ਬਹੁਤ ਕੁਝ ਬਦਲ ਗਿਆ ਬਾਪ ਦੇ ਤੁਰ ਜਾਣ ‘ਤੇ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਉਨ੍ਹਾਂ ਪਰਵਾਸ ਲਈ ਪਰਵਾਜ਼ ਵਿਚੋਂ ਉਪਜੀ ਪੀੜ ਅਤੇ ਆਪਣੀ ਮਿੱਟੀ ਤੇ ਰਿਸ਼ਤਿਆਂ ਦੀ ਮਹਿਕ ਤੋਂ ਦੂਰ ਜਾਣ ਦਾ ਝੋਰਾ ਅਵਚੇਤਨ ਵਿਚ ਬੈਠੇ ਸੁਪਨੇ ਰਾਹੀਂ ਬਿਆਨ ਕੀਤਾ ਸੀ,

“ਪਰਦੇਸ ਜਾਣ ਵਾਲਿਆ! ਮਾਪਿਆਂ ਤੋਂ ਦੂਰ ਜਾਣ ਦੇ ਦਰਦ, ਭੈਣ-ਭਰਾਵਾਂ ਤੋਂ ਵਿਛੜਨ ਦੀ ਪੀੜਾ, ਸੰਗੀਆਂ-ਸਾਥੀਆਂ ਦੇ ਸਾਥ ਨੂੰ ਮਾਣਨ ਤੋਂ ਵਿਰਵੇ ਹੋਣ ਦੀ ਚੀਸ ਨੇ ਤੈਨੂੰ ਦੇਰ-ਸਵੇਰ ਤੇ ਗਾਹੇ-ਬਗਾਹੇ ਸਤਾਉਂਦੇ ਰਹਿਣਾ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਬਾਪ ਦੇ ਸਦੀਵੀ ਵਿਛੋੜੇ ਪਿਛੋਂ ਮਨ-ਮਸਤਕ ਵਿਚ ਉਕਰੀਆਂ ਉਹਦੀਆਂ ਯਾਦਾਂ ਨੂੰ ਨਿਹਾਰਦਿਆਂ ਠੰਡਾ ਹਉਕਾ ਭਰਿਆ ਹੈ, “ਸਿਰ ‘ਤੇ ਬਾਪ ਦੀ ਛਾਂ ਦੇ ਕੀ ਅਰਥ ਹੁੰਦੇ ਨੇ, ਸਿਰਫ ਉਦੋਂ ਪਤਾ ਲੱਗਦਾ, ਜਦੋਂ ਬਾਪ ਦੀ ਛਾਂ ਖੁਸਦੀ ਏ।…ਬਾਪ ਦੇ ਤੁਰ ਜਾਣ ਪਿਛੋਂ ਲੱਭਦੀ ਨਹੀਂ ਉਹ ਉਂਗਲ, ਜਿਸ ਨੂੰ ਫੜ ਕੇ ਤੁਰਨਾ ਸਿਖਿਆ ਸੀ ਅਤੇ ਜਿਸ ਨੇ ਜੀਵਨ-ਡੰਡੀ ਨੂੰ ਪਹੇ ਬਣਨਾ ਸਿਖਾਇਆ।” ਪਰ ਬਾਪ ਦੇ ਫੌਤ ਹੋ ਜਾਣ ਪਿਛੋਂ ਪਰਦੇਸੀ ਹੋ ਗਿਆਂ ਦੇ ਹਿੱਸੇ ਆਉਂਦੀ ਜੱਦੀ ਜਮੀਨ-ਜਾਇਦਾਦ ਹੜੱਪਣ ਵਾਲੇ ਆਪਣਿਆਂ ‘ਤੇ ਵੀ ਡਾ. ਭੰਡਾਲ ਹਿਰਖ ਕਰਦੇ ਆਖਦੇ ਹਨ, “ਈਰਖਾ, ਜਾਇਦਾਦ ਦਾ ਲਾਲਚ ਅਤੇ ਸਭ ਕੁਝ ਨੂੰ ਆਪਣੇ ਕਬਜ਼ੇ ਵਿਚ ਕਰ ਲੈਣ ਦੀ ਤਮੰਨਾ ਜਦ ਕਿਸੇ ਸ਼ਖਸ ਦੀ ਧਾਰਨਾ ਬਣ ਜਾਵੇ ਤਾਂ ਅੰਦਰੀਵੀ ਵੈਰ-ਵਿਰੋਧ ਕਈ ਵਾਰ ਕੁਝ ਅਜਿਹਾ ਵੀ ਕਰਵਾ ਦਿੰਦਾ, ਜਿਸ ਨੂੰ ਸੁਣ ਕੇ ਮਨੁੱਖ ਸੁੰਨ ਹੋ ਜਾਂਦਾ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਸਾਲ ਹੋ ਗਿਆ ਏ, ਬਾਪ ਨੂੰ ਸਦੀਵੀ ਸਫਰ ‘ਤੇ ਗਿਆਂ। ਸਫਰ, ਜਿਥੋਂ ਕੋਈ ਉਘ-ਸੁੱਘ ਨਹੀਂ ਮਿਲਦੀ ਅਤੇ ਨਾ ਹੀ ਆਉਂਦਾ ਕੋਈ ਸੁੱਖ-ਸੁਨੇਹਾ। ਕਦੋਂ ਪਰਤਦੇ ਨੇ ਸਦਾ ਲਈ ਤੁਰ ਗਏ ਮਾਪੇ! ਪਿੱਛੇ ਛੱਡ ਜਾਂਦੇ ਨੇ ਯਾਦਾਂ ਦੀ ਵਰਣਮਾਲਾ, ਜਿਸ ਨੂੰ ਫੇਰਦਿਆਂ, ਜੀਵਨ ਨੂੰ ਸੁਖਦ ਅਹਿਸਾਸਾਂ ਤੇ ਯਾਦ ਨਾਲ ਭਰੀਂਦੇ, ਜੀਵਨ-ਤੋਰ ਨੂੰ ਸਾਵਾਂ ਰੱਖੀਦਾ ਏ।
