ਤੇਰੀ ਯਾਦ ਸੱਜਣਾ ਜਦੋਂ ਆਈ ਵੇ…

ਨਿੰਦਰ ਘੁਗਿਆਣਵੀ
ਫੋਨ: 91-94174-21700
ਯਾਦਾਂ ਦੇ ਵਾਵਰੋਲੇ ਉਡ ਰਹੇ ਨੇ ਬੁਰੀ ਤਰ੍ਹਾਂ, ਘਿਰ ਗਿਆ ਹਾਂ ਇਨ੍ਹਾਂ ਵਿਚਾਲੇ। ਆਓ, ਲੈ ਚੱਲਾਂ ਲੁਧਿਆਣੇ, ਉਸਤਾਦ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਦੇ ਡੇਰੇ! 21 ਅਪਰੈਲ ਨੂੰ ਦੁਪਹਿਰੇ ਵਿਜੇ ਯਮਲਾ ਨੇ ਸੁਨੇਹਾ ਲਿਖਿਆ ਕਿ ਮੇਰਾ ਤਾਇਆ ਕਰਤਾਰ ਚੰਦ ਚੱਲ ਵਸਿਆ ਹੈ। ਪਹਿਲਾਂ ਈ ਸੋਗੀ ਮਨ ਹੋਰ ਸੋਗ ਵਿਚ ਡੁੱਬ ਮੋਇਆ। ਗੁਰਭਜਨ ਗਿੱਲ ਨੇ ਵੀ ਲਿਖਿਆ ਕਿ ਉਸਤਾਦ ਯਮਲੇ ਜੱਟ ਦਾ ਆਖਰੀ ਚਿਰਾਗ ਬੁਝ ਗਿਐ ਅੱਜ! ਸੱਚੀਓਂ, ਸੱਚ ਨਹੀਂ ਆਉਂਦਾ ਕਿ ਏਨਾ ਹਰਿਆ ਭਰਿਆ ਪਰਿਵਾਰ ਇਕਦਮ ਖਾਲਮ ਖਾਲੀ ਹੋ ਗਿਐ? ਪੰਜ ਪੁੱਤਰ ਤੇ ਦੋ ਧੀਆਂ ਸਨ, ਉਸਤਾਦ ਯਮਲਾ ਜੱਟ ਦੀ ਔਲਾਦ। ਪੰਜੇ ਭਰਾ, ਆਪਣੇ ਪਿਓ ਨਾਲ ਕੋਈ ਸਾਜ਼ ਵਜਾਉਂਦਾ ਰਿਹਾ, ਕੋਈ ਅਲਾਪ ਨਾਲ ਆਲਾਪ ਮੇਚਦਾ ਰਿਹਾ, ਕੋਈ ਤੂੰਬੀ ਸੁਰ ਕਰਦਾ ਰਿਹਾ। ਕੋਈ ਕੋਰੇ ਘੜੇ ਦੀ ਟਿੰਡ ਉਤੇ ਕੁਤਕੁਤਾੜੀਆਂ ਕੱਢਦਾ ਰਿਹਾ ਤੇ ਕੋਈ ਝੂਲ ਝੂਲ ਕੇ ਚਿਮਟਾ ਖੜਕਾਉਂਦਾ ਰਿਹਾ।

ਵੱਡੇ ਪੁੱਤ ਕਰਤਾਰ ਚੰਦ ਨੇ ਲੰਬਾ ਅਰਸਾ ਆਪਣੇ ਪਿਓ ਨਾਲ ਸਿਰ ਸੁੱਟ ਕੇ ਢੋਲਕੀ ਵਜਾਈ। ਬਹੁਤ ਸਾਰੇ ਅਮਰ ਹੋ ਗਏ ਗੀਤਾਂ ਨਾਲ ਵੀ ਯਮਲਾ ਜੱਟ ਦੀ ਰਿਕਾਰਡਿੰਗ ‘ਚ ਕਰਤਾਰ ਚੰਦ ਦੀ ਢੋਲਕ ਦਾ ਹੀ ਸਾਥ ਹੈ। ‘ਮੇਰੇ ਬਾਜਰੇ ਦੀ ਰਾਖੀ ਨੀ ਤੂੰ ਆਵੀਂ ਭਰਜਾਈਏ’ ਗੀਤ ਦੀ ਰਿਕਾਰਡਿੰਗ ਵਿਚ ਕਰਤਾਰ ਚੰਦ ਨੇ ਢੋਲਕੀ ਉਤੇ ਥਾਪ ਦਿੱਤੀ ਸੀ। ਘਰ ਦੇ ਬੰਦੇ ਦਸਦੇ ਨੇ ਕਿ ਸੰਨ 1963 ਸੀ, ਜਦੋਂ ਉਸਤਾਦ ਯਮਲਾ ਜੱਟ ਦੀ ਪਤਨੀ ਰਾਮ ਰੱਖੀ ਜੁਆਨੀ ਵਿਚ ਹੀ ਵਿਛੋੜਾ ਦੇ ਗਈ। ਸੱਤ ਨਿਆਣੇ ਅਸਲੋਂ ਬਾਲ, ਕੌਣ ਸਾਂਭੇ? ਕਰਤਾਰ ਚੰਦ ਉਦੋਂ 14 ਸਾਲਾਂ ਦਾ ਸੀ। ਯਮਲਾ ਜੱਟ ਤਾਂ ਤੂੰਬੀ ਚੁੱਕ ਕੇ ਬਾਹਰ ਤੁਰੇ ਰਹਿੰਦੇ ਤੇ ਛੋਟੇ ਭੈਣਾਂ ਭਾਈਆਂ ਨੂੰ ਕਰਤਾਰ ਹੀ ਪਾਲਦਾ ਸਾਂਭਦਾ ਰਿਹਾ। ਜਦ ਇਹ ਹੌਲੀ ਹੌਲੀ ਉਡਾਰੂ ਹੋਏ ਤਾਂ ਕਰਤਾਰ ਪਿਤਾ ਨਾਲ ਅਖਾੜਿਆਂ ‘ਚ ਢੋਲਕ ਵਜਾਉਣ ਲੱਗ ਪਿਆ। ਦੂਰਦਰਸ਼ਨ ਕੇਂਦਰ ਜਲੰਧਰ ਅਤੇ ਰੇਡੀਓ ਉਤੇ ਵੀ ਬਥੇਰੇ ਸਾਲ ਕਰਤਾਰ ਨੇ ਪਿਤਾ ਦਾ ਸਾਥ ਦਿੱਤਾ।
ਜਦ ਨਵੇਂ ਗਾਇਕ ਮੁੰਡੇ-ਕੁੜੀਆਂ ਤੇ ਜੋੜੀਆਂ ਗਾਇਕੀ ਦੀ ਮੰਡੀ ਵਿਚ ਉਤਰ ਆਈਆਂ, ਤਾਂ ਉਸਤਾਦ ਜੀ ਵਰਗਿਆਂ ਦੀ ਵੀ ਪੁੱਛ ਘਟ ਗਈ। ਕਰਤਾਰ ਅਤੇ ਉਹਦੇ ਭਰਾ ਜਗਵਿੰਦਰ ਤੇ ਜਗਦੀਸ਼ ਵੀ ਹੋਰਨਾਂ ਗਾਇਕਾਂ ਨਾਲ ਢੋਲਕੀਆਂ ਤੇ ਹੋਰ ਸਾਜ਼ ਵਜਾਉਣ ਜਾਣ ਲੱਗ ਪਏ। ਕਰਤਾਰ ਨੇ ਸਦੀਕ, ਮਾਣਕ, ਛਿੰਦੇ, ਰਮਲੇ, ਕਰਨੈਲ ਗਿੱਲ, ਸੰਦੀਲੇ ਤੇ ਦੇਤਵਾਲੀਏ ਨਾਲ ਪ੍ਰੋਗਰਾਮਾਂ ‘ਤੇ ਜਾਣਾ ਸ਼ੁਰੂ ਕਰ ਦਿੱਤਾ ਸੀ। ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਜਗਤ ਸਿੰਘ ਜੱਗਾ ਤੇ ਨਰਿੰਦਰ ਬੀਬਾ ਦਾ ਇੱਕ ਟਰੁੱਪ ਸ਼ਿਲੌਂਗ ਗਿਆ ਸੀ ਤਾਂ ਕਰਤਾਰ ਚੰਦ ਢੋਲਕੀ ਲੈ ਕੇ ਗਿਆ ਸੀ।
