ਲਾਹੌਰ, ਲਾਹੌਰ ਹੈ…

ਫਰਵਰੀ 18 ਦਾ ਦਿਨ ਸਾਡਾ ਪਾਕਿਸਤਾਨ ਦੀ ਇਸ ਯਾਤਰਾ ਦਾ ਆਖਰੀ ਦਿਨ ਸੀ, ਜਿਸ ਨੂੰ ਸਿਰਫ ਤੇ ਸਿਰਫ ਲਾਹੌਰ ਲਈ ਮਖਸੂਸ ਕਰਕੇ ਰੱਖਿਆ ਸੀ; ਪਰ ਮੈਨੂੰ ਮਹਿਸੂਸ ਹੁੰਦਾ ਹੈ ਕਿ ਜੇ ਲਾਹੌਰ ਨੂੰ ਚੰਗੀ ਤਰ੍ਹਾਂ ਦੇਖਣਾ-ਸਮਝਣਾ ਹੋਵੇ ਤਾਂ ਇੱਕ ਜਾਂ ਦੋ ਦਿਨ ਕਾਫੀ ਨਹੀਂ ਹਨ, ਘੱਟੋ ਘੱਟ ਹਫਤਾ ਤਾਂ ਚਾਹੀਦਾ ਹੀ ਹੈ| ਸਾਡਾ ਸਭ ਤੋਂ ਪਹਿਲਾ ਪ੍ਰੋਗਰਾਮ ਸਾਈਂ ਮੀਆਂ ਮੀਰ ਦੇ ਮਜ਼ਾਰ ‘ਤੇ ਜਾਣ ਦਾ ਸੀ| ਸਾਈਂ ਮੀਆਂ ਮੀਰ ਦਾ ਜਨਮ 1550 ਈਸਵੀ ਨੂੰ ਹੋਇਆ ਸੀ ਅਤੇ ਉਹ ਲਾਹੌਰ ਦੇ ਧਰਮਪੁਰਾ ਇਲਾਕੇ ਵਿਚ ਰਹਿੰਦੇ ਸਨ|

ਪਾਕਿਸਤਾਨ ਯਾਤਰਾ
ਡਾ. ਗੁਰਨਾਮ ਕੌਰ, ਕੈਨੇਡਾ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਫਰਵਰੀ 18 ਦਾ ਦਿਨ ਸਾਡਾ ਪਾਕਿਸਤਾਨ ਦੀ ਇਸ ਯਾਤਰਾ ਦਾ ਆਖਰੀ ਦਿਨ ਸੀ, ਜਿਸ ਨੂੰ ਸਿਰਫ ਤੇ ਸਿਰਫ ਲਾਹੌਰ ਲਈ ਮਖਸੂਸ ਕਰਕੇ ਰੱਖਿਆ ਸੀ; ਪਰ ਮੈਨੂੰ ਮਹਿਸੂਸ ਹੁੰਦਾ ਹੈ ਕਿ ਜੇ ਲਾਹੌਰ ਨੂੰ ਚੰਗੀ ਤਰ੍ਹਾਂ ਦੇਖਣਾ-ਸਮਝਣਾ ਹੋਵੇ ਤਾਂ ਇੱਕ ਜਾਂ ਦੋ ਦਿਨ ਕਾਫੀ ਨਹੀਂ ਹਨ, ਘੱਟੋ ਘੱਟ ਹਫਤਾ ਤਾਂ ਚਾਹੀਦਾ ਹੀ ਹੈ| ਸਾਡਾ ਸਭ ਤੋਂ ਪਹਿਲਾ ਪ੍ਰੋਗਰਾਮ ਸਾਈਂ ਮੀਆਂ ਮੀਰ ਦੇ ਮਜ਼ਾਰ ‘ਤੇ ਜਾਣ ਦਾ ਸੀ| ਸਾਈਂ ਮੀਆਂ ਮੀਰ ਦਾ ਜਨਮ 1550 ਈਸਵੀ ਨੂੰ ਹੋਇਆ ਸੀ ਅਤੇ ਉਹ ਲਾਹੌਰ ਦੇ ਧਰਮਪੁਰਾ ਇਲਾਕੇ ਵਿਚ ਰਹਿੰਦੇ ਸਨ| ਉਹ ਸੂਫੀਆਂ ਦੇ ਕਾਦਿਰੀ ਸਿਲਸਿਲੇ ਨਾਲ ਸਬੰਧਤ ਮਹਾਨ ਸੂਫੀ ਫਕੀਰ ਸਨ| ਕਿਹਾ ਜਾਂਦਾ ਹੈ ਕਿ ਬਾਦਸ਼ਾਹ ਸ਼ਾਹ ਜਹਾਨ ਦੇ ਪੁੱਤਰ ਦਾਰਾ ਸ਼ਿਕੋਹ ਨੇ ਅਧਿਆਤਮਕ ਸਿੱਖਿਆ ਸਾਈਂ ਮੀਆਂ ਮੀਰ ਤੋਂ ਹੀ ਲਈ ਸੀ ਅਤੇ ਸਾਈਂ ਮੀਆਂ ਮੀਰ ਦੀ ਛੋਟੀ ਭੈਣ ਬੀਬੀ ਜਮਾਲ ਖਾਤੂਨ ਉਨ੍ਹਾਂ ਦੀ ਹੀ ਮੁਰੀਦ ਸੀ, ਜੋ ਆਪਣੇ ਢੰਗ ਨਾਲ ਇੱਕ ਮਹਾਨ ਸੂਫੀ ਸੰਤ ਸੀ|
ਬਾਬਾ ਮੀਆਂ ਮੀਰ ਮੁਹੰਮਦ ਰੱਬ ਨੂੰ ਪ੍ਰੇਮ ਕਰਨ ਵਾਲੇ ਬੰਦਿਆਂ ਦਾ ਦੋਸਤ ਸੀ ਤੇ ਪਰ ਲਾਲਚੀ, ਸਵਾਰਥੀ ਸੰਸਾਰੀਆਂ ਤੋਂ ਦੂਰ ਰਹਿਣਾ ਪਸੰਦ ਕਰਦਾ ਸੀ| ਅਜਿਹੇ ਲੋਕਾਂ ਨੂੰ ਅੰਦਰ ਆਉਣ ਤੋਂ ਰੋਕਣ ਲਈ ਉਸ ਨੇ ਆਪਣੇ ਮੁਰੀਦ ਘਰ ਦੇ ਦਰਵਾਜੇ ‘ਤੇ ਬਿਠਾ ਰੱਖੇ ਸਨ| ਕਿਹਾ ਜਾਂਦਾ ਹੈ ਕਿ ਇੱਕ ਵਾਰ ਬਾਦਸ਼ਾਹ ਜਹਾਂਗੀਰ ਆਪਣੇ ਲਾਮ-ਲਸ਼ਕਰ ਅਤੇ ਪੂਰੇ ਠਾਠ-ਬਾਠ ਨਾਲ ਸਾਈਂ ਮੀਆਂ ਮੀਰ ਦੀਆਂ ਦੁਆਵਾਂ ਲੈਣ ਆਇਆ ਤਾਂ ਦਰਵਾਜੇ ‘ਤੇ ਮੁਰੀਦਾਂ ਨੇ ਰੋਕ ਦਿੱਤਾ ਅਤੇ ਕਿਹਾ ਕਿ ਉਹ ਆਗਿਆ ਮਿਲਣ ਦੀ ਉਡੀਕ ਕਰੇ| ਕੁਦਰਤੀ ਹੈ ਕਿ ਇੱਕ ਬਾਦਸ਼ਾਹ ਨੂੰ ਅਜਿਹੀ ਗੱਲ ਚੰਗੀ ਨਹੀਂ ਲੱਗ ਸਕਦੀ| ਉਸ ਨੇ ਗੁੱਸਾ ਮਨ ਵਿਚ ਦਬਾ ਕੇ ਆਗਿਆ ਮਿਲਣ ਦਾ ਇੰਤਜ਼ਾਰ ਕੀਤਾ| ਜਦੋਂ ਕੁਝ ਦੇਰ ਬਾਅਦ ਅੰਦਰ ਗਿਆ ਤਾਂ ਆਪਣੀ ਹੇਠੀ ਨੂੰ ਛੁਪਾ ਨਾ ਸਕਿਆ ਅਤੇ ਸਾਈਂ ਜੀ ਨੂੰ ਫਾਰਸੀ ਵਿਚ ਕਿਹਾ ਕਿ ਇੱਕ ਫਕੀਰ ਦੇ ਦਰਵਾਜੇ ‘ਤੇ ਸੰਤਰੀ ਨਹੀਂ ਹੋਣੇ ਚਾਹੀਦੇ| ਅੱਗੋਂ ਸਾਈਂ ਜੀ ਨੇ ਉਤਰ ਦਿਤਾ, ਇਹ ਤਾਂ ਹਨ ਕਿ ਸਵਾਰਥੀ ਲੋਕ ਅੰਦਰ ਨਾ ਆਉਣ
