ਪੰਜਾਬ ਤੋਂ ਕੈਨੇਡਾ: ਸਫਲਤਾ ਦੀ ਉਡਾਰੀ

ਕੈਨੇਡਾ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਪ੍ਰੋਫੈਸਰ ਹੀਉ ਜੇ. ਐਮ. ਜੌਹਨਸਟਨ ਨੇ ਆਪਣੀ ਕਿਤਾਬ ‘ਜਿਊਲਜ਼ ਆਫ ਦਿ ਕਿਲ੍ਹਾ’ ਵਿਚ ਕੈਨੇਡੀਅਨ ਪੰਜਾਬੀ ਕਪੂਰ ਸਿੰਘ ਸਿੱਧੂ ਦੀ ਨਿਵੇਕਲੀ ਕਹਾਣੀ ਸੁਣਾਈ ਹੈ। ਇਸ ਕਿਤਾਬ ਦਾ ਪੰਜਾਬ ਵਿਚ ਅਨੁਵਾਦ ਉਘੇ ਕਹਾਣੀਕਾਰ ਹਰਪ੍ਰੀਤ ਸੇਖਾ ਨੇ ਕੀਤਾ ਹੈ। ਇਹ ਕਿਤਾਬ ਪਰਦੇਸਾਂ ਵਿਚ ਪੰਜਾਬੀਆਂ ਦੀ ਇਕ ਵੱਖਰੀ ਧਾਰਾ ਦੀ ਚਰਚਾ ਛੇੜਦੀ ਹੈ। ਜੌਹਨਸਟਨ ਇਸ ਤੋਂ ਪਹਿਲਾਂ ਕਾਮਾਗਾਟਾ ਮਾਰੂ ਬਾਰੇ ਕਿਤਾਬ ਵੀ ਲਿਖ ਚੁੱਕਾ ਹੈ। ਅਸੀਂ ਆਪਣੇ ਪਾਠਕਾਂ ਲਈ ਰਾਜਪਾਲ ਸਿੰਘ ਦਾ ਇਹ ਲੇਖ ਛਾਪ ਰਹੇ ਹਾਂ।

-ਸੰਪਾਦਕ

ਰਾਜਪਾਲ ਸਿੰਘ
ਫੋਨ: +91-98767-10809
ਪੰਜਾਬੀਆਂ ਕੋਲ ਸ਼ਹੀਦੀਆਂ ਦੀਆਂ ਬਹੁਤ ਗਾਥਾਵਾਂ ਹਨ ਪਰ ਸਫਲਤਾਵਾਂ ਦੀਆਂ ਕਹਾਣੀਆਂ ਬਹੁਤ ਘੱਟ। ਇਸ ਕਿਤਾਬ ਵਿਚ ਸਫਲ ਪੰਜਾਬੀ ਕਪੂਰ ਸਿੰਘ ਸਿੱਧੂ ਅਤੇ ਉਸ ਦੇ ਪਰਿਵਾਰ ਦੀ ਕਹਾਣੀ ਹੈ ਜੋ ਕੈਨੇਡਾ ਜਾ ਕੇ ਤਕੜੀ ਮਾਇਕ ਸਫਲਤਾ ਹਾਸਲ ਕਰਦਾ ਹੈ, ਲੱਕੜ ਮਿੱਲਾਂ ਦਾ ਮਾਲਕ ਬਣਦਾ ਹੈ ਪਰ ਕੇਵਲ ਪੈਸੇ ਦੀ ਦੌੜ ਵਿਚ ਹੀ ਖਚਿਤ ਨਹੀਂ ਹੁੰਦਾ। ਆਪਣੇ ਭਾਈਚਾਰੇ ਦੀ ਭਲਾਈ ਲਈ ਵੀ ਯਤਨ ਕਰਦਾ ਹੈ, ਕੈਨੇਡਾ ਵਿਚ ਬਹੁਤ ਸਾਰੇ ਗੋਰਿਆਂ ਨਾਲ ਦੋਸਤਾਨਾ ਸਬੰਧ ਬਣਾਉਂਦਾ ਹੈ ਪਰ ਪੰਜਾਬ ਪ੍ਰਤੀ ਲਗਾਓ ਛਡਦਾ ਨਹੀਂ; ਕੈਨੇਡਾ ਨੂੰ ਆਪਣਾ ਦੇਸ਼ ਮੰਨਣ ਦੇ ਬਾਵਜੂਦ ਆਪਣੀਆਂ ਧੀਆਂ ਨੂੰ ਡਾਕਟਰ ਬਣਾ ਕੇ ਪੰਜਾਬ ਵਿਚ ਜਾ ਕੇ ਸੇਵਾ ਕਰਨ ਲਈ ਤਿਆਰ ਕਰਦਾ ਹੈ; ਭਾਰਤ ਨੂੰ ਆਜ਼ਾਦ ਦੇਖਣਾ ਚਾਹੁੰਦਾ ਹੈ ਪਰ ਹਿੰਸਕ ਢੰਗਾਂ ਤੋਂ ਸਫਲਤਾ ਦੀ ਆਸ ਨਹੀਂ ਰੱਖਦਾ। ਇਸ ਲਈ ਸ਼ਹੀਦੀਆਂ ਪਾਉਣ ਲਈ ਗਦਰੀਆਂ ਦੇ ਨਾਲ ਨਹੀਂ ਰਲਦਾ। ਕੁੱਲ ਮਿਲਾ ਕੇ ਉਹ ਜਾਤੀ ਤੌਰ ਉਤੇ ਸਫਲ ਅਤੇ ਸਮਾਜ ਲਈ ਲਾਹੇਵੰਦ ਜ਼ਿੰਦਗੀ ਜਿਊਂਦਾ ਹੈ।
