ਕਰੋਨਾ ਦਾ ਕਹਿਰ ਅਤੇ ਦਿਲ ਦਾ ਜ਼ਹਿਰ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਕਰੋਨਾ ਦੇ ਕਹਿਰ ਤੋਂ ਅਸੀਂ ਚੰਗੀ ਤਰ੍ਹਾਂ ਵਾਕਿਫ ਹਾਂ। ਸਾਰਾ ਵਿਸ਼ਵ ਬੰਦ ਹੈ, ਭਾਰਤ ਬੰਦ ਹੈ ਤੇ ਪੰਜਾਬ ਦਾ ਵੀ ਸਾਨੂੰ ਪਤਾ ਹੀ ਹੈ। ਲੋਕ ਦੱਸਦੇ ਹਨ ਕਿ ਭਾਰਤ ਵਿਚ ਕਦੀ ਏਦਾਂ ਪਲੇਗ ਦਾ ਕਹਿਰ ਵਾਪਰਿਆ ਸੀ। ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਪਲੇਗ ਦਾ ਪਹਿਲਾ ਮਰੀਜ਼ ਵੀ ਨਵਾਂ ਸ਼ਹਿਰ ਦੇ ਨੇੜੇ ਪਿੰਡ ਖਟਕੜ ਕਲਾਂ ਦਾ ਹੀ ਸੀ ਤੇ ਕਰੋਨਾ ਦਾ ਪਹਿਲਾ ਮਰੀਜ਼ ਵੀ ਨਵਾਂਸ਼ਹਿਰ ਦੇ ਨਜ਼ਦੀਕੀ ਪਿੰਡ ਦਾ ਹੀ ਸੀ। ਕਿੱਡੀ ਹੈਰਾਨੀ ਦੀ ਗੱਲ ਹੈ ਕਿ ਕਦੀ ਕਦੀ ਇਤਿਹਾਸ ਇਸ ਤਰ੍ਹਾਂ ਦੁਹਰਾਇਆ ਵੀ ਜਾਂਦਾ ਹੈ।

ਚਲੋ! ਕਰੋਨਾ ਦਾ ਤਾਂ ਸਾਨੂੰ ਵੇਲੇ ਸਿਰ ਪਤਾ ਲੱਗ ਗਿਆ ਤੇ ਅਸੀਂ ਇਹਤੋਂ ਨਿਜਾਤ ਪਾਉਣ ਲਈ ਸਿਰਤੋੜ ਯਤਨ ਕਰ ਰਹੇ ਹਾਂ। ਖੁਦ ਨੂੰ ਅਸੀਂ ਕੌਰੰਨਟੀਨ ਕਰ ਰਹੇ ਹਾਂ ਤੇ ਸੋਸ਼ਲ ਡਿਸਟੈਂਸ ਵਧਾ ਰਹੇ ਹਾਂ। ਸਾਡੇ ਲਈ ਬੜੀ ਤਸੱਲੀ ਦੀ ਗੱਲ ਹੈ ਕਿ ਬੜੀ ਫੁਰਤੀ ਨਾਲ ਇਹ ਨਿਯਮ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਲਾਗੂ ਕਰ ਦਿੱਤਾ ਹੈ। ਉਥੇ ਹੁਣ ਰਾਗੀ ਸਿੰਘ ਗੋਡੇ ਨਾਲ ਗੋਡਾ ਵੀ ਨਹੀਂ ਜੁੜਨ ਦਿੰਦੇ; ਵਿੱਥ ਰਖ ਕੇ ਬੈਠਦੇ ਹਨ।
ਜਿਵੇਂ ਕਰੋਨਾ ਦੇ ਕਹਿਰ ਤੋਂ ਬਚਣ ਲਈ ਸੋਸ਼ਲ ਡਿਸਟੈਂਸ ਰੱਖਣਾ ਲਾਜ਼ਮੀ ਹੈ, ਇਵੇਂ ਸਾਡੇ ਦਿਲ ਦੇ ਜ਼ਹਿਰ ਨੂੰ ਖਤਮ ਕਰਨ ਲਈ ਸੋਸ਼ਲ ਡਿਸਟੈਂਸ ਦਾ ਖਤਮ ਹੋਣਾ ਜ਼ਰੂਰੀ ਹੈ। ਗੁਰੂ ਸਾਹਿਬਾਨ ਨੇ ਸਾਡੇ ਦਿਲਾਂ ਵਿਚੋਂ ਇਨਸਾਨੀ ਨਫਰਤ ਮੇਟਣ ਅਤੇ ਸਮੇਟਣ ਲਈ ਹਰ ਤਰ੍ਹਾਂ ਦਾ ਸੋਸ਼ਲ ਡਿਸਟੈਂਸ ਖਤਮ ਕਰਨ ਲਈ ਸੰਦੇਸ਼ ਅਤੇ ਆਦੇਸ਼ ਦਿੱਤਾ ਸੀ। ਕਿੱਡੀ ਦੁੱਖ ਦੀ ਗੱਲ ਹੈ ਕਿ ਇਹਨੂੰ ਹਾਲੇ ਤੱਕ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਲਾਗੂ ਨਹੀਂ ਕੀਤਾ ਤੇ ਨਾ ਹੀ ਕਿਸੇ ਦੇ ਚਿੱਤ ਚੇਤੇ ਹੈ।
ਕਦੇ ਚੌਥਾ ਪੌੜਾ, ਕਦੇ ਦਲਿਤ ਦੇਗ ਦੀ ਸਮੱਸਿਆ ਤੇ ਕਦੇ ਭਾਈ ਨਿਰਮਲ ਸਿੰਘ, ਜਿਹਦੇ ਸਾਜ਼ ਤਾਂ ਸਭ ਨੇ ਸੁਣੇ, ਪਰ ਇਤਰਾਜ਼ ਕਿਸੇ ਨਾ ਸੁਣੇ; ਜਿਹਦਾ ਕੀਰਤਨ ਸਭ ਨੇ ਸੁਣਿਆ, ਪਰ ਕੀਰਨਾ ਕਿਸੇ ਨਾ ਸੁਣਿਆ। ਕਿਸੇ ਦੇ ਕੰਨ ‘ਤੇ ਜੂੰ ਤੱਕ ਨਹੀਂ ਸਰਕੀ। ਜੇ ਕਿਸੇ ਨੇ ਗੱਲ ਕੀਤੀ ਤਾਂ ਸਾਰੇ ਉਹਦੇ ਦੁਆਲੇ ਹੋ ਗਏ ਕਿ ‘ਹਾਲੇ ਸਮਾਂ ਨਹੀਂ ਹੈ।’
ਮੈਂ ਸਮਝਦਾਂ ਕਿ ਰੋਗ ਦੇ ਇਲਾਜ ਦਾ ਕੋਈ ਸਮਾਂ ਨਹੀਂ ਹੁੰਦਾ, ਇਹ ਹਰ ਸਮੇਂ ਹੋ ਸਕਦਾ ਹੈ ਤੇ ਹੋਣਾ ਚਾਹੀਦਾ ਹੈ। ਫਿਰ ਦਿਲ ਦਾ ਜ਼ਹਿਰ ਤਾਂ ਕਰੋਨਾ ਦੇ ਕਹਿਰ ਤੋਂ ਵੀ ਕਿਤੇ ਭਿਆਨਕ ਹੈ। ਕੀ ਹੋਇਆ ਜੇ ਸਾਨੂੰ ਇਸ ਦਿਲ ਦੇ ਜ਼ਹਿਰ ਦੇ ਕਹਿਰ ਦਾ ਪਤਾ ਨਹੀਂ ਹੈ। ਜ਼ਰਾ ਦਿਲ ‘ਤੇ ਹੱਥ ਰੱਖ ਕੇ ਆਪਣੇ ਦਿਲ ਦੇ ਜ਼ਹਿਰ ਦੀ ਵਿਥਿਆ ਸੁਣੋ,
ਉਦੋਂ ਦੀ ਗੱਲ ਹੈ, ਜਦ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਤੇ ਪੰਜਾਬ ਦਾ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ। ਹੋਲੇ ਮਹੱਲੇ ‘ਤੇ ਅਨੰਦਪੁਰ ਸਾਹਿਬ ਵਿਖੇ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੇਠਾਂ ਖੁੱਲ੍ਹੇ ਮੈਦਾਨ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਰਵਾਇਤੀ ਦੀਵਾਨ ਲੱਗਾ ਹੋਇਆ ਸੀ।