ਜਹਾਂਗੀਰ ਬਾਦਸ਼ਾਹ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਦੱਖਣ ਨੂੰ ਫਤਿਹ ਕਰਨ ਲਈ ਜਾ ਰਿਹਾ ਹੈ, ਸਾਈਂ ਜੀ ਉਸ ਲਈ ਦੁਆ ਕਰਨ ਕਿ ਉਹ ਦੱਖਣ ਦੇ ਮਿਸ਼ਨ ਵਿਚ ਫਤਿਹ ਪ੍ਰਾਪਤ ਕਰੇ| ਕਹਿੰਦੇ, ਉਦੋਂ ਹੀ ਕੋਈ ਗਰੀਬ ਆਦਮੀ ਸਾਈਂ ਜੀ ਨੂੰ ਮਿਲਣ ਆ ਗਿਆ ਅਤੇ ਉਸ ਨੇ ਸਾਈਂ ਮੀਆਂ ਮੀਰ ਅੱਗੇ ਸਿਰ ਝੁਕਾਇਆ ਅਤੇ ਇੱਕ ਰੁਪਿਆ ਭੇਟ ਕੀਤਾ| ਸਾਈਂ ਨੇ ਉਸ ਨੂੰ ਰੁਪਿਆ ਚੁੱਕ ਲੈਣ ਅਤੇ ਕਿਸੇ ਬਹੁਤ ਗਰੀਬ ਬੰਦੇ ਨੂੰ ਦੇਣ ਲਈ ਕਿਹਾ| ਉਹ ਮੁਰੀਦ ਵਾਰੀ ਵਾਰੀ ਸਾਰੇ ਦਰਵੇਸ਼ਾਂ ਕੋਲ ਗਿਆ, ਪਰ ਕਿਸੇ ਨੇ ਰੁਪਿਆ ਨਾ ਲਿਆ| ਪੀਰ ਨੇ ਜਹਾਂਗੀਰ ਵੱਲ ਇਸ਼ਾਰਾ ਕਰਕੇ ਕਿਹਾ, “ਜਾਹ ਇਹ ਇਸ ਨੂੰ ਦੇ ਦੇ| ਇਹ ਸਭ ਤੋਂ ਗਰੀਬ ਹੈ ਅਤੇ ਇਸ ਨੂੰ ਬਹੁਤ ਲੋੜ ਹੈ| ਇਹ ਏਡੇ ਵੱਡੇ ਰਾਜਭਾਗ ਨਾਲ ਨਹੀਂ ਰੱਜਿਆ, ਇਹ ਦੱਖਣ ਰਾਜ ਨੂੰ ਜਿੱਤਣਾ ਚਾਹੁੰਦਾ ਹੈ| ਇਸ ਲਈ ਦਿੱਲੀ ਤੋਂ ਦੁਆ ਮੰਗਣ ਆਇਆ ਹੈ| ਇਸ ਦੀ ਭੁੱਖ ਅੱਗ ਵਾਂਗ ਹੈ, ਜੋ ਹੋਰ ਲੱਕੜ ਪਾਇਆਂ ਜ਼ਿਆਦਾ ਮੱਚਦੀ ਹੈ| ਇਸ ਨੇ ਇਸ ਨੂੰ ਜ਼ਿਆਦਾ ਜ਼ਰੂਰਤਮੰਦ, ਲਾਲਚੀ ਅਤੇ ਨਿਰਦਈ ਬਣਾ ਦਿੱਤਾ ਹੈ|”
ਗੁਲਾਮ ਮੁਹਈ-ਓ-ਦੀਨ ਉਰਫ ਬੂਟੇ ਸ਼ਾਹ ਦੀ ਲਿਖੀ ‘ਤਵਾਰੀਖ-ਏ-ਪੰਜਾਬ’ ਸੰਨ 1848 ਮੁਤਾਬਿਕ ਗੁਰੂ ਅਰਜਨ ਦੇਵ ਪੰਚਮ ਪਾਤਿਸ਼ਾਹ ਦੇ ਕਹਿਣ ‘ਤੇ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਨੇ ਰੱਖੀ ਸੀ| ਬੇਸ਼ਕ ਮੁਢਲੀਆਂ ਸਿੱਖ ਫਰਦਾਂ ਵਿਚ ਗੁਰੂ ਅਰਜਨ ਦੇਵ ਪਾਤਿਸ਼ਾਹ ਵੱਲੋਂ ਆਪ ਹੀ ਨੀਂਹ ਰੱਖਣਾ ਲਿਖਿਆ ਮਿਲਦਾ ਹੈ, ਪ੍ਰੰਤੂ ਪਿਛਲੇਰੇ ਦਸਤਾਵੇਜਾਂ ਵਿਚ ਸਾਈਂ ਮੀਆਂ ਮੀਰ ਵੱਲੋਂ ਨੀਂਹ ਰੱਖਣਾ ਮੰਨਿਆ ਗਿਆ ਹੈ| ਕੁਝ ਯੂਰਪੀ ਸੋਮਿਆਂ ਵਿਚ ਵੀ ਇਸੇ ਪਰੰਪਰਾ ਦਾ ਜ਼ਿਕਰ ਮਿਲਦਾ ਹੈ|
ਸਾਈਂ ਮੀਆਂ ਮੀਰ 88 ਵਰ੍ਹਿਆਂ ਦੀ ਉਮਰ ਵਿਚ 22 ਅਗਸਤ 1635 ਈਸਵੀ ਨੂੰ ਫੌਤ ਹੋਏ ਅਤੇ ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਦੁਆ ਦਾਰਾ ਸ਼ਿਕੋਹ ਨੇ ਪੜ੍ਹੀ, ਜੋ ਸਾਈਂ ਜੀ ਦਾ ਪੱਕਾ ਮੁਰੀਦ ਸੀ| ਲਾਹੌਰ ਤੋਂ ਇੱਕ ਮੀਲ ਦੱਖਣ-ਪੂਰਬ ਵਾਲੇ ਪਾਸੇ ਆਲਮਗੰਜ ਦੇ ਨੇੜੇ ਸਾਈਂ ਜੀ ਨੂੰ ਦਫਨਾਇਆ ਗਿਆ| ਮਕਬਰੇ ਦਾ ਆਰਕੀਟੈਕਚਰ ਉਵੇਂ ਹੀ ਸੁਰੱਖਿਅਤ ਹੈ, ਜਿਥੇ ਹਰ ਸਾਲ ਉਰਸ ਮਨਾਇਆ ਜਾਂਦਾ ਹੈ| ਡਿਉੜੀ ਦੇ ਬਾਹਰਲੇ ਪਾਸੇ ਬਾਜ਼ਾਰ ਵੱਲ ਬਣੇ ਵਰਾਂਡੇ ਵਿਚ ਜੋੜੇ ਉਤਾਰਨ ਲਈ ਰੱਸੀਆਂ ਨਾਲ ਵਲ ਕੇ ਥਾਂ ਬਣਾਈ ਹੋਈ ਹੈ ਅਤੇ ਅੰਦਰ ਮਕਬਰੇ ਦੇ ਆਲੇ-ਦੁਆਲੇ ਕਾਫੀ ਖੁੱਲ੍ਹੀ ਥਾਂ ਹੈ| ਸ਼ਾਇਦ ਸਵੇਰ ਦਾ ਵਕਤ ਹੋਣ ਕਰਕੇ ਵਿਰਲੇ-ਟਾਵੇਂ ਲੋਕ ਦਰਸ਼ਨਾਂ ਲਈ ਆ ਰਹੇ ਸਨ|
ਆਮ ਵਾਂਗ ਇੱਥੇ ਵੀ ਮਕਬਰੇ ਦੇ ਅੰਦਰ ਔਰਤਾਂ ਨੂੰ ਜਾਣ ਦੀ ਆਗਿਆ ਨਹੀਂ ਹੈ; ਇਸ ਲਈ ਮੈਂ ਅਤੇ ਸੁਖਵੀਰ ਕੌਰ ਗਿੱਲ ਨੇ ਬਾਹਰੋਂ ਹੀ ਚਾਰ-ਚੁਫੇਰੇ ਚੱਕਰ ਲਾ ਕੇ ਦਰਸ਼ਨ ਕੀਤੇ| ਇੱਥੇ ਕਿਸੇ ਨੇ ਹਰਜੀਤ ਸਿੰਘ ਕੋਲੋਂ ਪੁੱਛਿਆ, “ਸਰਦਾਰ ਜੀ! ਮੈਂ ਦੇਖਿਆ ਹੈ ਕਿ ਸਾਈਂ ਮੀਆਂ ਮੀਰ ਦੇ ਮਕਬਰੇ ‘ਤੇ ਬਹੁਤ ਸਰਦਾਰ ਦਰਸ਼ਨ ਕਰਨ ਆਉਂਦੇ ਹਨ; ਇਸ ਦੀ ਕੀ ਵਜ੍ਹਾ ਹੈ?” ਤਾਂ ਹਰਜੀਤ ਸਿੰਘ ਨੇ ਸਿੱਖ ਧਰਮ ਵਿਚ ਮੀਆਂ ਮੀਰ ਦੇ ਸਤਿਕਾਰ ਬਾਰੇ ਉਸ ਨੂੰ ਦੱਸਿਆ| ਜਦੋਂ ਅਸੀਂ ਪੌੜੀਆਂ ਤੋਂ ਉਤਰ ਰਹੇ ਸਾਂ ਤਾਂ ਇੱਕ ਬਜੁਰਗ ਸਿੱਖ ਜੋੜਾ ਪੌੜੀਆਂ ਚੜ੍ਹ ਰਿਹਾ ਸੀ|
