ਨਾਬਰੀ ਦੀ ਕਵਿਤਾ ਛਿੰਦਾ

ਅਖਬਾਰ ‘ਪੰਜਾਬ ਟਾਈਮਜ਼’ ਦੇ ਵੱਡੇ ਸ਼ੁਭਚਿੰਤਕ ਅਤੇ ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਸੀਨੀਅਰ ਸਬ ਐਡੀਟਰ ਕੈਨੇਡਾ ਵਸਦੇ ਗੁਰਦਿਆਲ ਸਿੰਘ ਬੱਲ ਦੇ ਛੋਟੇ ਭਰਾ ਡਾ. ਸੁਰਿੰਦਰ ਸਿੰਘ (ਛਿੰਦਾ) ਬੱਲ ਲੰਘੀ ਪਹਿਲੀ ਮਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ। ਉਹ ਵੈਟਰਨਰੀ ਫਾਰਮਾਸਿਸਟ ਸਨ। ਉਨ੍ਹਾਂ ਦੇ ਮਿੱਤਰ ਦਾਇਰੇ ਵਿਚੋਂ ਬੱਲ ਪਰਿਵਾਰ ਦੇ ਸ਼ੁਭਚਿੰਤਕ ਡਾ. ਬਲਾਕਰ ਸਿੰਘ ਪਟਿਆਲਾ ਨੇ ਸੁਰਿੰਦਰ ਸਿੰਘ ਬੱਲ ਦੇ ‘ਸੁਚੇਤ ਛਿੰਦੇ ਅਤੇ ਅਚੇਤ ਛਿੰਦੇ’ ਵਿਚੋਂ ਉਪਜੀ ਚੇਤਨਾ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ।

-ਸੰਪਾਦਕ

ਡਾ. ਬਲਕਾਰ ਸਿੰਘ ਪਟਿਆਲਾ

ਮੇਰੇ ਮਿੱਤਰਚਾਰੇ ਵਿਚ ਸੁਰਿੰਦਰ ਸਿੰਘ (ਛਿੰਦਾ) ਬੱਲ ਸਭ ਤੋਂ ਛੋਟਾ ਸੀ ਅਤੇ ਮਿੱਤਰ ਮੰਡਲੀ ਵਿਚ ਸ਼ਹਿਰੀਆਂ ਵਿਚ ਪੇਂਡੂਆਂ ਵਾਂਗ ਵਿਚਰਦਾ ਰਿਹਾ। ਉਹਦੀ ਲਚਕ ਅਤੇ ਦਿੜ੍ਹਤਾ ਇਕ ਦੂਜੇ ਨਾਲ ਕਰਿੰਘੜੀ ਪਾ ਕੇ ਤੁਰਦੀਆਂ ਰਹੀਆਂ ਸਨ। ਪਹਿਲੀ ਮਈ ਵਾਲੀ ਸਵੇਰ ਨੂੰ ਉਹ ਡਾਕਟਰਾਂ ਦੇ ਭਰੋਸੇ ਵੱਲ ਪਿੱਠ ਕਰਕੇ ਜਿਵੇਂ ਸਭ ਨੂੰ ਛੱਡ ਕੇ ਤੁਰ ਗਿਆ, ਇਸ ਨੂੰ ‘ਹੈ’ ਅਤੇ ‘ਸੀ’ ਦੇ ਫਰਕ ਵਾਂਗ ਵੇਖਦਾ ਹਾਂ ਤਾਂ ਇਹ ਸੋਚ ਕੇ ਉਦਾਸੀ ਹੁੰਦੀ ਹੈ ਕਿ ਮੇਰੇ ਨਾਲੋਂ ਬਾਰਾਂ ਸਾਲ ਛੋਟਾ ਛਿੰਦਾ (1952-2020) ਇਉਂ ਤੁਰ ਗਿਆ ਹੈ, ਜਿਵੇਂ ਉਹ ਕਿਸੇ ਦਾ ਕੁਝ ਲੱਗਦਾ ਹੀ ਨਾ ਹੋਵੇ? ਇਸ ਵੇਲੇ ਤਾਂ ਕੋਵਿਡ-19 ਨੇ ਸਭ ਨੂੰ ਮੌਤ ਨਾਲ ਪੈਰ ਮੇਚ ਕੇ ਤੁਰਨ ਵੱਲ ਤੋਰ ਦਿੱਤਾ ਹੈ।