ਆਖਰੀ ਦਿਨ ਸੀ ਤੇ ਸਾਰੀਆਂ ਰਾਜਸੀ ਹਸਤੀਆਂ ਹੁੰਮ ਹੁਮਾ ਕੇ ਹਾਜ਼ਰ-ਨਾਜ਼ਰ ਸਨ; ਤੁੜ, ਤਲਵੰਡੀ, ਟੌਹੜਾ; ਬਾਦਲ, ਬਰਨਾਲਾ ਤੇ ਬਲਵੰਤ ਸਿੰਘ; ਤਿੰਨ ਟੈਂਕੇ ਤੇ ਤਿੰਨ ਬੱਬੇ ਹਾਲੇ ਕਾਇਮ ਮੁਕਾਮ ਸਨ-ਦਨਦਨਾਉਂਦੇ ਹੋਏ।
ਮਾਹੌਲ ਬਿਲਕੁਲ ਭਖਿਆ ਹੋਇਆ ਸੀ। ਸਿਆਸੀ ਰੋਣ-ਪਿੱਟਣ ਤੇ ਤਾਬੜ-ਤੋੜ ਤੁਹਮਤਬਾਜ਼ੀ ਦਾ ਬਾਜ਼ਾਰ ਗਰਮ ਸੀ; ਮੁਰਦੇ ਪੁੱਟੇ ਅਤੇ ਜਿਉਂਦੇ ਦੱਬੇ ਜਾ ਰਹੇ ਸਨ। ਰਲ-ਮਿਲ ਕੇ ਗੱਡਿਆਂ ਦੇ ਗੱਡੇ ਮਿੱਟੀ ਪਲੀਤ ਕੀਤੀ ਜਾ ਰਹੀ ਸੀ। ਅਕਾਲੀ ਲੀਡਰ ਕੇਂਦਰੀ ਸਰਕਾਰ ਤੋਂ ਖਫਾ ਅਤੇ ਪੰਜਾਬ ਸਰਕਾਰ ਤੋਂ ਦੁਖੀ ਸਨ; ਖਫਾ ਤੇ ਦੁਖੀ ਹੋਣ ਦੇ ਕਾਰਬ ਵੱਖੋ ਵੱਖਰੇ!
ਵਿਰੋਧੀ ਪਾਰਟੀ ਦੀ ਸਰਕਾਰ ਚਾਹੇ ਜਿੰਨੀ ਮਰਜ਼ੀ ਚੰਗੀ ਹੋਵੇ, ਉਹਦੀ ਕਦੀ ਵੀ ਤਾਰੀਫ ਨਾ ਕਰਨ ਦੀ ਰਵਾਇਤ ਜੱਗ ਜਾਹਰ ਹੈ। ਅਸੀਂ ਸਭ ਜਾਣਦੇ ਹਾਂ।
ਅਕਾਲੀ ਦਲ ਦੀ ਸਟੇਜ ‘ਤੇ ਕੋਈ ਲੀਡਰ ਬੜੇ ਹੀ ਮਜ਼ੇਦਾਰ ਅਤੇ ਮਜਾਹੀਆ ਅੰਦਾਜ਼ ਵਿਚ ਭਾਸ਼ਣ ਕਰ ਰਿਹਾ ਸੀ ਤੇ ਅਕਾਲੀਆਂ ਨੂੰ ਖੁਸ਼ ਕਰਨ ਵਾਲੀ ਸੁਰ ਅਲਾਪ ਰਿਹਾ ਸੀ। ਸਮਾਪਤੀ ਸਮੇਂ ਉਹਨੇ ਅਚਾਨਕ ਅਕਾਲੀਆਂ ਨੂੰ ਅੰਦਰੋਂ ਖੁਸ਼ ਕਰਨ ਵਾਲਾ ਨਾਅਰਾ ਲਾ ਮਾਰਿਆ; ਅਖੇ ‘ਉਪਰ ਬਾਹਮਣੀ ਹੇਠ ਤਖਾਣ, ਭੁੱਖਾ ਮਰ ਗਿਆ ਹਿੰਦੁਸਤਾਨ।’