ਇੱਥੋਂ ਅਸੀਂ ਸਿੱਧੇ ਪਾਕਿਸਤਾਨੀ ਬੈਂਕ ਵਿਚ ਅਮਰੀਕਨ ਡਾਲਰ ਪਾਕਿਸਤਾਨੀ ਕਰੰਸੀ ਵਿਚ ਵਟਾਉਣ ਲਈ ਗਏ, ਕਿਉਂਕਿ ਹੁਣ ਲਾਹੌਰ ਦਾ ਅਨਾਰਕਲੀ ਬਾਜ਼ਾਰ ਤੇ ਹੋਰ ਥਾਂਵਾਂ ਘੁੰਮਣ ਦੀ ਵਾਰੀ ਸੀ| ਸਭ ਤੋਂ ਪਹਿਲਾਂ ਪਾਕਿਸਤਾਨੀ ਪੰਜਾਬੀ ਜੁੱਤੀਆਂ, ਜਿਨ੍ਹਾਂ ਨੂੰ ਉਹ ਖੁੱਸੇ ਕਹਿੰਦੇ ਹਨ (ਪਟਿਆਲੇ ਖਾਸ ਕਿਸਮ ਦੀਆਂ ਕਢਾਈ ਵਾਲੀਆਂ ਮਰਦਾਨਾ ਜੁੱਤੀਆਂ ਨੂੰ ਹੀ ਖੁੱਸੇ ਕਹਿੰਦੇ ਹਨ) ਖਰੀਦੀਆਂ| ਮੈਂ ਬਚਪਨ ਵਿਚ ਆਪਣੇ ਬਾਪੂ ਜੀ ਤੋਂ ਦੋ-ਘੋੜੇ ਦੀ ਬੋਸਕੀ ਦਾ ਜ਼ਿਕਰ ਬਹੁਤ ਸੁਣਿਆ ਸੀ| ਇਸ ਲਈ ਮੇਰੇ ਮਨ ਵਿਚ ਘੱਟੋ ਘੱਟ ਆਪਣੇ ਛੋਟੇ ਵੀਰ ਲਈ (ਮੇਰੇ ਦੋ ਹੀ ਵੀਰ ਸਨ, ਵੱਡਾ ਸੰਨ 1996 ਵਿਚ ਚੜ੍ਹਾਈ ਕਰ ਗਿਆ ਸੀ) ਦੋ-ਘੋੜੇ ਦੀ ਬੋਸਕੀ ਦਾ ਕੁੜਤੇ-ਪਜਾਮੇ ਦਾ ਕੱਪੜਾ ਖਰੀਦਣ ਦੀ ਇੱਛਾ ਸੀ; ਸ਼ਾਇਦ ਇਸ ਨਾਲ ਮੈਂ ਆਪਣੇ ਅਹਿਸਾਸ ਵੀਰ ਨਾਲ ਸਾਂਝੇ ਕਰਨਾ ਚਾਹੁੰਦੀ ਸੀ| ਮੈਂ ਜੋਤੀ ਅਤੇ ਸਿਮਰ ਨਾਲ ਰਲ ਕੇ ਅਨਾਰਕਲੀ ਬਾਜ਼ਾਰ ਵਿਚੋਂ ਪਹਿਲਾਂ ਆਪਣੀ ਨੂੰਹ-ਰਾਣੀ ਧੀ ਅੰਮ੍ਰਿਤਾ ਲਈ ਪਾਕਿਸਤਾਨੀ ਕੁੜਤੇ ਖਰੀਦੇ, ਫਿਰ ਇੱਕ ਹੋਰ ਦੁਕਾਨ ਤੋਂ ਪਜਾਮੀ-ਸੂਟ ਖਰੀਦਿਆ| ਉਨ੍ਹਾਂ ਨੂੰ ਉਥੇ ਹੀ ਅੱਧੀ ਕੁ ਪੁਲਿਸ ਪਾਰਟੀ ਨਾਲ ਛੱਡ ਕੇ ਅਸੀਂ ਕੱਪੜੇ ਦੀ ਦੁਕਾਨ ਵਿਚ ਆ ਵੜੇ, ਜਿੱਥੋਂ ਲਾਹੌਰ ਦਾ ਇਹ ਖਾਸ ਕੱਪੜਾ ਦੋ-ਘੋੜੇ ਦੀ ਬੋਸਕੀ ਖਰੀਦਿਆ| ਅੰਮ੍ਰਿਤਾ ਨੇ ਮੈਨੂੰ ਉਚੇਚਾ ਕਿਹਾ ਸੀ, “ਮਾਮਾ ਮੇਰੇ ਲਈ ਹੋਰ ਕੋਈ ਚੀਜ਼ ਭਾਵੇਂ ਨਾ ਲਿਆਇਉ, ਪਰ ਪਾਕਿਸਤਾਨ ਦੀ ਆਰਟੀਫਿਸ਼ਲ ਜਿਊਲਰੀ ਜ਼ਰੂਰ ਲੈ ਕੇ ਆਇਉ|”
ਮੇਰੇ ਮਨ ਵਿਚ ਖਾਨਦਾਨ ਦੀਆਂ ਸਾਰੀਆਂ ਵਹੁਟੀਆਂ-ਕੁੜੀਆਂ ਲਈ ਲਾਹੌਰ ਦੀ ਕੋਈ ਨਾ ਕੋਈ ਨਿੱਕੀ ਮੋਟੀ ਚੀਜ਼ ਲੈ ਜਾਣ ਦੀ ਇੱਛਾ ਵੀ ਸੀ| ਬਾਕੀ ਸਾਰੇ ਆਪੋ ਆਪਣੀ ਪਸੰਦ ਦਾ ਕੁਝ ਨਾ ਕੁਝ ਖਰੀਦਣ ਵਿਚ ਮਸ਼ਰੂਫ ਸਨ| ਪੁਲਿਸ ਪਾਰਟੀ ਵਿਚੋਂ ਇੱਕ ਮੁੰਡਾ ਕਹਿੰਦਾ, “ਚਲੋ, ਤੁਹਾਡੇ ਨਾਲ ਮੈਂ ਚੱਲਦਾਂ, ਇਸ ਤਰ੍ਹਾਂ ਤੇ ਤੁਹਾਡੀ ਖਰੀਦਦਾਰੀ ਵਿਚੇ ਰਹਿ ਜਾਣੀ ਏ|” ਮੈਨੂੰ ਉਸ ਦਾ ਸੁਝਾਅ ਬੜਾ ਚੰਗਾ ਲੱਗਾ ਤਾਂ ਮੈਂ ਉਸ ਨੂੰ ਲੈ ਕੇ ਥੋੜ੍ਹੀ-ਬਹੁਤ ਖਰੀਦਦਾਰੀ ਕੀਤੀ| ਜੋਤੀ ਹੋਰੀਂ ਕੱਪੜਿਆਂ ਦੀ ਖਰੀਦ ਵਿਚ ਕੁਝ ਜ਼ਿਆਦਾ ਹੀ ਰੁੱਝੀਆਂ ਸਨ ਤਾਂ ਮੇਰੇ ਨਾਲ ਸਾਡਾ ਮੇਜ਼ਬਾਨ ਮੁੰਡਾ ਸਲਮਾਨ ਸੰਧੂ ਹੋ ਤੁਰਿਆ| ਉਸ ਨੂੰ ਨਾਲ ਲੈ ਕੇ ਮੈਂ ਬੇਟੇ ਗੁਰਨੀਤ ਅਤੇ ਪੋਤੇ ਅਜੈ ਲਈ ਕੁੜਤੇ-ਪਜਾਮੇ ਨਾਲ ਪਾਉਣ ਲਈ ਪਾਕਿਸਤਾਨੀ ਫੈਸ਼ਨ ਦੀਆਂ ਬਾਸਕਟਾਂ ਖਰੀਦੀਆਂ| ਸਲਮਾਨ ਹੀ ਮੈਨੂੰ ਆਰਟੀਫਿਸ਼ਲ ਜਿਊਲਰੀ ਦੇ ਵੱਡੇ ਬਾਜ਼ਾਰ ਵਿਚ ਲੈ ਵੜਿਆ, ਜਿੱਥੋਂ ਸਭ ਲਈ ਕੁਝ ਨਾ ਕੁਝ ਨਿੱਕਾ-ਮੋਟਾ ਖਰੀਦਿਆ| ਮੈਂ ਕਿਸੇ ਵੀ ਸ਼ਹਿਰ ਵਿਚ ਨਕਲੀ ਗਹਿਣਿਆਂ ਦਾ ਏਡਾ ਵੱਡਾ ਬਾਜ਼ਾਰ ਨਹੀਂ ਸੀ ਦੇਖਿਆ|
