ਕਿਰਤੀ, ਹੱਥ ਤੇ ਹਥਿਆਰ

ਭਾਰਤ ਦੇ ਕਬਾਇਲੀ ਖਿੱਤੇ ਵਿਚ ਮਾਓਵਾਦੀਆਂ ਵੱਲੋਂ ਕੀਤੀ ਗਈ ਕਾਰਵਾਈ ਨੇ ਸਮੁੱਚੀ ਸੱਤਾ ਧਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਿਹਾ ਕਿ ਆਮ ਹੁੰਦਾ ਹੈ ਕਿ ਇਸ ਘਟਨਾ ਨੂੰ ਹਿੰਸਕ ਵਾਰਦਾਤ ਵਜੋਂ ਪ੍ਰਚਾਰ ਕੇ ਮਾਓਵਾਦੀਆਂ ਖਿਲਾਫ ਤੁਰੰਤ ਅਤੇ ਸਖਤ ਕਾਰਵਾਈ ਦੀਆਂ ਦਲੀਲਾਂ-ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਮਾਓਵਾਦੀਆਂ ਦੀ ਹੋ ਰਹੀ ਇਹ ਤਿੱਖੀ ਨੁਕਤਾਚੀਨੀ ਠੀਕ ਵੀ ਹੈ ਕਿਉਂਕਿ ਇਉਂ ਕਿਸੇ ਦੀ ਜਾਨ ਲੈਣ ਦਾ ਕਿਸੇ ਨੂੰ ਵੀ ਕੋਈ ਹੱਕ ਨਹੀਂ ਹੈ ਅਤੇ ਹਿੰਸਾ ਕਿਸੇ ਮਸਲੇ ਦਾ ਹੱਲ ਨਹੀਂ। ਇਤਿਹਾਸ ਗਵਾਹ ਹੈ ਕਿ ਕੋਈ ਸੁੱਚਾ ਸਿਆਸੀ ਰਾਹ ਹਿੰਸਾ ਨੂੰ ਪਿਛਾਂਹ ਧੱਕ ਕੇ ਹੀ ਫੜਿਆ ਜਾ ਸਕਦਾ ਹੈ ਜੋ ਕਿਸੇ ਵੀ ਲਹਿਰ, ਜਥੇਬੰਦੀ ਜਾਂ ਬੰਦੇ ਨੂੰ ਮੰਜ਼ਿਲ ਵੱਲ ਲੈ ਕੇ ਜਾਂਦਾ ਹੈ; ਪਰ ਇੱਥੇ ਇਕ ਗੱਲ ਸੱਤਾ ਦੇ ਟੀਰ ਦੀ ਵੀ ਹੈ ਜਿਸ ਬਾਰੇ ਗੱਲ ਕਰਨੀ ਬਣਦੀ ਹੈ। ਮਾਓਵਾਦੀਆਂ ਦੀ ਇਸ ਵਾਰਦਾਤ ਅਤੇ ਉਸ ਪਿਛੋਂ ਸਾਹਮਣੇ ਆਏ ਤੱਥਾਂ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਇਸ ਹਮਲੇ ਦਾ ਨਿਸ਼ਾਨਾ ਮੁੱਖ ਤੌਰ ‘ਤੇ ਸਾਬਕਾ ਵਿਧਾਇਕ ਮਹੇਂਦਰ ਕਰਮਾ ਅਤੇ ਛਤੀਸਗੜ੍ਹ ਕਾਂਗਰਸ ਦਾ ਮੁਖੀ ਨੰਦ ਪਟੇਲ ਸਨ। ਜਿਉਂ ਹੀ ਮਾਓਵਾਦੀਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਆਪਣਾ ਨਿਸ਼ਾਨਾ ਫੁੰਡ ਲਿਆ ਹੈ, ਉਨ੍ਹਾਂ ਕਿਸੇ ਨੂੰ ਕੁਝ ਨਹੀਂ ਆਖਿਆ ਸਗੋਂ ਇਸ ਹਮਲੇ ਵਿਚ ‘ਬੇਕਸੂਰ’ ਹੀ ਮਾਰੇ ਗਏ ਕਾਂਗਰਸੀ ਕਾਰਕੁਨਾਂ ਅਤੇ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਲਈ ਮੁਆਫੀ ਵੀ ਮੰਗੀ ਹੈ। ਇਹ ਖਬਰਾਂ ਵੀ ਹਨ ਕਿ ਉਨ੍ਹਾਂ ਤੜਫ ਰਹੇ ਜ਼ਖਮੀਆਂ ਨੂੰ ਪਾਣੀ ਪਿਆਇਆ ਅਤੇ ਜ਼ਖਮਾਂ ਉਤੇ ਮੱਲ੍ਹਮ-ਪੱਟੀ ਤੱਕ ਕੀਤੀ।
ਇਹ ਸੱਤਾ ਧਿਰ ਅਤੇ ਮੁੱਖ ਧਾਰਾ ਮੀਡੀਏ ਦਾ ਹੀ ਟੀਰ ਹੈ ਕਿ ਮਹੇਂਦਰ ਕਰਮਾ ਦੇ ਕਰਮਾਂ ਬਾਰੇ ਉਕਾ ਹੀ ਗੱਲ ਨਹੀਂ ਛੇੜੀ ਗਈ। ਸਿਰਫ ਇੰਨੀ ਕੁ ਚਰਚਾ ਕੀਤੀ ਗਈ ਕਿ ਇਸ ਬੰਦੇ ਨੇ ਮਾਓਵਾਦੀਆਂ ਖਿਲਾਫ ‘ਸਲਵਾ ਜੂਡਮ’ ਨਾਂ ਦੀ ਜਥੇਬੰਦੀ ਖੜ੍ਹੀ ਕੀਤੀ ਸੀ। ਅਸਲ ਵਿਚ ਇਹ ਉਹੀ ਜਥੇਬੰਦੀ ਸੀ ਜਿਸ ਨੇ ਆਦਿਵਾਸੀਆਂ ਦੇ ਲਹੂ ਨਾਲ ਆਪਣੇ ਹੱਥ ਰੰਗੇ, ਔਰਤਾਂ ਨਾਲ ਸ਼ਰ੍ਹੇਆਮ ਖੇਹ-ਖਰਾਬੀ ਕੀਤੀ ਤੇ ਕਤਲੋ-ਗਾਰਤ ਦੀ ਝੜੀ ਲਾਈ ਤਾਂ ਕਿ ਆਦਿਵਾਸੀ ਲੋਕ ਉਨ੍ਹਾਂ ਲਈ ਹੀ ਜੂਝ ਰਹੇ ਮਾਓਵਾਦੀਆਂ ਦੀ ਮਦਦ ਨਾ ਕਰਨ। ਮਗਰੋਂ ਤਾਂ ਇਨ੍ਹਾਂ ਆਦਿਵਾਸੀਆਂ ਨੂੰ ਪਿੰਡਾਂ ਵਿਚੋਂ ਕੱਢ ਕੇ ਵੱਖ ਵੱਖ ਥਾਂਈਂ ਕੈਂਪਾਂ ਵਿਚ ਵੀ ਤਾੜਿਆ ਗਿਆ ਤਾਂ ਕਿ ਮਾਓਵਾਦੀ ਪਿੰਡਾਂ ਵਿਚ ਇਨ੍ਹਾਂ ਕੋਲ ਪਨਾਹ ਵੀ ਨਾ ਲੈ ਸਕਣ। ਇਹ ਸਲਵਾ ਜੂਡਮ ਹੀ ਸੀ ਜਿਸ ਨੇ ਆਦਿਵਾਸੀ ਨੂੰ ਆਦਿਵਾਸੀ ਦੇ ਹੀ ਖਿਲਾਫ ਲੜਾਇਆ। ਇਸ ਦੀਆਂ ਕਾਰਵਾਈਆ ਇੰਨੀਆਂ ਭਿਆਨਕ ਅਤੇ ਹਿਰਦੇ ਵਲੂੰਧਰਨ ਵਾਲੀਆਂ ਸਨ ਕਿ ਸੁਪਰੀਮ ਕੋਰਟ ਨੇ ਇਸ ਨੂੰ ਗੈਰ-ਕਾਨੂੰਨੀ ਐਲਾਨ ਕੇ ਇਸ ਨੂੰ ਤੁਰੰਤ ਭੰਗ ਕਰਨ ਦਾ ਹੁਕਮ ਵੀ ਦਿੱਤਾ। ਸਲਵਾ ਜੂਡਮ ਮਹੇਂਦਰ ਕਰਮਾ ਨੇ ਮਈ 2005 ਵਿਚ ਬਣਾਈ ਸੀ ਅਤੇ ਪੂਰੇ 8 ਸਾਲ ਉਸ ਨੇ ਮਿਥ ਕੇ ਮਾਓਵਾਦੀਆਂ ਦੇ ਨਾਂ ‘ਤੇ ਆਦਿਵਾਸੀਆਂ ਦਾ ਸ਼ਿਕਾਰ ਕੀਤਾ। ਉਦੋਂ ਮੁਖ ਧਾਰਾ ਦੇ ਕਿਸੇ ਵੀ ਲੀਡਰ ਨੂੰ ਇਹ ਖੂਨ-ਖਰਾਬਾ ਨਹੀਂ ਦਿਸਿਆ! ਪਿਛਲੇ ਤਿੰਨ ਸਾਲ ਤੋਂ ਉਸ ਇਲਾਕੇ ਵਿਚ ‘ਅਪਰੇਸ਼ਨ ਗ੍ਰੀਨ ਹੰਟ’ ਚਲਾਇਆ ਜਾ ਰਿਹਾ ਹੈ। ਇਸ ਅਪਰੇਸ਼ਨ ਰਾਹੀਂ ਉਥੋਂ ਦੇ ਆਦਿਵਾਸੀਆਂ ਨਾਲ ਉਹੀ ਕੁਝ ਹੋ ਰਿਹਾ ਹੈ ਜੋ ਕਸ਼ਮੀਰ ਵਿਚ ਕਸ਼ਮੀਰੀਆਂ ਨਾਲ ਹੋ ਰਿਹਾ ਹੈ, ਜੋ ਪੰਜਾਬ ਵਿਚ ਸਿੱਖਾਂ ਨਾਲ ਕੀਤਾ ਗਿਆ, ਜੋ ਉਤਰ-ਪੂਰਬੀ ਸੂਬਿਆਂ ਵਿਚ ਜੂਝ ਰਹੇ ਲੋਕਾਂ ਨਾਲ ਹੋ ਰਿਹਾ ਹੈ। ਇਸ ਅਪਰੇਸ਼ਨ ਦੌਰਾਨ ਆਦਿਵਾਸੀਆਂ ਦੇ ਹੱਕ ਵਿਚ ਡਟਣ ਵਾਲੇ ਹਰ ਸ਼ਖਸ ਅਤੇ ਸੰਸਥਾ ਨੂੰ ਤਬਾਹ ਕਰ ਦਿੱਤਾ ਗਿਆ। ਗਾਂਧੀਵਾਦੀ ਕਾਰਕੁਨ ਹਿਮਾਂਸ਼ੂ ਕੁਮਾਰ ਦਾ ਵਣ ਆਸ਼ਰਮ ਤੱਕ ਢਾਹ ਦਿੱਤਾ ਗਿਆ ਜੋ ਇਸ ਆਸ਼ਰਮ ਰਾਹੀਂ ਆਦਿਵਾਸੀਆਂ ਨੂੰ ਚੇਤੰਨ ਕਰ ਰਿਹਾ ਸੀ। ਮਾਨਵੀ ਹੱਕਾਂ ਲਈ ਲੜਨ ਵਾਲੇ ਡਾæ ਬਿਨਾਇਕ ਸੇਨ ਦਾ ਕੇਸ ਤਾਂ ਜੱਗ-ਜਹਾਨ ਨੂੰ ਪਤਾ ਹੈ। ਉਸ ਨੂੰ ਬਿਨਾਂ ਕੋਈ ਕੇਸ ਚਲਾਇਆਂ ਦੇਸ਼ ਧ੍ਰੋਹ ਦੇ ਦੋਸ਼ ਲਾ ਕੇ ਪੂਰੇ ਦੋ ਸਾਲ ਸੀਖਾਂ ਪਿੱਛੇ ਰੱਖਿਆ ਗਿਆ। ਇਸ ਵੇਲੇ ਅਪਰੇਸ਼ਨ ਗ੍ਰੀਨ ਹੰਟ ਲਈ ਇਕ ਲੱਖ 15 ਹਜ਼ਾਰ ਸੁਰੱਖਿਆ ਮੁਲਾਜ਼ਮ ਲਾਏ ਹੋਏ ਹਨ। ਇਹ ਨਫਰੀ ਅਫਗਾਨਿਸਤਾਨ ਵਿਚ ਲਾਈ ਗਈ ਵਿਦੇਸ਼ੀ ਫੌਜ ਜਿੰਨੀ ਹੈ ਅਤੇ ਸਭ ਜਾਣਦੇ ਹਨ ਕਿ ਉਥੇ ਵਿਦੇਸ਼ੀ ਫੌਜ ਕੀ ਕੀ ਕਹਿਰ ਵਰਤਾ ਰਹੀ ਹੈ! ਭਾਰਤ ਸਰਕਾਰ ਭਾਵੇਂ ਮਾਓਵਾਦੀਆਂ ਖਿਲਾਫ ਫੌਜ ਨਾ ਵਰਤਣ ਬਾਰੇ ਕਹਿ ਰਹੀ ਹੈ, ਪਰ ਹਕੀਕਤ ਇਹ ਹੈ ਕਿ ਫੌਜ ਚੁੱਪ-ਚੁਪੀਤੇ ਉਥੇ ਕਾਰਵਾਈ ਕਰ ਰਹੀ ਹੈ। ਹਵਾਈ ਫੌਜ ਦੇ ਹੈਲੀਕਾਪਟਰ ਉਥੇ ਬਾਕਾਇਦਾ ਤਾਇਨਾਤ ਹਨ।
