ਪੰਜਾਬ ਦੀ ਕਿਸਾਨੀ ਦੀ ਬਾਂਹ ਫੜਨ ਤੋਂ ਕੇਂਦਰ ਸਰਕਾਰ ਭੱਜੀ

ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾਂ ਸੰਕਟ ਦੀ ਘੜੀ ਵਿਚ ਦੇਸ਼ ਦੀ ਅਨਾਜ ਪੂਰਤੀ ਵਿਚ ਭਰਵਾਂ ਯੋਗਦਾਨ ਪਾਇਆ ਹੈ, ਪਰ ਕੇਂਦਰ ਸਰਕਾਰ ਔਖੇ ਵੇਲੇ ਪੰਜਾਬ ਦੀ ਕਿਸਾਨੀ ਤੋਂ ਬੇਮੁੱਖ ਹੋ ਗਈ ਹੈ। ਮੁੱਢਲੇ ਪੜਾਅ ਉਤੇ ਪੰਜਾਬ ਸਰਕਾਰ ਨੇ ਕੇਂਦਰ ਤੋਂ ਅਨਾਜ ਭੰਡਾਰਨ ਉਤੇ ਬੋਨਸ ਦੀ ਮੰਗ ਕੀਤੀ ਸੀ ਤਾਂ ਜੋ ਕਿਸਾਨ ਘਰਾਂ ਵਿਚ ਕਣਕ ਭੰਡਾਰ ਕਰ ਸਕਣ। ਕੇਂਦਰ ਸਰਕਾਰ ਨੇ 60 ਫੀਸਦ ਫਸਲ ਦੀ ਖਰੀਦ ਹੋਣ ਮਗਰੋਂ ਵੀ ਅਜੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ ਹੈ।

ਪੰਜਾਬ ‘ਚ ਪੱਕੀ ਫਸਲ ਮੀਂਹ ਨੇ ਝੰਬ ਦਿੱਤੀ ਤਾਂ ਰਾਜ ਸਰਕਾਰ ਨੇ ਕੇਂਦਰ ਤੋਂ ਖਰੀਦ ਦੇ ਮਾਪਦੰਡਾਂ ਵਿਚ ਛੋਟ ਦੀ ਮੰਗ ਕੀਤੀ। ਕੇਂਦਰੀ ਟੀਮ ਨੇ ਮੰਡੀਆਂ ਦਾ ਦੌਰਾ ਕੀਤਾ। ਲੰਘੇ ਦਿਨੀਂ ਕੇਂਦਰ ਸਰਕਾਰ ਨੇ ਮਾਪਦੰਡਾਂ ਵਿਚ ਤਾਂ ਰਿਆਇਤ ਦੇ ਦਿੱਤੀ, ਪਰ ਨਾਲ ਹੀ ਖਰੀਦ ਉਤੇ ਵਿੱਤੀ ਕੱਟ ਵੀ ਲਾ ਦਿੱਤਾ। ਪੰਜਾਬ ਦੀ ਕਿਸਾਨੀ ਨੂੰ ਇਸ ਵਿੱਤੀ ਕੱਟ ਨਾਲ ਅੰਦਾਜ਼ਨ 20 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਵੇਗਾ। ਕਿਸਾਨ ਨੂੰ ਪ੍ਰਤੀ ਏਕੜ 200 ਤੋਂ 500 ਰੁਪਏ ਤੱਕ ਦਾ ਨੁਕਸਾਨ ਹੋਵੇਗਾ। ਸੁੰਗੜੀ ਤੇ ਚਮਕ ਗੁਆਉਣ ਵਾਲੀ ਜਿਣਸ ਉਤੇ 4.81 ਰੁਪਏ ਤੋਂ ਲੈ ਕੇ 24.06 ਰੁਪਏ ਤੱਕ ਦਾ ਵਿੱਤੀ ਕੱਟ ਲਾਇਆ ਗਿਆ ਹੈ। ਕੇਂਦਰੀ ਕੱਟ ਦਾ ਵੱਡਾ ਹਰਜਾ ਪਟਿਆਲਾ, ਫਤਹਿਗੜ੍ਹ ਸਾਹਿਬ ਤੇ ਮੁਹਾਲੀ ਦੇ ਕਿਸਾਨਾਂ ਨੂੰ ਝੱਲਣਾ ਪਵੇਗਾ।
ਕੇਂਦਰੀ ਕੱਟ ਦਾ ਸਰਕਾਰੀ ਖਜ਼ਾਨੇ ਨੂੰ ਵੀ ਨੁਕਸਾਨ ਸਹਿਣ ਕਰਨਾ ਪਵੇਗਾ। ਐਤਕੀਂ ਕੋਵਿਡ-19 ਕਰਕੇ ਪੰਜਾਬ ਵਿਚ ਕਰੀਬ ਇਕ ਲੱਖ ਗੱਠਾਂ ਬਾਰਦਾਨੇ ਦੀ ਤੋਟ ਬਣੀ ਹੋਈ ਹੈ। ਕੇਂਦਰ ਸਰਕਾਰ ਨੇ ਪੰਜਾਬ ਨੂੰ ਪੁਰਾਣਾ ਬਾਰਦਾਨਾ ਵਰਤਣ ਦੀ ਪ੍ਰਵਾਨਗੀ ਤਾਂ ਦੇ ਦਿੱਤੀ, ਪਰ ਪੁਰਾਣੇ ਬਾਰਦਾਨੇ ਦਾ ਭਾਅ ਹਾਲੇ ਤੱਕ ਤੈਅ ਨਹੀਂ ਕੀਤਾ ਹੈ। ਪੰਜਾਬ ਸਰਕਾਰ ਨੇ ਆਟਾ ਮਿੱਲਾਂ ਤੋਂ ਇਕ ਵਾਰੀ ਵਰਤਿਆ ਬਾਰਦਾਨਾ ਖਰੀਦ ਕਰਨਾ ਹੈ ਪਰ ਮਿੱਲਾਂ ਵਾਲੇ ਪਹਿਲਾਂ ਭਾਅ ਪੁੱਛ ਰਹੇ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾਂ ਸੰਕਟ ਦੀ ਘੜੀ ਵਿਚ ਦੇਸ਼ ਦੀ ਅਨਾਜ ਪੂਰਤੀ ਵਿਚ ਭਰਵਾਂ ਯੋਗਦਾਨ ਪਾਇਆ ਹੈ। ਹਾਲ ਹੀ ਵਿਚ ਪੰਜਾਬ ਦੇ ਗੁਦਾਮਾਂ ‘ਚੋਂ 23.5 ਲੱਖ ਮੀਟਰਿਕ ਟਨ ਅਨਾਜ ਦੂਜੇ ਸੂਬਿਆਂ ਨੂੰ ਭੇਜਿਆ ਗਿਆ ਹੈ।
