ਜੰਗ-ਏ-ਆਜ਼ਾਦੀ ਹਿੰਦੋਸਤਾਨ ‘ਚ ਮਈ ਮਹੀਨੇ ਸ਼ਹੀਦ ਹੋਏ ਯੋਧੇ

ਅਣਖੀ ਹਿੰਦੋਸਤਾਨੀ ਜਦੋਂ ਅੰਗਰੇਜ਼ ਰਾਜ ਦੇ ਖਾਤਮੇ ਲਈ ਕਦਮ ਨਾਲ ਕਦਮ ਮਿਲਾ ਕੇ ਤੁਰੇ ਤਾਂ ਉਹ ਕੋਈ ਵੀ ਜੋਖਮ ਮੁੱਲ ਲੈਣ ਤੋਂ ਪਿੱਛੇ ਨਾ ਹਟੇ। ਹਰ ਹਿੰਦੋਸਤਾਨੀ ਨੇ ਆਪਣੀ ਯਥਾਸ਼ਕਤੀ ਮੁਤਾਬਿਕ ਹਿੱਸਾ ਲਿਆ। ਉਹ ਭਲੀਭਾਂਤ ਜਾਣਦੇ ਸਨ ਕਿ ਆਜ਼ਾਦੀ ਸੰਗਰਾਮ ਬਲੀਦਾਨ ਮੰਗਦਾ ਹੈ। ਇਤਿਹਾਸ ਗਵਾਹ ਹੈ ਕਿ ਗੁਲਾਮ ਮਾਂ-ਭੂਮੀ ਦੇ ਸੰਗਲ ਤੋੜਨ ਲਈ ਅਣਖੀ ਯੋਧਿਆਂ ਨੇ ਆਪਣੀਆਂ ਜਾਇਦਾਦਾਂ ਕੁਰਕ ਕਰਵਾਈਆਂ, ਤਸ਼ੱਦਦ ਸਹੇ, ਜਲਾਵਤਨ ਹੋਏ, ਜੇਲ੍ਹਾਂ ਕੱਟੀਆਂ ਅਤੇ ਫਾਂਸੀ ਦੇ ਰੱਸੇ ਚੁੰਮੇ।

ਹਜ਼ਾਰਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਖੂਨ ਨਾਲ ਹਿੰਦੋਸਤਾਨ ਦੀ ਆਜ਼ਾਦੀ ਦਾ ਇਤਿਹਾਸ ਲਿਖਿਆ ਗਿਆ ਹੈ। ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਆਜ਼ਾਦੀ ਦੇ ਉਸਰੇ ਮਹਿਲ ਦਾ ਅਸੀਂ ਸਾਰੇ ਅਨੰਦ ਲੈ ਰਹੇ ਹਾਂ, ਪਰ ਇਸ ਗੱਲੋਂ ਅਣਗੌਲੇ ਹਾਂ ਕਿ ਬਹੁਤੇ ਸ਼ਹੀਦ ਇਤਿਹਾਸ ਦੇ ਪੰਨ੍ਹਿਆਂ ਤੋਂ ਵਿਰਵੇ ਹਨ।
ਹਿੰਦੋਸਤਾਨ ਦੀ ਅੰਗਰੇਜ਼ ਵਿਰੁੱਧ ਆਜ਼ਾਦੀ ਦੀ ਜੰਗ ਵਿਚ ਹਰ ਧਰਮ ਦੇ ਆਜ਼ਾਦੀ ਪਸੰਦ ਯੋਧਿਆਂ ਨੇ ਹਿੱਸਾ ਲਿਆ, ਆਪਣੇ ਨਿਜੀ ਮੁਫਾਦ ਇੱਕ ਪਾਸੇ ਰੱਖ ਕੇ ਦੇਸ਼ ਨੂੰ ਆਪਣਾ ਘਰ ਜਾਣਿਆ। ਗੁਲਾਮ ਹਿੰਦੋਸਤਾਨ ਨੂੰ ਆਜ਼ਾਦੀ ਤੱਕ ਲੈ ਕੇ ਜਾਣ ਦਾ ਔਕੜਾਂ ਭਰਿਆ ਸਫਰ ਤੈਅ ਕੀਤਾ।
ਸ਼ਹੀਦ, ਲੋਕ-ਹਿਤੈਸ਼ੀ ਹੁੰਦੇ ਹਨ ਅਤੇ ਸਰਕਾਰਾਂ ਦੀਆਂ ਅਣਮਨੁੱਖੀ ਕਾਰਵਾਈਆਂ ਦੇ ਵਿਰੋਧ ‘ਚ ਖੜ੍ਹਨ ਦੀ ਤਾਕਤ ਹੁੰਦੇ ਹਨ। ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਵੇਰਵਾ ਤਾਂ ਸ਼ਾਇਦ ਕਦੀ ਵੀ ਪੂਰਾ ਨਹੀਂ ਹੋਵੇਗਾ ਅਤੇ ਨਾ ਹੀ ਲਿਖਿਆ ਜਾ ਸਕਦਾ ਹੈ। ਅਸੀਂ ਆਪਣੀ ਯਥਾਸ਼ਕਤੀ ਨਾਲ ਭੁੱਲੇ ਵਿਸਰੇ ਸ਼ਹੀਦਾਂ ਨੂੰ ਲੱਭਣ ਦੇ ਯਤਨ ਕਰ ਰਹੇ ਹਾਂ।
ਮਈ ਮਹੀਨੇ ਦੇ ਸ਼ਹੀਦਾਂ ਨੂੰ ਚੇਤਿਆਂ ਦਾ ਹਿੱਸਾ ਬਣਾਉਣ ਅਤੇ ਵਿਰਸੇ ਨਾਲ ਜੋੜਨ ਲਈ ਜਾਣਕਾਰੀ ਸਮਰਪਿਤ ਹੈ:
3 ਮਈ 1860 ਨੂੰ ਸ਼ਹੀਦ ਜਵਾਲਾ ਪ੍ਰਸ਼ਾਦ ਨੂੰ ਕਾਨ੍ਹਪੁਰ ਵਿਖੇ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। 1857 ਦੇ ਗਦਰ ਸਮੇਂ ਉਹ ਨਾਨਾ ਸਾਹਿਬ ਦੀ ਫੌਜ ਦੇ ਕਮਾਂਡਰ ਸਨ।
3 ਮਈ 1915 ਨੂੰ ਕਾਸਮ ਇਸਮਾਈਲ ਮਨਸੂਰ ਨੂੰ ਸਿੰਘਾਪੁਰ ਵਿਚ ਅੰਗਰੇਜ਼ੀ ਹਕੂਮਤ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।
4 ਮਈ 1933 ਨੂੰ ਗੋਬਿੰਦ ਰਾਮ ਵਰਮਾ ਇੱਕ ਬੈਂਕ ਡਾਕੇ ਵਿਚ ਸ਼ਹੀਦੀ ਪਾ ਗਏ ਸਨ। ਉਹ ਆਜ਼ਾਦੀ ਘੁਲਾਟੀਏ ਸਨ।
7 ਮਈ 1979 ਨੂੰ ਗੁਰਚਰਨ ਸਿੰਘ ਸਹਿੰਸਰਾ ਸਦੀਵੀ ਵਿਛੋੜਾ ਦੇ ਕੇ ਆਜ਼ਾਦੀ ਦੇ ਸ਼ਹੀਦਾਂ ਦੀ ਕਤਾਰ ਵਿਚ ਖਲ੍ਹੋ ਗਏ। ਉਹ 1927-1930 ਤੱਕ ਡੀ. ਸੀ. ਦਫਤਰ, ਅੰਮ੍ਰਿਤਸਰ ਵਿਚ ਬਤੌਰ ਬਾਬੂ ਤਾਇਨਾਤ ਸਨ। 1930 ਦੀ ਸਿਵਲ ਨਾਫੁਰਮਾਨੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਨੌਕਰੀ ਛੱਡ ਦਿੱਤੀ। ਨੌਜਵਾਨ ਭਾਰਤ ਸਭਾ ਦੇ ਮੈਂਬਰ ਬਣੇ ਅਤੇ ਕਈ ਵਾਰ ਜੇਲ੍ਹ ਯਾਤਰਾ ਕੀਤੀ। ਕਿਰਤੀ ਲਹਿਰ ਦੇ ਪਰਚੇ ਦੇ ਐਡੀਟਰ ਰਹੇ। ਗਦਰੀ ਬਾਬਿਆਂ ਦੀ ਕਮੇਟੀ ਨਾਲ ਮਿਲ ਕੇ ਗਦਰ ਪਾਰਟੀ ਦਾ ਇਤਿਹਾਸ ਲਿਖਿਆ। ਅੰਤਿਮ ਸਾਹ ਤੱਕ ਦੇਸ਼ ਦੀ ਕਿਰਤੀ ਲਹਿਰ ਨਾਲ ਜੁੜੇ ਰਹੇ।
