ਖਾਲਿਸਤਾਨ ਐਲਾਨਨਾਮੇ ਬਾਰੇ ਇਕ ਪਾਸੜ ਨਜ਼ਰੀਆ

ਹਰਜੀਤ ਦਿਓਲ ਬਰੈਂਪਟਨ
‘ਪੰਜਾਬ ਟਾਈਮਜ਼’ ਵਿਚ ਸ਼ ਕਰਮਜੀਤ ਸਿੰਘ ਦੇ ਇਕ ਪਾਸੜ ਨਜ਼ਰੀਏ ਨੂੰ ਬਿਆਨਦਾ ਅਤੇ ਖਾਲਿਸਤਾਨੀ ਐਲਾਨਨਾਮੇ ਦਾ ਸਵਾਗਤ ਕਰਦਾ ਲੇਖ ਪ੍ਰਕਾਸ਼ਿਤ ਹੋਇਆ ਹੈ, ਜੋ ਨਿਰੋਲ ਪ੍ਰਚੰਡ ਜਜ਼ਬਾਤੀ ਵਹਿਣ ਦਾ ਦਸਤਾਵੇਜ਼ ਤਾਂ ਹੋ ਸਕਦਾ ਹੈ, ਪਰ ਜ਼ਮੀਨੀ ਹਕੀਕਤਾਂ ਤੋਂ ਕੋਹਾਂ ਦੂਰ ਹੈ। ਇਸ ਵਿਸ਼ੇ ਦੀ ਗਹਿਰਾਈ ਵਿਚ ਜਾਂਦਿਆਂ ਬੜੇ ਨਾਖੁਸ਼ਗਵਾਰ ਸਵਾਲਾਂ ਨਾਲ ਰੂਬਰੂ ਹੋਣਾ ਪੈਂਦਾ ਹੈ, ਜਿਨ੍ਹਾਂ ਵਲ ਉਚੇਚਾ ਧਿਆਨ ਦੇਣਾ ਬਣਦਾ ਹੈ।

ਪਹਿਲਾ ਸਵਾਲ ਹੈ, ਕੀ ਆਜ਼ਾਦ ਭਾਰਤ ਵਿਚ ਸਿੱਖਾਂ ਨਾਲ ਕਦੇ ਉਸ ਕਿਸਮ ਦਾ ਵਿਤਕਰਾ ਹੋਇਆ, ਜਿਸ ਕਿਸਮ ਦਾ ਖੁਦ ਸਿੱਖਾਂ ਨੇ ਆਪਣੇ ਦਲਿਤ ਭਰਾਵਾਂ ਨਾਲ, ਦੁਨੀਆਂ ਭਰ ਦੇ ਇਸਾਈਆਂ ਨੇ ਆਪਣੇ ਯਹੂਦੀ ਭਰਾਵਾਂ ਨਾਲ, ਪਾਕਿਸਤਾਨ ਦੇ ਮੁਸਲਮਾਨਾਂ ਨੇ ਆਪਣੇ ਕਾਦਿਆਨ ਜਾਂ ਸ਼ੀਆ ਮੁਸਲਮਾਨ ਭਰਾਵਾਂ ਨਾਲ, ਅਮਰੀਕਨ ਗੋਰਿਆਂ ਨੇ ਕਾਲਿਆਂ ਨਾਲ ਸਦੀਆਂ ਤੱਕ ਕੀਤਾ? ਸੱਚਾਈ ਇਹ ਹੈ ਕਿ ਅਜਿਹੀ ਕੋਈ ਗੱਲ ਨਹੀਂ ਸੀ, ਸਗੋਂ ਸੂਬੇ ਦੀਆਂ ਆਮ ਸਮੱਸਿਆਵਾਂ ਨੂੰ ਬੜੇ ਯੋਜਨਾਬੱਧ ਤਰੀਕੇ ਨਾਲ ‘ਸਿੱਖ ਸਰੋਕਾਰਾਂ’ ਨਾਲ ਜੋੜ ਕੇ ਵਿਵਾਦ ਭਖਦਾ ਰੱਖਿਆ ਗਿਆ ਅਤੇ ਵੱਖਵਾਦ ਦਾ ਰਾਹ ਪੱਧਰਾ ਕਰਨ ਦਾ ਯਤਨ ਕੀਤਾ ਗਿਆ। ਕੀ ਸਿੱਖ ਸਿਰਫ ਪੰਜਾਬ ਵਿਚ ਹੀ ਵਸਦੇ ਹਨ?
ਲੰਮਾ ਸਮਾਂ ਪੰਜਾਬ ‘ਚ ਅਕਾਲੀ ਪੰਥਕ ਸਰਕਾਰਾਂ ਰਹੀਆਂ ਹਨ। ਆਜ਼ਾਦੀ ਪਿਛੋਂ ਪੰਜਾਬ ਦੇ ਗੁਆਂਢੀ ਰਾਜਾਂ ਸਮੇਤ ਸਾਰੇ ਭਾਰਤ ਵਿਚ ਹਰ ਖੇਤਰ ਵਿਚ ਸਿੱਖਾਂ ਨੇ ਕਾਮਯਾਬੀਆਂ ਹਾਸਲ ਕੀਤੀਆਂ ਹਨ। ਪੰਜਾਬੋਂ ਬਾਹਰ ਭਾਰਤੀ ਸੈਨਾ ਤੋਂ ਲੈ ਕੇ ਰਾਜਨੀਤੀ, ਵਪਾਰ ਤੇ ਕਿਸਾਨੀ ਵਿਚ ਸਿੱਖਾਂ ਨੇ ਨਵੇਂ ਕੀਰਤੀਮਾਨ ਕਾਇਮ ਕੀਤੇ ਹਨ। ਮੈਂ ਆਜ਼ਾਦੀ ਉਪਰੰਤ ਪਿਛਲੇ 60 ਕੁ ਸਾਲਾਂ ਤੋਂ ਹਿੰਦੂ ਬਹੁਗਿਣਤੀ ਵਿਚ ਰਿਹਾ ਹਾਂ, ਜਿੱਥੇ ਲੋਕਾਂ ਘੱਟ ਗਿਣਤੀ ਸਿੱਖਾਂ ਨੂੰ ਸਿਰ-ਅੱਖਾਂ ‘ਤੇ ਬਿਠਾਇਆ ਹੈ। ਵਿਤਕਰੇ ਹੁੰਦੇ ਤਾਂ ਕੀ ਇਹ ਸਭ ਕੁਝ ਸੰਭਵ ਹੁੰਦਾ?
