ਖਾਲਿਸਤਾਨ ਦਾ ਐਲਾਨਨਾਮਾ: ਕੁਝ ਹਕੀਕੀ ਨੁਕਤੇ

ਪਿਛਲੇ ਅੰਕ ਵਿਚ ਅਸੀਂ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਦੀ ਲਿਖਤ ‘ਖਾਲਿਸਤਾਨ ਦਾ ਐਲਾਨਨਾਮਾ: ਪ੍ਰਚੰਡ ਜਜ਼ਬਿਆਂ ਦੀ ਨਵੀਂ ਸਵੇਰ, ਨਵੀਂ ਬਹਾਰ’ ਛਾਪੀ ਸੀ। ਇਸ ਲਿਖਤ ਅਤੇ ਉਸ ਵਕਤ ਦੇ ਹਾਲਾਤ ਬਾਰੇ ਸਾਡੇ ਕੋਲ ਕੁਝ ਲਿਖਤਾਂ ਪੁੱਜੀਆਂ ਹਨ। ਐਤਕੀਂ ਅਸੀਂ ਹਜ਼ਾਰਾ ਸਿੰਘ ਮਿਸੀਸਾਗਾ, ਹਰਜੀਤ ਦਿਓਲ, ਬਰੈਂਪਟਨ ਅਤੇ ਚਿੰਤਕ ਗੁਰਬਚਨ ਸਿੰਘ ਦੀਆਂ ਟਿੱਪਣੀਆਂ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ‘ਪੰਜਾਬ ਟਾਈਮਜ਼’ ਵੱਖ-ਵੱਖ ਮਸਲਿਆਂ ਬਾਰੇ ਬਹਿਸ-ਮੁਬਾਹਿਸੇ ਦੀ ਬੜੀ ਅਮੀਰ ਰੀਤ ਮੁੱਢ ਤੋਂ ਹੀ ਪਾਲਦਾ ਰਿਹਾ ਹੈ।

ਇਸ ਪ੍ਰਸੰਗ ਵਿਚ ਵੀ ਸਭ ਪਾਠਕਾਂ ਅਤੇ ਵਿਦਵਾਨਾਂ ਨੂੰ ਬੇਨਤੀ ਹੈ ਕਿ ਆਪੋ-ਆਪਣੇ ਵਿਚਾਰ ਭੇਜਣ, ਪਰ ਇਕ ਹੀ ਸ਼ਰਤ ਹੈ ਕਿ ਤਹੱਮਲ ਤੇ ਸਬਰ ਦਾ ਪੱਲਾ ਫੜ ਕੇ ਰੱਖਿਆ ਜਾਵੇ ਅਤੇ ਗੱਲਾਂ ਸਬੰਧਤ ਮਸਲੇ ਦੇ ਇਰਦ-ਗਿਰਦ ਹੀ ਰਹਿਣ। -ਸੰਪਾਦਕ

ਹਜ਼ਾਰਾ ਸਿੰਘ ਮਿਸੀਸਾਗਾ
ਫੋਨ: 905-795-3428

ਪੰਜਾਬ ਟਾਈਮਜ਼ ਦੇ 2 ਮਈ 2020 ਦੇ ਅੰਕ ਵਿਚ ਸ਼ ਕਰਮਜੀਤ ਸਿੰਘ ਦੀ ਲਿਖਤ ‘ਖਾਲਿਸਤਾਨ ਦਾ ਐਲਾਨਨਾਮਾ: ਪ੍ਰਚੰਡ ਜਜ਼ਬਿਆਂ ਦੀ ਨਵੀਂ ਸਵੇਰ, ਨਵੀਂ ਬਹਾਰ’ ਪੜ੍ਹੀ। ਲੇਖਕ ਖਾਲਿਸਤਾਨ ਦੇ ਇਸ ਐਲਾਨ ਨੂੰ ਸ਼ਗਨਾਂ ਭਰੀ ਸਵੇਰ ਕਹਿ ਕੇ ਪ੍ਰਣਾਮ ਕਰਦਾ ਹੈ, ਕਿਉਂਕਿ ਇਹ ਸਿੱਖ ਮਨਾਂ ਅੰਦਰ ਚਲੀ ਆ ਰਹੀ ਸਿੱਖ ਰਾਜ ਦੀ ਰੀਝ ਦਾ ਸਪਸ਼ਟ ਐਲਾਨ ਸੀ। ਲੇਖਕ ਇਸ ਨੂੰ ਵਿਚਾਰਧਾਰਕ ਨਿਖੇੜੇ ਦੀ ਸਵੇਰ ਕਹਿ ਕੇ ਸਿੱਖਾਂ ਵਲੋਂ ਹਥਿਆਰਬੰਦ ਜੰਗ, ਜੋ ਸਿੱਖ ਮਨਾਂ ਵਿਚੋਂ ਵਿਸਰ ਚੁਕੀ ਸੀ, ਸ਼ੁਰੂ ਕਰਨ ਦਾ ਅੰਮ੍ਰਿਤ ਵੇਲਾ ਆਖਦਾ ਹੈ। ਲੇਖਕ ਵਾਂਗ ਬਹੁਤ ਸਾਰੇ ਹੋਰ ਵਿਸ਼ਲੇਸ਼ਕ ਵੀ ਕਰੀਬ ਇਸੇ ਤਰ੍ਹਾਂ ਸੋਚਦੇ ਹਨ। ਖਾੜਕੂ ਲਹਿਰ ਦੀਆਂ ਮੁੱਖ ਘਟਨਾਵਾਂ ਨੂੰ ਦੇਖਿਆਂ ਵੀ ਇੰਜ ਹੀ ਲਗਦਾ ਹੈ ਕਿ ਹਮਲੇ ਤੋਂ ਪਹਿਲਾਂ ਖਾਲਿਸਤਾਨ ਦੀ ਸਪਸ਼ਟ ਮੰਗ ਨਹੀਂ ਸੀ। ਸਰਕਾਰ ਨੇ ਦਰਬਾਰ ਸਾਹਿਬ ‘ਤੇ ਹਮਲਾ ਕੀਤਾ, ਨਤੀਜੇ ਵਜੋਂ ਖਾੜਕੂ ਲਹਿਰ ਉਭਰੀ, ਜਿਸ ਨੇ ਖਾਲਿਸਤਾਨ ਵਾਸਤੇ ਹਥਿਆਰਬੰਦ ਸੰਘਰਸ਼ ਲੜਿਆ।
ਇਕ ਹੋਰ ਨਜ਼ਰੀਏ ਤੋਂ ਦੇਖਿਆ ਜਾਏ ਤਾਂ 29 ਅਪਰੈਲ 1986 ਨੂੰ ਖਾਲਿਸਤਾਨ ਦਾ ਕੀਤਾ ਗਿਆ ਐਲਾਨਨਾਮਾ ਨਾ ਕੋਈ ਨਵੀਂ ਸਵੇਰ ਸੀ ਅਤੇ ਨਾ ਹਥਿਆਰਬੰਦ ਜੰਗ ਦੀ ਸ਼ੁਰੂਆਤ। ਖਾਲਿਸਤਾਨ ਦਾ ਇਹ ਐਲਾਨਨਾਮਾ ਜਿਸ ਜੰਗ ਦੀ ਸੁ.ਰੂਆਤ ਕਰਨ ਦੀ ਗੱਲ ਕਰਦਾ ਹੈ, ਸਿੱਖ ਉਹ ਜੰਗ ਕਰੀਬ ਦੋ ਸਾਲ ਪਹਿਲਾਂ ਹਾਰ ਚੁਕੇ ਸਨ। ਇਹ ਸਿਆਸੀ ਅਨਾੜੀਪੁਣੇ ਦਾ ਐਲਾਨ ਸੀ। ਵੱਡੀ ਹਾਰ ਪਿਛੋਂ ਬਚੀ ਹੋਈ ਤਾਕਤ ਨਾਲ ਜੋ ਹਾਸਿਲ ਕੀਤਾ ਜਾ ਸਕਦਾ ਸੀ, ਇਹ ਉਸ ਮੌਕੇ ਨੂੰ ਵੀ ਸਾਂਭ ਸਕਣ ਦੀ ਅਸਮਰੱਥਾ ਦਾ ਸੰਕੇਤ ਸੀ। ਇਸ ਬਾਰੇ ਹੋਰ ਸਪਸ਼ਟ ਕਰਨ ਲਈ ਕੁਝ ਮਿਸਾਲਾਂ ਮਦਦਗਾਰ ਹੋਣਗੀਆਂ।
ਸ਼ਾਮ ਵੇਲੇ ਜਿਸ ਪਲ ਸੂਰਜ ਡੁਬਦਾ ਪ੍ਰਤੀਤ ਹੁੰਦਾ ਹੈ, ਅਸਲ ਵਿਚ ਉਹ ਉਸ ਪਲ ਤੋਂ ਅੱਠ ਮਿੰਟ ਪਹਿਲਾਂ ਡੁੱਬ ਚੁਕਾ ਹੁੰਦਾ ਹੈ, ਕਿਉਂਕਿ ਸੂਰਜ ਤੋਂ ਧਰਤੀ ਤੱਕ ਪਹੁੰਚਣ ਲਈ ਰੌਸ਼ਨੀ ਨੂੰ ਵੀ ਅੱਠ ਮਿੰਟ ਲਗਦੇ ਹਨ; ਭਾਵ ਜਿੱਥੇ ਸੂਰਜ ਸਾਨੂੰ ਜਾਪਦਾ ਹੈ, ਉਥੇ ਹੁੰਦਾ ਨਹੀਂ। ਇਸੇ ਤਰ੍ਹਾਂ ਜਦ ਕਿਸੇ ਸੁਪਰਸੌਨਿਕ ਜੰਗੀ ਜਹਾਜ ਦੀ ਕੰਨ ਪਾੜਵੀਂ ਅਵਾਜ਼ ਸੁਣਦੀ ਤਾਂ ਜਹਾਜ ਲੰਘ ਚੁਕਾ ਹੁੰਦਾ ਹੈ, ਕਿਉਂਕਿ ਇਨ੍ਹਾਂ ਜਹਾਜਾਂ ਦੀ ਸਪੀਡ ਅਵਾਜ਼ ਦੀ ਸਪੀਡ ਨਾਲੋਂ ਵੱਧ ਹੁੰਦੀ ਹੈ। ਜਦ ਸੱਪ ਦੀ ਲੀਹ ਨਜ਼ਰ ਪੈਂਦੀ ਹੈ, ਤਦ ਨੂੰ ਸੱਪ ਲੰਘ ਚੁਕਾ ਹੁੰਦਾ ਹੈ। ਲੱਛਣ ਪ੍ਰਗਟ ਹੋਣ ਤੋਂ ਕਈ ਦਿਨ ਪਹਿਲਾਂ ਮਰੀਜ਼ ਨੂੰ ਕਰੋਨਾ ਹੋ ਚੁਕਾ ਹੁੰਦਾ ਹੈ। ਸੋ, ਬਹੁਤ ਕੁਝ ਐਸਾ ਹੈ, ਜੋ ਨਜ਼ਰ ਆਉਣ ਦੇ ਸਮੇਂ ਤੋਂ ਪਹਿਲਾਂ ਵਾਪਰ ਚੁਕਾ ਹੁੰਦਾ ਹੈ, ਪਰ ਜਾਪਦਾ ਇੰਜ ਹੈ ਕਿ ਜਿਵੇਂ ਹੁਣੇ ਵਾਪਰ ਰਿਹਾ ਹੋਵੇ।