ਖਾੜਕੂ ਬਿਰਤੀ ਵਾਲੇ ਪੰਜਾਬੀ ਅਜਿਹੇ ਸ਼ਾਂਤ ਅਤੇ ਸਫਲ ਇਨਸਾਨਾਂ ਦੀਆਂ ਕਹਾਣੀਆਂ ਨਹੀਂ ਲਿਖਦੇ, ਇਸ ਲਈ ਕਪੂਰ ਸਿੰਘ ਦੀ ਕਹਾਣੀ ਵੀ ਕਿਸੇ ਪੰਜਾਬੀ ਨੇ ਨਾ ਲਿਖੀ। ਆਖਰ ਇਹ ਕਹਾਣੀ ਲਿਖੀ ਕੈਨੇਡਾ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਪ੍ਰੋਫੈਸਰ ਹੀਉ ਜੇ. ਐਮ. ਜੌਹਨਸਟਨ ਨੇ। ਖੈਰ ਇਕ ਪੰਜਾਬੀ ਹਰਪ੍ਰੀਤ ਸੇਖਾ ਨੇ ਇਸ ਦਾ ਪੰਜਾਬੀ ਅਨੁਵਾਦ ਕਰ ਦਿੱਤਾ ਜਿਸ ਨਾਲ ਇਸ ਕੈਨੇਡੀਅਨ ਪੰਜਾਬੀ ਕਪੂਰ ਸਿੰਘ ਸਿੱਧੂ ਦੀ ਕਹਾਣੀ ਤੋਂ ਭਾਰਤੀ ਪੰਜਾਬੀ ਵੀ ਜਾਣੂ ਹੋ ਗਏ। ਉਹ ਪੰਜਾਬੀ, ਜਿਨ੍ਹਾਂ ਲਈ ਉਸ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਔੜ ਪਿੰਡ ਵਿਚ ਹਸਪਤਾਲ ਖੋਲ੍ਹ ਕੇ, ਆਪਣੀ ਕਮਾਈ ਅਤੇ ਆਪਣੀਆਂ ਧੀਆਂ ਦੀ ਪੜ੍ਹਾਈ ਲੇਖੇ ਲਾਈ।
ਇਸ ਕਹਾਣੀ ਤੋਂ ਇਕੱਲੇ ਕਪੂਰ ਸਿੰਘ ਸਿੱਧੂ ਦੇ ਪਰਿਵਾਰ ਬਾਰੇ ਹੀ ਜਾਣਕਾਰੀ ਨਹੀਂ ਮਿਲਦੀ ਸਗੋਂ ਉਸ ਦੌਰ ਦੇ ਪੰਜਾਬ ਅਤੇ ਕੈਨੇਡਾ ਦੇ ਜੀਵਨ ਬਾਰੇ ਵੀ ਬਹੁਤ ਕੁਝ ਪਤਾ ਲਗਦਾ ਹੈ। ਕਪੂਰ ਸਿੰਘ ਦਾ ਪੜਦਾਦਾ ਰਣਜੀਤ ਸਿੰਘ ਦੀ ਫੌਜ ਵਿਚ ਹੋਣ ਕਰ ਕੇ ਉਨ੍ਹਾਂ ਨੂੰ ਹੁਸ਼ਿਆਰਪੁਰ ਵਿਚ ਪੈਂਦੇ ਦੋ ਪਿੰਡਾਂ ਦੀ ਜਾਗੀਰ ਮਿਲੀ ਹੋਈ ਸੀ, ਜਦਕਿ ਉਸ ਦੀ ਪਤਨੀ ਬਸੰਤ ਕੌਰ ਦੇ ਪਰਿਵਾਰ ਕੋਲ ਪੰਜ ਪਿੰਡ ਸਨ। ਅੰਗਰੇਜ਼ੀ ਰਾਜ ਦੌਰਾਨ ਪੰਜਾਬ ਦੀ ਕਿਸਾਨੀ ਦੀ ਹਾਲਤ ਕਿਹੋ ਜਿਹੀ ਸੀ, ਇਸ ਗੱਲ ਦਾ ਪਤਾ ਇਸ ਤੱਥ ਤੋਂ ਲਗਦਾ ਹੈ ਕਿ ਜਾਗੀਰਦਾਰ ਪਰਿਵਾਰ ਨਾਲ ਸਬੰਧ ਹੋਣ ਦੇ ਬਾਵਜੂਦ ਕਪੂਰ ਸਿੰਘ ਅਤੇ ਉਸ ਦੇ ਭਰਾਵਾਂ ਨੂੰ ਚੰਗੇਰੇ ਜੀਵਨ ਦੀ ਭਾਲ ਵਿਚ ਅਮਰੀਕਾ ਜਾਣਾ ਪਿਆ। ਪਤੀ ਪਤਨੀ 16 ਸਾਲ ਇਕ ਦੂਜੇ ਤੋਂ ਵੱਖ ਰਹੇ, ਯਾਨੀ ਆਪਣੀ ਜਵਾਨੀ ਅਲੱਗ-ਅਲੱਗ ਦੇਸ਼ਾਂ ਵਿਚ ਰਹਿ ਕੇ ਲੰਘਾਈ। ਇਹ ਦੁਖਾਂਤ ਉਸ ਦੌਰ ਵਿਚ ਪਰਦੇਸੀ ਹੋਏ ਬਹੁਤੇ ਮਨੁੱਖਾਂ ਨੂੰ ਹੰਢਾਉਣਾ ਪਿਆ ਸੀ।
ਕਪੂਰ ਸਿੰਘ ਨੇ ਕਿਤੋਂ ਸੁਣ ਲਿਆ ਸੀ ਕਿ ਕੈਨੇਡਾ ਵਿਚ ਇਕ ਦਿਨ ਦੀ ਕਮਾਈ 7 ਰੁਪਏ ਹੈ ਜਦਕਿ ਅੰਗਰੇਜ਼ੀ ਫੌਜ ਵਿਚ ਭਰਤੀ ਹੋਣ Ḕਤੇ 9 ਰੁਪਏ ਮਹੀਨੇ ਦੇ ਮਿਲਦੇ ਸਨ। ਸੋ 1906 ਵਿਚ ਕਪੂਰ ਸਿੰਘ ਸਿੱਧੂ ਆਪਣੇ ਪਿੰਡ ਖੜੌਦੀ ਨੂੰ ਛੱਡ ਕੇ ਸਾਂ ਫਰਾਂਸਿਸਕੋ ਪਹੁੰਚ ਜਾਂਦਾ ਹੈ। ਇਥੇ ਪਹੁੰਚਣ ਲਈ ਕਿਰਾਏ ਅਤੇ ਹੋਰ ਖਰਚਿਆਂ ਲਈ ਬਸੰਤ ਕੌਰ ਦੇ ਗਹਿਣੇ ਵੇਚ ਕੇ ਪ੍ਰਬੰਧ ਕੀਤਾ ਗਿਆ। ਅਜੇ ਵੀ ਉਹ ਚੰਗਾ ਰਿਹਾ ਕਿ ਸਮੇਂ ਸਿਰ ਅਮਰੀਕਾ ਪਹੁੰਚ ਗਿਆ, ਉਸ ਤੋਂ ਬਾਅਦ ਜਲਦੀ ਹੀ ਭਾਰਤੀਆਂ ਦੇ ਉਥੇ ਜਾਣ ਉਤੇ ਸਖਤੀ ਹੋਣ ਲੱਗ ਪਈ ਸੀ।