ਇਸ ਬੇਭਰੋਸਗੀ ਵਾਲੇ ਮਾਹੌਲ ਤੋਂ ਪਹਿਲਾਂ ਅਕਸਰ ਇਸ ਬੱਲ ਜੋੜੀ (ਛਿੰਦਾ ਤੇ ਦਲਬੀਰ) ਦੀ ਪ੍ਰਾਹੁਣਾਚਾਰੀ ਨੂੰ ਹੰਢਾਉਣ ਦੇ ਮੌਕੇ ਮਿਲਦੇ ਰਹੇ ਸਨ। ਉਹ ਨਹੀਂ ਰਿਹਾ ਤਾਂ ਦਲਬੀਰ ਕੋਲ ਚੱਲ ਕੇ ਜਾਣ ਦੇ ਸਾਰੇ ਰਾਹ ਬੰਦ ਪਏ ਉਦਾਸ ਕਰ ਰਹੇ ਹਨ। ਪੰਜਾਬੀ ਸਭਿਆਚਾਰ ਵਿਚ ਉਦਾਸ ਮੌਕਿਆਂ ਤੇ ਇਕੱਲ ਨਾਲ ਲੜਨ ਦੇ ਮੁਹੱਬਤੀ ਅਤੇ ਭਾਈਚਾਰਕ ਵਰਤਾਰੇ ਆਮ ਸਨ, ਪਰ ਇਸ ਵੇਲੇ ਉਹ ਵੀ ਕਿਸੇ ਕੰਮ ਨਹੀਂ ਆ ਰਹੇ, ਕਿਉਂਕਿ ਉਨ੍ਹਾਂ ਨੂੰ ਨਾਲ ਲੈ ਕੇ ਤੁਰਨ ਦੀਆਂ ਸੰਭਾਵਨਾਵਾਂ ਬੰਦ ਪਈਆਂ ਹਨ। ਮੇਰੀ ਵਹੁਟੀ ਕਰਮਜੀਤ ਉਦਾਸ ਹੈ ਕਿ ਇਹ ਕਿਹੋ ਜਿਹੀ ਮਜਬੂਰੀ ਹੈ ਕਿ ਡਾਢੀ ਲੋੜ ਵੇਲੇ ਵੀ ਦਲਬੀਰ ਤੱਕ ਕੰਮੋਕੇ ਨਹੀਂ ਜਾ ਸਕਦੇ।
ਛਿੰਦੇ ਨਾਲ ਉਸ ਦੇ ਪਿੰਡ ਕੰਮੋਕੇ ਆਖਰੀ ਮੁਲਾਕਾਤ ਵਿਚ ਬਹੁਤ ਗੱਲਾਂ ਹੋਈਆਂ ਸਨ। ਕਹਿ ਸਕਣ ਦੀ ਸਮਰਥਾ ਨਾਲੋਂ ਭਾਵੇਂ ਬਹੁਤ ਘੱਟ ਸਾਂਝਾ ਹੋਇਆ ਸੀ, ਪਰ ਪਰਵਾਸ ਤੋਂ ਲੈ ਕੇ ਸਥਾਨਕ ਸੋਕਿਆਂ ਤੱਕ ਦੀ ਗੱਲ ਚੱਲਦੀ ਰਹੀ ਸੀ। ਪੁਸਤਕਾਂ, ਮੈਗਜ਼ੀਨਾਂ ਅਤੇ ਅਖਬਾਰਾਂ ਦੇ ਹਵਾਲੇ ਆਉਂਦੇ ਰਹੇ ਸਨ। ਉਸ ਕੋਲ ਚੁਫੇਰੇ ਫੈਲੀਆਂ ਕਹਾਣੀਆਂ ਦਾ ਭੰਡਾਰ ਸੀ ਅਤੇ ਉਸ ਨਾਲ ਜੁੜੇ ਪਾਤਰਾਂ ਦੀਆਂ ਕੀਤੀਆਂ ਨੂੰ ਵੇਖ ਕੇ ਵੀ ਜਿਸ ਤਰ੍ਹਾਂ ਉਹ ਅਣਡਿੱਠ ਕਰ ਰਿਹਾ ਸੀ, ਇਹ ਅੱਜ ਉਸ ਦੀ ਗੈਰਹਾਜ਼ਰੀ ਵਿਚ ਮੇਰੇ ਨਜ਼ਦੀਕ ਕਵਿਤਾ ਜਿਹਾ ਅਹਿਸਾਸ ਹੋ ਗਿਆ ਹੈ। ਛਿੰਦਾ ਸਭ ਦੀ ਸੁਣਦਾ ਸੀ, ਪਰ ਕਰਦਾ ਉਹੀ ਸੀ, ਜਿਸ ਨਾਲ ਉਹ ਸਹਿਮਤ ਹੁੰਦਾ ਸੀ।
ਕੋਈ ਵੀ ਜਿਉਂਦੇ ਜੀਅ ਇਹ ਚੇਤੇ ਨਹੀਂ ਰੱਖਦਾ ਕਿ ਘਰ ਵਾਲਿਆਂ ਦੀਆਂ ਵਧੀਕੀਆਂ ਅਤੇ ਕਮਜ਼ੋਰੀਆਂ ਦੀ ਕੀਮਤ ਘਰਵਾਲੀਆਂ ਨੂੰ ਹੀ ਦੇਣੀ ਪੈਂਦੀ ਹੈ। ਇਹੋ ਜਿਹੇ ਵਰਤਾਰੇ ਨਾਲ ਸਹਿਜ ਵਿਚ ਨਿਭਣ ਦੀ ਮੂਰਤ ਹੈ, ਛਿੰਦੇ ਦੀ ਪਤਨੀ ਦਲਬੀਰ। ਗੱਲਬਾਤ ਵਿਚ ਉਹ ਕਹਿੰਦੀ ਘੱਟ ਤੇ ਸੁਣਦੀ ਬਹੁਤਾ ਹੈ। ਸੁਣ ਕੇ ਹੱਸ ਪਵੇ ਤਾਂ ਉਸ ਦੀ ਸਹਿਮਤੀ ਦਾ ਸੰਕੇਤ ਹੁੰਦਾ ਹੈ। ਜੇ ਸੁਣ ਕੇ ਚੁੱਪ ਕਰ ਜਾਵੇ ਤਾਂ ਸਮਝੋ ਅਣਸੁਣਿਆ ਕਰ ਰਹੀ ਹੈ। ਘਰ ਵਿਚ ਦਲਬੀਰ ਦੀ ਸਹਿਣਸ਼ੀਲਤਾ ਨੇ ਹੀ ਸ਼ਾਇਦ ਛਿੰਦੇ ਨੂੰ ਨਾਬਰੀ ਦੇ ਰਾਹ ‘ਤੇ ਚੱਲਦੇ ਰਹਿਣ ਦਾ ਮੌਕਾ ਦੇਈ ਰੱਖਿਆ ਸੀ। ਇਸ ਨਾਲ ਇਹ ਕਹਿਣਾ ਚਾਹ ਰਿਹਾ ਹਾਂ ਕਿ ਛਿੰਦਾ ਨਾਬਰੀ ਦਾ ਅਜਿਹਾ ਪਾਤਰ ਹੋ ਗਿਆ ਸੀ, ਜਿਸ ਨੂੰ ਕਵਿਤਾ ਵਾਂਗ ਹੀ ਸਮਝਿਆ ਜਾ ਸਕਦਾ ਹੈ। ਛਿੰਦੇ ਨੂੰ ਪਤਾ ਸੀ ਕਿ ਚੇਤਨਾ ਨਾਲੋਂ ਟੁੱਟੀ ਹੋਈ ਨਾਬਰੀ ਹਉਮੈ ਹੋ ਜਾਂਦੀ ਹੈ ਅਤੇ ਚੇਤਨਾ ਨਾਲ ਜੁੜੀ ਹੋਈ ਨਾਬਰੀ, ਇਕਬਾਲ ਵਾਲੀ ਖੁਦੀ ਹੋ ਜਾਂਦੀ ਹੈ। ਇਹੋ ਜਿਹੀ ਮਾਨਸਿਕਤਾ ਨੂੰ ਉਸਾਰਨ ਵਿਚ ਪੁਸਤਕ ਪਿਆਰ ਅਹਿਮ ਭੂਮਿਕਾ ਨਿਭਾਉਂਦਾ ਰਹਿੰਦਾ ਹੈ।
ਛਿੰਦੇ ਨੂੰ ਜਾਣਨ ਵਾਲੇ ਜਾਣਦੇ ਹਨ ਕਿ ਉਹ ਲਗਾਤਾਰ ਪੜ੍ਹਦਾ ਰਹਿੰਦਾ ਸੀ। ਗੁਰਦਿਆਲ ਜਿਸ ਤਰ੍ਹਾਂ ਕਿਤਾਬਾਂ ਇਕੱਠੀਆਂ ਕਰਦਾ ਹੈ, ਛਿੰਦਾ ਓਸੇ ਸ਼ਿੱਦਤ ਨਾਲ ਕਿਤਾਬਾਂ ਸੰਭਾਲਦਾ ਸੀ। ਉਸ ਦੇ ਪਿੰਡ ਦੇ ਸਕੂਲ ਵਿਚ ਲਾਇਬਰੇਰੀ ਹੈ ਕਿ ਨਹੀਂ, ਪਤਾ ਨਹੀਂ! ਪਰ ਛਿੰਦੇ ਦੇ ਘਰ ਵਿਚ ਲਾਇਬਰੇਰੀ ਵੇਖ ਕੇ ਰੂਹ ਖੁਸ਼ ਹੁੰਦੀ ਹੈ। ਉਸ ਨੇ ਪੈਸਾ ਕਮਾਇਆ ਵੀ ਸਿਆਣਪ ਨਾਲ ਅਤੇ ਖਰਚਿਆ ਵੀ ਸਿਆਣਪ ਨਾਲ। ਰੀਝ ਨਾਲ ਪਾਈ ਕੋਠੀ ਦੇ ਚੁਬਾਰੇ ਵਿਚ ਪੁਸਤਕਾਂ ਬੱਚਿਆਂ ਵਾਂਗ ਸੁਰੱਖਿਅਤ ਰੱਖੀਆਂ ਹੋਈਆਂ ਹਨ। ਜਿਸ ਸਲੀਕੇ ਨਾਲ ਇਸ ਬੱਲ ਜੋੜੀ ਨੇ ਘਰ ਸਜਾਇਆ ਹੋਇਆ ਹੈ, ਉਸ ਵਿਚੋਂ ਵੇਖਣ ਵਾਲੇ ਨੂੰ ਉਚੇਚ ਘੱਟ ਅਤੇ ਮੁਹੱਬਤ ਵੱਧ ਨਜ਼ਰ ਆ ਸਕਦੀ ਹੈ।
ਇਸ ਬੱਲ ਜੋੜੀ ਨਾਲ ਗੱਲਾਂ ਕਿਤੇ ਵੀ ਹੋ ਰਹੀਆਂ ਹੋਣ, ਉਸ ਵਿਚ ਗੁਰਨੀਤ ਦਾ ਉਦਰੇਵਾਂ ਅਤੇ ਗੁਰਦਿਆਲ ਸਿੰਘ ਬੱਲ ਦੀ ਗੈਰਹਾਜ਼ਰੀ ਅਕਸਰ ਦਾਖਲ ਹੁੰਦੀ ਰਹਿੰਦੀ ਸੀ। ਘਰ ਦੀ ਨੂੰਹ ਅੰਮ੍ਰਿਤਾ ਏਧਰ-ਓਧਰ ਪਈਆਂ ਫੋਟੋਆਂ ਵਿਚ ਖੂਬਸੂਰਤੀ ਭਰਦੀ ਨਜ਼ਰ ਆ ਜਾਂਦੀ ਹੈ। ਮੱਧਵਰਗੀ ਕਿਸਾਨੀ ਦੇ ਅਜਿਹੇ ਪਰਿਵਾਰ ਆਮ ਵੇਖਣ ਨੂੰ ਨਹੀਂ ਮਿਲਦੇ, ਜਿਨ੍ਹਾਂ ਵਿਚ ਕੋਈ ਵੀ ਪ੍ਰਤੱਖ ਸਮੱਸਿਆ ਨਾ ਹੋਣ ਦੇ ਬਾਵਜੂਦ ਸਮੱਸਿਆਵਾਂ ਹੀ ਸਮੱਸਿਆਵਾਂ ਹੋਣ। ਅਜਿਹੀ ਸਥਿਤੀ ਦੀ ਛਿੰਦਾ ਕਵਿਤਾ ਵੀ ਸੀ ਅਤੇ ਵਾਰਤਕ ਵੀ।
ਜੇ ਦਲਬੀਰ ਨਾ ਦੱਸੇ ਤਾਂ ਛਿੰਦਾ ਆਪਣੀ ਉਦਾਸੀ ਨੂੰ ਹਵਾ ਵੀ ਨਹੀਂ ਲੱਗਣ ਦਿੰਦਾ ਸੀ, ਕਿਉਂਕਿ ਉਹ ਉਦਾਸੀਆਂ ਨੂੰ ਮਹਿਮਾਨ ਨਿਵਾਜੀ ਦੀ ਹੱਤਕ ਸਮਝਦਾ ਸੀ। ਸੁਚੇਤ ਛਿੰਦਾ ਅਤੇ ਅਚੇਤ ਛਿੰਦਾ ਇਕੋ ਜਿਹੇ ਨਹੀਂ ਹੁੰਦੇ ਸਨ। ਛਿੰਦੇ ਦੀ ਚੇਤਨਾ ਚੰਗੇ ਮਾਹੌਲ ਵਿਚ ਮੁਹੱਬਤ ਵਾਂਗ ਖਿੜੀ ਰਹਿੰਦੀ ਸੀ ਅਤੇ ਇਕਹਿਰੀਆਂ ਉਦਾਸੀਆਂ ਵਿਚ ਧੜੰਮ ਡਿੱਗੀ ਰਹਿੰਦੀ ਸੀ। ਕਦੇ ਕਦੇ ਪੰਜਾਬੀ ਪਤੀਆਂ ਵਾਂਗ ਉਹ ਬੇਲਗਾਮ ਵੀ ਹੋ ਜਾਂਦਾ ਸੀ। ਦਲਬੀਰ ਨੇ ਇਸ ਨਾਲ ਨਿਭਣ ਵਿਚ ਮੁਹਾਰਤ ਹਾਸਲ ਕਰ ਲਈ ਸੀ। ਛਿੰਦੇ ਦੀਆਂ ਗਲਤੀਆਂ ਨੂੰ ਵੀ ਦਲਬੀਰ ਨੇ ਬੀਮਾਰੀ ਦੀਆਂ ਅਲਾਮਤਾਂ ਵਾਂਗ ਸਮਝਣਾ ਸਿੱਖ ਲਿਆ ਸੀ। ਲੱਗਦੀ ਵਾਹ ਉਹ ਆਪੋ ਆਪਣੀ ਹਉਮੈ ਨੂੰ ਬੜਾ ਬੋਚ ਕੇ ਰੱਖਦੇ ਰਹੇ ਅਤੇ ਇਕ ਦੂਜੇ ਦੀਆਂ ਆਦਤਾਂ ਵਿਚ ਦਖਲਅੰਦਾਜ਼ੀ ਕਰਨ ਤੋਂ ਗੁਰੇਜ਼ ਕਰਦੇ ਰਹੇ। ਇਨ੍ਹਾਂ ਰੰਗਾਂ ਨੂੰ ਮੈਂ ਕਵਿਤਾ ਵਾਂਗ ਵੇਖਦਾ ਹਾਂ ਤਾਂ ਲੱਗਦਾ ਹੈ ਕਿ ਕੋਸ਼ਿਸ਼ ਕਰੀਏ ਤਾਂ ਲਮਹਿਆਂ ਨੂੰ ਖਿੜੀ ਹੋਈ ਖੂਬਸੂਰਤੀ ਵਾਂਗ ਹੰਢਾਇਆ ਜਾ ਸਕਦਾ ਹੈ।
ਛਿੰਦਾ ਨਹੀਂ ਰਿਹਾ ਤਾਂ ਉਸ ਨਾਲ ਜੁੜੀਆਂ ਯਾਦਾਂ ਦਾ ਇਕ ਵਹਿਣ ਉਸ ਦੇ ਹਾਮੀਆਂ ਹਿਤੈਸ਼ੀਆਂ ਦੇ ਸਾਹਮਣੇ ਵਹਿੰਦਾ ਰਹਿਣਾ ਹੈ। ਬੰਦਾ ਬੰਦੇ ਨੂੰ ਧਿਆਨ ਨਾਲ ਸੁਣੇ ਤਾਂ ਇਹੋ ਜਿਹਾ ਵਰਤਾਰਾ ਖਾਸ ਤੋਂ ਆਮ ਹੋ ਸਕਦਾ ਹੈ। ਇਸ ਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ‘ਪਹੁਤਾ ਪਾਂਧੀ’ ਵਜੋਂ ਲਿਖਿਆ ਹੈ। ਛਿੰਦੇ ਦੇ ਹਵਾਲੇ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਬੰਦੇ ਦੀਆਂ ਬਹੁਤੀਆਂ ਸਮੱਸਿਆਵਾਂ ਨਾਲ ਪੁਸਤਕ ਸਭਿਆਚਾਰ ਰਾਹੀਂ ਨਿਭਿਆ ਜਾ ਸਕਦਾ ਹੈ, ਕਿਉਂਕਿ ਪੁਸਤਕ ਨੂੰ ਪਾਠਕ ਦੀ ਛੋਹ ਸੱਚੇ ਦੋਸਤ ਵਿਚ ਬਦਲ ਦਿੰਦੀ ਹੈ। ਛਿੰਦੇ ਨੂੰ ਯਾਦ ਕਰਦਾ ਹਾਂ ਤਾਂ ਕਹਿ ਸਕਦਾ ਹਾਂ ਕਿ ਉਸ ਨੇ ਅਸਹਿਮਤੀ ਨਾਲ ਤੁਰਨ ਦਾ ਸਾਹਸ ਪੈਦਾ ਕਰ ਲਿਆ ਸੀ। ਜ਼ਿੰਦਗੀ ਵਿਚੋਂ ਵੀ ਉਸ ਨੇ ਇਹੀ ਸਿੱਖਿਆ ਸੀ। ਉਸ ਦਾ ਇਕ ਦੋਸਤ ਆਸ਼ੂਤੋਸ਼ੀਆਂ ਨਾਲ ਚਲਾ ਗਿਆ ਸੀ। ਉਹ ਚਾਹੁੰਦਾ ਸੀ ਕਿ ਛਿੰਦਾ ਵੀ ਉਸ ਅਨੰਦ ਦੇ ਦੀਦਾਰੇ ਕਰੇ ਅਤੇ ਲਾਹਾ ਲਵੇ, ਜਿਸ ਵਿਚ ਉਹ ਭਿੱਜਿਆ ਹੋਇਆ ਹੈ। ਛਿੰਦਾ ਉਸ ਨਾਲ ਸਹਿਮਤ ਨਾ ਹੋ ਕੇ ਅਤੇ ਉਸ ਦੀ ਨਾ ਮੰਨ ਕੇ ਵੀ ਉਸ ਨਾਲ ਨਿਭਦਾ ਰਿਹਾ ਸੀ। ਰਾਧਾਸਵਾਮੀਆਂ ਦੇ ਡੇਰੇ ਵਿਚ ਉਸ ਦੇ ਬਹੁਤ ਸਾਰੇ ਦੋਸਤ ਅਜਿਹੇ ਸਨ, ਜਿਨ੍ਹਾਂ ਨਾਲ ਛਿੰਦਾ ਉਸੇ ਤਰ੍ਹਾਂ ਨਿਭਦਾ ਰਿਹਾ ਸੀ, ਜਿਵੇਂ ਉਹ ਇਸ ਦੀਆਂ ਆਦਤਾਂ ਨਾਲ ਨਿਭ ਰਹੇ ਸਨ।
ਨਕਸਲੀਆਂ ਨੂੰ ਜਦੋਂ ਪੰਜਾਬ ਵਿਚੋਂ ਹੁੰਗਾਰਾ ਭਰਿਆ ਜਾ ਰਿਹਾ ਸੀ ਤਾਂ ਛਿੰਦਾ ਵੀ ਉਸ ਰੁਮਾਂਸ ਦਾ ਪ੍ਰਸ਼ੰਸਕ ਹੋ ਗਿਆ ਸੀ। ਇਹੀ ਸਮਾਂ ਸੀ ਜਦੋਂ ਉਸ ਦੇ ਸਾਥੀ ਬੰਦੂਕ ਦੀ ਨਾਲੀ ਵਿਚੋਂ ਇਨਕਲਾਬ ਲੱਭ ਰਹੇ ਸਨ ਅਤੇ ਉਹ ਉਨ੍ਹਾਂ ਦੀ ਪਨਾਹਗਾਹ ਵੀ ਬਣਿਆ ਰਿਹਾ। ਮੇਰੀ ਨਜ਼ਰ ਵਿਚ ਪੁਸਤਕ ਸਭਿਆਚਾਰ ਉਸ ਦੇ ਨਕਸਲੀ-ਹੁੰਗਾਰੇ ਦਾ ਹਾਸਲ ਹੋ ਗਿਆ ਸੀ। ਸਮਕਾਲੀ ਸਿਆਸੀ ਲਹਿਰਾਂ ਵਿਚੋਂ ਕੇਵਲ ਖਾੜਕੂ ਲਹਿਰ ਵੇਲੇ ਉਹ ਉਦਾਸੀ ਵੱਲ ਧੱਕਿਆ ਗਿਆ ਸੀ। ਉਸ ਨੂੰ ਪਤਾ ਸੀ ਕਿ ਚੇਤਨਾ, ਕੱਟੜ ਨਹੀਂ ਹੋ ਸਕਦੀ ਅਤੇ ਕੱਟੜ ਹੋਏ ਬਿਨਾ ਸਿਆਸਤ ਨਾਲ ਨਹੀਂ ਨਿਭਿਆ ਜਾ ਸਕਦਾ। ਇਹ ਸਮਝ ਉਸ ਨੇ ਖਾਲਿਸਤਾਨੀ ਦਾਨਿਸ਼ਵਰਾਂ ਤੋਂ ਬਿਨਾ ਦੱਸਿਆਂ ਹਾਸਲ ਕਰ ਲਈ ਸੀ।