ਬਾਪ ਤੁਰ ਜਾਵੇ ਤਾਂ ਬਹੁਤ ਕੁਝ ਬਦਲ ਜਾਂਦਾ। ਇਸ ਬਦਲਾਓ ਵਿਚ ਬੰਦਾ ਜਦ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਦਾ ਤਾਂ ਉਸ ਦਾ ਅੰਤਰੀਵ ਉਸ ਨੂੰ ਛਿੱਲਦਾ ਤੇ ਤਰਾਸ਼ਦਾ। ਇਸ ਚੀਸ ਵਿਚੋਂ ਅਜਿਹੇ ਮਨੁੱਖ ਦਾ ਮੁੜ ਜਨਮ ਹੁੰਦਾ, ਜਿਸ ਦਾ ਕਦੇ ਕਿਆਸ ਵੀ ਨਹੀਂ ਕੀਤਾ ਹੁੰਦਾ।
ਜਦ ਤੀਕ ਬਾਪ ਜਿਉਂਦਾ, ਬੱਚਾ ਆਪਣੇ ਬਾਪ ਸਾਹਵੇਂ ਬੱਚਾ ਹੀ ਰਹਿੰਦਾ, ਭਾਵੇਂ ਉਹ ਦਾਦਾ/ਨਾਨਾ ਕਿਉਂ ਨਾ ਬਣ ਜਾਵੇ। ਸਿਰ ‘ਤੇ ਬਾਪ ਦੀ ਛਾਂ ਦੇ ਕੀ ਅਰਥ ਹੁੰਦੇ ਨੇ, ਸਿਰਫ ਉਦੋਂ ਪਤਾ ਲੱਗਦਾ, ਜਦੋਂ ਬਾਪ ਦੀ ਛਾਂ ਖੁਸਦੀ ਏ। ਉਸ ਦੀ ਨਿੱਘੀ ਬੁੱਕਲ ਤੋਂ ਬਿਨਾ ਠੁਰ ਠੁਰ ਕਰਦਿਆਂ ਤਰਸ ਦੇ ਪਾਤਰ ਬਣੀਂਦਾ। ਅਜਿਹੇ ਮੌਕੇ ‘ਤੇ ਨਿੱਕੀ ਜਿਹੀ ਬੱਦਲੀ ਦੀ ਸੰਘਣੀ ਛਾਂ ਵੀ ਠੰਢਕ ਪਹੁੰਚਾਉਂਦੀ ਜਾਂ ਠਰਿਆ ਬੰਦਾ ਧੁੱਖਦੀ ਧੁਣੀ ਵਿਚੋਂ ਵੀ ਸੇਕ ਭਾਲਦਾ।
ਬਾਪ ਦੇ ਤੁਰ ਜਾਣ ਪਿਛੋਂ ਰੁੱਸ ਜਾਂਦਾ ਏ ਪਿੰਡ। ਕਦੇ ਨਹੀਂ ਹਾਕ ਮਾਰਦਾ। ਬਾਪ ਜਿਹੇ ਦਬਕੇ ਨਾਲ ਕੋਈ ਨਹੀਂ ਪਿੰਡ ਪਰਤਣ ਲਈ ਕਹਿੰਦਾ। ਪਿੰਡ ਦੇ ਖੁਸਣ ਦਾ ਦਰਦ ਉਹੀ ਸਮਝ ਸਕਦਾ, ਜਿਸ ਦੇ ਅੰਦਰ ਪਿੰਡ ਵੱਸਦਾ ਹੋਵੇ, ਪਰ ਉਸ ਨੂੰ ਪਿੰਡ ਪਰਤਣ ਦੀ ਮਨਾਹੀ ਹੋਵੇ। ਪਿੰਡ ਕਦੇ ਵੀ ਬੰਦੇ ਵਿਚੋਂ ਮਨਫੀ ਨਹੀਂ ਹੁੰਦਾ, ਭਾਵੇਂ ਪਿੰਡ ਨੂੰ ਬੰਦੇ ਵਿਚੋਂ ਮਨਫੀ ਕਰਨ ਦੀਆਂ ਕਿੰਨੀਆਂ ਵੀ ਕੋਝੀਆਂ ਚਾਲਾਂ ਚੱਲੀਆਂ ਜਾਣ।
ਬਾਪ ਦੇ ਤੁਰ ਜਾਣ ‘ਤੇ ਘਰ ਹੋ ਜਾਂਦਾ ਏ ਪਰਾਇਆ। ਬੰਦ ਹੋ ਜਾਂਦੇ ਨੇ ਆਪਣੇ ਹੀ ਘਰ ਦੇ ਦਰ, ਜਿਨ੍ਹਾਂ ਨੂੰ ਬਿਨਾ ਖੜਕਾਏ ਚਾਅ ਨਾਲ ਅੰਦਰ ਲੰਘ ਜਾਈਦਾ ਸੀ। ਆਪਣੇ ਹੀ ਖੂਨ ਦਾ ਸਫੈਦ ਰੰਗ ਜਦ ਘਰ ਦੀਆਂ ਦੀਵਾਰਾਂ ਨੂੰ ਆਪਣੀ ਲਪੇਟ ਵਿਚ ਲੈਂਦਾ ਤਾਂ ਘਰ ਵੀ ਮਸੋਸਿਆ ਜਾਂਦਾ। ਘਰ ਨੂੰ ਆਸ ਹੀ ਨਹੀਂ ਹੁੰਦੀ ਕਿ ਇੰਨੀ ਜਲਦੀ ਖੂਨ ਚਿੱਟਾ ਹੋ ਜਾਵੇਗਾ ਅਤੇ ਆਪਣੇ ਹੀ ਆਪਣਿਆਂ ਲਈ ਹਊਆ ਬਣ ਜਾਣਗੇ। ਨਿਜੀ ਲਾਲਸਾ ਅਤੇ ਲੋਭ ਵਿਚ ਗਰਕੇ ਰਿਸ਼ਤਿਆਂ ਨੂੰ ਕਿਹੜਾ ਨਾਮ ਦੇਵੋਗੇ? ਕਿਹੜੀ ਅਪਣੱਤ ਦੀ ਕਲਪਨਾ ਕਰੋਗੇ, ਜਦ ਪਿੱਤਰੀ ਵਿਰਾਸਤ ਨੂੰ ਹੜੱਪਣ ਲਈ ਘਿਨਾਉਣੀਆਂ ਚਾਲਾਂ ਚੱਲੀਆਂ ਜਾਣ? ਕੀ ਰਹਿ ਜਾਂਦੀ ਏ ਆਪਣਿਆਂ ਦੀ ਸਾਂਝ? ਕੀ ਅਜਿਹਾ ਵੀ ਵੇਲਾ ਆਉਣਾ ਸੀ, ਜਦ ਆਪਣੇ ਹੱਥੀਂ ਆਪਣਾ ਹੀ ਸਿਵਾ ਸੇਕਣਾ ਪੈਣਾ ਸੀ? ਦਫਨ ਹੋ ਚੁਕੀ ਸਾਂਝ ਦਾ ਮਰਸੀਆ ਹੀ ਨਿੱਸ ਦਿਨ ਪੜ੍ਹੀਦਾ।
ਬਾਪ ਦੀ ਕੰਧ ‘ਤੇ ਲਟਕਦੀ ਫੋਟੋ ਦੇਖਦਾਂ ਤਾਂ ਸੋਚਦਾਂ ਕਿ ਬਾਪ ਤਾਂ ਰਿਸ਼ਤਿਆਂ ਦਾ ਚੁੰਬਕੀ ਕੇਂਦਰ ਬਿੰਦੂ ਸੀ। ਸਭ ਦਾ ਆਪਣਾ, ਪਰ ਹਰੇਕ ਨੂੰ ਆਪਣੀ ਔਕਾਤ, ਅਹਿਮੀਅਤ ਅਤੇ ਹੋਂਦ ਦਾ ਅਹਿਸਾਸ ਕਰਵਾਉਂਦਾ ਸੀ। ਬਾਪ ਹਰੇਕ ਨੂੰ ਟਿਕਾਣੇ ਸਿਰ ਰੱਖਦਾ ਸੀ, ਪਰ ਬਾਪ ਦੇ ਤੁਰ ਜਾਣ ਪਿਛੋਂ ਖੰਭਹੀਣਾਂ ਦੇ ਵੀ ਖੰਬ ਉਗ ਆਏ ਨੇ। ਲਾਲਚ ਵਿਚ ਗੁਆਚੀ ਹੋਸ਼ੋ-ਹਵਾਸ ਹੀ ਆਪਣਿਆਂ ਦੀ ਸੰਘੀ ਨੂੰ ਪੈਂਦੀ ਏ। ਹੁਣ ਤਾਂ ਇਹ ਨੌਬਤ ਵੀ ਆਉਣੀ ਸੀ।
ਬਾਪ ਜਿਉਂਦਾ ਸੀ ਤਾਂ ਦੋ-ਚਾਰ ਦਿਨ ਬਾਅਦ ਫੋਨ ਕਰਨ ਦੀ ਚਾਹਨਾ ਹੁੰਦੀ ਸੀ। ਬਾਪ ਨਾਲ ਗੱਲ ਕਰਕੇ ਧਰਵਾਸ ਹੁੰਦਾ ਕਿ ਬਜੁਰਗੀ ਅਸੀਸ ਮਿਲ ਗਈ ਏ। ਇਸ ਅਸ਼ੀਰਵਾਦ ਵਿਚੋਂ ਸੁਖਨ-ਸਬੂਰੀ ਦੀ ਭਾਵਨਾ, ਮਨ-ਲਬਰੇਜ਼ਤਾ ਨੂੰ ਭਰਪੂਰ ਕਰ ਦਿੰਦੀ ਸੀ। ਕਦੇ ਕਦਾਈਂ ਫੋਨ ਕਰਨ ਤੋਂ ਲੇਟ ਹੋ ਜਾਣ ‘ਤੇ ਵਧੀਆ ਲੱਗਦੀਆਂ ਸਨ ਬਾਪ ਦੀਆਂ ਝਿੱੜਕਾਂ ਅਤੇ ਇਨ੍ਹਾਂ ‘ਚੋਂ ਡੁੱਲਦਾ ਪਿਆਰ। ਦਰਅਸਲ ਆਪਣੇ ਹੀ ਝਿੱੜਕ ਸਕਦੇ, ਕੰਨ ਪਕੜ ਸਕਦੇ ਅਤੇ ਸੁਚਾਰੂ ਸੇਧ ਦੇ ਕੇ ਜੀਵਨ-ਦਰਸ਼ਨ ਨਾਲ ਨਿਵਾਜ ਸਕਦੇ।
ਬਾਪ ਦੀ ਤਸਵੀਰ ਵੱਲ ਨੀਝ ਨਾਲ ਝਾਕਦਿਆਂ ਸੋਚਦਾਂ ਕਿ ਬਾਪ ਤਾਂ ਬਹੁਤ ਮਿਹਨਤੀ ਅਤੇ ਇਮਾਨਦਾਰ ਸੀ। ਆਪਣੀ ਔਲਾਦ ਨੂੰ ਚੰਗੀਆਂ ਕਦਰਾਂ-ਕੀਮਤਾਂ ਅਤੇ ਮਿਹਨਤ-ਮੁਸ਼ਕੱਤ ਦੇ ਸਚਿਆਰੇਪਣ ਨਾਲ ਨਿਵਾਜਿਆ ਸੀ, ਪਰ ਇਹ ਕੇਹਾ ਭਾਣਾ ਵਰਤਿਆ ਕਿ ਉਸ ਦੇ ਜਾਏ ਨੇ ਹੀ ਪਿੰਡ ਅਤੇ ਘਰ ਨੂੰ ਬਾਕੀਆਂ ਲਈ ਵਰਜਿੱਤ ਕਰ ਦਿਤਾ ਏ। ਇਹ ਤਾਂ ਕਿਸੇ ਦੇ ਚਿੱਤ-ਚੇਤੇ ਵਿਚ ਵੀ ਨਹੀਂ ਸੀ। ਘਰ ਤਾਂ ਜਰੂਰ ਸੋਚਦਾ ਹੋਵੇਗਾ ਕਿ ਮੇਰੀ ਧੰਨਭਾਗਤਾ ਨੂੰ ਕਿਸ ਦੀ ਨਜ਼ਰ ਲੱਗੀ ਅਤੇ ਰੌਣਕ ਹੈ ਕਿਸ ਨੇ ਠੱਗੀ?
ਬਾਪ ਤੁਰ ਗਿਆ ਹੈ ਤਾਂ ਨਾਲ ਹੀ ਤੁਰ ਗਈਆਂ ਨੇ ਪੋਤਰੀਆਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਲਾਡ ਲੁਡਾਉਣ ਵਾਲੇ ਦਾਦੇ/ਪੜਦਾਦੇ ਦੀਆਂ ਰਹਿਮਤਾਂ। ਆਪਣੇ ਦਾਦੇ ਦੇ ਸਾਹੀਂ ਸਾਹ ਲੈਣ ਵਾਲੀਆਂ ਪੋਤਰੀਆਂ ਵੀ ਉਦਾਸ ਨੇ। ਉਹ ਦਾਦੇ ਨਾਲ ਫੋਨ ‘ਤੇ ਅਕਸਰ ਹੀ ਮਨ ਦੀਆਂ ਬਾਤਾਂ ਕਰ ਲੈਂਦੀਆਂ ਸਨ, ਪਰ ਉਹ ਕਿਥੇ ਫੋਨ ਕਰਨ? ਈਰਖਾ, ਜਾਇਦਾਦ ਦਾ ਲਾਲਚ ਅਤੇ ਸਭ ਕੁਝ ਨੂੰ ਆਪਣੇ ਕਬਜ਼ੇ ਵਿਚ ਕਰ ਲੈਣ ਦੀ ਤਮੰਨਾ ਜਦ ਕਿਸੇ ਸ਼ਖਸ ਦੀ ਧਾਰਨਾ ਬਣ ਜਾਵੇ ਤਾਂ ਅੰਦਰੀਵੀ ਵੈਰ-ਵਿਰੋਧ ਕਈ ਵਾਰ ਕੁਝ ਅਜਿਹਾ ਵੀ ਕਰਵਾ ਦਿੰਦਾ, ਜਿਸ ਨੂੰ ਸੁਣ ਕੇ ਮਨੁੱਖ ਸੁੰਨ ਹੋ ਜਾਂਦਾ। ਹੁਣ ਤਾਂ ਪੁਰਾਣਾ ਘਰ, ਪਿੱਤਰੀ ਪਿੰਡ ਅਤੇ ਡੌਲਿਉਂ ਟੁੱਟੀਆਂ ਬਾਹਾਂ ਦੀ ਅਲਵਦਾਇਗੀ ਹੀ ਮਨ ਨੂੰ ਸੰਤੋਖ ਦਿੰਦੀ ਏ ਕਿ ਚਲੋ ਚੰਗਾ ਹੀ ਹੋਇਆ। ਸਭ ਕੁਝ ਜਲਦੀ ਹੀ ਜੱਗ-ਜਾਹਰ ਹੋ ਗਿਆ। ਸ਼ਾਇਦ ਹੋਰ ਨੁਕਸਾਨ ਤੋਂ ਬਚਾਓ ਹੋ ਗਿਆ।
ਬਾਪ ਤੁਰ ਗਿਆ ਏ ਤਾਂ ਰੁੱਸ ਗਈ ਏ ਬਾਪ ਨੂੰ ਵਾਰ-ਵਾਰ ਮਿਲਣ ਦੀ ਤਮੰਨਾ। ਉਡੀਕ ਹੁੰਦੀ ਸੀ ਛੁੱਟੀਆਂ ਦੀ, ਦੇਸ਼ ਨੂੰ ਜਾਣ ਦੀ ਅਤੇ ਪਿੰਡ ਜਾ ਕੇ ਬਾਪ ਨੂੰ ਮਿਲਣ ਦੀ। ਬਾਪ ਦੇ ਕਲੇਜੇ ਪੈ ਜਾਂਦੀ ਸੀ ਠੰਡ। ਪੁਰ-ਖਲੂਸ ਅਤੇ ਝੁਰੜੀਆਂ ਵਾਲੇ ਹੱਥਾਂ ਨਾਲ ਸਿਰਾਂ ਨੂੰ ਪਲੋਸਦਾ, ਦੁਆਵਾਂ ਨਾਲ ਝੋਲੀਆਂ ਭਰਦਾ ਸੀ। ਬਾਪ ਬੋਝੇ ਵਿਚੋਂ ਨੋਟ ਕੱਢ ਕੇ ਪੋਤਰੀਆਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਦਿੰਦਾ, ਉਨ੍ਹਾਂ ਦੇ ਤੋਤਲੇ ਬੋਲਾਂ ਅਤੇ ਨਿੱਕੜੇ ਹਾਸਿਆਂ ਵਿਚ ਆਪ ਵੀ ਦੂਣ-ਸਵਾਇਆ ਹੋ ਜਾਂਦਾ ਸੀ। ਕਦੇ ਨਹੀਂ ਪਰਤਣੇ ਉਹ ਪਲ ਜਦ ਬਾਪ ਨਾਲ ਬੈਠ ਕੇ ਚਾਰ ਪੀੜ੍ਹੀਆਂ ਨੇ ਇਕੱਠਿਆਂ ਤਸਵੀਰ ਖਿਚਵਾਈ ਸੀ।
