ਇਕ ਵਾਰ ਫਿਰ ਖੁਲਾਸਾ: ਗਰਮੀ ਨਾਲ ਰੁਕ ਸਕਦਾ ਹੈ ਕਰੋਨਾ ਦਾ ਫੈਲਾਅ

ਨਾਗਪੁਰ: ਮੁਲਕ ਦੀ ਗਰਮ ਜਲਵਾਯੂ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ‘ਚ ਸਹਾਈ ਹੋ ਸਕਦੀ ਹੈ ਪਰ ਸਮਾਜਿਕ ਦੂਰੀ ਬਹੁਤ ਜ਼ਰੂਰੀ ਹੈ। ਕੌਮੀ ਵਾਤਾਵਰਨ ਇੰਜੀਨੀਅਰਿੰਗ ਖੋਜ ਇੰਸਟੀਚਿਊਟ ਦੇ ਵਿਗਿਆਨੀਆਂ ਵਲੋਂ ਕੀਤੇ ਗਏ ਅਧਿਐਨ ‘ਚ ਇਹ ਖੁਲਾਸਾ ਹੋਇਆ ਹੈ। ਇੰਸਟੀਚਿਊਟ ਨੇ ਮਹਾਰਾਸ਼ਟਰ, ਕਰਨਾਟਕ, ਕੇਰਲਾ, ਸ੍ਰੀਨਗਰ ਅਤੇ ਨਿਊ ਯਾਰਕ ‘ਚ ਮਹਾਮਾਰੀ ਦੇ ਫੈਲਾਅ ਸਬੰਧੀ ਡੇਟਾ ਅਤੇ ਵਾਤਾਵਰਨ ਦੇ ਕਾਰਕਾਂ ਵਿਚਕਾਰ ਸਬੰਧਾਂ ਬਾਰੇ ਅਧਿਐਨ ਕੀਤਾ।

ਵਿਗਿਆਨੀ ਹੇਮੰਤ ਭੇਰਵਾਨੀ ਨੇ ਕਿਹਾ ਕਿ ਅਧਿਐਨ ਤੋਂ ਪਤਾ ਲੱਗਾ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ‘ਚ ਮੁਲਕ ਦੀ ਗਰਮ ਜਲਵਾਯੂ ਲਾਹੇਵੰਦ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਹੋਰ ਵਾਇਰਸਾਂ ਬਾਰੇ ਪਹਿਲਾਂ ਕੀਤੇ ਗਏ ਅਧਿਐਨਾਂ ਵਾਂਗ ਵੱਧ ਤਾਪਮਾਨ ਵਾਲੇ ਇਲਾਕਿਆਂ ‘ਚ ਇਸ ਵਾਇਰਸ ਦਾ ਅਸਰ ਵੀ ਖਤਮ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਰ ਨਮੀ ਵਾਲੇ ਇਲਾਕਿਆਂ ‘ਚ ਵਾਇਰਸ ਫੈਲਣ ਦਾ ਖਤਰਾ ਵਧ ਰਹਿੰਦਾ ਹੈ। ਸ੍ਰੀ ਭੇਰਵਾਨੀ ਨੇ ਕਿਹਾ ਕਿ ਸਮਾਜਿਕ ਦੂਰੀ ਦਾ ਕਦਮ ਬਹੁਤ ਲਾਹੇਵੰਦ ਹੈ। ਉਨ੍ਹਾਂ ਮੁਤਾਬਕ ਕੇਰਲਾ ਅਤੇ ਚੇਨੱਈ ਵਰਗੇ ਸ਼ਹਿਰਾਂ ‘ਚ ਭਾਵੇਂ ਵਧ ਨਮੀ ਹੈ ਪਰ ਉਨ੍ਹਾਂ ਕਰੋਨਾ ਉਤੇ ਕਾਬੂ ਸਮਾਜਿਕ ਦੂਰੀ ਜਿਹੇ ਨੇਮਾਂ ਦੀ ਸਖਤੀ ਨਾਲ ਪਾਲਣਾ ਕਰਕੇ ਪਾਇਆ। ਇੰਸਟੀਚਿਊਟ ਦੇ ਡਾਇਰੈਕਟਰ ਡਾਕਟਰ ਰਾਕੇਸ਼ ਕੁਮਾਰ ਨੇ ਕਿਹਾ ਕਿ ਤਾਪਮਾਨ ਵਧਣ ਨਾਲ ਵਾਇਰਸ ਦੇ ਫੈਲਣ ਦੀ ਰਫਤਾਰ ਘੱਟ ਹੋ ਜਾਂਦੀ ਹੈ।
ਉਧਰ, ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ.) ਜੋਧਪੁਰ ਦੇ ਵਿਗਿਆਨੀਆਂ ਵਲੋਂ ਕੀਤੀ ਗਈ ਇਕ ਸਟੱਡੀ ਅਨੁਸਾਰ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀਆਂ ਵਿਚ ਕਰੋਨਾ ਵਾਇਰਸ ਲਾਗ ਲੱਗਣ ਦਾ ਖਤਰਾ ਵੱਧ ਹੁੰਦਾ ਹੈ। ਇਸ ਸਟੱਡੀ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸੁੰਘਣ ਦੀ ਸ਼ਕਤੀ ਅਤੇ ਜੀਭ ਦਾ ਸਵਾਦ ਚਲੇ ਜਾਣ ਵਰਗੇ ਲੱਛਣ ਇਕ ਵਿਅਕਤੀ ਨੂੰ ਕੋਵਿਡ-19 ਲਾਗ ਲੱਗਣ ਵਲ ਇਸ਼ਾਰਾ ਕਰਦੇ ਹਨ, ਇਸ ਵਾਸਤੇ ਅਜਿਹੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਜਲਦੀ ਤੋਂ ਜਲਦੀ ਖੁਦ ਨੂੰ ਇਕਾਂਤਵਾਸ ਕਰ ਕੇ ਮਾਹਿਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਅਮਰੀਕਨ ਕੈਮੀਕਲ ਸੁਸਾਇਟੀ ਵਲੋਂ ਛਾਪੇ ਜਾਂਦੇ ਕੌਮਾਂਤਰੀ ਪੱਧਰੀ ਰਸਾਲੇ ਵਿਚ ਛਪੀ ‘ਨਿਊਰੋਲੌਜੀਕਲ ਇਨਸਾਈਟਸ ਆਫ ਕੋਵਿਡ-19’ ਨਾਂ ਦੀ ਇਸ ਸਟੱਡੀ ਮੁਤਾਬਕ ਸੁੰਘਣ ਦੀ ਸ਼ਕਤੀ ਤੇ ਜੀਭ ਦਾ ਸਵਾਦ ਚਲੇ ਜਾਣ ਕਾਰਨ ਪੀੜਤ ਮਰੀਜ਼ ਦੀ ਸਾਰੀ ਕੇਂਦਰੀ ਦਿਮਾਗੀ ਪ੍ਰਣਾਲੀ ਅਤੇ ਦਿਮਾਗ ਅੰਦਰਲੀ ਮੂਲ ਆਧਾਰ ਰਚਨਾ ਲਾਗ ਦੇ ਵਧੇਰੇ ਨੇੜੇ ਆ ਜਾਂਦੀ ਹੈ। ਇਹ ਸਟੱਡੀ ਆਈ.ਆਈ.ਟੀ. ਜੋਧਪੁਰ ਦੇ ਪ੍ਰੋਫੈਸਰ ਸੁਰਾਜੀਤ ਘੋਸ਼ ਦੀ ਅਗਵਾਈ ਹੇਠ ਕੀਤੀ ਗਈ ਹੈ। ਇਹ ਸਟੱਡੀ ਵਿਚ ਇਸ ਵਲ ਵੀ ਇਸ਼ਾਰਾ ਕਰਦੀ ਹੈ ਕਿ ਕਰੋਨਾ ਵਾਇਰਸ ਇਕ ਖਾਸ ਤਰ੍ਹਾਂ ਦੇ ਮਨੁੱਖੀ ਰਿਸੈਪਟਰ ਜਿਸ ਨੂੰ ਐਚ.