ਬੱਲ ਪਰਿਵਾਰ ਵਿਚ ਕਿਸੇ ਵੀ ਰੰਗ ਦੀ ਦਾਨਿਸ਼ਵਰੀ ਦਾ ਸਵਾਗਤ ਹੁੰਦਾ ਰਿਹਾ ਹੈ। ਗੁਰਦਿਆਲ ਇਸ ਨੂੰ ਸ਼ਾਮ ਦੀਆਂ ਮਹਿਫਿਲਾਂ ਵਿਚ ਵੀ ਢਾਲਦਾ ਰਿਹਾ। ਡਾ. ਗੁਰਨਾਮ ਕੌਰ ਦਾ ਲੋਹ ਲੰਗਰ ਚੱਲਦਾ ਰਿਹਾ। ਛਿੰਦਾ ਇਸ ਸਾਰੇ ਕੁਝ ਨੂੰ ਕ੍ਰਿਕਟ ਦੇ ਮੈਚ ਵਾਂਗ ਦੇਖਦਾ ਰਿਹਾ। ਅੱਜ ਉਹ ਮੈਦਾਨ ਖਾਲੀ ਕਰ ਗਿਆ ਹੈ ਤਾਂ ਸੱਖਣੇ ਨੂੰ ਭਰਨ ਦੀ ਕੋਸ਼ਿਸ਼ ਕਰਦਿਆਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਚੇਤਨਾ ਆਪਣੇ ਸਮਕਾਲੀ ਪ੍ਰਸੰਗ ਵਿਚ ਪੁਸਤਕ ਵਾਂਗ ਵੇਖੀ ਤੇ ਪੜ੍ਹੀ ਜਾ ਸਕਦੀ ਹੈ। ਛਿੰਦੇ ਦੇ ਤੁਰ ਜਾਣ ਨਾਲ ਪੈਦਾ ਹੋਏ ਇਸ ਖਲਾਅ ਵਿਚ ਛਿੰਦਾ ਮੈਨੂੰ ਐਬਾਂ ਅਤੇ ਗੁਣਾਂ ਦੀ ਸਾਂਝੀ ਯਾਤਰਾ ‘ਤੇ ਤੁਰਦਾ ਰਿਹਾ ਜਗਿਆਸੂ ਲੱਗਦਾ ਹੈ।
ਪਿੰਡ ਵਿਚ ਅੱਜ ਵੀ ਉਹ ਡਾ. ਛਿੰਦਾ ਨਹੀਂ, ਛਿੰਦਾ ਡਾਕਟਰ ਵਜੋਂ ਜਾਣਿਆ ਜਾਂਦਾ ਹੈ। ਦੋਹਾਂ ਵਿਚ ਫਰਕ ਕਰ ਸਕਾਂਗੇ ਤਾਂ ਸਮਝ ਸਕਾਂਗੇ ਕਿ ਉਸ ਦੀ ਕਿੱਤੇ ਪ੍ਰਤੀ ਦਿਆਨਤਦਾਰੀ ਉਸ ਦੀ ਪਛਾਣ ਹੋ ਗਈ ਹੈ। ਉਹ ਡੰਗਰਾਂ ਨੂੰ ਬੰਦਿਆਂ ਵਾਂਗ ਸੰਭਾਲਦਾ ਰਿਹਾ ਸੀ। ਮੇਰੀ ਆਖਰੀ ਮੁਲਾਕਾਤ ਵੇਲੇ ਕੰਮ ਕਰਨਾ ਛੱਡ ਜਾਣ ਦੇ ਬਾਵਜੂਦ ਉਹ ਬੀਮਾਰ ਕੁੱਤੇ ਦੇ ਇਲਾਜ ਵਾਸਤੇ ਗਿਆ ਸੀ। ਉਸ ਨੂੰ ਆਪਣੇ ਕਿੱਤੇ ਵਾਂਗ ਹੀ ਆਪਣੇ ਸਰੀਰ ਬਾਰੇ ਬਹੁਤ ਸਮਝ ਸੀ, ਪਰ ਇਹ ਉਸ ਦੇ ਆਪਣੇ ਕੰਮ ਕਦੀ ਨਹੀਂ ਸੀ ਆਈ। ਮੈਂ ਉਸ ਨੂੰ ਗੁਰਦਿਆਲ ਦੇ ਵਿਆਹ ਤੋਂ ਪਿਛੋਂ ਜਾਣਨ ਲੱਗਾ ਸੀ। ਮਿਲਣ ਤੋਂ ਪਹਿਲਾਂ ਹੀ ਉਸ ਨੇ ਮੈਨੂੰ ਗੁਰਦਿਆਲ ਮੁਤਾਬਿਕ ਵੇਖਣਾ ਸ਼ੁਰੂ ਕਰ ਦਿੱਤਾ ਸੀ। ਗੁਰਦਿਆਲ ਸਾਹਮਣੇ ਉਹ ਨਹੀਂ ਸੀ ਬੋਲਦਾ, ਪਰ ਉਸ ਨਾਲ ਅਸਹਿਮਤੀ ਨੂੰ ਲੁਕਾ ਕੇ ਰੱਖਣ ਦੀ ਕੋਸ਼ਿਸ਼ ਵੀ ਨਹੀਂ ਸੀ ਕਰਦਾ। ਪੱਕੇ ਮਝੈਲਾਂ ਵਾਂਗ ਉਸ ਦੀ ਸਮਝ ਵਿਚ ਰਿਸ਼ਤਿਆਂ ਦੀ ਵਿਆਕਰਣ ਪੱਕੇ ਤੌਰ ‘ਤੇ ਲਿਖੀ ਹੋਈ ਸੀ। ਆਪਣੀਆਂ ਕਮਜ਼ੋਰੀਆਂ ਨੂੰ ਦੂਜਿਆਂ ਦੇ ਹਵਾਲੇ ਨਾਲ ਪ੍ਰਗਟਾ ਕੇ ਉਹ ਖੁਸ਼ ਨਹੀਂ ਸੀ ਹੁੰਦਾ, ਸਗੋਂ ਉਦਾਸ ਹੀ ਹੋ ਜਾਂਦਾ ਸੀ।
ਮੇਰੇ ਨਜ਼ਦੀਕ ਘਰ ਵਿਚ ਗੁਰਦਿਆਲ, ਦਾਦੀ ਦਾ ਪੁੱਤਰ ਸੀ ਅਤੇ ਛਿੰਦਾ, ਮਾਂ ਦਾ ਪੁੱਤਰ ਸੀ। ਦੋਹਾਂ ਨੇ ਸ਼ਰਾਬ ਪੀਣੀ ਪਿਉ ਤੋਂ ਸਿੱਖੀ ਸੀ ਅਤੇ ਤਿੰਨੇ ਪਿਉ-ਪੁੱਤ ਅਸਹਿਮਤੀ ਵਿਚ ਇਕੱਠੇ ਤੁਰਨ ਦੀ ਕੋਸ਼ਿਸ਼ ਕਰਦੇ ਰਹੇ ਸਨ। ਇਸ ਇਖਤਲਾਫੀ ਮੁਹੱਬਤ ਦਾ ਹੱਲ ਗੁਰਨੀਤ ਦੇ ਜਨਮ ਨਾਲ ਦਾਦੇ-ਪੋਤੇ ਦੀ ਸਾਂਝ ਵਿਚ ਪ੍ਰਗਟ ਹੁੰਦਾ ਮੈਂ ਅੱਖੀਂ ਵੇਖਦਾ ਰਿਹਾ ਹਾਂ। ਗੁਰਨੀਤ ਨੂੰ ਮੈਂ ਰਿਸ਼ਤਿਆਂ ਦੀ ਭੀੜ ਵਿਚ ਬੌਂਦਲਿਆ ਹੋਇਆ ਵੀ ਵੇਖਦਾ ਰਿਹਾ ਹਾਂ। ਛਿੰਦੇ ਨੇ ਤਾਂ ਗੁਰਦਿਆਲ ਨੂੰ ਵੀ ਗੁਰਨੀਤ ਰਾਹੀਂ ਵੇਖਣਾ ਸ਼ੁਰੂ ਕੀਤਾ ਹੋਇਆ ਸੀ। ਛਿੰਦੇ ਦੇ ਤੁਰ ਜਾਣ ਨਾਲ ਰਿਸ਼ਤਿਆਂ ਦੀ ਫੱਟੀ ਪੋਚੀ ਹੋਈ ਲੱਗਣ ਲੱਗ ਪਈ ਹੈ। ਇਸ ਉਤੇ ਜੋ ਕੋਈ ਜੋ ਕੁਝ ਲਿਖੇਗਾ, ਉਸੇ ਨੇ ਉਘੜਦੇ ਰਹਿਣਾ ਹੈ। ਰਿਸ਼ਤੇ ਨਿਭਦੇ ਰਹਿਣ ਤਾਂ ਗੁਰੂ ਅੰਗ-ਸੰਗ ਲੱਗਦਾ ਹੈ। ਰਿਸ਼ਤਿਆਂ ਵਿਚੋਂ ਕਿਸੇ ਇਕ ਦੇ ਕਿਰ ਜਾਣ ਵਾਲਿਆਂ ਲਈ ਵੀ ਇਹੀ ਅਰਦਾਸ ਹੈ ਕਿ ਅਕਾਲ ਵਿਚ ਪਰਵੇਸ਼ ਕਰ ਗਿਆਂ ਦੇ ਗੁਰੂ ਜੀ ਅੰਗ-ਸੰਗ ਹੋਵਣ!