ਤਾਲਾਬੰਦੀ, ਮੈਂ ਤੇ ਮੇਰੇ ਗਵਾਂਢੀ

ਗੁਲਜ਼ਾਰ ਸਿੰਘ ਸੰਧੂ
ਕਰੋਨਾ ਵਾਇਰਸ ਦੀ ਤਾਲਾਬੰਦੀ ਖੁਲ੍ਹੇ, ਨਾ ਖੁਲ੍ਹੇ, ਮੇਰਾ ਨਾਵਲ ਲਿਖਿਆ ਗਿਆ। ਨਾਵਲ ਦੀ ਨਾਇਕਾ ਇਰਾਨ ਦੇ ਮੁਸਲਿਮ ਪਰਿਵਾਰ ਵਿਚ ਜੰਮੀ, ਅਖੰਡ ਪੰਜਾਬ ਦੇ ਬਹਾਈ ਸਿੱਖਾਂ ਨੇ ਗੋਦ ਲਈ ਤੇ ਹਰਿਆਣਾ ਦੇ ਬੇਦੀ ਹਿੰਦੂ ਨਾਲ ਵਿਆਹੀ ਗਈ। ਧਾਰਨਾ ਅਗਾਂਹਵਧੂ ਰਹੀ, ਭਾਵੇਂ ਅਮਲੀ ਜਾਮਾ ਬਹਾਈ, ਕਾਂਗਰਸੀ ਤੇ ਸਮਾਜਵਾਦੀ ਵਿਧੀਆਂ ਅਪਨਾਉਂਦਾ ਮਾਰਕਸਵਾਦੀ ਹੋ ਨਿਬੜਿਆ। ਰਚਨਾ ਦਾ ਸ੍ਰੋਤ ਕਿਵੇਂ, ਕਦੋਂ ਤੇ ਕਿੱਥੋਂ ਮਿਲਿਆ ਅਤੇ ਕਿਉਂ ਲਿਖੀ ਗਈ? ਦੱਸਣ ਦੀ ਲੋੜ ਨਹੀਂ। ਨਾਂ ਹੈ, ‘ਪਰੀ ਸੁਲਤਾਨਾ।’

ਨਾਵਲ ਖਤਮ ਕਰਕੇ ਮੈਂ ਕਿਸੇ ਗਵਾਂਢੀ ਦੇ ਘਰ ਜਾਣ ਦੀ ਸੋਚੀ ਤਾਂ ਮੇਰੇ ਅੰਦਰਲੇ ਨੇ ਮੈਨੂੰ ਐਮ. ਐਸ਼ ਰੰਧਾਵਾ ਦੀ ਭਤੀਜੀ ਨਿਰਮਲ ਨਾਗਰਾ ਵਲ ਤੋਰ ਦਿੱਤਾ, ਇੰਡੀਅਨ ਨੇਵੀ ਦੇ ਸਾਬਕਾ ਅਫਸਰ ਅਮਰਜੀਤ ਸਿੰਘ ਨਾਗਰਾ ਦੀ ਪਤਨੀ ਵੱਲ। ਉਸ ਦੀ ਇੱਕ ਬੇਟੀ ਦੁੱਬਈ ਹੈ ਤੇ ਦੂਜੀ ਪੂਡਾ ਵਾਲੇ ਨਵਜੋਤ ਰੰਧਾਵਾ ਦੀ ਪਤਨੀ ਹੈ। ਭਰਾ ਤਰਨਜੀਤ ਰੰਧਾਵਾ ਭਾਰਤੀ ਪ੍ਰਸ਼ਾਸਨ ਸੇਵਾ ਤੋਂ ਸੇਵਾ-ਮੁਕਤ ਹੋ ਕੇ ਰੋਜ਼ ਖਾਸ, ਦਿੱਲੀ ਵਿਖੇ ਰਹਿੰਦਾ ਹੈ, ਜਿੱਥੇ ਅੰਮ੍ਰਿਤਾ ਪ੍ਰੀਤਮ ਤੇ ਕਰਤਾਰ ਸਿੰਘ ਦੁੱਗਲ ਉਸ ਦੇ ਗਵਾਂਢੀ ਸਨ। ਸਾਹਿਤ ਪ੍ਰੇਮੀ ਹੈ, ਖੁਦ ਵੀ ਲੇਖਕ ਹੈ।
