ਜਿਨ ਸਚੁ ਪਲੈ ਹੋਇ…

ਅਮਰਜੀਤ ਸਿੰਘ ਮੁਲਤਾਨੀ, ਨਿਊ ਯਾਰਕ
ਕਰੋਨਾ ਵਾਇਰਸ ਦੇ ਕਹਿਰ ਨੇ ਸੰਸਾਰ ਵਿਚ ਇਕ ਬਹੁਤ ਹੀ ਵੱਡਾ ਸੱਚ ਉਜਾਗਰ ਕਰ ਦਿੱਤਾ ਹੈ। ਸੰਸਾਰ ਦੀ ਵੱਡੀ ਗਿਣਤੀ, ਜੋ ਭੇਡਾਂ ਦੀ ਚਾਲ ਨੂੰ ਸਹੀ ਤੇ ਗਾਡੀ ਰਾਹ ਮੰਨਦੀ ਹੈ ਅਤੇ ਬਹੁਤੇ ਲੋਕ ਇਸੇ ਰਾਹ ‘ਤੇ ਹੀ ਚੱਲਦੇ ਹਨ। ਇਸ ਮਹਾਮਾਰੀ ਨੇ ਸੰਸਾਰ ਨੂੰ ਦੁਪਹਿਰ ਵੇਲੇ ਦੀ ਰੋਸ਼ਨੀ ਵਾਂਗ ਇੱਕ ਗੱਲ ਤਾਂ ਸਪਸ਼ਟ ਕਰ ਦਿੱਤੀ ਹੈ ਕਿ ਧਰਤੀ ‘ਤੇ ਜਿੰਨੇ ਵੀ ਦੇਵੀ, ਦੇਵਤੇ, ਧਰਮਾਤਮਾ, ਸਾਧ, ਬ੍ਰਹਮ ਗਿਆਨੀ, ਪੀਰ, ਔਲੀਏ ਜਾਂ ਹੋਰ ਕੋਈ ਵੀ ਮੂਰਤ ਜਾਂ ਸੂਰਤ ਲੋਕਾਂ ਵੱਲੋਂ ਪੂਜੇ ਜਾਂਦੇ ਹਨ,

ਇਨ੍ਹਾਂ ਵਿਚੋਂ ਕੋਈ ਵੀ ਮਨੁੱਖ ਜਾਂ ਮਨੁੱਖਤਾ ਨੂੰ ਬਚਾਉਣ ਨਾ ਤਾਂ ਪ੍ਰਗਟ ਹੋਇਆ, ਨਾ ਹੀ ਕੋਈ ਭਵਿੱਖਵਾਣੀ ਹੋਈ ਹੈ? ਇਨ੍ਹਾਂ ਸਾਰਿਆਂ ਨੇ ਪਹਿਲਾਂ ਤੋਂ ਹੀ ਸਿਰਜੇ ਹੋਏ ਆਦਮੀ ਨੂੰ ਆਪੋ-ਆਪਣੀਆਂ ਵਿਚਾਰਧਾਰਾਵਾਂ ਨੂੰ ਧਰਮ ਦੇ ਬਾਣੇ ਪੁਆ ਕੇ ਰਹੁ ਰੀਤਾਂ ਦੇ ਸੰਗਲਾਂ ਵਿਚ ਜੂੜ ਕੇ ਰੱਖ ਦਿੱਤਾ ਤੇ ਉਸ ਨੂੰ ਦਿਮਾਗੀ ਤੌਰ ‘ਤੇ ਆਪਣੀਆਂ ਹਦਾਇਤਾਂ ਦਾ ਗੁਲਾਮ ਬਣਾ ਲਿਆ। ਹੁਣ ਸਾਰੇ ਦਰ ਬੰਦ ਹੋ ਗਏ ਹਨ। ਬੰਦਾ ਆਪਣੀ ਜਾਨ ਦੀ ਸਲਾਮਤੀ ਲਈ ਆਪਣੇ ਘਰਾਂ ਵਿਚ ਆਪਣੇ ਆਪ ਨੂੰ ਕੈਦ ਕਰੀ ਬੈਠਾ ਹੈ। ਇਸ ਡਾਢੇ ਔਖੇ ਵੇਲੇ ਮਨੁੱਖ ਅਤੇ ਮਨੁੱਖਤਾ ਦੇ ਬਚਾਉ ਲਈ ਕੌਣ ਅੱਗੇ ਆਏਗਾ?
