ਹੱਲਿਆਂ ਵੇਲੇ ਦੇ ਸਾਊ ਸ਼ਹਿਰੀ

ਬਲਤੇਜ ਸਿੰਘ
ਫੋਨ: 91-98550-22508
ਸ਼ਹਿਰਾਂ ਦੀਆਂ ਕਹਾਣੀਆਂ ਬਹੁਤ ਛੋਟੀਆਂ ਹੁੰਦੀਆਂ ਹਨ, ਕਿਸੇ ਕੋਲੋਂ ਪੁੱਛੋ ਤਾਂ ਆਖੇਗਾ, “ਹਾਲੇ ਕੱਲ ਦੀਆਂ ਗੱਲਾਂ ਇੱਥੇ ਕੁਝ ਨਹੀਂ ਸੀ, ਵੇਂਹਦੇ ਵੇਂਹਦੇ ਐਨਾ ਨਿੱਕ-ਸੁੱਕ ਖੁੱਲ ਗਿਆ।” ਤੇ ਚੰਡੀਗੜ੍ਹ ਤਾਂ ਕੋਈ ਬਹੁਤਾ ਪੁਰਾਣਾ ਸ਼ਹਿਰ ਵੀ ਨਹੀਂ, ਇੱਥੇ ਬਾਰੇ ਜੇ ਅੱਜ ਦੀ ਪੀੜ੍ਹੀ ਨੇ ਜਾਣਨਾ ਹੋਵੇ ਤਾਂ ਸ਼ਹਿਰ ਦੇ ਫੁਟਪਾਥਾਂ ‘ਤੇ ਤੁਰਨਾ ਪਵੇਗਾ, ਕਿਉਂਕਿ ਬਹੁਤੇ ਜਾਣਕਾਰ ਬੰਦੇ ਫੁਟਪਾਥਾਂ ‘ਤੇ ਹੀ ਹੁੰਦੇ ਹਨ; ਹਾਸ਼ੀਏ ‘ਤੇ ਧੱਕੇ ਹੋਏ। ਇਨ੍ਹਾਂ ਵਿਚੋਂ ਕੁਝ ਪੁਰਾਣੀਆਂ ਦੁਕਾਨਾਂ ਜਾਂ ਰੇਹੜੀਆਂ ਲਾਉਣ ਵਾਲੇ ਪੰਜਾਬੀ ਬਜੁਰਗ ਹਨ, ਜਿਨ੍ਹਾਂ ਨੇ ਚੰਡੀਗੜ੍ਹ ਸ਼ਹਿਰ ਉਸਰਦਾ ਆਪਣੇ ਅੱਖੀਂ ਵੇਖਿਆ। ਸ਼ਹਿਰਾਂ ‘ਚ ਪਰਵਾਸੀ ਪੰਛੀਆਂ ਦਾ ਹਰ ਰੁੱਤ ‘ਚ ਹੀ ਆਵਾਗਾਉਣ ਲੱਗਾ ਰਹਿੰਦਾ ਹੈ।

ਰੋਟੀ-ਰੁਜ਼ਗਾਰ ਦੀ ਝਾਕ ‘ਚ ਆਏ ਨੂੰ ਸ਼ਹਿਰ ਬੇਸ਼ੱਕ ਚੋਗਾ ਦਿੰਦਾ ਹੈ, ਪਰ ਇੰਨਾ ਬਹੁਤਾ ਵੀ ਨਹੀਂ ਦਿੰਦਾ ਕਿ ਚੋਗਾ ਲੈ ਕੇ ਵਾਪਿਸ ਪਿੰਡ ਵੱਸਿਆ ਜਾਵੇ।
