ਦੇਵ ਪੁਰਸ਼ ਫਿਰ ਹਾਰਨਗੇ

ਕਰੋਨਾ ਵਾਇਰਸ ਨੇ ਇਕ ਤਰ੍ਹਾਂ ਨਾਲ ਸਮੁੱਚੀ ਦੁਨੀਆਂ ਨੂੰ ਮਧੋਲ ਸੁੱਟਿਆ ਹੈ ਪਰ ਇਹ ਸਭ ਤੈਅ ਹੈ ਕਿ ਵਿਗਿਆਨ ਨੇ ਇਸ ਦਾ ਤੋੜ ਵੀ ਲੱਭ ਲੈਣਾ ਹੈ ਅਤੇ ਅੰਧ-ਵਿਸ਼ਵਾਸ , ਜੋ ਅਜਿਹੇ ਔਖੇ ਸਮਿਆਂ ਵਿਚ ਅਕਸਰ ਪੈਰ ਪਸਾਰਨ ਲੱਗਦਾ ਹੈ, ਨੂੰ ਹੂੰਝ ਕੇ ਲਾਂਭੇ ਕਰ ਦੇਣਾ ਹੈ। ਇਸ ਬਾਰੇ ਚਰਚਾ ਰਵਿੰਦਰ ਚੋਟ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।

-ਸੰਪਾਦਕ
ਰਵਿੰਦਰ ਚੋਟ
ਫੋਨ: +91-98726-73703
ਇਸ ਸਮੇਂ ਦੁਨੀਆਂ ਦੇ ਬਹੁਤੇ ਹਿੱਸਿਆਂ ਵਿਚ ਨਾਮੁਰਾਦ ਬਿਮਾਰੀ ਕੋਵਿਡ-19 ਨੇ ਪ੍ਰਾਣੀਆਂ ਨੂੰ ਔਖੀ ਘੜੀ ਦੇ ਸਨਮੁਖ ਲਿਆ ਖੜ੍ਹਾ ਕੀਤਾ ਹੈ। ਔਖੀ ਘੜੀ ਸਾਡੇ ਲਈ ਉਦੋਂ ਔਖੀ ਬਣ ਜਾਂਦੀ ਹੈ-ਜਦੋਂ ਸਮੱਸਿਆ ਸਾਡੇ ਵਸੀਲਿਆਂ ਤੋਂ ਬਾਹਰ ਹੋ ਜਾਵੇ, ਸਾਡੀ ਦਲੀਲ ਤਰਕ ਤੋਂ ਊਣੀ ਹੋ ਜਾਵੇ ਅਤੇ ਸਾਨੂੰ ਸਾਰੇ ਦਰਵਾਜੇ ਬੰਦ ਹੋ ਰਹੇ ਮਹਿਸੂਸ ਹੋਣ ਲੱਗ ਪੈਣ। ਸਾਡੇ ਗਿਆਨ-ਵਿਗਿਆਨ ਵੀ ਕੁਦਰਤ ਦੇ ਭੇਤਾਂ ਨੂੰ ਖੋਲ੍ਹਣ ਵਿਚ ਜਦੋ-ਜਹਿਦ ਕਰ ਰਹੇ ਹੋਣ, ਪਰ ਹੱਥ-ਪੱਲੇ ਕੁਝ ਨਾ ਪੈ ਰਿਹਾ ਹੋਵੇ ਤਾਂ ਕਮਜ਼ੋਰ ਮਨੁੱਖੀ ਮਨ, ਚਿੰਤਾ ਵਸ ਗੈਬੀ ਸ਼ਕਤੀਆਂ ਵਲ ਝੁਕਣ ਲਈ ਮਜਬੂਰ ਹੋ ਜਾਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਵਿਗਿਆਨ ਦੇਰ-ਸਵੇਰ ਇਸ ਮਹਾਮਾਰੀ ਦਾ ਇਲਾਜ ਲੱਭ ਕੇ ਇਸ ‘ਤੇ ਕਾਬੂ ਪਾ ਲਵੇਗਾ। ਪਹਿਲਾਂ ਆਈਆਂ ਮਹਾਮਾਰੀਆਂ ਵੇਲੇ ਵੀ ਆਖਰ ਕੋਈ ਨਾ ਕੋਈ ਹੱਲ ਲੱਭਦਾ ਰਿਹਾ ਹੈ, ਪਰ ਕਮਜ਼ੋਰ ਮਨ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਉਹ ਦੇਵੀ-ਦੇਵਤਿਆਂ ਦਾ ਆਸਰਾ ਲੱਭੇ ਜਾਂ ਵਿਗਿਆਨ ਦਾ ਪੱਲਾ ਘੁਟ ਕੇ ਫੜ ਰੱਖੇ। ਭਾਰਤ ਵਿਚ ਤੇਤੀ ਕਰੋੜ ਦੇਵੀ-ਦੇਵਤਿਆਂ ਦਾ ਪ੍ਰਤਾਪ ਮੁੱਢ-ਕਦੀਮ ਤੋਂ ਰਹੱਸ ਬਣਿਆ ਹੋਇਆ ਹੈ। ਇਹ ਰਹੱਸ ਸਾਡੇ ਦੇਸ਼ ਦੇ ਲੋਕ-ਮਨਾਂ ਵਿਚ ਡੂੰਘਾ ਘਰ ਕਰੀ ਬੈਠਾ ਹੈ, ਜੋ ਤਰਕਹੀਣ ਲੋਕਾਂ ਨੂੰ ਭੀੜ ਵੇਲੇ ਆਪਣੇ ਵਲ ਖਿੱਚਦਾ ਰਹਿੰਦਾ ਹੈ।
ਵਿਸ਼ਵਾਸ ਇਕ ਮਨੋਵਿਗਿਆਨਕ ਥੰਮ੍ਹ ਹੈ, ਜਿਸ ‘ਤੇ ਸਾਡੀ ਸ਼ਖਸੀਅਤ ਦਾ ਮਹਿਲ ਟਿਕਿਆ ਹੁੰਦਾ ਹੈ। ਜੇ ਵਿਸ਼ਵਾਸ ਦਾ ਆਧਾਰ ਵਿਗਿਆਨਕ ਹੋਵੇਗਾ ਤਾਂ ਇਹ ਮਨੁੱਖ ਲਈ ਸਕਾਰਾਤਮਕ ਰਸਤੇ ਖੋਲ੍ਹੇਗਾ; ਜੇ ਆਧਾਰ ਅੰਧ-ਵਿਸ਼ਵਾਸ ਹੋਵੇਗਾ ਤਾਂ ਉਹ ਹਨੇਰੀਆਂ ਗੁਫਾਵਾਂ ਵਲ ਲੈ ਜਾਵੇਗਾ। ਅੰਨ੍ਹੀ ਸ਼ਰਧਾ ਵੀ ਮਨੁੱਖ ਲਈ ਵਿਗਿਆਨਕ ਸੋਚ ਅਪਨਾਉਣ ਵਿਚ ਅੜਿੱਕਾ ਬਣ ਖਲੋਂਦੀ ਹੈ। ਸਾਡੇ ਸਭਿਆਚਾਰ ਵਿਚ ਅਸੀਂ ਜੰਮਦੇ ਬੱਚੇ ਦੇ ਮਨ ਵਿਚ ਅਦਿਖ ਡਰ ਭਰਨ ਵਿਚ ਕੋਈ ਕਸਰ ਨਹੀ ਛੱਡਦੇ ਤੇ ਵੱਡੇ ਹੋਣ ‘ਤੇ ਉਸ ਦੀ ਸ਼ਖਸੀਅਤ ਦਾ ਵੱਡਾ ਹਿੱਸਾ ਅੰਨ੍ਹੀ ਸ਼ਰਧਾ, ਅੰਧ-ਵਿਸ਼ਵਾਸ ਤੇ ਅਵਿਗਿਆਨਕ ਸੋਚ ਨੇ ਮੱਲਿਆ ਹੁੰਦਾ ਹੈ। ਇਸ ਵਿਚ ਮੀਡੀਆ ਅਤੇ ਸੋਸ਼ਲ ਮੀਡੀਆ ਵੀ ਹਨੇਰਾ ਫੈਲਾਉਣ ਵਿਚ ਕੋਈ ਕਸਰ ਨਹੀਂ ਛੱਡਦਾ। ਭਾਰਤ ਦੀ ਬਹੁਤੀ ਜਨਤਾ ਅਜਿਹੇ ਹਾਲਾਤ ਦੀ ਪੈਦਾਇਸ਼ ਹੈ; ਭਾਵੇਂ ਇਹ ਸੱਚ ਹੈ ਕਿ ਗਰੀਬੀ ਅਤੇ ਅੰਧ-ਵਿਸ਼ਵਾਸ ਦੋਵੇਂ ਸਕੇ ਭੈਣ-ਭਰਾ ਹਨ, ਪਰ ਪੜ੍ਹੇ-ਲਿਖੇ ਅਤੇ ਧਨਾਢ ਲੋਕ ਵੀ ਅੰਧ-ਵਿਸ਼ਵਾਸੀ ਕਰਮ ਕਾਂਡਾਂ ਤੋਂ ਨਿਰਲੇਪ ਨਹੀਂ ਹਨ।
ਇਸ ਮਹਾਮਾਰੀ ਦੀ ਸਮੱਸਿਆ ਨੇ ਮਨੁੱਖ ਨੂੰ ਮਨੁੱਖ ਨਾਲ ਮਹਿਣੋ-ਮਹਿਣੀ ਕਰਾ ਦਿਤਾ ਹੈ, “ਬੰਦਾ ਰੱਬ ਦਾ ਸ਼ਰੀਕ ਬਣ ਬੈਠਾ ਸੀ; ਇਹ ਖੁਦ ਨੂੰ ਖੁਦਾ ਸਮਝਣ ਲੱਗਾ ਸੀ; ਸਾਰੀ ਕਾਇਨਾਤ ਨੂੰ ਆਪਣੇ ਅਧੀਨ ਕਰਨ ਤੁਰਿਆ ਸੀ; ਇਹ ਸਿਕੰਦਰ ਦੀ ਹੋਣੀ ਨੂੰ ਵੀ ਭੁੱਲ ਗਿਆ ਸੀ, ਜੋ ਇਥੋਂ ਖਾਲੀ ਹੱਥ ਗਿਆ ਸੀ; ਆਈਨਸਟਾਈਨ ਵੀ ਮਨੁੱਖ ਮਾਰੂ ਬੰਬ ਬਣਾ ਕੇ ਆਖਰ ਆਪ ਪਾਗਲ ਹੋ ਕੇ ਮਰਿਆ ਸੀ; ਉਸ ਸਰਬ ਸ਼ਕਤੀਮਾਨ ਨੂੰ ਭੁੱਲ ਕੇ ਮੈਂ-ਮੈਂ ਕਰਦਾ ਫਿਰਦਾ; ਪਰਮਾਤਮਾ ਨੇ ਇਕ ਪਲ ਵਿਚ ਸਭ ਬੰਦ ਕਰਵਾ ਦਿੱਤਾ, ਉਸ ਨੇ ਵੱਡੇ-ਵੱਡੇ ਦੇਸ਼ਾਂ ਦੇ ਗੋਡੇ ਲਵਾ ਦਿਤੇ; ਹੁਣ ਸਾਰੀ ਦੁਨੀਆਂ ਦੇ ਸਾਰੇ ਕਾਲੇ-ਚਿੱਟੇ ਲੋਕ ਥਰ-ਥਰ ਕੰਬਦੇ ਬੰਦੇ ਦੇ ਪੁੱਤ ਬਣੇ ਬੈਠੇ ਹਨ। ਉਹ ਵੀ ਇਕ ਦੂਜੇ ‘ਤੇ ਕਰੋਨਾ ਵਾਇਰਸ ਦੇ ਸਬੰਧ ਵਿਚ ਮੁਕੱਦਮੇ ਦਰਜ ਕਰਵਾ ਰਹੇ ਹਨ।”
