ਸੁਪਨੇ ਵਾਂਗ ਚਲਾ ਗਿਆ ਇਰਫਾਨ ਖਾਨ ਉਰਫ ਰੂਹਦਾਰ

ਡਾ. ਕੁਲਦੀਪ ਕੌਰ
ਫੋਨ: +91-98554-04330
ਰਾਜ ਕਮਲ ਪ੍ਰਕਾਸ਼ਨ ਦੇ ਇਕ ਪ੍ਰੋਗਰਾਮ ਵਿਚ ਇਰਫਾਨ ਖਾਨ ਇਹ ਕਹਿੰਦਿਆਂ ਕਿ ਇਕ ਕਵਿਤਾ ਤਾਂ ਸੁਣਾਉਣੀ ਹੀ ਸੁਣਾਉਣੀ ਹੈ, ਵਾਅਦਾ ਹੈ ਕਿ ਅਗਲਾ ਪੰਨਾ ਨਹੀਂ ਪਰਤਾਗਾਂ, Ḕਠਾਕੁਰ ਕਾ ਕੂੰਆਂḔ ਕਵਿਤਾ ਸੁਣਾਉਂਦੇ ਹਨ। ਇਹ ਕਵਿਤਾ ਉਨ੍ਹਾਂ ਕਿਉਂ ਚੁਣੀ? ਇਸ ਤੋਂ ਅਗਲਾ ਅਹਿਮ ਸਵਾਲ ਇਹ ਬਣਦਾ ਹੈ ਕਿ ਆਖਿਰ ਫਿਲਮ Ḕਹੈਦਰ’ ਵਿਚ Ḕਰੂਹਦਾਰ’ ਵਰਗੇ Ḕਹੋਏ ਤੇ ਅਣਹੋਏ’ ਕਿਰਦਾਰ ਲਈ ਵਿਸ਼ਾਲ ਭਾਰਦਵਾਜ ਨੇ ਸਾਰੀ ਫਿਲਮ ਇੰਡਸਟਰੀ ਵਿਚੋਂ ਇਰਫਾਨ ਖਾਨ ਨੂੰ ਹੀ ਕਿਉਂ ਚੁਣਿਆ?

ਇਸ ਨੂੰ ਇਦਾਂ ਕਿਉਂ ਨਾ ਸਮਝਿਆ ਜਾਵੇ ਕਿ ਸ਼ਾਇਦ ਉਹ ਭਾਰਤੀ ਫਿਲਮ ਇੰਡਸਟਰੀ ਦਾ ਇਕੋ-ਇਕ ਅਜਿਹਾ ਕਲਾਕਾਰ ਸੀ ਜਿਸ ਦੀ ਰੂਹ ਅਤੇ ਜਿਸਮ ਇਸ ਤੱਥ ਤੋਂ ਵਾਕਿਫ ਸਨ ਕਿ Ḕਗੁਲੋਂ ਮੇਂ ਰੰਗ ਭਰੇ, ਬਾਦ-ਏ-ਨੌ ਬਹਾਰ ਚਲੇ, ਚਲੇ ਭੀ ਆਉ ਕਿ ਗੁਲਸ਼ਨ ਕਾ ਕਾਰੋਬਾਰ ਚਲੇ’ ਦਾ ਅਤੇ Ḕਠਾਕੁਰ ਕਾ ਕੂੰਆਂḔ ਕਵਿਤਾ ਦਾ ਆਪਸੀ ਰਿਸ਼ਤਾ ਕੀ ਹੈ? ਇਰਫਾਨ ਦਾ ਇੰਨੀ ਛੇਤੀ, ਖਾਸ ਤੌਰ Ḕਤੇ ਮੌਜੂਦਾ ਦੌਰ ਵਿਚ ਤੁਰ ਜਾਣਾ ਤਹਿਜ਼ੀਬ ਅਤੇ ਸਾਂਝੀ ਵਿਰਾਸਤ ਦੇ ਉਸ ਹਰਫ ਦਾ ਮਿਟ ਜਾਣਾ ਹੈ ਜਿਹੜਾ ਇਨ੍ਹਾਂ ਔਖੇ ਸਮਿਆਂ ਵਿਚ ਸਾਡੀ ਸਾਂਝੀ ਢਾਲ ਵਜੋਂ ਕੰਮ ਕਰ ਰਿਹਾ ਸੀ।
ਪ੍ਰਸਿਧ ਸ਼ਾਇਰ ਅਲੀ ਸਰਦਾਰ ਜਾਫਰੀ ਨੇ 1990 ਦੇ ਦਹਾਕੇ ਵਿਚ ਉਰਦੂ ਦੇ ਛੇ ਮੁੱਖ ਸ਼ਾਇਰਾਂ Ḕਤੇ ਖੂਬਸੂਰਤ ਲੜੀ ਨਿਰਦੇਸ਼ਤ ਕੀਤੀ ਸੀ ਜਿਸ ਦਾ ਨਾਮ ਸੀ- Ḕਕਹਿਕਸ਼ਾ’। ਇਸ ਦੇ ਇਕ ਭਾਗ ਵਿਚ ਇਰਫਾਨ ਖਾਨ ਨੇ ਸ਼ਾਇਰ ਮਖਦੂਮ ਮੋਹਸਿਨ ਦਾ ਕਿਰਦਾਰ ਅਦਾ ਕੀਤਾ ਸੀ। ਇਸ ਕਿਰਦਾਰ ਦੀਆਂ ਬਹੁਤ ਸਾਰੀਆਂ ਪੇਚਦਗੀਆਂ ਸਨ। ਮਖਦੂਮ ਸ਼ਾਇਰ ਹੋਣ ਦੇ ਨਾਲ-ਨਾਲ ਮਾਰਕਸਵਾਦੀ ਤੇ ਕ੍ਰਾਂਤੀਕਾਰੀ ਸ਼ਾਇਰ ਸਨ ਜਿਨ੍ਹਾਂ ਨੇ 1946-1947 ਵਿਚ ਹੈਦਰਾਬਾਦ ਦੇ ਨਿਜ਼ਾਮ ਖਿਲਾਫ ਉਠੇ ਤਿਲੰਗਾਨਾ ਵਿਦਰੋਹ ਨੂੰ ਆਪਣੀ ਸ਼ਾਇਰੀ ਰਾਹੀਂ ਉਹ ਜ਼ੁਬਾਨ ਦਿੱਤੀ ਕਿ ਉਨ੍ਹਾਂ ਨੂੰ ਅੱਜ ਵੀ Ḕਇਨਕਲਾਬ ਦਾ ਸ਼ਾਇਰ’ ਕਿਹਾ ਜਾਂਦਾ ਹੈ। ਦੂਜਾ ਮਹਤੱਵਪੂਰਨ ਕਿਰਦਾਰ ਜਿਹੜਾ ਇਰਫਾਨ ਦੇ ਹਿੱਸੇ ਆਇਆ, ਉਹ ਹਿੰਦੀ ਕਵੀ ਉਦੈ ਪ੍ਰਕਾਸ਼ ਦੁਆਰਾ ਰੂਸ ਦੇ ਮਕਬੂਲ ਲੇਖਕ ਮਿਖਾਈਲ ਸ਼ੋਲੋਖੋਵ ਦੇ ਲਿਖੇ ਨਾਟਕ Ḕਤੇ ਆਧਾਰਿਤ ਟੀæਵੀæ ਡਰਾਮੇ Ḕਲਾਲ ਘਾਸ ਪਰ ਨੀਲੇ ਘੋੜੇ’ ਨਿਭਾਇਆ ਲੈਨਿਨ ਦਾ ਕਿਰਦਾਰ ਸੀ। ਅਜਿਹੇ ਗੁੰਝਲਦਾਰ ਕਿਰਦਾਰ ਅਦਾ ਕਰਨ ਤੋਂ ਬਾਅਦ ਜਦੋਂ ਇਰਫਾਨ ਖਾਨ ਪ੍ਰਸਿਧ ਟੈਲੀ ਸੀਰੀਅਲ Ḕਚੰਦਰਕਾਂਤਾ’ ਵਿਚ ਬਹੁਰੂਪੀਏ ਜਾਂ ਆਯਾਰ ਦੇ ਰੂਪ ਵਿਚ ਪਰਦਾਪੇਸ਼ ਹੁੰਦਾ ਹੈ ਤਾਂ ਉਹਦੀ ਇਕੋ ਸਮੇਂ ਦੋ ਭਰਾਵਾਂ ਬਦਰੀਨਾਥ ਉਰਫ ਸੋਮਨਾਥ ਦੀ ਨਿਭਾਈ ਭੂਮਿਕਾ ਨੇ ਜਿਸ ਤਰਾਂ੍ਹ ਨਾਲ ਕਰੂਰ ਸਿੰਘ ਦੇ ਕਿਰਦਾਰ ਨੂੰ ਵਕਤ ਪਾਈ ਰੱਖਿਆ, ਉਸ ਨੇ ਦਰਸ਼ਕਾਂ ਨੂੰ ਸਾਲਾਂ ਤੱਕ ਆਪਣੇ ਨਾਲ ਜੋੜੀ ਰੱਖਿਆ।
ਇਰਫਾਨ ਦੇ ਫੌਤ ਹੋਣ ਤੋਂ ਬਾਅਦ ਲਗਾਤਾਰ ਇਹੀ ਜਾਪਦਾ ਰਿਹਾ ਕਿ ਉਹ ਹੁਣੇ ਕਿਤੇ ਦੁਬਾਰਾ ਰੂਪ ਬਦਲ ਕੇ ਆ ਸਕਦਾ ਹੈ ਅਤੇ ਕਹਿ ਸਕਦਾ ਹੈ ਕਿ Ḕਆਯਾਰ ਕਭੀ ਮਰਤਾ ਨਹੀਂ, ਸਿਰਫ ਰੂਪ ਬਦਲਤਾ ਹੈ’। ਇਹ ਵੀ ਕਿੰਨਾ ਅਜੀਬ ਹੈ ਕਿ ਕਿ ਉਸ ਦੁਆਰਾ ḔਹੈਦਰḔ ਵਿਚ ਨਿਭਾਇਆ ਕਿਰਦਾਰ ਵੀ Ḕਚੰਦਰਕਾਂਤਾ’ ਖਤਮ ਹੋਣ ਦੇ ਵੀਹ ਸਾਲਾਂ ਬਾਅਦ ਆਖਦਾ ਹੈ:
ਆਪ ਜਿਸਮ ਹੈ ਤੋ ਮੈਂ ਰੂਹ,
ਦਰਿਆ ਭੀ ਮੈਂ, ਦਰੱਖਤ ਵੀ ਮੈਂ
ਜਿਹਲਮ ਵੀ ਮੈਂ, ਚਿਨਾਰ ਵੀ ਮੈਂ
ਦੈਰ ਵੀ ਮੈਂ, ਹਰਮ ਵੀ ਮੈਂ
ਸ਼ਾਹੀ ਵੀ ਮੈਂ, ਸੁੰਨੀ ਵੀ ਮੈਂ।
ਮੈਂ ਹੂੰ ਪੰਡਿਤ
ਮੈਂ ਥਾਂ, ਮੈਂ ਹੂੰ, ਮੈਂ ਹੀ ਰਹੂੰਗਾ।
ਜੇ ਅਸੀਂ ਸਿਆਸਤ ਦੀ ਥੋੜ੍ਹੀ ਜਿਹੀ ਵੀ ਸਮਝ ਰੱਖਦੇ ਹਾਂ ਤਾਂ ਸਾਨੂੰ ਇਹ ਸਮਝ ਆ ਜਾਣਾ ਚਾਹੀਦਾ ਕਿ ਇਨ੍ਹਾਂ ਸਤਰਾਂ ਦਾ ਹੈਦਰ ਦੇ ਕਿਰਦਾਰ ਦੁਆਰਾ ਬੋਲੀ ਗਈ ਲਾਈਨ: Ḕਮੈਂ ਹਾਂ ਜਾਂ ਮੈਂ ਨਹੀਂ ਹਾਂ’ ਨਾਲ ਕੀ ਰਿਸ਼ਤਾ ਬਣਦਾ ਹੈ!
ਫਿਲਮਸਾਜ਼ ਦੀਪਾ ਮਹਿਤਾ ਨੇ ਇਰਫਾਨ ਨੂੰ Ḕਸਲਾਮ ਬੰਬੇ’ ਰਾਹੀ ਕੌਮਾਂਤਰੀ ਦ੍ਰਿਸ਼ Ḕਤੇ ਲਿਆਂਦਾ। ਇਸ ਫਿਲਮ ਵਿਚ ਉਸ ਦਾ ਕਿਰਦਾਰ ਛੋਟਾ ਸੀ ਪਰ ਉਹਨੇ ਆਪਣੀਆਂ ਬੋਲਦੀਆਂ ਅੱਖਾਂ ਅਤੇ ਸਰੀਰਕ ਹਾਵ-ਭਾਵ ਰਾਹੀਂ ਅਜਿਹਾ ਜਾਦੂ ਸਿਰਜਿਆ ਕਿ ਉਹਦੀ ਗਿਣਤੀ ਉਭਰਦੇ ਹੋਏ ਚਰਿਤਰ ਅਭਿਨੇਤਾਵਾਂ ਵਿਚ ਹੋਣ ਲੱਗੀ। ਫਿਲਮ ਨੇ ਕੌਮਾਂਤਰੀ ਚਰਚਾ ਤਾਂ ਛੇੜੀ, ਐਪਰ ਇਰਫਾਨ ਦਾ ਸੰਘਰਸ਼ ਜਾਰੀ ਰਿਹਾ।
ਜੇ ਬੰਬਈ ਫਿਲਮ ਇੰਡਸਟਰੀ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਗਲੈਮਰ ਤੇ ਸਟਾਰਡਮ ਦੀ ਚਕਾਚੌਂਧ ਦੇ ਪਿੱਛੇ ਵਾਲਾ ਸੱਚ ਬਿਲਕੁਲ ਕਾਲਾ ਹੈ। ਇਸ ਕਲਿੱਤਣ ਦਾ ਇਕ ਸਿਰਾ ਫਿਲਮ ਇੰਡਸਟਰੀ ਵਿਚ ਅਜਿਹੇ ਮੱਠਾਂ ਦੀ ਹੋਂਦ ਨਾਲ ਜਾ ਜੁੜਦਾ ਹੈ ਜਿਨ੍ਹਾਂ ਦੀ ਰਜ਼ਾ ਵਿਚ ਰਾਜ਼ੀ ਰਹਿਣ ਤੋਂ ਬਿਨਾਂ ਇਥੇ ਵੱਡੇ-ਵੱਡੇ ਅਦਾਕਾਰਾਂ ਦੇ ਪੈਰ ਉਖੜ ਜਾਂਦੇ ਹਨ। ਮਸਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ, ਜਦੋਂ ਛੋਟੇ ਸ਼ਹਿਰਾਂ ਅਤੇ ਪਿੰਡਾਂ ਦੇ ਮੁੰਡੇ-ਕੁੜੀਆਂ ਆਪਣੀਆਂ ਅੱਖਾਂ ਵਿਚ ਅਜਿਹੇ ਸੁਪਨੇ ਪਾਲ ਲੈਂਦੇ ਹਨ ਜਿਨ੍ਹਾਂ ਦੀਆਂ ਕੀਚਰਾਂ ਪੂਰੀ ਉਮਰ ਉਨ੍ਹਾਂ ਦੇ ਜ਼ਿਹਨ ਨੂੰ ਲਹੂ-ਲੁਹਾਣ ਕਰਦੀਆਂ ਰਹਿੰਦੀਆਂ ਹਨ। ਇਰਫਾਨ ਇਹ ਸਾਰੀਆਂ ਕਿਰਚਾਂ ਆਪਣੀ ਸਾਦਗੀ ਅਤੇ ਟੇਢੀ ਮੁਸਕਰਾਹਟ ਨਾਲ ਝੱਲਦਾ ਰਿਹਾ। ਉਹਦੇ ਫੌਤ ਹੋਣ ਤੋਂ ਬਾਅਦ ਜੇ ਸਿਰਫ ਸ਼ੋਸ਼ਲ ਮੀਡੀਆ Ḕਤੇ ਹੋਈ ਪ੍ਰਤੀਕਿਰਿਆ ਨੂੰ ਹੀ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਹਰ ਕਿਸੇ ਵਿਚੋਂ ਉਸ ਦਾ ਕੋਈ ਨਾ ਕੋਈ Ḕਮੇਰਾ ਇਰਫਾਨ ਖਾਨ’ ਤੁਰ ਗਿਆ ਹੈ। ਕੋਈ ਅਦਾਕਾਰ ਇਸ ਤੋਂ ਵੱਧ ਕੀ ਭਾਲ ਸਕਦਾ ਹੈ?
ਫਿਲਮ Ḕਹਾਸਿਲ’ ਵਿਚ ਇਰਫਾਨ ਖਲਨਾਇਕ ਦੇ ਰੂਪ ਵਿਚ ਸੀ। 2003 ਵਿਚ ਆਈ ਇਸ ਫਿਲਮ ਦਾ ਆਧਾਰ ਅਲਾਹਾਬਾਦ ਯੂਨੀਵਰਸਿਟੀ ਵਿਚ ਹੁੰਦੀ ਵਿਦਿਆਰਥੀ ਸਿਆਸਤ ਸੀ। ਇਸ ਫਿਲਮ ਵਿਚ ਇਰਫਾਨ ਨੇ ਅਜਿਹੇ ਵਿਦਿਆਰਥੀ ਨੇਤਾ ਦਾ ਰੋਲ ਅਦਾ ਕੀਤਾ ਜਿਹੜਾ ਭਾਰਤੀ ਸਿਆਸਤ ਦੇ ਮੂਲ-ਮੰਤਰ Ḕਸਾਮ-ਦੰਡ-ਭੇਦ’ ਦੀ ਨੀਤੀ Ḕਤੇ ਚੱਲਦਿਆਂ ਆਪਣੇ ਵਿਰੋਧੀਆਂ ਦਾ ਕਤਲ ਕਰਦਾ ਚਲਾ ਜਾਂਦਾ ਹੈ। 2004 ਵਿਚ ਆਈ ਫਿਲਮ Ḕਮਕਬੂਲ’ ਨੂੰ ਇਰਫਾਨ ਖਾਨ ਦੀ ਫਿਲਮੀ ਦੌੜ ਵਿਚ ਮੀਲ ਦਾ ਪੱਥਰ ਮੰਨਿਆ ਜਾ ਸਕਦਾ ਹੈ।