ਮੈਨੂੰ ਯਾਦ ਹੈ, ਅਕਾਲੀ ਦਲ ਦੇ ਦੀਵਾਨ ਵਿਚ ਇਹ ਅਨੋਖਾ ਤੇ ਗੈਰ ਸਿੱਖ ਨਾਅਰਾ ਸੁਣ ਕੇ ਤਿੱਖੇ ਅਤੇ ਤਰਾਸ਼ੇ ਹੋਣੇ ਨੈਣ ਨਕਸ਼ਾਂ ਵਾਲੇ ਕਈ ਸਾਬਤ ਸੂਰਤ ਸਿੱਖ ਦੀਵਾਨ ‘ਚੋਂ ਖਿਸਕਣੇ ਸ਼ੁਰੂ ਹੋ ਗਏ ਸਨ, ਜਿਨ੍ਹਾਂ ਨੂੰ ਦੇਖ ਕੇ ਤੇ ਦੂਰ ਨੇੜੇ ਦੀ ਸੋਚ ਕੇ ‘ਪੰਥ ਰਤਨ’ ਨੇ ਉਸ ਬੁਲਾਰੇ ਨੂੰ ਇਸ਼ਾਰੇ ਨਾਲ ਸਮਝਾ ਦਿੱਤਾ ਸੀ ਕਿ ‘ਯੇਹ ਅੰਦਰ ਕੀ ਬਾਤ ਹੈ ਪਿਆਰੇ।’
ਮੈਨੂੰ ਬਿਲਕੁਲ ਯਾਦ ਹੈ ਕਿ ਕਿਸੇ ਹੋਰ ਨੇਤਾ ਨੂੰ ਪਤਾ ਵੀ ਨਹੀਂ ਸੀ ਲੱਗਾ ਕਿ ਕੀ ਗਲਤ ਹੋਇਆ ਹੈ। ਉਨ੍ਹਾਂ ਲਈ ਇਹ ਆਮ ਜਿਹੀ ਗੱਲ ਸੀ ਜਾਂ ਕੋਈ ਗੱਲ ਹੀ ਨਹੀਂ ਸੀ। ਬਸ ਇਹ ਜਥੇਦਾਰ ਟੌਹੜਾ ਦੀ ਅੱਖ ਦਾ ਕਮਾਲ ਸੀ ਤੇ ਉਨ੍ਹਾਂ ਦੀ ਅੱਖ ‘ਚ ਪਏ ਸੁਰਮੇ ਦਾ, ਜੋ ਉਹ ਹਮੇਸ਼ਾ ਪਾਈ ਰੱਖਦੇ ਸਨ।
ਮੈਂ ਹੈਰਾਨ ਰਹਿ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਚਰਨਾਂ ਵਿਚ ਸਜੇ ਦੀਵਾਨ ਅੰਦਰ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੀਆਂ ਜਾਤਾਂ ਉਛਾਲੀਆਂ ਜਾ ਰਹੀਆਂ ਹਨ; ਉਹ ਸਾਡੇ ਮਾੜੇ-ਚੰਗੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਨਹੀਂ ਸਨ-ਤਖਾਣ ਤੇ ਬ੍ਰਾਹਮਣ ਸਨ।
ਪਹਿਲੀ ਵਾਰ ਮੈਨੂੰ ਪਤਾ ਲੱਗਾ ਕਿ ਪੰਜਾਬ ਵਿਚ ਬ੍ਰਾਹਮਣ ਹੋਣਾ ਜਾਂ ਤਖਾਣ ਹੋਣਾ ਇੱਕੋ ਗੱਲ ਹੈ ਤੇ ਦੋਹਾਂ ਦਾ ਸਿਆਸੀ ਹਸ਼ਰ ਸਾਂਝਾ ਹੈ-ਮੌਤ ਜਿਹਾ। ਮੈਂ ਸੋਚਦਾਂ, ਜੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੀ ਜਾਤ ਉਛਾਲਣ ‘ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੋਈ ਸੌ ਗਜ ਦੀ ਦੂਰੀ ‘ਤੇ ਹੀ ਕੋਈ ਰੋਕ-ਟੋਕ ਨਹੀਂ ਹੈ ਤਾਂ ਦੂਰ ਦੁਰਾਡੇ ਦੇ ਬਾਕੀ ਆਮ ਲੋਕਾਂ ਦਾ ਕੀ ਹਸ਼ਰ ਹੁੰਦਾ ਹੋਵੇਗਾ?