ਬਾਪ ਦੇ ਤੁਰ ਜਾਣ ਪਿਛੋਂ ਉਦਾਸ ਨੇ ਖੇਤ, ਹਵੇਲੀ, ਲਵੇਰੀ ਗਾਂ ਅਤੇ ਉਸ ਦਾ ਸਾਈਕਲ। ਘਰ ਦੀ ਨੁੱਕਰੇ ਖੜਾ ਸਾਈਕਲ ਜੰਗਾਲਿਆ ਗਿਆ ਏ। ਇਕ ਸਾਲ ਤੋਂ ਉਹ ਬਾਪ ਦੇ ਹੱਥਾਂ ਦੀ ਉਡੀਕ ਵਿਚ ਖੁਦ ਵੀ ਕਬਾੜ ਬਣ, ਕਿਸੇ ਫੇਰੀ ਵਾਲੇ ਦੀ ਰੇਹੜੀ ਵਿਚ ਜਾਣ ਲਈ ਕਾਹਲਾ ਏ।
ਬਾਪ ਨੂੰ ਪੂਰਾ ਹੋਇਆਂ ਸਾਲ ਹੀ ਹੋਇਆ ਏ, ਪਰ ਇੰਜ ਲੱਗਦਾ ਏ ਜਿਵੇਂ ਕੱਲ ਦੀ ਹੀ ਗੱਲ ਹੋਵੇ, ਜਦੋਂ ਫੋਨ ਵਿਚ ਹੁੰਗਾਰਾ ਭਰਦਿਆਂ ਹਰੇਕ ਲਈ ਮੋਹ ਦੀਆਂ ਸੁਗਾਤਾਂ ਵੰਡਦਾ ਸੀ। ਬਾਪ ਦਰਅਸਲ ਕਿਧਰੇ ਨਹੀਂ ਜਾਂਦਾ। ਸਾਡੇ ਆਲੇ-ਦੁਆਲੇ, ਸਾਡੇ ਵਿਚ, ਸਾਡੀਆਂ ਆਦਤਾਂ ਵਿਚ, ਸਾਡੀ ਜੀਵਨ-ਸ਼ੈਲੀ ਵਿਚ ਅਤੇ ਜੀਵਨ-ਜੁਗਤ ਵਿਚ ਹਰਦਮ ਹਾਜ਼ਰ-ਨਾਜ਼ਰ। ਸਿਰਫ ਅਸੀਂ ਹੀ ਉਸ ਨੂੰ ਦੇਖਣ ਅਤੇ ਮਿਲਣ ਤੋਂ ਅਵੇਸਲੇ ਹੁੰਦੇ ਆਂ।
ਬਾਪ ਦੀ ਵਸੀਅਤ ਵਿਚੋਂ ਖੁਦਗਰਜੀ ਭਾਲਣ ਵਾਲਿਆਂ ਨੂੰ ਚਾਹੀਦਾ ਹੈ ਕਿ ਵਸੀਅਤ ਦੀ ਥਾਂ ਉਸ ਦੀ ਸ਼ਖਸੀਅਤ ਨੂੰ ਆਪਣੇ ਅੰਦਰ ਉਤਾਰਨ, ਬਜੁਰਗੀ ਅੰਦਾਜ਼ ਨੂੰ ਜੀਵਨ-ਬਗੀਚੀ ਵਿਚ ਖਿਲਾਰਨ ਅਤੇ ਫਿਰ ਇਸ ਦੀਆਂ ਨਿਆਮਤਾਂ ਨਾਲ ਖੁਦ ਦੀ ਜਾਮਾ-ਤਲਾਸ਼ੀ ਕਰਨ, ਜ਼ਿੰਦਗੀ ਅਣਮੁੱਲੀਆਂ ਅਮਾਨਤਾਂ ਅਤੇ ਇਨਾਇਤ ਨਾਲ ਭਰ ਜਾਵੇਗੀ। ਸੋਚ ਵਿਚ ਖੋਟ ਰੱਖਣ ਵਾਲੇ, ਆਪਣਿਆਂ ਨਾਲ ਧੋਖਾ ਕਰਨ ਵਾਲੇ, ਆਪਣੇ ਹੋ ਕੇ ਵੀ ਆਪਣੇ ਨਹੀਂ ਹੁੰਦੇ। ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਜ਼ਮੀਨ-ਜਾਇਦਾਦ ਨਾਲੋਂ ਅਹਿਮ ਹੁੰਦਾ ਹੈ-ਪਿਆਰ ਦਾ ਰਿਸ਼ਤਾ, ਆਪਸੀ ਮਿਲਵਰਤਣ, ਭਰਾਤਰੀ ਭਾਵ, ਰਲ ਕੇ ਜਿਉਣ ਦੀ ਜਾਚ ਅਤੇ ਇਕ ਦੂਜੇ ਦੇ ਸਾਹਾਂ ਵਿਚੋਂ ਸਾਹ-ਸਾਰੰਗੀ ਦਾ ਸੰਗੀਤ ਉਪਜਾਉਣ ਦਾ ਹੁਨਰ ਤੇ ਹਾਸਲ।
ਬਾਪ ਦੇ ਜਾਣ ਪਿਛੋਂ ਨਿਜੀ ਸੁਆਰਥ ਨੂੰ ਸਾਹਵੇਂ ਰੱਖ ਕੇ ਹਰ ਰਿਸ਼ਤਾ ਨਿਭਾਉਣ ਅਤੇ ਖੋਟੀ ਨੀਅਤ ਨਾਲ ਦੇਖਣ ਤੇ ਪਰਖਣ ਦੀ ਰੁਚੀ ਜਦ ਭਾਰੂ ਹੁੰਦੀ ਤਾਂ ਸਮਾਜਕ ਪੱਧਰ ‘ਤੇ ਬਹੁਤ ਨੀਵਾਂ ਹੋ ਜਾਂਦਾ ਏ ਉਹ ਸ਼ਖਸ। ਉਹ ਨੀਚਪੁਣੇ ਵਿਚੋਂ ਹੀ ਪਰਿਵਾਰਕ ਆਭਾ ਨੂੰ ਦਾਗੀ ਕਰਦਾ ਏ। ਸ਼ਾਇਦ ਲੋਭ ਵਿਚ ਮਨੁੱਖ ਨੂੰ ਆਪਣੀ ਔਕਾਤ ਵੀ ਨਹੀ ਦਿਸਦੀ। ਉਹ ਭਵਿੱਖ-ਮੁਖੀ ਸੋਚ ਨੂੰ ਆਪਣੇ ਮਸਤਕ ਵਿਚ ਕਿਵੇਂ ਉਕਰ ਸਕਦਾ?
ਬਾਪ ਦੇ ਤੁਰ ਜਾਣ ਪਿਛੋਂ ਲੱਭਦੀ ਨਹੀਂ ਉਹ ਉਂਗਲ, ਜਿਸ ਨੂੰ ਫੜ ਕੇ ਤੁਰਨਾ ਸਿਖਿਆ ਸੀ ਅਤੇ ਜਿਸ ਨੇ ਜੀਵਨ-ਡੰਡੀ ਨੂੰ ਪਹੇ ਬਣਨਾ ਸਿਖਾਇਆ। ਸ਼ਬਾਸ਼ੀ ਦੇਣ ਵਾਲੀ ਬਜੁਰਗੀ ਛੋਹ ਨੂੰ ਤਰਸ ਗਏ ਨੇ ਮੋਢੇ। ਨਹੀਂ ਮਿਲਦੀ ਦੈਵੀ ਦਿੱਖ, ਜੋ ਅੱਖਾਂ ਵਿਚ ਨਵੀਂ ਊਰਜਾ ਪੈਦਾ ਕਰਦੀ, ਮੁਸ਼ਕਿਲਾਂ ਨੂੰ ਅੱਗੇ ਲਾ ਲੈਂਦੀ ਸੀ।
ਬਾਪ ਦੇ ਸਦਾ ਲਈ ਤੁਰ ਜਾਣ ਨਾਲ ਨਾ-ਪੂਰਿਆ ਜਾਣ ਵਾਲਾ ਘਾਟਾ ਪੈਂਦਾ। ਇਕ ਥੋੜ੍ਹ ਜਿਸ ਦੀ ਕਦੇ ਨਹੀਂ ਹੁੰਦੀ ਪੂਰਤੀ; ਘਾਟ ਹਰ ਮੌਕੇ ‘ਤੇ ਅੱਖਰਦੀ, ਪਰ ਉਸ ਦੀ ਅਦਿੱਖ ਹਾਜ਼ਰੀ ਹਮੇਸ਼ਾ ਸਾਥ-ਸਾਥ।
ਬਾਪ ਦੀ ਹੋਂਦ ਸਿਰਫ ਸਰੀਰਕ ਹੀ ਨਹੀਂ ਹੁੰਦੀ, ਸਗੋਂ ਇਕ ਨਿਰਮਲ ਭੈਅ ਹੁੰਦਾ, ਜੋ ਬਾਪ ਕਾਰਨ ਮਨ ਵਿਚ ਵੱਸਦਾ। ਬਾਪ ਪਿਛੋਂ ਜਦ ਕਿਸੇ ਦਾ ਨਿਰਮਲ ਭੈਅ ਕਾਫੂਰ ਹੁੰਦਾ ਤਾਂ ਮਨੁੱਖ ਦਾ ਅਸਤਿਤਵ ਰਾਖ ਹੋ ਜਾਦਾ ਅਤੇ ਕਾਲਖ ਦਾ ਵਣਜ ਕਰਦਾ। ਨਿਰਮਲ ਭੈਅ ਦੀ ਅਦੁੱਤੀ ਦਾਤ ਤੋਂ ਵਿਰਵੇ ਲੋਕ ਕੀ ਜਾਣਦੇ ਨੇ ਇਸ ਦੀ ਕੀਮਤ। ਇਸ ਵਿਚੋਂ ਉਦੈ ਹੁੰਦੀ ਸਰਘੀ, ਜਿਸ ਨੇ ਜੀਵਨ ਨੂੰ ਸੂਹੀ ਸਵੇਰਾਂ, ਸੁਨਹਿਰੀ ਸ਼ਾਮਾਂ ਅਤੇ ਰੰਗਲੀਆਂ ਸ਼ਾਮਾਂ ਨਾਲ ਸਿੰ.ਗਾਰਨਾ ਹੁੰਦਾ।
ਬਾਪ ਸਭ ਕੁਝ ਹੁੰਦਾ ਏ ਬੱਚਿਆਂ ਲਈ। ਔਲਾਦ ਦੀ ਪਛਾਣ। ਉਸ ਦੇ ਤੁਰ ਜਾਣ ਪਿਛੋਂ ਔਲਾਦ, ਸਮਾਜ ਵਿਚ ਕਿਸ ਰੂਪ ਵਿਚ ਵਿਚਰਦੀ ਏ, ਤਰਜ਼ੀਹਾਂ ਕਿਹੜੀਆਂ ਨੇ ਅਤੇ ਉਹ ਸਮਾਜਕ ਸਬੰਧਾਂ ‘ਚ ਕਿਵੇਂ ਵਿਚਰਦੀ ਏ, ਇਹ ਬਾਪ ਦੇ ਤੁਰ ਜਾਣ ਪਿਛੋਂ ਹੀ ਪਤਾ ਲੱਗਦਾ।
ਬਾਪ ਦੇ ਤੁਰ ਜਾਣ ਪਿਛੋਂ ਕਈ ਵਾਰ ਧੀਆਂ ਲਈ ਸਦਾ ਖਾਤਿਰ ਛੁੱਟ ਜਾਂਦਾ ਏ ਪੇਕਾ ਘਰ। ਉਹ ਘਰ, ਜਿਸ ਨਾਲ ਆਂਦਰਾਂ ਦੀ ਸਾਂਝ ਹੁੰਦੀ ਅਤੇ ਜਿਸ ਵਿਚੋਂ ਸੁਪਨਿਆਂ ਤੇ ਚਾਵਾਂ ਨੇ ਉਡਾਣ ਭਰੀ ਹੁੰਦੀ। ਧੀਆਂ ਨੂੰ ਪੇਕੇ ਘਰ ਦਾ ਮਾਣ ਹੀ ਬਹੁਤ ਹੁੰਦਾ ਅਤੇ ਜਦ ਇਹ ਹੀ ਖੁਸ ਜਾਵੇ ਅਤੇ ਬਾਬਲ ਦੇ ਘਰ ਦੀਆਂ ਪੁਰਾਣੀਆਂ ਯਾਦਾਂ ਨੂੰ ਸਿਜਦਾ ਕਰਨ ਤੋਂ ਹੀ ਵਰਜ ਦਿਤਾ ਜਾਵੇ ਤਾਂ ਧੀ ਦੇ ਮਨ ‘ਤੇ ਕੀ ਬੀਤਦੀ ਏ, ਸਿਰਫ ਇਕ ਧੀ ਹੀ ਸਮਝ ਸਕਦੀ। ਉਸ ਦੀ ਸੰਵੇਦਨਾ ਕਿਵੇਂ ਲੀਰਾਂ ਹੁੰਦੀ? ਉਹ ਚਾਹ ਕੇ ਮਾਂ ਦੇ ਸੰਦੂਕ ਵਿਚ ਪਈ ਮਾਂ ਦੀ ਫੁਲਕਾਰੀ ਨਾ ਛੋਹ ਸਕੇ ਜਾਂ ਬਾਬਲ ਦੇ ਵਿਹੜੇ ਨੂੰ ਪਿਆਰ ਨਾਲ ਨਾ ਨਿਹਾਰ ਸਕੇ ਤਾਂ ਡੁਸਕਦੇ ਘਰ ‘ਚ ਉਗੀਆਂ ਕੰਡਿਆਲੀਆਂ ਵਾੜਾਂ ਹੀ ਕਸੂਰਵਾਰ ਹੁੰਦੀਆਂ, ਜਿਨ੍ਹਾਂ ਵਿਚੋਂ ਕੋਮਲਤਾ, ਅਹਿਸਾਸ, ਭਾਵ ਅਤੇ ਸੁਹਜ ਅਲੋਪ ਹੁੰਦੇ। ਉਹ ਸਿਰਫ ਕਠੋਰਤਾ ਵਿਚੋਂ ਕਪਟ, ਕੋਹਝ, ਕਮੀਨਗੀ ਅਤੇ ਕੁਰਖਤਾ ਨਾਲ ਹੀ ਵਿਹੜੇ ‘ਚ ਸੇਹ ਦਾ ਤੱਕਲਾ ਬਣ, ਘਰ ਨੂੰ ਕਲੇਸ਼-ਘਰ ਬਣਾਉਣ ਵਿਚ ਕੋਈ ਕਸਰ ਨਹੀਂ ਰਹਿਣ ਦਿੰਦੀ। ਫਿਰ ਘਰ ਸਿਰਫ ਇਕ ਹਿਚਕੀ ਹੀ ਹੁੰਦਾ।
ਬਾਪ ਤੁਰ ਗਿਆ ਏ, ਬਾਪ ਦਾ ਬਾਪ ਵੀ ਤੁਰ ਗਿਆ ਸੀ ਅਤੇ ਇਸ ਸਿਲਸਿਲੇ ਨੇ ਨਿਰੰਤਰ ਜਾਰੀ ਰਹਿਣਾ। ਕੋਈ ਵੀ ਸਥਿਰ ਨਹੀਂ। ਜਾਰੀ ਰਹਿਣੀ ਹੈ-ਸੋਚ ਵਿਚੋਂ ਉਗਦੇ ਸੂਰਜਾਂ ਦੀ ਲੋਅ, ਕਰਮ ਵਿਚੋਂ ਧਰਮ ਦਾ ਜਗਦਾ ਚਿਰਾਗ ਅਤੇ ਜੀਵਨ-ਪੈੜਾਂ ਵਿਚੋਂ ਉਗ ਰਹੀ ਕਿਰਮਚੀ ਨਿਸ਼ਾਨਦੇਹੀ, ਜਿਨ੍ਹਾਂ ਨੇ ਜੀਵਨ-ਦਿਸਹੱਦਿਆਂ ਦੇ ਮੱਥਿਆਂ ਨੂੰ ਜੀਵਨੀ ਸ਼ਿਲਾਲੇਖ ਬਣਾਉਣਾ ਏ। ਬਾਪ ਦੀ ਅਕੀਦਤ ਵਿਚ ਇਹ ਕੁਝ ਹੋ ਜਾਵੇ ਤਾਂ ਜੀਵਨ ਸਫਲ ਹੁੰਦਾ।