ਉਥੇ ਉਸ ਨੇ ਉਸੇ ਕਿਸਮ ਦਾ ਸੰਘਰਸ਼ ਕੀਤਾ ਜੋ ਕਮਾਈ ਲਈ ਪਰਦੇਸ ਗਏ ਸਾਰੇ ਮਨੁੱਖਾਂ ਨੂੰ ਕਰਨਾ ਪੈਂਦਾ ਹੈ। ਗੋਰੇ ਲੋਕਾਂ ਦੇ ਦੇਸ਼ ਵਿਚ ਉਹ ਅਣਚਾਹੇ ਮਹਿਮਾਨ ਸਨ। ਨਸਲੀ ਵਿਤਕਰਾ ਸੀ, ਕੰਮ ਸਖਤ ਸੀ। ਕਮਾਈ ਓਨੀ ਨਹੀਂ ਸੀ ਜਿੰਨੀ ਸੋਚ ਕੇ ਗਏ ਸਨ ਪਰ ਕਪੂਰ ਸਿੰਘ ਨੇ ਧਾਰਿਆ ਹੋਇਆ ਸੀ ਕਿ ਹੁਣ ਇਥੇ ਹੀ ਰਹਿਣਾ ਹੈ। ਅਮਰੀਕਾ/ਕੈਨੇਡਾ ਨੇ ਚਾਹੇ ਉਸ ਨੂੰ ਨਹੀਂ ਅਪਣਾਇਆ ਸੀ ਪਰ ਉਸ ਨੇ ਅਮਰੀਕਾ/ਕੈਨੇਡਾ ਨੂੰ ਅਪਣਾਅ ਲਿਆ ਸੀ।
ਕਪੂਰ ਸਿੰਘ ਦੀ ਕਹਾਣੀ ਪਰਵਾਸੀ ਪੰਜਾਬੀਆਂ ਦੇ ਸੰਘਰਸ਼ ਦੀ ਉਸ ਧਾਰਾ ਦੀ ਕਹਾਣੀ ਹੈ ਜੋ ਗਦਰ ਲਹਿਰ ਤੋਂ ਵੱਖਰੀ ਚੱਲ ਰਹੀ ਸੀ। ਜਦ ਕਪੂਰ ਸਿੰਘ 1912 ਵਿਚ ਅਮਰੀਕਾ ਤੋਂ ਕੈਨੇਡਾ ਪਹੁੰਚ ਗਿਆ ਤਾਂ ਉਥੇ ਖਾੜਕੂ ਵਿਚਾਰ ਜ਼ੋਰ ਫੜ ਰਹੇ ਸਨ ਜੋ ਬਾਅਦ ਵਿਚ ਗਦਰ ਲਹਿਰ ਦੇ ਰੂਪ ਵਿਚ ਫੁੱਟ ਉਠੇ। ਕਪੂਰ ਸਿੰਘ ਅਤੇ ਉਸ ਦੇ ਸਾਥੀ ਪਰਵਾਸੀਆਂ ਨਾਲ ਹੁੰਦੇ ਵਿਤਕਰਿਆਂ ਨੂੰ ਦੂਰ ਕਰਵਾਉਣ ਲਈ ਉਥੋਂ ਦੇ ਮੋਹਤਬਰ ਬੰਦਿਆਂ ਨਾਲ ਚਿੱਠੀ ਪੱਤਰ ਕਰਦੇ, ਕੈਨੇਡੀਅਨ ਸਿਆਸਤਦਾਨਾਂ ਨੂੰ ਆਪਣਾ ਪੱਖ ਜਚਾਉਂਦੇ, ਅਖਬਾਰਾਂ ਵਿਚ ਦਲੀਲਾਂ ਨਾਲ ਭਰਪੂਰ ਲੇਖ ਲਿਖਦੇ, ਯਾਨੀ ਕਿ ਉਸ ਸਮੇਂ ਦੀ ਕਾਂਗਰਸ ਪਾਰਟੀ ਵਾਲੇ ਰਾਹ ਉਤੇ ਚੱਲ ਰਹੇ ਸਨ। ਇਸ ਦੇ ਮੁਕਾਬਲੇ ਗਦਰ ਲਹਿਰ ਵਾਲੇ ਸਾਰੇ ਵਿਤਕਰਿਆਂ ਦਾ ਕਾਰਨ ਦੇਸ਼ ਦੀ ਗੁਲਾਮੀ ਸਮਝਦੇ ਸਨ। ਉਹ ਇਨ੍ਹਾਂ ਨੂੰ ਦੇਸ਼ ਦੀ ਆਜਾਦੀ ਲਈ ਕੁਰਬਾਨ ਹੋਣ ਵਾਲਿਆਂ ਵਿਚ ਸ਼ਾਮਲ ਹੋਣ ਲਈ ਖਿੱਚਣ ਲੱਗੇ। ਕਪੂਰ ਸਿੰਘ ਦੇ ਧਰਮ ਭਰਾ ਬਣੇ ਪਿਆਰਾ ਸਿੰਘ ਲੰਗੇਰੀ ਨੇ ਵੀ ਉਸ ਨੂੰ ਆਜ਼ਾਦੀ ਲਈ ਲੜਨ ਵਾਸਤੇ ਭਾਰਤ ਜਾਣ ਲਈ ਪ੍ਰੇਰਿਆ, ਪਰ ਕਪੂਰ ਸਿੰਘ ਨੇ ਨਾਂਹ ਕਰ ਦਿੱਤੀ। ਕਪੂਰ ਸਿੰਘ ਦੇ ਸਾਥੀ ਕਰਤਾਰ ਸਿੰਘ ਅਤੇ ਡਾ. ਸੁੰਦਰ ਸਿੰਘ ḔਸੰਸਾਰḔ ਨਾਂ ਦਾ ਪਰਚਾ ਕਢਦੇ ਸਨ। ਗਦਰੀ ਆਗੂ ਭਾਈ ਭਗਵਾਨ ਸਿੰਘ ਉਸ ਵਿਚ ਗਰਮ ਖਿਆਲੀ ਲੇਖ ਲਗਵਾਉਣਾ ਚਾਹੁੰਦੇ ਸਨ ਜਿਸ ਤੋਂ ਉਨ੍ਹਾਂ ਨਾਂਹ ਕਰ ਦਿੱਤੀ। ਇਸ ਤਰ੍ਹਾਂ ਗਰਮ ਖਿਆਲੀ ਗਦਰੀ ਇਨ੍ਹਾਂ ਦੇ ਗਰੁੱਪ ਨੂੰ ਤ੍ਰਿਸਕਾਰਨ ਲੱਗੇ। ਗਰਮ ਖਿਆਲੀਆਂ ਨੇ ḔਸੰਸਾਰḔ ਦੇ ਦਫਤਰ ਉਤੇ ਹਮਲਾ ਕੀਤਾ, ਇਨ੍ਹਾਂ ਦਾ ਗਰੁੱਪ ਲੜਨ ਵਾਲਾ ਨਹੀਂ ਸੀ; ਸੋ ḔਸੰਸਾਰḔ ਪਰਚਾ ਬੰਦ ਕਰ ਦਿੱਤਾ। ਇਨ੍ਹਾਂ ਦਾ ਗਰੁੱਪ ਗਦਰੀਆਂ ਦਾ ਦੁਸ਼ਮਣ ਨਹੀਂ ਸੀ, ਨਾ ਹੀ ਉਨ੍ਹਾਂ ਖਿਲਾਫ ਕੁਝ ਕਰਦਾ ਸੀ ਪਰ ਇਹ ਉਨ੍ਹਾਂ ਦੇ ਸਾਥ ਵੀ ਨਹੀਂ ਦੇ ਸਕਦੇ ਸਨ। ਇਹ ਉਹ ਪਰਵਾਨੇ ਨਹੀਂ ਸਨ ਜੋ ਆਜ਼ਾਦੀ ਦੀ ਸ਼ਮ੍ਹਾ ਤੋਂ ਸੜ ਕੇ ਕੁਰਬਾਨ ਹੋ ਜਾਣ। ਇਹ ਤਾਂ ਆਪਣੀ ਮੱਠੀ-ਮੱਠੀ ਅੱਗ ਬਾਲ ਕੇ ਉਸ ਨੂੰ ਸੇਕਣ ਵਾਲੇ ਸਨ। ਸੋ, ਗਦਰ ਲਹਿਰ ਦੀ ਚੜ੍ਹਤ ਸਮੇਂ ਇਹ ਬ੍ਰਿਟਿਸ਼ ਕੋਲੰਬੀਆ ਤੋਂ ਪਾਸੇ ਖਿਸਕ ਗਏ। ਕੈਨੇਡਾ ਦੇ ਸਮਾਜ ਵਿਚ ਵੱਧ ਰਚਣ ਮਿਚਣ ਲਈ ਕਪੂਰ ਸਿੰਘ ਵਾਲ ਕਟਵਾ ਕੇ ਕਲੀਨ ਸ਼ੇਵ ਹੋ ਗਿਆ ਜਦਕਿ ਕਰਤਾਰ ਸਿੰਘ ਅਤੇ ਡਾ. ਸੁੰਦਰ ਸਿੰਘ ਪਹਿਲਾਂ ਹੀ ਇਹ ਰੂਪ ਧਾਰ ਚੁੱਕੇ ਸਨ।
ਅਸਲ ਵਿਚ ਇਸ ਵਰਗ (ਕਪੂਰ ਸਿੰਘ ਵਰਗੇ ਲੋਕ) ਨੇ ਆਪਣੀ ਹੋਣੀ ਕੈਨੇਡਾ ਨਾਲ ਜੋੜ ਲਈ ਸੀ, ਉਹ ਕੈਨੇਡਾ ਵਿਚ ਹੀ ਆਪਣੇ ਬਣਦੇ ਅਧਿਕਾਰ ਲੈਣ ਲਈ ਯਤਨਸ਼ੀਲ ਸਨ। ਕੈਨੇਡਾ ਵਿਚ ਅਧਿਕਾਰਾਂ ਲਈ ਤਾਂ ਕਾਨੂੰਨੀ ਢੰਗ ਅਤੇ ਸਿਆਸੀ ਲਾਬਿੰਗ ਹੀ ਕੀਤੀ ਜਾ ਸਕਦੀ ਸੀ, ਜੋ ਉਹ ਕਰ ਰਹੇ ਸਨ। ਇਸ ਵਾਸਤੇ ਹਿੰਸਾ ਤਾਂ ਕਿਸੇ ਕੰਮ ਨਹੀਂ ਆ ਸਕਦੀ ਸੀ। ਦੂਜੀ ਧਿਰ (ਗਦਰੀ) ਨੇ ਕੈਨੇਡਾ ਨੂੰ ਛੱਡ ਕੇ ਖੁਦ ਨੂੰ ਦੇਸ਼ ਵਾਪਸੀ ਲਈ ਤਿਆਰ ਕਰ ਲਿਆ ਸੀ, ਸੋ ਉਨ੍ਹਾਂ ਲਈ ਕੈਨੇਡਾ ਦੀਆਂ ਰਹਿਣ ਹਾਲਤਾਂ ਦੀ ਬਜਾਏ ਆਪਣੇ ਦੇਸ਼ ਦੀ ਆਜ਼ਾਦੀ ਵਧੇਰੇ ਮਹੱਤਵਪੂਰਨ ਸੀ। ਆਜ਼ਾਦੀ ਲਈ ਉਹ ਸੰਸਾਰ ਜੰਗ ਦਾ ਲਾਹਾ ਲੈਣਾ ਚਾਹੁੰਦੇ ਸਨ ਅਤੇ ਜੰਗ ਦੀਆਂ ਹਾਲਤਾਂ ਵਿਚ ਹਥਿਆਰ ਜ਼ਰੂਰੀ ਹੁੰਦੇ ਹਨ। ਸੋ ਪੰਜਾਬੀ ਪਰਵਾਸੀਆਂ ਦੇ ਇਨ੍ਹਾਂ ਦੋਹਾਂ ਵਰਗਾਂ ਨੂੰ ਇੱਕ ਦੂਜੇ ਦੇ ਵਿਰੋਧ ਵਿਚ ਦੇਖਣ ਦੀ ਬਜਾਏ ਅਲੱਗ-ਅਲੱਗ ਕਾਰਜ-ਖੇਤਰਾਂ ਵਿਚ ਸੰਘਰਸ਼ ਕਰਨ ਵਾਲੇ ਕਾਮਿਆਂ ਵਜੋਂ ਹੀ ਦੇਖਣਾ ਚਾਹੀਦਾ ਹੈ। ਇਸੇ ਲਈ ਭਾਰਤ ਅਤੇ ਕੈਨੇਡਾ ਵਸਣ ਵਾਲੇ ਪੰਜਾਬੀਆਂ ਲਈ ਸੰਘਰਸ਼ ਦੇ ਇਨ੍ਹਾਂ ਦੋਹਾਂ ਰਾਹਾਂ ਦੀ ਮਹੱਤਤਾ ਵੱਖੋ-ਵੱਖਰੀ ਹੈ।