ਖਾਲਿਸਤਾਨ ਦਾ ਵਰਤਾਰਾ ਵੀ ਕੁਝ ਇਸੇ ਤਰ੍ਹਾਂ ਦਾ ਹੈ। ਬਹੁਤੇ ਵਿਸ਼ਲੇਸ਼ਕ ਇਹੋ ਕਹਿੰਦੇ ਆ ਰਹੇ ਹਨ ਕਿ 1984 ਦੇ ਫੌਜੀ ਹਮਲੇ ਤੋਂ ਬਾਅਦ ਖਾਲਿਸਤਾਨ ਦੀ ਲਹਿਰ ਚੱਲੀ, 29 ਅਪਰੈਲ ਨੂੰ ਖਾਲਿਸਤਾਨ ਦਾ ਐਲਾਨ ਹੋਇਆ, ਵਗੈਰਾ ਵਗੈਰਾ। ਖਾਲਿਸਤਾਨ ਦੀ ਜਿਸ ਲਹਿਰ ਦਾ ਆਗਾਜ਼ ਖਾਲਿਸਤਾਨ ਦੇ ਐਲਾਨ ਨਾਲ ਹੋਇਆ ਜਾਪਦਾ ਹੈ, ਅਸਲ ਵਿਚ ਉਹ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਦੌਰਾਨ 6 ਜੂਨ 1984 ਨੂੰ ਸ਼ਾਮ ਦੇ ਪੰਜ ਵਜੇ ਤੱਕ ਦਮ ਤੋੜ ਗਈ ਸੀ। ਬਾਅਦ ਵਿਚ ਖਾਲਿਸਤਾਨ ਦੇ ਨਾਂ ‘ਤੇ ਜੋ ਕੁਝ ਵੀ ਹੋਇਆ, ਉਹ ਛੋਟੀਆਂ-ਵੱਡੀਆਂ ਘਟਨਾਵਾਂ ਸਨ, ਨਾ ਕਿ ਖਾਲਿਸਤਾਨੀ ਯੁੱਧ। ਇਹ ਬਿਲਕੁਲ ਉਵੇਂ ਹੀ ਸੀ, ਜਿਵੇਂ ਸਿੱਖ ਰਾਜ ਬੇਸ਼ੱਕ 1849 ਵਿਚ ਜਾ ਕੇ ਖਤਮ ਹੋਇਆ, ਪਰ ਅਸਲ ਵਿਚ ਸਿੱਖ ਰਾਜ ਦਾ ਸੂਰਜ 10 ਫਰਵਰੀ 1846 ਨੂੰ ਸਭਰਾਵਾਂ ਦੀ ਹਾਰ ਦੇ ਨਾਲ ਹੀ ਅਸਤ ਹੋ ਗਿਆ ਸੀ।
1947 ਵਿਚ ਸਿੱਖਾਂ ਦਾ ਭਾਰਤ ਨਾਲ ਬਣਿਆ ਸਿਆਸੀ ਰਿਸ਼ਤਾ ਕਈਆਂ ਨੂੰ ਪਸੰਦ ਨਹੀਂ ਸੀ। ਕਈ ਇਸ ਵਿਚ ਕੁਝ ਤਬਦੀਲੀਆਂ ਚਾਹੁੰਦੇ ਸਨ ਅਤੇ ਕਈ ਇਸ ਨੂੰ ਬਿਲਕੁਲ ਹੀ ਰੱਦ ਕਰ ਕੇ ਤੋੜ ਦੇਣ ਦਾ ਵਿਚਾਰ ਰੱਖਦੇ ਸਨ। ਐਸੇ ਵਿਚਾਰਾਂ ਵਾਲਿਆਂ ਨੇ 1982 ਤੋਂ 1984 ਦੌਰਾਨ ਖਾਲਿਸਤਾਨ ਬਣਾਉਣ ਲਈ ਬੜੀ ਸਰਲ ਯੁੱਧਨੀਤੀ ਘੜੀ। ਅਕਾਲੀ ਮੋਰਚੇ ਦੌਰਾਨ 1984 ਤੱਕ ਹਾਲਾਤ ਬਹੁਤ ਤਲਖੀ ਵਾਲੇ ਬਣ ਚੁਕੇ ਸਨ। ਇੰਦਰਾ ਗਾਂਧੀ ਵੀ ਇਸ ਮਸਲੇ ਨੂੰ ਹੱਲ ਕਰਨ ਦੀ ਥਾਂ ਇਸ ਦਾ ਰਾਜਸੀ ਲਾਹਾ ਲੈਣ ਦੀ ਨੀਤ ਨਾਲ ਹਾਲਾਤ ਵਿਗੜਨ ਦੇ ਰਹੀ ਸੀ। ਉਹ ਸਮੱਸਿਆ ਦੇ ਵਧਣ ਕਾਰਨ ਭੈਅਭੀਤ ਹੋਈ ਹਿੰਦੂ ਵੋਟ ਨੂੰ ਆਪਣੇ ਹੱਕ ਵਿਚ ਕਰਨ ਲਈ ਵੱਡੇ ਮਾਅਰਕੇ ਵਾਲੀ ਕਾਰਵਾਈ ਕਰਨ ਦੀ ਤਾਕ ਵਿਚ ਸੀ। ਦੂਜੇ ਪਾਸੇ ਖਾਲਿਸਤਾਨ ਦੇ ਇੱਛਕ ਲੋਕ ਮਹਿਸੂਸ ਕਰ ਰਹੇ ਸਨ ਕਿ ਗੱਲ ਸਿੱਖਾਂ ਦਾ ਦੇਸ਼ ਬਣਨ ਵਾਲੇ ਰਾਹ ਪੈ ਰਹੀ ਹੈ। ਉਹ ਖੁਸ਼ ਜ਼ਰੂਰ ਸਨ, ਪਰ ਉਨ੍ਹਾਂ ਦੀ ਰਾਜਨੀਤਕ ਤਿਆਰੀ ਬਿਲਕੁਲ ਨਹੀਂ ਸੀ। ਲੋਕਾਂ ਨੂੰ ਤਿਆਰ ਕਰਨਾ ਤਾਂ ਦੂਰ ਦੀ ਗੱਲ, ਉਹ ਖੁੱਲ੍ਹ ਕੇ ਖਾਲਿਸਤਾਨ ਦੀ ਗੱਲ ਵੀ ਨਹੀਂ ਸੀ ਕਰਦੇ। ਇਕ ਰਣਨੀਤੀ ਤਹਿਤ ਉਹ ਇਹ ਆਖਦੇ ਸਨ ਕਿ ਜੇ ਇੰਦਰਾ ਦੇਊ ਤਾਂ ਲੈ ਜ਼ਰੂਰ ਲਵਾਂਗੇ, ਮੰਗਦੇ ਅਜੇ ਨਹੀਂ। ਅਸਲ ਵਿਚ ਇਹ ਖਾਲਿਸਤਾਨ ਬਣਾਉਣ ਲਈ ਘੜੀ ਜਟਕੇ ਫੰਧ ਵਾਲੀ ਨੀਤੀ ਦੀ ਉਪਰਲੀ ਪਰਤ ਸੀ। ਇਸ ਜਟਕੇ ਫੰਧ ਦੀ ਨੀਤੀ ਦਾ ਸੂਤਰਧਾਰ ਸੰਤ ਜਰਨੈਲ ਸਿੰਘ ਸੀ। ਸੰਤ ਅਤੇ ਉਸ ਦੇ ਸਾਥੀ ਕਿਸੇ ਲਾਲਸਾ ਬਗੈਰ ਸਿੱਖ ਰਾਜ ਦੀ ਮੁੜ ਬਹਾਲੀ ਵਾਲਾ ਕ੍ਰਿਸ਼ਮਾ ਕਰ ਦਿਖਾਉਣ ਲਈ ਕੁਰਬਾਨੀ ਵਾਸਤੇ ਤਿਆਰ ਬਰ ਤਿਆਰ ਸਨ। ਲੋਕਾਂ ਨੂੰ ਤਿਆਰ ਕਰਨ ਵਾਸਤੇ ਰਾਜਨੀਤਕ ਪ੍ਰੋਗਰਾਮ ਦੀ ਥਾਂ ਉਨ੍ਹਾਂ ਸਿੱਖਾਂ ਦੀ ਦਰਬਾਰ ਸਾਹਿਬ ਨਾਲ ਧਾਰਮਿਕ ਜਜ਼ਬਾਤੀ ਸਾਂਝ ਨੂੰ ਵਰਤਣ ਦਾ ਪੈਂਤੜਾ ਅਪਨਾਇਆ। ਲੋਕਾਂ ਦਾ ਭਰੋਸਾ ਜਿੱਤਣ ਲਈ ਪੁਰਾਤਨ ਸਿੰਘਾਂ ਵਾਂਗ ਜੂਝ ਮਰਨ ਦਾ ਪ੍ਰਣ ਕੀਤਾ ਗਿਆ। ਕਿਸੇ ਰਾਜ ਵਿਚੋਂ ਵੱਖਰਾ ਰਾਜ ਪੈਦਾ ਕਰਨ ਲਈ ਲੋਕਾਂ ਦਾ ਉਠਣਾ ਵੀ ਜ਼ਰੂਰੀ ਹੁੰਦਾ ਹੈ। ਲੋਕਾਂ ਨੂੰ ਉਠਾਉਣ ਲਈ ਪ੍ਰੇਰਨਾ ਸ੍ਰੋਤ ਵਜੋਂ ਕਿਸੇ ਰਾਜਨੀਤਕ ਪ੍ਰੋਗਰਾਮ ਦੀ ਥਾਂ ਧਾਰਮਿਕ ਜਜ਼ਬਾਤ ਨੂੰ ਉਬਾਲਾ ਦੇਣ ‘ਤੇ ਟੇਕ ਰੱਖ ਲਈ ਗਈ।
ਇਉਂ ਇਸ ਜਟਕਾ ਨੀਤੀ ਰਾਹੀਂ ਖਾਲਿਸਤਾਨ ਸਿਰਜਣ ਦੇ ਦੋ ਮੁੱਖ ਹਿੱਸੇ ਸਨ। ਪਹਿਲਾ, ਦਰਬਾਰ ਸਾਹਿਬ ‘ਤੇ ਹਮਲਾਵਰ ਫੌਜ ਨੂੰ ਕੁਝ ਸਮੇਂ ਲਈ ਰੋਕਣਾ, ਜਿਸ ਵਾਸਤੇ ਮੋਰਚਾਬੰਦੀ ਕੀਤੀ ਗਈ। ਦੂਜਾ, ਦਰਬਾਰ ਸਾਹਿਬ ‘ਤੇ ਹਮਲੇ ਦੀ ਖਬਰ ਸੁਣਦਿਆਂ ਹੀ ਰੋਸ ਨਾਲ ਭਰੇ ਪਿੰਡਾਂ ਦੇ ਲੋਕ ਉਠ ਖਲੋਣ ਅਤੇ ਸਾਰੇ ਪਾਸੇ ਅਰਾਜਕਤਾ ਫੈਲਾ ਦੇਣ। ਖਾਲਿਸਤਾਨੀ ਸਿਧਾਂਤਕਾਰਾਂ ਦੀ ਸੋਚ ਸੀ ਕਿ ਇਸ ਅਫਰਾ-ਤਫਰੀ ਕਾਰਨ ਹਾਲਾਤ ਸਟੇਟ ਦੇ ਕਾਬੂ ਤੋਂ ਬਾਹਰ ਹੋ ਜਾਣਗੇ ਅਤੇ ਨਵੇਂ ਦੇਸ਼ ਖਾਲਿਸਤਾਨ ਦਾ ਜਨਮ ਹੋ ਜਾਏਗਾ। ਲੋਕਾਂ ਨੂੰ ਇਸ ਬਗਾਵਤ ਲਈ ਤਿਆਰ ਕਰਨ ਦੇ ਮਨੋਰਥ ਨਾਲ ਸੰਤ ਜਰਨੈਲ ਸਿੰਘ ਮੰਜੀ ਸਾਹਿਬ ਤੋਂ ਸਿੱਖਾਂ ਨੂੰ ਹਥਿਆਰਬੰਦ ਹੋਣ ਦੀਆਂ ਅਪੀਲਾਂ ਕਰਦੇ ਹੁੰਦੇ ਸਨ। ਸਿੱਖਾਂ ਨੂੰ ਇਹ ਵੀ ਕਿਹਾ ਜਾਂਦਾ ਸੀ ਕਿ ਰੱਖਣੀ ਆਪਾਂ ਸ਼ਾਂਤੀ ਆ, ਪਰ ਜਿਸ ਦਿਨ ਦਰਬਾਰ ਸਾਹਿਬ ‘ਤੇ ਹਮਲਾ ਹੋ ਜਾਵੇ, ਫਿਰ ਢਿੱਲ੍ਹ ਨਹੀਂ ਕਰਨੀ, ਉਸ ਦਿਨ ਤੁਹਾਡੇ ਵਲੋਂ ਗੁਰੂ ਦੇ ਨਿੰਦਕ ਅਤੇ ਜੋ ਵੀ ਕੌਮ ਦੇ ਉਲਟ ਹੋਵੇ, ਸਭ ਸੋਧ ਦਿੱਤੇ ਜਾਣੇ ਚਾਹੀਦੇ ਆ। ਜਦ ਪਤਾ ਲੱਗ ਜਾਏ ਕਿ ਸਰਕਾਰ ਨੇ ਚਾਰਦੀਵਾਰੀ ਅੰਦਰ ਆ ਕੇ ਹਮਲਾ ਕੀਤਾ, ਸਿੰਘ ਮਾਰੇ ਆ, ਫਿਰ ਕੋਈ ਹੁਕਮ ਨਾ ਉਡੀਕਦੇ ਰਿਹੋ। ਹੁਕਮ ਅੱਜ ਈ ਲੈ ਜੋ ਪੱਲੇ ਬੰਨ੍ਹ ਕੇ।
ਦਰਬਾਰ ਸਾਹਿਬ ਨਾਲ ਜੁੜੇ ਸਿੱਖਾਂ ਦੇ ਗੂੜ੍ਹੇ ਧਾਰਮਿਕ ਜਜ਼ਬਾਤ ਅਤੇ ਦਰਬਾਰ ਸਾਹਿਬ ਦੀ ਰੱਖਿਆ ਲਈ ਸਿੱਖਾਂ ਦੀਆਂ ਕੁਰਬਾਨੀਆਂ ਦੀ ਇਤਿਹਾਸਕ ਪ੍ਰਸੰਗਿਕਤਾ ਕਾਰਨ ਸੰਤ ਦੀਆਂ ਇਹ ਗੱਲਾਂ ਆਮ ਸਿੱਖਾਂ ਨੂੰ ਧੁਰ ਅੰਦਰ ਤੱਕ ਟੁੰਬ ਜਾਂਦੀਆਂ ਸਨ। ਆਪਣੇ ਵਲੋਂ ਜਾਨ ਵਾਰਨ ਅਤੇ ਹੋਣ ਵਾਲੇ ਯੁੱਧ ਬਾਰੇ ਉਹ ਖੁੱਲ੍ਹਮ-ਖੁੱਲ੍ਹਾ ਕਿਹਾ ਕਰਦਾ ਸੀ ਕਿ ਇਸ ਗੱਲੋਂ ਨਿਸ਼ਚਿੰਤ ਰਿਹੋ ਕਿ ਕੋਈ ਆਏਗਾ ਤੇ ਮੈਨੂੰ ਫੜ ਕੇ ਲੈ ਜਾਊਗਾ। ਜਿਹੜਾ ਆਇਆ, ਤੁਰ ਕੇ ਉਹ ਵੀ ਨਹੀਂ ਜਾਂਦਾ, ਫੱਟੇ ‘ਤੇ ਪਾ ਕੇ ਲਿਜਾਣਗੇ। ਦਰਬਾਰ ਸਾਹਿਬ ਦੀ ਰੱਖਿਆ ਖਾਤਿਰ ਕੁਰਬਾਨ ਹੋ ਜਾਣ ਨੂੰ ਆਪਣੀ ਰਣਨੀਤੀ ਦੇ ਕੇਂਦਰ ਵਿਚ ਰੱਖ ਕੇ ਉਹ ਆਪਣੀ ਕੁਰਬਾਨੀ ਦੀ ਵਚਨਬੱਧਤਾ, ‘ਸ਼ਾਹ ਮੁਹੰਮਦਾ ਸਿਰਾਂ ਦੀ ਲਾਇ ਬਾਜ਼ੀ, ਨਹੀਂ ਮੋੜਦੇ ਸੂਰਮੇ ਅੰਗ ਮੀਆਂ’, ਅਨੁਸਾਰ ਅਕਸਰ ਹੀ ਦੁਹਰਾਉਂਦਾ ਸੀ। ਇਸੇ ਮੁੱਦੇ ‘ਤੇ ਹੀ ਉਹ ਬਾਕੀ ਸਿੱਖਾਂ ਨੂੰ ਹਥਿਆਰ ਬੰਦ ਹੋਣ ਅਤੇ ਕੁਰਬਾਨੀ ਵਾਸਤੇ ਤਿਆਰ ਰਹਿਣ ਦੀਆਂ ਅਪੀਲਾਂ ਕਰਦਾ ਸੀ। ਕੁੱਲ ਮਿਲਾ ਕੇ ਖਾਲਿਸਤਾਨ ਦੇ ਯੁੱਧ ਦੀ ਰਣਨੀਤੀ ਦਰਬਾਰ ਸਾਹਿਬ ਦੀ ਰੱਖਿਆ ਦਾ ਯੁੱਧ ਬਣਾ ਕੇ ਲੜਨ ਦੀ ਵਿਉਂਤੀ ਗਈ।
ਮਈ 1984 ਤੱਕ ਸੂਬੇ ਦੇ ਹਾਲਾਤ ਯੁੱਧ ਵਰਗ ਬਣ ਗਏ ਸਨ। ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਇਮਤਿਹਾਨ ਮੁਲਤਵੀ ਕਰ ਦਿੱਤੇ ਗਏ ਸਨ। ਇਕ ਰਾਤ ਸੂਬੇ ਭਰ ਵਿਚ 36 ਰੇਲਵੇ ਸਟੇਸ਼ਨਾਂ ਨੂੰ ਅੱਗ ਲਾ ਕੇ ਇਹ ਸੁਨੇਹਾ ਦੇ ਦਿੱਤਾ ਗਿਆ ਸੀ, ਲੜਨ ਵਾਲੀਆਂ ਧਿਰਾਂ ਜਥੇਬੰਦ ਹੋ ਕੇ ਸਾਰੇ ਸੂਬੇ ਵਿਚ ਫੈਲ ਚੁਕੀਆਂ ਹਨ। ਸ਼ਾਇਦ ਇਹ ਖਾਲਿਸਤਾਨ ਲਈ ਹੋਣ ਵਾਲੇ ਯੁੱਧ ਦੀ ਤਿਆਰੀ ਪਰਖਣ ਲਈ ਕੀਤੀ ਗਈ ਰਿਹਰਸਲ ਸੀ। ਅਕਾਲੀ ਦਲ ਨੇ ਮੋਰਚੇ ਦੇ ਅਗਲੇ ਪੜਾਅ ਵਿਚ 3 ਜੂਨ 1984 ਤੋਂ ਨਾ ਮਿਲਵਰਤਨ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਸੀ।
ਹਾਲਾਤ ਯੁੱਧ ਵਾਲੇ ਬਣੇ ਹੋਏ ਸਨ। ਜਟਕੇ ਫੰਧ ਵਾਲੀ ਨੀਤੀ ਤਹਿਤ ਖਾਲਿਸਤਾਨ ਲਈ ਯੁੱਧ ਲੜਨ ਲਈ ਤਿਆਰ ਬੈਠੀ ਧਿਰ ‘ਚੁੱਪੇ ਬੈਠਿਆਂ ਆਪਣਾ ਕੰਮ ਪਾਈਐ, ਉਚੀ ਬੋਲਿਆ ਨਹੀ ਵਹੀਵਣਾ ਜੀ’ ਅਨੁਸਾਰ ਖਾਲਿਸਤਾਨ ਬਾਰੇ ਚੁੱਪ ਸੀ, ਪਰ ਸਰਕਾਰ ਨੂੰ ਇਸ ਜਟਕੀ ਨੀਤੀ ਦਾ ਭੇਤ ਮਾਲੂਮ ਸੀ, ਜਿਸ ਕਰਕੇ ਉਨ੍ਹਾਂ ਵਿਆਪਕ ਪ੍ਰਬੰਧ ਕਰ ਕੇ ਹੀ ਯੁੱਧ ਛੇੜਿਆ। ਜਦ ਯੁੱਧ ਛਿੜਿਆ ਤਾਂ ਸਾਰੇ ਪੰਜਾਬ ਵਿਚ ਕਰਫਿਊ ਸੀ। ਦਰਬਾਰ ਸਾਹਿਬ ਅੰਦਰ ਲੜਨ ਵਾਲਿਆਂ ਫੌਜ ਨਾਲ ਲੜਾਈ ਲੜੀ, ਕੀਤੇ ਵਾਅਦਿਆਂ ਅਨੁਸਾਰ ਜਾਨਾਂ ਵਾਰੀਆਂ ਪਰ ਪਿੰਡਾਂ ਵਿਚ ਉਹ ਬਗਾਵਤ ਨਾ ਹੋ ਸਕੀ, ਜਿਸ ਵਾਸਤੇ ਸੰਤ ਜਰਨੈਲ ਸਿੰਘ ਸਿੱਖਾਂ ਨੂੰ ਤਿਆਰ ਕਰਨ ਦੇ ਯਤਨ ਕਰਦਾ ਰਿਹਾ ਸੀ। ਜੋ ਵਾਪਰਿਆ ਅਫਜ਼ਲ ਅਹਿਸਨ ਰੰਧਾਵਾ ਦੇ ਲਫਜ਼ਾਂ ਵਿਚ ਇਹ ਸੀ, “ਮੇਰਾ ਸ਼ੇਰ ਬਹਾਦਰ ਸੂਰਮਾ, ਜਰਨੈਲਾਂ ਦਾ ਜਰਨੈਲ। ਉਸ ਮੌਤ ਵਿਆਹੀ ਹੱਸ ਕੇ, ਉਸ ਦੇ ਦਿਲ ‘ਤੇ ਰਤਾ ਨਾ ਮੈਲ। ਪਰ ਕੋਈ ਨਾ ਉਹਨੂੰ ਬਹੁੜਿਆ, ਉਹਨੂੰ ਵੈਰੀਆਂ ਮਾਰਿਆ ਘੇਰ। ਉਂਜ ਡੱਕੇ ਰਹਿ ਗਏ ਘਰਾਂ ‘ਚ, ਮੇਰੇ ਲੱਖਾਂ ਪੁੱਤਰ ਸ਼ੇਰ।’
ਪਿੰਡਾਂ ਵਿਚ ਅਫਰਾ-ਤਫਰੀ ਨਾ ਫੈਲ ਸਕਣ ਦੇ ਦੋ ਕਾਰਨ ਸਨ। ਇਕ ਤਾਂ ਲੋਕ ਅਜੇ ਐਡੀ ਬਗਾਵਤ ਵਾਸਤੇ ਤਿਆਰ ਨਹੀਂ ਸਨ, ਦੂਜਾ ਫੌਜ ਦੀ ਪੂਰੀ ਸਖਤੀ ਸੀ। ਕਾਫੀ ਗਿਣਤੀ ਵਿਚ ਸਿੱਖ ਜਰਨੈਲ ਸਿੰਘ ਨਾਲ ਸਹਿਮਤ ਵੀ ਨਹੀਂ ਸਨ, ਪਰ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਕਾਰਨ ਭਾਰੀ ਰੋਸ ਅਤੇ ਗੁੱਸੇ ਵਿਚ ਜ਼ਰੂਰ ਸਨ। ਉਹ ਇਸ ਨੂੰ ਇੰਦਰਾ ਦਾ ਕੀਤਾ ਵੱਡਾ ਪਾਪ ਮੰਨਦੇ ਸਨ। ਹਮਲੇ ਕਾਰਨ ਮਨੋਂ ਦੁਖੀ ਸਿੱਖ ਵੀ ਹਥਿਆਰ ਚੁੱਕਣ ਲਈ ਅਜੇ ਤਿਆਰ ਨਹੀਂ ਸਨ। ਦਰਬਾਰ ਸਾਹਿਬ ਤੋਂ ਲੜਨ ਵਾਲਿਆਂ ਤਾਂ 6 ਜੂਨ ਤੱਕ ਫੌਜ ਰੋਕ ਰੱਖੀ, ਪਰ ਬਾਕੀ ਸੂਬੇ ਵਿਚ ਯੁੱਧ ਨਾ ਛਿੜਨ ਕਾਰਨ ਸਿੱਖ 6 ਜੂਨ ਨੂੰ ਸ਼ਾਮ ਦੇ 5 ਵਜੇ ਤੱਕ ਭਾਰਤ ਵਿਚ ਖਾਲਿਸਤਾਨ ਦਾ ਪਹਿਲਾ ਯੁੱਧ ਹਾਰ ਗਏ।
ਇਸ ਪਿਛੋਂ ਜੋ ਹੋਇਆ, ਉਹ ਬਹੁਤਾ ਰੋਸ ਅਤੇ ਗੁੱਸੇ ਦਾ ਪ੍ਰਗਟਾਵਾ ਸੀ, ਜਿਸ ਨਾਲ ਨਜਿੱਠਣ ਲਈ ਸਰਕਾਰ ਨੂੰ ਕਦੇ ਵੀ ਇਤਨੇ ਵਿਆਪਕ ਪ੍ਰਬੰਧ ਨਹੀਂ ਕਰਨੇ ਪਏ। ਕਦੇ ਵੀ ਸਾਰੇ ਸੂਬੇ ਵਿਚ ਫੌਜ ਲਾ ਕੇ ਕਰਫਿਊ ਨਹੀਂ ਲਾਉਣਾ ਪਿਆ। ਖਾਲਿਸਤਾਨ ਦਾ ਐਲਾਨ ਕਰਨ ਵਾਲੀ ਪੰਥਕ ਕਮੇਟੀ ਦੇ ਮੈਂਬਰਾਂ ਨੂੰ ਫੜਨ ਲਈ ਜਦ ਪੁਲਿਸ ਗਈ ਤਾਂ ਜੂਨ 84 ਜਿਹੀ ਕੋਈ ਹਥਿਆਰਬੰਦ ਟੱਕਰ ਨਾ ਹੋਈ, ਸਗੋਂ ਇਹ ਪਤਾ ਲੱਗਾ, ‘ਇਥੋਂ ਹੋ ਗਿਆ ਹਰਨ ਹੈ ਖਾਲਸਾ ਜੀ, ਚੌਦਾਂ ਹੱਥ ਦੀ ਮਾਰ ਕੇ ਮਿਰਗ ਛਾਲੀਂ।’ ਜੇ ਇਤਿਹਾਸਕਾਰ ਡਾ. ਸੰਗਤ ਸਿੰਘ ਦੀ ਮੰਨੀਏ ਤਾਂ ਐਲਾਨ ਕੀਤਾ ਨਹੀਂ ਸੀ ਗਿਆ, ਕਿਸੇ ਵਲੋਂ ਕਰਵਾਇਆ ਗਿਆ ਸੀ।
ਸੋ, 29 ਅਪਰੈਲ 1986 ਨੂੰ ਜਿਸ ਖਾਲਿਸਤਾਨ ਦਾ ਐਲਾਨ ਕੀਤਾ ਗਿਆ, ਉਹ ਜੰਗ ਤਾਂ ਸਿੱਖ 6 ਜੂਨ 1984 ਨੂੰ ਹਾਰ ਚੁਕੇ ਸੀ। ਹਾਂ, ਇਸ ਧਿਰ ਕੋਲ ਅਜੇ ਵੀ ਸੂਬੇ ਵਿਚਲੀ ਰਵਾਇਤੀ ਸਿਆਸੀ ਧਿਰ ਅਕਾਲੀ ਦਲ ਦਾ ਬਦਲ ਬਣ ਸਕਣ ਦੀ ਸਮਰੱਥਾ ਸੀ, ਪਰ ਸਿਆਸੀ ਸੂਝ-ਬੂਝ ਦੀ ਘਾਟ ਕਾਰਨ ਇਹ ਮੌਕਾ ਵੀ ਨਾ ਸਾਂਭ ਸਕੇ। ਇਹ ਇਸ ਧਿਰ ਦੀ ਦੂਜੀ ਹਾਰ ਸੀ। ਜਦ ਇਸ ਧਿਰ ਦੀ ਸ਼ਕਤੀ ਨਿਗੂਣੀ ਰਹਿ ਗਈ ਤਾਂ ਫਿਰ ਚੋਣਾਂ ਲੜ ਕੇ ਰਾਜ ਸ਼ਕਤੀ ਵਿਚ ਪਾਸਕੂ ਬਣਨ ਦੀ ਕੋਸ਼ਿਸ਼ ਵੀ ਕੀਤੀ, ਪਰ ਲੋਕਾਂ ਸਾਥ ਨਾ ਦਿੱਤਾ। ਹੌਲੀ-ਹੌਲੀ ਹਾਲਾਤ ਬਦਲ ਗਏ ਅਤੇ ਇਹ ਧਿਰ ਗੈਰ-ਪ੍ਰਸੰਗਿਕ ਹੋ ਗਈ। ਹੁਣ ਇਸ ਧਿਰ ਦੇ ਕਈ ਅੰਸ਼ ਉਹ ਸ਼ਕਤੀ ਮੁੜ ਹਾਸਿਲ ਕਰਨ ਲਈ ਹੱਥ ਪੱਲਾ ਮਾਰਦੇ ਹਨ, ਜਿਸ ਨੂੰ ਇਨ੍ਹਾਂ ਕਦੇ ਹੇਚ ਜਾਣ ਕੇ ਵਗਾਹ ਮਾਰਿਆ ਸੀ। ਹੁਣ ਜ਼ਮੀਨੀ ਪੱਧਰ ‘ਤੇ ਲੜੇ ਜਾ ਰਹੇ ਲੋਕ ਸੰਘਰਸ਼ਾਂ ਵਿਚ ਨਾ ਤਾਂ ਇਹ ਧਿਰਾਂ ਸ਼ਾਮਿਲ ਹਨ ਅਤੇ ਨਾ ਹੀ ਸਪਸ਼ਟ। ਇਹੋ ਕਾਰਨ ਹੈ ਕਿ ਪੰਜਾਬ ਵਿਚ ਚੱਲ ਰਹੇ ਲੋਕ ਸੰਘਰਸ਼ਾਂ ਵਿਚੋਂ ਕੇਸਰੀ ਝੰਡਾ ਗਾਇਬ ਹੈ। ਜੇ ਖਾਲਿਸਤਾਨ ਦਾ ਐਲਾਨਨਾਮਾ ‘ਪ੍ਰਚੰਡ ਜਜ਼ਬਿਆਂ ਦੀ ਨਵੀਂ ਸਵੇਰ ਅਤੇ ਨਵੀਂ ਬਹਾਰ’ ਹੁੰਦਾ ਤਾਂ ਐਸਾ ਨਹੀਂ ਸੀ ਹੋਣਾ, ਸਗੋਂ ਗੱਲ ‘ਵਿਚ ਸੰਘਰਸ਼ੀ ਝੰਡਿਆਂ, ਮੇਰਾ ਝੰਡਾ ਤਾਂਹ’ ਵਾਲੀ ਹੋਣੀ ਸੀ।