ਤਬਾਹੀ ਦੇ ਤੂਫਾਨ

ਮੇਜਰ ਕੁਲਾਰ ਬੋਪਰਾਏਕਲਾਂ
ਫੋਨ: 916-273-2856
ਦਰਸ਼ਨ ਮਾਪਿਆਂ ਦਾ ਇਕਲੌਤਾ ਪੁੱਤ ਸੀ। ਜ਼ਮੀਨ ਦੇ ਦਸ ਕਿੱਲੇ ਬਹੁਤ ਸਨ ਗੁਜ਼ਾਰੇ ਲਈ। ਸਾਊ ਪਰਿਵਾਰ ਸੀ, ਜ਼ਮਾਨੇ ਦਾ ਬਹੁਤਾ ਅਸਰ ਨਹੀਂ ਸੀ। ਦਸਾਂ ਨਹੁੰਆਂ ਦੀ ਕਿਰਤ ਕਰ ਕੇ ਖਾਣ ਵਾਲਾ ਪਰਿਵਾਰ ਸੀ। ਮਾਪਿਆਂ ਨੇ ਦਰਸ਼ਨ ਨੂੰ ਦਸ ਜਮਾਤਾਂ ਪਾਸ ਕਰਵਾ ਕੇ ਖੇਤੀਬਾੜੀ ਕਰਨ ਲਾ ਲਿਆ। ਇਉਂ ਉਹ ਬਾਪੂ ਨਾਲ ਹੱਥ ਵਟਾਉਣ ਲੱਗ ਗਿਆ ਅਤੇ ਛੇਤੀ ਹੀ ਖੇਤੀਬਾੜੀ ਦੇ ਗੁਰ ਸਿੱਖ ਗਿਆ। ਥੋੜ੍ਹੇ ਸਾਲ ਮਿਹਨਤ ਕਰ ਕੇ ਦਰਸ਼ਨ ਨੇ ਨਵਾਂ ਟਰੈਕਟਰ ਲੈ ਲਿਆ। ਬਾਪੂ ਦਾ ਹਲ-ਪੰਜਾਲੀ ਤੋਂ ਖਹਿੜਾ ਛੁਡਾ ਦਿੱਤਾ। ਉਹ ਹੁਣ ਕਮਾਊ ਪੁੱਤ ਬਣ ਗਿਆ ਸੀ।

ਦਰਸ਼ਨ ਦਾ ਦਰਸ਼ਨੀ ਸਰੀਰ ਦੇਖ ਕੇ ਭੁੱਖ ਲਹਿੰਦੀ ਸੀ। ਫਿਰ ਉਹਨੂੰ ਰਿਸ਼ਤੇ ਆਉਣ ਲੱਗ ਗਏ। ਪੱਤੀ ਵਿਚੋਂ ਹੀ ਇਕ ਚਾਚੇ ਨੇ ਆਪਣੇ ਸਾਲੇ ਦੀ ਧੀ ਦਾ ਰਿਸ਼ਤਾ ਕਰਵਾ ਦਿੱਤਾ। ਉਨ੍ਹੀਂ ਦਿਨੀਂ ਦਸ ਕਿੱਲਿਆਂ ਵਾਲੇ ਨੂੰ ਲੋਕ ਹੀਰੋ ਹਾਂਡਾ ਮੋਟਰਸਾਈਕਲ ਤਾਂ ਆਮ ਹੀ ਦੇ ਦਿੰਦੇ ਸਨ, ਸਹੁਰਿਆਂ ਨੇ ਦਰਸ਼ਨ ਨੂੰ ਮਾਰੂਤੀ ਕਾਰ ਦਿੱਤੀ, ਪਰ ਦਰਸ਼ਨ ਨੇ ਕਾਰ ਵਾਪਸ ਕਰ ਦਿੱਤੀ। ਉਹ ਸਹੁਰਿਆਂ ਨੂੰ ਕਹਿੰਦਾ ਕਿ ਤੁਹਾਡੇ ਇਕੱਠੇ ਪਰਿਵਾਰ ਵਿਚ ਸੱਤ ਕੁੜੀਆਂ ਹਨ, ਫਿਰ ਤਾਂ ਤੁਹਾਨੂੰ ਸੱਤ ਮਾਰੂਤੀਆਂ ਦੇਣੀਆਂ ਪੈਣਗੀਆਂ, ਇਸ ਕਰ ਕੇ ਮੈਂ ਮਾਰੂਤੀ ਕਾਰ ਨਹੀਂ ਲੈਣੀ। ਹੱਸਦਾ-ਹੱਸਦਾ ਕਹਿੰਦਾ, “ਨਾਲੇ ਮੈਂ ਇਸ ਵਿਚ ਪੈਟਰੋਲ ਪਵਾਉਂਦਾ ਕਰਜ਼ਾਈ ਨਹੀਂ ਹੋਣਾ। ਮੇਰੇ ਕੋਲ ਜਾਣ-ਆਉਣ ਵਾਸਤੇ ਸਕੂਟਰ ਹੈ।”
ਦਰਸ਼ਨ ਦੀ ਇਸ ਗੱਲ ਕਰ ਕੇ ਪਿੰਡਾਂ ਵਿਚ ਵਾਹਵਾ ਵਡਿਆਈ ਹੋਈ। ਕੋਈ ਕਹੇ, ਹੋਵੇ ਏਕ ਹੋਵੇ ਨੇਕ। ਕੋਈ ਕਹੇ, ਜੇ ਅਜਿਹੇ ਜਵਾਈ ਲੱਭਣ ਤਾਂ ਕੋਈ ਕੁੜੀ ਜੰਮਣ ਤੋਂ ਨਾ ਡਰੇ! ਅਸਲ ਵਿਚ, ਦਰਸ਼ਨ ਦੀ ਸੋਚ ਬਹੁਤ ਉਚੀ ਸੀ। ਮਾਰੂਤੀ ਮੋੜ ਕੇ ਉਸ ਦਾ ਕੱਦ ਘਰ ਵਾਲੀ ਮੂਹਰੇ ਵੀ ਹੋਰ ਉਚਾ ਹੋ ਗਿਆ ਸੀ। ਸਹੁਰਿਆਂ ਤੋਂ ਮਿਲਿਆ ਤਾਂ ਬੰਦਾ ਭੋਰਾ ਵਾਪਸ ਨਹੀਂ ਕਰਦਾ, ਇਹ ਤਾਂ ਮਾਰੂਤੀ ਸੀ। ਖੈਰ! ਦਰਸ਼ਨ ਆਪਣੀ ਘਰ ਵਾਲੀ ਬੀਰੋ ਨਾਲ ਬਹੁਤ ਖੁਸ਼ ਸੀ।
ਬੀਰੋ ਨੇ ਵੀ ਦਰਸ਼ਨ ਦੇ ਘਰ ਆ ਕੇ ‘ਦਿਨ ਦੁੱਗਣੀ ਰਾਤ ਚੌਗਣੀ’ ਮਿਹਨਤ ਕੀਤੀ। ਪੈਸੇ ਨਾਲ ਪੈਸਾ ਜੁੜਦਾ ਗਿਆ। ਫਿਰ ਦਰਸ਼ਨ ਨੇ ਬਾਪੂ ਵਾਲਾ ਪੁਰਾਣਾ ਘਰ ਢਾਹ ਕੇ ਕੋਠੀ ਵਰਗਾ ਘਰ ਬਣਾ ਲਿਆ। ਪਸੂਆਂ ਵਾਸਤੇ ਵੱਖਰਾ ਬਰਾਂਡਾ ਤੇ ਤੂੜੀ ਵਾਲਾ ਕੋਠਾ ਉਸਾਰ ਦਿੱਤਾ। ਦੋਹਾਂ ਜੀਆਂ ਨੇ ਬੜੀ ਵਧੀਆ ਵਿਉਂਤਬੰਦੀ ਨਾਲ ਮਕਾਨ ਦਾ ਕਾਰਜ ਸਿਰੇ ਚੜ੍ਹਾਇਆ। ਆਂਢ-ਗੁਆਂਢ ਬੀਰੋ ਦੀਆਂ ਸਿਫਤਾਂ ਹੁੰਦੀਆਂ। ਸੱਸ ਆਪਣੀ ਨੂੰਹ ਦੀਆਂ ਸਿਫਤਾਂ ਸੁਣ ਕੇ ਅੱਖਾਂ ਵਿਚੋਂ ਹਸਦੀ। ਪਰਮਾਤਮਾ ਦਾ ਓਟ ਆਸਰਾ ਲੈਣ ਲਈ ਘਰ ਸਹਿਜ ਪਾਠ ਕਰਵਾਇਆ ਗਿਆ। ਰਿਸ਼ਤੇਦਾਰ, ਸ਼ਰੀਕਾ ਕਬੀਲਾ ਆਇਆ, ਸਭ ਦਾ ਮਨ ਬਾਗੋ-ਬਾਗ ਹੋ ਗਿਆ।