ਇਹੋ ਜਿਹੀ ਗੱਲਬਾਤ ਭਾਰਤ ਵਿਚ ਆਮ ਸੁਣਨ ਨੂੰ ਮਿਲਦੀ ਹੈ, ਕਿਉਂਕਿ ਇਥੇ ਤਾਂ ਅੱਜ ਵੀ ਟੀ. ਵੀ. ‘ਤੇ ਚੱਲ ਰਹੇ ਸੀਰੀਅਲਾਂ ਅੱਗੇ ਧੂਫ ਧੁਖਾਏ ਜਾਂਦੇ ਹਨ ਅਤੇ ਅੱਜ ਲੋਕਾਂ ਨੂੰ ਆਪਣੀ ਲਿਆਕਤ, ਵਿਦਿਆ ਤੇ ਸੋਚ ‘ਤੇ ਸ਼ੱਕ ਹੋ ਰਿਹਾ ਹੈ! ਹੁਣ ਆਸਥਾ ਅਤੇ ਵਿਗਿਆਨ ਵਿਚ ਟੱਕਰ ਗੂੜ੍ਹੀ ਹੋ ਰਹੀ ਹੈ, ਜੋ ਹਮੇਸ਼ਾ ਰਹੀ ਹੈ। ਬੰਦੇ ਦਾ ਸੁਭਾਅ ਹੀ ਇਹੋ ਜਿਹਾ ਹੈ। ਇਥੇ ਛੋਟੀ ਜਿਹੀ ਵਾਰਤਾ ਦੇਣੀ ਬਣਦੀ ਹੈ। ਇਕ ਆਦਮੀ ਵਰਖਾ ਦੇ ਦਿਨਾਂ ਵਿਚ ਦਰਿਆ ਵਿਚ ਹੜ੍ਹ ਗਿਆ। ਉਸ ਨੇ ਅੰਤਰ-ਧਿਆਨ ਹੋ ਖੁਆਜ਼ੇ ਪੀਰ ਨੂੰ ਬੇਨਤੀ ਕੀਤੀ ਕਿ ਪੀਰ ਜੀ, ਬਚਾ ਲਓ ਇਸ ਭੰਵਰ ਵਿਚੋਂ, ਮੈਂ ਤੇਰਾ ਸੇਵਕ ਤੇਰੀ ਨਿਆਜ਼ ਦੇਊਂ। ਥੋੜ੍ਹਾ ਅੱਗੇ ਜਾ ਕੇ ਉਸ ਨੇ ਦੇਖਿਆ ਕਿ ਦਰਿਆ ਦੇ ਵਿਚਕਾਰ ਵੱਡਾ ਸਾਰਾ ਕਾਨਿਆਂ ਦਾ ਬੂਝਾ ਸੀ। ਉਹ ਕਾਨੇ ਫੜ ਕੇ ਉਸ ਉਪਰ ਚੜ੍ਹ ਕੇ ਬੈਠ ਗਿਆ। ਝੱਟ ਉਸ ਦੀ ਸੋਚ ਨੇ ਪਲਟਾ ਖਾਧਾ, ‘ਅਖੇ, ਖੁਆਜ਼ੇ ਨੇ ਤਾਂ ਕੋਈ ਕਸਰ ਨਹੀਂ ਛੱਡੀ ਸੀ ਮਾਰਨ ਦੀ, ਭਲਾ ਹੋਵੇ ਕਾਨਿਆਂ ਦੇ ਇਸ ਬੂਝੇ ਦਾ, ਜਿਸ ਨੇ ਬਚਾ ਲਿਆ।’ ਥੋੜ੍ਹੀ ਦੇਰ ਬਾਅਦ ਪਾਣੀ ਬੂਝੇ ਨੂੰ ਜੜ੍ਹਾਂ ਖੋਰ ਕੇ ਆਦਮੀ ਸਣੇ ਲੈ ਤੁਰਿਆ। ਬੰਦਾ ਫਿਰ ਸੋਚਣ ਲੱਗਾ, ‘ਖੁਆਜ਼ਾ ਤਾਂ ਬੰਦਿਆਂ ਨਾਲੋਂ ਵੀ ਹੋਛਾ ਨਿਕਲਿਆ, ਮੈਂ ਕਿਹੜਾ ਨਿਆਜ਼ ਦੇਣ ਤੋਂ ਨਾਂਹ ਕੀਤੀ ਸੀ।’ ਉਹ ਫਿਰ ਬੇਨਤੀਆਂ ਕਰਨ ਲੱਗਾ। ਇਹ ਹੈ ਮਨੁੱਖੀ ਮਨ ਦੀ ਦਿਸ਼ਾ ਤੇ ਦਸ਼ਾ; ਆਪਣੀ ਹਰ ਕਮਜ਼ੋਰੀ ਨੂੰ ਕਿਸਮਤ ‘ਤੇ ਸੁੱਟਦਾ ਆਇਆ ਹੈ। ਇਸ ਬਾਰੇ ਰੂਸ ਦੇ ਵੱਡੇ ਲੇਖਕ ਮੈਕਸਿਮ ਗੋਰਕੀ ਨੇ ਲਿਖਿਆ ਹੈ, ‘ਅਰਦਾਸਾਂ ਕਰਨ ਵਿਚ ਸਮਾਂ ਨਸ਼ਟ ਕਰਨ ਵਾਲੇ ਹਰਗਿਜ਼ ਨਹੀਂ ਜਾਣਦੇ ਕਿ ਪਰਿਵਰਤਨ ਕੁਝ ਕੀਤਿਆਂ ਹੀ ਵਾਪਰਦਾ ਹੈ।’ ਚਿਕਿਤਸਾ ਵਿਗਿਆਨੀ ਪੂਰੇ ਜ਼ੋਰ ਨਾਲ ਆਪਣੇ ਕਾਰਜ ਵਿਚ ਲੱਗੇ ਹੋਏ ਹਨ ਅਤੇ ਸਫਲ ਵੀ ਹੋਣਗੇ।
ਕੁਦਰਤ ਦੇ ਗਿਆਨ ਅਤੇ ਵਿਗਿਆਨ ਨੂੰ ਵੱਖਰਾ ਕਰ ਕੇ ਨਹੀਂ ਦੇਖਿਆ ਜਾ ਸਕਦਾ, ਸਗੋਂ ਇਹ ਇਕ ਦੂਜੇ ਦੇ ਪੂਰਕ ਹਨ। ਅੰਧ-ਵਿਸ਼ਵਾਸ ਲਈ ਇਨ੍ਹਾਂ ਵਿਚਾਲੇ ਕੋਈ ਥਾਂ ਨਹੀਂ ਹੈ। ਇਸ ਬਾਰੇ ਕਾਰਲ ਮਾਰਕਸ ਨੇ ਦੱਸਿਆ ਹੈ ਕਿ ‘ਕੁਦਰਤ ਦਾ ਵਿਗਿਆਨ ਹੌਲੀ-ਹੌਲੀ ਮਨੁੱਖੀ ਵਿਗਿਆਨ ਵਿਚ ਸ਼ਾਮਲ ਹੋ ਰਿਹਾ ਹੈ। ਕਦੇ ਨਾ ਕਦੇ ਇਹ ਦੋਵੇਂ ਇਕ ਹੋ ਜਾਣਗੇ ਅਤੇ ਇਨ੍ਹਾਂ ਦੇ ਨਤੀਜੇ ਮਨੁੱਖ ਲਈ ਕਲਿਆਣਕਾਰੀ ਹੋਣਗੇ।’ ਜੋ ਲੋਕ ਤਰਕ ਦਾ ਪੱਲਾ ਫੜਦੇ ਹਨ, ਉਹ ਅੰਨ੍ਹੀ ਸ਼ਰਧਾ ਤੋਂ ਦੂਰ ਰਹਿੰਦੇ ਹਨ ਅਤੇ ਉਹ ਵਿਗਿਆਨ ਦੀ ਮਿਹਨਤ ‘ਤੇ ਹੀ ਵਿਸ਼ਵਾਸ ਕਰਦੇ ਹਨ, ਭਾਵੇਂ ਇਸ ਦੇ ਸਿੱਟਿਆਂ ਦੀ ਕੁਝ ਦੇਰ ਉਡੀਕ ਕਰਨੀ ਪਵੇ, ਪਰ ਕੁਦਰਤ ਦੇ ਗਿਆਨ ਤੋਂ ਵਿਹੂਣਾ ਅੰਦਰੋਂ ਖੋਖਲਾ ਮਨੁੱਖ ਝੱਟ ਗੈਬੀ ਸ਼ਕਤੀਆਂ ਦੀ ਅਰਾਧਨਾ ਦੇ ਚੱਕਰ ਵਿਚ ਆਪਣੇ ਆਪ ਨੂੰ ਧੋਖਾ ਦਿੰਦਾ ਹੈ।
