ਮੋਗੇ ਦਾ ਸਰਦਾਰ

ਡਾ. ਨਰਿੰਦਰ ਸਿੰਘ ਕਪਾਨੀ ਸਾਇੰਸਦਾਨੀ ਹੀ ਨਹੀਂ, ਸਿਰੇ ਦਾ ਉਦਮੀ ਅਤੇ ਸਭਿਆਚਾਰਕ ਜਿਊੜਾ ਵੀ ਹੈ। ਉਸ ਨੂੰ ਫਾਈਬਰ ਔਪਟਿਕਸ ਦਾ ਪਿਤਾਮਾ ਕਿਹਾ ਜਾਂਦਾ ਹੈ। ਨੋਬੇਲ ਪੁਰਸਕਾਰ ਵਾਲਿਆਂ ਨੇ ਭਾਵੇਂ ਉਸ ਨੂੰ ਅਣਗੌਲਿਆ ਕੀਤਾ, ਪਰ ਉਸ ਦੀ ਦੇਣ ਨੂੰ ਭੁਲਾਇਆਂ ਵੀ ਨਹੀਂ ਭੁਲਾਇਆ ਜਾ ਸਕਦਾ। ਇਸ ਲੇਖ ਵਿਚ ਡਾ. ਕੁਲਦੀਪ ਸਿੰਘ ਧੀਰ ਨੇ ਵਿਸਥਾਰ ਸਹਿਤ ਚਰਚਾ ਕੀਤੀ ਹੈ।

-ਸੰਪਾਦਕ

ਡਾ. ਕੁਲਦੀਪ ਸਿੰਘ ਧੀਰ
ਪੰਜਾਬ ਦੇ ਨਿੱਕੇ ਜਿਹੇ ਸ਼ਹਿਰ ਮੋਗੇ ਦਾ ਜੰਮਪਲ ਸਰਦਾਰ ਭੌਤਿਕ ਵਿਗਿਆਨ ਦੇ ਨੋਬੇਲ ਪੁਰਸਕਾਰ ਦਾ ਤਕੜਾ ਦਾਅਵੇਦਾਰ ਸੀ। ਉਸ ਦੇ ਨਾਂ ਦਾ ਜ਼ਿਕਰ ਕਈ ਵਾਰ ਤੁਰਿਆ ਅਤੇ ਉਸੇ ਦੇ ਸ਼ੁਰੂ ਕੀਤੇ ਖੇਤਰ ਵਿਚ ਹੀ ਨੋਬੇਲ ਪੁਰਸਕਾਰ ਦਿੱਤਾ ਗਿਆ ਪਰ ਉਸ ਨੂੰ ਨਹੀਂ, ਚਾਰਲਸ ਕੇ. ਕਾਓ ਨੂੰ। ਸ਼ਿਵਾਨੰਦ ਕਾਨਵੀ ਨਾਂ ਦੇ ਭੌਤਿਕ ਵਿਗਿਆਨੀ ਨੇ ਆਪਣੀ ਕਿਤਾਬ Ḕਸੈਂਡ ਟੂ ਸਿਲੀਕਾਨḔ ਵਿਚ ਇਸ ਬਾਰੇ ਤੱਥਾਂ ਅਤੇ ਦਲੀਲਾਂ ਆਸਰੇ ਵਿਸਥਾਰ ਸਹਿਤ ਵਿਗਿਆਨਕ ਚਰਚਾ ਕੀਤੀ ਹੈ। ਅੱਜ ਕੱਲ੍ਹ ਇਹ ਸਰਦਾਰ ਅਮਰੀਕੀ ਨਾਗਰਿਕ ਹੈ। ਉਹ ਸਿਰਫ ਕੁਰਸੀ ਉਤੇ ਬਹਿ ਕੇ ਪੜ੍ਹਾਉਣ ਵਾਲਾ ਪ੍ਰੋਫੈਸਰ ਨਹੀਂ ਸਗੋਂ ਆਪਣੀ ਖੋਜ ਨੂੰ ਵਿਹਾਰਕ ਤਕਨਾਲੋਜੀ ਦੇ ਖੇਤਰ ਵਿਚ ਉਤਾਰ ਕੇ ਭਾਂਤ-ਭਾਂਤ ਦੀਆਂ ਸਮੱਸਿਆਵਾਂ ਹੱਲ ਕਰਨੀਆਂ ਜਾਣਦਾ ਹੈ।
