ਅਮਰੀਕਾ ਨੂੰ ‘ਰੇਮਡੇਸੀਵਿਰ’ ਨੇ ਆਸ ਦੀ ਕਿਰਨ ਦਿਖਾਈ

ਸਿਆਟਲ: ਇਕ ਅਮਰੀਕੀ ਦਵਾਈ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਭਾਰਤੀ-ਅਮਰੀਕੀ ਸਿਹਤ ਮਾਹਿਰਾਂ ਦੀ ਅਗਵਾਈ ਵਿਚ ਤੀਜੇ ਫੇਜ਼ ਦੇ ਕੀਤੇ ਟ੍ਰਾਇਲ ਵਿਚ ‘ਰੇਮਡੇਸੀਵਿਰ’ ਨਾਂ ਦੀ ਦਵਾਈ ਨੇ ਕਰੋਨਾ ਮਰੀਜ਼ਾਂ ਉਤੇ ਆਪਣਾ ਜਾਦੂਈ ਅਸਰ ਦਿਖਾਇਆ ਹੈ। ਕੈਲੀਫੋਰਨੀਆ ਦੀ ਦਵਾਈ ਕੰਪਨੀ ਗਿਲੀਡ ਸਾਇੰਸਜ਼ ਨੇ ਦੱਸਿਆ ਕਿ ਸ਼ੁਰੂਆਤੀ ਨਤੀਜਿਆਂ ‘ਚ ਕੋਵਿਡ-19 ਦੇ 50 ਫੀਸਦੀ ਮਰੀਜ਼ਾਂ ਨੂੰ 5 ਦਿਨ ਇਹ ਦਵਾਈ ਦੇਣ ਨਾਲ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋਇਆ ਅਤੇ ਇਨ੍ਹਾਂ ‘ਚੋਂ ਅੱਧਿਆਂ ਤੋਂ ਵੱਧ ਨੂੰ ਦੋ ਹਫਤਿਆਂ ‘ਚ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਤੀਜੇ ਫੇਜ਼ ਦੇ ਕਲੀਨਿਕਲ ਟ੍ਰਾਇਲ ਨੂੰ ਕਿਸੇ ਦਵਾਈ ਨੂੰ ਪ੍ਰਵਾਨਗੀ ਦੇਣ ਦੀ ਪ੍ਰਕਿਰਿਆ ਦਾ ਆਖਰੀ ਪੜਾਅ ਕਿਹਾ ਜਾਂਦਾ ਹੈ। ਅਮਰੀਕਾ ਦੇ ਵਿਗਿਆਨੀਆਂ ਦੇ ਦਾਅਵੇ ਨਾਲ ਦੁਨੀਆਂ ਭਰ ਵਿਚ ਕਰੋਨਾ ਤੋਂ ਮੁਕਤੀ ਦੀ ਆਸ ਬੱਝੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਲਾਹਕਾਰ ਡਾਕਟਰ ਐਨਥਲੀ ਫਾਉਂਸੀ ਨੇ ਕਿਹਾ ਕਿ ‘ਰੇਮਡੇਸੀਵਿਰ’ ਦਵਾਈ ਨਾਲ ਮਰੀਜ਼ਾਂ ਦੇ ਠੀਕ ਹੋਣ ਦੇ ਸਮੇਂ ‘ਚ ਬਹੁਤ ਸਪੱਸ਼ਟ ਪ੍ਰਭਾਵੀ ਅਤੇ ਚੰਗਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਰੇਮਡੇਸੀਵਿਰ’ ਦਵਾਈ ਦਾ ਅਮਰੀਕਾ, ਯੂਰਪ ਅਤੇ ਏਸ਼ੀਆ ਦੇ 68 ਸਥਾਨਾਂ ਉਤੇ 1065 ਲੋਕਾਂ ‘ਤੇ ਟ੍ਰਾਇਲ ਕੀਤਾ ਗਿਆ। ਇਸ ਟ੍ਰਾਇਲ ਦੌਰਾਨ ਪਤਾ ਲੱਗਾ ਕਿ ਇਹ ਦਵਾਈ ਇਸ ਕਰੋਨਾ ਵਾਇਰਸ ਨੂੰ ਰੋਕ ਸਕਦੀ ਹੈ।
ਡਾਕਟਰ ਫਾਉਂਸੀ ਨੇ ਕਿਹਾ ਕਿ ਇਸ ਦਵਾਈ ਨਾਲ ਪੂਰੀ ਦੁਨੀਆਂ ਵਿਚ ਆਸ ਜਾਗੀ ਹੈ। ‘ਰੇਮਡੇਸੀਵਿਰ’ ਦਵਾਈ ਨਾਲ ਕਰੋਨਾ ਵਾਇਰਸ ਨਾਲ ਜੰਗ ਜਿੱਤੀ ਜਾ ਸਕਦੀ ਹੈ। ਇਸ ਦਵਾਈ ਨਾਲ ਹੋਰ ਕਈ ਤਰ੍ਹਾਂ ਦੇ ਵਾਇਰਸ ਵੀ ਖਤਮ ਹੋ ਸਕਦੇ ਹਨ। ਇਸ ਤੋਂ ਪਹਿਲਾਂ ਅਮਰੀਕਾ ਦੇ ਸ਼ਿਕਾਗੋ ਸ਼ਹਿਰ ‘ਚ ਕਰੋਨਾ ਵਾਇਰਸ ਨਾਲ ਗੰਭੀਰ ਰੂਪ ‘ਚ ਬਿਮਾਰ 125 ਲੋਕਾਂ ‘ਚੋਂ 123 ਲੋਕ ਇਸੇ ਦਵਾਈ ਨਾਲ ਠੀਕ ਹੋਏ ਹਨ।