ਦੂਜੇ ਦਿਨ, 19 ਤਰੀਕ ਨੂੰ ਵਾਪਸ ਆਉਣ ਲਈ ਤਿਆਰ ਹੋ ਰਹੇ ਸਾਂ ਤਾਂ ਸਲਮਾਨ ਦਾ ਮਾਮਾ ਬਸ਼ੀਰ ਅਹਿਮਦ, ਜਿਸ ਨੂੰ ਸਲਮਾਨ ਹੋਰੀਂ ‘ਹਾਜੀ ਸਾਹਿਬ’ ਵੀ ਕਹਿੰਦੇ ਹਨ (ਮੇਰਾ ਖਿਆਲ ਹੈ ਕਿ ਜਦੋਂ ਕੋਈ ਮੱਕੇ ਦਾ ਹੱਜ ਕਰਕੇ ਆਉਂਦਾ ਹੈ ਤਾਂ ਉਸ ਦੇ ਨਾਂ ਨਾਲ ‘ਹਾਜੀ’ ਲੱਗ ਜਾਂਦਾ ਹੈ), ਆਪਣੇ ਦੋ ਪੋਤਿਆਂ, ਜਿਨ੍ਹਾਂ ਦੀ ਉਮਰ 11 ਤੇ 13 ਸਾਲ ਹੈ, ਨਾਲ ਮੋਟਰਸਾਈਕਲ ‘ਤੇ ਆ ਗਿਆ| ਅੱਜ ਉਹ ਪੱਗ ਬੰਨ੍ਹਣੀ ਸਿੱਖਣ ਦਾ ਪੱਕਾ ਇਰਾਦਾ ਕਰਕੇ ਆਇਆ ਸੀ| ਅਸੀਂ ਨਾਸ਼ਤਾ ਕਰਕੇ ਵਾਪਸ ਸਮੇਂ ਸਿਰ ਆਉਣ ਦੀ ਕਾਹਲ ਵਿਚ ਸਾਂ; ਇਸ ਲਈ ਉਸ ਨੂੰ ਸਾਡੇ ਨਾਲ ਹੀ ਨੇੜੇ ਪੈਂਦੇ ਰੈਸਟੋਰੈਂਟ ਵਿਚ ਚੱਲਣ ਲਈ ਕਹਿ ਦਿੱਤਾ| ਸਲਮਾਨ ਦੇ ਮਾਮਿਆਂ ਦੀ ਜ਼ਮੀਨ ਡਿਫੈਂਸ ਕਾਲੋਨੀ ਵਿਚ ਆਉਣ ਕਰਕੇ ਸਭ ਨੇ ਉਥੇ ਹੀ ਆਸ-ਪਾਸ ਘਰ ਬਣਾਏ ਹੋਏ ਹਨ| ਉਸ ਨੇ ਆਪਣੇ ਪੋਤੇ ਉਥੋਂ ਹੀ ਵਾਪਸ ਭੇਜ ਦਿਤੇ ਅਤੇ ਆਪ ਸਾਡੇ ਨਾਲ ਗੱਡੀ ਵਿਚ ਆ ਗਿਆ| ਜਦੋਂ ਮੈਂ ਪੁੱਛਿਆ ਕਿ ਪੋਤੇ ਕਿਸ ਨਾਲ ਵਾਪਸ ਗਏ ਨੇ? ਤਾਂ ਕਹਿੰਦਾ, “ਵੱਡਾ ਮੋਟਰ ਸਾਈਕਲ ਚਲਾ ਕੇ ਲੈ ਗਿਆ|”
ਮੈਂ ਇੱਕ ਦਮ ਪ੍ਰੇਸ਼ਾਨ ਹੋ ਕੇ ਪੁੱਛਿਆ, “ਉਹ ਮੋਟਰ ਸਾਈਕਲ ਚਲਾ ਲੈਂਦੈ?” ਕਹਿੰਦਾ, “ਆਹੋ, ਉਹ ਤਾਂ ਹਵਾਈ ਜਹਾਜ ਵੀ ਚਲਾ ਲਊ| ਬਹੁਤ ਤੇਜ਼ ਆ ਜੀ|” ਮੈਂ ਸੋਚਿਆ ਸਾਡੇ ਪੰਜਾਬ ਦੇ ਮੁੰਡਿਆਂ ਦਾ ਹੀ ਨਹੀਂ, ਪਕਿਸਤਾਨ ਦੇ ਪੰਜਾਬੀਆਂ ਦਾ ਵੀ ਉਹੀ ਹਾਲ ਹੈ; ਜੰਮਦੇ ਹੀ ਪਹਿਲਾਂ ਮੋਟਰ ਸਾਈਕਲਾਂ ਨੂੰ ਹੱਥ ਪਾਉਂਦੇ ਨੇ| ਨਾਸ਼ਤਾ ਤਿਆਰ ਹੁੰਦੇ ਤੱਕ ਗਿੱਲ ਸਾਹਿਬ ਨੇ ਆਪਣੀ ਇੱਕ ਪੱਗ ਲੈ ਕੇ ਉਸ ਨੂੰ ਬੰਨ੍ਹਣੀ ਦੱਸੀ ਅਤੇ ਨਾਲ ਹੀ ਉਸ ਨੂੰ ਹਦਾਇਤ ਕੀਤੀ ਕਿ ਪੱਗ ਬੰਨ੍ਹੀ ਰੱਖੇ ਅਤੇ ਬੰਨ੍ਹਣ ਦਾ ਅਭਿਆਸ ਕਰਦਾ ਰਹੇ|
ਨਾਸ਼ਤਾ ਖਤਮ ਕਰਕੇ ਅਸੀਂ ਵਾਘਾ ਸਰਹੱਦ ਵੱਲ ਚੱਲ ਪਏ, ਪੁਲਿਸ ਪਾਰਟੀ ਸਾਡੇ ਨਾਲ ਸੀ| ਨਾਕੇ ‘ਤੇ ਆ ਕੇ ਉਨ੍ਹਾਂ ਨੇ ਪੁਲਿਸ ਪਾਰਟੀ ਪਿੱਛੇ ਮੋੜ ਦਿੱਤੀ ਅਤੇ ਸਪੈਸ਼ਲ ਆਗਿਆ ਹੋਣ ਕਰਕੇ ਸਾਡੀ ਗੱਡੀ ਇਕੱਲੇ ਡਰਾਈਵਰ ਮਨਜ਼ੂਰ ਭਾਈ ਨਾਲ ਅੱਗੇ ਲੰਘਣ ਦਿੱਤੀ| ਅਸੀਂ ਉਥੋਂ ਹੀ ਸਲਮਾਨ ਅਤੇ ਵੱਕਾਰ ਗਿੱਲ ਨੂੰ ਪਿਆਰ ਦੇ ਕੇ ਮੋੜ ਦਿਤਾ| ਹੋਰ ਬਹੁਤ ਸਾਰੇ ਚੰਗੇ ਅਤੇ ਖੁਸ਼ਗਵਾਰ ਅਹਿਸਾਸਾਂ ਦੇ ਨਾਲ ਨਾਲ ਮੈਂ ਇੱਕ ਨਵਾਂ ਰਿਸ਼ਤਾ ‘ਦਾਦੋ’ ਵੀ ਲੈ ਕੇ ਵਾਪਸ ਆ ਰਹੀ ਸਾਂ| ਪਹਿਲੇ ਦਿਨ ਹੀ ਵਾਘਾ ਸਰਹੱਦ ਤੋਂ ਡੇਰਾ ਚਾਹਲ ਹੁੰਦਿਆਂ ਰਿਹਾਇਸ਼ ਤੱਕ ਪਹੁੰਚਦੇ ਪਹੁੰਚਦੇ ਸਲਮਾਨ ਸਾਡੇ ਨਾਲ ਖਾਸਾ ਘੁਲ-ਮਿਲ ਗਿਆ ਸੀ| ਇਸ ਦੌਰਾਨ ਉਸ ਨੇ ਆਪਣੇ ਆਪ ਨੂੰ ਅਨੀਸ ਦੀ ਥਾਂ ਰੱਖਦਿਆਂ ਹਰਜੀਤ ਸਿੰਘ ਗਿੱਲ ਨੂੰ ‘ਅੱਬਾ’ ਅਤੇ ਮਿਸਿਜ਼ ਸੁਖਵੀਰ ਕੌਰ ਗਿੱਲ ਨੂੰ ‘ਅੰਮੀ’ ਕਹਿਣਾ ਸ਼ੁਰੂ ਕਰ ਦਿੱਤਾ ਸੀ| ਮੈਨੂੰ ਕਹਿਣ ਲੱਗਾ, “ਹੁਣ ਤੁਹਾਨੂੰ ਮੈਂ ਕੀ ਕਹਿ ਕੇ ਬੁਲਾਵਾਂ? ਕੀ ਮੈਂ ‘ਦਾਦੋ’ ਬੁਲਾ ਲਵਾਂ?” ਮੈਂ ਹੱਸ ਕੇ ਕਿਹਾ ਕਿ ਉਹ ‘ਦਾਦੋ’ ਬੁਲਾ ਸਕਦੈ| ਭਾਵੇਂ ਸਿਮਰ ਅਤੇ ਜੋਤੀ ਨੂੰ ਇਹ ਗੱਲ ਬਹੁਤੀ ਚੰਗੀ ਨਹੀਂ ਲੱਗੀ, ਕਿਉਂਕਿ ਉਸ ਦੀ ਰੀਸ ਉਸ ਦੇ ਸਾਰੇ ਭੈਣ-ਭਰਾ ‘ਦਾਦੋ’ ਕਹਿਣ ਲੱਗ ਪਏ; ਕਹਿੰਦੀਆਂ, “ਐਵੇਂ ਸਾਡੀ ਆਂਟੀ ਨੂੰ ਮੱਲੋ ਮੱਲੀ ਸਭ ਦੀ ਦਾਦੋ ਬਣਾ ਦਿੱਤਾ| ਇਹ ਕੀ ਗੱਲ ਹੋਈ ਭਲਾਂ?”
ਸਿਕਿਉਰਿਟੀ ‘ਤੇ ਆ ਕੇ ਗੱਡੀ ਰੁਕੀ ਤਾਂ ਮਨਜ਼ੂਰ ਭਾਈ ਨੂੰ ਵੀ ਗੱਡੀ ਮੋੜ ਕੇ ਲੈ ਜਾਣ ਲਈ ਅਲਵਿਦਾ ਕਹਿ ਦਿਤੀ| ਔਰਤਾਂ ਵਾਲੀ ਕੈਬਿਨ ਵਿਚ ਕੋਈ 6 ਫੁੱਟ ਨੂੰ ਢੁਕਦੀ ਉਚੀ-ਲੰਬੀ ਬਹੁਤ ਹੀ ਸੁਨੱਖੀ ਪਾਕਿਸਤਾਨੀ ਕੁੜੀ ਸਿਕਿਉਰਿਟੀ ਚੈੱਕ ਕਰ ਰਹੀ ਸੀ| ਸਭ ਤੋਂ ਪਹਿਲਾਂ ਮੈਂ ਸਿਕਿਉਰਿਟੀ ਲਈ ਉਸ ਨਾਲ ਗਈ ਤਾਂ ਬੜੇ ਪਿਆਰ ਨਾਲ ਸੁਆਗਤ ਕੀਤਾ ਅਤੇ ਨਾਲ ਹੀ ਬੋਲੀ, “ਆਂਟੀ ਜੀ! ਪਟਿਆਲਾਸ਼ਾਹੀ ਸਲਵਾਰ ਬਹੁਤ ਚੰਗੀ ਲਗਦੀ ਹੈ|” ਮੈਂ ਅੱਗੋਂ ਮੁਸਕਰਾ ਕੇ ਕਿਹਾ, “ਤੁਹਾਡਾ ਕੱਦ ਬਹੁਤ ਸੁਹਣਾ ਲੱਗਾ ਮੈਨੂੰ|” ਅੱਗੋਂ ਉਹ ਬੋਲੀ, “ਨਹੀਂ ਆਂਟੀ ਜੀ, ਏਨਾ ਲੰਮਾ ਵੀ ਨਹੀਂ ਹੋਣਾ ਚਾਹੀਦਾ|”
ਪਹਿਲਾਂ ਵਾਂਗ ਹੀ ਪਾਕਿਸਤਾਨ ਵਾਲੇ ਪਾਸੇ ਸਾਨੂੰ ਕੋਈ ਦੇਰ ਨਾ ਲੱਗੀ| ਉਥੇ ਹੀ ਸਿੰਘ ਸਾਹਿਬ ਜਥੇਦਾਰ ਹਰਪ੍ਰੀਤ ਸਿੰਘ ਪਾਕਿਸਤਾਨ ਵੱਲ ਜਾਣ ਲਈ ਕੁਝ ਹੋਰ ਸਾਥੀਆਂ ਨਾਲ ਖੜ੍ਹੇ ਸਨ| ਅੱਗੇ ਹੋ ਕੇ ਆਪਣਾ ਅਤੇ ਹਰਜੀਤ ਸਿੰਘ ਦਾ ਤੁਆਰਫ ਕਰਾਇਆ ਅਤੇ ਫਤਿਹ ਬੁਲਾਈ| ਭਾਰਤ ਵਾਲੇ ਪਾਸੇ ਫਿਰ ਉਹੀ ਦੇਰੀ ਵਾਲਾ ਮਾਹੌਲ ਸੀ| ਸਿਕਿਉਰਿਟੀ ਚੈੱਕ ਵਾਲੀ ਮਸ਼ੀਨ ਵਿਚੋਂ ਸਮਾਨ ਕੱਢਦਿਆਂ ਉਨ੍ਹਾਂ ਮੇਰੇ ਅਟੈਚੀ ‘ਤੇ ਚਿੱਟਾ ਕਾਟੇ ਦਾ ਨਿਸ਼ਾਨ ਲਾ ਦਿਤਾ, ਜਿਸ ਨੇ ਮੈਨੂੰ ਪ੍ਰੇਸ਼ਾਨ ਕਰ ਦਿਤਾ ਕਿ ਇਨ੍ਹਾਂ ਇਉਂ ਕਿਉਂ ਕੀਤਾ ਹੈ? ਅਸਲ ਵਿਚ ਮੈਂ ਜਿੰਨੀ ਵੀ ਸਭ ਲਈ ਆਰਟੀਫਿਸ਼ਲ ਜਿਊਲਰੀ ਖਰੀਦੀ ਸੀ, ਉਹ ਦੁਕਾਨਦਾਰ ਤੋਂ ਗੱਤੇ ਦੇ ਬਣੇ ਇੱਕ ਡੱਬੇ ਵਿਚ ਪੈਕ ਕਰਵਾ ਲਈ ਸੀ| ਕਸਟਮ ਅਫਸਰ ਨੇ ਸੂਟਕੇਸ ਖੋਲ੍ਹ ਕੇ ਉਸੇ ਡੱਬੇ ਨੂੰ ਹੀ ਹੱਥ ਪਾਇਆ| ਮੈਂ ਵੀ ਅੱਗੋਂ ਕਹਿ ਦਿੱਤਾ, “ਦੇਖ ਲਵੋ, ਆਰਟੀਫਿਸ਼ਲ ਜਿਊਲਰੀ ਹੈ|”
ਕਸਟਮ ਤੋਂ ਫਾਰਗ ਹੋ ਕੇ ਬੱਸ ਰਾਹੀਂ ਅਟਾਰੀ ਵਾਲੇ ਪਾਸੇ ਬਾਹਰ ਆਏ ਤਾਂ ਅੱਗੇ ਹਰਜੀਤ ਸਿੰਘ ਦਾ ਜੁਆਈ, ਸਿਮਰ ਦਾ ਪਤੀ ਗੁਰਪ੍ਰੀਤ ਸਿੰਘ ਗੱਡੀ ਲੈ ਕੇ ਆਇਆ ਹੋਇਆ ਸੀ| ਹਰਜੀਤ ਸਿੰਘ ਨੇ ਮੈਨੂੰ ਪਹਿਲਾਂ ਹੀ ਪੁੱਛ ਰੱਖਿਆ ਸੀ ਕਿ ਕੀ ਮੈਂ ਗੁਰੂ ਕੇ ਬਾਗ ਗੁਰਦੁਆਰਾ ਸਾਹਿਬ ਕਦੀ ਗਈ ਹਾਂ? ਮੈਂ ਦੱਸਿਆ ਸੀ ਕਿ ਮੈਨੂੰ ਕਦੀ ਮੌਕਾ ਨਹੀਂ ਮਿਲਿਆ ਦਰਸ਼ਨ ਕਰਨ ਦਾ| ਘਰ ਪਹੁੰਚ ਕੇ ਚਾਹ-ਪਾਣੀ ਛਕਿਆ, ਕੁਝ ਦੇਰ ਪਿੱਛੋਂ ਹੀ ਬੱਚੇ ਘੁੰਮਣ-ਫਿਰਨ ਚਲੇ ਗਏ ਅਤੇ ਮੈਂ ਹਰਜੀਤ ਸਿੰਘ ਅਤੇ ਸੁਖਵੀਰ ਕੌਰ ਨਾਲ ਗੁਰੂ ਕੇ ਬਾਗ ਚਲੀ ਗਈ| ਗਿੱਲ ਪਰਿਵਾਰ ਦੇ ਜੱਦੀ ਪਿੰਡ ਜਗਦੇਵ ਕਲਾਂ ਵਿਚੋਂ ਹੁੰਦਿਆਂ ਅਸੀਂ ਗੁਰੂ ਕਾ ਬਾਗ ਪਹੁੰਚੇ| ਇੱਕ ਪਾਸੇ ਗੁਰੂ ਅਰਜਨ ਦੇਵ ਪਾਤਿਸ਼ਾਹ ਦੀ ਯਾਦ ਵਿਚ ਅਤੇ ਦੂਜੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ। ਦੋਹਾਂ ਗੁਰਦੁਆਰਿਆਂ ਦੇ ਵਿਚਾਲੇ ਵਿਸ਼ਾਲ ਸਰੋਵਰ ਹੈ| ਉਸ ਦਿਨ ਪ੍ਰਤੀਕ ਸਿੰਘ (ਹਰਜੀਤ ਸਿੰਘ ਦਾ ਪੁੱਤਰ) ਦਾ ਜਨਮ ਦਿਨ ਵੀ ਸੀ| ਇਸ ਲਈ ਰਾਤ ਦੇ ਖਾਣੇ ਵਿਚ ਕੁਝ ਬਹੁਤ ਕਰੀਬੀ ਪਰਿਵਾਰ ਵੀ ਸੱਦੇ ਹੋਏ ਸਨ|
