ਮੁੜ ਚੱਲ ਕੁਦਰਤ ਦੀ ਗੋਦ ‘ਚ

ਪ੍ਰਿੰ. ਬਲਕਾਰ ਸਿੰਘ ਬਾਜਵਾ
ਫੋਨ: 91-95305-17132
ਐ ਮਾਨਵ! ਤੂੰ ਕਰੋਨਾ ਵਾਇਰਸ ਦੇ ਚਲੰਤ ਘਟਨਾ ਚੱਕਰ ਵਿਚ ਕਿਉਂ ਤੇ ਕਿਵੇਂ ਫਸ ਗਿਐਂ! ਜ਼ਰਾ ਸੋਚ ਤੇ ਸੂਝ ਨੂੰ ਅੰਤਰਝਾਤ ਕਰ। ਉਹ ਏਡਾ ਵੱਡਾ ਮਹਾ ਬਲੀ ਕੌਣ ਹੈ, ਜਿਸ ਨੇ ਵਿਸ਼ਵੀ ਮਾਨਵੀ ਸੰਗਠਨਾਂ, ਸੰਸਾਰ ਭਰ ਦੀਆਂ ਸਰਕਾਰਾਂ ਦੀਆਂ ਵਿਧਾਨਕ ਤੇ ਨਿਆਇਕ ਸੰਸਥਾਵਾਂ, ਫੌਜਾਂ, ਨੀਮ ਸੁਰੱਖਿਆ ਬਲਾਂ ਆਦਿ ਨੂੰ ਨੱਥ ਪਾਈ ਹੋਈ ਐ। ਜਿੱਦਾਂ ਦੇ ਫੈਸਲੇ ਕਰਾਉਣੇ ਚਾਹੁੰਦਾ ਹੈ, ਕਰਵਾਈ ਜਾ ਰਿਹੈ। ਜਿੱਥੇ ਖੜ੍ਹੇ ਹੋਣ ‘ਤੇ ਹਾਮੀ ਭਰਨ ਲਈ ਕਹਿੰਦਾ ਹੈ, ਕਰਵਾਈ ਜਾ ਰਿਹੈ। ਜਿੱਥੇ ਜੰਗ ਛੇੜਨੀ ਚਾਹੁੰਦੈ, ਮਿਜ਼ਾਈਲਾਂ ਦੇ ਬਟਨ ਦਬਵਾ ਲੈਂਦੈ। ਜਿੱਥੇ ਸਮਝੌਤੇ ਕਰਨੇ ਚਾਹੁੰਦੈ, ਬਾਹਾਂ ਮਰੋੜ ਕਰਵਾ ਲੈਂਦਾ। ਜਿੱਧਰ ਚਾਹੁੰਦੈ, ਓਧਰ ਤੋਰ ਲੈਂਦੈ। ਅਜੋਕੇ ਨਿਜ਼ਾਮ ਵਿਚ ਤੇਰਾ ਚਾਲਕ ਈ ਪੂੰਜੀਪਤੀ, ਸਰਮਾਏਦਾਰ, ਸਭ ਦਾ ਸਵਾਮੀ।

ਇਹ ਮੁਨਾਫੇ ਦੀ ਹਵਸ ਦਾ ਵੱਢਿਆ ਹਲਕਾ ਹੋ ਸੁਆਰਥੀ ਜੀਭ ਲਮਕਾਈ, ਰਾਲ੍ਹਾਂ ਸੁੱਟਦਾ ਅੰਨਾ ਹੋਇਆ ਫਿਰਦਾ ਏ। ਇਹਦੀਆਂ ਨਿੱਜੀਕਰਨ, ਸ਼ਹਿਰੀਕਰਨ, ਅੰਨਾ ਉਦਯੋਗੀਕਰਨ ਆਦਿ ਨੇ ਵਾਤਾਵਰਣ ਪ੍ਰਦੂਸ਼ਿਤ ਕਰ ਦਿੱਤੈ। ਇਹਨੇ ਜਨ, ਜਲ, ਜ਼ਮੀਨ, ਜੰਗਲ-ਸੱਭੇ ਕੁਦਰਤੀ ਸੋਮੇ ਨਫੇ ਖਾਤਰ ਲੁੱਟੇ ਅਤੇ ਨਸ਼ਟ ਕਰ ਦਿੱਤੇ ਹਨ। ਕੁਦਰਤ ਦਾ ਸੰਤੁਲਨ ਵਿਗਾੜ ਦਿੱਤਾ ਹੈ। ਗਰਮੀ, ਤਪਸ਼, ਮੀਂਹ, ਸੁਨਾਮੀ ਤੇ ਪ੍ਰਦੂਸ਼ਣ ਜਿਹੇ ਕਹਿਰ ਵਾਪਰ ਰਹੇ ਹਨ।
