ਉਦਾਸ ਸੂਰਜ ਦੀ ਲਿਸ਼ਕ

ਪ੍ਰਿੰ. ਸਰਵਣ ਸਿੰਘ
ਸ਼ਿਵ ਕੁਮਾਰ ਬਾਰੇ ਲਿਖਣ ਦਾ ਮੈਨੂੰ ਚੇਤਾ ਨਾ ਆਉਂਦਾ, ਜੇ ਮੇਰੇ ਹੱਥੋਂ ਅਖਬਾਰ ਦਾ ਵਰਕਾ ਨਾ ਉਡਦਾ। ਅਖਬਾਰ ਦੇ ਉਡੇ ਵਰਕੇ ਮਗਰ ਮੈਂ ਕਾਫੀ ਦੂਰ ਤਕ ਦੌੜਿਆ। ਜਦ ਨੇੜੇ ਪਹੁੰਚਦਾ ਤਾਂ ਤੇਜ਼ ਹਵਾ ਦਾ ਬੁੱਲਾ ਉਸ ਨੂੰ ਹੋਰ ਦੂਰ ਉਡਾ ਦਿੰਦਾ। ਆਖਰ ਉਹ ਵਰਕਾ ਮੇਰੇ ਕਾਬੂ ਆ ਹੀ ਗਿਆ। ਮੌਕਾ ਮੇਲ ਐਸਾ ਸੀ ਕਿ ਉਸੇ ਹਫਤੇ ਸ਼ਿਵ ਕੁਮਾਰ ਦੀ 40ਵੀਂ ਬਰਸੀ ਸੀ। ਬਰਸੀ ਕਰਕੇ ਹੀ ਅਖਬਾਰ ਵਿਚ ਉਹਦੇ ਬਾਰੇ ਲੇਖ ਛਪਿਆ ਸੀ। ਮੈਂ ਤੁਰਦਾ ਤੁਰਦਾ ਉਹ ਲੇਖ ਪੜ੍ਹਨ ਲੱਗਾ ਤਾਂ ਹਵਾ ਨਾਲ ਉਹੋ ਵਰਕਾ ਹੀ ਅਖਬਾਰ ‘ਚੋਂ ਉਡ ਗਿਆ।

ਮੈਂ ਉਸ ਨੂੰ ਫੜਨ ਲਈ ਨੱਠਦਾ ਰਿਹਾ, ਪਰ ਉਹ ਅੱਗੇ ਹੀ ਅੱਗੇ ਉਡਦਾ ਰਿਹਾ। ਮੈਨੂੰ ਇਉਂ ਲੱਗਾ ਜਿਵੇਂ ਸ਼ਿਵ ਦਾ ਕਲਬੂਤ ਮੇਰੇ ਅੱਗੇ ਨੱਠਾ ਜਾ ਰਿਹਾ ਹੋਵੇ! ਉਦੋਂ ਮੈਂ 73ਵੇਂ ਸਾਲ ‘ਚ ਸਾਂ। ਹੁਣ 80ਵੇਂ ਸਾਲ ‘ਚ ਹਾਂ। ਜੇ ਸ਼ਿਵ ਕੁਮਾਰ ਜਿਉਂਦਾ ਰਹਿੰਦਾ ਤਾਂ ਹੁਣ ਉਹ 84ਵੇਂ ਸਾਲ ਵਿਚ ਹੋਣਾ ਸੀ।
ਆਖਰ ਉਹ ਵਰਕਾ ਥੋਹਰ ਜਿਹੀ ਝਾੜੀ ‘ਚ ਜਾ ਫਸਿਆ, ਜਿਥੇ ਹਵਾ ਦਾ ਜ਼ੋਰ ਨਾ ਚੱਲਿਆ। ਉਡਿਆ ਵਰਕਾ ਝਾੜੀ ‘ਚੋਂ ਕੱਢ ਕੇ ਪੜ੍ਹਦਿਆਂ ਮੈਂ ਸ਼ਿਵ ਬਟਾਲਵੀ ਦੀਆਂ ਯਾਦਾਂ ‘ਚ ਖੋ ਗਿਆ। ਜੇ ਉਹ ਲੋੜੋਂ ਵੱਧ ਸ਼ਰਾਬ ਨਾ ਪੀਂਦਾ ਹੁੰਦਾ ਤਾਂ ਸੰਭਵ ਸੀ, ਉਹ ਵੀ ਲੰਮੀ ਉਮਰ ਭੋਗਦਾ। ਜਿਵੇਂ ਮੈਂ ਰਿਟਾਇਰ ਹੋਣ ਪਿੱਛੋਂ ਆਪਣੇ ਪੁੱਤਰ ਪਾਸ ਕੈਨੇਡਾ ਪੁੱਜਾ ਹਾਂ, ਉਵੇਂ ਸ਼ਿਵ ਕੁਮਾਰ ਵੀ ਆਪਣੀ ਧੀ ਪੂਜਾ ਕੋਲ ਅਮਰੀਕਾ ਪੁੱਜ ਜਾਂਦਾ। ਫਿਰ ਉਹ ਵੀ ਮੇਰੇ ਵਾਂਗ ਸਵੇਰੇ ਸੈਰ ਕਰਦਾ ਕਿਤੋਂ ਪੰਜਾਬੀ ਅਖਬਾਰ ਚੁੱਕ ਲਿਆਉਂਦਾ ਤੇ ਤੁਰਦਾ ਤੁਰਦਾ ਅਖਬਾਰ ‘ਤੇ ਨਜ਼ਰ ਮਾਰਦਾ।
ਗੱਲ 1958-59 ਦੀ ਹੈ। ਮੈਂ ਐਮ. ਆਰ. ਕਾਲਜ ਫਾਜ਼ਿਲਕਾ ਦਾ ਵਿਦਿਆਰਥੀ ਸਾਂ। ਅਸੀਂ ਪੰਜਾਬੀ ਸਾਹਿਤ ਸਭਾ ਵੱਲੋਂ ਕਵੀ ਦਰਬਾਰ ਕਰਵਾਇਆ। ਸੱਦੇ ਗਏ ਕਵੀਆਂ ਵਿਚ ਸ਼ਿਵ ਵੀ ਸੀ। ਉਹ ਮੈਥੋਂ ਚਾਰ ਸਾਲ ਵੱਡਾ ਸੀ। ਉਸ ਨੇ ਖੁੱਲ੍ਹੀ ਮੂਹਰੀ ਵਾਲਾ ਚਿੱਟਾ ਪਜਾਮਾ ਤੇ ਚਿੱਟਾ ਹੀ ਕੁੜਤਾ ਪਾਇਆ ਹੋਇਆ ਸੀ। ਮੋਢੇ ‘ਤੇ ਲੋਈ ਤੇ ਪੈਰੀਂ ਚਪਲਾਂ ਸਨ। ਰੰਗ ਗੋਰਾ ਨਿਛੋਹ ਤੇ ਵਾਲ ਘੁੰਗਰਾਲੇ। ਅੱਖਾਂ ਮਸਤ ਤੇ ਮੋਟੀਆਂ, ਸਿਹਲੀਆਂ ਸੰਘਣੀਆਂ, ਨੱਕ ਤਿੱਖਾ ਤੇ ਬੁੱਲ੍ਹ ਪਤਲੇ। ਜੁੱਸਾ ਇਕਹਿਰਾ ਸੀ। ਸੁਣਿਆਂ ਸੀ ਉਹ ਪਟਵਾਰੀ ਲੱਗਾ ਹੋਇਐ, ਪਰ ਪਟਵਾਰੀਆਂ ਵਾਲਾ ਤਾਂ ਉਹਦੇ ‘ਚੋਂ ਕੁਝ ਵੀ ਨਹੀਂ ਸੀ ਦਿਸਦਾ। ਨਾ ਪਟਵਾਰੀਆਂ ਜਿਹਾ ਗੋਲ ਢਿੱਡ, ਨਾ ਬੋਝੇ ‘ਚ ਬੰਨ੍ਹਿਆ ਨਕਸ਼ੇ, ਨਾ ਝੱਗੀ ਤੇ ਨਾ ਗੁੱਝੀਆਂ ਜੇਬਾਂ। ਉਥੇ ਸੰਤੋਖ ਸਿੰਘ ਧੀਰ ਸੀ, ਗੁਰਚਰਨ ਰਾਮਪੁਰੀ ਤੇ ਸੁਰਜੀਤ ਰਾਮਪੁਰੀ, ਜਗਤਾਰ ਪਪੀਹਾ ਤੇ ਮਰਜਾਰਾ, ਬਰਕਤ ਰਾਮ ਯੁਮਨ ਤੇ ਗੁਰਦਾਸ ਰਾਮ ਆਲਮ ਅਤੇ ਇੰਦਰਜੀਤ ਸਿੰਘ ਤੁਲਸੀ ਤੇ ਹੋਰ ਵੀ ਕਵੀ ਸਨ, ਜਿਨ੍ਹਾਂ ਨਾਲ ਸਟੇਜ ਭਰੀ ਹੋਈ ਸੀ। ਲੰਮਾ ਪਤਲਾ ਜਸਵੰਤ ਸਿੰਘ ਕੰਵਲ ਪ੍ਰਧਾਨਗੀ ਕਰ ਰਿਹਾ ਸੀ। ਉਥੇ ਕੰਵਲ ਨੂੰ ਮੈਂ ਪਹਿਲੀ ਵਾਰ ਮਿਲਿਆ ਸਾਂ ਤੇ ਫਿਰ ਸੱਠ-ਬਾਹਟ ਸਾਲ ਉਹਦੇ ਅੰਤਲੇ ਦਮ ਤਕ ਮਿਲਦਾ ਰਿਹਾ।
ਜਗਤਾਰ ਨੇ ਗੀਤ ਗਾਇਆ, ‘ਕਣਕਾਂ ਨਿੱਸਰ ਪਈਆਂ, ਸਾਨੂੰ ਘਰੇ ਬੜਾ ਰੁਜ਼ਗਾਰ, ਮੁੜ ਆ ਵਤਨਾਂ ਨੂੰ।’ ਸੁਰਜੀਤ ਰਾਮਪੁਰੀ ਨੇ ਗਾਇਆ, ‘ਕਦੇ ਰੋ ਲੈਨਾਂ, ਕਦੇ ਗਾ ਲੈਨਾਂ, ਮੈਂ ਦਿਲ ਦੀ ਅੱਗ ਬੁਝਾ ਲੈਨਾਂ।’ ਸ਼ਿਵ ਕੁਮਾਰ ਦੀ ਵਾਰੀ ਆਈ ਤਾਂ ਉਸ ਨੇ ਮਸਤ ਅੱਖਾਂ ਮੁੰਦ ਕੇ ਇਕ ਹੱਥ ਕੰਨ ‘ਤੇ ਧਰਿਆ, ਦੂਜਾ ਉਪਰ ਉਠਾਇਆ ਤੇ ਮਾਈਕ ਤੋਂ ਸੋਜ਼ਮਈ ਹੂਕ ਵਿਚ ਕਵਿਤਾ ਸੁਣਾਈ, ‘ਮੈਂ ਕੰਡਿਆਲੀ ਥੋਹਰ ਵੇ ਸੱਜਣਾਂ ਉੱਗੀ ਵਿਚ ਉਜਾੜਾਂ।’ ਉਸ ਨੇ ਗੀਤ ਵੀ ਗਾਏ, ‘ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿਚੋਂ ਬਿਰਹੋਂ ਦੀ ਰੜਕ ਪਵੇ’, ‘ਮਾਏ ਨੀ ਮਾਏ ਮੈਂ ਇਕ ਸ਼ਿਕਰਾ ਯਾਰ ਬਣਾਇਆ, ਇਕ ਉਡਾਰੀ ਐਸੀ ਮਾਰੀ ਉਹ ਮੁੜ ਵਤਨੀ ਨਾ ਆਇਆ।’
ਉਸ ਦੀਆਂ ਦਿਲ ‘ਚ ਲਹਿ ਜਾਣ ਵਾਲੀਆਂ ਦਰਦੀਲੀਆਂ ਹੂਕਾਂ ਨੇ ਸਰੋਤਿਆਂ ‘ਤੇ ਟੂਣਾ ਕਰ ਦਿੱਤਾ, ਜਿਸ ਨਾਲ ਪੰਡਾਲ ਵਿਚ ਸੱਨਾਟਾ ਛਾ ਗਿਆ। ਵਾਰ ਵਾਰ ਉਹਦੀ ਮੰਗ ਹੋਣ ਲੱਗੀ। ਕਾਲਜੀਏਟ ਮੁੰਡਿਆਂ ਨੂੰ ਸ਼ਿਵ ਦੀ ਸ਼ਾਇਰੀ ਨੇ ਪੱਟ ਲਿਆ ਅਤੇ ਅਸੀਂ ਉਹਦੀ ਜਿੰਨੀ ਵੀ ਸੇਵਾ ਹੋ ਸਕਦੀ ਸੀ, ਕੀਤੀ। ਉਹਦੇ ਸੋਹਣੇ ਮੁਖੜੇ ਦਾ, ਪੇਂਡੂ ਬਿੰਬਾਂ ਵਾਲੀ ਸ਼ਾਇਰੀ ਦਾ ਤੇ ਉਹਦੀ ਸੁਰੀਲੀ/ਦਰਦੀਲੀ ਗਾਇਕੀ ਦਾ ਬਿੰਬ ਹਾਲੇ ਵੀ ਮੇਰੇ ਦਿਲੋ ਦਿਮਾਗ ਵਿਚ ਤਰੋ-ਤਾਜ਼ਾ ਹੈ। ਮੈਨੂੰ ਉਹ ਫਿਲਮਾਂ ਵਾਲੇ ਦੇਵਦਾਸ ਜਿਹਾ ਲੱਗਾ। ਉਹਦੀ ਪਹਿਲੀ ਪੁਸਤਕ ‘ਕੰਡਿਆਲੀ ਥੋਹਰ’ ਛਪੀ ਤਾਂ ਮੈਂ ਕਿਤਾਬ ਲੈਣ ਉਚੇਚਾ ਜਲੰਧਰ ਗਿਆ। ਐਨੀ ਖਿੱਚ ਸੀ ਉਹਦੀ ਕਵਿਤਾ ਦੀ!
1965 ਵਿਚ ਜਦੋਂ ਮੈਂ ਦਿੱਲੀ ਦੇ ਖਾਲਸਾ ਕਾਲਜ ਵਿਚ ਪੜ੍ਹਾਉਣ ਲੱਗਾ ਤਾਂ ਉਥੇ ਵੀ ਅਸੀਂ ਕਵੀ ਦਰਬਾਰ ਕਰਵਾਇਆ, ਜਿਸ ਵਿਚ ਸ਼ਿਵ ਨੂੰ ਉਚੇਚਾ ਸੱਦਿਆ। ਤਦ ਤਕ ਉਹ ਕਵੀ ਦਰਬਾਰਾਂ ਦਾ ਹੀਰੋ ਬਣ ਚੁਕਾ ਸੀ। ਕੁੜੀਆਂ ਆਟੋਗਰਾਫ ਲੈਣ ਉਹਦੇ ਮੋਢਿਆਂ ਉਤੋਂ ਦੀ ਉਲਰਦੀਆਂ। ਉਹਦੇ ਦਸਤਖਤ ਚੁੰਮਦੀਆਂ, ‘ਹਾਏ’ ਕਹਿੰਦਿਆਂ ਹਿੱਕ ਨਾਲ ਲਾਉਂਦੀਆਂ। ਦਿੱਲੀ ਉਹ ਕੁੜਤੇ ਪਜਾਮੇ ਵਿਚ ਨਹੀਂ, ਸਗੋਂ ਹਲਕੇ ਨਸਵਾਰੀ ਸੂਟ ਵਿਚ ਸੀ। ਪੈਰੀਂ ਮਹਿੰਗੇ ਬੂਟ ਸਨ। ਉਹਦੀ ਕਵਿਤਾ ਦਾ ਆਸ਼ਕ ਪ੍ਰੋ. ਗਿਆਨ ਸਿੰਘ ਸੰਧੂ ਸਟੇਜ ਸਕੱਤਰ ਸੀ। ਸਟੇਜ ਭਾਵੇਂ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੀ ਸੀ, ਪਰ ਸ਼ਿਵ ਅੰਦਰਖਾਤੇ ਸਿਗਰਟ ਸ਼ਰਾਬ ਪੀਣੋਂ ਨਾ ਰਹਿ ਸਕਿਆ। ਦਿੱਲੀ ਉਹ ਅੰਮ੍ਰਿਤਾ ਪ੍ਰੀਤਮ ਦਾ ਮਹਿਮਾਨ ਸੀ। ਉਹ ਉਸ ਨੂੰ ਨਾਲ ਲੈ ਕੇ ਆਈ ਸੀ ਤੇ ਨਾਲ ਹੀ ਲੈ ਗਈ। ਉਹਦੇ ਲਈ ਹਰ ਘਰ ਦੇ ਬੂਹੇ ਖੁੱਲ੍ਹੇ ਸਨ। ਉਹਦੀ ਉਦੋਂ ਉਹ ਗੱਲ ਸੀ-ਰਾਤਾਂ ਛੋਟੀਆਂ ਤੇ ਯਾਰ ਬਥੇਰੇ, ਕੀਹਦਾ ਕੀਹਦਾ ਮਾਣ ਰੱਖਲਾਂ।
