ਜਦੋਂ ਕਰੋਨਾ ਸਾਡੇ ਘਰ ਆ ਵੜਿਆ

ਡਾ. ਬਲਜਿੰਦਰ ਸਿੰਘ ਸੇਖੋਂ
ਕਰੋਨਾ ਵਾਇਰਸ ਤੇ ਹੋਰ ਜੀਵਾਂ ਬਾਰੇ ਕਾਫੀ ਜਾਣਕਾਰੀ ਹੋਣ ਕਾਰਨ ਮੈਂ ਡਰਿਆ ਹੋਇਆ ਤਾਂ ਨਹੀਂ ਸਾਂ, ਪਰ ਸਾਡੇ ਘਰ ਦੇ ਇੱਕ ਮੈਂਬਰ ਦਾ ਇਸ ਨੂੰ ਰੋਕਣ ਅਤੇ ਬਚਣ ਲਈ ਚਲ ਰਹੀ ਲੜਾਈ ਵਿਚ ਸਥਾਨਕ ਹਸਪਤਾਲ ਵਿਚ ਮੋਹਰੀ ਰੋਲ ਹੋਣ ਕਾਰਨ ਖਦਸ਼ਾ ਜਰੂਰ ਸੀ ਕਿ ਇਨ੍ਹਾਂ ਹਾਲਤਾਂ ਵਿਚ ਇਸ ਦੇ ਪਰਿਵਾਰ ਵਿਚ ਫੈਲਣ ਦੀ ਸੰਭਾਵਨਾ ਕਾਫੀ ਹੈ। ਮੈਨੂੰ ਅਹਿਸਾਸ ਸੀ ਕਿ ਘਰ ਦੇ ਜੀਆਂ ਵਿਚ ਇਸ ਦੇ ਫੈਲਣ ‘ਤੇ ਸਭ ਤੋਂ ਵੱਧ ਖਤਰਾ ਵੱਡੀ ਉਮਰ ਹੋਣ ਕਾਰਨ ਮੈਨੂੰ ਤੇ ਮੇਰੀ ਪਤਨੀ ਨੂੰ ਹੋ ਸਕਦਾ ਹੈ, ਕਿਉਂਕਿ ਸਾਡੀ ਉਮਰ 70 ਸਾਲ ਹੈ। ਅੰਕੜੇ ਦਸਦੇ ਸਨ ਕਿ ਇਸ ਉਮਰ ਵਿਚ ਕਰੀਬ 8% ਮਰੀਜ਼ ਇਸ ਦੀ ਮਾਰ ਨਹੀਂ ਝੱਲ ਸਕਦੇ ਅਤੇ ਮੈਂ ਲਗਭਗ ਨਿਸ਼ਚਿੰਤ ਸਾਂ ਕਿ ਜੇ ਸਾਨੂੰ ਵੀ ਹੋ ਗਈ ਤਾਂ ਕੋਈ ਵੱਡਾ ਖਤਰਾ ਖੜ੍ਹਾ ਨਹੀਂ ਹੋਣ ਲੱਗਾ।

ਮਾਰਚ ਦੇ ਅਖੀਰਲੇ ਦਿਨੀਂ ਸਾਡੇ ਇਕ ਸਿਰੜੀ, ਸੁਹਿਰਦ ਮੈਂਬਰ ਨੂੰ ਇਸ ਵਾਇਰਸ ਨੇ ਆ ਘੇਰਿਆ। ਸ਼ਾਮ ਨੂੰ ਗਲੇ ਵਿਚ ਦਰਦ ਸ਼ੁਰੂ ਹੋਇਆ, ਸਵੇਰ ਤੱਕ ਬੁਖਾਰ ਹੋ ਗਿਆ ਅਤੇ ਸਿਹਤ ਸੇਵਾਵਾਂ ਵਿਚ ਹੋਣ ਕਾਰਨ ਉਸੇ ਦਿਨ ਲਏ ਟੈਸਟ ਦਾ ਨਤੀਜਾ ਦੂਜੇ ਦਿਨ ਹੀ ਆ ਗਿਆ। ਉਹ ਕਰੋਨਾ ਪਾਜ਼ੇਟਿਵ ਸੀ। ਉਸ ਵੇਲੇ ਤੱਕ ਸੁੱਕੀ ਖੰਘ, ਬੁਖਾਰ ਅਤੇ ਕੁਝ ਦਿਨਾਂ ਪਿਛੋਂ ਔਖਾ ਸਾਹ ਆਉਣ ਦੀਆਂ ਨਿਸ਼ਾਨੀਆਂ ਇਸ ਵਾਇਰਸ ਤੋਂ ਪੀੜਤ ਵਿਅਕਤੀਆਂ ਦੀਆਂ ਦੱਸੀਆਂ ਜਾ ਰਹੀਆਂ ਸਨ, ਪਰ ਗਲਾ ਖਰਾਬ ਹੋਣਾ ਇਨ੍ਹਾਂ ਵਿਚ ਸ਼ਾਮਿਲ ਨਹੀਂ ਸੀ, ਪਰ ਉਸ ਦਾ ਗਲਾ ਖਰਾਬ ਹੋਇਆ ਅਤੇ ਬੁਖਾਰ ਹੋਇਆ।
ਉਸੇ ਵੇਲੇ ਉਸ ਨੂੰ ਤੇ ਉਸ ਦੇ ਜੀਵਨ ਸਾਥੀ ਨੂੰ ਵੱਖ ਵੱਖ ਕਮਰਿਆਂ ਵਿਚ ਅੱਡ ਕਰ ਦਿੱਤਾ। ਉਹ ਅੰਦਰ ਹੀ ਰਹਿੰਦੇ ਤੇ ਖਾਣ ਪੀਣ ਦਾ ਸਮਾਨ ਬਾਹਰ ਧਰੇ ਸਟੂਲਾਂ ‘ਤੇ ਰੱਖ ਦਿੱਤਾ ਜਾਂਦਾ, ਜਿਥੋਂ ਉਹ ਚੁੱਕ ਲੈਂਦੇ। ਜ਼ਿਆਦਾਤਰ ਡਿਸਪੋਜ਼ਲ ਭਾਂਡੇ ਵਰਤਦੇ, ਦੂਜੇ ਭਾਂਡਿਆਂ ਨੂੰ ਉਹ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਬਾਹਰ ਰੱਖਦੇ, ਜਿਨ੍ਹਾਂ ਨੂੰ ਅਸੀਂ ਭਾਂਡੇ ਧੋਣ ਵਾਲੀ ਮਸ਼ੀਨ ਵਿਚ ਫਿਰ ਤੋਂ ਧੋ ਕੇ ਸੈਨੇਟਾਈਜ਼ ਕਰ ਲੈਂਦੇ। ਉਨ੍ਹਾਂ ਦੇ ਭਾਂਡਿਆਂ ਨੂੰ ਹੱਥ ਲਾਉਣ ਪਿਛੋਂ ਮੈਂ ਆਪਣੇ ਹੱਥ ਅਲਕੋਹਲ ਜੈਲ ਨਾਲ ਸੈਨੇਟਾਈਜ਼ ਕਰਦਾ। ਬਾਹਰ ਰਹਿ ਗਏ ਅਸੀਂ ਚਾਰ ਜੀਅ-ਦੋ ਅਸੀਂ ਪਤੀ-ਪਤਨੀ ਦੇ ਦੋ ਮੇਰੇ ਪੋਤੇ, ਸਭ ਅੱਡੋ ਅੱਡ ਕਰ ਦਿੱਤੇ। ਬੱਚਿਆਂ ਨੂੰ ਵੱਖਰਾ ਬਾਥਰੂਮ ਵਰਤਣ ਲਾ ਦਿੱਤਾ ਗਿਆ। ਮੇਰੀ ਪਤਨੀ ਰਸੋਈ ਦਾ ਕੰਮ ਕਰਦੀ ਅਤੇ ਮੈਂ ਸਭ ਕੁਝ ਲੋੜ ਮੁਤਾਬਿਕ ਵੰਡਦਾ ਰਹਿੰਦਾ। ਬਾਹਰ ਰਹੇ ਅਸੀਂ ਚਾਰੇ ਜਣੇ ਆਪਣੇ ਹੱਥ ਵਾਰ ਵਾਰ ਧੋਂਦੇ। ਮੈਂ ਸੈਨੇਟਾਈਜ਼ਰ (ਲਾਈਸੌਲ) ਦੇ ਕੱਪੜੇ ਨਾਲ ਘਰ ਦੀਆਂ ਸਾਰੇ ਕੁੰਡੇ-ਕੁੰਡੀਆਂ, ਬਿਜਲੀ ਦੇ ਸਵਿੱਚ, ਰਿਮੋਟ ਕੰਟਰੋਲ, ਸੈੱਲ ਫੋਨ, ਟੂਟੀਆਂ ਆਦਿ ਨੂੰ ਦਿਨ ਵਿਚ ਦੋ ਬਾਰ ਕਿਟਾਣੂ ਰਹਿਤ ਕਰਦਾ। ਘਰੋਂ ਬਾਹਰ ਜਾਣਾ ਸਭ ਦਾ ਬੰਦ ਸੀ।
ਪਹਿਲੇ ਮਰੀਜ਼ ਦਾ ਗਲਾ ਤੀਜੇ ਦਿਨ ਠੀਕ ਹੋ ਗਿਆ ਅਤੇ ਬੁਖਾਰ ਵੀ ਉਤਰ ਗਿਆ, ਪਰ ਉਸੇ ਦਿਨ ਉਸ ਦੇ ਜੀਵਨ ਸਾਥੀ ਨੂੰ ਆਮ ਜ਼ੁਕਾਮ ਜਿਹੀਆਂ ਅਲਾਮਤਾਂ ਸ਼ੁਰੂ ਹੋ ਗਈਆਂ। ਅਸੀਂ ਸਮਝਿਆ ਕਿ ਸ਼ਾਇਦ ਠੰਡ ਵਿਚ ਬਾਹਰ ਬਾਰੀ ਖੋਲ੍ਹ ਲਈ ਸੀ, ਇਸ ਲਈ ਆਮ ਜ਼ੁਕਾਮ ਹੋਵੇਗਾ, ਪਰ ਨਾਲ ਹੀ ਉਸ ਨੂੰ ਥੋੜਾ ਬੁਖਾਰ ਹੋਇਆ। ਟੈਸਟ ਕਰਵਾਇਆ ਤਾਂ ਉਹ ਵੀ ਕਰੋਨਾ ਵਾਇਰਸ ਦਾ ਮਰੀਜ਼ ਨਿਕਲਿਆ। ਉਸ ਦਾ ਜ਼ੁਕਾਮ ਤੇ ਬੁਖਾਰ ਵੀ ਦੋ ਦਿਨ ਵਿਚ ਠੀਕ ਹੋ ਗਿਆ।
ਇਸ ਤਰ੍ਹਾਂ ਚਾਰ ਦਿਨ ਨਿਕਲੇ ਤਾਂ ਮੇਰੀ ਪਤਨੀ ਦੇ ਮੋਢਿਆਂ ਅਤੇ ਪਿੱਠ ਵਿਚ ਦਰਦ ਹੋਣਾ ਸ਼ੁਰੂ ਹੋ ਗਿਆ। ਦੋ ਕੁ ਦਿਨ ਤਾਂ ਮੈਂ ਇਸ ਨੂੰ ਆਮ ਦਰਦ ਸਮਝਿਆ, ਪਰ ਜਦ ਤੀਜੇ ਦਿਨ ਉਸ ਨੂੰ ਬੁਖਾਰ ਹੋ ਗਿਆ, ਮੈਂ ਸਮਝ ਗਿਆ ਕਿ ਉਹ ਵੀ ਕਰੋਨਾ ਦੀ ਮਾਰ ਹੇਠ ਆ ਗਈ ਹੈ। ਬੁਖਾਰ 101 ਡਿਗਰੀ ਫਾਰਨਹੀਟ ਸੀ। ਸਾਨੂੰ ਸਿਹਤ ਸੇਵਾਵਾਂ ਵਾਲਿਆਂ ਨੇ ਘਰ ਤੋਂ ਬਾਹਰ ਜਾਣ ਦੀ ਮਨਾਹੀ ਕੀਤੀ ਹੋਈ ਸੀ। ਇਸ ਬਾਰੇ ਜਦ ਉਨ੍ਹਾਂ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਟੈਸਟ ਲਈ ਜਾ ਸਕਦੇ ਹੋ। ਮੈਂ ਪਤਨੀ ਨੂੰ ਕਾਰ ਦੀ ਮਗਰਲੀ ਸੀਟ ‘ਤੇ ਬਿਠਾ ਟੈਸਟ ਲਈ ਨਾਮਜ਼ਦ ਬਰੈਂਪਟਨ ਦੇ ਹਸਪਤਾਲ ਲੈ ਗਿਆ। ਮੈਂ ਉਮੀਦ ਕਰਦਾ ਸਾਂ ਕਿ ਟੈਸਟ ਵਾਲੇ ਥਾਂ ਭੀੜ ਹੋਵੇਗੀ, ਪਰ ਉਥੇ ਤਾਂ ਸੁੰਨ ਸਰਾਂ ਸੀ। ਸਾਨੂੰ ਘਰ ਤੋਂ ਹੀ ਪਤਾ ਲੱਗ ਗਿਆ ਸੀ ਕਿ ਟੈਸਟਿੰਗ ਲਈ ਸੈਂਪਲ ਹਸਪਤਾਲ ਦੇ ਪਿਛਲੇ ਪਾਸੇ ਲਏ ਜਾ ਰਹੇ ਹਨ। ਪਾਰਕਿੰਗ ਜਾਣ ਲਈ ਪਹਿਲੇ ਬੈਰੀਅਰ ‘ਤੇ ਦੱਸਿਆ ਗਿਆ ਕਿ ਤੁਸੀਂ ਆਪਣੀ ਕਾਰ ਬਿਨਾ ਕਿਸੇ ਪਾਰਕਿੰਗ ਦੇ ਪੈਸੇ ਦੇਣ ਦੇ ਟੈਸਟ ਵਾਲੀ ਥਾਂ ਨੇੜੇ ਹੀ ਖੜ੍ਹੀ ਕਰ ਸਕਦੇ ਹੋ। ਕਾਰ ਖੜ੍ਹਾ ਜਦ ਗੇਟ ਵੱਲ ਗਏ ਤਾਂ ਡਿਊਟੀ ‘ਤੇ ਖੜ੍ਹੀ ਨਰਸ ਨੇ ਰੋਕ ਲਿਆ ਅਤੇ ਸਾਨੂੰ ਪਹਿਨਣ ਲਈ ਮਾਸਕ ਦਿੱਤੇ। ਗੇਟ ਅੰਦਰ ਗਏ ਤਾਂ ਇੱਕ ਹੋਰ ਨਰਸ ਨੇ ਇਹ ਬਿਮਾਰੀ ਅੱਗੇ ਨਾ ਫੈਲੇ, ਲਈ ਕੀ ਕੀ ਸਾਵਧਾਨੀਆਂ ਵਰਤਣੀਆਂ ਹਨ ‘ਤੇ ਵੱਡਾ ਲੈਕਚਰ ਦਿੱਤਾ। ਫਿਰ ਟੈਸਟ ਲੈਣ ਵਾਲੇ ਕਮਰੇ ਅੱਗੇ ਉਡੀਕਣ ਲਈ ਕਿਹਾ ਗਿਆ।
ਕੁਝ ਦੇਰ ਪਿਛੋਂ ਪੂਰੇ ਬਚਾਅ ਕਰ ਸਕਣ ਵਾਲੇ ਲਿਬਾਸ ਵਿਚ ਡਾਕਟਰ ਆਈ ਅਤੇ ਸਾਰੀ ਜਾਣਕਾਰੀ ਲੈਣ ਉਪਰੰਤ ਕੁਝ ਕੁ ਸਾਵਧਾਨੀਆਂ ਮੁੜ ਦੱਸ ਇਹ ਕਹਿ ਕੇ ਚਲੀ ਗਈ ਕਿ ਨਰਸ ਸੈਂਪਲ ਲੈਣ ਆਏਗੀ। ਸੈਂਪਲ ਲੈਣ ਵਾਲੀ ਨਰਸ ਸੈਂਪਲ ਲੈ ਕੇ ਉਸ ਨੂੰ ਇੱਕ ਛੋਟੀ ਸ਼ੀਸ਼ੀ ਵਿਚ ਬੰਦ ਕਰ ਕੇ ਲੈ ਗਈ ਅਤੇ ਸਾਨੂੰ ਜਾਣ ਲਈ ਕਹਿ ਦਿੱਤਾ। ਸਾਡੇ ਬਾਹਰ ਜਾਣ ਵੇਲੇ ਵੀ ਬੱਸ ਇੱਕ ਦੋ ਵਿਅਕਤੀ ਹੋਰ ਟੈਸਟ ਕਰਵਾਉਣ ਲਈ ਆਏ ਹੋਏ ਸਨ। ਟੈਸਟ ਦਾ ਰਿਜ਼ਲਟ ਆਉਣ ‘ਤੇ ਹਫਤਾ ਉਡੀਕਣ ਲਈ ਕਿਹਾ ਗਿਆ ਸੀ, ਪਰ ਜਦ ਚਾਰ ਕੁ ਦਿਨ ਪਿਛੋਂ ਫੈਮਲੀ ਡਾਕਟਰ ਨੂੰ ਟੈਲੀਫੋਨ ਕੀਤਾ ਤਾਂ ਕੈਨੇਡਾ ਦੇ ਅਸੂਲ ਮੁਤਾਬਿਕ ਡਾਕਟਰ ਨੇ ਕੁਝ ਭੁਮਿਕਾ ਬੰਨਣ ਪਿਛੋਂ ਦਸਿਆ ਕਿ ਤੁਹਾਡੀ ਪਤਨੀ ਦਾ ਕਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ। ਫਿਰ ਉਸ ਨੇ ਮੁੜ ਸਾਰੇ ਜ਼ਰੂਰੀ ਇਹਤਿਆਦ ਗਿਣਾਏ ਅਤੇ ਕਿਹਾ ਕਿ ਜਦ ਤੱਕ ਬਿਮਾਰੀ ਸਾਹ ਘੁਟਣ ਤੱਕ ਜਾਂ ਕਿਸੇ ਹੋਰ ਤਰੀਕੇ ਗੰਭੀਰ ਨਾ ਹੋਵੇ, ਘਰ ਅੰਦਰ ਹੀ ਰਹੋ ਤੇ ਬੁਖਾਰ ਰੋਕਣ ਵਾਲੀ ਗੋਲੀ ਟਾਇਨੀਨੌਲ ਹਰ 6 ਘੰਟੇ ਬਾਅਦ ਦਿੰਦੇ ਰਹੋ। ਡਾਕਟਰ ਵਲੋਂ ਦਿੱਤੀ ਹੋਰ ਜਾਣਕਾਰੀ ਓਹੋ ਸੀ, ਜੋ ਸਿਹਤ ਸੇਵਾਵਾਂ ਦੇ ਅਮਲੇ ਵਲੋਂ ਵੀ ਦਿੱਤੀ ਜਾ ਚੁਕੀ ਸੀ। ਇਹ ਜਾਣਕਾਰੀ ਸਿਹਤ ਵਿਭਾਗ ਦੇ ਵੱਖ ਵੱਖ ਅਧਿਕਾਰੀਆਂ ਵਲੋਂ ਫਿਰ ਵੀ ਦੋ ਵਾਰ ਦਿੱਤੀ ਗਈ। ਮੈਨੂੰ ਇੱਕ ਗੱਲ ਮਹਿਸੂਸ ਹੋਈ ਕਿ ਇਕੋ ਜਾਣਕਾਰੀ ਸਾਨੂੰ ਚਾਰ ਵਾਰ ਦਿੱਤੀ ਗਈ।