ਇਸ ਹਾਲਾਤ ਵਿਚ ਬਿਮਾਰੀ, ਭੁੱਖ, ਮੰਦਹਾਲੀ, ਬੇਚੈਨੀ, ਪ੍ਰੇਸ਼ਾਨੀ ਆਦਿ ਫੈਲ ਰਹੇ ਹਨ। ਇਹ ਦਸ਼ਾ ਕਿਸੇ ਵੇਲੇ ਵੀ ਬਦਅਮਨੀ, ਬਰਬਰਤਾ ਦਾ ਕਾਰਨ ਬਣ ਸਕਦੀ ਹੈ। 90 ਪ੍ਰਤੀਸ਼ਤ ਲੋਕਾਈ ਨਰਕ ਕੁੰਬੀ ‘ਚ ਧੱਕੀ ਪਈ ਹੈ। ਸਰਕਾਰਾਂ ਨੂੰ ਆਬਾਦੀ ਕੰਟਰੋਲ ਦੀ ਕੋਈ ਦੂਰਦ੍ਰਿਸ਼ਟ ਨੀਤੀ ਨਹੀਂ ਬਣਾਉਣ ਦਿੰਦਾ-ਸਿਰਫ ਸਸਤੀ ਲੇਬਰ ਵਾਸਤੇ। ਚੰਗੀ ਸਿੱਖਿਆ, ਸਿਹਤ ਤੇ ਸੁਰੱਖਿਆ ਸਹੂਲਤਾਂ ਤੋਂ ਬਹੁਤੀ ਵੱਸੋਂ ਵਾਂਝੀ ਹੈ। ਕੋਠੀਆਂ ਤੇ ਝੋਂਪੜੀਆਂ, ਮਹਿਲ ਮਾੜੀਆਂ ਤੇ ਝੁੱਗੀਆਂ ਦੇ ਮੰਜ਼ਰ ਹਰ ਸ਼ਹਿਰ, ਕਸਬੇ ਤੇ ਪਿੰਡ ‘ਚ ਨਜ਼ਰੀਂ ਪੈਂਦੇ ਹਨ। ਐਸ਼ਪ੍ਰਸਤੀ ਦੀ ਰਹਿੰਦ ਖੂਹੰਦ ਦੇ ਢੇਰਾਂ ‘ਚੋਂ ਗਰੀਬੀ ਕਾਂ, ਕੁੱਤਿਆਂ, ਸੂਰਾਂ ਨਾਲ ਰਲ ਆਪਣੇ ਪੇਟ ਨੂੰ ਝੁਲਕਾ ਦੇਣ ਦੇ ਦ੍ਰਿਸ਼ ਆਮ ਵੇਖਣ ਨੂੰ ਮਿਲਦੇ ਹਨ। ਇਹ ਈ ਬੰਦਿਆ ਤੇਰੀ ਤਰੱਕੀ ਦਾ ਸਬੂਤ! ਕੁਦਰਤੀ ਤੋਂ ਦੂਰੀ ਵਧਦੀ ਜਾ ਰਹੀ ਹੈ। ਇਸ ਮੁਕਾਮ ‘ਤੇ ਅਮੀਰ ਗਰੀਬਾਂ ਨੂੰ ਰੱਬ ਦੇ ਡਰ, ਵਹਿਮਾਂ ਭਰਮਾਂ ਤੇ ਮਿੱਥਾਂ ਵਿਚ ਡੋਬੀ ਰੱਖਣ ਦੇ ਪਰਪੰਚਾਂ ਦੀ ਸਰਪ੍ਰਸਤੀ ਕਰਦੇ ਹਨ। ਬੰਦੇ ਦਾ ਸਤਿਕਾਰ ਛੱਡ ਮੂਰਤੀ ਤੇ ਪੈਸਾ ਪੂਜਣ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਹਨ। ਲੱਗਦੈ, ਮੇਰੀ ਮਾਰ (ਕਰੋਨਾ ਵਾਇਰਸ) ਤੋਂ ਬਚੇ ਭੁੱਖ ਦੀ ਮਾਰ ਤੋਂ ਨਹੀਂ ਬਚਣੇ।