ਫਿਲਮਸਾਜ਼ ਵਿਸ਼ਾਲ ਭਾਰਦਵਾਜ ਨੇ ਸ਼ੇਕਸਪੀਅਰ ਦੇ ਡਰਾਮੇ Ḕਮੈਕਬਿਥ’ ਦੇ ਮੁੱਖ ਕਿਰਦਾਰ ਨੂੰ ਜਿੰਨੀ ਬਾਰੀਕੀ ਨਾਲ ਪੁਨਰ-ਜੀਵਤ ਕੀਤਾ, ਓਨੀ ਹੀ ਸ਼ਿੱਦਤ ਨਾਲ ਇਰਫਾਨ ਖਾਨ ਨੇ ਇਸ ਕਿਰਦਾਰ ਵਿਚ ਰੂਹ ਫੂਕ ਦਿੱਤੀ। ਵਿਸ਼ਾਲ ਭਾਰਦਵਾਜ ਦੀ ਜੀਵੰਤ ਕਲਪਨਾ ਅਤੇ ਕੈਮਰੇ ਦੁਆਰਾ ਸਿਰਜੇ ਖੂਬਸੂਰਤ ਤਲਿੱਸਮ ਦੇ ਬਾਵਜੂਦ ਫਿਲਮ ਦਰਸ਼ਕਾਂ ਦੀ ਚੇਤਨਾ ਨੂੰ ਸੁੰਨ ਕਰ ਦਿੰਦੀ ਹੈ। ਫਿਲਮ ਵਿਚ Ḕਪਛਤਾਵੇ’ ਦੇ ਭਾਵ ਜਿਵੇਂ ਤੱਬੂ ਅਤੇ ਇਰਫਾਨ ਨੂੰ ਤਿਲ-ਤਿਲ ਕਰ ਕੇ ਮਾਰਦੇ ਹਨ, ਉਸ ਦਾ ਬਿਆਨ ਮੁਸ਼ਕਿਲ ਹੈ।
ਇਸ ਤੋਂ ਅਗਲੀ ਫਿਲਮ Ḕਨੇਮਸੇਕ’ ਵਿਚ ਇਰਫਾਨ ਖਾਨ ਅਤੇ ਤੱਬੂ ਆਪਣੀ ਸਕਰੀਨ ਕੈਮਿਸਟਰੀ ਦੁਹਰਾਉਂਦੇ ਹਨ। ਇਹ ਫਿਲਮ ਜੁੰਪਾ ਲਹਿਰੀ ਦੇ ਇਸੇ ਨਾਮ ਦੇ ਨਾਵਲ Ḕਤੇ ਬਣੀ ਸੀ ਅਤੇ ਇਹ ਬੰਗਾਲੀ ਜੋੜੇ ਦੇ ਅਮਰੀਕਾ ਪਰਵਾਸ ਕਰਨ ਉਪਰੰਤ ਆਪਣੀਆਂ ਜੜ੍ਹਾਂ ਦੀ ਤਲਾਸ਼ Ḕਤੇ ਆਧਾਰਿਤ ਹੈ। ਹਰ ਅਗਲੀ ਫਿਲਮ ਨਾਲ ਇਰਫਾਨ ਖਾਨ ਦੀ ਅਦਾਕਾਰੀ ਲਗਾਤਾਰ ਨਿੱਖਰਦੀ ਗਈ।
ਇਸ ਤੋਂ ਅਗਲੀਆਂ ਕੁੱਝ ਫਿਲਮਾਂ ਜਿਵੇਂ Ḕਲਾਈਫ ਇੰਨ ਏ ਮੈਟਰੋ’, Ḕਪਾਨ ਸਿੰਘ ਤੋਮਰ’ ਅਤੇ Ḕਤਲਵਾਰ’ ਵਿਚ ਇਰਫਾਨ ਪਟਕਥਾ ਵਿਚ ਗੁੰਨ੍ਹਿਆ ਹੋਇਆ ਮਿਲਦਾ ਹੈ, ਖਾਸ ਤੌਰ Ḕਤੇ Ḕਪਾਨ ਸਿੰਘ ਤੋਮਰ’ ਵਿਚ, ਜਿਵੇਂ ਉਸ ਦੀ ਸਰੀਰਕ ਭਾਸ਼ਾ, ਵਿਅੰਗਆਤਮਕ ਤੱਕਣੀ ਅਤੇ ਟੋਨ ਨੂੰ ਵਰਤਿਆ ਗਿਆ ਹੈ, ਉਹ ਤਾਰੀਫ ਦੇ ਕਾਬਿਲ ਹੈ। ਉਹਦੀ ਇਸ ਲਈ ਵੀ ਤਾਰੀਫ ਬਣਦੀ ਹੈ ਕਿ ਭਾਰਤੀ ਸਿਨੇਮੇ ਤੋਂ ਹਾਲੀਵੁੱਡ ਫਿਲਮਾਂ ਵਿਚ ਆਪਣੀ ਪੈਂਠ ਕਾਇਮ ਕਰਨ ਦਾ ਔਖਾ ਕਾਰਜ ਉਹ ਜਿੰਨੀ ਸ਼ਿੱਦਤ ਅਤੇ ਸਹਿਜਤਾ ਨਾਲ ਕਰਦਾ ਹੈ, ਉਹ ਆਪਣੇ-ਆਪ ਵਿਚ ਮਿਸਾਲ ਹੈ।
ਇਰਫਾਨ ਖਾਨ ਸ਼ਾਇਦ ਪਹਿਲਾ ਅਜਿਹਾ ਅਦਾਕਾਰ ਹੈ ਜਿਸ ਨੇ ਆਪਣੀਆਂ ਅਮਰੀਕਨ ਫਿਲਮਾਂ ਬਾਰੇ ਕਸੀਦੇ ਨਹੀਂ ਪੜ੍ਹੇ ਸਗੋਂ ਸ਼ਾਨਦਾਰ ਤੇ ਸੰਵੇਦਨਸ਼ੀਲ ਮਨੁੱਖ ਵਾਂਗ ਆਪਣੇ ਪੈਰ ਜ਼ਮੀਨ Ḕਤੇ ਟਿਕਾਈ ਰੱਖੇ। ਉਹਦੀ ਖਸਲਤ ਵਿਚ ਮਿੱਟੀ ਦੀ ਮੁਹੱਬਤ ਓਦਾਂ ਹੀ ਮਹਿਕਦੀ ਰਹੀ।