ਪਿਛਲਾ ਕੋਈ 150 ਸਾਲ ਦਾ ਇਤਿਹਾਸ ਫਰੋਲ ਕੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਇਸ ਦੌਰਾਨ ਫੈਲੀਆਂ ਮਹਾਮਾਰੀਆਂ ਜਿਵੇਂ ਹੈਜ਼ਾ ਜਾਂ ਪਲੇਗ ਨਾਲ ਲੱਖਾਂ ਦੀ ਗਿਣਤੀ ਵਿਚ ਮੌਤਾਂ ਹੋਈਆਂ ਹਨ। ਹਰ ਵਾਰ ਮਨੁੱਖਤਾ ਨੂੰ ਬਚਾਉਣ ਲਈ ਮਿਥਿਹਾਸਕ ਦੰਤ ਕਥਾਵਾਂ ਵਾਂਗ ਉਪਰੋਂ ਕੋਈ ਵੀ ਨਹੀਂ ਸੀ ਆਇਆ, ਨਾ ਹੀ ਕੋਈ ਆ ਸਕਦਾ ਹੈ; ਕਿਉਂਕਿ ਮਿਥਿਹਾਸ, ਮਿਥਿਹਾਸ ਹੈ, ਹਕੀਕਤ ਨਹੀਂ। ਹਕੀਕਤਾਂ ਹੀ ਇਤਿਹਾਸ ਦਾ ਹਿੱਸਾ ਬਣਦੀਆਂ ਹਨ।
ਇਸ ਮੌਕੇ ਮੈਨੂੰ ਗੁਰੂ ਨਾਨਕ ਅਤੇ ਉਨ੍ਹਾਂ ਦਾ ਸਦੀਵੀ ਸੱਚ ਚੇਤੇ ਆਉਂਦਾ ਹੈ, ਜਿਸ ਨੇ ਕਈ ਸਦੀਆਂ ਪਹਿਲਾਂ ਹੀ ਭ੍ਰਿਸ਼ਟਾਚਾਰ ਵਿਚ ਗਲਤਾਨ ਤੇ ਸਮਾਜਕ ਨਾਬਰਾਬਰੀ ਦੀਆਂ ਬੇਇਲਾਜ ਬੀਮਾਰੀਆਂ ਤੋਂ ਬੁਰੀ ਤਰ੍ਹਾਂ ਨਾਲ ਗ੍ਰਸਤ ਧਰਮਾਂ ਦੇ ਪੁੜਾਂ ਵਿਚ ਪਿਸ ਰਹੀ ਲੋਕਾਈ ਨੂੰ ਅਕਹਿ ਅਤੇ ਅਕੱਥ ਸੱਚ ਦੱਸਿਆ ਸੀ। ਗੁਰੂ ਨਾਨਕ ਨੇ ਬੜੀ ਬੇਬਾਕੀ ਨਾਲ ਦੱਸਿਆ ਸੀ ਕਿ ਇਸ ਬ੍ਰਹਿਮੰਡ ਦਾ ਰਚੈਤਾ ਅਤੇ ਸ੍ਰਿਸ਼ਟੀ ਦਾ ਕਰਤਾ ਇੱਕ ਹੈ ਤੇ ਉਹ ਸੱਚ ਹੈ ਅਤੇ ਸੱਚ ਹੀ ਉਸ ਦਾ ਨਾਮ ਹੈ; ਉਹਨੂੰ ਕਿਸੇ ਦਾ ਡਰ ਨਹੀਂ, ਕਿਸੇ ਨਾਲ ਵੈਰ ਨਹੀਂ, ਉਹਦੀ ਕੋਈ ਮੂਰਤ (ਸ਼ਕਲ) ਨਹੀਂ ਹੈ; ਉਹ ਜੂਨਾਂ ਵਿਚ ਨਹੀਂ ਆਉਂਦਾ, ਇਹ ਸਾਰਾ ਪਸਾਰਾ ਉਸੇ ਦਾ ਹੀ ਵਰਤਾਰਾ ਹੈ। ਇਸ ਤੋਂ ਅੱਗੇ ਗੁਰੂ ਨਾਨਕ ਸਾਹਿਬ ਨੇ ਦੱਸਿਆ ਕਿ ਯਾਦ ਰੱਖੋ, ‘ਕਰਤਾ’ ਪਹਿਲਾਂ ਵੀ ਸੱਚ ਸੀ, ਯੁੱਗਾਂ ਤੋਂ ਇਹੀ ਸੱਚ ਚੱਲਦਾ ਆ ਰਿਹਾ ਹੈ। ਗੁਰੂ ਨਾਨਕ ਸਾਹਿਬ ਮੁੜ ਇਸ ਦੀ ਪ੍ਰੌੜਤਾ ਕਰਦੇ ਹਨ ਕਿ ਇਹ ਹੈ ਵੀ ਸੱਚ ਅਤੇ ਭਵਿੱਖ ਵਿਚ ਵੀ ਸੱਚ ਦਾ ਹੀ ਵਰਤਾਰਾ ਰਹਿਣਾ ਹੈ।
ਹੁਣ ਇਸ ਸਮੇਂ ਕਰੋਨਾ ਵਾਇਰਸ ਤੋਂ ਮਨੁੱਖਤਾ ਨੂੰ ਬਚਾਉਣ ਵਾਸਤੇ ਕਿਸੇ ਟੀਕੇ ਦੀ ਖੋਜ ਲਈ ਕੋਈ ਵੀ ਧਰਮ ਜਾਂ ਧਰਮੀ ਮਰਕਜ਼ ਕੁਝ ਵੀ ਨਹੀਂ ਕਰ ਰਿਹਾ, ਸਗੋਂ ਵਿਗਿਆਨੀ ਹੀ ਸੱਚੇ ਮਨੁੱਖ ਦੇ ਰੂਪ ਵਿਚ ਇਸ ਔਖੀ ਘੜੀ ਵਿਚ ਮਨੁੱਖਤਾ ਦੇ ਨਾਲ ਖੜੇ ਹਨ। ਅੰਤ ਵਿਚ ਸੱਚ ਯਾਨਿ ਕਰਤਾ ਦੇ ਤਿਆਰ ਕੀਤੇ ਸ਼ੁਧ ਮਨੁੱਖ ਨੇ ਹੀ ਇਸ ਦਾ ਇਲਾਜ ਵੀ ਲੱਭ ਲੈਣਾ ਹੈ।
ਸਿੱਖਾਂ ਨੂੰ ਇਸ ਮੌਜੂਦਾ ਸਮੇਂ ਵਿਚ ਦਰਪੇਸ਼ ਸਥਿਤੀਆਂ ਅਤੇ ਖੁਦ ਆਪਣੇ ਆਪ ਤੇ ਆਪਣੇ ਆਚਾਰ ਵਿਹਾਰ ‘ਤੇ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ। ਗੁਰੂ ਨਾਨਕ ਨੇ ਕਿਵੇਂ ਇਕ ਡੰਗੋਰੀ ਨਾਲ ਦੁਨੀਆਂ ਦਾ ਭ੍ਰਮਣ ਕੀਤਾ ਅਤੇ ‘ਜਿਨ ਸਚੁ ਪਲੈ ਹੋਇ’ ਦਾ ਕਥਨ ਸੱਚ ਕਰਦਿਆਂ ਜੱਗ ਤਾਰਿਆ। ਅੱਜ ਵੀ ਗੁਰੂ ਨਾਨਕ ਇਸ ਬ੍ਰਹਿਮੰਡ ਵਿਚ ਇਕ ਵਿਲੱਖਣ ਧਰੂ ਤਾਰੇ ਵਾਂਗ ਸਥਾਪਿਤ ਹਨ ਤੇ ਜਗਤ ਨੂੰ ਰੋਸ਼ਨੀ ਦੇ ਰਹੇ ਹਨ, ਭਾਵੇਂ ਸਿੱਖ ਉਨ੍ਹਾਂ ਨੂੰ ਗ੍ਰੰਥਾਂ ਜਾਂ ਖੁਦ ਵੱਲੋਂ ਤਿਆਰ ਕੀਤੀਆਂ ਸ਼ਾਨਦਾਰ ਇਮਾਰਤਾਂ ਵਿਚ ਭਾਲਦੇ ਫਿਰਦੇ ਹਨ।