ਉਏ ਧਨਾਢੋ! ਕੁਦਰਤ ਦਾ ਅੱਤ ਨਾਲ ਵੈਰ ਹੁੰਦੈ। ਰੂਸੋ ਨੇ ‘ਕੁਦਰਤੀ ਸਿੱਟਿਆਂ ਦੀ ਸਜ਼ਾ ਦਾ ਸਿਧਾਂਤ’ ਵੀ ਦਿੱਤਾ ਹੋਇਐ। ਮੈਂ (ਕਰੋਨਾ ਵਾਇਰਸ) ਕੁਦਰਤ ਤੇ ਲੋਕਾਈ ਨਾਲ ਹੱਦੋਂ ਵਧ ਹੋ ਰਹੀਆਂ ਵਧੀਕੀਆਂ ਦੇ ਫਲਸਰੂਪ ਹੋਂਦ ‘ਚ ਆਇਆ ਹਾਂ। ਪਹਿਲਾਂ ਵੀ ਮੈਂ ਸਮੇਂ ਸਮੇਂ, ਵੱਖ ਵੱਖ ਰੂਪਾਂ, ਖੌਫਨਾਕ ਰਾਖਸ਼ਸ਼ਾਂ, ਡਰਾਉਣੇ ਸ਼ਕਤੀਸ਼ਾਲੀ ਡਾਇਨਾਸੋਰ ਦੇ ਰੂਪ ਵਿਚ ਪ੍ਰਗਟ ਹੁੰਦਾ ਆਇਆਂ। ਭੱਜ ਲੈ ਜਿੱਧਰ ਭੱਜਣਾ ਈ। ਜ਼ਰਾ ਵੇਖ, ਮੈਂ ਲੋਕਾਈ ਨੂੰ ਭਜਾਈ ਜਾਂਦੇ ਸਮੇਂ ਅਤੇ ਇਹਦੇ ਚਾਲਕਾਂ ਨੂੰ ਬਾਹੋਂ ਫੜ ਰੋਕ ਲਿਐ। ਇਹ ਈ ਮੇਰੀ ਸ਼ਕਤੀ! ਮੈਂ ਬੜੇ ਸਮੇਂ ਤੇ ਸਬਰ ਨਾਲ ਵੇਖਦਾ ਆ ਰਿਹਾਂ। ਤੇਰੀਆਂ ਧੱਕੇਸ਼ਾਹੀਆਂ, ਕੋਤਾਹੀਆਂ, ਕਹਿਰਾਂ, ਤਬਾਹੀਆਂ ਤੇ ਖਿਲਵਾੜਾਂ ਨੇ ਹੀ ਮੈਨੂੰ ਪਨਪਿਐ। ਸਮੇਂ ਸਮੇਂ ਸਾਰਸ, ਸਰਸ, ਈਬੋਲਾ, ਪਲੇਗ, ਮਲੇਰੀਆ ਆਦਿ ਆਏ, ਜੋ ਮੇਰੇ ਹੀ ਸੰਗੀ ਸਾਥੀ ਸਨ। ਤੂੰ ਥੋੜ੍ਹਾ ਰੁਕਿਆ ਜ਼ਰੂਰ, ਪਰ ਛੇਤੀ ਹੀ ਮੁੜ ਪੂਛ ਚੁੱਕ ਭੱਜ ਤੁਰਿਐਂ, ਉਨ੍ਹਾਂ ਹੀ ਚਹਿਨ ਚੱਕਰਾਂ ‘ਤੇ।
ਪੂੰਜੀਦਾਰ ਨੂੰ ਤਾਂ ਆਪਣੇ ਆਪ ਦੀ ਹੀ ਸੋਝੀ ਨਹੀਂ। ਉਹਨੇ ਤਾਂ ਆਪਣੇ ਹੀ ਆਲ੍ਹਣੇ, ਪਾਣੀ, ਖਾਦ-ਖੁਰਾਕਾਂ, ਜਲਵਾਯੂ, ਧਰਤ ਪ੍ਰਦੂਸ਼ਿਤ ਕਰ ਦਿੱਤੇ ਹਨ। ਸਿਰਫ ਠਾਠ-ਬਾਠ ਤੇ ਟੌਹਰੀ ਥੀਣ ਤੇ ਹੋਣ ਵਾਸਤੇ। ਇਹ ਕਿਸੇ ਕੰਮ ਨਹੀਂ! ਮੇਰੇ ਤੋਂ ਤਾਂ ਸਭ ਨੂੰ ਇੱਕੋ ਜਿਹਾ ਖਤਰਾ ਈ। ਜੇ ਤੂੰ ਆਪ ਹੀ ਨਾ ਰਿਹਾ, ਤੇਰੇ ਸੰਗੀ ਸਾਥੀ ਤੇ ਸਮਾਜ ਹੀ ਨਾ ਰਿਹਾ, ਤਾਂ ਇਹ ਸਾਰੇ ਪਰਪੰਚ ਕਿਸ ਕੰਮ! ਜ਼ਰਾ ਸੋਚ। ਤੂੰ ਤਾਂ ਉਨ੍ਹਾਂ ਹੀ ਸਰੋਤਾਂ ਨੂੰ ਬਰਬਾਦ ਕਰੀ ਜਾ ਰਿਹੈਂ, ਜਿਨ੍ਹਾਂ ਆਸਰੇ ਤੂੰ ਜਿਉਣਾ ਹੈ। ਸਿਰੇ ਦੀ ਮੂਰਖਤਾ! ਨਿਰੋਲ ਨਖਲਿਸਤਾਨੀ ਮ੍ਰਿਗ ਤ੍ਰਿਸ਼ਨਾ! ਭੁੱਲ ਨਾ ‘ਇਤਿਹਾਸ ਬਾਦਸ਼ਾਹਾਂ ਦਾ ਗੁਲਾਮ ਨਹੀਂ ਹੁੰਦਾ, ਸਗੋਂ ਬਾਦਸ਼ਾਹ ਇਤਿਹਾਸ ਦੇ ਗੁਲਾਮ ਹੁੰਦੇ ਹਨ।’