ਇਰਫਾਨ ਖਾਨ ਬਾਰੇ ਲਿਖਿਆ ਸਾਰਾ ਕੁਝ ਅਧੂਰਾ ਹੈ, ਜੇ Ḕਲੰਚ ਬਾਕਿਸ’ ਅਤੇ Ḕਪੀਕੂ’ ਦੀ ਗੱਲ ਨਾ ਕੀਤੀ ਜਾਵੇ। ਇਨ੍ਹਾਂ ਫਿਲਮਾਂ ਵਿਚ ਉਹ ਅਜਿਹੇ ਕਿਰਦਾਰਾਂ ਵਿਚ ਹਨ ਜਿਨ੍ਹਾਂ ਨੇ ਅੱਜ ਦੇ ਦੌਰ ਵਿਚ ਘਟਨਾਵਾਂ ਅਤੇ ਚੀਜ਼ਾਂ ਨੂੰ ਉਨ੍ਹਾਂ ਦੇ ਠੀਕ-ਗਲਤ, ਨੈਤਿਕ-ਅਨੈਤਿਕ ਅਤੇ ਕਾਇਦਿਆਂ-ਨਿਯਮਾਂਵਲੀਆਂ ਤੋਂ ਪਾਰ ਜਾ ਕੇ ਜਿਊਣਾ ਸਿੱਖ ਲਿਆ ਹੈ। ਇਨ੍ਹਾਂ ਨੇ ਜ਼ਿੰਦਗੀ ਵਿਚੋਂ ਆਪਣੇ ਹਿੱਸੇ ਦੇ ਨੈਣ-ਨਕਸ਼ ਘੜ ਲਏ ਹਨ, ਤੇ ਉਹ ਇਸ ਲਈ ਬਿਲਕੁਲ ਸ਼ਰਮਿੰਦਾ ਨਹੀਂ।
ਇਰਫਾਨ ਖਾਨ ਦੇ ਫੌਤ ਹੋਣ ਦੀ ਖਬਰ ਸੁਣਦਿਆਂ ਹੀ ਉਸ ਦੀ ਪਾਰਟਨਰ ਸੁਤਾਪਾ ਵਲ ਧਿਆਨ ਜਾਂਦਾ ਹੈ। ਦੋਵਾਂ ਦੀ ਮੁਲਾਕਾਤ ਨੈਸ਼ਨਲ ਸਕੂਲ ਆਫ ਡਰਾਮਾ ਵਿਚ ਪੜ੍ਹਦਿਆਂ ਹੋਈ। ਉਨ੍ਹਾਂ ਦੇ ਵਿਆਹ ਨੂੰ ਪੰਝੀ ਸਾਲ ਹੋ ਗਏ ਹਨ। ਸੁਤਾਪਾ ਨੇ Ḕਖਾਮੋਸ਼ੀ’, Ḕਸ਼ਬਦ’ ਵਰਗੀਆਂ ਫਿਲਮਾਂ ਦੇ ਸੰਵਾਦ ਲਿਖੇ ਹਨ। ਇਰਫਾਨ ਖਾਨ ਦੀ ਬਿਮਾਰੀ ਦੇ ਦਿਨਾਂ ਵਿਚ ਉਹ ਆਪਣੀ ਇਕ ਪੋਸਟ ਵਿਚ ਲਿਖਦੀ ਹੈ:
ਜ਼ਿੰਦਗੀ ਦੇ ਗੀਤ Ḕਤੇ ਧਿਆਨ ਦੇਵੋ।
ਜ਼ਿੰਦਗੀ ਦੀ ਜਿੱਤ ਦਾ ਧਿਆਨ ਧਰੋ।
ਆਉ ਦੁੱਖ ਦਾ ਇਹ ਪੰਨਾ ਪਲਟ ਦਈਏ।
________________________________________
ਇਰਫਾਨ ਖਾਨ ਦਾ ਖਤ
ਜ਼ਿੰਦਗੀ ਦੀ ਅਜਬ ਜਿਹੀ ਅਤੇ ਅਤਿ-ਫੁਰਤੀਲੇ ਵੇਗ ਵਾਲੀ ਟ੍ਰੇਨ Ḕਤੇ ਚੜ੍ਹਿਆ ਹੋਇਆ ਹਾਲੇ ਤੱਕ ਮੈਂ ਆਪਣੀ ਹੀ ਕਿਸੇ ਅਣਜਾਣੀ ਧੁਨ ਵਿਚ ਬੜੀ ਤੇਜ਼ ਗਤੀ ਨਾਲ ਅੱਗੇ, ਅੱਗੇ ਤੇ ਹੋਰ ਅੱਗੇ ਵਧ ਰਿਹਾ ਸੀ। ਮੇਰੇ ਕਿੰਨੇ ਹੀ ਸੁਪਨੇ, ਸੱਧਰਾਂ ਅਤੇ ਨਿਸ਼ਾਨੇ ਸੀ ਜਿਨ੍ਹਾਂ ਦੇ ਸੁਪਨਈ ਸੰਸਾਰ ਵਿਚ ਕੁੱਦਣ ਲਈ ਮੈਂ ਪੂਰੀ ਵਾਹ ਲਾਈ ਹੋਈ ਸੀ। ਇਸ ਲੰਮੀ ਕਸ਼ਮਕਸ਼ ਦੀਆਂ ਬਣਦੀਆਂ-ਵਿਗੜਦੀਆਂ ਬਣਤਰਾਂ ਦੇ ਵਿਚ ਇਕ ਦਿਨ ਅਚਾਨਕ ਟੀæਟੀæ ਨੇ ਮੇਰੇ ਮੋਢੇ Ḕਤੇ ਹੱਥ ਮਾਰ ਮੈਨੂੰ ਥੋੜ੍ਹਾ ਜਿਹਾ ਹਲੂਣਿਆ ਤੇ ਕਿਹਾ, “ਅਹੁ ਤੇਰਾ ਸਟੇਸ਼ਨ ਆ ਗਿਆ ਏ ਜਵਾਨਾ! ਤਿਆਰੀ ਖਿੱਚ ਲੈ!” ਮੈਂ ਉਲਝਣ ਜਿਹੀ ਵਿਚ ਉਹਦੇ ਨਾਲ ਥੋੜ੍ਹਾ ਬਹਿਸਿਆ ਕਿ ਨਹੀਂ! ਨਹੀਂ!! ਅਜੇ ਮੇਰਾ ਸਟੇਸ਼ਨ ਕਿਥੋਂ ਆ ਗਿਆ, ਮੈਂ ਤਾਂ ਹਾਲੇ ਬੜੀ ਦੂਰ ਜਾਣਾ। ਬੋਲਿਆ, “ਇਹੀ ਤੇਰਾ ਸਟੇਸ਼ਨ ਤੈਅ ਹੋਇਆ ਏ ਪੁੱਤਰਾ। ਕਦੇ-ਕਦੇ ਇੰਝ ਹੀ ਹੁੰਦੈ। ਝੱਲਾ ਨਾ ਬਣ। ਉਤਰ ਜਾ।”