ਦੂਜੇ ਦਿਨ ਹਰਜੀਤ ਸਿੰਘ ਹੋਰਾਂ ਨਾਲ ਜਾ ਕੇ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਫਿਰ ਟੈਕਸੀ ਕਰਕੇ 12 ਕੁ ਵਜੇ ਕੰਮੋਕੇ ਪਹੁੰਚ ਗਈ| ਦਲਬੀਰ ਤੇ ਛਿੰਦਾ ਮੇਰੀ ਉਡੀਕ ਕਰ ਰਹੇ ਸਨ| 20 ਤੋਂ 23 ਫਰਵਰੀ ਤੱਕ ਪਿੰਡ ਰਹੀ| ਛਿੰਦਾ ਇਸ ਵਾਰ ਬਹੁਤ ਹੀ ਖੁਸ਼ ਸੀ| ਉਹ ਸਵੇਰੇ ਬਹੁਤ ਹੀ ਜਲਦੀ ਉਠ ਖੜ੍ਹਦਾ ਸੀ ਅਤੇ ਮੈਂ ਵੀ, ਜਿਸ ਦਿਨ ਦੀ ਕੈਨੇਡਾ ਤੋਂ ਆਈ ਸਾਂ ਚਾਰ ਵਜੇ ਹੀ ਮੇਰੀ ਜਾਗ ਖੁੱਲ੍ਹ ਜਾਂਦੀ ਸੀ| ਸਵੇਰੇ ਉਸ ਨੇ ਚਾਹ ਬਣਾ ਲੈਣੀ ਅਤੇ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਚਾਹ ਦੇ ਕੱਪ ਖਤਮ ਕਰਨੇ| ਉਨ੍ਹੀਂ ਦਿਨੀਂ ਠੰਢ ਤਾਂ ਭਾਵੇਂ ਕਾਫੀ ਸੀ, ਪਰ ਧੁੱਪ ਚੰਗੀ ਨਿਕਲਦੀ ਰਹੀ| ਤਿੰਨ-ਚਾਰ ਦਿਨ ਖੂਬ ਧੁੱਪ ਵੀ ਸੇਕੀ ਅਤੇ ਗੱਲਾਂ ਵੀ ਕੀਤੀਆਂ, ਪਰ ਇਹ ਚਿੱਤ ਚੇਤੇ ਵੀ ਨਹੀਂ ਸੀ ਕਿ ਬੀਜੀ ਦੇ ‘ਛਿੰਦ’ ਨਾਲ ਇਹ ਆਖਰੀ ਮੁਲਾਕਾਤ ਹੈ| ਮੇਰੇ ਭਤੀਜੇ ਦੇ ਪੁੱਤਰ ਜੁਗਰਾਜ ਦੀ ਵਹੁਟੀ ਆਪਣੀਆਂ ਹੋਰ ਸਹੇਲੀਆਂ ਨਾਲ ਆਪਣੀ ਬੁਤਾਲੇ ਵਾਲੀ ਸਹੇਲੀ ਦੇ ਭਾਈ ਦਾ ਵਿਆਹ ਦੇਖਣ ਆਈ ਸੀ| ਜੁਗਰਾਜ ਸਾਨੂੰ ਦੋਹਾਂ ਨੂੰ ਲੈਣ ਆਇਆ ਸੀ| ਫਰਵਰੀ 23 ਨੂੰ ਰਾਤੀਂ ਆਪਣੇ ਪਿੰਡ ਪਹੁੰਚੇ ਅਤੇ 24 ਨੂੰ ਪਟਿਆਲੇ ਲਈ ਰਵਾਨਾ ਹੋ ਗਏ|
ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ 25 ਤੋਂ 27 ਫਰਵਰੀ ਤੱਕ ਤਿੰਨ ਰੋਜ਼ਾ ‘ਆਲਮੀ ਪੰਜਾਬੀ ਕਾਨਫਰੰਸ’ ਰੱਖੀ ਹੋਈ ਸੀ ਅਤੇ ਡਾ. ਸਰਬਜਿੰਦਰ ਸਿੰਘ ਨੇ ਬਤੌਰ ਪਬਲੀਕੇਸ਼ਨ ਬਿਊਰੋ ਮੁਖੀ ‘ਪੁਸਤਕ ਮੇਲਾ’ ਲਾਇਆ ਸੀ| ਪੰਜਾਬੀ ਸਾਹਿਤ ਅਧਿਐਨ ਵਿਭਾਗ ਨੇ ਮੈਨੂੰ 26 ਫਰਵਰੀ ਲਈ ‘ਵਿਸੇ.ਸ਼ ਮਹਿਮਾਨ’ ਵਜੋਂ ਸਤਿਕਾਰ ਦਿੱਤਾ| ਸੈਨੇਟ ਹਾਲ ਦੀ ਜਿਸ ਸਟੇਜ ਤੋਂ ਮੈਂ ਗੁਰੂ ਗ੍ਰੰਥ ਸਾਹਿਬ ਵਿਭਾਗ ਦੀ ਮੁਖੀ ਹੋਣ ਦੇ ਨਾਤੇ ਏਨੀ ਵਾਰੀ ਸੈਮੀਨਾਰ, ਗੁਰੂ ਨਾਨਕ ਯਾਦਗਾਰੀ ਵਿਖਿਆਨ, ਗੁਰੂ ਤੇਗ ਬਹਾਦਰ ਯਾਦਗਾਰੀ ਵਿਖਿਆਨ ਕਰਵਾਏ ਸਨ; ਅੱਜ ਉਸੇ ਸਟੇਜ ‘ਤੇ ਮੈਂ ਇੱਕ ਮਹਿਮਾਨ ਵਜੋਂ ਬੈਠੀ ਸਾਂ। ਪੁਸਤਕਾਂ ਦੇ ਸੈੱਟ ਅਤੇ ਫੁਲਕਾਰੀ ਨਾਲ ਡਾ. ਭੀਮਇੰਦਰ ਸਿੰਘ ਅਤੇ ਸਟਾਫ ਨੇ ਮੇਰਾ ਸਤਿਕਾਰ ਕੀਤਾ| ਪੁਰਾਣੇ ਸਾਥੀਆਂ ਨੂੰ ਮਿਲ ਕੇ ਬਹੁਤ ਹੀ ਖੁਸ਼ੀ ਹੋਈ| ਪੰਜਾਬੀ ਦੇ ਸਤਿਕਾਰਤ ਸਾਹਿਤਕਾਰ, ਕਵੀ ਡਾ. ਸੁਰਜੀਤ ਪਾਤਰ ਅਤੇ ਡਾ. ਜਗਬੀਰ ਸਿੰਘ ਦਿੱਲੀ ਵਾਲਿਆਂ ਨਾਲ ਬੜੀ ਮੁੱਦਤ ਬਾਅਦ ਮੁਲਾਕਾਤ ਹੋਈ ਸੀ| ਡਾ. ਸਰਬਜਿੰਦਰ ਸਿੰਘ ਨਾਲ ਘੁੰਮ ਫਿਰ ਕੇ ਪੁਸਤਕ ਮੇਲੇ ਦਾ ਅਨੰਦ ਮਾਣਿਆ, ਕੁਝ ਪੁਸਤਕਾਂ ਖਰੀਦੀਆਂ ਅਤੇ ਘਰ ਜਾ ਕੇ ਭੂਆ ਜੀ ਅਤੇ ਬਿਮਲਜੀਤ (ਮਿਸਿਜ਼ ਸਰਬਜਿੰਦਰ ਸਿੰਘ) ਨੂੰ ਮਿਲੀ|