ਯੂਨੀਵਰਸਿਟੀ ਦਾ ਅਰਥ ਸ਼ਾਸਤਰੀ ਰਿਸਰਚ ਸਕਾਲਰ ਮਿੱਤਰ ਗੋਇਲ ਕਿਸੇ ਸਿੱਖ ਦੀ ਕਾਰ ‘ਚ ਬਹਿ ਗਿਆ ਤੇ ਜਦ ਉਤਰਿਆ ਤਾਂ ਕਹਿਣ ਲੱਗਾ, “ਯਾਰ, ਪੰਜਾਬ ‘ਚ ਬਾਣੀਆ ਹੋਣਾ ਤਾਂ ਗਾਲ੍ਹ ਹੀ ਐ।” ਉਹਨੂੰ ਬੇਚਾਰੇ ਨੂੰ ਇਹ ਨਹੀਂ ਸੀ ਪਤਾ ਕਿ ਸਿੱਖ ਤਾਂ ਡਾ. ਮਨਮੋਹਨ ਸਿੰਘ ਨੂੰ ਸਿੱਖ ਨਹੀਂ ਸੀ ਸਮਝਦੇ!
ਪਿੱਛੇ ਜਿਹੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਆਪਣੇ ਵਿਰੋਧੀ ਤੋਂ ਕਿਸੇ ਗੱਲ ਦੀ ਮੁਆਫੀ ਮੰਗ ਲਈ ਤਾਂ ਕਿਸੇ ਸਿਰ ਫਿਰੇ ਨੇ ਟਿੱਪਣੀ ਕੀਤੀ, “ਬਾਣੀਆ ਮੋਕ ਮਾਰ ਗਿਆ।”
ਮੈਂ ਦੇਖਦਾਂ, ਜਾਤੀ ਸੂਚਕ ਹੋਏ ਬਿਨਾ ਸਾਡਾ ਸਰਦਾ ਹੀ ਨਹੀਂ। ਦਰਅਸਲ ਜਾਤੀਵਾਦ ਸਾਡੇ ਮਾਨਸਿਕਤਾ ਦੇ ਰਗੋ ਰੇਸ਼ੇ ਵਿਚ ਵੜਿਆ ਹੋਇਆ ਹੈ। ਇਹ ਸਾਡੇ ਅੰਤਹਿਕਰਣ ਵਿਚ ਇਸ ਕਦਰ ਵੱਸ ਅਤੇ ਰਸ ਚੁਕਾ ਹੈ ਕਿ ਇਹਤੋਂ ਮੁਕਤ ਹੋਣਾ ਨਾਮੁਮਕਿਨ ਹੀ ਲੱਗਦਾ ਹੈ।
ਜਿੱਥੇ ਪ੍ਰਧਾਨ ਮੰਤਰੀ ਸੇਫ ਨਹੀਂ, ਮੁੱਖ ਮੰਤਰੀ ਸੇਫ ਨਹੀਂ, ਉਥੇ ਕਿਸੇ ਗਰੀਬ ਦੀ ਕੀ ਪੇਸ਼ ਜਾ ਸਕਦੀ ਹੈ। ਭਾਰਤ ਵਿਚ ਗਰੀਬ ਲੋਕ ਤਾਂ ਸਿਰਫ ਜਾਤੀ ਸੂਚਕ ਗਾਲ੍ਹਾਂ ਖਾਣ ਲਈ ਬਣੇ ਹਨ।
ਮੈਨੂੰ ਯਾਦ ਹੈ, ਗਿਆਨੀ ਜ਼ੈਲ ਸਿੰਘ ਦੇ ਜੀਂਦੇ ਜੀ, ਕਿਸੇ ਤਰ੍ਹਾਂ ਦੇ ਚੁਟਕਲੇ ਲਈ ਵੀ ਸੰਤੇ-ਬੰਤੇ ਦੀ ਲੋੜ ਨਹੀਂ ਸੀ ਪੈਂਦੀ; ਜ਼ੈਲ ਸਿੰਘ ਹੀ ਕਾਫੀ ਸੀ। ਲੋਕ ਉਹਦਾ ਜ਼ਿਕਰ ਗੁੱਲੀ ਘਾੜਾ ਕਹਿ ਕਹਿ ਕਰਦੇ ਸਨ।