ਏ.ਸੀ.ਈ2 (ਮਨੁੱਖੀ ਐਂਜਿਓਟੈਨਸਿਨ-ਕਨਵਰਟਿੰਗ ਐਂਜ਼ਾਈਮ-2) ਵਜੋਂ ਜਾਣਿਆ ਜਾਂਦਾ ਹੈ, ਵਲ ਜਲਦੀ ਆਕਰਸ਼ਿਤ ਹੁੰਦਾ ਹੈ। ਇਹ ਰਿਸੈਪਟਰ ਸਰੀਰ ਵਿਚ ਵਾਇਰਸ ਦੇ ਦਾਖਲੇ ਦਾ ਦੁਆਰ ਵੀ ਹੁੰਦਾ ਹੈ ਅਤੇ ਇਹ ਸਰਵਵਿਆਪੀ ਰਿਸੈਪਟਰ ਮਨੁੱਖ ਦੇ ਫੇਫੜਿਆਂ ਤੋਂ ਲੈ ਕੇ ਨੱਕ ਤੱਕ ਤਕਰੀਬਨ ਹਰ ਅੰਗ ਵਿਚ ਹੁੰਦਾ ਹੈ।
________________________________
ਕਰੋਨਾ ਦਾ ਪਤਾ ਹੁਣ 45 ਮਿੰਟ ‘ਚ ਲੱਗੇਗਾ
ਲਾਸ ਏਂਜਲਸ: ਵਿਗਿਆਨੀਆਂ ਨੇ ਘੱਟ ਲਾਗਤ ਵਾਲੇ ਲਾਰ ਟੈਸਟ ਦੀ ਕਿੱਟ ਵਿਕਸਤ ਕੀਤੀ ਹੈ ਜਿਸ ਨਾਲ ਕਰੋਨਾ ਵਾਇਰਸ ਲਾਗ ਦਾ ਪਤਾ ਕਰੀਬ 45 ਮਿੰਟਾਂ ‘ਚ ਲੱਗ ਜਾਵੇਗਾ। ਦੁਨੀਆਂ ਭਰ ‘ਚ ਕਰੋਨਾ ਪੀੜਤਾਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਲੋਕਾਂ ਦੀ ਟੈਸਟਿੰਗ ਲਈ ਇਹ ਟੈਸਟ ਸਹਾਈ ਹੋ ਸਕਦਾ ਹੈ। ਟੈਸਟ ਦਾ ਨਾਮ ‘ਸਾਰਸ-ਕੋਵ-2 ਡਿਟੈਕਟਰ’ ਰੱਖਿਆ ਗਿਆ ਹੈ। ਯੂਨੀਵਰਸਿਟੀ ਆਫ ਕੈਲੀਫੋਰਨੀਆ, ਸਾਂ ਫਰਾਂਸਸਿਕੋ ਦੇ ਖੋਜੀਆਂ ਨੇ ਕਿਹਾ ਕਿ ਟੈਸਟ ਲਈ ਕਿਸੇ ਵਿਸ਼ੇਸ਼ ਉਪਰਕਰਨ ਦੀ ਲੋੜ ਨਹੀਂ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੀਆਂ ਟੈਸਟ ਕਿੱਟਾਂ ਨਾਲੋਂ ਇਹ ਜ਼ਿਆਦਾ ਗਿਣਤੀ ‘ਚ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ। ਉਂਜ ਇਸ ਨਵੇਂ ਟੈਸਟ ਨੂੰ ਯੂਐਸ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਤੋਂ ਅਜੇ ਰਸਮੀ ਪ੍ਰਵਾਨਗੀ ਮਿਲਣੀ ਬਾਕੀ ਹੈ।