ ਰਾਹ ਚਲਦਿਆਂ ਤਾਂ ਫਿਰਕੇਦਾਰੀਆਂ ਦੀ ਲੋੜ ਹੀ ਨਹੀਂ। ਫਿਰ ਤਾਂ ਉਹ ਆਪਣੇ ਦਿਮਾਗ ਦੀ ਵਰਤੋਂ ਨਾਲ ਆਪਣੇ ਫਰਜ਼ ਪਛਾਣਨ ਤੇ ਪੰਥਾਂ-ਡੇਰਿਆਂ ਪਿੱਛੇ ਨੱਸਣ ਨਾਲੋਂ ਆਪਣੇ ਗੁਜਾਰੇ ਲਈ ਹੱਥੀਂ ਘਾਲਣਾ ਵਾਲਾ ਕੋਈ ਕੰਮ ਧੰਦਾ ਕਰਨ। ਇਹੀ ਤਾਂ ਅਰਥ ਐ ਗੁਰੂ ਸਾਹਿਬ ਦੀਆਂ ਤੁਕਾਂ ‘ਮੰਨੈ ਮਗੁ ਨ ਚਲੈ ਪੰਥੁ’ ਤੇ ‘ਮੰਨੈ ਧਰਮ ਸੇਤੀ ਸਨਬੰਧੁ’ ਦਾ!
ਇਹ ਅਰਥ ਸਭ ਵਿਦਵਾਨਾਂ, ਪੁਜਾਰੀਆਂ ਤੇ ਪ੍ਰਚਾਰਕਾਂ ਨੂੰ ਖਰਵੇ ਲਗਦੇ ਹਨ। ਉਹ ਆਪਣੇ ਹਿੱਤਾਂ ਅਨੁਸਾਰ ਇਨ੍ਹਾਂ ਤੁਕਾਂ ਦੇ ਅਧਿਆਤਮਵਾਦੀ ਅਰਥ ਹੀ ਕਰਦੇ ਹਨ। ਮਿਸਾਲ ਵਜੋਂ ਇਹ ਪੂਰੀ ਪਉੜੀ ਅਤੇ ਇਸ ਦੀ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਪਿੰਦਰਪਾਲ ਸਿੰਘ ਦੀ ਕੀਤੀ ਵਿਆਖਿਆ ਹੇਠ ਲਿਖੀ ਹੋਈ ਹੈ,
ਮੰਨੈ ਮਾਰਗਿ ਠਾਕ ਨ ਪਾਇ॥
ਮੰਨੈ ਪਤਿ ਸਿਉ ਪਰਗਟੁ ਜਾਇ॥
ਮੰਨੈ ਮਗੁ ਨ ਚਲੈ ਪੰਥੁ॥
ਮੰਨੈ ਧਰਮ ਸੇਤੀ ਸਨਬੰਧੁ॥
ਐਸਾ ਨਾਮੁ ਨਿਰੰਜਨੁ ਹੋਇ॥
ਜੇ ਕੋ ਮੰਨਿ ਜਾਣੈ ਮਨਿ ਕੋਇ॥੧੪॥
ਇਸ ਪਉੜੀ ਦੇ ਅਰਥ ਕਰਦਿਆਂ ਭਾਈ ਪਿੰਦਰਪਾਲ ਲਿਖਦੇ ਹਨ, “ਨਾਮ ਨੂੰ ਮੰਨਣ ਵਾਲੇ ਜੀਵ ਨੂੰ (ਮਾਰਗਿ) ਪਰਮਾਤਮਾ ਦੀ ਪ੍ਰਾਪਤੀ ਦੇ ਰਸਤੇ ‘ਤੇ ਚਲਦਿਆਂ ਕੋਈ ਮੁਸ਼ਕਿਲ (ਠਾਕ) ਰੁਕਾਵਟ ਨਹੀਂ ਪਾ ਸਕਦੀ। ਨਾਮੁ ਨੂੰ ਮੰਨ ਲੈਣ ਵਾਲੇ ਉਸ ਕਰਮ ਖੰਡੀ ਨੂੰ ਪਰਮਾਤਮਾ ਦੁਨੀਆਂ ਦੇ ਵਿਚ ਬੜੀ ਇੱਜਤ ਮਾਣ ਨਾਲ ਪ੍ਰਗਟ ਕਰ ਦਿੰਦਾ ਹੈ। ਨਾਮ ਨੂੰ ਮੰਨਣ ਵਾਲਾ ਜੀਵ ਸਿਰਫ ਇਕੋ ਹੀ ਗੁਰੂ ਦੇ ਦੱਸੇ (ਮਗੁ) ਮਾਰਗ ‘ਤੇ ਚਲਦਾ ਹੈ ਅਤੇ ਭਾਵ ਉਸ ਨੂੰ ਇਕ ਵਾਹਿਗੁਰੂ ‘ਤੇ ਪੂਰਨ ਭਰੋਸਾ ਹੋ ਜਾਂਦਾ ਹੈ। ਨਾਮ ਨੂੰ ਮੰਨਣ ਵਾਲੇ ਜੀਵ ਦਾ ਸਬੰਧ (ਧਰਮ) ਉਚੇ-ਸੁੱਚੇ ਆਚਰਨ ਵਾਲਾ, ਭਾਣੇ ਵਿਚ ਰਹਿਣ ਵਾਲਾ ਹੋ ਜਾਂਦਾ ਹੈ। ਉਸ ਵਾਹਿਗੁਰੂ ਦਾ ਐਸਾ (ਨਿਰੰਜਨੁ) ਮਾਇਆ ਦੇ ਪ੍ਰਭਾਵ ਤੋਂ ਰਹਿਤ, ਜੋ ਪਵਿਤਰ ਨਾਮ ਹੈ। ਜੋ ਕੋਈ ਮਨੁੱਖ ਵਾਹਿਗੁਰੂ ਜੀ ਦੇ ਪਵਿਤਰ ਨਾਮ ਨੂੰ ਮੰਨ ਕੇ ਮਨ ਵਿਚ ਵਸਾ ਲੈਂਦਾ ਹੈ, ਤਾਂ ਉਹ ਵੀ ਸੁਧ ਸਰੂਪ ਵਾਹਿਗੁਰੂ ਜੀ ਦਾ ਰੂਪ ਹੋ ਜਾਂਦਾ ਹੈ।”
ਭਾਈ ਪਿੰਦਰਪਾਲ ਸਿੰਘ ਨਾਮਣੇ ਵਾਲੇ ਸਿੱਖ ਪ੍ਰਚਾਰਕ ਹਨ। ਜੇ ਉਹ ਲਿਖਣ ਕਿ ਨਾਮ ਨੂੰ ਮੰਨਣ ਵਾਲੇ ਜੀਵ ਨੂੰ ਪਰਮਾਤਮਾ ਦੀ ਪ੍ਰਾਪਤੀ ਦੇ ਰਸਤੇ ‘ਤੇ ਚਲਦਿਆਂ ਕੋਈ ਮੁਸ਼ਕਿਲ ਰੁਕਾਵਟ ਨਹੀਂ ਪਾ ਸਕਦੀ ਤਾਂ ਗੱਲ ਸਮਝ ਨਹੀਂ ਆਉਂਦੀ। ਨਾਮ ਤਾਂ ਇਕ ਸਰਵਜਨਿਕ ਸੰਕੇਤਕ ਹੈ, ਜੋ ਕਿਸੇ ਵਿਅਕਤੀ, ਸਥਾਨ ਜਾਂ ਚੀਜ਼ ਦੀ ਥਾਂ ਲੱਗ ਕੇ ਉਸ ਨੂੰ ਜਾਹਰ ਕਰਦਾ ਹੈ। ਇਸ ਲਈ ਕਿਸੇ ਨਾਮ ਵਾਲੇ ਨੂੰ ਤਾਂ ਮੰਨਿਆ ਜਾ ਸਕਦਾ ਹੈ, ਪਰ ਨਾਮ ਨੂੰ ਕੋਈ ਕਿਵੇਂ ਮੰਨ ਸਕਦਾ ਹੈ! ਜੋ ਉਹ ਪਰਮਾਤਮਾ ਭਾਵ ਪਰਮ-ਸਤਿ ਦੇ ਨਾਮ ਦੀ ਗੱਲ ਕਰਦਾ ਹੈ, ਉਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੈ। ਗੁਰੂ ਸਾਹਿਬ ਆਪ ਫੁਰਮਾਉਂਦੇ ਹਨ, “ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਓ।” ਭਾਵ ਉਸ ਨੇ ਆਪ ਹੀ ਆਪਣੇ ਆਪ ਨੂੰ ਬਣਾਇਆ ਹੈ ਤੇ ਆਪ ਹੀ ਆਪਣਾ ਨਾਮ ਰੱਖਿਆ ਹੈ। ਅਰਥਾਤ ਇਸ ਗਿਆਨ ਦਾ ਕੋਈ ਹੋਰ ਭਾਗੀਦਾਰ ਨਹੀਂ ਹੈ। ਹੋਵੇ ਵੀ ਕਿਵੇਂ? ਗੁਰੂ ਸਾਹਿਬ ਇਹ ਵੀ ਕਹਿੰਦੇ ਹਨ, “ਏਵਡੁ ਊਚਾ ਹੋਵੈ ਕੋਇ॥ ਤਿਸੁ ਊਚੇ ਕੋ ਜਾਣੈ ਸੋਇ॥” ਕੀ ਇਹ ਪ੍ਰਚਾਰਕ ਇੱਡਾ ਉਚਾ ਹੋ ਗਿਆ ਹੈ ਕਿ ਉਸ ਦਾ ਨਾਮ ਜਾਣਨ ਲਗ ਪਿਆ ਹੈ? ਜੇ ਨਹੀਂ ਤਾਂ ਉਹ ਸੰਗਤਾਂ ਨੂੰ ਸੱਚ ਦੱਸੇ ਕਿ ਉਸ ਕਰਤੇ ਦਾ ਨਾਮ ਤਾਂ ਹਾਲੇ ਖੋਜਣਾ ਹੈ। ਫਿਰ ਦੇਖੇ, ਜੇ ਅਗਲੇ ਦਿਨ ਅੱਧੀ ਸੰਗਤ ਵੀ ਜੁੜ ਜਾਵੇ।
ਰਹੀ ਗੱਲ ਨਾਮ ਦੇ ਰਾਹ ਚਲਦਿਆਂ ਰੁਕਾਵਟ ਦੀ, ਉਹ ਤਾਂ ਪਈ ਹੀ ਹੋਈ ਹੈ, ਜੋ ਇਹ ਨਾਮਾਵਰ ਵਿਆਖਿਆਕਾਰ ਖੁਦ ਸਦੀਆਂ ਪੁਰਾਣੀ ਸੁਣਾਈ ਵਿਆਖਿਆ ਤੋਂ ਇੱਕ ਇੰਚ ਵੀ ਅੱਗੇ ਨਹੀਂ ਵਧ ਸਕਿਆ ਹੈ। ਜਿਸ ਪਰਮਾਤਮਾ ਦੀ ਪ੍ਰਾਪਤੀ ਦੇ ਰਸਤੇ ਨੂੰ ਉਹ ਰੁਕਾਵਟ ਮੁਕਤ ਦੱਸਦਾ ਹੈ, ਉਸ ਰਸਤੇ ਵਿਚ ਤਾਂ ਇੰਨੀਆਂ ਰੁਕਾਵਟਾਂ ਹਨ ਕਿ ਦੱਸਣਾ ਮੁਸ਼ਕਿਲ ਹੈ। ਇਨ੍ਹਾਂ ਕਾਰਨ ਤਾਂ ਅੱਜ ਤੀਕ ਉਸ ਨੂੰ ਕੋਈ ਪਾ ਨਹੀਂ ਸਕਿਆ। ਜੇ ਕੋਈ ਇਸ ਗੱਲ ਤੋਂ ਮੁਨਕਰ ਹੈ ਤਾਂ ਸਾਹਮਣੇ ਆ ਕੇ ਆਪਣੀ ਪ੍ਰਾਪਤੀ ਦਾ ਖੁਲਾਸਾ ਕਰੇ।
ਪਰ ਇਹ ਸਭ ਬਹਿਸ ਤਾਂ ਉਂਜ ਹੀ ਨਿਰਮੂਲ ਹੈ, ਕਿਉਂਕਿ ਗੁਰੂ ਸਾਹਿਬ ਵਲੋਂ ਤਾਂ ਉਪਰੋਕਤ ਪਉੜੀ ਦੀ ਕਿਸੇ ਤੁਕ ਵਿਚ ‘ਪਰਮਾਤਮਾ’ ਤੇ ਉਸ ਦੇ ਨਾਮ ਦਾ ਜ਼ਿਕਰ ਹੀ ਨਹੀਂ ਕੀਤਾ ਹੋਇਆ। ਇਹ ਸ਼ਬਦ ਤਾਂ ਭਾਈ ਨੇ ਆਪਣੇ ਕੋਲੋਂ ਜੋੜੇ ਹਨ। ਇਸ ਲਈ ਇਸ ਸ਼ਬਦ-ਵਿਗੜ ਵਾਲੀ ਵਿਆਖਿਆ ਤਾਂ ਉਂਜ ਹੀ ਪ੍ਰਮਾਣਿਤ ਨਹੀਂ। ਜਦੋਂ ਇਸ ਲਾਈਨ ਦੇ ਅਰਥ ਹੀ ਸ਼ਬਦਾਂ ਤੋਂ ਉਖੜੇ ਹੋਏ ਹਨ, ਫਿਰ ਇਹ ਕਹਿਣਾ ਵੀ ਨਿਰਾਰਥਕ ਹੈ ਕਿ ਨਾਮ ਲੈਣ ਵਾਲੇ ਨੂੰ ‘ਪਰਮਾਤਮਾ’ ਇੱਜਤ ਨਾਲ ਪਰਗਟ ਕਰ ਦਿੰਦਾ ਹੈ ਜਾਂ ਨਾਮ ਲੈਣ ਵਾਲਾ ਮਨੁੱਖ ਭਾਣੇ ਵਿਚ ਰਹਿਣ ਵਾਲਾ ਹੋ ਜਾਂਦਾ ਹੈ।
‘ਨਾਮ’ ਤਾਂ ਵਿਦਵਾਨ ਡਾ. ਪਿਆਰ ਸਿੰਘ ਵੀ ਜਰੂਰ ਲੈਂਦੇ ਹੋਣਗੇ, ਉਨ੍ਹਾਂ ਨੂੰ ਤਾਂ ਪੁਜਾਰੀਆਂ ਨੇ ਤਨਖਾਹ ਲਾ ਕੇ ਦੱਸਿਆ ਵੀ ਨਹੀਂ ਸੀ ਕਿ ਉਨ੍ਹਾਂ ਦਾ ਕਸੂਰ ਕੀ ਹੈ? ਰਹੀ ਗੱਲ ਭਾਣੇ ਦੀ, ਇਸ ਤੋਂ ਬਾਹਰ ਰਹਿਣ ਵਾਲਾ ਅਜੇ ਤੀਕ ਤਾਂ ਕੋਈ ਪੈਦਾ ਨਹੀਂ ਹੋਇਆ। ਆਪਣੀ ਮਰਜੀ ਨਾਲ ਕੋਈ ਜਨਮਿਆ ਨਹੀਂ ਤੇ ਮੌਤ ਅੱਗੇ ਕੋਈ ਅੜਿਆ ਨਹੀਂ। ਐਸੇ ਆਧੁਨਿਕ ਪ੍ਰਚਾਰਕ ਤੋਂ ਕੋਈ ਸਹੀ ਵਿਆਖਿਆ ਦੀ ਤਵੱਕੋ ਵੀ ਕੀ ਕਰੇ, ਜਿਸ ਨੂੰ ਅੰਧ-ਵਿਸ਼ਵਾਸ ਰਾਹੀਂ ਸੰਗਤ ਨੂੰ ਪੂਜਾ ਪਾਠ ਦੇ ਰਾਹ ਪਾਈ ਰੱਖਣ ਅਤੇ ਵੱਡੇ ਦੀਵਾਨਾਂ ਰਾਹੀਂ ਵੱਧ ਤੋਂ ਵੱਧ ਮਾਇਆ ਦੇ ਗੱਫੇ ਬਟੋਰਨ ਦੀ ਮਜ਼ਬੂਰੀ ਹੋਵੇ।
ਇਸ ਪਉੜੀ ਦੀ ਸਾਖਸ਼ਾਤ ਤੇ ਸਹੀ ਵਿਆਖਿਆ ਇਸ ਪ੍ਰਕਾਰ ਹੈ, “ਮਨਨ ਭਾਵ ਮਨ ਵਿਚ ਸੋਚ ਵਿਚਾਰ ਕਰਕੇ ਫੈਸਲਾ ਲੈਣਾ ਅਕਲ ਵਾਲਾ ਰਸਤਾ ਹੈ। ਇਸ ਸ਼ਾਹ ਮਾਰਗ ‘ਤੇ ਚਲਦਿਆਂ ਕੋਈ ਰੁਕਾਵਟ ਨਹੀਂ ਆਉਂਦੀ। ਭਾਵ ਜੇ ਕੋਈ ਦੁਵਿਧਾ ਹੋਵੇ ਵੀ, ਉਹ ਮਨਨ ਨਾਲ ਦੂਰ ਹੋ ਜਾਂਦੀ ਹੈ। ਅਰਥਾਤ ਤਰਕ ਵਿਵੇਕ ਦੇ ਰਾਹ ਚਲਣ ਵਾਲੇ ਵਿਅਕਤੀ ਲਈ ਜੇ ਇਕ ਰਸਤਾ ਬੰਦ ਹੋਣ ਲਗਦਾ ਹੈ ਤਾਂ ਸੰਵਾਦ ਰਾਹੀਂ ਦੂਜਾ ਸਹੀ ਰਸਤਾ ਆਪੇ ਖੁਲ੍ਹ ਜਾਂਦਾ ਹੈ। ਮੰਨਨ ਦੇ ਰਾਹ ਦਾ ਰਾਹੀ ਆਤਮ ਸਨਮਾਨ ਨਾਲ ਚਲਦਾ ਹੈ, ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਉਸ ਦਾ ਰਾਹ ਸਹੀ ਹੈ। ਮੰਨੇ ਦਾ ਸ਼ਾਹ ਮਾਰਗੀ ਭੀੜੀਆਂ ਦਲਦਲੀ ਪਗਡੰਡੀਆਂ ‘ਤੇ ਨਹੀਂ ਪੈਂਦਾ। ਅਰਥਾਤ ਜੇ ਸ਼ਰਧਾਲੂ ਆਪਣਾ ਦਿਮਾਗ ਵਰਤ ਕੇ ਸੋਚ ਵਿਚਾਰ ਤੋਂ ਕੰਮ ਲਵੇ ਤਾਂ ਡੇਰੇਦਾਰੀ ਸਾਧਾਂ-ਸੰਤਾਂ ਦੇ ਚਰਨੀਂ ਡਿੱਗਣ ਨਾ ਭੱਜੇ। ਫਿਰ ਤਾਂ ਉਹ ਆਪਣੀਆਂ ਨਿਯਮਿਤ ਜ਼ਿੰਮੇਵਾਰੀਆਂ ਨਾਲ ਹੀ ਸਬੰਧ ਰੱਖੇ। ਜਿਸ ਨੂੰ ਨਿਰੰਜਣ ਕਿਹਾ ਜਾਂਦਾ ਹੈ, ਉਸ ਦਾ ਨਾਮ ਵੀ ਮਨਨ, ਭਾਵ ਵਿਚਾਰ-ਸੰਵਾਦ ਰਾਹੀਂ ਹੀ ਜਾਣਿਆਂ ਜਾ ਸਕਦਾ ਹੈ, ਪਰ ਜੇ ਕੋਈ ਜਾਣਨ ਦੀ ਕੋਸ਼ਿਸ਼ ਕਰੇ, ਤਾਂ!”
ਇਸ ਤਰ੍ਹਾਂ ਕਰਾਮਾਤਾਂ ਦੇ ਸਹਾਰੇ ਗੁਰੂ ਸਾਹਿਬ ਦੀ ਮਹਾਨਤਾ ਦੇ ਫੋਕੇ ਪੁਲ ਬੰਨਣ ਵਾਲੇ ਅਜੋਕੇ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਜਦੋਂ ਮੰਨੇ ਦੀਆਂ ਪਉੜੀਆਂ ਪੜ੍ਹ ਹਟਣ ਤਾਂ ਸਵਾਰਥ ਤੋਂ ਥੋੜਾ ਉਪਰ ਉਠਣ। ਉਹ ਫਿਰ ਦੇਖਣ ਕਿ ਇਨ੍ਹਾਂ ਵਿਚ ਦਿੱਤੇ ਵਿਚਾਰ ਕਿੰਨੇ ਸਲਾਹੁਣਯੋਗ ਤੇ ਮਹਾਨ ਹਨ। ਉਹ ਜਾਣਨ ਦੀ ਕੋਸ਼ਿਸ਼ ਕਰਨ ਕਿ ਆਲਮੀ ਪੱਧਰ ਉਤੇ ਇਨ੍ਹਾਂ ਵਿਚਾਰਾਂ ਦੀਆਂ ਤੰਦਾਂ ਕਿੱਥੇ ਕਿੱਥੇ ਜੁੜਦੀਆਂ ਹਨ।
ਕੋਈ ਪੱਚੀ ਸੌ ਸਾਲ ਪਹਿਲਾਂ ਯੂਨਾਨ ਵਿਚ ਪੱਛਮੀ ਫਿਲਾਸਫੀ ਦਾ ਪਿਤਾਮਾ ਸੁਕਰਾਤ ਪੈਦਾ ਹੋਇਆ। ਉਹ ਮਹਾਨ ਦਾਰਸ਼ਨਿਕ ਉਸ ਵੇਲੇ ਦੁਨੀਆਂ ਦਾ ਸਭ ਤੋਂ ਸਿਆਣਾ (ੱਸਿeਸਟ) ਪੁਰਖ ਐਲਾਨਿਆ ਗਿਆ ਸੀ, ਪਰ ਜਦੋਂ ਉਸ ਤੋਂ ਉਸ ਦੀ ਸਿਆਣਪ ਦਾ ਰਾਜ਼ ਪੁੱਛਿਆ ਗਿਆ ਤਾਂ ਉਸ ਨੇ ਕਿਹਾ, “ਮੇਰੀ ਸਿਆਣਪ ਇਹ ਹੈ ਕਿ ਮੈਂ ਜਾਣਦਾ ਹਾਂ ਮੇਰੇ ਕੋਲ ਕੋਈ ਸਿਆਣਪ ਨਹੀਂ। ਮੈਂ ਤਾਂ ਸਿਰਫ ਲੋਕਾਂ ਦੀਆਂ ਪੁੱਠੀਆਂ ਗੱਲਾਂ ਨੂੰ ਸਿੱਧਾ ਕਰਦਾ ਹਾਂ ਤੇ ਲੋਕ ਉਸ ਨੂੰ ਸਿਆਣਪ ਸਮਝ ਲੈਂਦੇ ਹਨ।”
ਸੁਕਰਾਤ ਸੰਵਾਦ (ਦਅਿਲੋਗੁe) ਵਿਧੀ ਦਾ ਮਾਹਿਰ ਸੀ, ਜਿਸ ਵਿਚ ਸੋਚ ਵਿਚਾਰ ਦੀਆਂ ਸਭ ਉਚ-ਪੱਧਰੀ ਕ੍ਰਿਆਵਾਂ ਦਾ ਪ੍ਰਯੋਗ ਹੁੰਦਾ ਹੈ। ਗੁਰੂ ਸਾਹਿਬ ਨਾ ਸੁਕਰਾਤ ਨੂੰ ਮਿਲੇ ਤੇ ਨਾ ਹੀ ਉਨ੍ਹਾਂ ਉਸ ਦੀ ਕੋਈ ਲਿਖਤ ਪੜ੍ਹੀ। ਅਸਲ ਵਿਚ ਸੁਕਰਾਤ ਦੀ ਕੋਈ ਲਿਖਤ ਹੈ ਹੀ ਨਹੀਂ, ਜਿਸ ਨੂੰ ਕੋਈ ਪੜ੍ਹੇ। ਉਸ ਦਾ ਤਾਂ ਸਾਰਾ ਜ਼ਿਕਰ ਪਲੈਟੋ ਦੀਆਂ ਲਿਖਤਾਂ ਵਿਚੋਂ ਮਿਲਦਾ ਹੈ। ਤਾਂ ਵੀ ਗੁਰੂ ਸਾਹਿਬ ਨੇ ਸੁਤੇ-ਸਿੱਧ ਉਹੀ ਸੰਵਾਦੀ ਢੰਗ ਅਪਨਾਇਆ ਤੇ ਉਸੇ ਤਰਕ-ਵਿਵੇਕ ਦੀ ਵਰਤੋਂ ਕੀਤੀ, ਜੋ ਦੁਨੀਆਂ ਦੇ ਸਭ ਤੋਂ ਸਿਆਣੇ ਮਨੁੱਖ ਨੇ ਕਦੇ ਵਰਤੀ ਸੀ। ਉਹ ਵੀ ਇਹੀ ਕਹਿੰਦੇ ਸਨ ਕਿ ਉਹ ਕੁਝ ਨਹੀਂ ਜਾਣਦੇ ਤੇ ਉਨ੍ਹਾਂ ਨੇ ਵੀ ਲੋਕਾਂ ਦੀ ਉਲਟੀ ਸੋਚ ਨੂੰ ਸਿੱਧਾ ਕੀਤਾ ਸੀ। ਸਾਰਾ ਜਪੁਜੀ ਸਾਹਿਬ ਇਸੇ ਗੱਲ ਦਾ ਮੂੰਹ ਬੋਲਦਾ ਪ੍ਰਮਾਣ ਹੈ, ਪਰ ਗੁਰੂ ਸਾਹਿਬ ਦੀ ਸੁਕਰਾਤ ਤੋਂ ਵੀ ਵੱਡੀ ਦੇਣ ਹੈ। ਉਨ੍ਹਾਂ ਨੇ ਕੁੱਲ ਲੁਕਾਈ ਸੋਧਣ ਲਈ ਆਪਣੇ ਵਿਚਾਰਾਂ ਨੂੰ ਇਕ ਸੁੰਦਰ ਬਾਣੀ ਵਿਚ ਲਿਖਤ-ਬੱਧ ਕੀਤਾ। ਉਨ੍ਹਾਂ ਦੀ ਸੰਵਾਦ ਕਲਾ ਵੀ ਸੁਕਰਾਤ ਨਾਲੋਂ ਕਿਤੇ ਉਤਮ ਸੀ। ਸੁਕਰਾਤ ਨੂੰ ਸੱਚ ਕਹਿਣ ਲਈ ਆਪਣੇ ਹੀ ਦੇਸ ਵਿਚ ਫਾਂਸੀ ਹੋਈ, ਜਦੋਂ ਕਿ ਗੁਰੂ ਸਾਹਿਬ ਨੇ ਦੇਸ-ਪਰਦੇਸ ਜਾ ਕੇ ਸੱਚ ਦਾ ਹੋਕਾ ਦਿੱਤਾ, ਪਰ ਕਿਸੇ ਉਂਗਲ ਨਹੀਂ ਉਠਾਈ। ਸਿਆਣਿਆਂ ਦੇ ਸਿਆਣੇ ਇਸ ਜਗਤ-ਗੁਰੂ ਨੂੰ ਕਰਾਮਾਤਾਂ ਨਾਲ ਮਹਾਨ ਬਣਾਉਣ ਦੀ ਕੋਸ਼ਿਸ਼ ਕਰਨਾ, ਉਸ ਦੀ ਮਹਾਨਤਾ ਬਾਰੇ ਸਰਾਸਰ ਅਗਿਆਨ ਹੈ।
ਇਹੀ ਨਹੀਂ, ਸੁਕਰਾਤ ਤੋਂ ਬਾਅਦ ਉਸ ਦੇ ਵਿਦਿਆਰਥੀ ਪਲੈਟੋ ਨੇ ਉਸ ਦੇ ਢੰਗ ਤਰੀਕੇ ਅਪਨਾ ਕੇ ਆਦਰਸ਼ਵਾਦ (ਦਿeਅਲਸਿਮ) ਨੂੰ ਸਿਖਰ ਤੀਕ ਪਹੁੰਚਾਇਆ। ਪਲੈਟੋ ਦੇ ਸ਼ਾਗਿਰਦ ਅਰਸਤੂ ਨੇ ਵਿਗਿਆਨ ਦੀ ਨੀਂਹ ਰੱਖੀ ਤੇ ਉਹ ਵਿਗਿਆਨ ਦਾ ਪਿਤਾਮਾ ਅਖਵਾਇਆ। ਇਹ ਉਹੀ ਦਾਰਸ਼ਨਿਕ ਸੀ, ਜਿਸ ਨੇ ਮਨੁੱਖ ਨੂੰ ਤਰਕਸੰਗਤ ਜੀਵ ਕਹਿ ਕੇ ਦੂਜੇ ਸਭ ਜੀਵਾਂ ਤੋਂ ਉਚਾ ਕਿਹਾ ਸੀ। ਇਸੇ ਨੇ ਦਿਮਾਗੀ ਸੂਝ-ਬੂਝ ਦੇ ਕੰਮ ਨੂੰ ਮਨੁੱਖ ਦੀ ਸਭ ਤੋਂ ਸ੍ਰੇਸ਼ਠ ਗਤੀਵਿਧੀ ਦੱਸਿਆ ਸੀ; ਪਰ ਯੂਨਾਨੀ ਦਾਰਸ਼ਨਿਕਾਂ ਦੇ ਇਹ ਤਰਕਸ਼ੀਲ ਵਿਚਾਰ ਕਈ ਸਦੀਆਂ ਤੀਕ ਇਸਾਈ ਮੱਤ ਦੇ ਅੰਧੇਰੇ ਕਾਲ ਹੇਠ ਦਬੇ ਰਹੇ, ਪਰ ਜਿਉਂ ਹੀ ਚੌਧਵੀਂ-ਪੰਦਰ੍ਹਵੀਂ ਸਦੀ ਵਿਚ ਯੂਰਪ ਵਿਚ ਇਹ ਵਿਚਾਰ ਮੁੜ-ਸੁਰਜੀਤ ਹੋਏ, ਗੁਰੂ ਨਾਨਕ ਨੇ ਉਸ ਤੋਂ ਵੀ ਪਹਿਲਾਂ ਪੂਰਬ ਵਿਚ ਤਰਕ ਵਿਵੇਕ ਦਾ ਹੋਕਾ ਦੇ ਦਿੱਤਾ। ਯੂਰਪ ਵਿਚ ਮਾਰਟਿਨ ਲੂਥਰ ਨੇ 1515 ਈ. ਵਿਚ ਜਦੋਂ ਇਸਾਈ ਵਿਚ ਧਰਮ ਸੁਧਾਰ ਅੰਦੋਲਨ ਸ਼ੁਰੂ ਕੀਤਾ, ਗੁਰੂ ਸਾਹਿਬ ਉਸ ਤੋਂ ਵੀ ਪਹਿਲਾਂ ਪੂਰਬੀ ਧਰਮਾਂ ਦੇ ਕਰਮ-ਕਾਂਡੀ ਪਖੰਡਾਂ ਵਿਰੁਧ ਜਾਗਿਓਤੀ ਲਹਿਰ ਚਲਾ ਚੁਕੇ ਸਨ।
ਪੱਛਮ ਵਿਚ ਰੈਨੇਸਾਂਸ ਨੂੰ ਫਲ ਪਿਆ ਤੇ ਯੂਰਪ ਕਾਮਯਾਬ ਹੋ ਕੇ ਵਿਗਿਆਨ ਵਲ ਨਿਕਲ ਗਿਆ, ਪਰ ਗੁਰੂ ਨਾਨਕ ਦੀ ਸਿੱਖੀ ਨੂੰ ਇਕ ਨਵਾਂ ਧਰਮ ਬਣਾ ਕੇ ਪੂਰਬ ਫਿਰ ਅੰਧ-ਵਿਸ਼ਵਾਸ ਦੇ ਰਸਤੇ ਚੱਲ ਪਿਆ। ਗੂਰੂ ਸਾਹਿਬ ਨੇ ਮਨੁੱਖਤਾ ਦਾ ਮੋਹਰੀ ਬਣ ਕੇ ਮਨੁੱਖਤਾ ਨੂੰ ਆਪਣੇ ਦਿਮਾਗ ਤੇ ਤਰਕ-ਦਲੀਲ ਤੋਂ ਕੰਮ ਲੈਣ ਦੀ ਸਿੱਖਿਆ ਦਿੱਤੀ ਸੀ। ਸੁਣਿਐ ਤੇ ਮੰਨੈ ਦੀਆਂ ਪਉੜੀਆਂ ਰਚ ਕੇ ਗਿਆਨ ਪ੍ਰਾਪਤੀ ਦਾ ਢੰਗ ਦੱਸਿਆ ਸੀ, ਪਰ ਉਨ੍ਹਾਂ ਦੇ ਸਿੱਖ ਉਨ੍ਹਾਂ ਦੀ ਗੱਲ ਨੂੰ ਸਮਝ ਨਾ ਸਕੇ। ਸ਼ਾਇਦ ਉਹ ਪਰਾਈ ਟੇਕ ਤੋਂ ਟੁੱਟ ਕੇ ਜਾਗਰੂਕਤਾ ਅਤੇ ਆਤਮ-ਵਿਸ਼ਵਾਸ ਨਾਲ ਜੁੜਨ ਦੀ ਹਿੰਮਤ ਨਾ ਜੁਟਾ ਸਕੇ। ਇਸੇ ਲਈ ਉਨ੍ਹਾਂ ਨੇ ਗੁਰੂ ਸਾਹਿਬ ਦੇ ਵਡਮੁੱਲੇ ਸ਼ਬਦ ਮੱਥੇ ਟੇਕਣ ਵਿਚ ਰੋਲ ਦਿੱਤੇ। ਉਨ੍ਹਾਂ ਗੁਰੂ ਆਗਿਆ ਅਨੁਸਾਰ ਆਪਣਾ ਮੱਥਾ ਨਹੀਂ ਵਰਤਿਆ, ਸਗੋਂ ਇਸ ਦੀਆਂ ਕਰਮ-ਕਾਂਡੀ ਲਕੀਰਾਂ ਵਰਤੀਆਂ। ਇਹੀ ਕਾਰਨ ਹੈ ਕਿ ਰਾਹੋਂ ਭਟਕੇ ਸਿੱਖ ਵਿਦਵਾਨ ਅੱਜ ਇਕ ਆਲਮੀ ਪੱਧਰ ਦੇ ਜਗਤ-ਗੁਰੂ ਦੀ ਪ੍ਰਸ਼ੰਸਾ ਕਰਾਮਾਤੀ ਕਹਿ ਕੇ ਕਰ ਰਹੇ ਹਨ!