ਕਾਲੀ-ਬੋਲੀ ਨ੍ਹੇਰੀ ਵਾਂਗੂੰ ਚੜ੍ਹ ਕੇ ਆਈ ਇਸ ਘੜੀ ਨੇ ਮੇਰੇ ਮਨ ਦੀਆਂ ਡੂੰਘੀਆਂ ਪਰਤਾਂ ਦੇ ਟੱਲ ਖੜਕਾ ਦਿੱਤੇ ਅਤੇ ਉਦੋਂ ਮੈਨੂੰ ਅਹਿਸਾਸ ਹੋਇਆ ਕਿ ਅਸੀਂ ਤਾਂ ਮਹਿਜ਼ ਕਿਸੇ ਰੁੱਖ ਦੇ ਪਤਲੇ ਜਿਹੇ ਸੱਕ ਜਾਂ ਫਿਰ ਕਿਸੇ ਖਾਲੀ ਬੋਤਲ ਦੇ ਉਸ ਢੱਕਣ ਤੋਂ ਵੱਧ ਕੁਝ ਵੀ ਨਹੀਂ ਜਿਹੜਾ ਕਿਸੇ ਮਹਾਂ ਵਿਸ਼ਾਲ ਸਮੁੰਦਰ ਦੀਆਂ ਅਗਿਆਤ ਲਹਿਰਾਂ Ḕਤੇ ਉਤੇ-ਥੱਲੇ ਹੁੰਦਾ, ਡਿੱਕ-ਡੋਲੇ ਖਾਂਦਾ ਵਹਿ ਰਿਹਾ।
ਇਸ ਅਫਰਾ-ਤਫਰੀ ਅਤੇ ਹੜਬੜਾਹਟ ਦੇ ਵਿਚ ਮੈਂ ਆਪਣੇ ਪੁੱਤ ਨੂੰ ਕਿਹਾ, “ਯਾਰ, ਮੈਂ ਇਸ ਸਹਿਮ ਅਤੇ ਡਰ ਦੇ ਭੈੜੇ ਜਿਹੇ ਮਾਹੌਲ ਵਿਚ ਨਹੀਂ ਜਿਊਣਾ ਚਾਹੁੰਦਾ, ਜਿਹੜਾ ਮੇਰੇ ਤਨ ਅਤੇ ਮਨ ਦੋਵਾਂ ਨੂੰ ਅਸਲੋਂ ਸਿੱਥਲ ਅਤੇ ਅਪੰਗ ਬਣਾਉਣ Ḕਤੇ ਤੁਲਿਆ ਹੋਇਆ। ਮੈਨੂੰ ਕਿਸੇ ਵੀ ਕੀਮਤ ਉਤੇ ਮੇਰੇ ਪੈਰ ਚਾਹੀਦੇ ਨੇ। ਉਹੀ ਪੈਰ, ਜਿਹੜੇ ਸਾਰੀ ਉਮਰ ਮੈਨੂੰ ਨਵੀਆਂ ਤੇ ਨਰੋਈਆਂ ਦਿਸ਼ਾਵਾਂ ਵਲ ਲਿਜਾਂਦੇ ਰਹੇ। ਮੇਰੇ ਪੈਰ।
ਤੇ ਫਿਰ ਇਕ ਦਰਦ, ਜੀਹਦੇ ਨਾਲ ਮੇਰਾ ਕੋਈ ਵਾਹ-ਵਾਸਤਾ ਨਹੀਂ ਸੀ, ਮੈਨੂੰ ਚਾਰੇ ਪਾਸਿਓਂ ਜਕੜ ਲੈਂਦਾ। ਮੈਨੂੰ ਆਪਣੇ ਲੰਮੇ-ਚੌੜੇ ਜਾਲ ਵਿਚ ਕੱਸ ਕੇ ਮੇਰੀ ਦੇਹ ਅਤੇ ਮੇਰੀ ਰੂਹ ਨੂੰ ਆਪਣੇ ਹੀ ਭਿਆਨਕ ਢੰਗ ਨਾਲ ਵਲ ਲੈਂਦਾ। ਇਹ ਉਹ ਵਕਤ ਸੀ, ਜਦੋਂ ਜ਼ਿੰਦਗੀ ਵਿਚ ਪਹਿਲੀ ਦਫਾ ਮੈਂ ḔਦਰਦḔ ਦੀ ਮੂਲ ਤਾਸੀਰ, ਉਸ ਦੀ ਵਿਆਪਕਤਾ ਅਤੇ ਉਸ ਦੀ ਬੇਜੋੜ ਤੀਬਰ ਤਾਕਤ ਨੂੰ ਨੇੜਿਓਂ ਦੇਖ ਰਿਹਾ ਸੀ। ਸਹੁੰ ਰੱਬ ਦੀ! ਕੋਈ ਦਿਲਾਸਾ, ਕੋਈ ਹਮਦਰਦੀ ਕੰਮ ਨਹੀਂ ਸੀ ਕਰ ਰਹੀ। ਚਹੁੰ ਪਾਸੇ ਦਰਦ ਹੀ ਦਰਦ ਸੀ। ਨਿਰੋਲ ਦਰਦ। ਰੱਬ ਤੋਂ ਵੀ ਵੱਡਾ ਦਰਦ। ਕੁਝ ਸਮਝ ਆ ਰਿਹਾ ਸੀ: ਇਥੇ ਇਕੋ ਹੀ ਗੱਲ ਸਥਾਈ ਹੈ ਕਿ ਇਥੇ ਕੱਖ ਵੀ ਸਥਾਈ ਨਹੀਂ।