ਸਮੇਂ ਬੀਤੇ। ਗਾਇਕਾਂ ਦੇ ਰੋਜ਼ਗਾਰ ਥੰਮ੍ਹ ਗਏ। ਅਤਿਵਾਦ ਦੀ ਮਾਰ ਪਈ। ਢੋਲਕੀ ਨੇ ਉਹਦਾ ਢਿੱਡ ਨਹੀਂ ਭਰਿਆ, ਮੂੰਹ ਫੇਰ ਗਈ ਢੋਲਕੀ ਢਿਲਕ ਕੇ, ਤਾਂ ਫਿਰ ਕਰਤਾਰ ਨੇ ਪਿਤਾ ਨੂੰ ਕਿਹਾ ਕਿ ਇੱਕ ਪੁਰਾਣਾ ਆਟੋ ਰਿਕਸ਼ਾ ਲੈ ਲੈਂਦੇ ਆਂ, ਰੋਟੀ ਚਲਦੀ ਰਹੂ। ਪਿਤਾ ਨੇ ਆਖਿਆ ਕਿ ਨਵਾਂ ਹੀ ਲੈ ਦਿਆਂ? ਕਰਤਾਰ ਸਿਆਣਾ ਸੀ, ਬੋਲਿਆ ਕਿ ਪਹਿਲਾਂ ਨਵਾਂ ਲੈ ਕੇ ਪੈਸੇ ਖਰਾਬ ਕਿਉਂ ਕਰਨੇ? ਕੀ ਪਤਾ ਏ ਇਹ ਕੰਮ ਸੈਟ ਬੈਠੂ ਕਿ ਨਾ; ਜੇ ਸੈਟ ਬਹਿ ਗਿਆ ਤਾਂ ਨਵਾਂ ਵੀ ਲੈ ਲਵਾਂਗੇ। ਸੋ, ਪੁਰਾਣਾ ਆਟੋ ਲੈ ਲਿਆ। 32 ਸਾਲ ਉਸ ਆਟੋ ਵਾਹਿਆ। ਮੰਨੇ ਪ੍ਰਮੰਨੇ ਫਨਕਾਰ ਪਿਓ ਦੇ ਜਿਉਂਦੇ ਜੀਅ ਵੀ ਉਸ ਇਸ ਕੰਮ ਤੋਂ ਨੱਕ ਨਾ ਮੋੜਿਆ। ਰੋਟੀ ਦਾ ਮਸਲਾ ਸੀ।
ਮੇਰੇ ਨਾਲ ਉਹਦਾ ਦਿਲੋਂ ਮੋਹ ਤਿਹੁ ਸੀ। ਮੈਂ 1987 ਵਿਚ ਜਦ ਪਹਿਲੀ ਵਾਰ ਉਸਤਾਦ ਯਮਲਾ ਜੱਟ ਦੇ ਡੇਰੇ ਗਿਆ ਤਾਂ ਅਸਲੋਂ ਨਿਆਣਾ ਸਾਂ। ਉਦੋਂ ਕਰਤਾਰ ਕਈ ਵਾਰ ਮੈਨੂੰ ਘੂਰੀ ਵੀ ਵਟਦਾ ਸੀ ਤੇ ਬਹੁਤੀ ਵਾਰ ਪਿਆਰ ਕਰਦਾ ਤੇ ਆਸ਼ੀਰਵਾਦ ਵੀ ਦਿੰਦਾ। ਹੁਣ ਕਦੇ ਕਦੇ ਉਹ ਆਖਦਾ, “ਮੇਰੇ ਪਰਿਵਾਰ ਨਾਲ ਤੂੰ ਈ ਨਿਭਿਆ ਏਂ ਨਿੱਕਿਆ, ਬਹੁਤ ਆਏ ਤੇ ਤੁਰ’ਗੇ, ਰੱਬ ਤੇਰਾ ਭਲਾ ਕਰੇ।” ਇਹ ਆਖ ਉਹਦਾ ਮਨ ਭਰ ਆਉਂਦਾ। ਉਹ ਆਪਣੇ ਵਿਛੜਿਆਂ ਨੂੰ ਚੇਤੇ ਕਰਦਾ ਸੀ ਤੇ ਹੁਣ ਆਪ ਵਿਛੋੜਾ ਦੇ ਗਿਐ। ਉਹਦੇ ਫਰਜੰਦ ਸੁਰੇਸ਼ ਯਮਲੇ ਨੇ ਪਿਤਾ ਦੀ ਸੇਵ ਕਮਾਉਂਦਿਆਂ ਉਹਨੂੰ ਸੁੱਖ ਦਿਤਾ ਹੈ, ਪਰ ਉਹਦੇ ਬੀਮਾਰ ਬਾਬਤ ਦੱਸ ਕੇ ਸਾਨੂੰ ਦੁੱਖ ਨਹੀਂ ਦਿਤਾ। ਸੁਰਗੀਂ ਵਾਸਾ ਹੋਵੇ ਤੇਰਾ। ਤੂੰ ਜਾਣੇ ਕਰਤਾਰ, ਤੇਰੀਆਂ ਤੂੰ ਜਾਣੇ।