ਇਸ ਵਰਣਨ ਤੋਂ ਇਹ ਨਹੀਂ ਸਮਝਣਾ ਚਾਹੀਦਾ ਕਿ ਕਪੂਰ ਸਿੰਘ ਹੋਰੀਂ ਭਾਰਤ ਦੀ ਆਜ਼ਾਦੀ ਲਹਿਰ ਨਾਲ ਕੋਈ ਸਰੋਕਾਰ ਹੀ ਨਹੀਂ ਰਖਦੇ ਸਨ। ਭਗਤ ਸਿੰਘ ਦੇ ਮੁਕੱਦਮੇ ਲਈ ਚੰਗੇ ਵਕੀਲ ਕਰਨ ਲਈ ਉਨ੍ਹਾਂ ਨੇ ਫੰਡ ਇਕੱਠਾ ਕਰ ਕੇ ਭੇਜਿਆ ਜਿਸ ਕਰ ਕੇ ਉਨ੍ਹਾਂ ਦਾ ਨਾਂ ਪੁਲਿਸ ਦੀਆਂ ਫਾਈਲਾਂ ਵਿਚ ਦਰਜ ਹੋ ਗਿਆ ਸੀ। ਪੁਲਿਸ ਰਿਕਾਰਡ ਅਨੁਸਾਰ ਉਹ ਗਦਰੀਆਂ ਦੀ ਵੀ ਮਦਦ ਕਰਦੇ ਰਹੇ ਸਨ, ਚਾਹੇ ਖੁਦ ਉਨ੍ਹਾਂ ਵਿਚ ਸ਼ਾਮਲ ਨਹੀਂ ਹੋਏ ਸਨ।
ਕੈਨੇਡਾ ਵਿਚ ਉਸ ਨੇ ਆਪਣੇ ਭਾਈਵਾਲ ਮੇਓ ਸਿੰਘ ਨਾਲ ਰਲ ਕੇ ਲੱਕੜ ਮਿੱਲਾਂ ਸਥਾਪਿਤ ਕੀਤੀਆਂ ਜਿਥੇ ਬਹੁਤ ਸਾਰੇ ਗੋਰਿਆਂ ਅਤੇ ਜਾਪਾਨੀਆਂ ਨੂੰ ਨੌਕਰੀਆਂ ਦਿੱਤੀਆਂ। ਮਿੱਲਾਂ ਨੂੰ ਕਈ ਵਾਰ ਅੱਗ ਲੱਗਣ ਦੇ ਬਾਵਜੂਦ ਉਹ ਮੁੜ ਖੜ੍ਹੀਆਂ ਕੀਤੀਆਂ ਅਤੇ ਕੁੱਲ ਮਿਲਾ ਕੇ ਕਾਰੋਬਾਰ ਵਿਚ ਚੰਗੀ ਸਫਲਤਾ ਹਾਸਲ ਕੀਤੀ। ਆਪਣਾ ਸਮਾਜਿਕ ਦਾਇਰਾ ਕੇਵਲ ਪੰਜਾਬੀ ਭਾਈਚਾਰੇ ਤੱਕ ਹੀ ਸੀਮਿਤ ਨਹੀਂ ਰੱਖਿਆ ਸਗੋਂ ਗੋਰਿਆਂ ਨਾਲ ਵੀ ਨੇੜਲੇ ਸਬੰਧ ਬਣਾਏ। ਕੈਨੇਡਾ ਸਰਕਾਰ ਉਤੇ ਆਪਣੇ ਮਸਲਿਆਂ ਦੇ ਹੱਲ ਲਈ ਦਬਾਅ ਪਾਉਣ ਵਾਸਤੇ ਉਹ ਗੋਰੇ ਦੋਸਤਾਂ ਤੋਂ ਇਲਾਵਾ ਤਾਮਿਲ ਮੂਲ ਦੇ ਡਾ. ਦੁਰਾਈ ਪਾਲ ਪਾਂਡੀਆ ਵਰਗੇ ਕਾਬਲ ਬੰਦਿਆਂ ਦੀਆਂ ਸੇਵਾਵਾਂ ਲੈਂਦੇ ਰਹੇ। ਟੈਗੋਰ ਅਤੇ ਨਹਿਰੂ ਤੱਕ ਦੇ ਆਗੂ ਉਨ੍ਹਾਂ ਕੋਲ ਠਹਿਰਦੇ ਸਨ। ਇਨ੍ਹਾਂ ਕਦਮਾਂ ਦੇ ਕੈਨੇਡਾ ਵਿਚਲੇ ਪੰਜਾਬੀ ਭਾਈਚਾਰੇ ਲਈ ਚੰਗੇ ਸਿੱਟੇ ਨਿਕਲਣ ਲੱਗੇ। ਇਸ ਦੌਰਾਨ 1922 ਵਿਚ ਉਹ ਆਪਣੀ ਪਤਨੀ ਬਸੰਤ ਕੌਰ ਨੂੰ ਆਪਣੇ ਪਾਸ ਮੰਗਵਾਉਣ ਵਿਚ ਸਫਲ ਹੋ ਗਿਆ। ਇਸ ਉਪਰੰਤ ਉਨ੍ਹਾਂ ਦੇ ਦੋ ਲੜਕੀਆਂ ਜਗਦੀਸ਼ ਕੌਰ (ਜੈਕੀ) ਅਤੇ ਸੁਰਜੀਤ ਪੈਦਾ ਹੋਈਆਂ ਜਿਨ੍ਹਾਂ ਨੂੰ ਉਨ੍ਹਾਂ ਨੇ ਕੈਨੇਡਾ ਵਿਚ ਡਾਕਟਰ ਬਣਨ ਦੀ ਪੜ੍ਹਾਈ ਕਰਵਾਈ।

ਇਥੋਂ ਤੱਕ ਦੀ ਕਹਾਣੀ ਸਫਲ ਪਰਵਾਸੀ ਦੀ ਆਮ ਕਹਾਣੀ ਹੈ। ਅਸਲ ਵਿਚ, ਇਸ ਪਰਿਵਾਰ ਦੀ ਦੂਸਰੀ ਪੀੜ੍ਹੀ ਇਸ ਕਹਾਣੀ ਨੂੰ ਖਾਸ ਬਣਾਉਂਦੀ ਹੈ। ਉਪਰੋਕਤ ਵੇਰਵਿਆਂ ਤੋਂ ਅਸੀਂ ਜਾਣ ਗਏ ਹਾਂ ਕਿ ਕਪੂਰ ਸਿੰਘ ਕੈਨੇਡਾ ਦੇ ਸਮਾਜਿਕ ਜੀਵਨ ਵਿਚ ਪੂਰੀ ਤਰ੍ਹਾਂ ਸੈੱਟ ਹੋ ਜਾਂਦਾ ਹੈ ਪਰ ਇਸ ਦੇ ਬਾਵਜੂਦ ਉਹ ਕੈਨੇਡਾ ਵਿਚ ਜੰਮੀਆਂ ਪਲੀਆਂ ਆਪਣੀਆਂ ਦੋਹਾਂ ਲੜਕੀਆਂ ਨੂੰ ਭਾਰਤ ਨਾਲੋ ਟੁੱਟਣ ਨਹੀਂ ਦਿੰਦਾ ਸਗੋਂ ਉਨ੍ਹਾਂ ਵਿਚ ਭਾਰਤ ਪ੍ਰਤੀ ਉਤਸੁਕਤਾ ਅਤੇ ਲਗਾਓ ਬਣਾਈ ਰਖਦਾ ਹੈ। ਜਦ ਕੁੜੀਆਂ ਡਾਕਟਰੀ ਦੀ ਪੜ੍ਹਾਈ ਮੁਕੰਮਲ ਕਰ ਲੈਂਦੀਆਂ ਹਨ ਤਾਂ ਕਪੂਰ ਸਿੰਘ ਅਤੇ ਉਸ ਦੀ ਪਤਨੀ ਉਨ੍ਹਾਂ ਨੂੰ ਕਹਿੰਦੇ ਹਨ ਕਿ ਉਨ੍ਹਾਂ ਦੀ ਪੜ੍ਹਾਈ ਦੀ ਵੱਧ ਲੋੜ ਭਾਰਤ ਨੂੰ ਹੈ। ਉਹ ਬਸੰਤ ਕੌਰ ਦੇ ਪਿੰਡ ਔੜ ਵਿਚ ਹਸਪਤਾਲ ਖੋਲ੍ਹਣ ਦਾ ਸੁਪਨਾ ਉਨ੍ਹਾਂ ਨਾਲ ਸਾਂਝਾ ਕਰਦੇ ਹਨ। ਕੁੜੀਆਂ ਉਨ੍ਹਾਂ ਦੇ ਸੁਪਨੇ ਨੂੰ ਅਪਣਾਅ ਲੈਂਦੀਆਂ ਹਨ ਅਤੇ 1951 ਵਿਚ ਉਹ ਸਾਰਾ ਪਰਿਵਾਰ ਪੰਜਾਬ ਪਹੁੰਚ ਜਾਂਦਾ ਹੈ। ਪੰਜਾਬ ਵਿਚ ਉਹ ਕੁੜੀਆਂ ਦੇ ਨਾਨਕੇ ਪਿੰਡ ਔੜ ਆ ਕੇ ਰਹੇ, ਜਿਥੇ ਬਸੰਤ ਕੌਰ ਦਾ ਵੱਡ-ਅਕਾਰੀ ਪੇਕਾ ਘਰ ਸੀ ਜਿਸ ਨੂੰ ਕਿਲ੍ਹਾ ਕਿਹਾ ਜਾਂਦਾ ਸੀ।
ਮੁੰਬਈ ਵਿਚ ਭਾਰਤ ਵੜਦਿਆਂ ਸਾਰ ਹੀ ਉਨ੍ਹਾਂ ਨੂੰ ਮਾੜੇ ਤਜਰਬੇ ਸ਼ੁਰੂ ਹੋ ਗਏ। ਕੁੜੀਆਂ ਨੇ ਦੇਖਿਆ ਕਿ ਲੋਕ ਥਾਂ-ਥਾਂ ḔਖੂਨḔ ਥੁੱਕ ਰਹੇ ਹਨ ਜਿਸ ਬਾਰੇ ਉਨ੍ਹਾਂ ਨੂੰ ਬਾਅਦ ਵਿਚ ਪਤਾ ਲੱਗਿਆ ਕਿ ਇਹ ਕਿਸੇ ਬਿਮਾਰੀ ਕਾਰਨ ਨਹੀਂ ਸਗੋਂ ਪਾਨ ਨਾਂ ਦੀ ਵਸਤੂ ਚਬਾਉਣ ਦੇ ਸ਼ੌਂਕ ਕਰ ਕੇ ਹੈ। ਉਹ ਕਸਟਮ ਵਾਲਿਆਂ ਤੋਂ ਖੱਜਲ ਖੁਆਰ ਹੋਏ, ਬੈਂਕ ਵਿਚ ਪੈਸੇ ਕਢਵਾਉਣ ਸਮੇਂ ਥਾਂ-ਥਾਂ ਐਂਟਰੀਆਂ ਕਰਵਾਉਣ ਤੋਂ ਦੁਖੀ ਹੋਏ। ਪਿੰਡ ਵਿਚ ਗੰਦ, ਮੱਖੀਆਂ, ਮੱਛਰ, ਚਿੱਕੜ ਆਦਿ ਸਭ ਕੁਝ ਸੀ। 1951 ਦਾ ਪੰਜਾਬ ਅੱਜ ਵਾਲਾ ਪੰਜਾਬ ਨਹੀਂ ਸੀ। ਕੋਈ ਬਿਜਲੀ, ਟੈਲੀਫੋਨ ਨਹੀਂ ਸੀ, ਨਾ ਹੀ ਪਾਣੀ ਦੀਆਂ ਟੂਟੀਆਂ ਅਤੇ ਮਲਮੂਤਰ ਲਈ ਕਿਸੇ ਕਿਸਮ ਦੀਆਂ ਟੱਟੀਆਂ ਬਣੀਆਂ ਹੋਈਆਂ ਸਨ। ਉਨ੍ਹਾਂ ਦੇ ਕਮੀਜ਼ ਪੈਂਟਾਂ ਪਾਈਆਂ ਵੇਖ ਕੇ ਬੱਚੇ ਉਨ੍ਹਾਂ ਦੇ ਮਗਰ ਲੱਗ ਤੁਰਦੇ। ਕੁੱਲ ਮਿਲਾ ਕੇ ਜੋ ਉਨ੍ਹਾਂ ਨੇ ਆਪਣੇ ਮਾਪਿਆਂ ਤੋਂ ਗੱਲਾਂ ਸੁਣ ਸੁਣ ਕੇ ਕਲਪਨਾ ਕੀਤੀ ਹੋਈ ਸੀ, ਹਾਲਤਾਂ ਉਸ ਦੇ ਬਿਲਕੁਲ ਉਲਟ ਸਨ।