ਮੈਂ ਜਿਹੜੇ ਹਸਪਤਾਲ ਵਿਚ ਹਾਂ, ਇਹ ਸੜਕ ਦੇ ਇਕ ਪਾਸੇ ਹੈ ਅਤੇ ਸੜਕ ਦੇ ਦੂਜੇ ਪਾਸੇ ਲਾਰਡ ਸਟੇਡੀਅਮ ਹੈ ਜਿਥੇ ਵਿਵੀਅਨ ਰਿਚਰਡਸ ਦਾ ਮੁਸਕਰਾਉਂਦਾ ਹੋਇਆ ਪੋਸਟਰ ਲੱਗਿਆ ਹੋਇਆ। ਤੁਹਾਨੂੰ ਦੱਸ ਦਿਆਂ ਕਿ ਵਿਵੀਅਨ ਰਿਚਰਡਸ ਉਹ ਇਨਸਾਨ ਸੀ ਜਿਹੜਾ ਮੇਰੇ ਬਚਪਨ ਵਿਚ ਮੇਰੇ ਸੁਪਨਿਆਂ ਦਾ ਮੱਕਾ ਹੀ ਬਣ ਗਿਆ ਸੀ। ਇਹ ਪਹਿਲੀ ਵਾਰੀ ਹੋ ਰਿਹਾ ਸੀ ਕਿ ਵਿਵੀਅਨ ਨੂੰ ਦੇਖਦਿਆਂ ਮੇਰੇ ਮਨ Ḕਚ ਕੁਝ ਵੀ ਨਹੀਂ ਸੀ ਆ ਰਿਹਾ। ਬੱਸ ਇਕ ਖਾਲੀ-ਖਾਲੀ ਜਿਹਾ ਅਹਿਸਾਸ ਸੀ। ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਇਹ ਸਭ ਗੱਲਾਂ ਦਾ ਮੇਰੇ ਨਾਲ ਕਦੇ ਕੋਈ ਰਿਸ਼ਤਾ ਰਿਹਾ ਹੀ ਨਾ ਹੋਵੇ। ਇਹ ਸਭ ਕਿਸੇ ਬੇਗਾਨੀ ਦੁਨੀਆ ਦਾ ਹਿੱਸਾ ਲੱਗ ਰਿਹਾ ਸੀ। ਹਸਪਤਾਲ ਦੀ ਬਾਲਕੋਨੀ Ḕਚ ਖੜ੍ਹੇ ਨੂੰ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੇਰੇ ਹੁਣ ਤੱਕ ਦੇ ਸਾਰੇ ਦਾਅਵੇ ਝੂਠੇ ਪੈ ਰਹੇ ਨੇ ਅਤੇ ਇਕ-ਇਕ ਕਰ ਕੇ ਮੇਰੀਆਂ ਹੀ ਅੱਖਾਂ ਮੂਹਰੇ ਕਿਰ ਰਹੇ ਨੇ। ਹੱਥ-ਪੈਰ ਮਾਰਦਿਆਂ ਕੁਝ ਵੀ ਐਸਾ ਨਹੀਂ ਸੀ ਲੱਭ ਰਿਹਾ ਜੀਹḔਤੇ ਮੈਂ ਆਪਣਾ ਹੱਕ ਜਤਾ ਸਕਦਾ। ਵਿਸ਼ਾਲ ਘੁੰਮਣਘੇਰੀ ਅੱਗੇ ਸ਼ਾਇਦ ਇਹ ਹਸਪਤਾਲ ਵੀ ਛਿੱਦਾ ਪੈ ਜਾਵੇਗਾ। ਸਾਹਮਣੇ ਕੁਝ ਹੋਰ ਦਿਸ ਰਿਹਾ ਸੀ। ਮੇਰੇ ਅੰਦਰੋਂ ਬਾਕੀ ਸਭ ਕੁਝ ਖਤਮ ਹੋ ਰਿਹਾ ਸੀ ਪਰ ਹਾਂ, ਹੁਣ ਖੁਦਾ ਦੀ ਅਨੰਤ ਸ਼ਕਤੀ ਅਤੇ ਪਾਵਨ ਬੁੱਧੀ ਦੇ ਕਰਾਮਾਤੀ ਲਿਸ਼ਕਾਰੇ ਮੇਰੀ ਖੱਲ ਵਿਚ ਵਰੋਲੇ ਵਾਂਗੂੰ ਉਠ ਰਹੇ ਸੀ। ਥੋੜ੍ਹੀ ਹਿੰਮਤ ਉਸਰ ਰਹੀ ਸੀ ਕਿ ਇਸ ਮੁਸ਼ਕਿਲ ਦੌਰ ਨੂੰ ਦਲੇਰੀ ਨਾਲ ਨਜਿੱਠਿਆ ਜਾਵੇ। ਇਸ ਨਵੇਂ ਜੁਟ ਰਹੇ ਸਾਰੇ ਅਹਿਸਾਸ ਨੇ ਮੈਨੂੰ ਵੱਡਾ ਸਹਾਰਾ ਦਿੱਤਾ। ਇਕ ਸਮਰਪਣ, ਇਕ ਵਿਸ਼ਵਾਸ, ਇਕ ਭਰੋਸੇ ਦਾ ਆਲਮ ਮੈਨੂੰ ਆਪਣੇ ਕਲਾਵੇ ਵਿਚ ਲੈਣ ਲੱਗਾ। ਨਤੀਜਾ ਕੁਝ ਵੀ ਹੋਵੇ, ਇਹ ਬਿਮਾਰੀ ਅੱਜ ਤੋਂ ਚਾਰ ਮਹੀਨੇ, ਅੱਠ ਮਹੀਨੇ ਜਾਂ ਦੋ ਸਾਲਾਂ ਬਾਅਦ ਮੈਨੂੰ ਕਿਤੇ ਵੀ ਲੈ ਜਾਵੇ, ਮੈਂ ਹਿੰਮਤ ਨਹੀਂ ਹਾਰਨੀ। ਹੌਲੀ-ਹੌਲੀ ਮੇਰੀ ਚਿੰਤਾ ਧੁੰਦਲੀ ਪੈਣ ਲੱਗੀ ਅਤੇ ਫਿਰ ਮੇਰੇ ਮਨ Ḕਚੋਂ ਕੋਈ ਰਾਹ ਜਿਹਾ ਬਣਾ ਕੇ ਨਿਕਲ ਹੀ ਗਈ।