ਕੁਝ ਦੇਰ ਪਹਿਲਾਂ ਨਿਊ ਯਾਰਕ ਪਤ੍ਰਿਕਾ ਵਿਚ ਛਪੀ ਅਮਰੀਕਾ ਫਿਜ਼ੀਕਲ ਸੁਸਾਇਟੀ ਦੀ ਰਿਪੋਰਟ ਮੁਤਾਬਕ ਆਸਟਰੇਲੀਆ, ਕੈਨੇਡਾ, ਚੈਕ ਰਿਪਬਲਿਕ, ਆਇਰਲੈਂਡ, ਸਵਿਟਜ਼ਰਲੈਂਡ ਅਤੇ ਆਸਟਰੀਆ ਜਿਹੇ ਦੇਸ਼ਾਂ ਵਿਚ ਤਰਕ ਵਧ ਰਿਹਾ ਹੈ ਅਤੇ ਉਨ੍ਹਾਂ ਲੋਕਾਂ ਵਿਚ ਰੱਬ ਤੇ ਅੰਧੇ-ਧਰਮ ਵਿਚ ਵਿਸ਼ਵਾਸ ਘਟ ਰਿਹਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਦੁਨੀਆਂ ਦੇ ਪਹਿਲੇ ਪੰਜ ਖੁਸ਼ ਦੇਸ਼ ਨਾਸਤਕ ਹਨ। ਉਥੇ ਇਨਸਾਨ ਅਤੇ ਇਨਸਾਨੀਅਤ ਦੀ ਕਦਰ ਹੈ। ਧਰਮ ਅਤੇ ਤੇਤੀ ਕਰੋੜ ਦੇਵਤਿਆਂ ਵਾਲੇ ਦੇਸ਼ ਦੇ ਨੌਜੁਆਨ ਨਾਗਰਿਕ ਉਨ੍ਹਾਂ ਦੇਸ਼ਾਂ ਵਲ ਰੋਟੀ ਰੋਜ਼ੀ ਲਈ ਭੱਜ ਰਹੇ ਹਨ। ਸਾਡੇ ਦੇਸ਼ ਵਿਚ ਇਸ ਔਖੀ ਘੜੀ ਵਿਚ ਵੀ ਗਰੀਬੀ ਦੇ ਮਾਰੇ ਲੋਕਾਂ ਦੀ ਦੋ ਰੋਟੀਆਂ ਦੀ ਮਦਦ ਕਰਕੇ ਚਾਰ ਦਿਨ ਅਖਬਾਰਾਂ ਵਿਚ ਫੋਟੋ ਛਪਵਾਈ ਜਾਂਦੀ ਹੈ। ਇਸ ਵੇਲੇ ਵੀ ਇਨਸਾਨੀਅਤ ਨੂੰ ਛਿੱਕੇ ਟੰਗ ਕੇ ਸਿਆਸੀ ਲੋਕ ਆਪੋ-ਆਪਣੀ ਪਾਰਟੀ ਦਾ ਟੇਢੇ ਢੰਗ ਨਾਲ ਪ੍ਰਚਾਰ ਕਰਨ ਤੋਂ ਬਾਜ਼ ਨਹੀਂ ਆ ਰਹੇ।
ਇਸ ਮਹਾਮਾਰੀ ਦੀ ਦੁਖਦਾਈ ਅਤੇ ਅਤਿਅੰਤ ਮਾਰੂ ਹੋਂਦ ਨੇ ਲੋਕਾਂ ਦੇ ਡੋਲਦੇ ਵਿਸ਼ਵਾਸ ਨੂੰ ਦੋ ਹਿਸਿਆਂ ਵਿਚ ਵੰਡ ਦਿੱਤਾ ਹੈ। ਕੁਝ ਲੋਕਾਂ ਦੇ ਘਰਾਂ ਵਿਚ ਪੂਜਾ-ਅਰਾਧਨਾ ਪਹਿਲਾਂ ਨਾਲੋਂ ਵਧ ਗਈ ਹੈ। ਕਰੋਨਾ ਵਾਇਰਸ ਕਾਰਨ ਲੋਕਾਂ ਦੇ ਮਰਨ ਦੀਆਂ ਖਬਰਾਂ ਸੁਣ ਕੇ ਉਨ੍ਹਾਂ ਦਾ ਵਿਸ਼ਵਾਸ ਬੱਝ ਰਿਹਾ ਹੈ ਕਿ ਇਹ ਸਭ ਦੇਵੀ ਦੇਵਤਿਆਂ ਦੀ ਕਰੂਪੀ ਕਾਰਨ ਹੋ ਰਿਹਾ ਹੈ, ਕਿਉਂਕਿ ਲੋਕਾਂ ਵਿਚ ਧਰਮ-ਕਰਮ ਘਟ ਗਿਆ ਹੈ। ਭਾਂਡੇ ਖੜਕਾਉਣਾ ਜਾਂ ਮੋਮਬੱਤੀਆਂ ਜਗਾਉਣਾ ਵੀ ਇਸੇ ਧਾਰਨਾ ਦੇ ਪ੍ਰਤੀਕ ਹਨ। ਇਹ ਵੀ ਦੇਖਿਆ-ਸੁਣਿਆ ਗਿਆ ਕਿ ਜੇ ਸਿਰ ਦੇ ਵਾਲ ਉਸਤਰੇ ਨਾਲ ਕਟਵਾ ਲਏ ਜਾਣ ਤਾਂ ਕਰੋਨਾ ਵਾਇਰਸ ਨੇੜੇ ਨਹੀਂ ਆਵੇਗਾ। ਦੂਜੇ ਪਾਸੇ ਸਾਡੇ ਕੋਲ ‘ਚੜ੍ਹਦੀ ਕਲਾ ਵਿਚ ਰਹਿਣ’ ਅਤੇ ਨਰੋਏ ਇਮਿਊਨ ਸਿਸਟਮ ਦਾ ਫਲਸਫਾ ਹੈ। 1930 ਵਿਚ ਦੁਨੀਆਂ ਵਿਚ ਆਈ ਡਿਪਰੈਸ਼ਨ ਵੇਲੇ ਅਤੇ ਉਸ ਤੋਂ ਪਹਿਲਾਂ ਕਈ ਗੰਭੀਰ ਬਿਮਾਰੀਆਂ ਫੈਲਣ ਵੇਲੇ ਲੱਗਦਾ ਸੀ ਕਿ ਇਨਸਾਨੀ ਜਾਤੀਆਂ ਖਤਮ ਹੋ ਜਾਣਗੀਆਂ, ਫਿਰ ਵੀ ਦੁਨੀਆਂ ਇਸੇ ਤਰ੍ਹਾਂ ਚਲਦੀ ਰਹੀ। ਇਹ ਵੀ ਸੁਣਨ ਵਿਚ ਆਇਆ ਹੈ ਕਿ ਅਮਰੀਕਾ, ਚੀਨ ਅਤੇ ਹੋਰ ਵੀ ਕਈ ਦੇਸ਼ਾਂ ਦੇ ਵਿਗਿਆਨੀ ਇਸ ਵਾਇਰਸ ਦਾ ਤੋੜ ਲੱਭਣ ਲਈ ਦਿਨ ਰਾਤ ਲੱਗੇ ਹੋਏ ਹਨ। ਬਹੁਤ ਸਾਰੀਆਂ ਦਵਾਈਆਂ ਲੱਭੀਆਂ ਵੀ ਗਈਆਂ ਹਨ, ਜਿਨ੍ਹਾਂ ਦੇ ਅਜੇ ਜਾਨਵਰਾਂ ‘ਤੇ ਇਸ ਦੇ ਪ੍ਰੀਖਣ ਹੋ ਰਹੇ ਹਨ। ਕਈ ਦੇਸ਼ਾਂ ਨੇ ਵੈਕਸੀਨ ਬਣਾਉਣ ਦਾ ਦਾਅਵਾ ਵੀ ਕੀਤਾ ਹੈ। ਸਮਾਂ ਆਉਣ ‘ਤੇ ਇਹ ਇਨਸਾਨਾਂ ਲਈ ਵੀ ਕਾਰਗਰ ਸਿੱਧ ਹੋਣਗੇ। ਅਸਲ ਜ਼ਿੰਦਗੀ ਵਿਚ ਹਮੇਸ਼ਾ ਦੇਵ ਪੁਰਸ਼ ਹਾਰਦੇ ਰਹੇ ਹਨ ਅਤੇ ਤਰਕ ਦੇ ਝੰਡੇ ਬੁਲੰਦ ਰਹੇ ਹਨ। ਸ਼ੇਖ ਮੁਹੰਮਦ ਇਬਰਾਹਿਮ ਜ਼ੌਕ ਦਾ ਇਹ ਸ਼ਿਅਰ ਇਸੇ ਤੱਥ ਦੀ ਤਰਜਮਾਨੀ ਕਰਦਾ ਹੈ,
ਜੋ ਫਰਿਸ਼ਤੇ ਕਰਤੇ ਹੈ
ਕਰ ਸਕਤਾ ਹੈ ਇਨਸਾਨ ਭੀ,
ਪਰ ਫਰਿਸ਼ਤੋਂ ਸੇ ਨ ਹੋ
ਜੋ ਕਾਮ ਹੈ ਇਨਸਾਨ ਕਾ।