ਮਾਓਵਾਦੀਆਂ ਨੇ ਸੱਤਾਧਾਰੀਆਂ ਦਾ ਤਖਤ ਹਿਲਾਇਆ

ਬਦਨਾਮ ‘ਸਲਵਾ ਜੂਡਮ’ ਲੀਡਰ ਮਹੇਂਦਰ ਕਰਮਾ ਕਤਲ
ਰਾਏਪੁਰ (ਪੰਜਾਬ ਟਾਈਮਜ਼ ਬਿਊਰੋ): ਸੀæਪੀæਆਈ (ਮਾਓਵਾਦੀ) ਨੇ ਛੱਤੀਸਗੜ੍ਹ ਦੇ ਜਗਦਲਪੁਰ ਜ਼ਿਲ੍ਹੇ ਵਿਚ ਕਾਂਗਰਸੀ ਆਗੂਆਂ ਦੇ ਕਾਫਲੇ ‘ਤੇ ਹਮਲਾ ਕਰ ਕੇ ਸਲਵਾ ਜੂਡਮ ਨਾਲ ਜੁੜੇ ਬਦਨਾਮ ਆਗੂ ਮਹੇਂਦਰ ਕਰਮਾ, ਸੂਬਾ ਪ੍ਰਧਾਨ ਨੰਦ ਕੁਮਾਰ ਪਟੇਲ ਤੇ ਉਨ੍ਹਾਂ ਦੇ ਪੁੱਤਰ ਦਿਨੇਸ਼ ਸਮੇਤ 28 ਜਣਿਆਂ ਨੂੰ ਮਾਰ ਮੁਕਾਇਆ। ਇਸ ਕਾਰਵਾਈ ਵਿਚ ਸਾਬਕਾ ਕੇਂਦਰੀ ਮੰਤਰੀ ਵਿੱਦਿਆ ਚਰਨ ਸ਼ੁਕਲਾ ਸਣੇ 50 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਸ੍ਰੀ ਸ਼ੁਕਲਾ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਉਹ ਗੁੜਗਾਓਂ ਦੇ ਮੈਡਾਂਟਾ ਹਸਪਤਾਲ ਵਿਚ ਦਾਖਲ ਹਨ।
ਮਾਓਵਾਦੀਆਂ ਨੇ ਦਰਬਾ ਘਾਟੀ ਵਿਚ ਇਹ ਕਾਰਵਾਈ ਉਸ ਵਕਤ ਕੀਤੀ ਜਦੋਂ ਕਾਂਗਰਸੀ ਆਗੂਆਂ ਦਾ ਕਾਫਲਾ ‘ਪਰਿਵਰਤਨ ਰੈਲੀ’ ਕਰ ਕੇ ਵਾਪਸ ਪਰਤ ਰਿਹਾ ਸੀ। ਇਸ ਵਾਰ ਵੀ ਮਾਓਵਾਦੀਆਂ ਨੇ ਇਹ ਕਾਰਵਾਈ ਝੁੰਡ ਦੇ ਰੂਪ ਵਿਚ ਕੀਤੀ। ਤਕਰੀਬਨ 200 ਮਾਓਵਾਦੀਆਂ ਦੇ ਝੁੰਡ ਨੇ ਪਹਿਲਾਂ ਕਾਫਲੇ ਅੱਗੇ ਧਮਾਕਾ ਕੀਤਾ ਅਤੇ ਫਿਰ ਗੋਲੀਆਂ ਚਲਾਈਆਂ। ਉਨ੍ਹਾਂ ਨੇ ਜ਼ੈਡ ਸੁਰੱਖਿਆ ਵਾਲੇ ਕਾਂਗਰਸੀ ਨੇਤਾ ਮਹੇਂਦਰ ਕਰਮਾ ਦੀ ਗੱਡੀ ਘੇਰ ਲਈ ਅਤੇ ਗੋਲੀਬਾਰੀ ਕੀਤੀ। ਇਸ ਹਮਲੇ ਤੋਂ ਬਾਅਦ ਛਤੀਸਗੜ੍ਹ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿਚਕਾਰ ਇਕ-ਦੂਜੇ ਖਿਲਾਫ ਤਿੱਖੀ ਦੂਸ਼ਣਬਾਜ਼ੀ ਸ਼ੁਰੂ ਹੋ ਗਈ। ਕਾਂਗਰਸ ਦਾ ਕਹਿਣਾ ਸੀ ਕਿ ਸੁਰੱਖਿਆ ਵਿਚ ਕੋਤਾਹੀ ਹੋਈ ਹੈ। ਭਾਜਪਾ ਮੁਤਾਬਕ ਕਾਂਗਰਸ ਜਾਣ-ਬੁੱਝ ਕੇ ਮਾਮਲੇ ਦਾ ਸਿਆਸੀਕਰਨ ਕਰ ਰਹੀ ਹੈ। ਸੂਬੇ ਵਿਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ।
ਇਸੇ ਦੌਰਾਨ ਰੱਖਿਆ ਮੰਤਰੀ ਏæਕੇæ ਐਂਟਨੀ ਨੇ ਮਾਓਵਾਦੀ ਵਿਰੋਧੀ ਅਪਰੇਸ਼ਨ ਵਿਚ ਫੌਜ ਤਾਇਨਾਤ ਕਰਨ ਦੀ ਸੰਭਾਵਨਾ ਰੱਦ ਕਰ ਦਿੱਤੀ ਹੈ ਅਤੇ ਕਿਹਾ ਕਿ ਫੌਜ ਦੀ ਛੱਤੀਸਗੜ੍ਹ ਵਿਚ ਤਾਇਨਾਤੀ ਲਈ ਇਹ ਸਮਾਂ ਢੁੱਕਵਾਂ ਨਹੀਂ ਹੈ। ਫੌਜ ਦੀ ਸਿੱਧੀ ਸ਼ਮੂਲੀਅਤ ਦੀ ਥਾਂ ਸੁਰੱਖਿਆ ਬਲਾਂ ਨੂੰ ਹਮਾਇਤ ਵਧਾਈ ਜਾਵੇਗੀ। ਕੇਂਦਰੀ ਗ੍ਰਹਿ ਸਕੱਤਰ ਆਰæਕੇæ ਸਿੰਘ ਨੇ ਕਿਹਾ ਕਿ ਮਾਓਵਾਦ ਵਿਰੋਧੀ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ਅਤੇ ਇਸ ਮੰਤਵ ਲਈ ਪ੍ਰਭਾਵਤ ਖਿੱਤਿਆਂ ਵਿਚ ਹੋਰ ਸੁਰੱਖਿਆ ਦਸਤੇ ਤੇ ਆਧੁਨਿਕ ਹਥਿਆਰ ਮੁਹੱਈਆ ਕਰਵਾਏ ਜਾਣਗੇ। ਫਿਲਹਾਲ ਇਸ ਹਮਲੇ ਦੀ ਜਾਂਚ ‘ਕੌਮੀ ਜਾਂਚ ਏਜੰਸੀ’ (ਐਨæ ਆਈæ ਏæ) ਨੂੰ ਸੌਂਪੀ ਗਈ ਹੈ। ਜਾਂਚ ਏਜੰਸੀ, ਕੇਂਦਰੀ ਬਲਾਂ ਜਾਂ ਰਾਜ ਸਰਕਾਰ ਦੀ ਤਰਫੋਂ ਰਹਿ ਗਈਆਂ ਸੰਭਾਵੀ ਨਾਕਾਮੀਆਂ ਦਾ ਪਤਾ ਲਾਵੇਗੀ।
ਉਧਰ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਦੇਸ਼ ਮਾਓਵਾਦ ਅੱਗੇ ਗੋਡੇ ਨਹੀਂ ਟੇਕੇਗਾ। ਉਨ੍ਹਾਂ ਹਰ ਮ੍ਰਿਤਕ ਦੇ ਪਰਿਵਾਰ ਨੂੰ ਪੰਜ-ਪੰਜ ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣ ਦਾ ਐਲਾਨ ਵੀ ਕੀਤਾ। ਉਹ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਹਸਪਤਾਲ ‘ਚ ਜ਼ਖਮੀਆਂ ਦਾ ਹਾਲ-ਚਾਲ ਪੁੱਛਣ ਵੀ ਗਏ। ਸੋਨੀਆ ਗਾਂਧੀ ਨੇ ਇਸ ਹਮਲੇ ਨੂੰ ਜਮਹੂਰੀ ਕਦਰਾਂ-ਕੀਮਤਾਂ ‘ਤੇ ਹਮਲਾ ਕਰਾਰ ਦਿੱਤਾ।
ਉਧਰ ਸੀæਪੀæਆਈæ (ਮਾਓਵਾਦੀ) ਨੇ ਕਾਂਗਰਸੀ ਆਗੂਆਂ ਦੇ ਕਤਲੇਆਮ ਦੀ ਜ਼ਿੰਮੇਵਾਰੀ ਲੈ ਲਈ ਹੈ। ਨਾਲ ਹੀ ਇਹ ਮੰਗ ਕੀਤੀ ਕਿ ਮਾਓਵਾਦੀਆਂ ਖਿਲਾਫ਼ ਦੇਸ਼ ਵਿਚ ਚਲਾਏ ਜਾ ਰਹੇ ਸਾਰੇ ਸਰਕਾਰੀ ਅਪਰੇਸ਼ਨ ਤੁਰੰਤ ਬੰਦ ਕੀਤੇ ਜਾਣ। ਮਾਓਵਾਦੀਆਂ ਦੀ ‘ਦੰਡਕਰਨੀਆ ਸਪੈਸ਼ਲ ਜ਼ੋਨਲ ਕਮੇਟੀ’ ਦੇ ਬੁਲਾਰੇ ਗੁੜਸਾ ਉਸੈਂਡੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ, “ਇਸ ਹਮਲੇ ਦਾ ਮੁੱਖ ਮੰਤਵ ਮਹੇਂਦਰ ਕਰਮਾ ਤੇ ਹੋਰ ਕਾਂਗਰਸੀ ਆਗੂਆਂ ਨੂੰ ਮਾਰਨਾ ਸੀ। ਮਾਓਵਾਦੀ ਕਮਾਂਡਰਾਂ ਤੇ ਸੁਰੱਖਿਆ ਦਸਤਿਆਂ ਦਰਮਿਆਨ ਕਰੀਬ ਦੋ ਘੰਟੇ ਹੋਈ ਗੋਲੀਬਾਰੀ ਵਿਚ ਕੁਝ ਨਿਰਦੋਸ਼ ਲੋਕ ਅਤੇ ਕਾਂਗਰਸ ਦੇ ਹੇਠਲੇ ਪੱਧਰ ਦੇ ਵਰਕਰ ਵੀ ਮਾਰੇ ਗਏ। ਉਹ ਸਾਡੇ ਦੁਸ਼ਮਣ ਨਹੀਂ ਸਨ, ਪਰ ਉਨ੍ਹਾਂ ਨੂੰ ਆਪਣੀ ਜਾਨ ਗੁਆਉਣੀ ਪਈ। ਸਾਨੂੰ ਉਨ੍ਹਾਂ ਦੀ ਮੌਤ ‘ਤੇ ਅਫਸੋਸ ਹੈ ਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਹੈ।”

Be the first to comment

Leave a Reply

Your email address will not be published.