______________________________________
ਕਰੋਨਾ ਮਰੀਜ਼ਾਂ ਨੂੰ ਨਵੀਂ ਦਵਾਈ ਦੇਣ ਦੀ ਇਜਾਜ਼ਤ
ਵਾਸ਼ਿੰਗਟਨ: ਅਮਰੀਕਾ ਵਿਚ ਖੁਰਾਕ ਤੇ ਦਵਾਈ ਪ੍ਰਸ਼ਾਸਨ ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਵਾਇਰਲ ਰੋਕੂ ਦਵਾਈ ਦੀ ਹੰਗਾਮੀ ਹਾਲਤ ਵਿਚ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਹੈ। ਵਿਗਿਆਨੀਆਂ ਨੇ ਆਪਣੀ ਖੋਜ ਵਿਚ ਪਤਾ ਲਾਇਆ ਕਿ ਇਹ ਦਵਾਈ ਮਰੀਜ਼ਾਂ ਉਪਰ ਤੇਜ਼ੀ ਨਾਲ ਅਸਰ ਕਰਦੀ ਹੈ। ਵਿਗਿਆਨੀਆਂ ਦੀ ਟੀਮ ਵਿਚ ਭਾਰਤੀ ਮੂਲ ਦੀ ਡਾਕਟਰ ਅਰੁਣਾ ਸੁਬਰਾਮਨੀਅਮ ਸ਼ਾਮਲ ਹੈ। ਰੇਮਡੇਸੀਵਿਰ ਨਾਮ ਦੀ ਦਵਾਈ ਦੇ ਤਜਰਬੇ ਦੌਰਾਨ ਵਿਗਿਆਨੀਆਂ ਨੇ ਦੇਖਿਆ ਕਿ ਇਸ ਨੂੰ ਦੇਣ ਨਾਲ ਕਰੋਨਾ ਮਰੀਜ਼ ਦੀ ਹਾਲਤ ਵਿਚ ਸੁਧਾਰ ਤੇਜ਼ੀ ਨਾਲ ਹੁੰਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਖੁਰਾਕ ਤੇ ਦਵਾਈ ਪ੍ਰਸ਼ਾਸਨ ਨੇ ਰੇਮਡੇਸੀਵਿਰ ਦੀ ਹੰਗਾਮੀ ਹਾਲਤ ਵਿਚ ਵਰਤੋਂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
______________________________________
ਰੋਗਾਂ ਨਾਲ ਲੜਨ ਦੀ ਸ਼ਕਤੀ ਵਾਲੇ ਸੈੱਲ ਘਟਾਉਂਦਾ ਹੈ ਕਰੋਨਾ
ਪੇਈਚਿੰਗ: ਕੋਵਿਡ-19 ਦੇ ਮਰੀਜ਼ਾਂ ਦੇ ਸਰੀਰ ‘ਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਾਲੇ ਵਿਸ਼ੇਸ਼ ਤਰ੍ਹਾਂ ਦੇ ਸੈੱਲਾਂ ਦੀ ਗਿਣਤੀ ਬਹੁਤ ਘੱਟ ਪਾਈ ਗਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਜਿੰਨੀ ਇਨ੍ਹਾਂ ਸੈੱਲਾਂ ਦੀ ਗਿਣਤੀ ਘੱਟ ਹੋਵੇਗੀ, ਉਨੀ ਹੀ ਬਿਮਾਰੀ ਦੀ ਮਾਰ ਵੱਧ ਹੋਵੇਗੀ। ਇਹ ਖੁਲਾਸਾ ਇਕ ਅਧਿਐਨ ਵਿਚ ਹੋਇਆ ਹੈ, ਜਿਸ ਅਨੁਸਾਰ ਇਸ ਬਿਮਾਰੀ ਵਿਰੁੱਧ ਨਵੀਆਂ ਦਵਾਈਆਂ ਵਿਕਸਿਤ ਕਰਨ ਵਿਚ ਇਹ ਜਾਣਕਾਰੀ ਲਾਭਕਾਰੀ ਹੋਵੇਗੀ। ਚੀਨ ਵਿਚ ਕੋਵਿਡ-19 ਮਰੀਜ਼ਾਂ ਦੇ ਕੀਤੇ ਗਏ ਅਧਿਐਨ ‘ਤੇ ਆਧਾਰਿਤ ਇਹ ਰਿਪੋਰਟ ਫਰੰਟੀਅਰਜ਼ ਇਨ ਇਮਿਊਨੂਨੋਲੋਜੀ ਨਾਂ ਦੇ ਰਸਾਲੇ ਵਿਚ ਛਪੀ ਹੈ। ਇਸ ਅਧਿਐਨ ਵਿਚ ਖੁਲਾਸਾ ਹੋਇਆ ਹੈ ਕਿ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਾਲੇ ਟੀ-ਸੈੱਲਾਂ ਦੀ ਗਿਣਤੀ ਘਟਣ ਨਾਲ ਬਿਮਾਰੀ ਘਾਤਕ ਹੁੰਦੀ ਜਾਂਦੀ ਹੈ।