ਤੁਰਦੇ ਤੁਰਦੇ ਮੈਨੂੰ ਯਾਦ ਆਇਆ, ਸ਼ਿਵ ਕੁਮਾਰ ਜਦੋਂ ਸਿਖਰਾਂ ‘ਤੇ ਸੀ, ਉਹਦੇ ਆਲੋਚਕਾਂ ਵੱਲੋਂ ਉਹਦੀ ਬਦਖੋਹੀ ਵੀ ਹੋਣ ਲੱਗ ਪਈ ਸੀ। ਉਹਦੇ ਗੀਤਾਂ ਦੀਆਂ ਪੈਰੋਡੀਆਂ ਚੱਲ ਪਈਆਂ ਸਨ, ਜਿਨ੍ਹਾਂ ਵਿਚ ਉਹਦਾ ਮਜ਼ਾਕ ਉਡਾਇਆ ਜਾਂਦਾ। ਕਿਹਾ ਜਾਂਦਾ ਕਿ ਉਸ ਦੀ ਸ਼ਾਇਰੀ ਵਿਚ ਰੋਣ ਧੋਣ ਤੋਂ ਸਿਵਾ ਹੋਰ ਹੈ ਵੀ ਕੀ? ਪ੍ਰਗਤੀਵਾਦੀ ਆਲੋਚਕ ਸੁਆਲ ਕਰਦੇ ਕਿ ਉਹ ਸੰਦੇਸ਼ ਕੀ ਦਿੰਦੈ? ਹਾਏ ਬੂ ਦੀਆਂ ਦੁਹਾਈਆਂ ਤੋਂ ਬਿਨਾ ਕੀ ਐ ਉਹਦੀ ਕਵਿਤਾ ‘ਚ? ਐਮ. ਏ. ਵਿਚ ਪ੍ਰੋ. ਜੋਗਿੰਦਰ ਸਿੰਘ ਸੋਢੀ ਸਾਨੂੰ ਆਧੁਨਿਕ ਕਵਿਤਾ ਦਾ ਪੇਪਰ ਪੜ੍ਹਾਉਂਦੇ ਸਨ। ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਬੇਸ਼ੱਕ ਸ਼ਿਵ ਕੁਮਾਰ ਦੇ ਗੀਤ ਗਾਉਂਦੀ, ਪਰ ਉਹ ਆਪ ਸ਼ਿਵ ਦੇ ਗੀਤਾਂ ਦੀ ਖੱਲ ਲਾਹੁੰਦੇ ਰਹਿੰਦੇ। ਕਹਿੰਦੇ, “ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿਚੋਂ ਬਿਰਹੋਂ ਦੀ ਰੜਕ ਪਵੇ ਵੀ ਕੋਈ ਗੱਲ ਐ? ਝੱਲ ਵਲੱਲੀਆਂ ਨੇ। ਵੈਣ ਨੇ, ਕੀਰਨੇ ਨੇ!”
ਅਜਿਹੀ ਆਲੋਚਨਾ ਦੇ ਬਾਵਜੂਦ ਸ਼ਿਵ ਕੁਮਾਰ ਮਸ਼ਹੂਰੀ ਫੜਦਾ ਗਿਆ। ਉਹ ਪੰਜਾਬੀ ਦਾ ਸਭ ਤੋਂ ਛੋਟੀ ਉਮਰ ਦਾ ਕਵੀ ਹੋ ਕੇ ਭਾਰਤੀ ਸਾਹਿਤ ਅਕਾਦਮੀ ਦਾ ਅਵਾਰਡ ਲੈ ਗਿਆ। ਉਸ ਦੇ ਕਾਵਿ-ਨਾਟਕ ‘ਲੂਣਾ’ ਨੂੰ ਬੜਾ ਵਡਿਆਇਆ ਗਿਆ। ਉਹਦੇ ਬਾਰੇ ਬਹੁਤ ਕੁਝ ਲਿਖਿਆ ਗਿਆ। ਉਹਦੀ ਪ੍ਰਸ਼ੰਸਾ ਵੀ ਹੋਈ ਤੇ ਬਦਖੋਹੀ ਵੀ। ਉਸ ਨੇ ਪੈਸੇ ਬਣਾਏ ਵੀ ਬਹੁਤ ਤੇ ਉਜਾੜੇ ਵੀ ਬਹੁਤ। ਜਦੋਂ ਸ਼ਿਵ ਕੁਮਾਰ ਬਿਰਹਾ/ਵਿਛੋੜੇ ਦੇ ਵੈਣ ਪਾਉਂਦਾ ਜੋਬਨ ਰੁੱਤੇ ਮਰ ਜਾਣ ਦਾ ਰੁਦਨ ਕਰ ਰਿਹਾ ਸੀ, ਉਦੋਂ ਸੰਤ ਰਾਮ ਉਦਾਸੀ ਉੱਚੀ ਹੇਕ ਵਿਚ ਇਨਕਲਾਬੀ ਗੀਤ ਗਾ ਰਿਹਾ ਸੀ, ‘ਉਠ ਕਿਰਤੀਆ ਉਠ ਵੇ ਉਠਣ ਦਾ ਵੇਲਾ’, ‘ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ’, ‘ਮਘਦਾ ਰਹੀਂ ਤੂੰ ਸੂਰਜਾ ਕੰਮੀਆਂ ਦੇ ਵਿਹੜੇ।’