ਇਕ ਸਾਲ ਪਹਿਲਾਂ ਜਦ ਬਾਪ ਹੌਲੀ ਹੌਲੀ ਮੇਰੇ ਹੱਥਾਂ ਵਿਚੋਂ ਹੱਥ ਖਿਸਕਾ ਰਿਹਾ ਸੀ ਤਾਂ ਉਸ ਦੀ ਆਖਰੀ ਝਾਤ ਨੇ ਮੇਰੇ ਨੈਣਾਂ ਵਿਚ ਅਜਿਹੀ ਰੌਸ਼ਨੀ ਭਰੀ ਕਿ ਜੀਵਨ ਦਾ ਉਦੇਸ਼ ਚਾਨਣ ਦਾ ਵਣਜ ਕਰਨਾ ਅਤੇ ਜੀਵਨ ਸਾਰਥਕਤਾ ਨੂੰ ਵਿਸਥਾਰਨਾ ਹੀ ਬਣ ਗਿਆ। ਇਸ ਤੋਂ ਚੰਗੇਰੀ ਅਕੀਦਤ ਸਦਾ ਲਈ ਵਿਛੜੇ ਬਾਪ ਨੂੰ ਹੋਰ ਕੀ ਦਿਤੀ ਜਾ ਸਕਦੀ ਏ?
ਬਾਪੂ ਤਾਂ ਕਿਧਰੇ ਵੀ ਨਹੀਂ ਗਿਆ। ਜਿਉਂਦਾ ਏ ਮੇਰੇ ਸਫਰ ਵਿਚ, ਨੈਣਾਂ ਵਿਚ ਉਮੜੇ ਸੁਪਨਿਆਂ ਵਿਚ, ਕਲਮ ਦੀ ਹਰਫਨਮੌਲਤਾ ਵਿਚ ਅਤੇ ਜੀਵਨ ਦੇ ਸੁਹੰਢਣੇ ਸਰੂਪ ਵਿਚ। ਤੇਰੇ ਹੀ ਕਦਮਾਂ ਦੀ ਨਿਸ਼ਾਨਦੇਹੀ ਕਰਨੀ ਤੇ ਕਰਦੇ ਰਹਿਣਾ ਏ। ਬਾਪੂ ਤੇਰੀ ਪੱਗ ਦਾ ਸ਼ਮਲਾ ਸਦਾ ਉਚਾ ਹੀ ਰਹੇਗਾ।
ਬਾਪ ਦੇ ਤੁਰ ਜਾਣ ਪਿਛੋਂ ਅਕਸਰ ਹੀ ਕਮਰੇ ਦੀ ਕੰਧ ‘ਤੇ ਲਟਕਦੀ ਬਾਪ ਦੀ ਤਸਵੀਰ ਨਾਲ ਸੰਵਾਦ ਰਚਾਉਂਦਾ ਹਾਂ। ਸੋਚਦਾਂ! ਸੂਖਮ ਬਿਰਤੀਆਂ ਅਤੇ ਸਿਮਦੇ ਸ਼ਬਦਾਂ ਨੂੰ ਕਿਵੇਂ ਸਹਿਲਾਵਾਂ, ਚੁੱਪ ਕਰਾਵਾਂ ਤਾਂ ਕਿ ਮਨ ਵਿਚ ਆਇਆ ਉਬਾਲ ਸ਼ਾਂਤ ਹੋਵੇ। ਕਈ ਵਾਰ ਸੋਚਦਾਂ ਕਿ ਸ਼ਾਇਦ ਆਪਣਿਆਂ ਨੇ ਮੇਰੀ ਭਾਵਨਾਤਮਕਤਾ ਨੂੰ ਕਮਜੋਰੀ ਸਮਝ ਲਿਆ ਹੋਵੇ, ਪਰ ਉਹ ਨਹੀਂ ਜਾਣਦੇ ਕਿ ਬਾਪ ਦੇ ਭੋਗ ਸਮੇਂ, ਸਿਰ ‘ਤੇ ਬੰਨੀ ਗਈ ਪੱਗ ਦਾ ਭਾਰ ਬਹੁਤ ਹੁੰਦਾ। ਪੱਗ, ਜੋ ਬਾਪ ਦੇ ਸ਼ਮਲੇ ਦੀ ਸੂਚਕ ਏ, ਇਹ ਸ਼ਮਲਾ ਜਿੰਦ ਵੇਚ ਕੇ ਵੀ ਜੇ ਉਚਾ ਰੱਖ ਸਕਿਆ ਤਾਂ ਇਹ ਸੌਦਾ ਕਦੇ ਵੀ ਘਾਟੇਵੰਦਾ ਨਹੀਂ ਹੋਵੇਗਾ। ਇਹ ਖੁਦ ਨਾਲ ਵਚਨ ਹੈ।