ਜਦ ਵੀ ਮੈਂ ਸੰਤੇ-ਬੰਤੇ ਦੇ ਨਾਂ ਨਾਲ ਮੜ੍ਹੇ ਲਤੀਫੇ ਸੁਣਦਾ ਹਾਂ ਤਾਂ ਮੈਨੂੰ ਅਹਿਰਨ ਤਪਾ ਕੇ ਰੰਬੇ ਚੰਡਦੇ ਤੇ ਦਾਤੀਆਂ ਨੂੰ ਦੰਦੇ ਕੱਢਦੇ, ਲੋਹੇ ਨਾਲ ਲੋਹਾ ਹੋਏ ਦੋ ਕਿਰਤੀ ਭਾਈ ਚੇਤੇ ਆਉਂਦੇ ਹਨ; ਸਾਡੇ ਪਿੰਡ ਦਾ ਸੰਤਾ ਤੇ ਰਾਣੇਵਾਲ ਦਾ ਬੰਤਾ, ਜਿਨ੍ਹਾਂ ਦੇ ਅਕਸ ਮਾਤਰ ਨਾਲ ‘ਕਿਰਤ ਕਰੋ’ ਦਾ ਸਿਧਾਂਤ ਦ੍ਰਿੜ੍ਹ ਹੁੰਦਾ ਸੀ ਤੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਦਾ ਖਿਆਲ ਆਉਂਦਾ ਸੀ-ਯਾਰੋ, ਉਹ ਲੋਕ ਸਾਡੇ ਸ਼ੁਗਲ ਮੇਲੇ ਦਾ ਮਸਾਲਾ ਬਣੇ!
ਸੰਤੇ-ਬੰਤੇ ਵਾਲੇ ਲਤੀਫੇ ਸੁਣ ਕੇ ਮੈਨੂੰ ਕਦੀ ਵੀ ਹਾਸਾ ਨਹੀਂ ਆਉਂਦਾ, ਸਗੋਂ ਉਨ੍ਹਾਂ ਦੇ ਮਿਹਨਤੀ ਜਿਸਮ ‘ਚੋਂ ਵਗਦੇ ਪਸੀਨੇ ਦੇ ਖਿਆਲ ਨਾਲ ਅੱਖਾਂ ਨਮ ਹੋ ਜਾਂਦੀਆਂ ਹਨ-ਰਗੋਂ ਮੇਂ ਦੌੜਤੇ ਫਿਰਨੇ ਕੇ ਹਮ ਨਹੀਂ ਕਾਇਲ, ਜੋ ਆਂਖ ਹੀ ਸੇ ਨ ਟਪਕਾ ਤੋ ਵੁਹ ਲਹੂ ਕਯਾ ਹੈ। ਕਿਸੇ ਦਾ ਸੂਰਜ, ਕਿਸੇ ਦਾ ਦੀਵਾ, ਕਿਸੇ ਦਾ ਤੀਰ ਕਮਾਨ; ਸਾਡੀ ਅੱਖ ‘ਚੋਂ ਡਿਗਦਾ ਹੰਝੂ ਸਾਡਾ ਚੋਣ ਨਿਸ਼ਾਨ।
ਕਿਸੇ ਨੂੰ ਗਾਲ੍ਹਾਂ ਕੱਢਣ ਤੇ ਲਤੀਫੇਬਾਜੀ ‘ਤੇ ਪਲਣ ਵਾਲੇ ਲੋਕ ਇਨਸਾਨ ਨਹੀਂ ਹੁੰਦੇ। ਪੰਜਾਬੀ ਦੇ ਸਮਰੱਥ ਆਲੋਚਕ ਅਤੇ ਪ੍ਰਬੁੱਧ ਕਵੀ ਡਾ. ਹਰਭਜਨ ਸਿੰਘ ਨੂੰ ਕਿਸੇ ਸਮਾਗਮ ਵਿਚ ਕਿਰਪਾਨ ਭੇਟ ਕੀਤੀ ਗਈ ਤਾਂ ਉਹ ਕਹਿਣ ਲੱਗੇ ਕਿ ਉਹ ਲੇਖਕ ਹਨ ਤੇ ਲੇਖਕ ਦੀ ਕਲਮ ਹੀ ਕਿਰਪਾਨ ਹੁੰਦੀ ਹੈ। ਕਹਿੰਦੇ ਹਨ, ਕਿਸੇ ਪ੍ਰੋਫੈਸਰ ਨੇ ਜੁਮਲਾ ਕੱਸਿਆ, “ਡਾ. ਸਾਹਿਬ ਦੀ ਕਿਰਪਾਨ ਨੂੰ ਦੰਦੇ ਕਢਵਾ ਦਿਓ।”