ਮਾਨਵਤਾ, ਮੈਂ ਇੱਕ ਉਹ ਵੱਡਾ ਹਕੀਮ ਹਾਂ, ਜੋ ਉਤੋਂ ਤਾਂ ਦੁਸ਼ਮਣ ਭਾਸਦਾਂ, ਪਰ ਵਿਚੋਂ ਤੇਰੇ ਰੋਗਾਂ ਦਾ ਦਾਰੂ ਹਾਂ, ਕੌੜੀ ਕੁਨੈਨ ਵਾਂਗ। ਕਹਿਰ ਤੂੰ ਬਹੁਤ ਕੀਤੇ ਨੇ, ਹੁਣ ਵੇਖ ਮੇਰਾ ਕਹਿਰ ਮਿੱਤਰਾ! ਵੇਖ ਮੇਰਾ ਕ੍ਰਿਸ਼ਮਾ। ਉਚੇ ਅਸਮਾਨੀਂ ਉਡਦਿਆਂ ਨੂੰ ਥੱਲੇ ਲਾਹ ਲਿਆ, ਹਵਾ ਨੂੰ ਗੰਢਾਂ ਦਿੰਦੇ ਵਾਹਨ ਅੱਡਿਆਂ ‘ਚ ਜਾ ਖੜਾਏ। ਸਾਹੋ ਸਾਹੀ ਹੋਈ ਲੋਕਾਈ ਨੂੰ ਰੋਕ ਲਿਆ। ਸਮਾਂ ਬੰਨ੍ਹ ਦਿੱਤਾ। ਸ਼ਿਫਟਾਂ ਵਿਚ ਜਕੜੇ ਬੰਦੇ ਨੂੰ ਬਾਂਹੋਂ ਫੜ ਰੋਕਣਾ ਕੋਈ ਆਸਾਨ ਨਹੀਂ ਹੁੰਦਾ। ਮੈਂ ਪੂਰੀ ਦੁਨੀਆਂ ਨੂੰ ਫੌਜੀ ਕਮਾਂਡਰ ਵਾਂਗ ਸਾਵਧਾਨ ਕਰ ਖੜ੍ਹਾ ਲਿਐ, ਘਰੀਂ ਡੱਕ ਦਿੱਤੈ। ਉਪਲਬਧ ਇਲਾਜ ਤੋਂ ਮੇਰਾ ਇਲਾਜ ਆਕੀ ਈ। ਇਨ੍ਹਾਂ ਨਾਲ ਮੇਰੀ ਮਹਾਮਾਰੀ ਕਾਬੂ ਨਹੀਂ ਆ ਰਹੀ। ਤੇਰੇ ਸਿਰ ‘ਤੇ ਕੋਈ ਭੂਤ ਈ ਸਵਾਰ ਹੋਇਆ ਲੱਗਦਾ ਸੀ। ਆਪਣੇ ਸਿਰਜੇ ਸਮਾਜ ਦੇ ਬਣਾਏ ਕਾਨੂੰਨਾਂ ਦੀਆਂ ਧੱਜੀਆਂ ਉਡਾਉਂਦਾ ਫਿਰਦਾ ਸੀ। ਸੜਕਾਂ ‘ਤੇ ਆਪਣੇ ਹੀ ਸੰਗੀ ਸਾਥੀਆਂ ਦੇ ਖੂਨ ਦੀ ਹੋਲੀ ਖੇਡੀ ਜਾਂਦਾ ਸੀ।
ਵੇਖ ਲੈ! ਮੈਂ ਅੱਜ ਤੈਨੂੰ ਆਰਾਮ ਨਾਲ ਬੈਠਣ, ਸੋਚਣ, ਮੰਥਨ, ਚਿੰਤਨ ਤੇ ਵਿਸ਼ਲੇਸ਼ਣ ਕਰਨ ਲਈ ਮਜਬੂਰ ਕਰ ਦਿੱਤੈ। ਮੇਰੀ ਇਸ ਪਹਿਲੀ ਝਲਕ ਨੇ ਹੀ ਸ਼ੁਧ ਆਕਸੀਜਨ, ਸਾਫ ਨੀਲੇ ਗਗਨ, ਧੌਲਧਾਰ ਦੇ ਪਹਾੜਾਂ ‘ਤੇ ਪਈ ਬਰਫ ਦਿੱਸਣ ਲਾ ਦਿੱਤੀ ਐ ਅਤੇ ਚਹਿਚਹਾਉਂਦੇ ਪੰਛੀਆਂ ਦੀਆਂ ਸੰਗੀਤਕ ਅਵਾਜ਼ਾਂ ਸੁਣਾਈ ਦੇਣ ਲੱਗ ਪਈਆਂ ਨੇ। ਬਨਸਪਤੀ ਸਾਫ ਸੁਥਰੀ, ਹਰੀ ਭਰੀ ਦਿੱਸਣ ਲੱਗ ਪਈ ਏ। ਸਰਕਾਰਾਂ ਵੱਲੋਂ ਦਰਿਆਵਾਂ ਦਾ ਪਾਣੀ ਸਾਫ ਨਹੀਂ ਸੀ ਹੋ ਰਿਹਾ। ਹੁਣ ਸਾਫ ਹੋਣੇ ਅਰੰਭ ਹੋ ਗਏ ਹਨ। ਇਨ੍ਹਾਂ ਨੂੰ ਗੰਦਾ ਵੀ ਫੈਕਟਰੀਆਂ ਦੇ ਦੂਸ਼ਤ ਪਾਣੀਆਂ ਨੇ ਕੀਤਾ ਸੀ, ਜੋ ਸਰਕਾਰਾਂ ਰੋਕ ਨਹੀਂ ਸਕੀਆਂ। ਵੋਟ ਸਿਆਸਤ ਦੀਆਂ ਮਾਰੀਆਂ-ਧੋਖੇਬਾਜ, ਖੇਖਣ ਪੱਟੀਆਂ।
ਐ ਲੋਕੋ! ਤੇ ਉਨ੍ਹਾਂ ਦੀਆਂ ਲੋਕਰਾਜੀ ਸਰਕਾਰੋ! ਦਾਨਸ਼ਵਰਾਂ ਦੇ ਮਹਾਨ ਕਥਨਾਂ ਨੂੰ ਆਪਣੇ ਜ਼ਿਹਨ ‘ਚ ਓਤਾਰੋ। ਮਹਾਨ ਸਿੱਖਿਆ ਸ਼ਾਸਤਰੀ ਡਾ. ਰਾਧਾ ਕ੍ਰਿਸ਼ਨਨ ਨੇ ਕਿਹਾ ਸੀ, “ਅਸੀਂ ਦੂਰ ਆਸਮਾਨਾਂ ਵਿਚ ਉਡਣਾ ਸਿੱਖ ਲਿਆ, ਖੰਗਾਲ ਸੁੱਟਿਐ ਡੂੰਘੇ ਸਾਗਰਾਂ ਨੂੰ, ਪਰ ਧਰਤੀ ‘ਤੇ ਜਿਉਣਾ ਸਾਥੋਂ ਸਿੱਖਿਆ ਨਹੀਂ ਗਿਆ।” ਲੋੜ ਹੈ, ਇਸ ਧਰਤੀ ‘ਤੇ ਰਹਿਣਾ ਸਿੱਖਣ ਦੀ। ਮੇਰੇ ਕਲਮਕਾਰ ਨੂੰ ਯਾਦ ਨੇ ਇਹ ਸਤਰਾਂ,
ਫਰਸ਼ੀ ਹਾਂ ਅਰਸ਼ਾਂ ਦੀਆਂ ਗੱਲ ਨਹੀਂ ਕਰਦਾ,
ਹੂਰਾਂ ਤੇ ਭਗਵਾਨ ਦੀਆਂ ਗੱਲਾਂ ਨਹੀਂ ਕਰਦਾ।
ਰੋਟੀ ਤੇ ਦੁੱਖਾਂ ਦੀਆਂ ਗੱਲਾਂ ਹੀ ਬਹੁਤ ਨੇ,
ਮੌਲਾ ਤੇ ਸ਼ੈਤਾਨ ਦੀਆਂ ਗੱਲਾਂ ਨਹੀਂ ਕਰਦਾ।
ਸਰਕਾਰੋ ਤੇ ਵਿਗਿਆਨੀਓ! ਤਾਰਿਆਂ, ਸਿਤਾਰਿਆਂ ਦੀਆਂ ਖੋਜਾਂ ਕੁਝ ਚਿਰ ਰੋਕ ਲਵੋ। ਮਾਨਵ ਜੀਵਨ ਪਹਿਲਾਂ ਸੁਖਾਲਾ ਕਰੋ। ਚੇਤੇ ਕਰੋ, ਤੇਰਾ ਸਿੰਘ ਚੰਨ ਦੇ ਹਨੋਰੇ ਭਰੇ ਬੋਲ,
ਤਾਰਿਆਂ ਦੇ ਦੇਸ਼ ਉਡਣ ਵਾਲਿਓ,
ਧਰਤੀ ‘ਤੇ ਫੁੱਲ ਕੋਈ ਖਿੜ੍ਹਦਾ ਨਹੀਂ।