ਹੁਣ ਸਵਾਲ ਹੈ ਕਿ ਮਹੇਂਦਰ ਕਰਮਾ ਵਰਗੇ ਲੀਡਰਾਂ ਨੂੰ ਸਲਵਾ ਜੂਡਮ ਵਰਗੀਆਂ ਜਥੇਬੰਦੀਆਂ ਖੜ੍ਹੀਆਂ ਕਰਨ ਦੀ ਲੋੜ ਕੀ ਹੈ? ਅਸਲ ਵਿਚ ਆਦਿਵਾਸੀਆਂ ਵਾਲਾ ਸਮੁੱਚਾ ਖਿੱਤਾ ਕੁਦਰਤੀ ਸਾਧਨਾਂ ਨਾਲ ਮਾਲਾਮਾਲ ਹੈ ਅਤੇ ਸਰਕਾਰਾਂ ਨੇ ਵੱਡੀਆਂ ਕੰਪਨੀਆਂ ਨਾਲ ਇਸ ਸਬੰਧੀ ਸਮਝੌਤੇ ਕੀਤੇ ਹੋਏ ਹਨ। ਖਿੱਤੇ ਵਿਚ ਕਿਉਂਕਿ ਮਾਓਵਾਦੀਆਂ ਦਾ ਆਧਾਰ ਹੈ ਅਤੇ ਉਨ੍ਹਾਂ ਨੇ ਪਿਛਲੇ ਢਾਈ ਦਹਾਕਿਆਂ ਦੌਰਾਨ ਪਿੰਡਾਂ ਵਿਚ ਕੰਮ ਕਰ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਲਿਆ ਹੈ, ਇਸ ਲਈ ਕਰਮਾ ਵਰਗੇ ਲੀਡਰਾਂ ਨੂੰ ਮਾਓਵਾਦੀ ਉਨ੍ਹਾਂ ਦੀ ਆਮਦਨ ਦੇ ਰਾਹ ਦਾ ਰੋੜਾ ਜਾਪਦੇ ਹਨ। ਉਂਜ ਉਸ ਖਿੱਤੇ ਦਾ ਇਤਿਹਾਸ ਹੈ ਕਿ ਉਥੇ ਸਰਕਾਰ ਨੇ ਆਜ਼ਾਦੀ ਦੇ ਛੇ ਦਹਾਕਿਆਂ ਦੌਰਾਨ ਵੀ ਕੋਈ ਸਹੂਲਤ ਮੁਹੱਈਆ ਕਰਵਾਉਣ ਦੀ ਲੋੜ ਨਹੀਂ ਸਮਝੀ। ਜਿਨ੍ਹਾਂ ਮਾਓਵਾਦੀਆਂ ਨੂੰ ਮੁੱਖ ਧਾਰਾ ਮੀਡੀਆ ਅਤੇ ਸੱਤਾਧਾਰੀ ਹਿੰਸਕ ਹਿੰਸਕ ਕਹਿ ਕੇ ਨਿੰਦਦੇ ਨਹੀਂ ਥੱਕਦੇ, ਉਨ੍ਹਾਂ ਨੇ ਉਸ ਖਿੱਤੇ ਵਿਚ ਖੁਦ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ। ਇਹ ਉਨ੍ਹਾਂ ਦੀ ਲੋਕ-ਤਾਕਤ ਦਾ ਹੀ ਸਿੱਟਾ ਹੈ ਕਿ ਪਿਛਲੇ 3 ਸਾਲਾਂ ਤੋਂ ਅੱਡੀ-ਚੋਟੀ ਦਾ ਜ਼ੋਰ ਲਾਉਣ ਦੇ ਬਾਵਜੂਦ ਸੁਰੱਖਿਆ ਬਲ ਉਨ੍ਹਾਂ ਦੇ ਗੜ੍ਹ ਅੰਦਰ ਵੜਨ ਵਿਚ ਕਾਮਯਾਬ ਨਹੀਂ ਹੋ ਸਕੇ। ਮਾਓਵਾਦੀਆਂ ਨੇ ਇਨ੍ਹਾਂ ਕਿਰਤੀਆਂ ਨੂੰ ਹੱਥ ਤੋਂ ਹਥਿਆਰ ਅਤੇ ਫਿਰ ਹਥਿਆਰ ਤੋਂ ਸਿਆਸਤ ਤੱਕ ਸਫਰ ਕਰਨ ਦੀ ਜਾਚ ਸਿਖਾਈ ਹੈ। ਇਸੇ ਦਮ ‘ਤੇ ਇਹ ਲੋਕ ਹੁਣ ਸੱਤਾ ਨੂੰ ਵੰਗਾਰ ਰਹੇ ਹਨ।

Be the first to comment

Leave a Reply

Your email address will not be published.