ਮੇਰੀ ਪਤਨੀ ਦੇ ਬਿਮਾਰ ਹੋਣ ਕਾਰਨ ਖਾਣ ਪੀਣ ਦੇ ਪ੍ਰਬੰਧ ਲਈ ਰਿਸ਼ਤੇਦਾਰਾਂ ਦੀ ਮਦਦ ਲੈਣੀ ਪਈ। ਉਹ ਖਾਣਾ ਬਣਾ ਕੇ ਬਾਹਰ ਰੱਖ ਜਾਂਦੇ ਅਤੇ ਮੈਂ ਸਭ ਨੂੰ ਘਰ ਅੰਦਰ ਵੰਡ ਦਿੰਦਾ। ਹੋਰ ਜ਼ਰੂਰੀ ਸਮਾਨ, ਗਰੌਸਰੀ ਵਗੈਰਾ ਵੀ ਉਹੀ ਖਰੀਦ ਕੇ ਘਰ ਪਹੁੰਚਾਉਂਦੇ। ਮੈਂ ਪਤਨੀ ਨੂੰ ਬਿਮਾਰੀ ਵੇਲੇ ਕਮਰੇ ਵਿਚ ਇਕੱਲਿਆਂ ਨਾ ਛੱਡਣ ਦਾ ਫੈਸਲਾ ਕਰ ਲਿਆ। ਮੈਂ ਉਸੇ ਕਮਰੇ ਵਿਚ ਰਿਹਾ। ਵਾਇਰਸ ਤੋਂ ਬਚਣ ਲਈ ਉਸ ਦੇ ਬੈੱਡ ਤੋਂ ਦੂਰ ਹੇਠਾਂ ਗੱਦਾ ਲਾ ਕੇ ਸੌਣਾ ਸ਼ੁਰੂ ਕਰ ਦਿੱਤਾ। ਵਾਸ਼ਰੂਮ ਵਿਚ ਦੋ ਵਾਸ਼ਬੇਸਨ ਸਨ, ਉਹ ਵੰਡ ਲਏ; ਇੱਕ ਉਹ ਵਰਤਦੀ ਤੇ ਦੂਜਾ ਮੈਂ। ਟੁਆਲਿਟ ਵਰਤਣ ਸਬੰਧੀ ਹੋਰ ਸਾਵਧਾਨੀਆਂ ਵੀ ਲੈਣੀਆਂ ਸ਼ੁਰੂ ਕਰ ਦਿੱਤੀਆਂ।
ਮੇਰੀ ਪਤਨੀ ਨੂੰ ਲਗਾਤਾਰ 7 ਦਿਨ ਬੁਖਾਰ ਰਿਹਾ। ਬੇਸ਼ੱਕ (ਡਾਕਟਰੀ ਸਲਾਹ ਮੁਤਾਬਕ) ਟਾਇਨੀਨੌਲ 500 ਮਿਲੀਗਰਾਮ (ਕਰੋਸਿਨ) ਦੀਆਂ 24 ਘੰਟਿਆਂ ਵਿਚ ਵੱਧ ਤੋਂ ਵੱਧ ਅੱਠ ਗੋਲੀਆਂ ਵੀ ਦਿਤੀਆਂ ਜਾ ਸਕਦੀਆਂ ਹੁੰਦੀਆਂ ਹਨ, ਪਰ ਮੈਂ ਉਸ ਨੂੰ ਇੱਕ ਵੇਲੇ ਸਿਰਫ ਇੱਕ ਗੋਲੀ ਦਿੰਦਾ। ਇਸ ਦਾ ਅਸਰ 6 ਘੰਟੇ ਰਹਿੰਦਾ ਹੈ, ਪਰ ਮੈਂ ਦੋ ਘੰਟੇ ਹੋਰ ਲੰਘਾ ਦਿੰਦਾ ਤਾਂ ਜੋ ਪਤਾ ਲੱਗ ਜਾਵੇ ਕਿ ਬੁਖਾਰ ਵੱਧ ਰਿਹਾ ਹੈ ਜਾਂ ਘਟ ਰਿਹਾ ਹੈ। ਅਗਲੀ ਗੋਲੀ ਦੇਣ ਤੋਂ ਪਹਿਲਾਂ ਬੁਖਾਰ ਟੈਸਟ ਕਰਦਾ। ਬੁਖਾਰ ਲਗਾਤਾਰ 101 ਡਿਗਰੀ ਫਾਰਨਹੀਟ ਦੇ ਨੇੜੇ ਬਣਿਆ ਰਿਹਾ ਅਤੇ ਸੱਤਵੇਂ ਦਿਨ ਘਟਣ ਲੱਗਾ ਤੇ ਅਗਲੇ ਦਿਨ ਉਤਰ ਗਿਆ। ਮੈਂ ਪੰਜਵੇਂ ਦਿਨ ਚਿੰਤਿਤ ਸਾਂ, ਕਿਉਂਕਿ ਇਸ ਦਿਨ ਪਿਛੋਂ ਉਸ ਦੀ ਬਿਮਾਰੀ ਖਤਰਨਾਕ ਮੋੜ ਲੈ ਸਕਦੀ ਸੀ ਅਤੇ ਉਸ ਨੂੰ ਸਾਹ ਔਖਾ ਆਉਣ ਦੀ ਮੁਸ਼ਕਿਲ ਸ਼ੁਰੂ ਹੋ ਸਕਦੀ ਸੀ, ਪਰ ਪੰਜਵਾਂ ਦਿਨ ਵੀ ਲੰਘ ਗਿਆ ਅਤੇ ਫਿਰ ਛੇਵਾਂ ਵੀ; ਉਸ ਨੂੰ ਬੁਖਾਰ ਸੀ, ਪਰ ਹੋਰ ਕੋਈ ਗੰਭੀਰ ਔਖ ਨਹੀਂ ਸੀ। ਆਖਿਰ ਅੱਠਵੇਂ ਦਿਨ ਉਹ ਠੀਕ ਹੋ ਗਈ।
ਮੈਂ ਅਤੇ ਮੇਰੇ ਦੋਵੇਂ ਪੋਤੇ ਕਰੋਨਾ ਦੇ ਹਮਲੇ ਤੋਂ ਬਚੇ ਰਹੇ ਹਾਂ। ਅਸੀਂ ਤਿੰਨਾਂ ਨੂੰ ਬਿਮਾਰੀ ਦੇ ਕੋਈ ਲੱਛਣ ਨਹੀਂ ਆਏ। ਸਿਹਤ ਸੇਵਾਵਾਂ ਵਾਲੇ ਮੈਂਬਰ ਨੂੰ ਕੰਮ ‘ਤੇ ਜਾਣ ਲਈ ਵਾਇਰਸ ਤੋਂ ਪੂਰੀ ਤਰ੍ਹਾਂ ਮੁਕਤ ਹੋਣਾ ਜ਼ਰੂਰੀ ਹੈ। ਇਸ ਵਾਇਰਸ ਦੇ ਕਣ ਕਈ ਮਰੀਜ਼ਾਂ ਵਿਚ 4 ਹਫਤੇ ਤੱਕ ਵੀ ਵੇਖੇ ਗਏ ਹਨ, ਪਰ ਮਰੀਜ਼ ਤੋਂ ਅੱਗੇ ਬਿਮਾਰੀ ਇਸ ਦੇ ਲੱਛਣ ਸ਼ੁਰੂ ਹੋਣ ਤੋਂ 3 ਦਿਨ ਪਹਿਲਾਂ ਅਤੇ ਪਹਿਲੇ 7 ਦਿਨਾਂ ਵਿਚ ਜ਼ਿਆਦਾ ਫੈਲਦੀ ਹੈ। ਲੱਛਣ ਖਤਮ ਹੋਣ ਤੋਂ 3 ਦਿਨ ਬਾਅਦ ਮਰੀਜ਼ ਆਮ ਤੌਰ ‘ਤੇ ਇਸ ਨੂੰ ਅੱਗੇ ਘੱਟ ਹੀ ਫੈਲਾ ਸਕਦਾ ਹੈ।