ਕੁਝ ਮਹੀਨਿਆਂ ਬਾਅਦ, ਇਕ ਵਾਰ ਸਾਰਾ ਪਰਿਵਾਰ ਕੈਨੇਡਾ ਮੁੜ ਗਿਆ। ਕੁੜੀਆਂ ਨੇ ਉਥੇ ਅੱਗੇ ਡਾਕਟਰੀ ਵਿਚ ਪੋਸਟ-ਗਰੈਜ਼ੂਏਸ਼ਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਪਰ ਪਰਿਵਾਰ ਵਿਚੋਂ ਪੰਜਾਬ ਵਿਚ ਹਸਪਤਾਲ ਖੋਲ੍ਹਣ ਦਾ ਸੁਪਨਾ ਮਰਿਆ ਨਹੀਂ ਸੀ। ਕੁੜੀਆਂ ਵੀ ਐਨੀਆਂ ਕੁ ਸਮਝਦਾਰ ਸਨ ਕਿ ਜੇ ਉਨ੍ਹਾਂ ਆਪਣੇ ਮਾਪਿਆਂ ਦੀ ਖਾਹਿਸ਼ ਪੂਰੀ ਕਰਨੀ ਹੈ ਤਾਂ ਉਨ੍ਹਾਂ ਨੂੰ ਭਾਰਤ ਵਿਚ ਰਹਿਣ ਸਹਿਣ ਬਾਰੇ ਆਪਣਾ ਨਜ਼ਰੀਆ ਬਦਲਣਾ ਪਵੇਗਾ। ਇਸ ਦੌਰਾਨ ਉਹ ਦੋਵੇਂ ਭੈਣਾਂ ਅਧਿਆਤਮਕ ਗੁਰੂਆਂ ਮਗਰ ਵੀ ਭਟਕਦੀਆਂ ਰਹੀਆਂ ਸਨ ਪਰ ਉਥੋਂ ਵੀ ਉਨ੍ਹਾਂ ਨੂੰ ਕੋਈ ਖਾਸ ਤਸੱਲੀ ਨਹੀਂ ਹੋਈ ਸੀ। ਸੋ ਉਹ ਆਪਣੇ ਪਿਤਰੀ ਦੇਸ਼ ਦੇ ਲੋਕਾਂ ਦੀ ਸੇਵਾ ਵਿਚੋਂ ਜੀਵਨ ਦੀ ਸਾਰਥਿਕਤਾ ਲੱਭਣ ਅਤੇ ਆਪਣੇ ਮਾਪਿਆਂ ਦਾ ਸੁਪਨਾ ਪੂਰਾ ਕਰਨ ਲਈ 1957 ਵਿਚ ਮੁੜ ਪੰਜਾਬ ਆ ਜਾਂਦੀਆਂ ਹਨ। ਇਥੇ ਫਿਰ ਉਹੀ ਜਦੋਜਹਿਦ ਚਲਦੀ ਹੈ; ਸਰਕਾਰੀ ਕੰਮਾਂ ਦੀਆਂ ਉਲਝਣਾਂ, ਲੋਕਾਂ ਦਾ ਮੱਠਾ ਹੁੰਗਾਰਾ, ਰਹਿਣ ਸਹਿਣ ਦੀਆਂ ਔਖੀਆਂ ਹਾਲਤਾਂ। ਇਸ ਤੋਂ ਪਰਿਵਾਰ ਕਦੇ ਨਿਰਾਸ਼ ਹੁੰਦਾ ਅਤੇ ਕਦੇ ਉਤਸ਼ਾਹ ਵਿਚ ਆ ਜਾਂਦਾ, ਵਿਚ-ਵਿਚ ਉਹ ਕੈਨੇਡਾ ਵੀ ਚਲੇ ਜਾਂਦੇ, ਫਿਰ ਵੀ ਉਹ ਆਪਣੇ ਮਿਸ਼ਨ ਨੂੰ ਪੂਰਾ ਕਰਨ ਵਿਚ ਲੱਗੇ ਰਹੇ। ਉਨ੍ਹਾਂ ਕੈਰੋਂ ਤੋਂ ਲੈ ਕੇ ਨਹਿਰੂ, ਇੰਦਰਾ ਗਾਂਧੀ ਨਾਲ ਇਸ ਪ੍ਰੋਜੈਕਟ ਬਾਰੇ ਮੁਲਾਕਾਤਾਂ ਕੀਤੀਆਂ। ਆਖਰ Ḕਕਪੂਰ ਸਿੰਘ ਕੈਨੇਡੀਅਨ ਹਸਪਤਾਲḔ ਬਣ ਕੇ ਤਿਆਰ ਹੋ ਗਿਆ ਜਿਸ ਦਾ 7 ਅਕਤੂਬਰ 1959 ਨੂੰ ਇੰਦਰਾ ਗਾਂਧੀ ਦੇ ਹੱਥੋਂ ਉਦਘਾਟਨ ਕਰਵਾਇਆ ਗਿਆ।