ਕੀ ਕਰੋਗੇ ਚੰਨ ‘ਤੇ ਪਾ ਆਲ੍ਹਣੇ,
ਆਦਮੀ ‘ਚੋਂ ਆਦਮੀ ਮਿਲਦਾ ਨਹੀਂ।
ਪਹਿਲੀ ਲੋੜ ਹੈ, ਇਸ ਧਰਤੀ ‘ਤੇ ਜਿਉਣਾ ਸਿੱਖਣ ਦੀ। ਇਸ ਵਾਸਤੇ ਕੋਈ ਵਧੀਆ ਮਾਡਲ ਹੋਂਦ ‘ਚ ਲਿਆਓ। ਪਿੰਡਾਂ, ਕਸਬਿਆਂ ਤੇ ਛੋਟੇ ਸ਼ਹਿਰਾਂ ਵਾਸਤੇ ਸਿਹਤ, ਸਿੱਖਿਆ, ਸੁਰੱਖਿਆ, ਸੰਚਾਰ ਤੇ ਆਵਾਜਾਈ ਦੇ ਸਾਧਨਾਂ ਨੂੰ ਸਟੇਟ ਅਧੀਨ ਕਰ ਮਜ਼ਬੂਤ ਕਰੋ। ਵਿਸ਼ਵ ਦੀਆਂ ਕਈ ਸਰਕਾਰਾਂ ਇਸ ਮਾਰਗ ‘ਤੇ ਤੁਰ ਪਈਆਂ ਹਨ। ਅਮਰੀਕਾ, ਯੂ. ਕੇ., ਸਪੇਨ ਤੇ ਹੋਰ ਯੂਰਪੀ ਸਰਕਾਰਾਂ ਨੇ ਪਹਿਲ ਕਰ ਵਿਖਾਈ ਹੈ। ਕਈਆਂ ਨੇ ਜਨਤਕ ਪਬਲਿਕ ਅਦਾਰੇ ਸਰਕਾਰ ਦੇ ਅਧਿਕਾਰ ਖੇਤਰ ‘ਚ ਕਰ ਦਿੱਤੇ ਨੇ। ਐਗਰੋ ਆਧਾਰਤ ਛੋਟੇ ਛੋਟੇ ਉਦਯੋਗ ਸਥਾਪਤ ਕਰੋ। ਸੜਕਾਂ ‘ਤੇ ਭੀੜਾਂ ਘਟਣਗੀਆਂ। ਹਰ ਪਿੰਡ ਨੂੰ ਛੋਟੇ ਛੋਟੇ ਰਿਪਬਲਿਕ ਬਣਾਉਣ ਵੱਲ ਮੁਹਾਰਾਂ ਮੋੜੋ। ਨਮਕ ਨੂੰ ਛੱਡ ਹਰ ਲੋੜੀਂਦੀ ਬੁਨਿਆਦੀ ਉਪਜ ਜੈਵਿਕਾ ਖੇਤੀ ਰਾਹੀਂ ਪ੍ਰਾਪਤ ਹੋਵੇ। ਹੁਣ ‘ਅਵਾਜ਼-ਏ-ਖਲਕਤ, ਅਵਾਜ਼-ਏ-ਖੁਦਾ’ ਦਾ ਤੋੜਾ ਏਸੇ ਦਿਸ਼ਾ ਵਿਚ ਹੀ ਟੁੱਟ ਰਿਹੈ। ਇਹੀ ਜੇ ‘ਧਰਤ ਮਹੱਤ!’ ਪੂਰੀ ਕੁਦਰਤ ਤੇ ਮਾਨਵ ਦੀ ਜਣਨੀ! ਮਹਾਨ ਮਾਤਾ। ਮੀਆਂ ਮੁਹੰਮਦ ਬਖਸ਼ ਨੇ ਕਿਹਾ ਸੀ, ‘ਮਾਂਵਾਂ ਬਾਝ ਮੁਹੰਮਦ ਬਖਸ਼ਾ ਕੌਣ ਕਰੇ ਰੱਖਵਾਲੀ।’
ਐ ਮਾਨਵ, ਰੂਸੋ ਦਾ ਬੇਬਾਕ ਨਾਹਰਾ ਚੇਤੇ ਕਰ, ‘ਮੁੜ ਚੱਲੋ ਪਿਛਾਂਹ ਕੁਦਰਤ ਵੱਲ। ਉਹ ਕਦੀ ਧੋਖਾ ਨਹੀਂ ਦਿੰਦੀ, ਇਹ ਅਸੀਂ ਹੀ ਹਾਂ, ਜੋ ਉਸ ਨੂੰ ਧੋਖਾ ਦਿੰਦੇ ਹਾਂ।’ ਮੈਂ ਵੀ ਮਾਨਵਤਾ ਨੂੰ ਸੱਦਾ ਦਿੰਦੀ ਹਾਂ, ‘ਮੁੜ ਚੱਲ, ਮੁੜ ਚੱਲ, ਹੋਰ ਦੇਰ ਨਾ ਕਰ।’ ਅਨੰਦਾਂ ਭਰਪੂਰ ਆਪਣੀ ਮੂਲ ਅਵਸਥਾ, ਸੌਖੀ, ਸੁਖੀ, ਸਰਲ ਤੇ ਸੁਰੱਖਿਅਤ ਕੁਦਰਤ ਨਾਲ ਇੱਕ ਸੁਰ ਹੋ ਕੇ ਜੀਅ, ‘ਉਪਭੋਗ ਅਤੇ ਖਾਣ ਦੇ ਵਧੇਰੇ ਕੁਦਰਤੀ ਤਰੀਕਿਆਂ ਨੂੰ ਅਪਨਾ।’ ਧਰਤ ਮਾਂ ਦੀ ਗੋਦ ਵਿਚੋਂ ਹੀ ਲੋਕੋ! ਤੁਹਾਨੂੰ ਢੋਈ ਮਿਲਣੀ ਏ। ਜੈਵਿਕਾ ਖੇਤੀ ਦੁਆਰਾ ਪਵਨ ਗੁਰੂ, ਪਾਣੀ ਪਿਤਾ ਤੇ ਮਾਤਾ ਧਰਤ ਤੁਹਾਨੂੰ ਓੜਕ ਖੁਸ਼ੀਆਂ ਪ੍ਰਦਾਨ ਕਰੇਗੀ। ਕੂੰਡੇ ਨਾਲ ਬਣੇ ਸੁਆਦੀ ਸਾਲਨ, ਚਟਨੀਆਂ ਅਤੇ ਬਾਬੇ ਦੇ ਖੂੰਡੇ ਵਾਲੇ ਸਮਾਜਕ ਇਕਮੁੱਠਤਾ ਤੇ ਨਿਯੰਤਰਣ ਕਾਰਗਰ ਸਿੱਧ ਹੋਣਗੇ। ਤੁਹਾਡੀਆਂ ਅੰਦਰਲੀਆਂ ਤੇ ਬਾਹਰਲੀਆਂ ਰੋਗ ਨਿਰੋਧਕ ਪ੍ਰਣਾਲੀਆਂ ਮਜ਼ਬੂਤ ਹੋਣਗੀਆਂ। ਇਸ ਨਾਲ ਹੀ ਮੈਂ ਆਪੇ ਉਡ ਜਾਵੇਗਾ। ਭੈਅ ਜ਼ਰੂਰ ਹੈ ਕਿ ਜਿਸ ਵਿਰਾਟ, ਵਿਸ਼ਾਲ, ਵਿਸਥਾਰਤ ਪੱਧਰ ‘ਤੇ ਸਰਮਾਏ ਨੇ ਆਪਣੇ ਅਡੰਬਰਾਂ ਰਾਹੀਂ ਸ਼ਿਕੰਜੇ ਕੱਸੇ ਹੋਏ ਹਨ, ਉਸ ਤੋਂ ਵਾਪਸ ਮੁੜਨਾ ਵੀ ਸੌਖਾ ਨਹੀਂ।
ਜਦੋਂ ਇਨ੍ਹਾਂ ਚਰਚਾਵਾਂ ਦਾ ਧਰਤੀ ‘ਤੇ ਰੌਲਾ ਪਿਆ ਹੋਇਆ ਸੀ, ‘ਸਾਡੀ ਹਕੂਮਤ, ਸਾਡੀ ਮਰਜ਼ੀ’, ਓਧਰੋਂ ਅਸਮਾਨੋਂ ਗੂੰਜ ਪਈ, ‘ਮੇਰੀ ਹਕੂਮਤ, ਮੇਰੀ ਮਰਜ਼ੀ।’ ਕਾਦਰ ਦੀ ਇਹ ਗੂੰਜ ਪਹਾੜਾਂ ਨਾਲ ਟਕਰਾ ਕੇ ਮੁੜ ਮੁੜ ਸੁਣਦੀ ਹੈ। ਪ੍ਰਤੀਕਰਮ ਹੈ, ਅਸੀਂ ਸੰਸਾਰੀਕਰਨ ਤੇ ਸੰਸਾਰਕਤਾ ਸਿਰਜਣੀ ਹੈ। ਸਰਬਤ ਦਾ ਭਲਾ ਚੌਹੀਂ ਕੂਟੀਂ ਫੈਲਾਉਣਾ ਹੈ। ਇਸ ਵਿਚ ਸਰਬ ਸੱਤਾਵਾਦੀ ਨਿਗਰਾਨੀ ਪ੍ਰਬੰਧ ਦਾ ਬੋਲਬੋਲਾ ਹੋਵੇਗਾ। ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਦਾ ਰਾਜ ਹੋਵੇਗਾ। ਹੱਥੀਂ ਕਿਰਤ, ਨਿਆਂ, ਵੰਡ ਛਕਣ, ਸ਼ੁੱਧ ਸਾਦਾ ਭੋਜਨ, ਸਬਰ ਸੰਤੋਖ ਨਾਲ ਸੰਤੁਸ਼ਟ ਹੋ ਇਕੱਠਿਆਂ ਜਿਉਣ ਦਾ ਬੋਲਬਾਲਾ ਹੋਵੇਗਾ। ਸਥਾਨਕ ਤੇ ਵਿਸ਼ਵੀ ਮੰਡੀਕਰਨ ਨੱਥੀ ਜਾਵੇਗੀ। ਕੁਦਰਤ ਦਾ ਰਾਜ, ਸਿਸਟਮ ਤੇ ਸਿਧਾਂਤ ਲਾਗੂ ਹੋਣਗੇ। ਇਹ ਗੱਲਾਂ ਹਾਲੀ ਕੈਚ-22 (ਅਸੰਭਵ ਸਥਿਤੀ) ਜਾਪਦੀ ਹੈ। ਸ਼ੇਖ ਚਿੱਲੀ ਦੀ ਗੱਲ ਭਾਸਦੀ ਹੈ, ਪਰ ਇਸ ਬਿਨਾ ਕੋਈ ਚਾਰਾ ਨਹੀਂ, ਕਿਉਂਕਿ ਸੁਚੱਮ-ਸੱਚਾ ਤਰਕਸ਼ੀਲ ਟੀਚਾ ਤੇ ਮਾਰਗ ਹੈ।
ਹਰ ਮਹਾਸੰਕਟ ਪਿੱਛੋਂ ਮਨੁੱਖ ਦੇ ਆਰਥਕ, ਸਮਾਜਕ ਢਾਂਚੇ ਪਹਿਲਾਂ ਜਿਹੇ ਨਹੀਂ ਰਹਿੰਦੇ। ਵਿਸ਼ਵ ਭਰ ਦੀਆਂ ਸਰਕਾਰਾਂ ਤੇ ਰਹਿਬਰਾਂ ਨੂੰ ਮਾਨਵੀ ਹਿੱਤਾਂ ਖਾਤਰ ਇਸ ਦਸ਼ਾ ਤੇ ਦਿਸ਼ਾ ਵੱਲ ਗੰਭੀਰ ਚਰਚੇ ਕਰ ਇਨ੍ਹਾਂ ਮਨਸੂਬਿਆਂ ਨੂੰ ਸੰਬੋਧਿਤ ਹੋਣਾ ਪੈਣਾ ਹੈ। ਮਹਾਸੰਕਟਾਂ ਦੇ ਹੱਲ ਵਾਸਤੇ ਸਿਧਾਂਤਾਂ ਨੂੰ ਛੱਡ ਸਮਾਧਾਨ ਲੱਭਣੇ ਪੈਂਦੇ ਹਨ। ਚੀਨ, ਰੂਸ, ਕਿਊਬਾ, ਵੀਅਤਨਾਮ, ਕੋਰੀਆ ਆਦਿ ਜਿਹੇ ਕਈ ਦੇਸ਼ ਕਾਮਯਾਬ ਹੋਈ ਜਾ ਰਹੇ ਹਨ। ਆਦਰਸ਼ ਭਾਵੇਂ ਕਠਨ ਲੱਗਦੈ, ਪਰ ਜੇਤੂ ਹੋਣ ਤੱਕ ਲੜਦੇ ਰਹਿਣਾ ਪੈਣਾ ਹੈ। ਮਾਨਵੀ ਪਹੁੰਚ ਨਾਲ ਕਾਰਪੋਰੇਟੀ ਸਮਰਾਟਾਂ ਵੱਲੋਂ ਮੁਨਾਫ਼ ਲਈ ਲੱਗੀ ਦੌੜ ਨੂੰ ਬੇਨਕਾਬੀ ਕਰਨਾ ਹੀ ਪੈਣਾ। ਇਸ ਵਿਚ ਹੀ ਸਭ ਦਾ ਭਲਾ ਹੈ। ਕੁਦਰਤ ਤੁਹਾਨੂੰ ਉਡੀਕ ਰਹੀ ਹੈ। ਜਾਓ, ਬੈਠੋ ਉਹਦੀ ਗੋਦ ਵਿਚ। ਵੇਖੀਂ ਫਿਰ ਮੜਕ ਭਰੀ ਜ਼ਿੰਦਗੀ ਤੇਰੇ ਵਿਹੜਿਆਂ ਵਿਚ ਗਾਏਗੀ, ਨੱਚੇਗੀ।