ਇਸ ਪੱਖੋਂ ਇੱਕ-ਦੋ ਜਾਂ ਪੰਜ-ਦਸ ਨਹੀਂ, ਇੱਕ ਸੌ ਤੋਂ ਵਧੇਰੇ ਪੇਟੈਂਟ ਉਸ ਦੀਆਂ ਕਾਢਾਂ ਦੇ ਉਸ ਕੋਲ ਹਨ। ਉਚਾ-ਲੰਮਾ, ਸਾਬਤ ਸੂਰਤ, ਦਾੜ੍ਹੀ ਪਗੜੀ ਵਾਲਾ, ਰੋਅਬ-ਦਾਬ ਵਾਲਾ ਇਹ ਸਰਦਾਰ ਉਦਯੋਗਪਤੀ ਵੀ ਹੈ, ਪ੍ਰੋਫੈਸਰ ਵੀ, ਖੋਜੀ ਵੀ, ਸਿੱਖ ਸਭਿਆਚਾਰ ਦੀ ਸੁਰੱਖਿਆ, ਪ੍ਰਚਾਰ ਤੇ ਪਸਾਰ ਲਈ ਲੱਖਾਂ ਡਾਲਰ ਖਰਚ ਕਰਨ ਵਾਲਾ ਦਾਨੀ ਵੀ। ਉਹ ਕਈ ਯੂਨੀਵਰਸਿਟੀਆਂ ਦਾ ਵਿਜ਼ਿਟਿੰਗ ਸਕਾਲਰ ਤੇ ਕੰਸਲਟੈਂਟ ਹੈ। ਉਹ ਉਦਯੋਗਿਕ ਉਦਮੀ ਹੈ ਤੇ ਹੋਰਾਂ ਨੂੰ ਇਸ ਲਈ ਪ੍ਰੇਰਦਾ ਅਤੇ ਉਤਸ਼ਾਹਿਤ ਕਰਦਾ ਹੈ। ਵੱਡੀਆਂ-ਵੱਡੀਆਂ ਕੰਪਨੀਆਂ ਸਥਾਪਤ ਕਰਨਾ, ਪੱਕੇ ਪੈਰੀਂ ਖੜ੍ਹੀਆਂ ਕਰਨਾ, ਵੇਚਣਾ ਤੇ ਫਿਰ ਨਵੀਆਂ ਕੰਪਨੀਆਂ ਸਥਾਪਤ ਕਰ ਦੇਣਾ ਉਸ ਨੂੰ ਕਦੇ ਔਖਾ ਨਹੀਂ ਲੱਗਾ। ਇਸ ਅਨੋਖੀ ਤੇ ਬਹੁਮੁਖੀ ਪੰਜਾਬੀ ਪ੍ਰਤਿਭਾ ਬਾਰੇ ਬੜੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ।
ਇਹ ਸਰਦਾਰ ਡਾ. ਨਰਿੰਦਰ ਸਿੰਘ ਕਪਾਨੀ ਹੈ। ਮੂਲ ਰੂਪ ਵਿਚ ਉਹ ਭੌਤਿਕ ਵਿਗਿਆਨੀ ਹੈ। ਉਸ ਨੇ ਭੌਤਿਕ ਵਿਗਿਆਨ ਵਿਚ ਨਵੇਂ ਖੇਤਰ ਦੀ ਸ਼ੁਰੂਆਤ ਕੀਤੀ ਜਿਸ ਨੂੰ ਫਾਈਬਰ ਔਪਟਿਕਸ ਕਿਹਾ ਜਾਂਦਾ ਹੈ। ਉਸ ਨੂੰ ਇਸ ਖੇਤਰ ਦੇ ਪਿਤਾਮਾ (ਫਾਦਰ ਆਫ ਫਾਈਬਰ ਔਪਟਿਕਸ) ਦੇ ਵਿਸ਼ੇਸ਼ਣ ਨਾਲ ਦੁਨੀਆਂ ਭਰ ਵਿਚ ਜਾਣਿਆ ਜਾਂਦਾ ਹੈ। ਉਸ ਬਾਰੇ ਹੋਰ ਗੱਲਾਂ ਕਰਨ ਤੋਂ ਪਹਿਲਾਂ ਰਤਾ ਕੁ ਉਸ ਦੇ ਜੀਵਨ ਬਾਰੇ ਗੱਲ ਕਰਨੀ ਬਣਦੀ ਹੈ ਜਿਸ ਬਾਰੇ ਉਹ ਆਪ ਵੀ ਬਹੁਤੀ ਗੱਲ ਨਹੀਂ ਕਰਦਾ। ਉਸ ਦਾ ਜਨਮ ਮੋਗੇ ਵਿਚ 31 ਅਕਤੂਬਰ 1926 ਨੂੰ ਹੋਇਆ। ਮੁੱਢਲੇ ਕੁਝ ਵਰ੍ਹੇ ਮੋਗੇ ਵਿਚ ਗੁਜ਼ਾਰ ਕੇ ਉਹ ਦੇਹਰਾਦੂਨ ਚਲਾ ਗਿਆ। ਉਥੇ ਉਸ ਦੇ ਪਿਤਾ ਨੇ ਗੁਰੂ ਨਾਨਕ ਪ੍ਰਾਇਮਰੀ ਸਕੂਲ ਸ਼ੁਰੂ ਕੀਤਾ ਜੋ ਬਾਅਦ ਵਿਚ ਗੁਰੂ ਨਾਨਕ ਪਬਲਿਕ ਸਕੂਲ ਬਣਿਆ। ਇਸੇ ਨਾਮ ਨਾਲ ਬਾਅਦ ਵਿਚ ਦੋ ਕਾਲਜ ਬਣੇ। ਇੱਕ ਮੁੰਡਿਆਂ ਦਾ ਅਤੇ ਦੂਜਾ ਕੁੜੀਆਂ ਦਾ। ਉਸ ਦੇ ਪਿਤਾ ਨੇ ਬਿਨਾਂ ਕੋਈ ਪੈਸਾ ਲਏ ਇਨ੍ਹਾਂ ਸੰਸਥਾਵਾਂ ਦੀ ਸਥਾਪਨਾ ਤੇ ਪ੍ਰਬੰਧ ਚੁਰਾਨਵੇਂ ਸਾਲ ਦੀ ਉਮਰ ਤੱਕ ਕੀਤੇ। ਇੰਜ ਮਿਹਨਤ, ਉਦਮ, ਸੇਵਾ ਤੇ ਸਿੱਖ ਸਿਧਾਂਤਾਂ ਨਾਲ ਪ੍ਰਤੀਬੱਧਤਾ ਨਰਿੰਦਰ ਸਿੰਘ ਨੂੰ ਵਿਰਸੇ ਵਿਚ ਮਿਲੀ।
ਉਸ ਨੇ ਆਗਰਾ ਯੂਨੀਵਰਸਿਟੀ ਤੋਂ ਬੀ.ਐਸ਼ਸੀ. ਕੀਤੀ। ਇਸ ਉਪਰੰਤ ਅਗਲੇਰੀ ਪੜ੍ਹਾਈ ਲਈ ਇੰਪੀਰੀਅਲ ਕਾਲਜ, ਲੰਡਨ ਚਲਾ ਗਿਆ। ਲੰਡਨ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਹੀ ਭਾਰਤ ਵਿਚ ਆਰਡੀਨੈਂਸ ਫੈਕਟਰੀ ਵਿਚ ਕੰਮ ਕੀਤਾ। ਇਹ ਕੰਮ ਤਕਨੀਕੀ ਕਿਸਮ ਦਾ ਸੀ ਅਤੇ ਇਸੇ ਵਿਚ ਅਗਲੇਰੀ ਖੋਜ ਲਈ ਉਹ ਲੰਡਨ ਗਿਆ। ਸਕੂਲ, ਕਾਲਜ ਅਤੇ ਨੌਕਰੀ ਦੇ ਇਸ ਸਾਰੇ ਸਮੇਂ ਦੌਰਾਨ ਉਸ ਦੇ ਦਿਮਾਗ ਵਿਚ ਇਹ ਗੱਲ ਵਾਰ-ਵਾਰ ਆਉਂਦੀ ਕਿ ਸਿੱਧੀ ਲਕੀਰ ਵਿਚ ਤੁਰਦੀ ਰੌਸ਼ਨੀ ਦਾ ਰਾਹ ਮੋੜ ਕੇ ਇਸ ਨੂੰ ਦੂਰ ਤੱਕ ਵਿੰਗੇ-ਟੇਢੇ ਰਾਹਾਂ ਉਤੇ ਨਹੀਂ ਤੋਰਿਆ ਜਾ ਸਕਦਾ? ਇੰਜ ਕਰ ਕੇ ਸ਼ੀਸ਼ੇ ਦੀਆਂ ਵਿੰਗੀਆਂ-ਟੇਢੀਆਂ ਲੰਮੀਆਂ ਟਿਊਬਾਂ ਵਿਚ ਇੱਕ ਸਿਰੇ ਤੋਂ ਭੇਜੇ ਰੌਸ਼ਨੀ ਦੇ ਸਿਗਨਲ ਦੂਜੇ ਸਿਰੇ ਉਤੇ ਮਿਲ ਸਕਦੇ ਹਨ। ਇਸ ਨਾਲ ਕਈ ਕੰਮ ਹੋ ਸਕਦੇ ਹਨ। ਮਨੁੱਖੀ ਸਰੀਰ ਅੰਦਰਲੇ ਕਿਸੇ ਹਿੱਸੇ ਦੀ ਤਸਵੀਰ ਮਿਲ ਸਕਦੀ ਹੈ। ਇਸ ਬਾਰੇ ਉਹ ਭਾਂਤ-ਭਾਤ ਦੀਆਂ ਸ਼ੀਸ਼ੇ ਦੀਆਂ ਟਿਊਬਾਂ ਨੂੰ ਅੰਦਰੋਂ ਪਾਲਿਸ਼ ਕਰ ਕੇ ਵਰਤਦਾ। ਇਸ ਨਾਲ ਪੂਰਨ ਅੰਦਰੂਨੀ ਪਰਾਵਰਤਨ (ਟੋਟਲ ਇੰਟਰਨਲ ਰਿਫਲੈਕਸ਼ਨ) ਦੀ ਵਰਤੋਂ ਕਰ ਕੇ ਅੱਗੇ ਤੁਰਿਆ।
ਇਸ ਦੌਰਾਨ ਉਹ ਰੌਸ਼ਨੀ ਦੇ ਮੂਲ ਸਿਗਨਲ ਵਿਚ ਆਈ ਕਮਜ਼ੋਰੀ ਨੂੰ ਖਤਮ ਕਰਨ ਦੇ ਨਵੇਂ-ਨਵੇਂ ਤਰੀਕੇ ਲੱਭਦਾ ਰਿਹਾ। ਇਹ ਕਾਰਜ ਨਿਰਾ ਸਿਧਾਂਤਕ ਨਹੀਂ, ਸਗੋਂ ਵਿਹਾਰਕ ਅਤੇ ਤਕਨੀਕੀ ਵੀ ਸੀ। ਲੰਡਨ ਵਿਚ ਵੀ ਉਸ ਨੇ ਇਹ ਕਾਰਜ ਜਾਰੀ ਰੱਖਿਆ। ਇੰਪੀਰੀਅਲ ਕਾਲਜ ਵਿਚ ਪੜ੍ਹਾਈ ਖਤਮ ਹੋਣ ਉਤੇ ਉਸ ਨੂੰ ਆਪਣੇ ਮਨਭਾਉਂਦੇ ਖੇਤਰ ਵਿਚ ਖੋਜ ਲਈ ਰਾਇਲ ਸੁਸਾਇਟੀ ਆਫ ਇੰਜਨੀਅਰਿੰਗ ਨੇ ਵਜ਼ੀਫਾ ਦੇ ਦਿੱਤਾ। ਉਸ ਨੇ 18 ਮਹੀਨੇ ਖੋਜ ਕੀਤੀ। ਕਈ ਖੋਜ ਪੱਤਰ ਲਿਖੇ। ਉਸ ਨੂੰ ਇਸ ਖੇਤਰ ਵਿਚ ਕਾਫੀ ਸਫਲਤਾ ਮਿਲੀ। ਉਸ ਨੇ ਆਪਣੇ ਖੋਜ ਪੱਤਰ ਅਤੇ ਕੰਮ ਦੀ ਰਿਪੋਰਟ ਆਪਣੇ ਖੋਜ ਨਿਗਰਾਨ ਨੂੰ ਦਿੱਤੀ ਅਤੇ ਦੱਸਿਆ, “ਹੁਣ ਮੈਂ ਆਪਣੇ ਦੇਸ਼ ਪਰਤ ਕੇ ਕੰਮ ਸ਼ੁਰੂ ਕਰਨਾ ਚਾਹੁੰਦਾ ਹਾਂ। ਮੈਂ ਇਨ੍ਹਾਂ ਸਿਧਾਂਤਾਂ ਦੀ ਵਿਹਾਰਕ ਵਰਤੋਂ ਕਰਾਂਗਾ।”
ਨਰਿੰਦਰ ਸਿੰਘ ਕਪਾਨੀ ਦੇ ਨਿਗਰਾਨ ਪ੍ਰੋਫੈਸਰ ਨੇ ਕਿਹਾ, “ਕੰਮ ਤੂੰ ਬਾਅਦ ਵਿਚ ਸ਼ੁਰੂ ਕਰੀਂ, ਤੇਰਾ ਖੋਜ ਕਾਰਜ ਠੀਕ ਲੀਹ ਉਤੇ ਤੁਰ ਰਿਹਾ ਹੈ। ਤੂੰ ਡਾਕਟਰੇਟ ਦੀ ਡਿਗਰੀ ਲੈ ਕੇ ਜਾ।” ਕਪਾਨੀ ਹੱਸ ਪਿਆ। ਉਸ ਦਾ ਮੰਨਣਾ ਹੈ ਕਿ ਪ੍ਰੋਫੈਸਰ ਤੇ ਡਾਕਟਰ ਅਕਸਰ ਹੀ ਉਦਯੋਗਿਕ ਉਦਮੀ ਬਣਨ ਤੋਂ ਕਤਰਾਉਂਦੇ ਹਨ ਅਤੇ ਆਰਾਮਪ੍ਰਸਤ ਹੋ ਜਾਂਦੇ ਹਨ ਪਰ ਉਸ ਦਾ ਨਿਗਰਾਨ ਪਿੱਛੇ ਪੈ ਗਿਆ। ਉਸ ਨੇ ਲੰਡਨ ਯੂਨੀਵਰਸਿਟੀ ਦੀ ਸੈਨੇਟ ਤੋਂ ਇਜਾਜ਼ਤ ਲਈ ਅਤੇ ਕਪਾਨੀ ਨੂੰ ਥੀਸਿਜ਼ ਲਿਖਣਾ ਸ਼ੁਰੂ ਕਰਨ ਲਈ ਕਿਹਾ। ਕਪਾਨੀ ਨੇ ਬਿਨਾਂ ਕਿਸੇ ਢਿੱਲ ਦੇ ਥੀਸਿਜ਼ ਪੂਰਾ ਕੀਤਾ ਅਤੇ 1955 ਵਿਚ ਉਹ ਡਾਕਟਰ ਬਣ ਗਿਆ।
ਵਿਗਿਆਨੀ ਵਜੋਂ ਉਸ ਦਾ ਪਹਿਲਾ ਖੋਜ ਪੱਤਰ Ḕਨੇਚਰ ਜਨਰਲḔ ਵਿਚ ਡਾਕਟਰੇਟ ਤੋਂ ਪਹਿਲਾਂ ਹੀ 1954 ਵਿਚ ਪ੍ਰਕਾਸ਼ਿਤ ਹੋ ਗਿਆ ਸੀ। ਇਸ ਦੀ ਮੂਲ ਧਾਰਨਾ ਸੀ ਕਿ ਸ਼ੀਸ਼ੇ ਦੇ ਮੁੜੇ ਹੋਏ ਰੇਸ਼ਿਆਂ ਵਿਚੋਂ ਰੌਸ਼ਨੀ ਦੂਰ ਤੱਕ ਲੰਘਾਉਣੀ ਸੰਭਵ ਹੈ। ਇਸੇ ਵਿਸ਼ੇ ਉਤੇ ਉਸ ਦਾ ਸਿਧਾਂਤਕ ਖੋਜ ਪੱਤਰ Ḕਸਾਇੰਟਿਫਿਕ ਅਮੈਰੀਕਨḔ ਵਿਚ 1960 ਵਿਚ ਛਪਿਆ। ਇਸ ਵਿਚ ਉਸ ਨੇ ਫਾਈਬਰ ਔਪਟਿਕਸ ਦਾ ਸੰਕਲਪ ਸਮਝਾਇਆ। ਇਹ ਨਵੇਂ ਵਿਗਿਆਨ ਦਾ ਜਨਮ ਸੀ। ਸੰਕਲਪਿਤ ਵਿਗਿਆਨ ਦੇ ਵਿਕਾਸ ਦੇ ਸਿਧਾਂਤ/ਵਿਹਾਰ ਨਾਲ ਸਬੰਧਿਤ ਕਪਾਨੀ ਨੇ ਤਕਰੀਬਨ 150 ਖੋਜ ਪੱਤਰ ਲਿਖੇ ਹਨ। ਉਸ ਨੂੰ ਇਸ ਵਿਗਿਆਨ ਦਾ ਪਿਤਾਮਾ ਮੰਨਿਆ ਜਾਂਦਾ ਹੈ। ਉਸ ਦੇ 1954 ਤੋਂ 1960 ਦੇ ਖੋਜ ਪੱਤਰ ਅੱਜ ਇਸ ਵਿਗਿਆਨ ਦੇ ਨਵੇਂ ਖੋਜਾਰਥੀਆਂ ਲਈ ਮੂਲ ਹਵਾਲਾ ਬਿੰਦੂ ਹਨ। ਕਪਾਨੀ ਨੇ ਔਪਟੋ-ਇਲੈਕਟਰਾਨਿਕਸ ਦੇ ਖੇਤਰ ਵਿਚ ਵੀ ਕੰਮ ਕੀਤਾ ਅਤੇ ਉਦਯੋਗਿਕ ਉਦਮੀ ਵਜੋਂ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਔਪਟੋ-ਇਲੈਕਟਰਾਨਿਕਸ ਅਤੇ ਉਦਯੋਗਿਕ ਉਦਮਾਂ ਸਬੰਧੀ ਉਸ ਨੇ ਕਈ ਕਿਤਾਬਾਂ ਲਿਖੀਆਂ ਤੇ ਲੈਕਚਰ ਦਿੱਤੇ।
ਡਾਕਟਰੇਟ ਮੁਕੰਮਲ ਕਰਨ ਤੋਂ ਬਾਅਦ ਨਰਿੰਦਰ ਸਿੰਘ ਕਪਾਨੀ ਨੇ ਇਟਲੀ ਵਿਚ ਫਲੋਰੈਂਸ ਵਿਖੇ ਹੋਈ ਫਾਈਬਰ ਔਪਟਿਕਸ ਕਾਨਫਰੰਸ ਵਿਚ ਪੇਪਰ ਪੜ੍ਹਿਆ ਤਾਂ ਅਮਰੀਕਾ ਦੀ ਰੋਚੈਸਟਰ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ਨੇ ਉਸ ਨੂੰ ਭਾਰਤ ਪਰਤਣ ਦੀ ਥਾਂ ਅਮਰੀਕਾ ਦੀ ਰੋਚੈਸਟਰ ਯੂਨੀਵਰਸਿਟੀ ਵਿਚ ਪੜ੍ਹਾਉਣ ਲਈ ਮਨਾ ਲਿਆ। 1954 ਵਿਚ ਉਸ ਦਾ ਸਤਿੰਦਰ ਕੌਰ ਨਾਲ ਵਿਆਹ ਵੀ ਹੋ ਗਿਆ ਸੀ। ਉਹ ਪਤਨੀ ਸਮੇਤ ਅਮਰੀਕਾ ਜਾ ਪੁੱਜਾ। ਉਸ ਨੇ ਪਹਿਲਾਂ ਰੋਚੈਸਟਰ ਯੂਨੀਵਰਸਿਟੀ ਅਤੇ ਫਿਰ ਇਲੀਨਾਏ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਪੜ੍ਹਾਇਆ। ਉਹ ਸਟੈਂਫਰਡ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਦਾ ਵਿਜ਼ਿਟਿੰਗ ਸਕਾਲਰ ਲੱਗਾ। ਇਸੇ ਯੂਨੀਵਰਸਿਟੀ ਦੇ ਇਲੈਕਟਰੀਕਲ ਇੰਜਨੀਅਰਿੰਗ ਵਿਭਾਗ ਦੀ ਕਨਸਲਟੈਂਟ ਪ੍ਰੋਫੈਸਰੀ ਕੀਤੀ। ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਵਿਚ ਰੀਜੈਂਟਸ ਪ੍ਰੋਫੈਸਰ ਲੱਗਿਆ। ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਂਟਾ ਕਰੂਜ਼ ਵਿਚ ਸੱਤ ਸਾਲ ਇਨੋਵੇਸ਼ਨ ਐਂਡ ਐਂਟਰਪਰੀਨੀਅਰਸ਼ਿਪ ਸੈਂਟਰ ਦਾ ਡਾਇਰੈਕਟਰ ਰਿਹਾ। ਇਸ ਯੂਨੀਵਰਸਿਟੀ ਵਿਚ ਉਸ ਨੇ ਔਪਟੋ- ਇਲੈਕਟਰਾਨਿਕਸ ਦੀ ਚੇਅਰ ਸਥਾਪਤ ਕਰਵਾਈ। ਸੈਂਟਾ ਬਾਰਬਰਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਉਸ ਨੇ ਸਿੱਖ ਸਟੱਡੀਜ਼ ਲਈ ਚੇਅਰ ਸਥਾਪਤ ਕਰਵਾਈ। ਸਿੱਖ ਵਿਰਸੇ ਦੀ ਸੰਭਾਲ ਲਈ ਉਸ ਨੇ ਸਾਂ ਫਰਾਂਸਿਸਕੋ ਦੇ ਏਸ਼ੀਅਨ ਆਰਟ ਮਿਊਜ਼ੀਅਮ ਨੂੰ 1999 ਵਿਚ ਪੰਜ ਲੱਖ ਡਾਲਰ ਦਿੱਤੇ। ਇਹੀ ਨਹੀਂ, ਉਸ ਨੇ ਸਾਰੀ ਉਮਰ ਦੀ ਮਿਹਨਤ ਨਾਲ ਆਪਣੇ ਤੇ ਆਪਣੇ ਪਰਿਵਾਰ ਵਲੋਂ ਇਕੱਤਰ ਸਿੱਖ ਵਿਰਸੇ ਦੀਆਂ ਯਾਦਗਾਰਾਂ ਵੀ ਭੇਟ ਕੀਤੀਆਂ।
ਉਦਯੋਗਿਕ ਉਦਮੀ ਵਜੋਂ ਕਪਾਨੀ ਦੀ ਹਿੰਮਤ ਅਤੇ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ 1960 ਵਿਚ ਉਸ ਨੇ ਔਪਟਿਕਸ ਟੈਕਨਾਲੋਜੀ ਇਨਕਾਰਪੋਰੇਟਿਡ ਸਥਾਪਤ ਕੀਤੀ। ਬਾਰਾਂ ਸਾਲ ਖੂਬ ਚਲਾਈ ਅਤੇ ਫਿਰ ਵੇਚ ਦਿੱਤੀ। 1973 ਵਿਚ ਕੈਪਟਰਾਨ ਇਨਕਾਰਪੋਰੇਟਿਡ ਸਥਾਪਤ ਕੀਤੀ। 1990 ਤੱਕ ਇਸ ਦਾ ਕਰਤਾ-ਧਰਤਾ ਰਿਹਾ ਅਤੇ ਫਿਰ ਵੇਚ ਦਿੱਤੀ। 1999 ਵਿਚ ḔਫਾਰਚੂਨḔ ਮੈਗਜ਼ੀਨ ਨੇ ਬੀਤੀ ਸਦੀ ਦੇ ਸੱਤ ਮਹਾਂਨਾਇਕ ਉਦਯੋਗਪਤੀਆਂ ਵਿਚ ਉਸ ਦਾ ਜ਼ਿਕਰ ਕੀਤਾ। ਪੈਨ ਏਸ਼ੀਅਨ ਅਮੈਰੀਕਨ ਚੈਂਬਰ ਆਫ ਕਾਮਰਸ ਨੇ ਉਸ ਨੂੰ 1998 ਵਿਚ ਐਕਸੀਲੈਂਸ ਐਵਾਰਡ ਦਿੱਤਾ। ਕਪਾਨੀ ਨੂੰ 2004 ਵਿਚ ਭਾਰਤ ਸਰਕਾਰ ਵਲੋਂ ਪਰਵਾਸੀ ਭਾਰਤੀ ਸਨਮਾਨ ਦਿੱਤਾ ਗਿਆ। ਉਹ ਬ੍ਰਿਟਿਸ਼ ਰਾਇਲ ਅਕੈਡਮੀ ਆਫ ਇੰਜਨੀਅਰਿੰਗ, ਔਪਟੀਕਲ ਸੁਸਾਇਟੀ ਆਫ ਅਮੈਰਿਕਾ, ਅਮੈਰੀਕਨ ਐਸੋਸੀਏਸ਼ਨ ਫਾਰ ਐਡਵਾਂਸਮੈਂਟ ਆਫ ਸਾਇੰਸ ਜਿਹੀਆਂ ਕਈ ਸੁਸਾਇਟੀਆਂ ਤੇ ਸੰਸਥਾਵਾਂ ਦਾ ਫੈਲੋ ਹੈ।
ਕਪਾਨੀ ਦਾ ਬੇਟਾ ਰਾਜਿੰਦਰ ਸਿੰਘ ਤਕਨਾਲੋਜੀ ਦੇ ਖੇਤਰ ਵਿਚ ਉਚੇ ਅਹੁਦੇ Ḕਤੇ ਹੈ। ਉਸ ਦੀ ਬੇਟੀ ਕਿਰਨ ਕੌਰ ਵਕਾਲਤ ਦੀ ਪੜ੍ਹਾਈ ਕਰਨ ਉਪਰੰਤ ਅਟਾਰਨੀ ਅਤੇ ਫਿਲਮਸਾਜ਼ ਵਜੋਂ ਸਰਗਰਮ ਹੈ। ਉਸ ਦੀ ਅਗਲੇਰੀ ਪੀੜ੍ਹੀ ਦੇ ਚਾਰੇ ਬੱਚੇ ਯੂਨੀਵਰਸਿਟੀਆਂ ਵਿਚ ਉਚੀ ਸਿੱਖਿਆ ਲਈ ਸਰਗਰਮ ਹਨ। ਅੱਜ ਵੀ ਕਪਾਨੀ ਵਿਚ ਜਵਾਨਾਂ ਵਾਲਾ ਦਮ-ਖਮ ਹੈ।