ਦੋਹਾਂ ਕਵੀਆਂ ਦੇ ਸਰੋਤਿਆਂ ਦੀ ਗਿਣਤੀ ਅਣਗਿਣਤ ਸੀ। ਦੋਹਾਂ ਦੀ ਸ਼ਾਇਰੀ ਐਸੀ ਸੀ, ਜੋ ਉਨ੍ਹਾਂ ਦੇ ਮੂੰਹੋਂ ਹੀ ਫਬਦੀ ਸੀ। ਉਨ੍ਹਾਂ ਦੇ ਨਾਂ ਨਾਲ ਕਵੀ ਦਰਬਾਰਾਂ ਦੇ ਪੰਡਾਲ ਭਰ ਜਾਂਦੇ। ਸ਼ਿਵ ਦੀਆਂ ਰੁਦਨਮਈ ਹੂਕਾਂ ਤੇ ਉਦਾਸੀ ਦੀਆਂ ਲਲਕਾਰਵੀਆਂ ਹੇਕਾਂ ਸਮਾਂ ਬੰਨ੍ਹ ਦਿੰਦੀਆਂ। ਇਕ ਦੀ ਸ਼ਾਇਰੀ ਨਾਲ ਸਰੋਤਿਆਂ ਦੀਆਂ ਅੱਖਾਂ ਨਮ ਹੋ ਜਾਂਦੀਆਂ, ਪਰ ਦੂਜੇ ਦੇ ਲਲਕਾਰਵੇਂ ਹੋਕਰਿਆਂ ਨਾਲ ਨਮ ਹੋਈਆਂ ਅੱਖਾਂ ‘ਚ ਅੱਗ ਦਗਣ ਲੱਗਦੀ। ਉਨ੍ਹਾਂ ਦੀਆਂ ਕਿਤਾਬਾਂ ‘ਚੋਂ ਉਨ੍ਹਾਂ ਦੀ ਰਚਨਾ ਪੜ੍ਹਨ ਨਾਲ ਉਹ ਗੱਲ ਨਹੀਂ ਬਣਦੀ, ਜੋ ਉਨ੍ਹਾਂ ਮੂੰਹੋਂ ਸੁਣਨ ਨਾਲ ਬਣਦੀ ਸੀ। ਕੈਸੀ ਵਿਡੰਬਨਾ ਹੈ ਕਿ ਦੋਹਾਂ ਹੋਣਹਾਰ ਕਵੀਆਂ ਨੂੰ ਛੋਟੀ ਉਮਰ ਵਿਚ ਹੀ ਸ਼ਰਾਬ ਨੇ ਸਮੇਟ ਲਿਆ।
ਬਲਵੰਤ ਗਾਰਗੀ ਸ਼ਿਵ ਕੁਮਾਰ ਨੂੰ ‘ਕੌਡੀਆਂ ਵਾਲਾ ਸੱਪ’ ਕਹਿੰਦਾ ਸੀ। ਉਸ ਨੇ ਲਿਖਿਆ, “ਸ਼ਿਵ ਬਟਾਲਵੀ ਨਾਲ ਮੇਰਾ ਠੇਕਾ ਸੀ। ਜਦੋਂ ਮੈ ਚੰਡੀਗੜ੍ਹ ਤੋਂ ਦਿੱਲੀ ਆਪਣੀ ਕਾਰ ਵਿਚ ਜਾਂਦਾ ਤਾਂ ਉਸ ਨੂੰ ਨਾਲ ਚੱਲਣ ਲਈ ਆਖਦਾ। ਰਸਤੇ ਵਿਚ ਬੀਅਰ ਦੀਆਂ ਦੋ ਬੋਤਲਾਂ, ਭੁੰਨਿਆ ਹੋਇਆ ਮੁਰਗਾ ਤੇ ਤੀਹ ਰੁਪਏ ਨਕਦ…। ਉਂਜ ਸ਼ਿਵ ਨੂੰ ਨਾ ਸ਼ਰਾਬ ਪਿਆਉਣ ਵਾਲਿਆਂ ਦਾ ਘਾਟਾ ਸੀ, ਨਾ ਮੁਰਗਾ ਖੁਆਉਣ ਵਾਲਿਆਂ ਦਾ। ਦਰਅਸਲ ਉਹਦੇ ਬਾਰੇ ਇਹ ਗੱਲ ਵੀ ਗਲਤ ਫੈਲੀ ਹੋਈ ਸੀ ਕਿ ਲੋਕ ਉਸ ਨੂੰ ਸ਼ਰਾਬ ਪਿਆਉਂਦੇ ਸਨ। ਉਸ ਕੋਲ ਜੇਬ ਵਿਚ ਜੇ ਇਕ ਹਜ਼ਾਰ ਹੁੰਦਾ ਤਾਂ ਉਹ ਦੋਸਤਾਂ ਨੂੰ ਸ਼ਰਾਬ ਪਿਆਉਣ ਤੇ ਖੁਆਉਣ ਉਤੇ ਖਰਚ ਦਿੰਦਾ। ਉਹ ਸ਼ਾਹੀ ਬੰਦਾ ਸੀ ਤੇ ਸ਼ਾਹੀ ਫਕੀਰ। ਉਸ ਵਿਚ ਆਪਣੇ ਆਪ ਨੂੰ ਉਜਾੜਨ ਦੀ ਬਹੁਤ ਸ਼ਕਤੀ ਸੀ।”
ਗਾਰਗੀ ਦੇ ਸ਼ਬਦਾਂ ਵਿਚ ਹੀ, “ਸਟੇਜ ਦੇ ਪਿਛਾੜੀ ਸ਼ਰਾਬ ਦੀ ਛਬੀਲ ਲੱਗੀ ਹੋਈ ਸੀ। ਸ਼ਿਵ ਨੂੰ ਤੇ ਮੈਨੂੰ ਦੇਖਣ ਸਾਰ ਦੋ-ਤਿੰਨ ਕਰਮਚਾਰੀ ਅੱਗੇ ਵਧੇ, ਸੁਆਗਤੀ ਜੱਫੀਆਂ ਪਾਈਆਂ ਤੇ ਵਿਸਕੀ ਦੇ ਗਲਾਸ ਪੇਸ਼ ਕੀਤੇ। ਸ਼ਿਵ ਨੇ ਪੰਜ-ਸੱਤ ਘੁੱਟਾਂ ਵਿਚ ਗਲਾਸ ਖਾਲੀ ਕੀਤਾ…। ਸ਼ਿਵ ਕਵੀ ਦਰਬਾਰ ‘ਚ ਪੁੱਜਾ ਤਾਂ ਸਾਰੇ ਹਾਲ ਵਿਚ ਲੂਹਰੀ ਦੌੜ ਗਈ। ਅੱਖਾਂ ਬੰਦ ਕਰ ਕੇ ਤੇ ਬਾਂਹ ਉਲਾਰ ਕੇ ਉਹ ਮਾਈਕ੍ਰੋਫੋਨ ਸਾਹਮਣੇ ਗੁਣਗੁਣਾਇਆ। ਨਸ਼ੀਲੇ ਧੀਮੇ ਸੁਰ ਲਰਜ਼ੇ ਤੇ ਲੋਕਾਂ ਦੇ ਦਿਲਾਂ ਦੀਆਂ ਤਰਬਾਂ ਨੂੰ ਕਿਸੇ ਨੇ ਮਿਜ਼ਰਾਬ ਨਾਲ ਛੇੜਿਆ। ਯਕਦਮ ਉਸ ਦੀ ਅਵਾਜ਼ ਟੀਪ ਦੇ ਸੁਰਾਂ ਉਤੇ ਗੂੰਜੀ…। ਹਾਲ ਵਿਚ ਸੱਨਾਟਾ ਸੀ। ਕਿਸੇ-ਕਿਸੇ ਵੇਲੇ ਹਲਕੀ ਜਿਹੀ ‘ਆਹ’ ਨਿਕਲਦੀ। ਫਿਰ ਟੂਣੇਹਾਰੀ ਮੁਗਧਤਾ। ਨਜ਼ਮ ਖਤਮ ਹੋਈ ਤਾਂ ਕੁੜੀਆਂ ਨੇ ਹਾਕਾਂ ਮਾਰੀਆਂ, ‘ਕੀ ਪੁੱਛਦੇ ਓ ਹਾਲ ਫਕੀਰਾਂ ਦਾ।’ ਸ਼ਿਵ ਮੁਸਕਰਾਇਆ ਤੇ ਨਵਾਂ ਮੂਡ ਤਾਰੀ ਕਰਨ ਲਈ ਫਿਰ ਗੁਣਗੁਣਾਇਆ। ਜਦੋਂ ਉਸ ਨੇ ਉੱਚੀ ਹੇਕ ਲਾ ਕੇ ਗਾਇਆ,
ਤਕਦੀਰ ਤਾਂ ਸਾਡੀ ਸੌਂਕਣ ਸੀ,
ਤਦਬੀਰਾਂ ਸਾਥੋਂ ਨਾ ਹੋਈਆਂ,
ਨਾ ਝੰਗ ਛੁੱਟਿਆ, ਨਾ ਕੰਨ ਪਾਟੇ,
ਝੁੰਡ ਲੰਘ ਗਿਆ ਇੰਜ ਹੀਰਾਂ ਦਾ,
ਕੀ ਪੁਛਦੇ ਓ ਹਾਲ ਫਕੀਰਾਂ ਦਾ…।
ਹਾਲ ਵਿਚ ਬੈਠੇ ਲੋਕ ਤੜਪ ਉਠੇ। ਕਾਲਜ ਦੀਆਂ ਕੁੜੀਆਂ ਦੇ ਸੀਨੇ ਵਿਚ ਹੂਕ ਉਠੀ। ਉਹ ਹੀਰਾਂ ਦਾ ਹੀ ਰੂਪ ਸਨ। ਜਵਾਨਾਂ ਦੇ ਸੀਨੇ ਵਿਚ ਸੱਪਾਂ ਨੇ ਡੰਗ ਮਾਰੇ, ਕਿਉਂਕਿ ਉਹ ਸਾਰੇ ਅਜਿਹੇ ਰਾਂਝੇ ਸਨ, ਜੋ ਕੰਨ ਨਹੀਂ ਸਨ ਪੜਵਾ ਸਕੇ।
ਮੈਂ ਫਿਰ ਅਖਬਾਰ ਦੇ ਉਡੇ ਵਰਕੇ ਵੱਲ ਹੀ ਪਰਤਦਾਂ, ਜੋ ਇਸ ਲਿਖਤ ਦਾ ਸਬੱਬ ਬਣਿਆ। ਉਸ ਉਤੇ ਬਲਬੀਰ ਮੋਮੀ ਦਾ ਲੇਖ ‘ਸ਼ਿਵ ਤੇ ਮੈਂ’ ਛਪਿਆ ਸੀ। ਸ਼ਿਵ 11 ਸਾਲ ਦਾ ਸੀ ਜਦੋਂ ਪਾਕਿਸਤਾਨ ਬਣਿਆ। ਉਹ ਸਿਆਲਕੋਟ ਦੇ ਪਿੰਡ ਬੜਾ ਲੋਹਟੀਆਂ ਤੋਂ ਉਜੜ ਕੇ ਬਟਾਲੇ ਆਇਆ। ਦਸ ਜਮਾਤਾਂ ਪੜ੍ਹ ਕੇ ਕਾਲਜ ਪੜ੍ਹਨ ਲੱਗਾ ਤਾਂ ਉਸ ਦੇ ਨਾਇਬ ਤਹਿਸੀਲਦਾਰ ਪਿਤਾ ਨੇ ਕਾਲਜੋਂ ਹਟਾ ਕੇ ਪਟਵਾਰੀ ਬਣਾ ਦਿੱਤਾ। ਉਸ ਦਾ ਇਸ਼ਕ ਬੈਜਨਾਥ ਦੇ ਮੇਲੇ ‘ਤੇ ਮਿਲੀ ਕੁੜੀ ਮੀਨਾ ਨਾਲ ਹੋਇਆ, ਜੋ ਮਿਆਦੀ ਬੁਖਾਰ ਨਾਲ ਮਰ ਗਈ। ਉਹਦੀ ਯਾਦ ਵਿਚ ਕਵਿਤਾਵਾਂ ਲਿਖਦਾ ਉਹ ਸ਼ਾਇਰ ਬਣ ਗਿਆ। ਇਕ ਹੋਰ ਕੁੜੀ ਨਾਲ ਇਸ਼ਕ ਹੋਇਆ ਤਾਂ ਉਹ ਇੰਗਲੈਂਡ ਉਡਾਰੀ ਮਾਰ ਗਈ, ਜਿਸ ਨੂੰ ਉਹ ‘ਇਕ ਸ਼ਿਕਰਾ ਯਾਰ ਬਣਾਇਆ’ ਕਹਿੰਦਾ ਰਿਹਾ।