ਚਾਲੀ ਦਿਨ ਆਪਣੇ ਹੀ ਘਰ ਕੈਦ ਰਹਿਣ ਪਿੱਛੋਂ ਨਿਰਮਲ ਨਾਗਰਾ ਦੇ ਘਰ ਜਾਣ ਦਾ ਕਾਰਨ ਦੱਸਣ ਵਾਲਾ ਹੈ। ਉਹ ਫੁੱਲਾਂ ਤੇ ਪੱਥਰਾਂ ਦੀ ਸ਼ੌਕੀਨ ਹੈ। ਘਰ ਦੇ ਵਿਹੜੇ, ਵਰਾਂਡੇ ਤੇ ਪਿਛਲੇ ਪਾਸੇ ਹੀ ਨਹੀਂ, ਛੱਤ ਦੇ ਬਨੇਰਿਆਂ ‘ਤੇ ਵੀ ਫੁੱਲ ਹੀ ਫੁੱਲ ਹਨ। ਭਾਂਤ-ਸੁਭਾਂਤੇ ਤੇ ਰੰਗਾ-ਰੰਗ ਗਮਲਿਆਂ ਵਿਚ ਉਗੇ ਹੋਏ ਜਾਂ ਦੇਸ਼ ਦੇਸ਼ਾਂਤਰਾਂ ਦੇ ਪੱਥਰ, ਗੀਟਿਆਂ ਦਾ ਸਹਾਰਾ ਦੇ ਕੇ ਖੜੇ ਕੀਤੇ ਹੋਏ।
ਅੱਖਾਂ ਦਾ ਰੱਜ ਤੇ ਮਨ ਦੀ ਮਹਿਕ। ਇਹ ਪੱਥਰ ਗੀਟੇ ਤੇ ਫੁੱਲਾਂ ਦੀ ਪੌਦ ਉਸ ਨੇ ਖੁਦ ਵੀ ਲਿਆਂਦੀ ਹੈ ਅਤੇ ਉਸ ਦੀਆਂ ਧੀਆਂ ਤੇ ਜਵਾਈ ਵੀ ਲਿਆ ਕੇ ਦਿੰਦੇ ਰਹਿੰਦੇ ਹਨ। ਸਾਰੇ ਉਸ ਦੇ ਸ਼ੌਕ ਤੋਂ ਜਾਣੂ ਹਨ। ਭਾਰਤ ਦੇ ਕਿਹੜੇ ਕਿਹੜੇ ਰਾਜ ਅਤੇ ਭਾਰਤ ਤੋਂ ਬਾਹਰ ਦੇ ਕਿਹੜੇ ਦੇਸ਼ ਤੋਂ ਆਏ, ਦੱਸਣ ਲੱਗੀਏ ਤਾਂ ਬਾਲ ਪੁਸਤਕ ਬਣ ਜਾਵੇਗੀ। ਵੇਖਣ ਤੇ ਮਾਨਣ ਵਿਚ ਹੀ ਮਜ਼ਾ ਹੈ!
ਚੰਡੀਗੜ੍ਹ ਦਾ ਮੇਰੀ ਰਿਹਾਇਸ਼ ਵਾਲਾ ਸੈਕਟਰ ਨਵੀਂ ਦਿੱਲੀ ਦੇ ਰੋਜ਼ ਖਾਸ ਵਾਂਗ ਰੰਧਾਵਾ ਸਾਹਿਬ ਦਾ ਵਸਾਇਆ ਹੋਇਆ। ਉਥੋਂ ਵਾਲੇ ਪਲਾਟ ਲੇਖਕਾਂ ਤੇ ਕਲਾਕਾਰਾਂ ਲਈ ਕੱਟੇ ਗਏ ਸਨ ਤੇ ਇਥੇ ਵਾਲੇ ਆਰਮੀ, ਨੇਵੀ ਤੇ ਏਅਰਫੋਰਸ ਦੇ ਅਫਸਰਾਂ ਲਈ। ਖੁੱਲ੍ਹੇ ਤੇ ਸਸਤੇ। ਮੇਰੇ ਘਰ ਵਾਲੇ ਪਲਾਟ ਦਾ ਮਾਲਕ ਵਿੰਗ ਕਮਾਂਡਰ ਵਿਜੇ ਮਨਚੰਦਾ ਸੀ, ਜੋ ਹੁਣ ਦਿੱਲੀ ਨੇੜੇ ਨੋਇਡਾ ਰਹਿੰਦਾ ਹੈ। ਮੇਰਾ ਗਵਾਂਢੀ ਕਰਨਲ ਏ. ਐਸ਼ ਗਰੇਵਾਲ ਹੈ। ਉਸ ਨੂੰ ਵੀ ਪਲਾਟ ਸਸਤਾ ਮਿਲਿਆ ਸੀ। ਜਦੋਂ ਵੀ ਐਮ. ਐਸ਼ ਰੰਧਾਵਾ ਦਾ ਸ਼ੁਕਰਾਨਾ ਅਦਾ ਕਰਦਾ ਹੈ ਤਾਂ ਵੈਸਟਰਨ ਕਮਾਂਡ ਵਿਚ ਉਹਦੇ ਵਲੋਂ ਸੱਦੀ ਮੀਟਿੰਗ ਵਿਚ ਸ਼ ਰੰਧਾਵਾ ਦੇ ਬੋਲੇ ਇਹ ਸ਼ਬਦ ਬੜੇ ਮਜ਼ੇ ਨਾਲ ਦਸਦਾ ਹੈ, “ਤੁਸੀਂ ਫੌਜੀ ਹੋ। ਦੇਸ਼ ਲਈ ਲੜਨਾ ਤੇ ਮਰਨਾ ਜਾਣਦੇ ਹੋ, ਘਰ ਵਸਾਉਣਾ ਨਹੀਂ। ਮੈਂ ਤੁਹਾਡੇ ਵਸਣ ਲਈ ਪਲਾਟ ਕਟਵਾ ਰਿਹਾ ਹਾਂ।”
ਤਾਲਾਬੰਦੀ ਸਮੇਂ ਮੇਰੇ ਸਾਰੇ ਗਵਾਂਢੀ, ਮੇਰੀ ਹਰ ਲੋੜ ਪੂਰੀ ਕਰਨ ਦੀ ਪੇਸ਼ਕਸ਼ ਕਰਦੇ ਰਹੇ ਹਨ। ਬੀਅਰ, ਵਿਸਕੀ ਤੇ ਰਮ ਦੀ ਖਾਸ ਕਰਕੇ। ਤਾਲਾ ਬੰਦੀ ਨੇ ਆਤਮ ਨਿਰਭਰ ਹੋਣਾ ਸਿੱ ਖਾਇਆ ਹੈ। ਪੜੌਸੀਆਂ ਨਾਲ ਮਿਲ ਕੇ ਰਹਿਣ ਦਾ ਸਬਕ ਵੀ ਦਿੱਤਾ ਹੈ। ਮੈਂ ਉਨ੍ਹਾਂ ਮਿੱਤਰਾਂ ਦਾ ਸ਼ੁਕਰਗੁਜ਼ਾਰ ਹਾਂ, ਜੋ ਮੇਰੀਆਂ ਲੋੜਾਂ ਦਾ ਧਿਆਨ ਰੱਖਦੇ ਰਹੇ ਹਨ।
ਜਾਂਦੇ ਜਾਂਦੇ ਇੱਕ ਸੱਚਾ-ਝੂਠਾ ਟੋਟਕਾ ਵੀ ਪੇਸ਼ ਹੈ। ਤਾਲਾਬੰਦੀ ਸਮੇਂ ਸ਼ਰਾਬ ਦੀ ਚੋਰੀ ਵੀ ਹੋਈ ਤੇ ਘਰ ਦੀ ਕੱਢੀ ਵੀ ਖੂਬ ਵਿਕੀ। ਨਸ਼ੇੜੀਆਂ ਨੇ ਖੂਬ ਪੀਤੀ। ਪੀ ਕੇ ਮਰਨ ਵਾਲਿਆਂ ਦੇ ਸਮਾਚਾਰ ਵੀ ਮਿਲੇ। ਇੱਕ ਨਸ਼ੇੜੀ ਨੂੰ ਆਪਣੇ ਕਰੀਬੀ ਦੀ ਮੌਤ ਦਾ ਪਤਾ ਲੱਗਾ ਤਾਂ ਨਸ਼ੇ ਦੇ ਜੋਰ ਵਿਚ ਆਪਣੇ ਸਾਥੀ ਨੂੰ ਕਹਿਣ ਲੱਗਾ, “ਬਾਈ! ਤੂੰ ਤੇ ਮੈਂ ਕਿਹੜਾ ਬੈਠੇ ਰਹਿਣੈ। ਪੀ ਕੇ ਮਰਨ ਵਾਲਾ ਖੱਟ ਗਿਆ। ਮੱਟਾਂ ਦੇ ਮੱਟ ਨਸ਼ਾ ਲੈ ਗਿਆ। ਗੱਡਿਆਂ ਦੇ ਗੱਡੇ!”