8 ਮਈ 1899 ਨੂੰ ਮਹਾਰਾਸ਼ਟਰ ਤੋਂ ਅਣਖੀ ਯੋਧੇ ਵਾਸੂਦੇਵਾ ਚਾਪੇਕਰ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਨੂੰ ਗੱਦਾਰ ਦਰਾਵੜਾਂ ਨੂੰ ਮੌਤ ਦੇ ਘਾਟ ਉਤਾਰ ਕੇ ਮਾਂ-ਭੂਮੀ ਦਾ ਕਰਜ਼ ਉਤਾਰਨ ਦੇ ਦੋਸ਼ ‘ਚ ਫਾਂਸੀ ਹੋਈ ਸੀ।
8 ਮਈ 1915 ਨੂੰ ਬਾਲ ਮੁਕੰਦ ਨੂੰ ਦਿੱਲੀ ਬੰਬ ਕਾਂਡ ‘ਚ ਦੋਸ਼ੀ ਠਹਿਰਾ ਕੇ ਫਾਂਸੀ ਦਿੱਤੀ ਗਈ। ਉਹ ਸ਼ਹੀਦਾਂ ਦੀ ਕਤਾਰ ਦੇ ਚਮਕਦੇ ਸਿਤਾਰੇ ਹਨ। ਉਨ੍ਹਾਂ ਦੀ ਪਤਨੀ ਬੀਬੀ ਰਾਮ ਰੱਖੀ ਫਾਂਸੀ ਦਾ ਪਤਾ ਲੱਗਣ ਪਿਛੋਂ ਦਮ ਤੋੜ ਗਏ ਸਨ।
8 ਮਈ 1915 ਨੂੰ ਅਵਧ ਬਿਹਾਰੀ ਅਤੇ ਮਾਸਟਰ ਅਮੀਰ ਚੰਦ ਨੂੰ 23 ਦਸੰਬਰ 1912 ਦੇ ਦਿੱਲੀ ਚਾਂਦਨੀ ਚੌਂਕ ‘ਚ ਲਾਰਡ ਹਾਰਡਿੰਗ ‘ਤੇ ਬੰਬ ਸੁੱਟਣ ਦੇ ਕੇਸ ਵਿਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ।
9 ਮਈ 1938 ਨੂੰ ਬਾਬਾ ਜਵਾਲਾ ਸਿੰਘ ਠੱਠੀਆਂ ਬੱਸ ਹਾਦਸੇ ਵਿਚ ਸਦੀਵੀ ਵਿਛੋੜਾ ਦੇ ਕੇ ਸ਼ਹੀਦਾਂ ਦੇ ਮਾਣਮੱਤੇ ਇਤਿਹਾਸ ਦਾ ਪੰਨਾ ਬਣ ਗਏ। ਉਹ ਗਦਰ ਪਾਰਟੀ ਦੇ ਬਾਨੀਆਂ ਵਿਚ ਮੋਹਰਲੀ ਕਤਾਰ ਦੇ ਆਗੂ ਸਨ ਅਤੇ ਗਦਰ ਅਖਬਾਰ ਸ਼ੁਰੂ ਕੀਤੀ। ਅਮਰੀਕਾ ਵਿਚ ਆਲੂਆਂ ਦੇ ਬਾਦਸ਼ਾਹ ਸਨ, ਪਰ ਹਿੰਦੋਸਤਾਨ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਲਈ ਅਮਰੀਕਾ ਤੋਂ ਵਾਪਿਸ ਆ ਕਿਸਾਨਾਂ ਦੀ ਅਗਵਾਈ ਕੀਤੀ ਤੇ ਮੁਜਾਹਰਾ ਲਹਿਰ ਚਲਾਈ। ਜਮੀਨ ਹਲ ਵਾਹਕ ਦੀ (.ਅਨਦ ਟੋ ਠਲਿਲeਰ) ਲੜਾਈ ਲੜੀ ਗਦਰ ਲਹਿਰ ਦੇ ਮੋਹਰੀ ਆਗੂ ਵਜੋਂ ਹਮੇਸ਼ਾ ਯਾਦ ਰਹਿਣਗੇ।
10 ਮਈ 1915 ਨੂੰ ਬਸੰਤ ਕੁਮਾਰ ਨੂੰ 23 ਦਸੰਬਰ 1912 ਦੇ ਦਿੱਲੀ ਚਾਂਦਨੀ ਚੌਂਕ ਵਿਚ ਲਾਰਡ ਹਾਰਡਿੰਗ ‘ਤੇ ਬੰਬ ਸੁੱਟਣ ਦੇ ਦੋਸ਼ ਵਿਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ।
10 ਮਈ 1991 ਨੂੰ ਆਜ਼ਾਦੀ ਘੁਲਾਟੀਏ ਪ੍ਰੀਤਮ ਸਿੰਘ ਲਿੱਤਰਾਂ (ਜਿਲਾ ਹੁਸ਼ਿਆਰਪੁਰ) ਸਦੀਵੀ ਵਿਛੋੜਾ ਦੇ ਗਏ ਤੇ ਆਜ਼ਾਦੀ-ਏ-ਹਿੰਦੋਸਤਾਨ ਦੇ ਸ਼ਹੀਦਾਂ ਦੀ ਕਤਾਰ ਵਿਚ ਖਲੋ ਗਏ। ਉਹ ਕਿਸਾਨ ਜਥੇਬੰਦੀਆਂ ਵਿਚ ਮੋਹਰੀ ਸਫਾਂ ਦੇ ਆਗੂ ਸਨ। ਆਖਰੀ ਦਮ ਤੱਕ ਮਜ਼ਦੂਰ ਕਿਸਾਨ ਦੀ ਲੁੱਟ ਵਿਰੁੱਧ ਲੜੇ ਤੇ ਕਈ ਵਾਰ ਜੇਲ੍ਹ ਯਾਤਰਾ ਕੀਤੀ।
12 ਮਈ 1899 ਨੂੰ ਬਾਲ ਕ੍ਰਿਸ਼ਨ ਨੂੰ ਜਰਵਦਾ ਜੇਲ੍ਹ ਵਿਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਦੋਸ਼ ਇਹ ਸਨ ਕਿ ਉਨ੍ਹਾਂ ਮਹਾਰਾਣੀ ਦੇ ਬੁੱਤ ਨੂੰ ਕਾਲਖ ਮਲੀ ਅਤੇ ਏਅਰ-ਕਮਾਂਡਰ ਤੇ ਪੁਲਿਸ ਅਫਸਰ ਰੈਡ ਨੂੰ ਗੋਲੀਆਂ ਮਾਰ ਕੇ ਹਲਾਕ ਕੀਤਾ।
12 ਮਈ 1973 ਨੂੰ ਅੰਗਰੇਜ਼ ਵਿਰੋਧੀ ਦੇਸ਼ ਭਗਤ ਜਥੇਦਾਰ ਚੰਨਣ ਸਿੰਘ ਸੀਹਰਾ ਸਦੀਵੀ ਵਿਛੋੜਾ ਦੇ ਕੇ ਸ਼ਹੀਦਾਂ ਦੀ ਕਤਾਰ ਵਿਚ ਖਲੋ ਗਏ। ਉਹ ਜੈਤੋਂ ਦੇ ਮੋਰਚੇ ਵਿਚ ਗਏ, ਪਰ ਛੋਟੀ ਉਮਰ ਹੋਣ ਕਰਕੇ ਵਾਪਿਸ ਭੇਜ ਦਿੱਤਾ ਗਿਆ। ਉਨ੍ਹਾਂ ਕਿਰਪਾਨ ਮੋਰਚਾ (ਲਾਹੌਰ) ਵਿਚ ਬਾਬਾ ਗੰਗਾ ਸਿੰਘ ਨਾਲ ਜੇਲ੍ਹ ਯਾਤਰਾ ਕੀਤੀ।
13 ਮਈ 1951 ਦੇ ਦਿਨ ਮੌਲਾਨਾ ਹਸਰਤ ਮੋਹਾਨੀ ਸਦੀਵੀ ਵਿਛੋੜਾ ਦੇ ਗਏ ਤੇ ਸ਼ਹੀਦਾਂ ਦੀ ਕਤਾਰ ਵਿਚ ਸ਼ਾਮਲ ਹੋ ਗਏ। ਗਦਰ ਲਹਿਰ ਵਿਚ ਕੰਮ ਕਰਨ ਦੇ ਦੋਸ਼ ਵਿਚ ਉਹ ਦੋ ਸਾਲ ਜੇਲ੍ਹ ਗਏ। ਸਾਰੀ ਜ਼ਿੰਦਗੀ ਦੇਸ਼ ਦੀ ਆਜ਼ਾਦੀ ਲਈ ਲੜੇ ਅਤੇ ਅੰਗਰੇਜ਼ ਜਾਣ ਪਿਛੋਂ ਦੇਸ਼ ਦੀ ਬਿਹਤਰੀ ਤੇ ਜਨਤਾ ਲਈ ਹੱਕ ਸੱਚ ਦੀ ਲੜਾਈ ਲੜਦੇ ਰਹੇ।
14 ਮਈ 1934 ਨੂੰ ਬੈਕੁੰਠ ਸ਼ੁਕਲ ਜਲਾਲਪੁਰ (ਬਿਹਾਰ) ਦੀ ਗਯਾ ਜੇਲ੍ਹ ‘ਚ ਸ਼ਹੀਦ ਹੋ ਗਏ। ਉਹ ਨੌਜਵਾਨ ਭਾਰਤ ਸਭਾ ਦੇ ਇਨਕਲਾਬੀ ਮੈਂਬਰ ਸਨ। ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਖਿਲਾਫ ਗਵਾਹੀ ਦੇਣ ਵਾਲੇ ਲਾਹੌਰ ਸਾਜ਼ਿਸ਼ ਕੇਸ ਦੇ ਸਰਕਾਰੀ ਗਵਾਹ ਫਨਿੰਦਰ ਘੋਸ਼ ਦੇ ਕਤਲ ਦੇ ਦੋਸ਼ ‘ਚ ਫਾਂਸੀ ਹੋਈ।
16 ਮਈ 1916 ਨੂੰ ਭਗਤ ਸਿੰਘ ਉਰਫ ਗਾਂਧਾ ਨੂੰ ਲਾਹੌਰ ਜੇਲ੍ਹ ਵਿਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ‘ਤੇ ਫੇਰੂ ਸਾਕੇ ਵਿਚ ਸ਼ਮੂਲੀਅਤ, ਥਾਣੇਦਾਰ ਤੇ ਜ਼ੈਲਦਾਰ ਨੂੰ ਗੋਲੀਆਂ ਮਾਰ ਕੇ ਪਾਰ ਬੁਲਾਉਣ ਦੇ ਦੋਸ਼ ਸਨ।
16 ਮਈ 1931 ਨੂੰ ਅਕਾਲੀ ਬੱਬਰ ਲਾਭ ਸਿੰਘ, ਭਾਨ ਸਿੰਘ ਵਾਸੀ ਰੰਧਾਵਾ ਮਸੰਦਾਂ (ਜਲੰਧਰ) ਅਤੇ ਸਾਧੂ ਸਿੰਘ ਸਾਧੜਾ (ਹੁਸ਼ਿਆਰਪੁਰ) ਨੂੰ ਪੁਲਿਸ ਅਫਸਰਾਂ ਤੇ ਮੁਖਬਰਾਂ ਨੂੰ ਮਾਰਨ ਦੇ ਦੋਸ਼ ਹੇਠ ਜਲੰਧਰ ਜੇਲ੍ਹ ‘ਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਮੁਖਬਰ ਬੱਬਰਾਂ ਦੇ ਪਰਿਵਾਰਾਂ ਨੂੰ ਤੰਗ ਕਰਦੇ ਸਨ, ਜਦੋਂ ਕਿ ਬੱਬਰ ਮੈਦਾਨੇ ਜੰਗ ਵਿਚ ਸਨ।
17 ਮਈ 1933 ਨੂੰ ਮਹਾਂਬੀਰ ਸਿੰਘ ਅੰਡੇਮਾਨ, ਕਾਲੇ ਪਾਣੀ ਜੇਲ੍ਹ ‘ਚ ਸੁਵਿਧਾਵਾਂ ਵਿਰੁੱਧ ਰੱਖੀ ਭੁੱਖ ਹੜਤਾਲ ਕਰਕੇ ਸ਼ਹੀਦੀ ਪਾ ਗਏ।
18 ਮਈ 1986 ਨੂੰ ਦੇਸ਼ ਭਗਤ ਬਾਬਾ ਖੜਕ ਸਿੰਘ (ਕਾਰ ਸੇਵਾ ਵਾਲੇ) ਅਕਾਲ ਚਲਾਣਾ ਕਰ ਗਏ ਤੇ ਸ਼ਹੀਦਾਂ ਦੀ ਲੰਬੀ ਕਤਾਰ ਦਾ ਹਿੱਸਾ ਬਣੇ। ਜੈਤੋਂ ਦੇ ਮੋਰਚੇ ‘ਚ ਹਿੱਸਾ ਲਿਆ, ਕਈ ਗੁਰੂ ਘਰਾਂ ਦੀ ਕਾਰ ਸੇਵਾ ਕੀਤੀ ਅਤੇ ਸਕੂਲ ਤੇ ਕਾਲਜ ਖੋਲ੍ਹੇ।
19 ਮਈ 1939 ਨੂੰ ਬੱਬਰ ਅਕਾਲੀ ਗਿਆਨੀ ਗੁਰਦਿੱਤ ਸਿੰਘ ਦਲੇਰ, ਮੰਢਾਲੀ (ਨਵਾਂ ਸ਼ਹਿਰ) ਗੱਦਾਰ ਅਨੂਪ ਸਿੰਘ ਨੂੰ ਪਾਰ ਬੁਲਾਉਣ ਦੇ ਦੋਸ਼ ‘ਚ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦ ਹੋ ਗਏ।
19 ਮਈ 1987 ਨੂੰ ਦੀਪਕ ਧਵਨ ਨੂੰ ਸਮਾਜ ਵਿਰੋਧੀ ਸਿਰ ਫਿਰਿਆਂ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਮਜ਼ਦੂਰਾਂ-ਕਿਸਾਨਾਂ ਨੂੰ ਆਪਣੇ ਹੱਕਾਂ ਲਈ ਜਾਗ੍ਰਿਤ ਕਰਨਾ, ਲੁੱਟ ਰਹਿਤ ਸਮਾਜ ਦੀ ਸਿਰਜਣਾ ਅਤੇ ਆਜ਼ਾਦੀ ਨੂੰ ਬਚਾਉਣਾ ਉਨ੍ਹਾਂ ਦਾ ਨਿਸ਼ਾਨਾ ਸੀ। ਸੱਚ ਹੀ ਦੀਪਕ ਸਨ, ਜਿਨ੍ਹਾਂ ਦੀ ਲੋਅ ਅੱਜ ਵੀ ਮਜ਼ਦੂਰ ਜਗਤ ਨੂੰ ਰੌਸ਼ਨ ਕਰ ਰਹੀ ਹੈ।
25 ਮਈ 1919 ਨੂੰ ਅਹਿਮਦ ਉਲ੍ਹਾ ਸ਼ਹੀਦੀ ਜਾਮ ਪੀ ਗਏ। ਉਹ ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਵਿਚ ਜਖਮੀ ਹੋ ਗਏ ਸਨ।
26 ਮਈ 1917 ਦੇ ਦਿਨ ਇੰਦਰ ਸਿੰਘ ਤੇ ਉਸ ਦੇ ਸਾਥੀਆਂ ਨੂੰ ਪੁਲਿਸ ਮੁਖਬਰ ਗੁਰਮੁਖ ਸਿੰਘ ਪੱਧਰੀ ਕਲਾਂ ਨੂੰ ਮਾਰਨ ਦੇ ਦੋਸ਼ ਵਿਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਇਸੇ ਦਿਨ ਜਵੰਦ ਸਿੰਘ ਉਰਫ ਜਸਵੰਤ ਸਿੰਘ ਨੰਗਲ ਕਲਾਂ (ਹੁਸ਼ਿਆਰਪੁਰ) ਨੂੰ ਪੰਜਵੇਂ ਲਾਹੌਰ ਸਾਜ਼ਿਸ਼ ਕੇਸ ਵਿਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ।
26 ਮਈ 1917 ਵਾਲੇ ਦਿਨ ਹੀ ਕੈਨੇਡਾ ਦੇ ਗਦਰੀ ਯੋਧੇ ਹਰਨਾਮ ਸਿੰਘ ਉਰਫ ਨਾਮ੍ਹਾ, ਬਾਬੂ ਅਤੇ ਸੁਰਜਨ ਸਿੰਘ ਫਤਿਹਗੜ੍ਹ (ਹੁਸ਼ਿਆਰਪੁਰ) ਫੇਰੂ ਮੁਕੱਦਮੇ ਵਿਚ ਫਾਂਸੀ ਦੇ ਰੱਸੇ ਚੁੰਮ ਕੇ ਸ਼ਹੀਦ ਹੋ ਗਏ। ਨਾਮ੍ਹੇ ਅਤੇ ਬਾਬੂ ‘ਤੇ ਇਹ ਦੋਸ਼ ਵੀ ਸੀ ਕਿ ਉਹ ਮੰਡੀ ਦੇ ਰਾਜੇ ਦੇ ਭਤੀਜੇ ਠਾਕਰ ਜਵਾਹਰ ਸਿੰਘ ਨੂੰ ਗਦਰ ਪਾਰਟੀ ਨਾਲ ਜੁੜਨ ਵਾਸਤੇ ਕਹਿੰਦੇ ਸਨ।
28 ਮਈ 1930 ਨੂੰ ਭਗਵਤੀ ਚਰਨ ਵੋਹਰਾ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਨੂੰ ਬਾਹਰ ਕੱਢਣ ਲਈ ਜੇਲ੍ਹ ਤੋੜਨ ਵਾਸਤੇ ਬੰਬ ਬਣਾ ਰਹੇ ਸਨ, ਜੋ ਟੈਸਟਿੰਗ ਦੌਰਾਨ ਹੀ ਚੱਲ ਗਿਆ ਤੇ ਸ੍ਰੀ ਵੋਹਰਾ ਸ਼ਹੀਦ ਹੋ ਗਏ।
31 ਮਈ 1930 ਦੇ ਦਿਨ ਗੁਰੂ ਅਰਜਨ ਦੇਵ ਜੀ ਦੇ ਪੁਰਬ ਦਿਹਾੜੇ ਮੌਕੇ ਡਾ. ਗੰਗਾ ਸਿੰਘ ਆਪਣੇ ਪਰਿਵਾਰ ਨਾਲ ਟਾਂਗੇ ਵਿਚ ਬੈਠ ਕੇ ਗੁਰੂਘਰ ਜਾ ਰਹੇ ਸਨ। ਡਾ. ਗੰਗਾ ਸਿੰਘ ਕਦੀ ਵੀ ਕਿਸੇ ਗੋਰੇ ਅਫਸਰ ਨੂੰ ਸਲੂਟ ਨਹੀਂ ਸਨ ਮਾਰਦੇ। ਟਾਂਗਾ ਕਾਬਲੀ ਦਰਵਾਜੇ ਥਾਣੀਂ ਲੰਘਣ ਲੱਗਾ ਤਾਂ ਉਸ ਪਿਕਟ ਦੇ ਇੰਚਾਰਜ ਲੈਫਟੀਨੈਂਟ ਬਰ, ਜੋ ਪਹਿਲਾਂ ਹੀ ਡਾ. ਗੰਗਾ ਸਿੰਘ ਤੋਂ ਔਖਾ ਸੀ, ਨੇ ਬਿਨਾ ਕਾਰਨ ਗੋਲੀ ਦਾ ਹੁਕਮ ਦੇ ਦਿੱਤਾ, ਜਿਸ ਦੌਰਾਨ ਸਵਾ ਸਾਲ ਦੀ ਬੇਟੀ ਹਰਪਾਲ ਕੌਰ ਤੇ 9 ਸਾਲ ਦਾ ਬੇਟਾ ਬਚਿੱਤਰ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ। ਦੇਸ਼ ਲਈ ਲੜਨ ਵਾਲਿਆਂ ਨੇ ਆਪਣੇ ਬੱਚੇ ਵੀ ਸ਼ਹੀਦ ਕਰਵਾਏ।
ਮਈ ਮਹੀਨੇ ਦੇ ਹੋਰ ਸ਼ਹੀਦਾਂ ਦਾ ਵੇਰਵਾ, ਜਿਨ੍ਹਾਂ ਦੀ ਸ਼ਹੀਦੀ ਤਾਰੀਖ ਨਹੀਂ ਮਿਲ ਸਕੀ:
ਮਈ 1944 ‘ਚ ਜੈਮਲ ਸਿੰਘ ਬਰਮਾ ਜੇਲ੍ਹ ‘ਚ ਸ਼ਹੀਦ ਹੋਏ। ਉਹ ਆਜ਼ਾਦ ਹਿੰਦ ਫੌਜ ਦੀ ਤੀਜੀ ਗੁਰੀਲਾ ਰੈਜੀਮੈਂਟ ਵਿਚ ਸਨ ਅਤੇ ਪਿੰਡ ਪਾਂਡੂਵਾ, ਡਾਕਖਾਨਾ ਦਾਲੀਆ ਦੱਦਰੀ (ਮਹਿੰਦਰਗੜ੍ਹ) ਤੋਂ ਸਨ।
ਮਈ 1915 ‘ਚ ਜਮਨ ਸਿੰਘ ਪਿੰਡ ਠੱਕੋਵਾਲ, ਗੜ੍ਹਸ਼ੰਕਰ (ਹੁਸ਼ਿਆਰਪੁਰ) ਬਰਮਾ ਜੇਲ੍ਹ ‘ਚ ਸ਼ਹੀਦੀ ਪਾ ਗਏ। ਉਹ ਦੇਸ਼ ਆਜ਼ਾਦੀ ਲਈ ਕੈਨੇਡਾ ਤੋਂ ਵਾਪਿਸ ਆ ਕੇ ਗਦਰ ਪਾਰਟੀ ਦਾ ਹਿੱਸਾ ਬਣੇ।
ਮਈ 2001 ‘ਚ ਆਜ਼ਾਦ ਹਿੰਦ ਫੌਜ ਦੇ ਸਿਪਾਹੀ ਮਹਿੰਮਾ ਸਿੰਘ ਨੰਨੜਾ ਸਦੀਵੀ ਵਿਛੋੜਾ ਦੇ ਗਏ। ਉਹ ਜਿਲਾ ਸੰਗਰੂਰ ਦੇ ਪਿੰਡ ਰੰਗੀਆਂ ਤੋਂ ਸਨ ਅਤੇ ਸਾਰਾ ਜੀਵਨ ਦੇਸ਼ ਦੀ ਉਸਾਰੀ ਲਈ ਸਮਰਪਿਤ ਕੀਤਾ।
ਇੰਡੋ-ਅਮੈਰਿਕਨ ਹੈਰੀਟੇਜ ਫਾਊਂਡੇਸ਼ਨ, ਨਿਊ ਯਾਰਕ ਦੇ ਯਤਨ ਹਨ ਕਿ ਹਿੰਦੋਸਤਾਨ ਦੀ ਆਜ਼ਾਦੀ ਲਈ ਜਿਨ੍ਹਾਂ ਯੋਧਿਆਂ ਨੇ ਸ਼ਹੀਦੀਆਂ ਪਾਈਆਂ, ਉਨ੍ਹਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਕੇ ਸ਼ਹੀਦਾਂ ਦੇ ਅਣਖੀ ਵਿਰਸੇ ਬਾਰੇ ਦੱਸੀਏ। ਬਹੁਤ ਸ਼ਹੀਦ ਅਜਿਹੇ ਹਨ, ਜਿਨ੍ਹਾਂ ਆਪਣੀਆਂ ਜਾਨਾਂ ਹਿੰਦੋਸਤਾਨ ਦੀ ਆਜ਼ਾਦੀ ਲਈ ਨਿਛਾਵਰ ਕਰ ਦਿੱਤੀਆਂ, ਪਰ ਭੁੱਲੇ ਵਿਸਰੇ ਹੋਏ ਹਨ। ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਸਾਡੇ ਨਾਲ ਫੋਨ: 347-753-5940 ਰਾਹੀਂ ਸਾਂਝੀ ਕਰ ਸਕਦਾ ਹੈ ਤਾਂ ਜੋ ਉਨ੍ਹਾਂ ਨੂੰ ਬਣਦਾ ਮਾਣ ਮਿਲ ਸਕੇ।

ਵਲੋਂ: ਇੰਡੋ-ਅਮੈਰਿਕਨ ਹੈਰੀਟੇਜ ਫਾਊਂਡੇਸ਼ਨ, ਨਿਊ ਯਾਰਕ