ਮੇਰੇ ਹਿਸਾਬ ਨਾਲ ਜਾਤੀ ਸੂਚਕ ਜੁਮਲੇਬਾਜੀ ਦੀ ਇਹ ਹੁਣ ਤੱਕ ਦੀ ਸਭ ਤੋਂ ਨੀਚ ਮਿਸਾਲ ਹੈ। ਜਿਸ ਸਮਾਜ ਵਿਚ ਵਿਦਵਾਨ ਕਵੀ ਨਹੀਂ ਬਖਸ਼ੇ ਜਾਂਦੇ, ਉਥੇ ਮਜ਼ਦੂਰ ਦਾ ਕੀ ਹਾਲ ਹੁੰਦਾ ਹੋਊ?
ਕਿਸੇ ਥਾਂ ਚੋਣ ਹੋ ਰਹੀ ਸੀ; (ਕਥਿਤ) ਦਲਿਤ ਤੇ ਗੈਰ-ਦਲਿਤ ਇਕੱਠੇ ਚੁਣੇ ਜਾਣੇ ਸਨ ਤੇ ਦੋ ਵੋਟਾਂ ਇਕੱਠੀਆਂ ਪੈਣੀਆਂ ਸਨ। ਚੋਣ ਰੈਲੀਆਂ ਵਿਚ ਗੈਰ-ਦਲਿਤ ਨੇਤਾ ਇਹੋ ਕਹੀ ਜਾਵੇ, “ਉਪਰਲੀ ਵੋਟ ਮੈਨੂੰ ਪਾਉਣੀ ਹੈ ਤੇ ਹੇਠਲੀ ਵੋਟ ਭਾਈ ਸਾਹਿਬ ਨੂੰ।”
ਕਿਸੇ ਨੇ ਇਤਰਾਜ਼ ਕੀਤਾ ਕਿ ਇਹ ਉਪਰਲੀ-ਹੇਠਲੀ ਵੋਟ ਦਾ ਜੁਮਲਾ ਕਿੱਥੋਂ ਆ ਗਿਆ! ਵਕਾਲਤ ਪਾਸ ਉਸ ਨੇਤਾ ਨੂੰ ਇਹ ਗੱਲ ਵੀ ਸਮਝ ਨਹੀਂ ਸੀ ਲੱਗੀ ਤੇ ਉਹਦੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ।
ਇਸ ਉਪਰ-ਹੇਠ ਜਾਂ ਹੇਠ-ਉਪਰ ਦੇ ਚੱਕਰਾਂ ‘ਚੋਂ ਮੁਕਤੀ ਹਾਸਲ ਕਰਕੇ ਸਾਡੇ ਲਈ ਬੰਦੇ ਬਣਨਾ ਹਾਲੇ ਬੜੀ ਦੂਰ ਦੀ ਗੱਲ ਹੈ। ਜਿਨ੍ਹਾਂ ਲਈ ਬੰਦੇ ਹੋਣ ਦਾ ਅਰਥ ਕਿਰਤੀ ਹੋਣਾ ਨਹੀਂ, ਸਗੋਂ ਵਿਹਲੇ ਰਹਿਣਾ ਹੈ, ਉਨ੍ਹਾਂ ਨੂੰ ਬੰਦੇ ਬਣਾਉਣ ਲਈ ਹਾਲੇ ਕੀ ਕੀ ਕਰਨਾ ਪੈਣਾ ਹੈ? ਸੋਚਣ ਵਾਲੀ ਗੱਲ ਹੈ!