ਕੁਝ ਇਹੋ ਜਿਹਾ ਪੰਛੀ ਹੀ ਹੈ ਕਰਨੈਲ ਸਿੰਘ, ਜੋ ਲੱਗਭਗ ਪੰਜ ਦਹਾਕਿਆਂ ਤੋਂ ਚੰਡੀਗੜ੍ਹ ਸ਼ਹਿਰ ਵਿਚ ਸਾਈਕਲ ਰਿਪੇਅਰ ਕਰ ਰਿਹਾ ਹੈ, ਆਸ ਪੜੋਸੀ ਉਸ ਨੂੰ ‘ਲੰਬੂ ਕਰਨੈਲ’ ਆਂਹਦੇ ਹਨ। ਕਰਨੈਲ ਸਿੰਘ 85 ਸਾਲ ਦਾ ਹੈ, ਉਸ ਨੂੰ ਬਜੁਰਗ ਕਹਿਣਾ ਤਾਂ ਸਹੀ ਨਹੀਂ, ਛੇ ਫੁੱਟ ਦੇ ਕਰੀਬ ਕੱਦ ਚੰਗਾ ਗਠੇ ਸਰੀਰ ਦਾ, ਕੁਤਰੀ ਹੋਈ ਦਾਹੜੀ ਤੇ ਅੱਖਾਂ ਦੀ ਚਮਕ ਤੋਂ ਉਹ ਅਧੇੜ ਜਿਹਾ ਲੱਗਦਾ ਹੈ। ਕਰਨੈਲ ਸਿੰਘ ਦੇ ਕੰਨ ‘ਚ ਸੁਣਨ ਵਾਲੀ ਮਸ਼ੀਨ ਲੱਗੀ ਹੈ, ਪਰ ਤਾਂ ਵੀ ਉਹ ਚੰਗਾ ਗਾਲ੍ਹੜੀ ਹੈ, ਤੁਹਾਡੇ ਗੱਲ ਤੋਰਨ ਦੀ ਦੇਰ ਹੈ, ਅੱਗੇ ਦੀ ਅੱਗੇ ਉਹ ਕਿੱਸੇ ਸੁਣਾਉਂਦਾ ਜਾਂਦਾ ਹੈ।
ਕਰਨੈਲ ਸਿੰਘ ਹੁਰੀਂ ਪਿੱਛਿਉਂ ਨਵਾਂ ਸ਼ਹਿਰ ਜਲੰਧਰ ਵੱਲ ਦੇ ਹਨ ਤੇ ਚੰਡੀਗੜ੍ਹ ਆਇਆਂ 48 ਵਰ੍ਹੇ ਹੋ ਗਏ ਹਨ। ਮੈਨੂੰ ਉਸ ਦੀ ਇਹ ਗੱਲ ਬੜੀ ਖਾਸ ਲੱਗੀ ਕਿ ਉਸ ਦਿਆਂ ਕਿੱਸਿਆਂ ਵਿਚ ਸਪੱਸ਼ਟਤਾ ਬਹੁਤ ਹੈ। ਅਸੀਂ ਅੱਜ ਵੀ ਗੱਲ ਕਰਦੇ ਐਵੇਂ ਹੀ ਕਹਿ ਦਿੰਨੇ ਹਾਂ, ‘ਬਈ ਹੋਊ ਕੋਈ 8-10 ਸਾਲ ਪੁਰਾਣੀ ਗੱਲ।’ ਪਰ ਉਹ ਪੂਰੀ ਸਪੱਸ਼ਟਤਾ ਨਾਲ ਵਰ੍ਹੇ, ਦਿਨਾਂ ਬਾਰੇ ਬਿਨ ਸੋਚਿਆਂ ਦੱਸਦਾ ਜਾਂਦਾ ਹੈ, ਇਉਂ ਲੱਗਦਾ ਹੈ ਜਿਵੇਂ ਕਿਤੇ ਬਹਿ ਕੇ ਯਾਦ ਕੀਤੇ ਹੋਣ। ਕਰਨੈਲ ਸਿੰਘ ਸੈਕਟਰ-37 ਦੇ ਸਰਕਾਰੀ ਸਕੂਲ ਕੋਲ ਇੱਕ ਖੂੰਜੇ ਵਿਚ ਸਾਈਕਲ ਠੀਕ ਕਰਦਾ ਹੈ। ਮੇਰਾ ਉਸ ਨਾਲ ਮੇਲ ਚੱਕੇ ‘ਚ ਫੂਕ ਭਰਾਉਂਦਿਆਂ ਹੀ ਹੋਇਆ। ‘ਸੈਂਕਲਾਂ ਦੀ ਦੁਕਾਨ’ ‘ਤੇ ਗਾਹਕ ਅੱਜ ਕਲ ਘੱਟ ਹੀ ਬਹੁੜਦੇ ਹਨ, ਇਸ ਲਈ ਅਸੀਂ ਗੱਲੀਂ ਲੱਗ ਗਏ। ਬਾਬੇ ਨੇ ਚੰਡੀਗੜ੍ਹ ਆਪਣੇ ਅੱਖੀਂ ਵੱਸਦਾ ਦੇਖਿਆ ਸੀ, ਉਹ ਪੂਰਾ ਇਤਿਹਾਸ ਉਂਗਲਾਂ ਦੇ ਪੋਟਿਆਂ ‘ਤੇ ਦੱਸਦਾ ਹੈ ਕਿ ਪਹਿਲਾਂ ਇੱਥੇ ਕਿਹੜਾ ਸੈਕਟਰ ਵਸਿਆ ਤੇ ਕਿੱਥੇ ਕੀ ਸੀ? ਬਾਬਾ ਇੱਕ ਗੱਲ ‘ਤੇ ਵਾਧੂ ਜ਼ੋਰ ਦਿੰਦਾ ਹੈ ਕਿ ਪੀੜ੍ਹੀਆਂ ਬਦਲੀਆਂ ਤਾਂ ਨਾਮ ਬਦਲੇ, ਨਹੀਂ ਉਹ ਤਾਂ ਅਜੇ ਵੀ ਸਾਰੇ ਸੈਕਟਰਾਂ ਨੂੰ ਪਿੰਡਾਂ ਦੇ ਨਾਂਵਾਂ ਨਾਲ ਜਾਣਦਾ। ਉਸ ਦਾ ਨਵੀਂ ਪੀੜ੍ਹੀ ਪ੍ਰਤੀ ਕੁਝ ਰੋਸਾ ਜਾਇਜ਼ ਵੀ ਹੈ, ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਦੀ ਘਟਦੀ ਪੈਂਠ ਦਾ ਸਾਰਾ ਦੋਸ਼ ਉਹ ਨਵੀਂ ਪੀੜ੍ਹੀ ਨੂੰ ਹੀ ਦਿੰਦਾ ਹੈ।
ਗੱਲਾਂ ਕਰਦਾ ਕਰਦਾ ਉਹ ਦੱਸਣ ਲੱਗ ਗਿਆ ਕਿ ਜ਼ਿੰਦਗੀ ‘ਚ ਇੱਕੋ ਰਾਤ ਸਭ ਤੋਂ ਔਖੀ ਰਹੀ, ਜੋ ਕਦੇ ਚਾਹ ਕੇ ਵੀ ਨਹੀਂ ਭੁੱਲਦੀ। ਜਦੋਂ ਇੰਦਰਾ ਮਰੀ ਤਾਂ 1984 ‘ਚ ਸਰਕਾਰ ਨੇ ਕਰਫਿਊ ਐਲਾਨ ਦਿੱਤਾ। ਉਦੋਂ ਉਹ ਯੂਨੀਵਰਸਿਟੀ ਗੇਟ ਨੰਬਰ 2 ਸਾਹਮਣੇ ਬੈਠਦਾ ਸੀ ਤੇ ਉਦੋਂ ਪਾੜ੍ਹਿਆਂ ਕੋਲ ਬਹੁਤੇ ਸਾਈਕਲ ਹੀ ਹੁੰਦੇ ਸਨ। ਰਾਤ ਨੂੰ 8 ਵਜੇ ਕਰਫਿਊ ਦਾ ਐਲਾਨ ਹੋ ਗਿਆ। ਸ਼ਹਿਰ ਫੌਜ ਨਾਲ ਭਰ ਗਿਆ। ਬਾਬੇ ਕੋਲ ਫੌਜੀ ਆਏ ਤੇ ਕਿਹਾ, ‘ਫੌਰਨ ਸਾਮਾਨ ਚੱਕ।’ ਬਾਬੇ ਕੋਲ 10-15 ਸਾਈਕਲ ਰਿਪੇਅਰ ਨੂੰ ਖੜੇ ਸਨ। ਜਿਨ੍ਹਾਂ ਵਿਚੋਂ ਬਹੁਤੇ ਯੂਨੀਵਰਸਿਟੀ ਹੋਸਟਲ ਰਹਿਣ ਵਾਲਿਆਂ ਦੇ ਸਨ। ਉਹਨੇ ਫੌਜੀ ਦੀਆਂ ਮਿੰਨਤਾਂ ਕੀਤੀਆਂ ਕਿ ਭਾਈ ਮੈਂ ਇੰਨੇ ਸਾਈਕਲ ਛੱਡ ਕੇ ਕਿਵੇਂ ਜਾਵਾਂ! ਫੌਜੀ ਬਹੁਤੇ ਨਾਗਾਲੈਂਡ ਜਾਂ ਉਤਰ ਪੂਰਬ ਵੱਲ ਦੇ ਸਨ, ਜੋ ਪੰਜਾਬੀ, ਹਿੰਦੀ ਕੁਝ ਨਹੀਂ ਸਨ ਸਮਝਦੇ। ਉਨ੍ਹਾਂ ਨੇ ਬਾਬੇ ਦੀ ਕੁੱਟ ਮਾਰ ਕੀਤੀ ਤੇ ਆਖਿਰ ਬਹੁਤੀਆਂ ਮਿੰਨਤਾਂ ਪਿਛੋਂ ਇੰਨਾ ਕੁ ਸਮਝੇ ਕਿ ਇਨ੍ਹਾਂ ਸਾਈਕਲਾਂ ਨੂੰ ਉਹ ਕਿਤੇ ਟਿਕਾਣੇ ਲਾ ਲਵੇ, ਫੇਰ ਚਲਾ ਜਾਵੇਗਾ।
ਅਧੇੜ ਉਮਰ ‘ਚ ਵੀ ਉਹ ਭਰ ਜਵਾਨ ਸੀ, ਇਸ ਲਈ ਕੁੱਟ ਖਾਣ ਪਿਛੋਂ ਉਹ ਸਾਈਕਲ ਢੋ ਕੇ ਸਾਹਮਣੀ ਪਾਰਕ ‘ਚ ਲਾਉਣ ਲੱਗਾ ਤੇ ਸਮਾਨ ਸਮੇਟਣ ਲੱਗਾ। ਸਾਈਕਲ ਲਾਉਂਦੇ ਨੂੰ ਰਾਤ ਦੇ 12 ਤੋਂ ਉਪਰ ਦਾ ਸਮਾਂ ਹੋ ਗਿਆ ਤੇ ਉਦੋਂ ਉਨ੍ਹਾਂ ਨੂੰ ਰਹਿਣ ਲਈ 37 ਸੈਕਟਰ ਵਿਚ ਕੁਆਟਰ ਮਿਲੇ ਸਨ। ਉਹਨੇ ਹੌਲ ਹੁੰਗਾਰੇ ਨਾਲ ਮੋਢੇ ‘ਤੇ ਪੇਟੀ ਟੰਗੀ, ਜਿਸ ਵਿਚ ਪੰਪ, ਚਾਬੀਆਂ ਗਰਾਰੀ ਖੋਲ੍ਹਣ ਵਾਲੇ ਸੰਦ ਤੇ ਹੋਰ ਰਿਪੇਅਰ ਦਾ ਸਮਾਨ ਸੀ, ਜੋ ਬਹੁਤਾ ਲੋਹੇ ਦਾ ਸੀ ਤੇ ਪੇਟੀ ਵੀ ਉਹ, ਜੋ ਫੌਜੀਆਂ ਕੋਲ ਹੁੰਦੀ ਹੈ। ਇਹ ਫੌਜੀਆਂ ਵਾਲੀ ਪੇਟੀ ਬਾਬੇ ਦੀ ਪੁਰਾਣੀ ਵੀਹ ਸਾਲਾਂ ਦੀ ਕਮਾਈ ਹੀ ਸੀ, ਬਾਬਾ ਪਹਿਲਾਂ ਫੌਜ ਵਿਚ ਸੀ, 1945 ਤੋਂ 1965 ਦੌਰਾਨ; 1962 ਦੀ ਚੀਨ ਖਿਲਾਫ ਜੰਗ ਲੜੀ। ਉਹ ਅੰਗਰੇਜ਼ਾਂ ਵੇਲੇ ਭਰਤੀ ਹੋਇਆ ਤੇ ਉਹਦੇ ਦੱਸਣ ਮੁਤਾਬਕ ਉਹ ਫੌਜ ਵਿਚ ਮੇਜਰ ਜਨਰਲ ਸੀ। ਉਦੋਂ ਤਨਖਾਹ ਦਹਿਆਂ ‘ਚ ਹੁੰਦੀ ਸੀ, ਤੇ ਇਸੇ ਲਈ ਬਾਬੇ ਦੀ ਹੁਣ ਤੱਕ ਫੌਜ ਦੀ ਪੈਨਸ਼ਨ ਸੈਂਕੜਿਆਂ ਵਿਚ ਹੀ ਹੈ। ਲੈ-ਦੇ ਕੇ ਕੁੱਲ ਬਾਬੇ ਨੇ ਫੌਜ ਵਿਚੋਂ ਉਹ ਪੇਟੀ ਹੀ ਖੱਟੀ ਸੀ, ਜੋ ਹੁਣ ਤੱਕ ਬਾਬੇ ਕੋਲ ਪਈ ਹੈ, ਜਿਸ ਵਿਚ ਉਹ ਆਪਣਾ ਸਾਰਾ ‘ਸੈਂਕਲ ਠੀਕ ਕਰਨ ਵਾਲਾ’ ਸਮਾਨ ਰੱਖਦਾ।
ਬਾਬਾ ਸੈਕਟਰ-15 ਦੀਆਂ ਲਾਈਟਾਂ ਤੋਂ ਤੁਰ ਪਿਆ, ਉਦੋਂ ਚੰਡੀਗੜ੍ਹ ਇੰਨਾ ਆਬਾਦ ਨਹੀਂ ਸੀ ਤੇ ਸੁੰਨ ਸਰ੍ਹਾਂ ਵੀ ਬੜੀ ਸੀ; ਉਤੋਂ ਸਮਾਂ ਰਾਤ ਦੇ ਕਰੀਬ ਇਕ ਵਜੇ ਦਾ ਸੀ। ਜਦੋਂ ਬਾਬਾ ਡੀਂਗਾਂ ਭਰੇ, ਉਦੋਂ ਨਾਲ ਨਾਲ ਪੇਟੀ ‘ਚ ਪਿਆ ਸਮਾਨ ਹਿੱਲੇ ਤੇ ਖੜਾਕ ਅੱਧਾ ਕਿਲੋਮੀਟਰ ਦੂਰ ਤੱਕ ਸੁਣੇ। ਬਾਬੇ ਦੀ ਰੋਜ਼ੀ ਰੋਟੀ ਸੀ ਉਹ, ਰੱਖ ਕੇ ਵੀ ਨਹੀਂ ਸੀ ਜਾ ਸਕਦਾ। ਅੱਗੇ ਗਿਆ ਸੈਕਟਰ-24 ਦੇ ਚੌਕ ਵਿਚ ਫੌਜੀ ਖੜੇ। ਉਸ ਚੌਕ ਦੇ ਪੁਲਿਸ ਵਾਲਿਆਂ ਨੇ ਕੱਪੜਿਆਂ ਤੇ ਸਮਾਨ ਤੋਂ ਅੰਦਾਜ਼ਾ ਲਾ ਲਿਆ ਕਿ ਇਹ ਮਿਸਤਰੀ ਆ। ਉਨ੍ਹਾਂ ਬਾਬੇ ਨੂੰ ਘੰਟਾ ਸਿਰਫ ਕੰਨ ਫੜ ਕੇ ਖਲੋਣ ਲਈ ਕਿਹਾ, ਮਰਦਾ ਕੀ ਨਾ ਕਰਦਾ! ਬਾਬਾ ਖਲੋਤਾ ਰਿਹਾ, ਉਹ ਇਹ ਵੀ ਨਾ ਦੱਸ ਸਕਿਆ ਕਿ ਮੈਂ ਵੀ ਸਾਬਕਾ ਫੌਜੀ ਆਂ। ਦੱਸੇ ਤਾਂ ਜੇ ਕੋਈ ਸਮਝੇ, ਸਾਰੇ ਤਾਂ ਗੈਰ ਭਾਸ਼ਾਈ ਸਨ। ਉਨ੍ਹਾਂ ਘੰਟਾ ਖੜਾ ਕੇ ਥੱਪੜ ਮਾਰ ਕੇ ਬਾਬੇ ਨੂੰ ਭੱਜ ਜਾਣ ਨੂੰ ਕਿਹਾ। ਅੱਗੇ ਉਹ ਬੱਤਰੇ ਵਾਲੇ ਮੋੜ ‘ਤੇ ਪਹੁੰਚਿਆ ਤਾਂ ਫੌਜੀਆਂ ਦੇ ਡਰੋਂ ਉਹਨੇ ਸੜਕੇ ਸੜਕੇ ਜਾਣਾ ਚੰਗਾ ਨਾ ਸਮਝ ਵਿਚਕਾਰਲੇ ਰਾਹ ਤੋਂ ਜਾਣ ਲੱਗ ਪਿਆ। ਪੇਟੀ ਦਾ ਖੜਾਕ ਸੁਣ ਕੇ ਉਥੇ ਫੌਜੀ ਭੱਜੇ ਆਏ। ਉਨ੍ਹਾਂ ਨੇ ਕੁਝ ਦੱਸਿਆ ਨ੍ਹੀਂ, ਪੁੱਛਿਆ ਨ੍ਹੀਂ ਤੇ ਕੁੱਟਣਾ ਸ਼ੁਰੂ ਕਰ ਦਿੱਤਾ।
ਬਾਬੇ ਦਾ ਜ਼ੇਰਾ ਸੱਚੀਂ ਬਹੁਤ ਸੀ, ਉਹ ਬੜੇ ਸਹਿਜ ਨਾਲ ਇਹ ਗੱਲਾਂ ਸੁਣਾ ਰਿਹਾ ਸੀ। ਸਾਹਮਣੇ ਵਾਲਾ ਕਿੰਨਾ ਕੁ ਹੈਰਾਨ ਹੋਵੇਗਾ, ਇਹਦਾ ਅੰਦਾਜ਼ਾ ਉਹਨੂੰ ਸ਼ਾਇਦ ਨਹੀਂ ਸੀ। ਉਨ੍ਹਾਂ ਫੌਜੀਆਂ ਦਾ ਜ਼ਿਕਰ ਕਰਦਿਆਂ ਇੱਕੋ ਵਾਰ ਬਾਬੇ ਦੇ ਚਿਹਰੇ ‘ਤੇ ਸ਼ਿਕਨ ਆਇਆ। ਕਹਿੰਦਾ, “ਉਨ੍ਹਾਂ ਮੈਨੂੰ ਠੁੱਡ ਮਾਰ ਮਾਰ ਅੱਧ ਮੋਇਆ ਕਰ ਦਿੱਤਾ, ਜਬਾੜਾ ਤੋੜ ਦਿੱਤਾ ਤੇ ਹੋਰ ਵੀ ਸਰੀਰਕ ਚੋਟਾਂ ਬਹੁਤ ਮਾਰੀਆਂ।” ਬਾਬੇ ਦੇ ਘਰਦੇ ਬੱਸ ਇਵੇਂ ਹੀ ਹੈਰਾਨ ਸਨ ਕਿ ਇਹ ਲਹੂ ਲੁਹਾਣ ਬਚ ਕਿਵੇਂ ਗਿਆ। ਉਨ੍ਹਾਂ ਸੱਟਾਂ ਨੇ ਬਾਬੇ ਦੇ ਚੱਕਲੇ ਵਰਗੇ ਕਾਮੇ ਸਰੀਰ ਨੂੰ 2 ਮਹੀਨੇ ਬਿਸਤਰੇ ਨਾਲ ਬੰਨੀਂ ਰੱਖਿਆ।
ਇੰਨਾ ਕੁਝ ਦੱਸ ਕੇ ਬਾਬਾ ਇੱਕਦਮ ਚੁੱਪ ਹੋ ਗਿਆ। ਮੈਂ ਵੀ ਬਾਬੇ ਨੂੰ ਪੁੱਛਣ ਦਾ ਜ਼ੇਰਾ ਹੀ ਨਾ ਕਰ ਸਕਿਆ ਕਿ ਉਨ੍ਹਾਂ ‘ਸੈਂਕਲਾਂ’ ਦਾ ਕੀ ਬਣਿਆ, ਜੋ ਪਾਰਕ ‘ਚ ਲਾ ਕੇ ਆਇਆ ਸੀ। ਜੋ ਵੀ ਬਣਿਆ ਹੋਵੇ! ਉਨ੍ਹਾਂ ਦਾ ਹਾਲ ਕਦੇ ਇਨ੍ਹਾਂ ਬਦਤਰ ਨਹੀਂ ਹੋਇਆ ਹੋਣਾ ਕਿ 85 ਸਾਲ ਦੀ ਉਮਰ ਦੀ ਕਿਸੇ ਦੀ ਇੱਕੋ ਇੱਕ ਯਾਦ ਬਣ ਜਾਵੇ! ਸਰਕਾਰਾਂ ਦੀ ਇਹ ਕਿਹੋ ਜਿਹੀ ਸਨਕ ਸੀ, ਜਿਨ੍ਹਾਂ ਨੇ ਸੈਂਕੜੇ ਬੇਕਸੂਰ ਇਉਂ ਸੜਕਾਂ ‘ਤੇ ਰੋਲੇ, ਖਬਰੇ ਕਿੰਨੇ ਬਾਬੇ ਉਦਣ ਆਪਣੇ ਘਰ ਪਹੁੰਚ ਹੀ ਨਹੀਂ ਸਕੇ ਹੋਣੇ? ਕਿੰਨੇ ਕਰਨੈਲ ਸਿੰਘ ਉਸ ਸਰਕਾਰੀ ਅਤਿਵਾਦ ਦੀ ਲਪੇਟ ‘ਚ ਆਏ, ਜਿਨ੍ਹਾਂ ਦੇ ਝੰਬਿਆਂ ਦਾ ਮੁਆਵਜ਼ਾ ਤਾਂ ਦੂਰ, ਕੋਈ ਖਬਰ ਵੀ ਨਹੀਂ ਬਣਦੀ!