ਸ਼ਿਵ ਦਾ ਵਿਆਹ 5 ਫਰਵਰੀ 1967 ਨੂੰ ਅਰੁਣਾ ਨਾਲ ਹੋਇਆ, ਜਿਸ ਦੀ ਕੁੱਖੋਂ ਧੀ ਪੂਜਾ ਤੇ ਪੁੱਤਰ ਮਿਹਰਬਾਨ ਪੈਦਾ ਹੋਏ। ਅਰੁਣਾ ਲਾਇਬ੍ਰੇਰੀਅਨ ਦੀ ਨੌਕਰੀ ਤੋਂ ਰਿਟਾਇਰ ਹੋ ਚੁਕੀ ਹੈ, ਮਿਹਰਬਾਨ ਲੈਕਚਰਾਰ ਹੈ ਤੇ ਪੂਜਾ ਅਮਰੀਕਾ ਵਸਦੀ ਹੈ। ਸ਼ਿਵ ਦੀ ਯਾਦ ਵਿਚ ਬਟਾਲੇ ਆਡੀਟੋਰੀਅਮ ਬਣਿਆ ਹੋਇਐ। ਉਸ ਦੀਆਂ ਕਿਤਾਬਾਂ ਅੱਜ ਵੀ ਵਿਕਦੀਆਂ, ਜਿਵੇਂ ਵਾਰਸ ਦੀ ਹੀਰ ਵਿਕਦੀ ਹੈ। ਸ਼ਿਵ ਸੋਗ ਤੇ ਬਿਰਹਾ ਦਾ ਸੁਲਤਾਨ ਸੀ। ਉਹਦੀ ਕਵਿਤਾ ਵਿਚ ਕਫਨ, ਮੌਤ, ਗਮ, ਉਜਾੜ, ਮੋਏ ਮਿੱਤਰ, ਹਿਜਰ, ਹੰਝੂ, ਕਲੇਜਾ, ਅਰਥੀ, ਕਬਰਾਂ ਤੇ ਸਿਵਿਆਂ ਜਿਹੇ ਸ਼ਬਦ ਵਾਰ ਵਾਰ ਆਉਂਦੇ ਸਨ।
ਗਾਰਗੀ ਨੇ ਲਿਖਿਆ ਕਿ ਸ਼ਰਾਬ ਨਾਲ ਭੰਨੇ ਸ਼ਿਵ ਦੇ ਅੰਤਲੇ ਦਿਨ ਉਸ ਦੇ ਸਹੁਰੇ ਘਰ ਬੀਤੇ। ਉਸ ਨੂੰ ਰਾਤ ਨੂੰ ਨੀਂਦ ਨਾ ਆਉਂਦੀ। ਕਈ ਵਾਰ ਉਹ ਮੌਤ ਨੂੰ ਹਾਕਾਂ ਮਾਰਦਾ ਤੇ ਰੋਂਦਾ, “ਮੈ ਇਕੱਲਾ ਹਾਂ ਲੋਕੋ! ਮੈਂ ਇਕੱਲਾ ਰਹਿ ਗਿਆ। ਕਿਥੇ ਨੇ ਮੇਰੇ ਯਾਰ?”
ਦੂਰ ਖੇਤਾਂ ਵਿਚ ਗਿੱਦੜ ਰੋਂਦੇ ਤੇ ਭਾਂ-ਭਾਂ ਕਰਦੀ ਰਾਤ ਵਿਚ ਸ਼ਿਵ ਦੀਆਂ ਹਾਕਾਂ ਗੁਆਚ ਜਾਂਦੀਆਂ।
ਆਖਰ 6 ਮਈ 1973 ਦੀ ਰਾਤ ਨੂੰ ਸ਼ਿਵ ਦੀ ਕੂਕਦੀ ਰੂਹ ਸ਼ਾਂਤ ਹੋਈ।
ਹੁਣ ਪੀਪਲਜ਼ ਫੋਰਮ ਬਰਗਾੜੀ ਨੇ ਕਿਤਾਬ ਛਾਪੀ ਹੈ, ‘ਉਦਾਸ ਸੂਰਜ ਸ਼ਿਵ ਕੁਮਾਰ।’ ਲੇਖਕ ਭੂਸ਼ਨ, ਸੰਪਾਦਕ ਸੁਭਾਸ਼ ਪਰਿਹਾਰ। ਪੁਸਤਕ ਪੜ੍ਹਨ ਵਾਲੀ ਹੈ। ਸ਼ਿਵ ਨੇ ਗਜ਼ਲਾਂ, ਗੀਤ ਤੇ ਨਜ਼ਮਾਂ ਹੀ ਨਹੀਂ ਲਿਖੀਆਂ, ਨਸਰ ਵਿਚ ਰੇਖਾ-ਚਿੱਤਰ ਲਿਖੇ ਤੇ ਟਿੱਪਣੀਆਂ ਵੀ ਕੀਤੀਆਂ:
-ਬੱਸ ਇੱਕੋ ਬੰਦੈ-ਬਲਵੰਤ, ਸਾਰੇ ਸ਼ਹਿਰ ਵਿਚ, ਜਿਹਨੂੰ ਮਿਲਿਆ ਜਾ ਸਕਦੈ। ਲੋਕੀ ਕਹਿੰਦੇ ਨੇ ਸ਼ਰਾਰਤੀ ਐ। ਝੂਠ ਲਿਖਦੈ, ਪਰ ਮੈਂ ਉਹਦੇ ‘ਤੇ ਲੇਖ ਲਿਖਿਐ, ‘ਪੰਜਾਬੀ ਨਾਟਕ ਦਾ ਖੱਬੀ ਖਾਂ।’ ਆਪਣਾ ਯਾਰ ਐ।