ਪਹਿਲੀ ਵਾਰੀ ਮੈਂ ਜਾਣਿਆ ਕਿ Ḕਆਜ਼ਾਦੀḔ ਕਿਸ ਸ਼ੈਅ ਦਾ ਨਾਮ ਹੁੰਦਾ ਹੈ। ਜਿਵੇਂ ਮੈਨੂੰ ਕੋਈ ਨਵਾਂ ਅਹੁਦਾ ਮਿਲ ਗਿਆ ਹੋਵੇ। ਪਹਿਲੀ ਵਾਰੀ ਮੈਂ ਜ਼ਿੰਦਗੀ ਦੀਆਂ ਜਾਦੂਮਈ ਸੁਰਾਂ ਦਾ ਸਵਾਦ ਚੱਖ ਰਿਹਾ ਸੀ। ਪਰਮਾਤਮਾ ਦੀ ਅਸੀਮ ਸੱਤਾ ਵਿਚ ਮੇਰਾ ਅਟੱਲ ਯਕੀਨ ਸਥਾਪਿਤ ਹੋ ਗਿਆ। ਇਹ ਯਕੀਨ ਮੇਰੇ ਸਰੀਰ ਦੇ ਇਕੱਲੀ-ਇਕੱਲੀ ਕੋਸ਼ਿਕਾ ਵਿਚ ਫੈਲ ਗਿਆ। ਇਹ ਤਾਂ ਸਮੇਂ ਨੇ ਦੱਸਣਾ ਕਿ ਇਹ ਵਿਸ਼ਵਾਸ ਕਿੰਨਾ ਕੁ ਚਿਰ ਰੁਕੇਗਾ ਪਰ ਹਾਲ ਦੀ ਘੜੀ ਮੈਂ ਪੂਰੀ ਆਜ਼ਾਦੀ ਅਤੇ ਸਮਰਪਣ ਵਿਚ ਹਾਂ।
ਦਰਦ ਦੀ ਇਸ ਲੰਮੀ ਯਾਤਰਾ ਵਿਚ ਦੁਨੀਆ ਭਰ ਦੇ ਲੋਕ, ਜਿਨ੍ਹਾਂ ਨੂੰ ਮੈਂ ਕਦੇ ਮਿਲਿਆ ਵੀ ਨਹੀਂ, ਜਾਣਦਾ ਵੀ ਨਹੀਂ, ਮੇਰੇ ਠੀਕ ਹੋਣ ਲਈ ਦੁਆਵਾਂ ਕਰ ਰਹੇ ਨੇ। ਮੈਨੂੰ ਇਉਂ ਲਗਦੈ ਕਿ ਸਾਰੇ ਲੋਕਾਂ ਦੀ ਅਣਗਿਣਤ ਅਰਦਾਸਾਂ ਇਕੱਠੀਆਂ ਹੋ ਕੇ ਕਿਸੇ ਇਕ ਇਕਾਈ ਵਿਚ ਹੀ ਢਲ ਗਈਆਂ ਨੇ ਅਤੇ ਜ਼ਿੰਦਗੀ ਦੀ ਇਹ ਸਾਂਝੀ ਅਤੇ ਜਗਦੀ ਹੋਈ ਜੋਤ ਮੇਰੀ ਕੰਗਰੋੜ Ḕਚੋਂ ਗੁਜ਼ਰਦੀ ਹੋਈ ਮੇਰੇ ਸਿਰ ਦੇ ਉਪਰਲੇ ਹਿੱਸੇ ਵਿਚ ਜਾ ਕੇ ਨਵੀਨਤਾ ਅਤੇ ਉਤਸ਼ਾਹ ਨਾਲ ਹਰੀ ਹੋ ਰਹੀ ਹੈ। ਪੁੰਗਰ ਰਹੀ ਹੈ। ਪੁੰਗਰਦਿਆਂ-ਪੁੰਗਰਦਿਆਂ ਇਹ ਰੌਸ਼ਨੀ ਕਦੇ ਫੁੱਲ-ਕਲੀ, ਕਦੇ ਪੱਤੀ ਅਤੇ ਕਦੇ ਇਕ ਟਾਹਣੀ ਦਾ ਸਰੂਪ ਅਖਤਿਆਰ ਕਰ ਰਹੀ ਹੈ। ਟਾਹਣੀਆਂ-ਪੱਤਰਾਂ ਦੀ ਇਹ ਹਰਿਆਲੀ ਮੈਨੂੰ ਹੈਰਾਨੀ, ਖੁਸ਼ੀ ਅਤੇ ਉਤੇਜਨਾ ਨਾਲ ਲਬਰੇਜ਼ ਕਰ ਰਹੀ ਹੈ। ਮੈਨੂੰ ਫਿਰ ਉਹੀ ਮਹਾਂ-ਵਿਸ਼ਾਲ ਸਾਗਰ ਦੀਆਂ ਅਗਿਆਤ ਲਹਿਰਾਂ ਵਾਲੀ ਗੱਲ ਯਾਦ ਆ ਰਹੀ ਹੈ ਅਤੇ ਹੁਣ ਮੈਂ ਮਹਿਸੂਸ ਵੀ ਕਰ ਰਿਹਾਂ ਹਾਂ ਕਿ ਉਨ੍ਹਾਂ ਲਹਿਰਾਂ ਨੂੰ ਕਾਬੂ ਜਾਂ ਕੰਟਰੋਲ ਕਰਨਾ ਸਾਡਾ ਕੰਮ ਨਹੀਂ। ਅਸੀਂ ਕਰ ਵੀ ਨਹੀਂ ਸਕਦੇ। ਬੱਸ ਮੁੱਕਦੀ ਗੱਲ ਇਹੀ ਹੈ ਕਿ ਤੁਸੀਂ ਕੁਦਰਤ ਦੀਆਂ ਲਹਿਰਾਂ ਦੇ ਮਹਾਨ ਪੰਘੂੜੇ ਵਿਚ ਸਮਰਪਣ ਅਤੇ ਆਸਥਾ ਨਾਲ ਝੂਲਦੇ ਰਹੋ। ਸੱਚੀਂ! ਬੱਸ ਇਹੀ ਗੱਲ ਹੈ ਹੋਰ ਕੁਝ ਨਹੀਂ।
-ਇਰਫਾਨ ਖਾਨ, ਲੰਡਨ, 2018
(ਅਨੁਵਾਦ: ਹਰਮਨਜੀਤ ਸਿੰਘ)