ਖੇਤੀ ਵਿਭਾਗ ਪੰਜਾਬ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਮੰਡੀਆਂ ‘ਚੋਂ ਰੋਜ਼ਾਨਾ ਪੰਜ ਲੱਖ ਮੀਟਰਿਕ ਟਨ ਫਸਲ ਦੀ ਚੁਕਾਈ ਹੋ ਰਹੀ ਹੈ ਤੇ 60 ਫੀਸਦੀ ਫਸਲ ਮੰਡੀਆਂ ਵਿਚ ਆ ਚੁੱਕੀ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਕਿਸਾਨਾਂ ਨੂੰ ਘੱਟ ਝਾੜ ਅਤੇ ਬੇਮੌਸਮੀ ਬਾਰਸ਼ ਨੇ ਝੰਬ ਦਿੱਤਾ ਹੈ। ਕੇਂਦਰ ਨੇ ਵਿੱਤੀ ਕੱਟ ਲਾ ਕੇ ਕਿਸਾਨੀ ਦੇ ਜਖਮਾਂ ਉਤੇ ਲੂਣ ਛਿੜਕਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਕੱਟ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਕਰੇ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਮੁੱਖ ਸਕੱਤਰ ਰਾਮਕਰਨ ਸਿੰਘ ਰਾਮਾਂ ਨੇ ਵੀ ਕੇਂਦਰ ਤੋਂ ਵਿੱਤੀ ਕੱਟ ਨੂੰ ਵਾਪਸ ਲਏ ਜਾਣ ਦੀ ਮੰਗ ਰੱਖੀ ਹੈ।
_________________________________
ਕੁਆਲਿਟੀ ਕੱਟ ਨਾਲ ਕਿਸਾਨਾਂ ਨੂੰ ਵੱਡੀ ਮਾਰ
ਚੰਡੀਗੜ੍ਹ: ਕੇਂਦਰ ਦੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਵਿਭਾਗ ਦੇ ਤਾਜ਼ਾ ਪੱਤਰ ਨੇ ਮੁਹਾਲੀ, ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਦੇ ਕਣਕ ਦੇ ਘੱਟ ਝਾੜ ਨਾਲ ਜੂਝ ਰਹੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੰਡੀਆਂ ਵਿਚ ਖਰੀਦੀ ਜਾਣ ਵਾਲੀ ਕਣਕ ਦੇ ਸਿਵਲਡ ਗਰੇਨ (ਕਮਜ਼ੋਰ ਦਾਣੇ) ਲਈ ਕੱਟ ਲਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਪੱਤਰ ਮਗਰੋਂ ਹੁਣ ਮੰਡੀਆਂ ਵਿਚ ਕਣਕ ਵੇਚਣ ਆਉਣ ਵਾਲੇ ਕਿਸਾਨਾਂ ਉਤੇ ਨਵੇਂ ਨਿਯਮ ਲਾਗੂ ਹੋਣਗੇ। ਮੰਡੀਆਂ ਵਿਚ ਹੁਣ ਬਹੁਤੀ ਕਣਕ ਉਹ ਕਿਸਾਨ ਲਿਆ ਰਹੇ ਹਨ, ਜਿਨ੍ਹਾਂ ਨੇ ਸਰਕਾਰ ਦਾ ਕਹਿਣਾ ਮੰਨ ਕੇ ਆਪਣੀ ਕਣਕ ਘਰਾਂ ਵਿਚ ਸਟੋਰ ਕਰ ਲਈ ਸੀ। ਇਨ੍ਹਾਂ ਜ਼ਿਲ੍ਹਿਆਂ ਵਿਚ ਬੇਮੌਸਮੀ ਬਾਰਸ਼ਾਂ ਕਾਰਨ ਕਣਕ ਦਾ ਦਾਣਾ ਕਮਜ਼ੋਰ ਰਹਿ ਗਿਆ ਸੀ ਤੇ ਝਾੜ ਵੀ ਬਹੁਤ ਘਟ ਗਿਆ ਸੀ। ਤਾਜ਼ਾ ਪੱਤਰ ਅਨੁਸਾਰ ਕਣਕ ਦੇ ਛੇ ਫੀਸਦੀ ਕਮਜ਼ੋਰ ਦਾਣੇ ਹੋਣ ਦੀ ਸੂਰਤ ਵਿਚ ਕੋਈ ਕੱਟ ਨਹੀਂ ਲੱਗੇਗਾ।