-ਗਾਰਗੀ ਬਾਣੀਆ। ਰਾਵਣ ਵਰਗੇ ਕੰਨ। ਰੱਸੀਆਂ ਲਮਕਦੀਆਂ। ਸਾਰਾ ਪੈਸਾ ਖਾ ਗਿਆ। ਮੈਂ ਐਜੂਕੇਸ਼ਨ ਮਨਿਸਟਰ ਨੂੰ ਡੀ. ਓ. ਲਿਖ ਰਿਹਾਂ। ‘ਜੱਗ ਚਾਨਣ ਹੋਆ’ ਸਾਰਾ ਮੈਂ ਲਿਖਿਆ। ‘ਗਗਨ ਮੈ ਥਾਲੁ’ ਵਿਚ ਮੇਰੇ ਗੀਤ ਨੇ। ਹੜੱਪ ਕਰ ਗਿਆ। ਲਿਖਦਾ ਮੈਂ ਮਰ ਗਿਆ, ਸੁਥਣੀ ਉਹ ਭੁੜਕਾਈ ਫਿਰਦੈ। ਬਾਣੀਆ ਕਿਸੇ ਦਾ ਯਾਰ ਨਹੀਂ।
-ਸੇਖੋਂ ਨਰ ਬੰਦਾ। ਬਾਅਦ ‘ਚ ਭਾਵੇਂ ਲੋਕਾਂ ਤੋਂ ਡਰ ਕੇ ਬਿਆਨ ਬਦਲ ਗਿਆ, ਪਰ ਇੱਕ ਵਾਰੀ ਤਾਂ ਜੱਟ ਕਹਿ ਗਿਆ ਨਾ-ਸ਼ਿਵ ਪੰਜਾਬੀ ਦਾ ਕੀਟਸ ਐ। ਬਾਕੀ ਆਲੋਚਕ ਤਾਂ ਵਿਚਾਰੇ ਸੂਰਦਾਸ ਨੇ।
-ਪੰਜ ਸੌ ਹੋਰ ਲੈ ਗਿਆ ਈ। ਲੂਣਾ ਟਰਾਂਸਲੇਟ ਕਰ ਰਿਹੈ ਨਾ, ਅੰਗਰੇਜ਼ੀ ਵਿਚ, ਸਾਹਿਤ ਦੇ ਸੌਦੇ ਨੇ ਜੱਟ ਨੂੰ ਵੀ ਬਾਣੀਆ ਬਣਾ ਕੇ ਰੱਖ ਦਿੱਤਾ। ਲਮਕਾਈ ਜਾਂਦੈ। ਮੈਂ ਕਹਿਨਾਂ ਪਰ੍ਹਾਂ ਮੁਕਾਏ ਤੇ ਪਬਲਿਸ਼ਰ ਦੇ ਮੱਥੇ ਮਾਰੀਏ। ਚਾਰ ਪੈਸੇ ਆਉਣ। ਅਜ ਕੱਲ੍ਹ ਕਵੀ ਦਰਬਾਰਾਂ ਨਾਲ ਤਾਂ ਮਸਾਂ ਸੇਖੋਂ ਈ ਭੁਗਤਦੈ!
ਭੂਸ਼ਨ ਲਿਖਦੈ, “ਸਮਕਾਲੀਆਂ ਬਾਰੇ ਏਦਾਂ ਦੀਆਂ ਨਿੱਕੀਆਂ-ਨਿੱਕੀਆਂ ਟਿੱਪਣੀਆਂ ਦਿੰਦਾ ਉਹ ਬਹੁਤ ਦਿਲਚਸਪ ਲੱਗਦਾ ਸੀ। ਖੁਦ ਨੂੰ ਵੀ ਮੁਆਫ ਨਹੀਂ ਸੀ ਕਰਦਾ। ਕਹਿੰਦਾ, ਕਵਿਤਾ ਵਿਚ ਤਾਂ ਮੈਂ ਰੋਣਾ ਈ ਐ। ਲੋਕੀਂ ਵੀ ਇਹੋ ਚਾਹੁੰਦੇ ਨੇ। ਮਜਬੂਰੀ ਐ, ਪਰ ਗੱਲਾਂ ਉਤੇ ਤਾਂ ਕੋਈ ਇਹੋ ਜਿਹੀ ਪਾਬੰਦੀ ਨਹੀਂ।”
ਉਸ ਨੇ ਸੱਤ ਸਮਕਾਲੀ ਲੇਖਕਾਂ ਦੇ ਰੇਖਾ-ਚਿੱਤਰ ਲਿਖ ਲਏ ਸਨ। ਤਿੰਨ ਹੋਰਨਾਂ ਦੇ ਤੇ ਗਿਆਰਵਾਂ ਆਪਣੇ ਬਾਰੇ ਲਿਖ ਕੇ ਗਿਆਰਾਂ ਰੇਖਾ-ਚਿੱਤਰਾਂ ਦਾ ਸੰਗ੍ਰਿਹ ਛਪਵਾਉਣਾ ਸੀ, ਜਿਸ ਦਾ ਨਾਂ ਰੱਖਣਾ ਸੀ, ‘ਰਾਵਣ ਦੇ ਸਿਰ।’ ਪਰ ਇਹ ਕਾਰਜ ਸਿਰੇ ਚਾੜ੍ਹਨ ਤੋਂ ਪਹਿਲਾਂ ਹੀ ਉਹ 6 ਮਈ 1973 ਨੂੰ ਅੰਬਰ ਦਾ ਤਾਰਾ ਬਣ ਗਿਆ। ਪਿੱਛੇ ਉਹਦੀ ਕਵਿਤਾ ਰਹਿ ਗਈ ਹੈ ਜਾਂ ਉਹਦੀਆਂ ਅਭੁੱਲ ਯਾਦਾਂ। ਸ਼ਿਵ ਨੂੰ ਚੰਨ ਜਾਂ ਤਾਰਾ ਕਹਿਣ ਦੀ ਥਾਂ ਭੂਸ਼ਨ ਨੇ ‘ਉਦਾਸ ਸੂਰਜ’ ਦਾ ਖਿਤਾਬ ਦਿੱਤਾ।