ਸੁਖਦੇਵ ਮਾਦਪੁਰੀ ਦਾ ਤੁਰ ਜਾਣਾ: ਪਿਛਲੇ ਦਿਨੀਂ ਤੁਰ ਗਏ ਸੁਖਦੇਵ ਮਾਦਪੁਰੀ ਦਾ ਜਨਮ 12 ਜੂਨ 1935 ਨੂੰ ਹੋਇਆ ਸੀ। ਜਿਲਾ ਲੁਧਿਆਣਾ ਦੀ ਤਹਿਸੀਲ ਸਮਰਾਲਾ ਦੇ ਪਿੰਡ ਮਾਦਪੁਰ ਵਿਚ। ਇਹ ਪਿੰਡ ਸਆਦਤ ਹਸਨ ਮੰਟੋ ਦੀ ਪਪੌੜਦੀ ਤੋਂ ਤਿੰਨ ਕਿਲੋਮੀਟਰ ਹੈ। ਉਹਦੀ ਪ੍ਰਾਪਤੀ ਮੰਟੋ ਜਿੰਨੀ ਨਾ ਵੀ ਹੋਵੇ, ਉਸ ਨੇ ਬਾਲ ਸਾਹਿਤ ਵਿਚ ਨਾਮਣਾ ਖਟਿਆ ਹੈ। ਢਾਈ ਦਰਜਨ ਪੁਸਤਕਾਂ ਲਿਖੀਆਂ। ਖੰਨਾ ਤੇ ਸਮਰਾਲਾ ਦੀਆਂ ਸਾਹਿਤ ਸਭਾਵਾਂ ਦਾ ਕਰਤਾ ਧਰਤਾ ਰਿਹਾ। ਵਧੀਆ ਬੰਦਾ ਸੀ, ਚੁੱਪ ਚੁਪੀਤੇ ਤੁਰ ਗਿਆ। ਉਹਦੇ ਤੁਰ ਜਾਣ ਨੂੰ ਮੈਂ ਆਪਣੇ ਲਈ ਸੱਦਾ ਸਮਝਦਾ ਹਾਂ। ਮੇਰੇ ਨਾਲੋਂ ਸਵਾ ਸਾਲ ਛੋਟਾ ਸੀ। ਵੇਖੋ ਕਿਵੇਂ ਤੇ ਕਦੋਂ ਉਹਦੇ ਨਾਲ ਰਲਦਾ ਹਾਂ। ਮੱਟਾਂ ਦੇ ਮੱਟ ਨਸ਼ਈ ਹੋ ਕੇ ਜਾਂ ਐਵੇਂ ਹੀ! ਮੇਰਾ ਜਨਮ ਬਡਲਾ ਕੋਟਲਾ ਦਾ ਹੈ। ਮਾਦਪੁਰ ਤੋਂ ਪੰਜ ਕੋਹ ਦਾ ਪੈਂਡਾ। ਜਿਲਾ ਲੁਧਿਆਣਾ ਦਾ।
ਅੰਤਿਕਾ: ਸਾਹਿਰ ਲੁਧਿਆਣਵੀ
ਤੁਮ੍ਹਾਰੇ ਸਾਥ ਭੀ ਗੁਜਰੀ ਹੂਈ
ਰਾਤੋਂ ਕੇ ਸਾਏ ਹੈਂ
ਤੁਆਰਫ ਰੋਗ ਹੋ ਜਾਏ ਤੋ
ਉਸਕੋ ਭੂਲਨਾ ਬਿਹਤਰ।
ਤਾਮੱਲੁਕ ਬੋਝ ਬਨ ਜਾਏ ਤੋ
ਉਸ ਕੋ ਤੋੜਨਾ ਅੱਛਾ
ਵੁਹ ਅਫਸਾਨਾ ਜਿਸੇ ਤਕਮੀਲ ਤਕ
ਲਾਨਾ ਹੋ ਮੁਮਕਿਨ।
ਉਸੇ ਏਕ ਖੂਬਸੂਰਤ
ਮੋੜ ਦੇ ਕਰ ਛੋੜਨਾ ਅੱਛਾ
ਚਲੋ ਏਕ ਬਾਰ ਫਿਰ ਸੇ
ਅਜਨਬੀ ਬਨ ਜਾਏਂ ਹਮ ਦੋਨੋਂ।