ਹਥਿਆਰਬੰਦ ਸੈਨਾਵਾਂ ਦਾ ‘ਕਰੋਨਾ ਯੋਧਿਆਂ’ ਨੂੰ ਸਲਾਮ

ਨਵੀਂ ਦਿੱਲੀ: ਦੇਸ਼ ਭਰ ਵਿਚ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕੇ ਕਰੋਨਾ ਵਾਇਰਸ ਖਿਲਾਫ ਲੜਾਈ ਵਿਚ ਆਪਣੀ ਜ਼ਿੰਦਗੀ ਨੂੰ ਖਤਰੇ ‘ਚ ਪਾ ਕੇ ਮੂਹਰਲੀ ਕਤਾਰ ਵਿਚ ਹੋ ਕੇ ਲੜ ਰਹੇ ਡਾਕਟਰਾਂ, ਪੈਰਾ ਮੈਡੀਕਲ ਸਟਾਫ, ਪੁਲਿਸ ਮੁਲਾਜ਼ਮਾਂ, ਸਫਾਈ ਕਰਮਚਾਰੀਆਂ ਤੇ ਹੋਰ ਯੋਧਿਆਂ ਦੀ ਬਹਾਦਰੀ ਨੂੰ ਹਥਿਆਰਬੰਦ ਸੈਨਾਵਾਂ ਵਲੋਂ ਸਲਾਮ ਕੀਤਾ ਗਿਆ।

ਇਸ ਦੌਰਾਨ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਗਏ ਦੇਸ਼ਵਿਆਪੀ ਲੌਕਡਾਊਨ ਨੂੰ ਲਾਗੂ ਕਰਵਾਉਣ ਲਈ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਦੇ ਸਨਮਾਨ ਹਿੱਤ ਸਭ ਤੋਂ ਪਹਿਲਾਂ ਤਿੰਨੋਂ ਸੈਨਾਵਾਂ ਦੇ ਮੁਖੀ ਜਨਰਲ ਬਿਪਿਨ ਰਾਵਤ ਵਲੋਂ ਦਿੱਲੀ ਵਿਚ ਸਥਿਤ ਪੁਲੀਸ ਯਾਦਗਾਰ ਵਿਖੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਉਪਰੰਤ ਦਿੱਲੀ, ਮੁੰਬਈ, ਚੰਡੀਗੜ੍ਹ, ਪੰਚਕੂਲਾ, ਜੈਪੁਰ, ਅਹਿਮਦਾਬਾਦ, ਗੁਹਾਟੀ, ਪਟਨਾ, ਲਖਨਊ, ਸ੍ਰੀਨਗਰ, ਜੈਪੁਰ, ਭੁਪਾਲ, ਹੈਦਰਾਬਾਦ, ਬੰਗਲੌਰ, ਕੋਇੰਬਟੂਰ ਤੇ ਤਿਰੂਵਨੰਤਪੁਰਮ ਸਣੇ ਦੇਸ਼ ਦੇ ਵੱਖ-ਵੱਖ ਮੁੱਖ ਸ਼ਹਿਰਾਂ ਤੇ ਕਸਬਿਆਂ ਉੱਪਰੋਂ ਭਾਰਤੀ ਹਵਾਈ ਸੈਨਾ ਦੇ ਜੰਗੀ ਤੇ ਢੋਆ-ਢੁਆਈ ਵਾਲੇ ਜਹਾਜ਼ਾਂ ਵਲੋਂ ਫਲਾਈ-ਪਾਸਟ ਕੀਤਾ ਗਿਆ।
ਦੇਸ਼ ਦੇ ਲੱਖਾਂ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਤੇ ਹੋਰ ਕਰੋਨਾ ਵਾਇਰਸ ਯੋਧਿਆਂ ਦਾ ਧੰਨਵਾਦ ਕਰਨ ਲਈ ਫੌਜ ਦੇ ਹੈਲੀਕਾਪਟਰਾਂ ਵਲੋਂ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ, ਏਮਜ਼, ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ, ਦੀਨ ਦਿਆਲ ਉਪਾਧਿਆਏ ਹਸਪਤਾਲ ਤੇ ਹੋਰ ਹਸਪਤਾਲਾਂ ਉਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸੇ ਤਰ੍ਹਾਂ ਚੰਡੀਗੜ੍ਹ ਵਿਚ ਪੀ.ਜੀ.ਆਈ. ਤੇ ਹੋਰ ਪ੍ਰਮੁੱਖ ਹਸਪਤਾਲਾਂ ਤੋਂ ਇਲਾਵਾ ਹਰਿਆਣਾ ਦੇ ਪੰਚਕੂਲਾ, ਮੁੰਬਈ, ਕੇਰਲ, ਲਖਨਊ, ਅਹਿਮਦਾਬਾਦ, ਪਟਨਾ ਤੇ ਦੇਸ਼ ਦੇ ਹੋਰ ਸ਼ਹਿਰਾਂ ਤੇ ਕਸਬਿਆਂ ਦੇ ਹਸਪਤਾਲਾਂ ਅਤੇ ਹੋਰ ਸਿਹਤ ਸੰਸਥਾਵਾਂ ਉਤੇ ਵੱਖ-ਵੱਖ ਸੈਨਾਵਾਂ ਦੇ ਹੈਲੀਕਾਪਟਰਾਂ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਦੌਰਾਨ ਕਈ ਪ੍ਰਮੁੱਖ ਹਸਪਤਾਲਾਂ ਵਿਚ ਫੌਜੀ ਬੈਂਡ ਦੀਆਂ ਧੁਨਾਂ ਵੀ ਸੁਣਾਈ ਦਿੱਤੀਆਂ।
ਇਸੇ ਦੌਰਾਨ ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਤੇ ਜਵਾਨਾਂ ਵਲੋਂ ਵੀ ਕਰੋਨਾ ਵਾਇਰਸ ਯੋਧਿਆਂ ਨੂੰ ਸਲਾਮੀ ਦਿੱਤੀ ਗਈ। ਇਸੇ ਤਰ੍ਹਾਂ ਭਾਰਤੀ ਤੱਟ ਰੱਖਿਅਕਾਂ ਵਲੋਂ ਵੀ ਸਮੁੰਦਰੀ ਜਹਾਜ਼ਾਂ ਦੀਆਂ ਲਾਈਟਾਂ ਜਗਾਈਆਂ ਗਈਆਂ ਅਤੇ ਆਪਣੇ ਹੈਲੀਕਾਪਟਰਾਂ ਰਾਹੀਂ ਗੋਆ, ਦਮਨ, ਮੁੰਬਈ, ਪੋਰਟ ਬਲੇਅਰ ਆਦਿ ਥਾਵਾਂ ਦੇ ਹਸਪਤਾਲਾਂ ਉਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸੇ ਤਰ੍ਹਾਂ ਜੰਮੂ ਖੇਤਰ ਵਿਚ ਵੀ ਭਾਰਤੀ ਹਥਿਆਰਬੰਦ ਸੈਨਾਵਾਂ ਵਲੋਂ ਪ੍ਰੋਗਰਾਮਾਂ ਦੀ ਲੜੀ ਤਹਿਤ ਕਰੋਨਾ ਵਾਇਰਸ ਮਹਾਮਾਰੀ ਖਿਲਾਫ ਲੜ ਰਹੇ ਯੋਧਿਆਂ ਨੂੰ ਸਲਾਮ ਕੀਤਾ ਗਿਆ।
_________________________________
ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਧ ਘਟੀ ਕੋਲੇ ਦੀ ਮੰਗ
ਨਵੀਂ ਦਿੱਲੀ: ਕਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਕੀਤੇ ਗਏ ਲੌਕਡਾਊਨ ਕਾਰਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਕੋਲੇ ਦੀ ਮੰਗ ਸਭ ਤੋਂ ਵੱਧ ਘਟੀ ਹੈ। ਇਸ ਦੇ ਨਾਲ ਹੀ ਤੇਲ ਤੇ ਗੈਸ ਦੀ ਮੰਗ ਵਿਚ ਵੀ ਕਾਫੀ ਨਿਘਾਰ ਆਇਆ ਹੈ। ਇਹ ਖੁਲਾਸਾ ਕੌਮਾਂਤਰੀ ਊਰਜਾ ਏਜੰਸੀ ਦੀ ਇਕ ਰਿਪੋਰਟ ਵਿਚ ਹੋਇਆ ਹੈ। ਇਸ ਮਹਾਮਾਰੀ ਦੌਰਾਨ ਪਰਮਾਣੂ ਊਰਜਾ ਘੱਟ ਪ੍ਰਭਾਵਿਤ ਹੋਈ ਹੈ ਜਦੋਂਕਿ ਸਿਰਫ ਮੁੜ-ਨਵਿਆਉਣਯੋਗ ਊਰਜਾ ਸਰੋਤਾਂ ਦੀ ਮੰਗ ਹੀ ਸਾਲ 2020 ਵਿਚ ਵਧੀ ਹੈ। ਰਿਪੋਰਟ ਅਨੁਸਾਰ ਪਿਛਲੇ ਸੱਤ ਦਹਾਕਿਆਂ ਵਿਚ ਦੁਨੀਆਵੀ ਊਰਜਾ ਪ੍ਰਣਾਲੀ ਨੂੰ ਕਰੋਨਾ ਵਾਇਰਸ ਨਾਲ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ। ਇਸ ਰਿਪੋਰਟ ਵਿਚ ਕਰੋਨਾ ਵਾਇਰਸ ਦੇ ਤਕਰੀਬਨ ਸਾਰੇ ਪ੍ਰਮੁੱਖ ਬਾਲਣਾਂ ਉਤੇ ਪਏ ਵਾਧੂ ਪ੍ਰਭਾਵ ਨੂੰ ਦਿਖਾਇਆ ਗਿਆ ਹੈ।