ਕਰੋਨਾ ਵਾਇਰਸ ਚੀਨ ਦੀ ਵੂਹਾਨ ਲੈਬ ਤੋਂ ਪੈਦਾ ਹੋਇਆ: ਟਰੰਪ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਦੁਨੀਆਂ ਭਰ ਵਿਚ ਹੁਣ ਤੱਕ ਲੱਖਾਂ ਜਾਨਾਂ ਲੈਣ ਵਾਲਾ ਅਤੇ ਦੁਨੀਆਵੀ ਅਰਥਚਾਰੇ ਨੂੰ ਤਬਾਹ ਕਰ ਦੇਣ ਵਾਲਾ ਜਾਨਲੇਵਾ ਕਰੋਨਾ ਵਾਇਰਸ ਵਿਸ਼ਵ ਵਿਚ ਫੈਲਣ ਤੋਂ ਪਹਿਲਾਂ ਚੀਨ ਦੀ ਵਾਇਰਸ ਲੈਬਾਰਟਰੀ ਵਿਚ ਪੈਦਾ ਹੋਇਆ ਸੀ। ਟਰੰਪ ਦੀਆਂ ਇਹ ਟਿੱਪਣੀਆਂ ਉਨ੍ਹਾਂ ਦੇ ਆਪਣੇ ਖੁਫੀਆ ਭਾਈਚਾਰੇ ਵਲੋਂ ਦਿੱਤੇ ਗਏ ਬਿਆਨ ਤੋਂ ਵੱਖ ਹਨ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਅਜੇ ਉਨ੍ਹਾਂ ਨੇ ਇਹ ਪਤਾ ਨਹੀਂ ਕੀਤਾ ਹੈ ਕਿ ਕੋਵਿਡ-19 ਲਾਗ ਵਾਲੇ ਜਾਨਵਰਾਂ ਦੇ ਸੰਪਰਕ ਵਿਚ ਆਉਣ ਤੋਂ ਸ਼ੁਰੂ ਹੋਇਆ ਹੈ ਜਾਂ ਫਿਰ ਵੂਹਾਨ ਦੀ ਕਿਸੇ ਲੈਬਾਰਟਰੀ ਵਿਚ ਵਾਪਰੇ ਕਿਸੇ ਹਾਦਸੇ ਦਾ ਨਤੀਜਾ ਹੈ।

ਕਰੋਨਾ ਵਾਇਰਸ ਮਹਾਮਾਰੀ ਦੀ ਸਥਿਤੀ ਸਬੰਧੀ ਜਾਣਕਾਰੀ ਮੀਡੀਆ ਨੂੰ ਦੇਣ ਵੇਲੇ ਇਕ ਪੱਤਰਕਾਰ ਵਲੋਂ ਸ੍ਰੀ ਟਰੰਪ ਨੂੰ ਸਵਾਲ ਕੀਤਾ ਗਿਆ, “ਕੀ ਤੁਹਾਡੇ ਕੋਲ ਕੋਈ ਸਬੂਤ ਹੈ ਜਿਸ ਦੇ ਆਧਾਰ ‘ਤੇ ਤੁਸੀਂ ਐਨੇ ਭਰੋਸੇ ਨਾਲ ਕਹਿ ਸਕਦੇ ਹੋ ਇਹ ਵਾਇਰਸ ਵੂਹਾਨ ਵਾਇਰਸ ਸੰਸਥਾ ਵਿਚ ਪੈਦਾ ਹੋਇਆ ਹੈ।” ਇਸ ਦੇ ਜਵਾਬ ਵਿਚ ਰਾਸ਼ਟਰਪਤੀ ਟਰੰਪ ਨੇ ਕਿਹਾ, “ਹਾਂ ਹੈ, ਹਾਂ ਹੈ।” ਹਾਲਾਂਕਿ, ਸ੍ਰੀ ਟਰੰਪ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸਿਰਫ ਐਨਾ ਹੀ ਕਿਹਾ ਕਿ ਜਾਂਚ ਚੱਲ ਰਹੀ ਹੈ ਅਤੇ ਛੇਤੀ ਹੀ ਸਭ ਕੁਝ ਬਾਹਰ ਆ ਜਾਵੇਗਾ। ਉਨ੍ਹਾਂ ਕਿਹਾ, “ਮੈਂ ਤੁਹਾਨੂੰ ਅਜੇ ਕੁਝ ਨਹੀਂ ਦੱਸ ਸਕਦਾ, ਮੈਨੂੰ ਇਸ ਬਾਰੇ ਤੁਹਾਨੂੰ ਦੱਸਣ ਦੀ ਇਜਾਜ਼ਤ ਨਹੀਂ ਹੈ।” ਇਸ ਮਹਾਮਾਰੀ ਲਈ ਉਨ੍ਹਾਂ ਵਿਸ਼ਵ ਸਿਹਤ ਸੰਸਥਾ ਨੂੰ ਵੀ ਦੋਸ਼ ਦਿੱਤਾ। ਉਨ੍ਹਾਂ ਕਿਹਾ, “ਮੇਰਾ ਮੰਨਣਾ ਹੈ ਕਿ ਵਿਸ਼ਵ ਸਿਹਤ ਸੰਸਥਾ ਨੂੰ ਆਪਣੇ ਆਪ ‘ਤੇ ਸ਼ਰਮ ਆਉਣੀ ਚਾਹੀਦੀ ਹੈ, ਕੀ ਉਹ ਚੀਨ ਦੀ ਲੋਕ ਸੰਪਰਕ ਏਜੰਸੀ ਵਰਗੀ ਹੈ। ਹਾਲਾਂਕਿ, ਟਰੰਪ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਜ਼ਿਨਪਿੰਗ ਨੂੰ ਇਸ ਦੁਨਿਆਵੀ ਮਹਾਮਾਰੀ ਲਈ ਦੋਸ਼ੀ ਨਹੀਂ ਠਹਿਰਾਇਆ।
ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੋਸ਼ ਲਗਾਇਆ ਕਿ ਚੀਨ ਨਹੀਂ ਚਾਹੁੰਦਾ ਕਿ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਉਹ ਜਿੱਤਣ ਕਿਉਂਕਿ ਉਹ ਚੀਨ ਕੋਲੋਂ ਦਰਾਮਦ ਟੈਰਿਫ ਦੇ ਤੌਰ ‘ਤੇ ਅਰਬਾਂ ਡਾਲਰ ਲੈਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਥਾਂ ਚੀਨ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਨੂੰ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਵਜੋਂ ਦੇਖਣਾ ਚਾਹੁੰਦਾ ਹੈ। ਸ੍ਰੀ ਬਿਡੇਨ ਵਿਰੋਧੀ ਡੈਮੋਕਰੈਟਿਕ ਪਾਰਟੀ ਦੇ ਸੰਭਾਵੀ ਉਮੀਦਵਾਰ ਹਨ।
__________________________________________
ਵਾਇਰਸ ਦੀ ਜਾਂਚ ‘ਤੇ ਚੀਨ ਤੇ ਆਸਟਰੇਲੀਆ ਵਿਚਾਲੇ ਤਣਾਅ
ਕੈਨਬਰਾ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਪੀਲ ‘ਤੇ ਆਸਟਰੇਲੀਆ ਵਲੋਂ ਵੀ ਕਰੋਨਾ ਵਾਇਰਸ ਫੈਲਣ ਸਬੰਧੀ ਜਾਂਚ ਦਾ ਸਮਰਥਨ ਕੀਤੇ ਜਾਣ ‘ਤੇ ਇਕ ਪਾਸੇ ਜਿਥੇ ਆਸਟਰੇਲੀਆ ਤੇ ਚੀਨ ਵਿਚਾਲੇ ਪਾੜਾ ਵਧਣ ਲੱਗਿਆ ਹੈ ਉਥੇ ਹੀ ਦੋਵੇਂ ਦੇਸ਼ਾਂ ਵਿਚਾਲੇ ਵਧੇ ਇਸ ਤਣਾਅ ਨੇ ਆਸਟਰੇਲਿਆਈ ਕਾਰੋਬਾਰੀਆਂ ਨੂੰ ਵੀ ਚਿੰਤਾ ਵਿਚ ਪਾ ਦਿੱਤਾ ਹੈ। ਚੀਨ ਨੇ ਦੋਸ਼ ਲਗਾਇਆ ਹੈ ਕਿ ਆਸਟਰੇਲੀਆ ਨੇ ਵੀ ਅਮਰੀਕਾ ਦੀ ਰੀਸ ਵਿਚ ਵਿਸ਼ਵ ਸਿਹਤ ਸੰਸਥਾ ਤੋਂ ਕਰੋਨਾ ਵਾਇਰਸ ਦੇ ਪੈਦਾ ਹੋਣ ਸਬੰਧੀ ਸੁਤੰਤਰ ਜਾਂਚ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਚੀਨੀ ਸਫੀਰ ਚੇਂਗ ਜਿੰਗਯੇ ਨੇ ਇਸੇ ਹਫਤੇ ਇਕ ਆਸਟਰੇਲਿਆਈ ਅਖਬਾਰ ਨੂੰ ਦਿੱਤੀ ਇੰਟਰਵਿਊ ਵਿਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਾਂਚ ਸ਼ੁਰੂ ਹੁੰਦੀ ਹੈ ਤਾਂ ਚੀਨੀ ਉਪਭੋਗਤਾਵਾਂ ਵਲੋਂ ਆਸਟਰੇਲੀਆ ਦਾ ਬਾਈਕਾਟ ਕੀਤਾ ਜਾਵੇਗਾ।