ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਮਾਰਗ ‘ਚ ਬਦਲੀ ਦਾ ਮਾਮਲਾ ਭਖਿਆ

ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਮਾਰਗ ਦੀ ਬਣਾਈ ਯੋਜਨਾ ਵਿਚ ਪੰਜਾਬ ਪੱਧਰ ਉਤੇ ਤਬਦੀਲੀ ਕਰਨ ਦਾ ਮਾਮਲਾ ਭਖਣ ਲੱਗਿਆ ਹੈ। ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਹਰਦੀਪ ਸਿੰਘ ਪੁਰੀ ਨੂੰ ਪੱਤਰ ਭੇਜ ਕੇ ਇਸ ਐਕਸਪ੍ਰੈੱਸ ਮਾਰਗ ਵਿਚ ਕੀਤੀ ਤਬਦੀਲੀ ਰੱਦ ਕਰਨ ਦੀ ਮੰਗ ਕੀਤੀ। ਇਸੇ ਤਰ੍ਹਾਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਭੇਜਿਆ ਹੈ।

ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਆਖਿਆ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਇਸ ਸਬੰਧੀ ਪੱਤਰ ਭੇਜੇ ਹਨ, ਜਦੋਂਕਿ ਹਰਦੀਪ ਸਿੰਘ ਪੁਰੀ ਨਾਲ ਖੁਦ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਨੂੰ ਉਨ੍ਹਾਂ ਲੰਮੇ ਯਤਨਾਂ ਮਗਰੋਂ ਪ੍ਰਵਾਨਗੀ ਦਿਵਾਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਇਕ ਮੰਤਰੀ ਵੱਲੋਂ ਇਸ ਐਕਸਪ੍ਰੈੱਸ ਮਾਰਗ ਵਿਚ ਆਪਣੇ ਪੱਧਰ ਉਤੇ ਤਬਦੀਲੀ ਕੀਤੀ ਗਈ ਹੈ ਅਤੇ ਇਸ ਦਾ ਨਾਂ ਵੀ ਬਦਲ ਦਿੱਤਾ ਗਿਆ ਹੈ। ਇਸ ਮਾਰਗ ਨੂੰ ਦਿੱਲੀ-ਲੁਧਿਆਣਾ-ਕਟੜਾ ਕਰ ਦਿੱਤਾ ਗਿਆ ਹੈ ਅਤੇ ਅੰਮ੍ਰਿਤਸਰ ਨੂੰ ਇਸ ਵਿਚੋਂ ਮਨਫੀ ਕਰ ਦਿੱਤਾ ਗਿਆ ਹੈ। ਜਦੋਂਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡਾ, ਅੰਤਰ ਰਾਸ਼ਟਰੀ ਤੇ ਅੰਤਰਰਾਜੀ ਬੱਸ ਅੱਡਾ ਅਤੇ ਸਰਹੱਦੀ ਸ਼ਹਿਰ ਹੈ, ਜਿਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਹਨ। ਇਹ ਸ਼ਰਧਾਲੂ ਇਥੋਂ ਹੀ ਹਿਮਾਚਲ ਦੇ ਵੱਖ-ਵੱਖ ਥਾਵਾਂ ਅਤੇ ਕਟੜਾ ਸਥਿਤ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਸਤੇ ਵੀ ਜਾਂਦੇ ਹਨ। ਉਨ੍ਹਾਂ ਆਖਿਆ ਕਿ ਇਸ ਵਿਚ ਤਬਦੀਲੀ ਕਿਸੇ ਵੀ ਤਰ੍ਹਾਂ ਮਨਜ਼ੂਰ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਨਿਆਂ ਦਾ ਭਰੋਸਾ ਦਿੱਤਾ ਹੈ।
ਇਸ ਦੌਰਾਨ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਦੋ ਸਫਿਆਂ ਦਾ ਇਕ ਪੱਤਰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਹੈ, ਜਿਸ ਵਿਚ ਇਸ ਐਕਸਪ੍ਰੈੱਸ ਮਾਰਗ ਵਿਚ ਕੀਤੀ ਤਬਦੀਲੀ ਦਾ ਮੁੱਦਾ ਉਠਾਇਆ। ਉਨ੍ਹਾਂ ਆਖਿਆ ਕਿ ਇਸ ਐਕਸਪ੍ਰੈੱਸ ਮਾਰਗ ਦਾ ਮੁੱਖ ਮੰਤਵ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨੂੰ ਸਿੱਧਾ ਗੁਰੂ ਨਗਰੀ ਅੰਮ੍ਰਿਤਸਰ ਨਾਲ ਅਤੇ ਕਟੜਾ ਸਥਿਤ ਵੈਸ਼ਨੋ ਦੇਵੀ ਮੰਦਿਰ ਨਾਲ ਜੋੜਨਾ ਸੀ। ਇਹ ਯੋਜਨਾ ਕੇਂਦਰ ਸਰਕਾਰ ਵੱਲੋਂ ਭਾਰਤ ਮਾਲਾ ਸਕੀਮ ਹੇਠ ਬਣਾਈ ਗਈ ਸੀ ਪਰ ਇਸ ਵਿਚੋਂ ਅੰਮ੍ਰਿਤਸਰ ਨੂੰ ਮਨਫੀ ਕਰਨ ਨਾਲ ਇਹ ਮਾਲਾ ਕਦੇ ਵੀ ਪੂਰੀ ਨਹੀਂ ਹੋ ਸਕਦੀ। ਇਸ ਤੋਂ ਪਹਿਲਾਂ ਸ੍ਰੀ ਔਜਲਾ ਵੱਲੋਂ ਪ੍ਰਧਾਨ ਮੰਤਰੀ ਨੂੰ ਵੀ ਇਸੇ ਸਬੰਧੀ ਇਕ ਪੱਤਰ ਭੇਜਿਆ ਗਿਆ ਹੈ।
__________________________________________
ਸ਼੍ਰੋਮਣੀ ਕਮੇਟੀ ਨੇ ਕੇਂਦਰ ਤੋਂ ਸਪਸ਼ਟੀਕਰਨ ਮੰਗਿਆ
ਅੰਮ੍ਰਿਤਸਰ: ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਮਾਰਗ ਵਿਚ ਕੀਤੀ ਤਬਦੀਲੀ ਸਬੰਧੀ ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਪਾਸੋਂ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਆਖਿਆ ਕਿ ਇਹ ਐਕਸਪ੍ਰੈਸ ਮਾਰਗ ਨਾਲ ਜਦੋਂ ਤੱਕ ਅੰਮ੍ਰਿਤਸਰ ਨੂੰ ਨਹੀਂ ਜੋੜਿਆ ਜਾਵੇਗਾ, ਇਸ ਦੀ ਸਾਰਥਿਕਤਾ ਮੁਕੰਮਲ ਨਹੀਂ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਕੁਝ ਦਿਨਾਂ ਤੋਂ ਇਸ ਯੋਜਨਾ ਵਿਚੋਂ ਅੰਮ੍ਰਿਤਸਰ ਨੂੰ ਬਾਹਰ ਕਰਨ ਦੀ ਚਰਚਾ ਚਲ ਰਹੀ ਹੈ। ਜੇਕਰ ਅਜਿਹਾ ਹੈ ਤਾਂ ਇਹ ਜਾਇਜ਼ ਨਹੀਂ। ਕੇਂਦਰ ਸਰਕਾਰ ਨੂੰ ਇਸ ਬਾਰੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ।
______________________________________
ਅੰਮ੍ਰਿਤਸਰ ‘ਚੋਂ ਹੀ ਲੰਘੇਗਾ ਐਕਸਪ੍ਰੈੱਸ ਮਾਰਗ: ਹਰਸਿਮਰਤ
ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਮਾਰਗ ਕਰਤਾਰਪੁਰ ਵਿਚ ਦੋ ਹਿੱਸਿਆਂ ‘ਚ ਵੰਡੇ ਜਾਣ ਮਗਰੋਂ ਇਸ ਦਾ ਇਕ ਹਿੱਸਾ ਅੰਮ੍ਰਿਤਸਰ ਵਿਚੋਂ ਦੀ ਹੋ ਕੇ ਲੰਘੇਗਾ, ਜਦਕਿ ਦੂਜਾ ਹਿੱਸਾ ਗੁਰਦਾਸਪੁਰ ਹੋ ਕੇ ਕਟੜਾ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਵਿਕਾਸ ਮੰਚ ਅਤੇ ਕੁਝ ਹੋਰ ਸਮਾਜ ਸੇਵੀ ਸੰਗਠਨਾਂ ਵੱਲੋਂ ਹਾਲ ਹੀ ਵਿਚ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਇਹ ਐਕਸਪ੍ਰੈੱਸ ਮਾਰਗ ਅੰਮ੍ਰਿਤਸਰ ਵਿਚੋਂ ਦੀ ਨਹੀਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਕੋਲ ਉਠਾਇਆ ਸੀ ਅਤੇ ਸ੍ਰੀ ਗਡਕਰੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।