ਇਸ ਤੋਂ ਬਾਅਦ ਇਲਾਕੇ ਵਿਚ ਕੈਨੇਡੀਅਨ ਭੈਣਾਂ ਵਜੋਂ ਮਸ਼ਹੂਰ ਹੋਈਆਂ ਸੁਰਜੀਤ ਅਤੇ ਜੈਕੀ ਡਾਕਟਰਾਂ ਵਜੋਂ ਇਸ ਹਸਪਤਾਲ ਵਿਚ ਸੇਵਾਵਾਂ ਦਿੰਦੀਆਂ ਰਹੀਆਂ। ਸੁਰਜੀਤ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਵਤਾਰ ਸਿੰਘ ਅਟਵਾਲ ਨਾਲ ਵਿਆਹ ਕਰਵਾ ਲਿਆ ਜੋ ਵਿਦੇਸ਼ ਵਿਚੋਂ ਪੀ.ਐਚ.ਡੀ. ਕਰ ਕੇ ਆਇਆ ਸੀ। ਇਸੇ ਤਰ੍ਹਾਂ ਜੈਕੀ ਨੇ ਏਧਰ ਹੀ ਡੌਨੀ ਲੂਥਰ ਨਾਂ ਦੇ ਸ਼ਖਸ ਨਾਲ ਸ਼ਾਦੀ ਕਰਵਾ ਲਈ। ਇਸ ਦੌਰਾਨ ਉਹ ਹਰ ਸਾਲ ਕ੍ਰਿਸ਼ਨਾਮੂਰਤੀ ਦੇ ਭਾਸ਼ਨ ਸੁਣਨ ਸਵਿਟਜ਼ਰਲੈਂਡ ਵੀ ਜਾਂਦੀਆਂ ਰਹੀਆਂ ਅਤੇ ਆਪਣੇ ਬਚਪਨ ਦੇ ਦੇਸ਼ ਕੈਨੇਡਾ ਵੀ, ਪਰ ਉਨ੍ਹਾਂ ਨੇ ਹਸਪਤਾਲ ਨੂੰ ਉਸੇ ਲਗਨ ਨਾਲ ਚਲਾਇਆ। ਉਂਜ ਕੈਨੇਡਾ ਵਿਚ ਵੀ ਉਨ੍ਹਾਂ ਕ੍ਰਿਸ਼ਨਾਮੂਰਤੀ ਦੇ ਵਿਚਾਰਾਂ ਨੂੰ ਪ੍ਰਚਾਰਨ ਲਈ ਸੈਂਟਰ ਸਥਾਪਿਤ ਕੀਤਾ।
ਇਸ ਤਰ੍ਹਾਂ ਪੰਜਾਬੀ ਪਰਵਾਸੀਆਂ ਦੀ ਇਹ ਨਿਵੇਕਲੀ ਗਾਥਾ ਹੈ। ਇਹ ਕਪੂਰ ਸਿੰਘ ਵਰਗੇ ਲੋਕਾਂ ਦੀਆਂ ਕੋਸ਼ਿਸ਼ਾਂ ਦਾ ਸਿੱਟਾ ਹੈ ਕਿ ਜਿਨ੍ਹਾਂ ਪੰਜਾਬੀਆਂ ਲਈ ਵੋਟ ਦਾ ਹੱਕ ਵੀ ਨਹੀਂ ਸੀ, ਅੱਜ ਕੈਨੇਡਾ ਵਿਚ ਉਹ ਪੰਜਾਬੀ ਐਮ.ਐਲ਼ਏ., ਮੰਤਰੀ ਅਤੇ ਮੁੱਖ ਮੰਤਰੀ ਤੱਕ ਬਣ ਰਹੇ ਹਨ। ਇਹ ਹੈਰਾਨੀਜਨਕ ਵਰਤਾਰਾ ਵੀ ਕਪੂਰ ਸਿੰਘ ਅਤੇ ਉਸ ਦੀ ਪਤਨੀ ਦੀਆਂ ਕੋਸ਼ਿਸ਼ਾਂ ਦਾ ਹੀ ਸਿੱਟਾ ਸੀ ਕਿ ਕੈਨੇਡਾ ਦੀਆਂ ਜੰਮਪਲ ਹੋ ਕੇ, ਉਥੋਂ ਉਚ ਡਾਕਟਰੀ ਸਿੱਖਿਆ ਹਾਸਲ ਕਰਕੇ, ਉਨ੍ਹਾਂ ਦੀਆਂ ਕੁੜੀਆਂ ਪੰਜਾਬ ਨੂੰ ਆਪਣੀ ਕਰਮਭੂਮੀ ਬਣਾਉਂਦੀਆਂ ਹਨ। ਇਹ ਵੀ ਕੁਰਬਾਨੀ ਸੀ, ਪਰ ਜਿਹੋ ਜਿਹੀਆਂ ਕੁਰਬਾਨੀਆਂ ਦੀਆਂ ਕਹਾਣੀਆਂ ਪਾਉਣ ਦੇ ਅਸੀਂ ਆਦੀ ਹਾਂ, ਇਹ ਉਨ੍ਹਾਂ ਤੋਂ ਵੱਖਰੀ ਤਰ੍ਹਾਂ ਦੀ ਕੁਰਬਾਨੀ ਸੀ।
ਲੇਖਕ ਹੀਉ ਜੌਹਨਸਟਨ ਦਾ ਕੰਮ ਸ਼ਲਾਘਾਯੋਗ ਹੈ, ਹਰਪ੍ਰੀਤ ਸੇਖਾ ਨੇ ਅਨੁਵਾਦ ਵੀ ਵਧੀਆ ਕੀਤਾ ਹੈ ਪਰ ਪੁਸਤਕ ਵਿਚ ਬੇਲੋੜਾ ਵਿਸਥਾਰ ਇਸ ਦੀ ਪੜ੍ਹਨਯੋਗਤਾ ਨੂੰ ਘਟਾਉਂਦਾ ਹੈ। ਪਰਿਵਾਰ ਦੇ ਵਾਹ ਵਿਚ ਆਉਂਦੇ ਰਹੇ ਹਰ ਬੰਦੇ ਬਾਰੇ ਲਿਖਣਾ, ਉਨ੍ਹਾਂ ਦੇ ਕੁੱਤਿਆਂ ਤੱਕ ਬਾਰੇ ਵਰਣਨ ਕਰਨਾ, ਨਾਵਲਾਂ ਵਾਂਗ ਮਾਹੌਲ ਦਾ ਚਿਤਰਨ ਕਰਨਾ, ਆਦਿ ਗੱਲਾਂ ਤੋਂ ਬਿਨਾਂ ਸਰ ਸਕਦਾ ਸੀ। ਅਜਿਹੀਆਂ ਕੁਝ ਕਮੀਆਂ ਦੇ ਬਾਵਜੂਦ ਇਹ ਪੁਸਤਕ ਪੰਜਾਬੀ ਪਰਵਾਸੀ ਵਰਤਾਰੇ ਦੇ ਨਵੇਂ ਪਸਾਰ ਪਾਠਕ ਦੇ ਸਨਮੁੱਖ ਕਰਦੀ ਹੈ।