ਹੈਪੀ ਮਦਰ’ਜ਼ ਡੇਅ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਮਾਂਵਾਂ ਦਾ ਦਿਨ ਆਇਆ ਹੈ, ਮੈਂ ਸਾਰੇ ਸੰਸਾਰ ਦੀਆਂ ਮਾਂਵਾਂ ਨੂੰ ਨਮਸ਼ਕਾਰ ਕਰਦੀ ਹਾਂ ਅਤੇ ਮਾਂਵਾਂ ਦੀ ਸੁੱਖਾਂ ਵੀ ਮੰਗਦੀ ਹਾਂ। ਮਾਂਵਾਂ ਦਾ ਦਿਨ ਹੈ ਤੇ ਮਾਂ ਨੂੰ ਕੁਝ ਦੇਣਾ ਪੈਣਾ ਹੈ ਜਾਂ ਦੇਣਾ ਹੀ ਚਾਹੀਦਾ ਹੈ; ਧੀਆਂ ਵੀ ਅਤੇ ਪੁੱਤਰ ਵੀ ਸਾਰੇ ਸੋਚਦੇ ਹਨ ਕਿ ਕੁਝ ਵੀ ਦੇ ਦਿਉ, ਮਾਂ ਖੁਸ਼ ਹੋ ਜਾਏਗੀ। ਮਾਂ ਤਾਂ ਮਾਂ ਹੈ, ਮਾਂ ਦਾ ਕੀ ਹੈ!

ਬਹੁਤ ਸਾਰੇ ਵੀਰ ਤੇ ਭੈਣਾਂ ਮਾਂਵਾਂ ਦੇ ਇਸ ਦਿਨ ‘ਤੇ ਕੁਝ ਨਾ ਕੁਝ ਲਿਖ ਕੇ ਫੇਸਬੁਕ ‘ਤੇ ਪੋਸਟਾਂ ਪਾਉਣਗੇ ਅਤੇ ਕੁਝ ਅਖਬਾਰਾਂ ਵਿਚ ਛਪਣਗੇ। ਮਾਂਵਾਂ ਦੀ ਅਨਮੋਲ ਮਮਤਾ ਦੇ ਕਸ਼ੀਦੇ ਜ਼ੋਰ ਸ਼ੋਰ ਨਾਲ ਪੜ੍ਹੇ ਜਾਣਗੇ; ਜਿਨ੍ਹਾਂ ਦੀਆਂ ਮਾਂਵਾਂ ਸੰਸਾਰ ਤੋਂ ਰੁਖਸਤ ਹੋ ਚੁਕੀਆਂ ਹਨ, ਉਹ ਉਨ੍ਹਾਂ ਦੀ ਯਾਦ ਵਿਚ ਤੜਪਣਗੇ, ਪਰ ਜਿਨ੍ਹਾਂ ਦੀਆਂ ਅਜੇ ਜਿਉਂਦੀਆਂ ਹਨ, ਉਹ ਇਸ ਦਿਨ ਪਿਆਰ ਦਾ ਵੱਧ ਚੜ੍ਹ ਕੇ ਇਜ਼ਹਾਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਮੁਆਫ ਕਰਨਾ! ਮੈਂ ਮਾਂਵਾਂ ਲਈ ‘ਬੇਚਾਰੀਆਂ’ ਸ਼ਬਦ ਵਰਤ ਰਹੀ ਹਾਂ, ਪਰ ਮਾਂਵਾਂ ਤਾਂ ਹੁੰਦੀਆਂ ਹੀ ਬੇਚਾਰੀਆਂ ਹਨ। ਉਹ ਤਾਂ ਜਨਮ ਤੋਂ ਹੀ ਬੇਚਾਰੀਆਂ ਸ਼ਬਦ ਨਾਲ ਲੈ ਕੇ ਜਨਮ ਲੈਂਦੀਆਂ ਹਨ ਅਤੇ ਮਰਨ ਤਕ ਇਹ ਸ਼ਬਦ ਉਨ੍ਹਾਂ ਦੇ ਨਾਲ ਨਾਲ ਕਦਮ ਮਿਲਾ ਕੇ ਤੁਰਦਾ ਹੈ। ਮੈਂ ਸਿਰਫ ਤੇ ਸਿਰਫ ਮਾਂਵਾਂ ਦੇ ਬੁਢਾਪੇ ਦੇ ਜੀਵਨ ‘ਤੇ ਕੁਝ ਵਿਚਾਰ ਕਰਾਂਗੀ; ਦੁੱਖ-ਦਰਦ, ਮੁਸੀਬਤਾਂ, ਮੁਸ਼ਕਿਲਾਂ ਅਤੇ ਬੀਮਾਰੀਆਂ-ਇਹ ਸਭ ਕੁਝ ਬੁਢਾਪਾ ਆਪਣੇ ਨਾਲ ਹੀ ਲੈ ਕੇ ਆਉਂਦਾ ਹੈ, ਪਰ ਮਾਂ ਆਪਣੇ ਅੰਦਰ ਇਕ ਭਰਮ ਪਾਲ ਰੱਖਦੀ ਹੈ ਕਿ ਮੇਰੇ ਆਪਣੇ ਜਿਸਮ ਦੇ ਹਿੱਸੇ ਮੇਰਾ ਆਪਣਾ ਖੂਨ ਮੇਰੇ ਬੱਚੇ ਬੁਢਾਪੇ ਵਿਚ ਮੈਨੂੰ ਬਹੁਤ ਸੁੱਖ ਅਤੇ ਆਰਾਮ ਦੇਣਗੇ। ਉਹ ਆਪਣੇ ਅੰਦਰ ਇਕ ਐਸਾ ਝੂਠਾ ਸੁਪਨ ਮਹਿਲ ਉਸਾਰ ਲੈਂਦੀ ਹੈ, ਜਿਸ ‘ਤੇ ਕਿਸੇ ਦੀ ਤਾਂ ਕੀ, ਉਹ ਆਪਣੀ ਵੀ ਸੁਣਨ ਨੂੰ ਤਿਆਰ ਨਹੀਂ ਹੁੰਦੀ; ਪਰ ਬੱਚੇ! ਉਹ ਆਪਣੇ ਜੀਵਨ ਵਿਚ ਮਸ਼ਰੂਫ ਹੋ ਬਾਕੀ ਜ਼ਿੰਮੇਵਾਰੀਆਂ ਨੂੰ ਤਿਲਾਂਜਲੀ ਦੇ ਬੈਠਦੇ ਹਨ। ਜੇ ਅਸੀਂ ਆਪਣੇ ਬਚਪਨ ਅਤੇ ਹੁਣ ਦੇ ਸਮੇਂ ਦੀ ਵੀ ਗੱਲ ਕਰੀਏ ਤਾਂ ਸਭ ਸੁਪਨਾ ਜਾਂ ਝੂਠ ਜਿਹਾ ਹੀ ਲਗਦਾ ਹੈ, ਪਰ ਹੈ ਸੱਚ! ਇਕ ਐਸਾ ਸੱਚ, ਜੋ ਮੰਨਣ ਲੱਗਿਆਂ ਵੀ ਬਹੁਤ ਪੀੜ ਹੁੰਦੀ ਹੈ।
ਉਹ ਸੱਚ ਇਹ ਹੈ ਕਿ ਮਾਂਵਾਂ ਦਾ ਜਿੰਨਾ ਅਪਮਾਨ ਇਸ ਸਮੇਂ ਵਿਚ ਧੀਆਂ-ਪੁੱਤਰਾਂ ਵਲੋਂ ਕੀਤਾ ਜਾ ਰਿਹਾ ਹੈ, ਸ਼ਾਇਦ ਕਦੀ ਵੀ ਨਹੀਂ ਹੋਇਆ। ਮੈਨੂੰ ਤਾਂ ਕਦੀ ਕਦੀ ਇੰਜ ਵੀ ਭਾਸਦਾ ਹੈ ਕਿ ਜਦੋਂ ਦਾ ਵਿਦਿਆ ਦਾ ਪਸਾਰ ਵਧਿਆ ਹੈ ਅਤੇ ਬੱਚਿਆਂ ਦੇ ਪੜ੍ਹ-ਲਿਖ ਜਾਣ ਮਗਰੋਂ ਉਨ੍ਹਾਂ ਦੇ ਮਨ ਮਰਜ਼ੀ ਦੇ ਵਿਆਹ, ਉਚੇ ਤੇ ਅਲੱਗ ਸਟੇਟਸ, ਆਜ਼ਾਦ ਜ਼ਿੰਦਗੀ ਜਿਉਣ ਦੇ ਤੌਰ ਤਰੀਕੇ, ਪਹਿਲਾਂ ਜਿਵੇਂ ਪੜ੍ਹੇ-ਲਿਖੇ ਜੋੜਿਆਂ ਨੇ ਪਿੰਡ ਛੱਡ ਕੇ ਸ਼ਹਿਰਾਂ ਦੇ ਰੁਖ ਕੀਤੇ ਅਤੇ ਉਸ ਮਗਰੋਂ ਸਾਰੀ ਦੁਨੀਆਂ ਦਾ ਇਕ ਗਲੋਬਲ ਪਿੰਡ ਜਾਂ ਸ਼ਹਿਰ ਬਣ ਜਾਣਾ, ਇਨ੍ਹਾਂ ਸਭ ਚੀਜ਼ਾਂ ਨੇ ਵੀ ਸਾਡੇ ਪਰਿਵਾਰਾਂ ਦੀ ਰੂਪ ਰੇਖਾ ਨੂੰ ਢਾਹ ਲਾਉਣ ਵਿਚ ਜਾਂ ਤੋੜਨ ਵਿਚ ਵੱਡੀ ਭੂਮਿਕਾ ਨਿਭਾਈ ਹੈ। ਇਸ ਬਦਲ ਰਹੇ ਸੰਸਾਰ ਵਿਚ ਜਿਸ ਰਿਸ਼ਤੇ ਨੂੰ ਸਭ ਤੋਂ ਵੱਧ ਮਾਰ ਪਈ ਹੈ, ਉਹ ਹੈ ਮਾਂ ਦਾ ਰਿਸ਼ਤਾ। ਉਹ ਬੱਚੇ, ਜੋ ਮਾਂ ਦੇ ਜਿਸਮ ਦਾ ਹਿੱਸਾ ਹਨ, ਉਹ ਬੱਚੇ ਜਿਨ੍ਹਾਂ ਨੂੰ ਮਾਂ ਨੌਂ ਮਹੀਨੇ ਢਿੱਡ ਵਿਚ ਰੱਖ ਕੇ ਆਪਣੇ ਖੂਨ ਨਾਲ ਸਿੰਜਦੀ ਹੈ ਅਤੇ ਮੌਤ ਨਾਲ ਲੜਦੀ ਉਨ੍ਹਾਂ ਨੂੰ ਜਨਮ ਦੇ ਕੇ ਇਸ ਸੰਸਾਰ ਵਿਚ ਲੈ ਆਉਂਦੀ ਹੈ, ਤੇ ਫਿਰ ਜਨਮ ਉਪਰੰਤ ਪਾਲਣ ਪੋਸਣ ਦਾ ਸਾਰਾ ਸਿਲਸਿਲਾ-ਇੰਨਾ ਬਦਲਾਓ ਕਿ ਬੱਚੇ ਮਾਂ ਵਲੋਂ ਹੀ ਮੂੰਹ ਮੋੜ ਲੈਣ! ਕਿਉਂ, ਮਾਂ ਦਾ ਕਸੂਰ ਕੀ ਹੈ?
ਮੈਂ ਮੰਨਦੀ ਹਾਂ ਕਿ ਕੁਝ ਮਾਂਵਾਂ ਵੱਖਰੇ ਜਾਂ ਅਲੱਗ ਸਖਤ ਸੁਭਾਓ ਦੀਆਂ ਵੀ ਹੋ ਸਕਦੀਆਂ ਹਨ ਜਾਂ ਹੋਣਗੀਆਂ, ਪਰ ਬਹੁਤੀਆਂ ਮਾਂਵਾਂ ਆਪਣੇ ਬੱਚਿਆਂ ਤੋਂ ਹਰ ਵੇਲੇ ਜਾਨ ਨਿਛਾਵਰ ਕਰਨ ਨੂੰ ਤਿਆਰ ਰਹਿਦੀਆਂ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਬੱਚੇ ਮਾਣ ਸਤਿਕਾਰ ਕਿਉਂ ਨਹੀਂ ਦਿੰਦੇ? ਗੱਲ ਸਾਡੀ ਸੱਭਿਅਤਾ ਅਤੇ ਸਾਡੇ ਪਰਿਵਾਰਾਂ ਦੀ ਹੋ ਰਹੀ ਹੈ, ਫਿਰ ਅਸੀਂ ਪੰਜਾਬ ਵਿਚ ਬੈਠੇ ਹੋਈਏ ਜਾਂ ਦੁਨੀਆਂ ਦੇ ਕਿਸੇ ਵੀ ਮੁਲਕ ਵਿਚ ਵੱਸਦੇ ਹੋਈਏ, ਮਾਂਵਾਂ ਦੀ ਹਾਲਤ ਬਦ ਤੋਂ ਬਦਤਰ ਹੋਈ ਜਾ ਰਹੀ ਹੈ। ਕਿਉਂ? ਕਿਉਂਕਿ ਅਸੀਂ ਨਵੇਂ ਜ਼ਮਾਨੇ ਦੇ ਬੰਦੇ ਹਾਂ, ਇਕੀਵੀਂ ਸਦੀ ਵਿਚ ਜੀਅ ਰਹੇ ਹਾਂ, ਪੜ੍ਹੇ-ਲਿਖੇ ਹਾਂ ਅਤੇ ਅਮੀਰੀ ਠਾਠ ਨਾਲ ਵੀ ਲਬਾ ਲਬ ਭਰਪੂਰ ਹਾਂ, ਸਾਡਾ ਸਟੇਟਸ ਬਹੁਤ ਉਚੇ ਲੋਕਾਂ ਨਾਲ ਹੈ, ਮਾਂ ਅਨਪੜ੍ਹ ਹੈ, ਉਸ ਨੂੰ ਗੱਲ ਕਰਨ ਦਾ ਸਲੀਕਾ ਨਹੀਂ ਹੈ ਅਤੇ ਸਾਡੇ ਬੱਚੇ ਸਾਡੀ ਮਾਂ ਨੂੰ ‘ਲਾਈਕ’ ਨਹੀਂ ਕਰਦੇ। ਇਹ ਦੋਸ਼ ਹਨ ਮਾਂ ਵਿਚ, ਜੋ ਅਕਸਰ ਸੁਣਨ ਨੂੰ ਮਿਲਦੇ ਹਨ।
ਇਸ ਲਈ ਜਗਤ ਜਨਨੀਆਂ ਮਾਂਵਾਂ ਲਈ ਓਲਡ ਹੋਮ/ਬਿਰਧ ਆਸ਼ਰਮ ਬਣਾਏ ਗਏ ਹਨ। ਉਹ ਮਾਂ ਜੋ ਆਪਣੇ ਬੱਚਿਆਂ ਦੇ ਬੱਚਿਆਂ ਨਾਲ ਖੇਡਣਾ ਚਾਹੁੰਦੀ ਹੈ, ਉਨ੍ਹਾਂ ਨੂੰ ਆਪਣੇ ਹੱਥੀਂ ਚੂਰੀ ਕੁੱਟ ਕੇ ਖੁਆਉਣਾ ਚਾਹੁੰਦੀ ਹੈ, ਰਾਤ ਨੂੰ ਆਪਣੀ ਝੋਲੀ ਵਿਚ ਬਿਠਾ ਕੇ ਰਾਜੇ-ਰਾਣੀਆਂ ਦੀ ਕਹਾਣੀ ਸੁਣਾਉਣੀ ਚਾਹੁੰਦੀ ਹੈ ਅਤੇ ਫਿਰ ਸਿਰ ਪਲੋਸ ਕੇ ਲੋਰੀਆਂ ਗਾ ਕੇ ਉਨ੍ਹਾਂ ਨੂੰ ਸੁਆਉਣਾ ਚਾਹੁੰਦੀ ਹੈ-ਉਹ ਮਾਂ ਅੱਜ ਅਨਪੜ੍ਹ ਗਵਾਰ ਔਰਤ ਬਣ ਗਈ ਹੈ, ਬੱਚਿਆਂ ਦੇ ਬੱਚੇ ਉਸ ਨੂੰ ‘ਓਲਡ ਲੇਡੀ’ ਆਖ ਕੇ ਉਸ ਦਾ ਤ੍ਰਿਸਕਾਰ ਕਰਦੇ ਹਨ, ਪਰ ਉਹ ਰੋਂਦੀ ਨਹੀਂ, ਹੱਸ ਛੱਡਦੀ ਹੈ। ਉਹ ਕਰੇ ਵੀ ਕੀ, ਕਿਥੇ ਜਾਵੇ? ਬੁਢਾਪਾ ਵੀ ਹੈ, ਬੀਮਾਰੀਆਂ ਵੀ ਹਨ। ਬਾਕੀ ਬਚੀ ਜ਼ਿੰਦਗੀ ਲਈ ਸਿਰ ‘ਤੇ ਛੱਤ ਚਾਹੀਦੀ ਹੈ, ਕੋਈ ਆਸਰਾ ਚਾਹੀਦਾ ਹੈ। ਉਹ ਆਨੇ-ਬਹਾਨੇ ਰੋਂਦੀ ਹੈ, ਦਿਲ ਨੂੰ ਹੌਲਾ ਕਰਕੇ ਫਿਰ ਸੋਚਦੀ ਹੈ, ‘ਮੇਰੇ ਬੱਚੇ ਹਨ, ਮੇਰੇ ਆਪਣੇ ਹਨ।’ ਸਵੇਰੇ ਸਭ ਤੋਂ ਪਹਿਲਾਂ ਉਠ ਬੈਠਦੀ ਹੈ; ਘਰ ਦੇ, ਬੱਚਿਆਂ ਦੇ ਅਤੇ ਬੱਚਿਆਂ ਦੇ ਬੱਚਿਆਂ ਦੇ, ਸਾਰਾ ਦਿਨ ਸਾਰੇ ਕੰਮ ਕਰਦੀ ਹੈ। ਜਦ ਲੇਟ ਰਾਤ ਨੂੰ ਸੌਣ ਲਈ ਜਾਂਦੀ ਹੈ, ਫਿਰ ਰੋਂਦੀ ਹੈ, ਸਿਸਕਦੀ ਹੈ, ਹਉਕੇ ਭਰਦੀ ਹੈ ਅਤੇ ਆਪਣੇ ਕਰਮਾਂ ਦਾ ਲੇਖਾ-ਜੋਖਾ ਕਰਦੀ ਹੈ। ਆਪਣੇ ਆਪ ਨੂੰ ਹਰ ਪਲ ਪੁੱਛਦੀ ਹੈ-ਮੇਰਾ ਕਸੂਰ ਕੀ ਹੈ, ਮੇਰੀ ਗਲਤੀ ਕੀ ਹੈ, ਮੈਨੂੰ ਇੰਨੀ ਸਖਤ ਸਜ਼ਾ ਕਿਉਂ ਮਿਲ ਰਹੀ ਹੈ, ਕੀ ਮਾਂ ਹੋਣਾ ਹੀ ਗੁਨਾਹ ਹੈ? ਜਵਾਬ ਕਿਥੇ ਹੈ ਅਤੇ ਕੌਣ ਦੇਵੇਗਾ!
ਇਹ ਸਾਡੇ ਸਮਾਜ ਦੇ ਹਰ ਘਰ ਦੀ ਕਹਾਣੀ ਹੈ, ਕਿਉਂ ਬੱਚੇ ਆਪਣੀ ਮਾਂ ਨੂੰ ਮਾਂ ਨਹੀਂ ਸਮਝਦੇ? ਮਾਂ ਤਾਂ ਹਰ ਵੇਲੇ ਬਾਹਾਂ ਖੋਲ੍ਹੀ ਬੱਚਿਆਂ ਨੂੰ ਗਲ ਨਾਲ ਲਾਉਣ ਲਈ ਤੜਪਦੀ ਹੈ, ਤਰਸਦੀ ਹੈ। ਮਾਂ ਦੀਆਂ ਨਜ਼ਰਾਂ ਤਾਂ ਬੱਚਿਆਂ ਨੂੰ ਦੇਖ ਕੇ ਖੁਸ਼ ਹੁੰਦੀਆਂ ਹਨ, ਬੱਚੇ ਖਾਂਦੇ ਹਨ ਤਾਂ ਮਾਂ ਦਾ ਢਿੱਡ ਭਰ ਜਾਂਦਾ ਹੈ। ਮਾਂ ਬੱਚਿਆਂ ਨੂੰ ਦੇਖ ਕੇ ਜਿਉਂਦੀ ਹੈ, ਫਿਰ ਮਾਂ ਦਾ ਤ੍ਰਿਸਕਾਰ ਕਿਉਂ? ਮਾਂ ਲਈ ਓਲਡ ਹੋਮ ਜਾਂ ਬਿਰਧ ਆਸ਼ਰਮ ਕਿਉਂ?
ਮਾਂਵਾਂ ਦਾ ਦਿਨ ਆਇਆ ਹੈ-ਕਿਸ ਮੁਲਕ ਦਾ ਦਿਨ ਹੈ, ਕਿਸ ਧਰਮ ਦਾ ਦਿਨ ਹੈ? ਪਰ ਹੈ ਤਾਂ ਮਾਂਵਾਂ ਦਾ ਹੀ ਦਿਨ, ਮਾਂਵਾਂ ਤਾਂ ਸਾਰੇ ਧਰਮਾਂ, ਸਾਰੇ ਮੁਲਕਾਂ, ਸਾਰੇ ਮਜਹਬਾਂ ਦੀਆਂ ਮਾਂਵਾਂ ਹੀ ਹਨ, ਇਸ ਲਈ ਬਹੁਤ ਪਿਆਰ ਅਦਬ ਅਤੇ ਸਤਿਕਾਰ ਨਾਲ ਮਨਾਉਣਾ ਚਾਹੀਦਾ ਹੈ। ਇਥੇ ਜ਼ਰਾ ਵਿਚਾਰ ਕਰੀਏ ਕਿ ਕੀ ਮਾਂ ਨਾਲ ਜੋ ਘਰ ਵਿਚ ਵਰਤਾਓ ਅਸੀਂ ਕਰਦੇ ਹਾਂ, ਮਾਂ ਨੂੰ ਨਹੀਂ ਪਤਾ! ਸਭ ਪਤਾ ਹੈ, ਮਾਂ ਨੂੰ ਆਪਣਾ ਹਰ ਪਲ ਘੁਟ ਘੁਟ ਕੇ ਜੀਣਾ ਤੇ ਮਰਨਾ ਸਭ ਯਾਦ ਹੈ। ਮਾਂ ਸਭ ਜਾਣਦੀ ਹੈ, ਪਰ ਉਹ ਦੇਖ ਕੇ ਵੀ ਅਣਦੇਖਿਆ ਕਰਦੀ ਹੈ। ਅਸੀਂ ਅਰਦਾਸ ਕਰਦੇ ਸਮੇਂ ਆਖਦੇ ਹਾਂ, ‘ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ’, ਤਾਂ ਮਾਂ ਤਾਂ ਹਰ ਸਮੇਂ ਹੀ ਸਾਡੀਆਂ ਗਲਤੀਆਂ, ਸਾਡੇ ਗੁਨਾਹ ਦੇਖ ਕੇ ਵੀ ਸਾਨੂੰ ਮੁਆਫ ਕਰ ਰਹੀ ਹੈ।
ਮਾਂਵਾਂ ਦਾ ਇਹ ਦਿਨ ਵੀ ਚਾਅਵਾਂ, ਸੱਧਰਾਂ ਅਤੇ ਸਤਿਕਾਰ ਨਾਲ ਮਨਾਈਏ, ਪਰ ਮਾਂ ਨੂੰ ਹਰ ਪਲ, ਹਰ ਸਮੇਂ ਪਿਆਰ ਕਰੀਏ। ਮਾਂ ਸਾਡੀ ਮਾਂ ਹੈ, ਮਾਂ ਸਾਡੀ ਜਨਮ ਦਾਤੀ ਹੈ, ਮਾਂ ਨੂੰ ਬੇਚਾਰੀ ਨਾ ਕਹੀਏ, ਰੱਬ ਵਾਂਗ ਪਿਆਰ ਕਰੀਏ। ਉਏ ਪੁੱਤਰੋ-ਧੀਓ! ਮਾਂ ਤਾਂ ਤੁਹਾਡੇ ਕੋਲ ਬਿਨ ਤਨਖਾਹ ਤੋਂ ਮੁਫਤ ਦੀ ਨੌਕਰ ਹੈ, ਜੋ ਤੁਹਾਡੇ ਸਾਰੇ ਕੰਮ ਵੀ ਕਰਦੀ ਹੈ, ਤੁਹਾਡੀ ਦੇਖ-ਭਾਲ ਵੀ ਕਰਦੀ ਹੈ, ਤੁਹਾਡੇ ਬੱਚੇ ਵੀ ਪਾਲਦੀ ਹੈ ਅਤੇ ਤੁਹਾਡੀਆਂ ਸੁੱਖਾਂ ਵੀ ਮੰਗਦੀ ਹੈ।
ਪਿਛਲੇ ਕੁਝ ਸਮੇਂ ਤੋਂ ਸਮਾਜ ਵਿਚ ਧੀਆਂ ਵਲੋਂ ਬੁਢਾਪੇ ਵਿਚ ਮਾਪਿਆਂ ਦੀ ਦੇਖ-ਭਾਲ ਕਰਨ ਦੇ ਬਹੁਤ ਚਰਚੇ ਹੋ ਰਹੇ ਹਨ। ਬਹੁਤ ਹੀ ਚੰਗਾ ਰੁਝਾਨ ਹੈ। ਕੁਝ ਧੀਆਂ ਨੂੰ ਅਸੀਂ ਜਾਣਦੇ ਵੀ ਹਾਂ, ਜੋ ਇਹ ਨੇਕ ਕਰਮ ਕਰ ਰਹੀਆਂ ਹਨ। ਸਤਿਗੁਰੂ ਉਨ੍ਹਾਂ ਨੂੰ ਭਾਗ ਲਾਉਣ, ਪਰ ਬੇਨਤੀ ਹੈ ਕਿ ਜਿਥੇ ਅਸੀਂ ਪੁੱਤਰਾਂ ਨੂੰ ਵਿਗੜ ਚੁਕੇ ਸਮਝਣ ਲਈ ਨੂੰਹਾਂ ‘ਤੇ ਇਲਜ਼ਾਮ ਲਾਉਂਦੇ ਹਾਂ, ਉਥੇ ਸਾਡੀਆਂ ਧੀਆਂ ਦੇ ਨਾਲ ਜਵਾਈ ਵੀ ਬਿਰਾਜਮਾਨ ਹਨ, ਉਨ੍ਹਾਂ ਘਰਾਂ ਵਿਚ ਵੀ ਸਭ ਚੰਗਾ ਨਹੀਂ ਹੈ। ਫਿਰ ਕੀ ਕਰੀਏ? ਆਪਣੇ ਆਪ ‘ਤੇ ਸਬਰ ਸੰਤੋਖ ਅਤੇ ਸੰਜਮ ਰੱਖਣਾ ਸਿੱਖ ਲਈਏ ਜਾਂ ਫਿਰ ਧੱਕੇ ਖਾ ਲਈਏ? ਮੈਂ ਉਨ੍ਹਾਂ ਮਾਪਿਆਂ ਨੂੰ ਬੇਨਤੀ ਕਰਾਂਗੀ, ਜੋ ਆਪਣੇ ਪੁੱਤਰ ਨੂੰਹਾਂ ਜਾਂ ਧੀਆਂ ਤੇ ਜਵਾਈਆਂ ਨਾਲ ਬੁਢਾਪੇ ਗੁਜਾਰ ਰਹੇ ਹਨ, ਆਪਣੇ ਵਿਚਾਰਾਂ ਉਤੇ ਕਾਬੂ ਪਾ ਲੈਣਾ ਹੀ ਸਾਰੇ ਸੁੱਖਾਂ ਦਾ ਸਾਧਨ ਹੈ। ਜਵਾਨੀ ਅਤੇ ਬੁਢਾਪੇ ਵਿਚ ਜ਼ਮੀਨ-ਅਸਮਾਨ ਦਾ ਫਰਕ ਹੈ। ਨਾ ਸਾਰੇ ਮਾਪੇ ਬੁਰੇ ਹਨ ਅਤੇ ਨਾ ਹੀ ਸਾਰੇ ਪੁੱਤਰ-ਧੀਆਂ ਬੁਰੇ ਹਨ, ਪਰ ਫਿਰ ਵੀ ਬਹੁਤਾਤ ਵਿਚ ਤਾਂ ਦਰਾੜਾਂ ਪੈ ਹੀ ਚੁਕੀਆਂ ਹਨ, ਉਨ੍ਹਾਂ ਨੂੰ ਭਰਨ ਦੀ ਕੋਸ਼ਿਸ਼ ਜ਼ਰੂਰ ਕਰੀਏ। ਮਾਂਵਾਂ ਨੂੰ ਸੋਹਣੇ ਸੋਹਣੇ ਗਿਫਟ ਵੀ ਦਿਉ ਤੇ ਉਨ੍ਹਾਂ ਦੇ ਗਲ ਲੱਗ ਕੇ, ਗਲਵੱਕੜੀ ਪਾ ਕੇ ਪਿਆਰ ਵੀ ਕਰੋ। ਸਿਰਫ ਇਕ ਦਿਨ ਹੀ ਨਹੀਂ, ਹਰ ਰੋਜ਼, ਹਰ ਪਲ ਮਾਂ ਨੂੰ ਪਿਆਰ ਕਰੋ ਬੱਚਿਓ। ਫਿਰ ਦੇਖਣਾ, ਤੁਸੀਂ ਮਹਿਸੂਸ ਕਰੋਗੇ ਕਿ ਅਸਲ ਅਮੀਰੀ ਤਾਂ ਹੁਣ ਮਿਲੀ ਹੈ।