28 ਫਰਵਰੀ ਨੂੰ ਡਾ. ਜਸਵੀਰ ਕੌਰ ਨੇ ਮੇਰਾ ਗੁਰਮਤਿ ਕਾਲਜ ਵਿਚ ਭਾਸ਼ਣ ਰੱਖ ਲਿਆ| ਇੱਥੇ ਵੀ ਪਟਿਆਲੇ ਦਾ ਖਾਸ ਤੋਹਫਾ ਫੁਲਕਾਰੀ ਅਤੇ ‘ਗੁਰੂ ਨਾਨਕ ਫਾਊਂਡੇਸ਼ਨ’ ਵੱਲੋਂ ਛਪੀਆਂ ਕਿਤਾਬਾਂ ਦਾ ਸੈੱਟ ਸਟਾਫ ਅਤੇ ਵਿਦਿਆਰਥੀਆਂ ਨੇ ਦਿੱਤਾ| ਪਿੰਡ ਵਾਪਸ ਆ ਕੇ ਰਿਸ਼ਤੇਦਾਰੀਆਂ ਵਿਚ ਮਿਲ-ਮਿਲਾ ਕੇ 6 ਮਾਰਚ ਨੂੰ ਫਿਰ ਡਾ. ਉਂਕਾਰ ਸਿੰਘ ਦੀ ਨਵੀਂ ਛਪੀ ਪੁਸਤਕ ‘ਅਰਦਾਸ’ ਨੂੰ ਸੰਗਤ ਦੇ ਅਰਪਣ ਕਰਨ ਦਾ ਪ੍ਰੋਗਰਾਮ ਡਾ. ਬਲਕਾਰ ਸਿੰਘ ਦੇ ਨਵੇਂ ਵਿਭਾਗ ‘ਪੰਜਾਬੀ ਕੇਂਦਰ’ ਵਿਚ ਰੱਖਿਆ ਹੋਇਆ ਸੀ| ਇਥੇ ਸਾਬਕਾ ਜਥੇਦਾਰ ਭਾਈ ਮਨਜੀਤ ਸਿੰਘ ਨਾਲ ਸਟੇਜ ਸਾਂਝੀ ਕੀਤੀ| ਪ੍ਰੋ. ਕੁਲਵੰਤ ਸਿੰਘ ਗਰੇਵਾਲ, ਡਾ. ਹਰੀ ਸਿੰਘ ਬੋਪਾਰਾਏ, ਸ਼ ਦਲੀਪ ਸਿੰਘ ਉਪਲ, ਡਾ. ਮਨਜੀਤ ਸਿੰਘ ਅਤੇ ਡਾ. ਕੇਹਰ ਸਿੰਘ ਹੋਰਾਂ ਸਭ ਨਾਲ ਮਿਲ ਬੈਠਣ ਦਾ ਮੌਕਾ ਮਿਲਿਆ|
ਮੇਰੀ ਭਾਰਤ ਤੋਂ ਵਾਪਸੀ 9 ਮਾਰਚ ਦੀ ਸੀ| ਵਾਪਸ ਆਉਣ ਵੇਲੇ ਤੱਕ ‘ਕੋਵਿਡ-19’ ਨੇ ਸਾਰੇ ਸੰਸਾਰ ਨੂੰ ਕਾਫੀ ਭੈਭੀਤ ਕਰ ਦਿੱਤਾ ਸੀ| ਮੇਰਾ ਭਤੀਜਾ ਦਲੀਪ ਸਿੰਘ ਲੁਧਿਆਣੇ ਤੋਂ ਮੇਰੇ ਲਈ ਮਾਸਕ ਖਰੀਦ ਕੇ ਲਿਆਇਆ ਅਤੇ ਯੁਗਰਾਜ ਸੈਨੇਟਾਈਜ਼ਰ ਦੀਆਂ ਦੋ ਛੋਟੀਆਂ ਸ਼ੀਸ਼ੀਆਂ, ਜੋ ਭਾਵੇਂ ਮੇਰੇ ਕੋਲ ਦੋ ਕੁ ਪਹਿਲਾਂ ਹੀ ਸਨ; ਪਰ ਖਬਰਾਂ ਸਨ ਕਿ ਕੈਨੇਡਾ ਵਿਚ ਸੈਨੇਟਾਈਜ਼ਰ ਬਹੁਤ ਔਖਾ ਮਿਲ ਰਿਹਾ ਹੈ| ਯੁਗਰਾਜ ਮੈਨੂੰ ਦਿੱਲੀ ਏਅਰਪੋਰਟ ‘ਤੇ ਚੜ੍ਹਾਉਣ ਆਇਆ, ਪਰ ਚਾਰ-ਚੁਫੇਰੇ ਇੱਕ ਅਜੀਬ ਕਿਸਮ ਦੀ ਦਹਿਸ਼ਤ ਸੀ| ਬਹੁਤੇ ਲੋਕ ਮੂੰਹ ‘ਤੇ ਮਾਸਕ ਪਾਈ ਫਿਰਦੇ ਸਨ| ਅੰਮ੍ਰਿਤਾ ਨੇ ਖਾਸ ਹਦਾਇਤਾਂ ਕੀਤੀਆਂ ਸਨ ਕਿ ਸੈਨੇਟਾਈਜ਼ਰ ਨਾਲ ਹੱਥ ਵਾਰ ਵਾਰ ਸਾਫ ਕਰਾਂ ਅਤੇ ਜਹਾਜ ਦੀ ਸੀਟ ‘ਤੇ ਵੀ ਛਿੜਕਾਂ| ਵਾਪਸੀ ‘ਤੇ ਦਿੱਲੀ ਤੋਂ ਦੁੱਬਈ ਤੱਕ ਏਅਰ-ਇੰਡੀਆ ‘ਤੇ ਆਉਣਾ ਸੀ ਅਤੇ ਦੁੱਬਈ ਤੋਂ ਏਅਰ-ਕੈਨੇਡਾ ‘ਤੇ|
ਦੁੱਬਈ ਉਤਰਨ ‘ਤੇ ਜੋ ਨੌਜੁਆਨ ਵ੍ਹੀਲਚੇਅਰ ਲਿਜਾ ਰਿਹਾ ਸੀ, ਬੜੀ ਸੁਹਣੀ ਪੰਜਾਬੀ ਬੋਲਦਾ ਸੀ; ਜਿਸ ਨੇ ਪੁੱਛਣ ‘ਤੇ ਦੱਸਿਆ ਕਿ ਉਹ ਲਹਿੰਦੇ ਪੰਜਾਬ ਤੋਂ ਹੈ| ਉਥੇ ਹਿੰਦੀ ਬੋਲਦੇ ਨੇਪਾਲੀ ਮੁੰਡੇ-ਕੁੜੀਆਂ ਅਤੇ ਪੰਜਾਬੀ ਬੋਲਦੇ ਪਾਕਿਸਤਾਨੀ ਆਮ ਕੰਮ ਕਰਦੇ ਮਿਲ ਜਾਂਦੇ ਹਨ| ਜਹਾਜ ਚੜ੍ਹਨ ਵੇਲੇ ਵ੍ਹੀਲਚੇਅਰ ਵਾਲਾ ਲੜਕਾ ਹਿੰਦੀ ਬੋਲ ਰਿਹਾ ਸੀ, ਜੋ ਦੇਖਣ ਨੂੰ ਦੱਖਣੀ ਭਾਰਤ ਦਾ ਲਗਦਾ ਸੀ| ਉਸ ਨੇ ਦੱਸਿਆ ਕਿ ਉਹ ਕੇਰਲਾ ਤੋਂ ਹੈ ਅਤੇ ਪੰਜਾਬ ਦੀ ਲਵਲੀ ਯੂਨੀਵਰਸਿਟੀ, ਜਲੰਧਰ ਤੋਂ ਬੀ. ਟੈੱਕ ਦੀ ਡਿਗਰੀ ਕੀਤੀ ਹੈ| ਭਾਰਤ ਵਿਚ ਨੌਕਰੀ ਮਿਲਦੀ ਨਹੀਂ ਸੀ ਤੇ ਜੇ ਕੋਈ ਪ੍ਰਾਈਵੇਟ ਫਰਮ ਨੌਕਰੀ ਦੀ ਪੇਸ਼ਕਸ਼ ਕਰਦੀ ਸੀ ਤਾਂ ਬਹੁਤ ਹੀ ਘੱਟ ਤਨਖਾਹ ‘ਤੇ| ਇਸੇ ਲਈ ਉਹ ਇਥੇ ਦੁੱਬਈ ਏਅਰਪੋਰਟ ‘ਤੇ ਵ੍ਹੀਲਚੇਅਰ ਖਿੱਚਣ ਦਾ ਕੰਮ ਕਰ ਰਿਹਾ ਸੀ| ‘ਮਨ ਕੀ ਬਾਤ’ ਕਰਨ ਵਾਲੇ ਲੀਡਰਾਂ ਨੂੰ ਇਸ ਗੱਲ ਦੀ ਕੋਈ ਸ਼ਰਮ ਨਹੀਂ ਆਉਂਦੀ ਕਿ ਉਨ੍ਹਾਂ ਦੇ ਨੌਜੁਆਨ ਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ ਵੀ ਵਿਦੇਸ਼ਾਂ ਵਿਚ ਏਅਰਪੋਰਟਾਂ ‘ਤੇ ਵ੍ਹੀਲਚੇਅਰਾਂ ਖਿੱਚਣ ਦਾ ਕੰਮ ਕਰ ਰਹੇ ਹਨ| ਇਥੇ ਵੀ ਲੁਫਥਾਂਸਾ ਏਅਰਲਾਈਨ ਵਾਲੀ ਹੀ ਹੋਈ| ਫਲਾਈਟ ਸ਼ਾਇਦ ਰਾਤ ਦੇ 10 ਵੱਜ ਕੇ 10 ਮਿੰਟ ‘ਤੇ ਜਾਣੀ ਸੀ| ਜਹਾਜ ਵਿਚ ਬੈਠ ਗਏ ਤਾਂ ਪਤਾ ਲੱਗਾ ਕਿ ਕੋਈ ਤਕਨੀਕੀ ਖ਼ਰਾਬੀ ਹੈ, ਜਿਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਰਾਤ ਕਰੀਬ ਡੇਢ ਵਜੇ ਯਾਨਿ ਅਗਲੀ ਸਵੇਰ ਜਹਾਜ ਖਾਲੀ ਕਰਨ ਲਈ ਕਹਿ ਦਿੱਤਾ, ਕਿਉਂਕਿ ਨੁਕਸ ਠੀਕ ਨਹੀਂ ਸੀ ਹੋ ਰਿਹਾ|
ਜਹਾਜ ਵਿਚੋਂ ਉਤਰ ਕੇ ਵ੍ਹੀਲਚੇਅਰ’ਤੇ ਧੂਹ-ਘੜੀਸ ਕਰਦਿਆਂ ਬੈਲਟਾਂ ਤੋਂ ਸਮਾਨ ਲੈਣ ਗਏ, ਜਿੱਥੇ ਕਈ ਘੰਟੇ ਲੱਗ ਗਏ, ਕਿਉਂਕਿ ਹਰ ਇੱਕ ਦਾ ਕੋਈ ਅਟੈਚੀ ਕਿਸੇ ਬੈਲਟ ‘ਤੇ ਆ ਰਿਹਾ ਸੀ, ਕੋਈ ਕਿਸੇ ‘ਤੇ| ਸਮਾਨ ਲੈ ਕੇ ਦੁੱਬਈ ਦਾ ਵੀਜ਼ਾ ਲੈਣ ਲਈ ਕਤਾਰਾਂ ਵਿਚ ਆ ਗਏ| ਸਭ ਕੁਝ ਕਰਦਿਆਂ-ਕਰਾਉਂਦਿਆਂ ਬੱਸਾਂ ਰਾਹੀਂ ਕਰੀਬ ਸਵੇਰ ਦੇ ਪੰਜ ਵਜੇ ਹੋਟਲ ਵਿਚ ਪਹੁੰਚੇ| ਆਪੋ ਆਪਣੇ ਕਮਰਿਆਂ ਦੀਆਂ ਚਾਬੀਆਂ ਲੈ ਕੇ ਕਮਰੇ ਮੱਲੇ| ਗਰਮੀ ਏਨੀ ਲੱਗ ਰਹੀ ਸੀ ਕਿ ਕਮਰੇ ਤੱਕ ਪਹੁੰਚਦਿਆਂ ਮੈਂ ਪਸੀਨੇ ਨਾਲ ਗੜੁੱਚ ਸਾਂ| ਰਾਤ ਦੀ ਰੋਟੀ ਨਾ ਖਾਣ ਕਰਕੇ ਭੁੱਖ ਵੀ ਲੱਗੀ ਹੋਈ ਸੀ| ਕੌਫੀ ਦਾ ਕੱਪ ਬਣਾ ਕੇ ਪੀਤਾ| ਸੱਤ ਕੁ ਵਜੇ ਨਾਸ਼ਤਾ ਕਰਨ ਗਈ ਤੇ ਫਿਰ ਕਮਰੇ ਵਿਚ ਜਾ ਕੇ ਸੌਂ ਗਈ|
ਦੁਪਹਿਰ ਦੇ ਖਾਣੇ ਪਿਛੋਂ ਹੋਟਲ ਵਾਲਿਆਂ ਜਾਣਕਾਰੀ ਦਿੱਤੀ ਕਿ ਢਾਈ ਵਜੇ ਸਮਾਨ ਲੈ ਕੇ ਹੇਠਾਂ ਆ ਜਾਣਾ ਹੈ, ਏਅਰਪੋਰਟ ‘ਤੇ ਪਹੁੰਚਣ ਲਈ| ਸਮਾਨ ਖੁਦ ਹੀ ਲਿਆਉਣਾ ਪੈਣਾ ਸੀ, ਲਿਫਟ ਰਾਹੀਂ ਖਿੱਚ-ਧੂਹ ਕਰਕੇ ਲਿਆਂਦਾ, ਜੋ ਹੋਟਲ ਵਾਲਿਆਂ ਵੈਨ ਵਿਚ ਲੱਦਿਆ ਅਤੇ ਵਾਰੀ ਵਾਰੀ ਸਭ ਨੂੰ ਵੈਨਾਂ ਰਾਹੀਂ ਏਅਰਪੋਰਟ ‘ਤੇ ਛੱਡਿਆ| ਕੋਈ ਦੂਜਾ ਜਹਾਜ ਮੰਗਵਾ ਕੇ, ਜੋ ਸ਼ਾਇਦ ਮੈਕਸੀਕੋ ਨੂੰ ਉਡਾਣਾਂ ਭਰਦਾ ਸੀ, ਸਾਨੂੰ ਲੈ ਕੇ ਟੋਰਾਂਟੋ ਲਈ ਨੌਂ ਵਜੇ ਫਲਾਈਟ ਉੜੀ| ਸ਼ੁਕਰ ਕੀਤਾ ਜਦੋਂ ਬੱਚਿਆਂ ਕੋਲ ਪਹੁੰਚੀ| ਕਰੀਬ ਦੋ ਮਹੀਨੇ ਹੋਣ ਵਾਲੇ ਨੇ ਭਾਰਤ ਤੋਂ ਆਇਆਂ, ਪਰ ਆਪਣੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਮਿਲ ਸਕੀ| ‘ਕੋਵਿਡ-19’ ਨੇ ਸਭ ਨੂੰ ਸਿਰਫ ਅਲੱਗ ਥਲੱਗ ਹੀ ਨਹੀਂ ਕੀਤਾ ਸਗੋਂ ਭੈਭੀਤ ਕਰਕੇ ਤਰਥੱਲੀ ਮਚਾ ਦਿੱਤੀ ਹੈ| ਰੱਬ ਖੈਰ ਕਰੇ!