ਵਿਤਕਰੇ ਦੀ ਲੜਾਈ ਵਿਚ ਜ਼ਬਰਦਸਤੀ ਮੁਸਲਮਾਨਾਂ ਨੂੰ ਵੀ ਨਾਲ ਘੜੀਸਿਆ ਜਾਂਦਾ ਹੈ। ਯੂ. ਪੀ. ਦੇ ਮੁਸਲਿਮ ਬਹੁਗਿਣਤੀਆਂ ਵਿਚ ਵਿਚਰਦਿਆਂ ਇਹ ਸਪਸ਼ਟ ਹੋਇਆ ਕਿ ਭਾਰਤ ਵਸਦੇ ਮੁਸਲਮਾਨ ਕਿਸੇ ਹਾਲਤ ਵਿਚ ਵੀ ਪਾਕਿਸਤਾਨ ਜਾਣ ਦੇ ਇੱਛਕ ਨਹੀਂ। ਮੇਰਾ ਇਕ ਜਾਣਕਾਰ ਮੁਸਲਿਮ ਪਰਿਵਾਰ 3 ਮਹੀਨੇ ਦਾ ਵੀਜ਼ਾ ਲੈ ਕੇ ਪਾਕਿਸਤਾਨ ਗਿਆ, ਜੋ ਦੋ ਮਹੀਨੇ ਬਾਅਦ ਇਹ ਕਹਿੰਦਿਆਂ ਪਰਤ ਆਇਆ ਕਿ ਓਧਰ (ਪਾਕਿਸਤਾਨ) ਇਧਰ ਜਿਹੀ ਗੱਲ ਨਹੀਂ। ਧਰਮ ਆਧਾਰਤ ਆਪਣੇ ਕੌਮੀ ਘਰ (ਪਾਕਿਸਤਾਨ) ਪ੍ਰਤੀ ਉਨ੍ਹਾਂ ਦਾ ਮੋਹ ਭੰਗ ਹੋ ਚੁਕਾ ਸੀ। ਵੰਡ ਨਾਲ ਸਿਆਸਤਦਾਨਾਂ ਤੋਂ ਬਿਨਾ ਕਿਸੇ ਦਾ ਭਲਾ ਨਹੀਂ ਹੋਇਆ।
ਫਿਰ ਵੀ ਜੇ ਮੰਨ ਲਿਆ ਜਾਵੇ ਕਿ ਆਪਣਾ ਵੱਖਰਾ ਵਤਨ ਲੈਣਾ ਹੀ ਹੈ ਤਾਂ ਇਸ ਬਾਰੇ ਆਉਣ ਵਾਲੀਆਂ ਔਕੜਾਂ ਵਲੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ। ਇਸ ਵਿਸ਼ੇ ‘ਤੇ ਸ਼ ਪ੍ਰੀਤਮ ਸਿੰਘ ਕੁਮੇਦਾਨ ਦੇ ਇੱਕ ਲੇਖ ਦਾ ਜ਼ਿਕਰ ਕੁਥਾਂ ਨਹੀਂ ਹੋਵੇਗਾ। ਉਨ੍ਹਾਂ ਜੋ ਸਵਾਲ ਉਠਾਏ ਹਨ, ਕਾਬਲੇ-ਗੌਰ ਹਨ। ਮੌਜੂਦਾ ਪੰਜਾਬ ਵਿਚੋਂ ਵੀ ਹਿੰਦੂ ਬਹੁਗਿਣਤੀ ਵਾਲੇ ਇਲਾਕੇ ਖੁੱਸ ਜਾਣਗੇ, ਕਿਉਂਕਿ ਖਾੜਕੂਵਾਦ ਦੌਰਾਨ ਹੋਈਆਂ ਆਪਹੁਦਰੀਆਂ ਨੇ ਇਸ ‘ਵੱਖਰੇ ਵਤਨ’ ਪ੍ਰਤੀ ਹੀ ਨਹੀਂ, ਪੰਜਾਬੀ ਬੋਲੀ ਤੋਂ ਵੀ ਹਿੰਦੂਆਂ ਨੂੰ ਦੂਰ ਕੀਤਾ ਹੈ। ਇਸ ਬਾਰੇ ਕਦੇ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਜ਼ਹਿਮਤ ਨਹੀਂ ਕੀਤੀ ਗਈ। ਸ਼ ਕੁਮੇਦਾਨ ਸੂਬਿਆਂ ਦੇ ਪਾਣੀਆਂ ਦੀ ਵੰਡ ਦੇ ਮਾਹਿਰ ਰਹੇ ਹਨ ਅਤੇ ਉਨ੍ਹਾਂ ਭਾਰਤ ਤੋਂ ਵੱਖ ਹੋਏ ਖਾਲਿਸਤਾਨ ਦੀ ਜੋ ਤਸਵੀਰ ਪੇਸ਼ ਕੀਤੀ ਹੈ, ਬਹੁਤੀ ਸੁਖਾਵੀਂ ਨਹੀਂ। ਅਣਗਿਣਤ ਸਮੱਸਿਆਵਾਂ ਵਿਚ ਘਿਰੇ ਸਾਡੇ ਕੌਮੀ ਘਰ ਲਈ 1947 ਵਾਂਗ ਆਬਾਦੀ ਦੀ ਅਦਲਾ-ਬਦਲੀ ਲੱਖਾਂ ਪਰਿਵਾਰਾਂ ਦੀ ਬਰਬਾਦੀ ਦਾ ਕਾਰਨ ਬਣੇਗੀ। ਇਸ ਦੌਰਾਨ ਹੋਣ ਵਾਲੀ ਹਿੰਸਾ ਅਤੇ ਲੁੱਟਮਾਰ ਵਲੋਂ ਅਣਗਹਿਲੀ ਦਾ ਨਤੀਜਾ ਲੱਖਾਂ ਬੇਗੁਨਾਹਾਂ ਨੂੰ ਭੁਗਤਣਾ ਪਵੇਗਾ। ਵੰਡਾਂ ਸਦਾ ਹੀ ਉਜਾੜਿਆਂ ਦਾ ਕਾਰਨ ਬਣਦੀਆਂ ਹਨ।
ਵਿਦਵਾਨ ਕਰਮਜੀਤ ਸਿੰਘ ਨੇ ‘ਰਾਜ ਕਰੇਗਾ ਖਾਲਸਾ’ ਦੀ ਵੀ ਗਲਤ ਤਰਜਮਾਨੀ ਕੀਤੀ ਹੈ। ਇਸ ਦਾ ਭਾਵ ਸਿੱਖਾਂ ਦਾ ਰਾਜ ਨਹੀਂ, ਸਗੋਂ ਖਾਲਿਸ (ਸੱਚ ਦੀ ਪਹਿਰੇਦਾਰ) ਹਕੂਮਤ ਤੋਂ ਹੈ ਅਤੇ ਨਾਲ ਹੀ ‘ਆਕੀ (ਜ਼ਾਲਮ) ਰਹੇ ਨਾ ਕੋਇ’ ਦਾ ਭਾਵ ਭ੍ਰਿਸ਼ਟ-ਤੰਤਰ ਦਾ ਖਾਤਮਾ ਹੈ। ਅਕਸਰ ਸਾਰਾ ਦੋਸ਼ ਹਕੂਮਤਾਂ ਸਿਰ ਮੜ੍ਹਿਆ ਜਾਂਦਾ ਹੈ ਤਾਂ ਸੋਚਣਾ ਬਣਦਾ ਹੈ ਕਿ ਹਕੂਮਤਾਂ ਦੀ ਇਕਾਈ ਤਾਂ ਅਸੀਂ ਆਪ ਹੀ ਹਾਂ ਅਤੇ ਹਕੂਮਤਾਂ ਕਿਤੇ ਬਾਹਰੋਂ ਨਾ ਆ ਕੇ ਲੋਕਤੰਤਰ ਨਾਲ ਅਸੀਂ ਆਪ ਚੁਣੀਆਂ ਹਨ। ਸਾਨੂੰ ਵੋਟ ਰਾਹੀਂ ਆਪਣੀ ਹਕੂਮਤ ਆਪ ਚੁਣਨ ਦਾ ਹੱਕ ਹੈ, ਜਿਸ ਦੀ ਵਰਤੋਂ ਕਰਨ ਲਈ ਅਸੀਂ ਸੁਤੰਤਰ ਹਾਂ।
ਇਸ ਲਈ ਹੋਰ ਬਹੁਤੀਆਂ ਵੰਡੀਆਂ ਦਾ ਰਾਹ ਛੱਡ ਕੇ ਸਾਨੂੰ ਇਸੇ ਲੋਕਤੰਤਰਕ ਸਿਸਟਮ ਨੂੰ ਸਹੀ ਰਸਤੇ ਲਿਆਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ।