ਜਿਨ੍ਹਾਂ ਲਾਹੌਰ ਨਹੀਂ ਵੇਖਿਆ

ਡਾ. ਗੁਰਨਾਮ ਕੌਰ, ਕੈਨੇਡਾ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਸੋਮਵਾਰ, 17 ਫਰਵਰੀ ਨੂੰ ਪਹਿਲਾਂ ਸਾਡਾ ਪ੍ਰੋਗਰਾਮ ਇਸਲਾਮਾਬਾਦ ਜਾਣ, ਉਥੇ ਰਾਤ ਠਹਿਰ ਕੇ ਦੂਜੇ ਦਿਨ ਸਵੇਰੇ ਹਸਨ ਅਬਦਾਲ ਪੰਜਾ ਸਾਹਿਬ ਤੋਂ ਹੋ ਕੇ ਵਾਪਸੀ ‘ਤੇ ਮਰੀ ਦਾ ਚੱਕਰ ਕੱਟ ਕੇ ਲਾਹੌਰ ਆਉਣ ਦਾ ਸੀ; ਪਰ ਇਹ ਦੋ ਤਿੰਨ ਕਾਰਨਾਂ ਕਰਕੇ ਸਿਰੇ ਨਾ ਚੜ੍ਹ ਸਕਿਆ| ਇਸਲਾਮਾਬਾਦ ਦਾ ਰਸਤਾ ਕਾਫੀ ਲੰਬਾ ਹੈ ਤੇ ਕਰੀਬ 400 ਕਿਲੋਮੀਟਰ ਪੈ ਜਾਂਦਾ ਹੈ ਅਤੇ ਪੰਜਾ ਸਾਹਿਬ ਉਸ ਤੋਂ ਵੀ ਅੱਗੇ ਹੈ; ਮਰੀ ਬਰਫ ਪਈ ਹੋਈ ਸੀ ਅਤੇ ਕਾਫੀ ਠੰਢ ਸੀ| ਵੈਸੇ ਵੀ 19 ਫਰਵਰੀ ਨੂੰ ਵਾਪਸ ਆਉਣ ਦਾ ਪ੍ਰੋਗਰਾਮ ਸੀ; ਜਿਸ ਕਰਕੇ ਲਾਹੌਰ ਦੇਖਣ ਦਾ ਸਮਾਂ ਨਹੀਂ ਸੀ ਬਚਣਾ; ਮੁੜ ਲਾਹੌਰ ਦੇਖਣ ਦਾ ਮੌਕਾ ਕਦੀ ਮਿਲੇਗਾ, ਕਹਿਣਾ ਮੁਸ਼ਕਿਲ ਹੈ| ਗਿੱਲ ਪਰਿਵਾਰ ਦੇ ਬੱਚਿਆਂ ਨੂੰ ਵੀ ਲਗਦਾ ਸੀ ਕਿ ਉਨ੍ਹਾਂ ਫਿਰ ਲਾਹੌਰ ਚੰਗੀ ਤਰ੍ਹਾਂ ਨਹੀਂ ਦੇਖ ਸਕਣਾ| ਇਸ ਲਈ ਇਸਲਾਮਾਬਾਦ ਅਤੇ ਪੰਜਾ ਸਾਹਿਬ, ਮਰੀ ਦਾ ਪ੍ਰੋਗਰਾਮ ਛੱਡ ਦਿੱਤਾ|

ਦੂਰੋਂ-ਨੇੜਿਓਂ ਲੰਘਦਿਆਂ ਲਾਹੌਰ ਮਿਲਟਰੀ ਮਿਊਜ਼ੀਅਮ ਦੀ ਕਾਫੀ ਚਰਚਾ ਸੁਣੀ ਸੀ ਕਿ ਇਹ ਬਹੁਤ ਸ਼ਾਨਦਾਰ ਬਣੀ ਹੋਈ ਹੈ| ਇਸ ਲਈ ਉਹ ਦੇਖਣ ਦਾ ਪ੍ਰੋਗਰਾਮ ਬਣਾ ਲਿਆ| ਉਥੇ ਪਹੁੰਚ ਕੇ ਪਤਾ ਲੱਗਾ ਕਿ ਸਾਨੂੰ ਮਿਊਜ਼ੀਅਮ ਦੇਖਣ ਦੀ ਆਗਿਆ ਨਹੀਂ ਮਿਲਣੀ| ਅਧਿਕਾਰੀਆਂ ਵੱਲੋਂ ਸਾਡੇ ਪਾਸਪੋਰਟ ਲੈ ਕੇ, ਹੈਡਕੁਆਟਰ ਉਪਰਲੇ ਅਧਿਕਾਰੀਆਂ ਤੋਂ ਪਤਾ ਕਰਦਿਆਂ ਨੂੰ ਕੋਈ ਦੋ ਘੰਟੇ ਲੱਗ ਗਏ| ਅਖੀਰ ਉਨ੍ਹਾਂ ਨੇ ਆਗਿਆ ਨਾ ਮਿਲਣ ‘ਤੇ ਅਫਸੋਸ ਪਰਗਟ ਕੀਤਾ ਅਤੇ ਸਾਨੂੰ ਆਪਣੀ ਸੁਰੱਖਿਆ ਵਿਚ ਬਾਹਰਲੇ ਗੇਟ ਤੱਕ ਛੱਡ ਕੇ ਗਏ| ਇੱਥੇ ਇਹ ਜ਼ਿਕਰ ਕਰਨਾ ਖਾਸ ਅਹਿਮੀਅਤ ਰੱਖਦਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਸਾਨੂੰ ਮਿਲਟਰੀ ਦੀ ਮਿਊਜ਼ੀਅਮ ਦੇਖਣ ਦੀ ਆਗਿਆ ਭਾਵੇਂ ਨਹੀਂ ਮਿਲੀ, ਅਧਿਕਾਰੀਆਂ ਨੇ ਉਪਰਲੇ ਅਫਸਰਾਂ ਨਾਲ ਪੂਰੀ ਤਰ੍ਹਾਂ ਗੱਲ ਬਾਤ ਕਰਕੇ ਨਾ ਆਗਿਆ ਮਿਲਣ ‘ਤੇ ਅਫਸੋਸ ਵੀ ਜਾਹਰ ਕੀਤਾ, ਪਰ ਉਨ੍ਹਾਂ ਦਾ ਵਤੀਰਾ ਬੇਹੱਦ ਹੀ ਸਤਿਕਾਰ ਭਰਿਆ, ਨਰਮ ਅਤੇ ਹਲੀਮੀ ਵਾਲਾ ਸੀ|
ਸੋਮਵਾਰ, 17 ਫਰਵਰੀ ਨੂੰ ਹੀ ਪ੍ਰੋਫੈਸਰ ਡਾ. ਨਬੀਲਾ ਰਹਿਮਾਨ, ਜੋ ਯੂਨੀਵਰਸਿਟੀ ਓਰੀਐਂਟਲ ਕਾਲਜ, ਲਾਹੌਰ ਦੇ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਹਨ, ਨੇ ਹਰਜੀਤ ਸਿੰਘ ਗਿੱਲ ਨਾਲ ਸੰਪਰਕ ਕਰਕੇ ਦੱਸਿਆ ਕਿ ਉਨ੍ਹਾਂ ਨੇ ਸਾਨੂੰ ਆਪਣੇ ਵਿਭਾਗ ਵਿਚ ਦੁਪਹਿਰ ਦੇ ਖਾਣੇ ‘ਤੇ ਬੁਲਾਇਆ ਹੈ| ਉਨ੍ਹਾਂ ਨੇ ਪੰਜਾਬੀ ਕਾਨਫਰੰਸ ਵਿਚ ਬਾਹਰੋਂ ਆਏ ਕੁਝ ਡੈਲੀਗੇਟਾਂ ਨੂੰ ਵੀ ਸੱਦਿਆ ਹੋਇਆ ਸੀ| ਇਸ ਲਈ ਅਸੀਂ ਮਿਲਟਰੀ ਮਿਊਜ਼ੀਅਮ ਵੱਲੋਂ ਸਿੱਧੇ ਯੂਨੀਵਰਸਿਟੀ ਓਰੀਐਂਟਲ ਕਾਲਜ, ਲਾਹੌਰ ਵੱਲ ਆ ਗਏ|
ਯੂਨੀਵਰਸਿਟੀ ਓਰੀਐਂਟਲ ਕਾਲਜ, ਲਾਹੌਰ ਜਾਂ ਜਿਸ ਨੂੰ ਪੰਜਾਬ ਯੂਨੀਵਰਸਿਟੀ ਕਾਲਜ ਵੀ ਕਿਹਾ ਜਾਂਦਾ ਹੈ, 1870 ਈਸਵੀ ਵਿਚ ਸਥਾਪਤ ਕੀਤਾ ਗਿਆ ਸੀ| ਉਸ ਸਮੇਂ ਪੂਰਬੀ ਸਿੱਖਿਆ ਦੇ ਨਾਲ ਨਾਲ ਪੱਛਮੀ ਵਿੱਦਿਆ ਵੀ ਦਿੱਤੀ ਜਾਂਦੀ ਸੀ| ਪਰੰਪਰਕ ਬੋਲੀਆਂ ਜਿਵੇਂ ਅਰਬੀ, ਫਾਰਸੀ ਤੇ ਸੰਸਕ੍ਰਿਤ ਅਤੇ ਪੂਰਬੀ ਦੇਸੀ ਬੋਲੀਆਂ-ਉਰਦੂ, ਹਿੰਦੀ, ਪੰਜਾਬੀ ਤੇ ਪਸ਼ਤੋ ਵੀ ਸਿਖਾਈਆਂ ਜਾਂਦੀਆਂ ਸਨ| ਦੂਜੇ ਖੇਤਰ, ਜਿਨ੍ਹਾਂ ਵਿਚ ਸਿੱਖਿਆ ਸ਼ੁਰੂ ਕੀਤੀ ਗਈ, ਉਨ੍ਹਾਂ ਵਿਚ ਇੰਜੀਨੀਅਰਿੰਗ, ਗਣਿਤ ਵਿਗਿਆਨ, ਡਾਕਟਰੀ, ਇਤਿਹਾਸ, ਜੁਗਰਾਫੀਆ, ਮੁਹੰਮਦਨ ਕਾਨੂੰਨ, ਧਰਮ ਸ਼ਾਸਤਰ, ਯੂਨਾਨੀ ਮੈਡੀਸਨ ਤੇ ਵੈਦਿਕ, ਅਰਥ ਸ਼ਾਸਤਰ, ਫਿਲਾਸਫੀ, ਤਰਕ-ਸ਼ਾਸਤਰ ਅਤੇ ਫੋਟੋਗ੍ਰਾਫੀ ਆਦਿ ਸ਼ਾਮਲ ਸਨ| ਸੰਨ 1888 ਵਿਚ ਕਾਲਜ ਵਿਚ ਪੂਰਬੀ ਬੋਲੀਆਂ ਵਿਚ ਸਿਰਫ ਆਲਮ, ਫਾਜ਼ਿਲ ਦੀਆਂ ਜਮਾਤਾਂ ਹੀ ਪੜ੍ਹਾਈਆਂ ਜਾਂਦੀਆਂ ਸਨ ਅਤੇ ਦੂਜੇ ਵਿਸ਼ਿਆਂ ਦੀਆਂ ਜਮਾਤਾਂ ਅਲੱਗ ਅਲੱਗ ਕਾਲਜਾਂ ਵਿਚ ਤਬਦੀਲ ਕਰ ਦਿਤੀਆਂ ਗਈਆਂ ਸਨ| ਸੰਨ 1888-89 ਦੇ ਸੈਸ਼ਨ ਤੋਂ ਅਰਬੀ ਅਤੇ ਸੰਸਕ੍ਰਿਤ ਬੋਲੀ ਦੀ ਮਾਸਟਰ ਡਿਗਰੀ ਅਤੇ 1921-22 ਸੈਸ਼ਨ ਤੋਂ ਫਾਰਸੀ ਦੀ ਮਾਸਟਰ ਡਿਗਰੀ ਦੀ ਪੜ੍ਹਾਈ ਸ਼ੁਰੂ ਕੀਤੀ ਗਈ; 1928 ਵਿਚ ਉਰਦੂ, ਹਿੰਦੀ ਅਤੇ ਪੰਜਾਬੀ ਦੇ ਖੋਜ ਵਿਭਾਗ ਸਥਾਪਤ ਕੀਤੇ ਗਏ|
ਆਜ਼ਾਦੀ ਵੇਲੇ ਅਰਥਾਤ ਮੁਲਕ ਦੀ ਵੰਡ ਹੋਣ ‘ਤੇ ਸੰਸਕ੍ਰਿਤ, ਹਿੰਦੀ ਅਤੇ ਪੰਜਾਬੀ ਦੇ ਵਿਭਾਗ ਬੰਦ ਕਰ ਦਿੱਤੇ ਗਏ| ਉਰਦੂ, ਫਾਰਸੀ ਵਿਚ ਆਲਮ, ਫਾਜ਼ਿਲ ਦੀਆਂ ਜਮਾਤਾਂ ਬੰਦ ਕਰਕੇ ਫਾਰਸੀ ਅਤੇ ਉਰਦੂ ਵਿਚ ਮਾਸਟਰ ਡਿਗਰੀ ਦੇ ਨਾਲ ਨਾਲ ਵਿਦੇਸ਼ੀਆਂ ਲਈ ਏਸ਼ੀਅਨ ਅਤੇ ਯੂਰਪੀਨ ਬੋਲੀਆਂ ਜਿਵੇਂ ਸਪੇਨੀ, ਫਰਾਂਸਿਸੀ, ਜਰਮਨ, ਰੂਸੀ, ਇਤਾਲਵੀ, ਤੁਰਕੀ, ਹਿੰਦੀ, ਜਪਾਨੀ, ਕਸ਼ਮੀਰੀ ਅਤੇ ਉਰਦੂ ਸਿੱਖਣ ਦਾ ਇੰਤਜ਼ਾਮ ਸ਼ੁਰੂ ਕਰ ਦਿੱਤਾ ਗਿਆ| ਸੰਨ 1970 ਵਿਚ ਪੰਜਾਬੀ ਦੀ ਐਮ. ਏ. ਅਤੇ 1974 ਵਿਚ ਫਰੈਂਚ ਵਿਚ ਐਮ. ਏ. ਦੀ ਜਮਾਤ ਸ਼ੁਰੂ ਕੀਤੀ ਗਈ| ਸੰਨ 1987 ਵਿਚ ਕਸ਼ਮੀਰੀਅਤ ਵਿਚ ਮਾਸਟਰ ਡਿਗਰੀ ਸ਼ੁਰੂ ਕਰ ਦਿਤੀ|
ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਪੰਜਾਬ ਹੈ ਅਤੇ ਪੰਜਾਬੀ ਇਸ ਖਿੱਤੇ ਦੀ ਮਾਂ-ਬੋਲੀ ਹੈ, ਆਪਸੀ ਸੰਚਾਰ ਦੀ ਭਾਸ਼ਾ ਹੈ; ਇਸ ਖਿੱਤੇ ਦੇ ਇਤਿਹਾਸ, ਵਿਰਸੇ, ਧਾਰਮਿਕ ਸਭਿਆਚਾਰ ਦਾ ਸੋਮਾ ਹੈ| ਇਸ ਦੌਲਤ ਦੀ ਰੱਖਿਆ ਅਤੇ ਇਸ ਨੂੰ ਅੱਗੇ ਵਧਾਉਣ ਲਈ ਪੰਜਾਬੀ ਬੋਲੀ ਤੇ ਸਾਹਿਤ ਦਾ ਵਿਭਾਗ ਪੰਜਾਬ ਯੂਨੀਵਰਸਿਟੀ ਕਾਲਜ ਵਿਚ ਸ਼ੁਰੂ ਕੀਤਾ ਗਿਆ| ਇਸ ਵੇਲੇ ਪ੍ਰੋਫੈਸਰ ਡਾ. ਨਬੀਲਾ ਰਹਿਮਾਨ ਇਸ ਵਿਭਾਗ ਦੇ ਮੁਖੀ ਹਨ। ਉਨ੍ਹਾਂ ਨਾਲ ਡਾ. ਨਵੀਦ ਅਹਿਮਦ ਸ਼ਾਜ਼ਾਦ ਪ੍ਰੋਫੈਸਰ ਅਤੇ ਡਾ. ਸਾਦਤ ਅਲੀ ਸਕੀਬ, ਡਾ. ਅਸਮਾ ਕਾਦੂ ਤੇ ਡਾ. ਜ਼ਹੀਰ ਅਹਿਮਦ ਸ਼ਫੀਕ ਐਸੋਸੀਏਟ ਪ੍ਰੋਫੈਸਰ ਹਨ| ਇਥੇ ਮਾਸਟਰ ਡਿਗਰੀ ਤੋਂ ਇਲਾਵਾ ਐਮ.ਫਿਲ਼ ਅਤੇ ਪੀਐਚ.ਡੀ. ਦੀਆਂ ਡਿਗਰੀਆਂ ਲਈ ਪੜ੍ਹਾਈ ਤੇ ਖੋਜ ਕਰਨ ਦਾ ਪ੍ਰਬੰਧ ਵੀ ਹੈ|
ਯੂਨੀਵਰਸਿਟੀ ਓਰੀਐਂਟਲ ਕਾਲਜ ਦੀ ਬਿਲਡਿੰਗ ਦੀ ਦਿਖ ਕਾਫੀ ਕਲਾਸੀਕਲ ਹੈ, ਖਾਲਸਾ ਕਾਲਜ ਅੰਮ੍ਰਿਤਸਰ ਵਾਂਗ| ਬਿਲਡਿੰਗ ਦੇਖਦਿਆਂ ਹੀ ਪਤਾ ਲਗਦਾ ਹੈ ਕਿ ਇਹ ਅੰਗਰੇਜ਼ਾਂ ਦੇ ਵੇਲੇ ਦੀ ਬਣੀ ਹੋਈ ਹੈ, ਜਿਸ ਦੀ ਖਾਸ ਪਰੰਪਰਕ ਦਿੱਖ ਹੈ| ਅੰਦਰ ਲੰਘਦਿਆਂ ਬੂਟੇ, ਬ੍ਰਿਛ ਅਤੇ ਦਰਖਤਾਂ ਥੱਲੇ ਬਣੇ ਬੈਂਚਾਂ ‘ਤੇ ਵਿਦਿਆਰਥੀ ਬੈਠੇ ਨਜ਼ਰ ਆ ਰਹੇ ਸਨ, ਕੁਝ ਇਧਰ-ਉਧਰ ਆ ਜਾ ਰਹੇ ਸਨ| ਸਭ ਤੋਂ ਪਹਿਲਾਂ ਡਾ. ਨਬੀਲਾ ਦੇ ਨਿਜੀ ਦਫਤਰ ਗਏ, ਜਿੱਥੇ ਪੂਰਬੀ ਪੰਜਾਬ ਦੀਆਂ ਨਾਮਵਰ ਸਾਹਿਤਕ ਹਸਤੀਆਂ ਨਾਲ ਖਿੱਚੀਆਂ ਕਾਫੀ ਤਸਵੀਰਾਂ ਕੰਧਾਂ ‘ਤੇ ਲੱਗੀਆਂ ਹੋਈਆਂ ਸਨ| ਫਿਰ ਇਕ ਲੈਕਚਰ ਹਾਲ ਵਿਚ ਇਕੱਠੇ ਹੋਏ, ਜਿੱਥੇ ਪਹਿਲਾਂ ਸਭ ਨੇ ਵਾਰੋ ਵਾਰੀ ਆਪਣੀ ਜਾਣਕਾਰੀ ਦਿੱਤੀ| ਕੁਝ ਫੋਟੋਆਂ ਖਿਚਵਾਈਆਂ ਗਈਆਂ ਅਤੇ ਫਿਰ ਸੇ.ਅਰੋ-ਸ਼ਾਇਰੀ ਅਤੇ ਸੰਖੇਪ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ| ਇਥੇ ਹੀ ਪੰਜਾਬੀ ਦੇ ਨਾਮੀ ਸਾਹਿਤਕਾਰਾਂ, ਅਦੀਬਾਂ ਨਾਲ ਮੁਲਾਕਾਤ ਹੋਈ| ਨਾਭੇ ਤੋਂ ਦਰਸ਼ਨ ਬੁੱਟਰ, ਅੰਮ੍ਰਿਤਸਰ ਤੋਂ ਡਾ. ਹਰਭਜਨ ਸਿੰਘ ਭਾਟੀਆ, ਸਮਰਾਲੇ ਤੋਂ ਦਲਜੀਤ ਸ਼ਾਹੀ, ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ ਤੇ ਉਸ ਦੀ ਪਤਨੀ ਕਮਲ ਦੁਸਾਂਝ ਅਤੇ ਸਹਿਜਪ੍ਰੀਤ ਸਿੰਘ ਆਏ ਹੋਏ ਸਨ| ਸੁਸ਼ੀਲ ਦੁਸਾਂਝ ਪੱਗ ਬੰਨ੍ਹ ਕੇ ਆਇਆ ਸੀ ਅਤੇ ਸਰਦਾਰੀ ਟੌਹਰ ਵਿਚ ਬਿਲਕੁਲ ਪਛਾਣਿਆ ਨਹੀਂ ਸੀ ਜਾ ਰਿਹਾ| ਪਹਿਰਾਵੇ ਨਾਲ ਹੀ ਬੰਦੇ ਦੀ ਦਿੱਖ ਕਿੰਨੀ ਬਦਲ ਜਾਂਦੀ ਹੈ; ਉਸ ਦੇ ਖੁਸ਼ ਚਿਹਰੇ ਤੋਂ ਲੱਗ ਰਿਹਾ ਸੀ ਜਿਵੇਂ ਆਪਣੀ ਨਵੀਂ ਦਿੱਖ ਦਾ ਅਨੰਦ ਉਹ ਖੂਬ ਮਾਣ ਰਿਹਾ ਹੋਵੇ| ਏਨੀ ਦੇਰ ਨੂੰ ਖਾਣਾ ਵੀ ਲੱਗ ਗਿਆ| ਸਮੇਤ ਪੁਲਿਸ ਪਾਰਟੀ ਅਤੇ ਸਾਡੇ ਮੇਜ਼ਬਾਨਾਂ ਦੇ, ਸਭ ਨੇ ਖਾਣੇ ਦਾ ਅਨੰਦ ਮਾਣਿਆ|
ਇੱਥੋਂ ਅਸੀਂ ਸਿੱਧੇ ਗੁਰਦੁਆਰਾ ਡੇਰਾ ਸਾਹਿਬ ਗਏ| ਗੁਰਦੁਆਰਾ ਡੇਰਾ ਸਾਹਿਬ ਉਹ ਸਥਾਨ ਹੈ, ਜਿੱਥੇ ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ‘ਤੇ ਬਿਠਾ ਕੇ ਜੇਠ ਦੇ ਤਪਦੇ ਮਹੀਨੇ ਸਰੀਰ ‘ਤੇ ਗਰਮ ਰੇਤ ਪਾ ਕੇ ਸ਼ਹੀਦ ਕੀਤਾ ਗਿਆ ਸੀ| ਇਤਿਹਾਸਕਾਰਾਂ ਅਨੁਸਾਰ ‘ਤੁਜ਼ਕ-ਏ-ਜਹਾਂਗੀਰੀ’ (ਜਹਾਂਗੀਰ ਦੀਆਂ ਯਾਦਾਂ) ਵਿਚ ਜਹਾਂਗੀਰ ਬਾਦਸ਼ਾਹ ਨੇ ਲਿਖਿਆ ਹੈ, “ਗੋਇੰਦਵਾਲ ਵਿਚ ਬਿਆਸ ਦਰਿਆ ਦੇ ਕੰਢੇ ‘ਤੇ ਅਰਜਨ ਨਾਮ ਦਾ ਇਕ ਹਿੰਦੂ ਸੀ, ਸੰਤਗਿਰੀ ਅਤੇ ਪਾਵਨਤਾ ਦੇ ਭੇਸ ਵਿਚ, ਉਸ ਨੇ ਬਹੁਤ ਸਾਰੇ ਸਿੱਧੇ-ਸਾਦੇ ਹਿੰਦੂਆਂ, ਇਥੋਂ ਤੱਕ ਕਿ ਇਸਲਾਮ ਦੇ ਮੰਨਣ ਵਾਲੇ ਅਗਿਆਨੀ ਅਤੇ ਮੂਰਖਾਂ ਨੂੰ ਵੀ, ਆਪਣੇ ਤੌਰ-ਤਰੀਕਿਆਂ ਨਾਲ ਮੋਹ ਲਿਆ, ਤੇ ਉਨ੍ਹਾਂ ਨੇ ਉਸ ਦੀ ਪਾਵਨਤਾ ਦਾ ਢੋਲ ਵਜਾ ਦਿੱਤਾ| ਉਹ ਉਸ ਨੂੰ ਗੁਰੂ ਕਹਿੰਦੇ ਸੀ, ਅਤੇ ਸਾਰੇ ਪਾਸਿਆਂ ਤੋਂ ਮੂਰਖ ਲੋਕ ਉਸ ਦੇ ਦੁਆਲੇ ਇਕੱਠੇ ਹੁੰਦੇ ਸੀ, ਉਸ ਦੀ ਪੂਜਾ ਕਰਦੇ ਸੀ ਅਤੇ ਉਸ ਵਿਚ ਪੂਰਨ ਭਰੋਸਾ ਪਰਗਟ ਕਰਦੇ ਸੀ| ਤਿੰਨ ਜਾਂ ਚਾਰ ਪੀੜ੍ਹੀਆਂ ਤੋਂ (ਅਧਿਆਤਮਕ ਜਾਂਨਸ਼ੀਨ) ਉਨ੍ਹਾਂ ਨੇ ਇਹ ਦੁਕਾਨ ਭਖਾਈ ਹੋਈ ਸੀ| ਕਈ ਵਾਰ ਮੈਨੂੰ ਇਹ ਖਿਆਲ ਆਇਆ ਸੀ ਕਿ ਮੈਂ ਇਸ ਮਾਮਲੇ ਨੂੰ ਰੋਕਾਂ ਜਾਂ ਉਸ ਨੂੰ ਇਸਲਾਮ ਦੇ ਲੋਕਾਂ ਦੀ ਸਭਾ ਵਿਚ ਲੈ ਆਵਾਂ| ਆਖਰ ਜਦੋਂ ਖੁਸਰੋ ਇਸ ਰਸਤੇ ਤੋਂ ਲੰਘਿਆ ਤਾਂ ਇਸ ਨਾਖਾਸ ਸ਼ਖਸ ਨੇ ਖੁਸਰੋ ਨੂੰ ਠਹਿਰਨ ਲਈ ਕਿਹਾ| ਖੁਸਰੋ ਉਸ ਦੇ ਸਥਾਨ ‘ਤੇ ਠਹਿਰਿਆ ਅਤੇ ਇਹ ਬਾਹਰ ਆਇਆ ਤੇ ਖੁਸਰੋ ਨੂੰ ਸ਼ਰਧਾਂਜਲੀ ਦਿਤੀ| ਇਸ ਨੇ ਖੁਸਰੋ ਨਾਲ ਖਾਸ ਤਰ੍ਹਾਂ ਨਾਲ ਵਰਤਾਉ ਕੀਤਾ, ਉਸ ਦੇ ਮੱਥੇ ਤੇ ਕੇਸਰ ਦਾ ਨਿਸ਼ਾਨ ਲਾਇਆ, ਜਿਸ ਨੂੰ ਹਿੰਦੂ ਲੋਕ ਤਿਲਕ ਕਹਿੰਦੇ ਹਨ ਅਤੇ ਸ਼ੁਭ ਮੰਨਿਆ ਜਾਂਦਾ ਹੈ| ਜਦੋਂ ਇਹ ਗੱਲ ਮੇਰੇ ਕੰਨਾਂ ਤੱਕ ਪਹੁੰਚੀ, ਮੈਂ ਉਸ ਦੀ ਹਿਮਾਕਤ ਨੂੰ ਸਪੱਸ਼ਟ ਸਮਝ ਗਿਆ| ਮੈਂ ਹੁਕਮ ਦਿੱਤਾ ਕਿ ਉਸ ਨੂੰ, ਉਸ ਦੇ ਘਰ, ਰਹਿਣ ਦੀਆਂ ਥਾਂਵਾਂ ਅਤੇ ਬੱਚਿਆਂ ਨੂੰ ਮੁਰਤਜ਼ਾ ਖਾਨ ਨੂੰ ਸੌਂਪਿਆ ਜਾਵੇ ਅਤੇ ਉਸ ਦੀ ਜਾਇਦਾਦ ਕੁਰਕ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ|”
ਜੋ ਮੌਖਿਕ ਇਤਿਹਾਸ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ, ਉਸ ਵਿਚ ਜ਼ਿਆਦਾ ਜ਼ੋਰ ਚੰਦੂ ਦੀ ਸਾਜਿਸ਼ ‘ਤੇ ਹੀ ਦਿੱਤਾ ਜਾਂਦਾ ਹੈ, ਪਰ ਇਤਿਹਾਸਕਾਰਾਂ ਅਨੁਸਾਰ ਜਹਾਂਗੀਰ ਨੇ ‘ਤੁਜ਼ਕ-ਏ-ਜਹਾਂਗੀਰੀ’ ਵਿਚ ਚੰਦੂ ਦਾ ਕੋਈ ਜ਼ਿਕਰ ਨਹੀਂ ਕੀਤਾ ਹੋਇਆ| ਸਾਈਂ ਮੀਆਂ ਮੀਰ ਨੇ ਦਖਲਅੰਦਾਜ਼ੀ ਕਰਨੀ ਚਾਹੀ ਸੀ, ਸ਼ਹਾਦਤ ਨੂੰ ਰੋਕਣ ਲਈ, ਪਰ ਪੰਚਮ ਪਾਤਿਸ਼ਾਹ ਨੇ ਸਾਈਂ ਜੀ ਨੂੰ ਅਜਿਹਾ ਕਰਨੋਂ ਰੋਕ ਦਿੱਤਾ| ਇਸ ਤਰ੍ਹਾਂ ਪੰਚਮ ਪਾਤਿਸ਼ਾਹ ਹਜ਼ੂਰ ਜੇਠ ਸੁਦੀ 4, ਸੰਮਤ 1663 (ਇੱਕ ਹਾੜ) ਅਰਥਾਤ 16 ਮਈ 1606 ਨੂੰ ਸ਼ਹੀਦੀ ਪਾ ਗਏ|
ਗੁਰਦੁਆਰਾ ਡੇਰਾ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਸੀ, ਹੋਰ ਉਸਾਰੀ ਕੀਤੀ ਜਾ ਰਹੀ ਸੀ, ਜਿਸ ਕਰਕੇ ਅੰਦਰ ਜਾਣਾ ਸੰਭਵ ਨਹੀਂ ਸੀ| ਪਾਕਿਸਤਾਨ ਦੇ ਗੁਰਧਾਮਾਂ ਦੀ ਇੱਕ ਖਾਸ ਗੱਲ ਹੈ ਕਿ ਨਵੀਂ ਉਸਾਰੀ ਵੇਲੇ ਪੁਰਾਤਨ ਉਸਾਰੀ ਦਾ, ਜਿਵੇਂ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਭਾਰਤੀ ਗੁਰਦੁਆਰਿਆਂ ਵਿਚ ਕੀਤਾ ਜਾਂਦਾ ਹੈ, ਢਾਉਵਾੜਾ ਨਹੀਂ ਕੀਤਾ ਜਾਂਦਾ| ਨਵੀਂ ਉਸਾਰੀ ਪੁਰਾਣੀ ਦੇ ਆਲੇ-ਦੁਆਲੇ ਕੀਤੀ ਜਾਂਦੀ ਹੈ ਅਤੇ ਪੁਰਾਣੀਆਂ ਨਿਸ਼ਾਨੀਆਂ ਉਵੇਂ ਕਾਇਮ ਰੱਖੀਆਂ ਜਾਂਦੀਆਂ ਹਨ| ਇਹ ਤੱਥ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਅਤੇ ਡੇਰਾ ਸਾਹਿਬ ਸਪੱਸ਼ਟ ਦੇਖਣ ਨੂੰ ਮਿਲਿਆ| ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਾਲ ਲਗਦੇ ਸ਼ਾਹੀ ਸਮਾਧਾਂ ਵਾਲੇ ਸਥਾਨ ‘ਤੇ ਕੀਤਾ ਹੋਇਆ ਸੀ| ਗੁਰਦੁਆਰਾ ਡੇਰਾ ਸਾਹਿਬ ਦੇ ਨੇੜੇ ਹੀ ਲਾਹੌਰ ਦਾ ਕਿਲਾ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਹਜ਼ੂਰੀ ਬਾਗ, ਰੋਸ਼ਨੀ ਦਰਵਾਜਾ ਅਤੇ ਬਾਦਸ਼ਾਹੀ ਮਸਜਿਦ ਹੈ| ਸ਼ਾਹੀ ਸਮਾਧਾਂ ਵਾਲੀ ਇਸ ਇਮਾਰਤ ਦੀ ਉਸਾਰੀ 18ਵੀਂ ਸਦੀ ਵਿਚ ਹੋਈ ਮੰਨੀ ਜਾਂਦੀ ਹੈ, ਜੋ ਗੁਰਦੁਆਰਾ ਡੇਰਾ ਸਾਹਿਬ, ਸ਼ਾਹੀ ਮਸਜਿਦ ਅਤੇ ਸ਼ਾਹੀ ਕਿਲੇ ਦੇ ਨਾਲ ਲਗਦੀ ਹੈ| ਇਹ ਸਿੱਖ, ਹਿੰਦੂ ਅਤੇ ਇਸਲਾਮਿਕ ਇਮਾਰਤਸਾਜ਼ੀ ਦਾ ਸੁਮੇਲ ਹੈ| ਇਥੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਹੈ ਅਤੇ ਨਾਲ ਹੀ ਇੱਕ ਤਰਫ ਮਹਾਰਾਜਾ ਰਣਜੀਤ ਸਿੰਘ ਦੇ ਹੋਣਹਾਰ ਪੋਤੇ, ਜਿਸ ਵਿਚ ਮਹਰਾਜਾ ਰਣਜੀਤ ਸਿੰਘ ਦਾ ਵਾਰਸ ਬਣਨ ਦੀਆਂ ਸੰਭਾਵਨਾਵਾਂ ਬਹੁਤ ਹੱਦ ਤੱਕ ਕਾਇਮ ਸਨ, ਕੰਵਰ ਨੌਨਿਹਾਲ ਸਿੰਘ ਦੀ ਸਮਾਧ ਤੇ ਮਹਾਰਾਜੇ ਦੇ ਪਰਿਵਾਰ ਦੇ ਹੋਰ ਜੀਆਂ ਦੀਆਂ ਵੀ ਸਮਾਧਾਂ ਹਨ|
ਇਸ ਇਮਾਰਤ ਨੂੰ ਅੰਦਰੋਂ-ਬਾਹਰੋਂ ਚੰਗੀ ਤਰ੍ਹਾਂ ਦੇਖਦਿਆਂ ਉਹ ਸਾਜਿਸ਼ਾਂ ਇੱਕ ਵਾਰ ਚੇਤਿਆਂ ਵਿਚ ਉਭਰ ਆਈਆਂ, ਜੋ ਸਿੱਖ ਰਾਜ ਨੂੰ ਖਤਮ ਕਰਨ ਲਈ ਧਿਆਨ ਸਿੰਘ ਡੋਗਰੇ ਅਤੇ ਉਸ ਦੀ ਲੂਣ-ਹਰਾਮ ਜੁੰਡਲੀ ਨੇ ਰਚੀਆਂ ਸਨ| ਗੁਰਦੁਆਰਾ ਡੇਰਾ ਸਾਹਿਬ ਵੱਲੋਂ ਜਦੋਂ ਸਮਾਧਾਂ ਵੱਲ ਚੜ੍ਹਾਈ ਚੜ੍ਹਦੇ ਹਾਂ ਤਾਂ ਖੱਬੇ ਹੱਥ ਉਹ ਇਮਾਰਤ ਹੈ, ਜਿਸ ਦੀ ਡਿਉੜੀ ਦਾ ਛੱਜਾ ਧਿਆਨ ਸਿੰਘ ਡੋਗਰੇ ਦੀ ਸਾਜਿਸ਼ ਨਾਲ ਕੰਵਰ ਨੌਨਿਹਾਲ ਸਿੰਘ ‘ਤੇ ਅੰਦਰ ਵੜਨ ਵੇਲੇ ਗਿਰਾਇਆ ਗਿਆ ਸੀ ਅਤੇ ਕੰਵਰ ਨੂੰ ਮੌਤ ਦੇ ਮੂੰਹ ਵੱਲ ਧਕੇਲ ਦਿਤਾ ਸੀ; ਜਿਸ ਨਾਲ ਇੱਕ ਤਰ੍ਹਾਂ ਨਾਲ ਸਿੱਖ ਰਾਜ ਦੇ ਅੰਤ ਦੀ ਸੰਭਾਵਨਾ ਬਣ ਗਈ ਸੀ| ਬਾਕੀ ਜੋ ਵਾਪਰਿਆ ਉਹ ਇਤਿਹਾਸ ਦਾ ਹਿੱਸਾ ਬਣ ਕੇ ਰਹਿ ਗਿਆ ਹੈ|
ਇੱਥੋਂ ਅਸੀਂ ਸ਼ਾਹੀ ਕਿਲਾ ਦੇਖਣ ਵੱਲ ਤੁਰ ਪਏ| ਰਾਵੀ ਦਰਿਆ ਕਦੀ, ਗੁਰਦੁਆਰਾ ਡੇਰਾ ਸਾਹਿਬ ਸਮੇਤ ਸ਼ਾਹੀ ਕਿਲੇ ਦੇ, ਇਨ੍ਹਾਂ ਸਾਰੀਆਂ ਇਮਾਰਤਾਂ ਦੇ ਬਿਲਕੁਲ ਕੋਲੋਂ ਵਗਦਾ ਹੁੰਦਾ ਸੀ, ਪਰ ਹੌਲੀ ਹੌਲੀ ਇਸ ਦਾ ਰੁਖ ਬਦਲ ਗਿਆ| ਰਾਵੀ ਦਰਿਆ ਦੇ ਸ਼ਾਹੀ ਕਿਲੇ ਨਾਲੋਂ ਖਹਿ ਕੇ ਲੰਘਣ ਦਾ ਜ਼ਿਕਰ ਛੋਟੇ ਹੁੰਦਿਆਂ ਭਾਈ ਬਿਧੀ ਚੰਦ ਦੇ ਪ੍ਰਸੰਗ ਵਿਚ ਵੀ ਪੜ੍ਹਿਆ ਹੈ, ਜਦੋਂ ਉਸ ਨੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਦੋ ਘੋੜੇ ਵਾਰੀ ਵਾਰੀ ਸ਼ਾਹੀ ਕਿਲੇ ਵਿਚੋਂ ਕੱਢ ਕੇ ਲਿਆਂਦੇ ਸਨ|
ਲਾਹੌਰ ਕਿਲੇ ਵੱਲ ਜਦੋਂ ਅਸੀਂ ਆਪਣੀ ਗੱਡੀ ਵਿਚ ਉਪਰ ਜਾ ਰਹੇ ਸਾਂ ਤਾਂ ਰਸਤੇ ਵਿਚ ਹਰਕੇਸ਼ ਸਿੰਘ ਸਿੱਧੂ ਅਤੇ ਪੰਮੀ ਬਾਈ ਵੀ ਉਪਰ ਵੱਲ ਪੈਦਲ ਤੁਰਦੇ ਆ ਰਹੇ ਸਨ| ਆਮ ਤੌਰ ‘ਤੇ ਪੈਦਲ ਹੀ ਉਤੇ ਜਾਣਾ ਪੈਂਦਾ ਹੈ, ਪਰ ਪੁਲਿਸ ਦੀ ਗੱਡੀ ਨਾਲ ਹੋਣ ਕਰਕੇ ਸਾਡੀ ਗੱਡੀ ਉਪਰ ਜਾ ਸਕਦੀ ਸੀ| ਜਦੋਂ ਕਿਲੇ ਅੰਦਰ ਜਾਣ ਲਈ ਅਸੀਂ ਗੱਡੀ ਰੋਕ ਕੇ ਉਤਰੇ ਤਾਂ ਸਾਡੇ ਨਾਲ ਸਬ-ਇੰਸਪੈਕਟਰ ਨੇ ਕਿਹਾ, “ਸਰਦਾਰ ਜੀ! ਪੰਮੀ ਬਾਈ ਤੁਰਿਆ ਆ ਰਿਹਾ ਸੀ| ਇੱਕ ਫੋਟੋ ਖਿਚਵਾ ਦਿਉ ਉਸ ਨਾਲ|” ਮੈਂ ਉਸ ਨੂੰ ਦੱਸਿਆ ਕਿ ਪੰਮੀ ਬਾਈ ਅਤੇ ਹਰਕੇਸ਼ ਸਿੰਘ ਸਿੱਧੂ ਮੈਨੂੰ ਜਾਣਦੇ ਹਨ; ਫੋਟੋ ਹੋ ਜਾਵੇਗੀ| ਪੰਮੀ ਬਾਈ ਦੇ ਪਿਤਾ ਜੀ ਸ਼ ਪ੍ਰਤਾਪ ਸਿੰਘ ਕਦੀ ਕਦੀ ਸਾਡੇ ਘਰ ਪਟਿਆਲੇ ਮੇਰੇ ਪਤੀ ਗੁਰਦਿਆਲ ਬੱਲ ਕੋਲ ਵਿਚਾਰ-ਚਰਚਾ ਲਈ ਆਉਂਦੇ ਹੁੰਦੇ ਸਨ ਅਤੇ ਪੰਮੀ ਬਾਈ ਉਨ੍ਹਾਂ ਨੂੰ ਸਾਡੇ ਵੱਲ ਛੱਡਣ ਆਉਂਦੇ ਰਹੇ ਸੀ| ਹਰਕੇਸ਼ ਸਿੰਘ ਸਿੱਧੂ ਸਾਡੇ ਧਰਮ-ਅਧਿਐਨ ਕੋਰਸ ਦੇ ਵਿਦਿਆਰਥੀ ਰਹੇ ਸਨ|
ਲਾਹੌਰ ਦਾ ਕਿਲਾ ਕਈ ਵਾਰ ਉਸਰਿਆ, ਢਹਿਆ ਅਤੇ ਮੁੜ ਬਣਿਆ। ਬਾਦਸ਼ਾਹ ਅਕਬਰ ਨੇ 1566 ਈਸਵੀ ਵਿਚ ਇਸ ਨੂੰ ਲਾਹੌਰ ਦੀ ਰਾਜਧਾਨੀ ਬਣਾਇਆ, ਇਸ ਦੀ ਵਰਤਮਾਨ ਦਿਖ ਕਾਇਮ ਕੀਤੀ| ਲਾਹੌਰ ਦਾ ਕਿਲਾ ਪੁਰਾਣੇ ਲਾਹੌਰ ਸ਼ਹਿਰ ਦੀ ਸ਼ਾਨ ਹੈ| ਜਹਾਂਗੀਰ ਨੇ 1618 ਈਸਵੀ ਵਿਚ ਕਿਲੇ ਵਿਚ ਕੁਝ ਤਬਦੀਲੀਆਂ ਕੀਤੀਆਂ| ਇਸ ਵਿਚ ਮੁਗਲ ਬਾਦਸ਼ਾਹਾਂ ਅਕਬਰ, ਜਹਾਂਗੀਰ, ਸ਼ਾਹਜਹਾਨ ਅਤੇ ਔਰੰਗਜ਼ੇਬ ਦੇ ਬਣਾਏ ਹੋਏ ਕੁਝ ਸ਼ਾਹੀ ਮਹਿਲ, ਹਾਲ ਅਤੇ ਬਾਗ ਹਨ| ਪੱਛਮ ਵਾਲੇ ਪਾਸਿਉਂ 1674 ਵਿਚ ਔਰੰਗਜ਼ੇਬ ਵੱਲੋਂ ਬਣਾਏ ਜਬਰਦਸਤ ਆਲਮਗੀਰੀ ਦਰਵਾਜੇ, ਜੋ ਉਸ ਨੇ ਨਿਜੀ ਸ਼ਾਹੀ ਮਹਿਲਾਂ ਵਿਚ ਜਾਣ ਲਈ ਬਣਾਇਆ ਸੀ, ਤੋਂ ਕਿਲੇ ਵਿਚ ਦਾਖਲ ਹੋਇਆ ਜਾਂਦਾ ਹੈ| ਇਹ ਏਨਾ ਵੱਡਾ ਸੀ ਕਿ ਇਸ ਵਿਚੋਂ ਇਕੋ ਵੇਲੇ ਕਈ ਹਾਥੀ ਇਕੱਠੇ ਸ਼ਾਹੀ ਪਰਿਵਾਰਾਂ ਨੂੰ ਲੈ ਕੇ ਦਾਖਲ ਹੋ ਸਕਦੇ ਸਨ|
1644 ਵਿਚ ਸ਼ਾਹਜਹਾਨ ਨੇ ਔਰਤਾਂ ਦੀ ਇਬਾਦਤ ਵਾਸਤੇ ਛੋਟੀ ਮੋਤੀ ਮਸਜਿਦ ਬਣਾਈ| 1631 ਵਿਚ ਸ਼ਾਹਜਹਾਨ ਨੇ ਦੀਵਾਨ-ਏ-ਆਮ ਬਣਾਇਆ ਅਤੇ ਉਪਰਲੀ ਬਾਲਕੋਨੀ ਅਕਬਰ ਨੇ ਬਣਾਈ ਸੀ| ਇਥੇ ਖਵਾਬਗਾਹ, ਜੋ ਜਹਾਂਗੀਰ ਦਾ ਸੌਣ ਦਾ ਕਮਰਾ ਸੀ, ਉਸ ਨੂੰ ਮੁਗਲ ਕਾਲ ਦੀਆਂ ਪੁਰਾਤਨ ਵਸਤਾਂ ਦਾ ਮਿਊਜ਼ੀਅਮ ਬਣਾਇਆ ਹੋਇਆ ਹੈ| ਪੱਛਮ ਵਾਲੇ ਪਾਸੇ ਸ਼ਾਹਜਹਾਨ ਨੇ ਮਹਿਮਾਨਾਂ ਨੂੰ ਮਿਲਣ ਲਈ ਦੀਵਾਨ-ਏ-ਖਾਸ ਬਣਾਇਆ ਅਤੇ 1631 ਈਸਵੀ ਵਿਚ ਉਸ ਨੇ ਸ਼ੀਸ਼ ਮਹਿਲ ਬਣਾਇਆ ਸੀ| ਸਿੱਖ ਰਾਜ ਵੇਲੇ ਇਸ ਦੀਆਂ ਕੰਧਾਂ ਮੁੜ ਬਣਾਈਆਂ ਗਈਆਂ ਸਨ| ਸੰਗਮਰਮਰ ਦਾ ਬਣਿਆ ਨੌ-ਲੱਖਾ ਮਹਿਲ ਵੀ ਪੱਛਮ ਵਾਲੇ ਪਾਸੇ 1631 ਈਸਵੀ ਵਿਚ ਬਣਿਆ, ਜਿੱਥੋਂ ਤੁਸੀਂ ਕਿਲੇ ਵਿਚੋਂ ਹਾਥੀ ਰਾਹ ਤੇ ਸ਼ਾਹ ਬੁਰਜ ਗੇਟ ਰਾਹੀਂ ਬਾਹਰ ਆ ਜਾਂਦੇ ਹੋ| ਕਿਲੇ ਵਿਚ ਆਰਮਰ ਗੈਲਰੀ ਹੈ, ਜਿਸ ਵਿਚ ਭਿੰਨ ਭਿੰਨ ਕਿਸਮ ਦੇ ਵੱਖ ਵੱਖ ਸਮਿਆਂ ਨਾਲ ਸਬੰਧਤ ਪਿਸਤੌਲ, ਤਲਵਾਰਾਂ ਅਤੇ ਇਸ ਤਰ੍ਹਾਂ ਦੇ ਹੋਰ ਹਥਿਆਰ ਰੱਖੇ ਹੋਏ ਹਨ; ਸਿੱਖ ਗੈਲਰੀ ਜਿਸ ਵਿਚ ਦੁਰਲੱਭ ਤੇਲ-ਚਿੱਤਰ ਰੱਖੇ ਹੋਏ ਹਨ ਅਤੇ ਮੁਗਲ ਗੈਲਰੀ ਵਿਚ ਪੁਰਾਣੇ ਹੱਥ ਲਿਖਤ ਦਸਤਾਵੇਜ਼, ਸੁਲੇਖ, ਲਘੂ ਚਿੱਤਰ ਤੇ ਹਾਥੀ ਦੰਦ ਦੀਆਂ ਵਸਤਾਂ ਰੱਖੀਆਂ ਹੋਈਆਂ ਹਨ|
ਕਿਲੇ ਵਿਚ ਇੱਕ ਥਾਂ ਹੱਥ ਵਿਚ ਬਰਛੇ ਲਈ ਵੱਖੋ ਵੱਖਰੀ ਵੇਸ-ਭੂਸ਼ਾ ਵਿਚ ਸੰਤਰੀ ਨੁਮਾ ਦੋ ਸ਼ਖਸ ਖੜ੍ਹੇ ਰਹਿੰਦੇ ਹਨ, ਜੋ ਦੇਖਣ ਆਏ ਸੈਲਾਨੀਆਂ ਨਾਲ ਫੋਟੋ ਵੀ ਖਿਚਾਉਂਦੇ ਹਨ| ਅਸੀਂ ਵੀ ਉਨ੍ਹਾਂ ਨਾਲ ਵੱਖ ਵੱਖ ਅਤੇ ਇਕੱਠਿਆਂ ਫੋਟੋਆਂ ਖਿਚਾਈਆਂ| ਸਿਮਰ, ਜੋਤੀ ਅਤੇ ਵੱਕਾਰ ਗਿੱਲ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਕੋਲ ਖੜ੍ਹੇ ਹੋ ਕੇ ਤਸਵੀਰ ਖਿਚਾਈ| ਜਦੋਂ ਅਸੀਂ ਕਿਲਾ ਘੁੰਮ ਕੇ ਬਾਹਰ ਵੱਲ ਨੂੰ ਆਉਣ ਲੱਗੇ ਤਾਂ ਸਾਨੂੰ ਹਰਕੇਸ਼ ਸਿੰਘ ਸਿੱਧੂ ਅਤੇ ਪੰਮੀ ਬਾਈ ਬੜੇ ਤਪਾਕ ਨਾਲ ਮਿਲੇ| ਮੈਂ ਗਿੱਲ ਪਰਿਵਾਰ ਅਤੇ ਆਪਣੇ ਮੇਜ਼ਬਾਨਾਂ ਨਾਲ ਤੁਆਰਫ ਕਰਾਇਆ ਅਤੇ ਨਾਲ ਹੀ ਪੰਮੀ ਬਾਈ ਨੂੰ ਦੱਸਿਆ ਕਿ ਸਾਡੇ ਨਾਲ ਪੁਲਿਸ ਪਾਰਟੀ ਉਨ੍ਹਾਂ ਦੇ ਗੀਤਾਂ ਦੀ ਬਹੁਤ ਪ੍ਰਸ਼ੰਸਕ ਹੈ ਅਤੇ ਫੋਟੋ ਖਿਚਾਉਣਾ ਚਾਹੁੰਦੀ| ਉਹ ਇੱਕ ਦਮ ਹੱਸ ਕੇ ਬੋਲੇ ਕਿ ਪਾਕਿਸਤਾਨ ਵਿਚ ਉਨ੍ਹਾਂ ਦੇ ਬਹੁਤ ਫੈਨ ਹਨ ਅਤੇ ਨਾਲ ਹੀ ਉਨ੍ਹਾਂ ਨੇ ਪੁਲਿਸ ਪਾਰਟੀ ਦੀ ਫੋਟੋ ਖਿਚਾਉਣ ਦੀ ਇੱਛਾ ਪੂਰੀ ਕਰ ਦਿੱਤੀ।
(ਚਲਦਾ)