ਦਰਸ਼ਨ ਦੀ ਗ੍ਰਹਿਸਥ-ਗੱਡੀ ਆਪਣੀ ਚਾਲੇ ਤੁਰਦੀ ਗਈ। ਬੀਰੋ ਦੀ ਕੁੱਖ ਹਰੀ ਹੋਈ, ਉਹਨੇ ਪਲੇਠੀ ਧੀ ਨੂੰ ਜਨਮ ਦਿੱਤਾ। ਸਭ ਨੇ ਪਹਿਲਾਂ ਆਏ ਜੀਅ ਨੂੰ ਲਾਡ ਪਿਆਰ ਨਾਲ ਕਬੂਲਿਆ। ਦਾਦੇ-ਦਾਦੀ ਲਈ ਪਰਮਾਤਮਾ ਨੇ ਖਿਡੌਣਾ ਦੇ ਦਿੱਤਾ ਸੀ। ਘਰ ਵਿਚ ਰੌਣਕ ਲੱਗੀ ਰਹਿੰਦੀ। ਬੀਰੋ ਦੇ ਪੇਕੇ ਵੀ ਪੰਜੀਰੀ ਦੇਣ ਆਏ ਬਹੁਤ ਕੁਝ ਲੈ ਕੇ ਆਏ। ਉਹ ਵੀ ਖੁਸ਼ ਸਨ, ਧੀ ਦਾ ਵਸੇਬਾ ਬੱਚੇ ਨਾਲ ਹੀ ਹੁੰਦਾ ਹੈ। ਬੱਚਾ ਹੀ ਦੋਹਾਂ ਪਾਸਿਆਂ ਦੇ ਪਿਆਰ ਨੂੰ ਜੋੜਦਾ ਹੈ। ਬੀਰੋ ਨੇ ਧੀ ਦਾ ਨਾਂ ਆਸਕਿਰਨ ਰੱਖਿਆ। ਸਾਰੇ ਪਿਆਰ ਨਾਲ ਉਸ ਨੂੰ ਆਸੂ ਆਖ ਕੇ ਬੁਲਾਉਂਦੇ ਸਨ। ਦਿਨ ਚੜ੍ਹਦੇ ਛਿਪਦੇ ਰਹੇ, ਆਸੂ ਤਿੰਨ ਸਾਲ ਦੀ ਹੋ ਗਈ। ਇਕ ਦਿਨ ਸੱਸ ਨੇ ਹੱਸਦੀ ਨੇ ਆਖਿਆ, “ਕੁੜੇ ਬੀਰੋ! ਮੈਨੂੰ ਮਰਨ ਤੋਂ ਪਹਿਲਾਂ ਪੋਤੇ ਦਾ ਮੂੰਹ ਦਿਖਾ ਦੇ, ਮੇਰਾ ਮਰਨਾ ਸੁਖਾਲਾ ਹੋ ਜਾਊ।”
“ਹਾਏ ਬੀਬੀ, ਇੰਜ ਨਾ ਬੋਲ, ਪੋਤਾ ਵੀ ਆ ਜਾਊਗਾ।” ਬੀਰੋ ਨੇ ਤਸੱਲੀ ਦਿੱਤੀ।
ਪਿੰਡ ਵਾਲੀਆਂ ਸੱਸਾਂ ਨੂੰ ਕੀ, ਸਾਰੀਆਂ ਹੀ ਸੱਸਾਂ ਨੂੰ ਪੋਤਾ ਜ਼ਰੂਰ ਚਾਹੀਦਾ ਹੁੰਦਾ ਹੈ, ਬੇਸ਼ੱਕ ਜ਼ਮਾਨਾ ਬਹੁਤ ਬਦਲ ਗਿਆ ਹੈ। ਬੀਰੋ ਦੀ ਸੱਸ ਵੀ ਇਸੇ ਆਸ ਦੀ ਕਿਰਨ ਨਾਲ ਜਿਉਂਦੀ ਸੀ ਕਿ ਦਰਸ਼ਨ ਦੀ ਦਹਿਲੀਜ਼ ਨੂੰ ਵਧਦਾ ਦੇਖ ਕੇ ਹੀ ਧਰਮਰਾਜ ਕੋਲ ਜਾਵੇ। ਫਿਰ ਸਾਲ ਪਿਛੋਂ ਬੀਰੋ ਦਾ ਪੈਰ ਭਾਰੀ ਹੋ ਗਿਆ। ਦੂਜੀ ਵਾਰੀ ਪੋਤੀ ਦੇ ਡਰ ਨੇ ਦਰਸ਼ਨ ਦੀ ਮਾਂ ਨੂੰ ਸੋਚੀਂ ਪਾ ਦਿੱਤਾ। ਉਸ ਨੇ ਬੀਰੋ ਨੂੰ ਕਿਹਾ ਕਿ ਟੈਸਟ ਕਰਵਾ ਲਵੇ, ਜੇ ਕੁੜੀ ਹੋਈ ਤਾਂ ਸਫਾਈ ਹੋ ਜਾਊਗੀ। ਅਖੇ, ਮੈਂ ਪੋਤੀਆਂ ਨਾਲ ਵਿਹੜਾ ਨਹੀਂ ਭਰਨਾ।
ਬੀਰੋ ਕਹਿੰਦੀ, “ਬੀਬੀ, ਆਪਾਂ ਵੀ ਕਿਸੇ ਦੀਆਂ ਧੀਆਂ। ਤੁਸੀਂ ਚਾਰ ਭੈਣਾਂ ਸੀ, ਚਾਰੇ ਭੈਣਾਂ ਵਧੀਆ ਵੱਸਦੀਆਂ ਹੋ। ਅਸੀਂ ਚਾਚੇ-ਤਾਏ ਸਭ ਦੀਆਂ ਧੀਆਂ ਮਿਲਾ ਕੇ ਸੱਤ ਜਣੀਆਂ ਹਾਂ। ਸੱਤੇ ਹੀ ਵਧੀਆ ਘਰੇ ਵਸਦੀਆਂ ਹਾਂ। ਆਉਣ ਵਾਲਾ ਜੀਅ ਆਪਣੇ ਕਰਮ ਆਪ ਲਿਖਾ ਕੇ ਲਿਆਉਂਦਾ ਹੈ। ਮੈਂ ਨਹੀਂ ਟੈਸਟ ਕਰਵਾਉਣਾ।” ਉਹਦਾ ਜਵਾਬ ਸਪਸ਼ਟ ਸੀ।
ਸੱਸ ਨੂੰਹ ਦਾ ਮੂੰਹ ਮੋਟਾ ਦੇਖ ਕੇ ਦਰਸ਼ਨ ਨੂੰ ਸ਼ੱਕ ਹੋਇਆ ਕਿ ਦੋਹਾਂ ਵਿਚਾਲੇ ਕੋਈ ਗੱਲ ਲੜਾਈ ਦਾ ਰੂਪ ਧਾਰ ਚੁਕੀ ਹੈ। ਉਸ ਨੇ ਬੀਰੋ ਤੋਂ ਕਾਰਨ ਪੁੱਛਿਆ ਤਾਂ ਬੀਰੋ ਨੇ ਰੋ ਕੇ ਸਾਰੀ ਕਹਾਣੀ ਸੁਣਾ ਦਿੱਤੀ। ਦਰਸ਼ਨ ਵੀ ਜੀਅ-ਘਾਤ ਦੇ ਖਿਲਾਫ ਸੀ। ਉਹ ਕਹਿੰਦਾ, “ਜੇ ਧੀ ਹੋ ਗਈ ਤਾਂ ਮੈਂ ਹੀ ਪਾਲਣੀ ਹੈ, ਪੜ੍ਹਾਉਣੀ ਹੈ ਤੇ ਵਿਆਹੁਣੀ ਹੈ। ਬੀਬੀ ਨੂੰ ਕੀ ਤਕਲੀਫ ਹੈ? ਕੁੜੀਆਂ ਕਿਸ ਗੱਲੋਂ ਮੁੰਡਿਆਂ ਨਾਲੋਂ ਘੱਟ ਨੇ। ਉਹ ਕਿਹੜਾ ਕੰਮ ਆ ਜੋ ਕੁੜੀਆਂ ਨਹੀਂ ਕਰ ਸਕਦੀਆਂ?”
ਦਰਸ਼ਨ ਦੀ ਉਦੋਂ ਸੋਚ ਨੇ ਇਕ ਬੋਟ ਨੂੰ ਜ਼ਿੰਦਗੀ ਬਖਸ਼ੀ। ਦੂਜੀ ਧੀ ਦਾ ਵੀ ਉਸ ਨੇ ਪਹਿਲੀ ਵਾਂਗ ਚਾਅ ਕੀਤਾ। ਗੱਲ ਕਰਮਾਂ ‘ਤੇ ਛੱਡ ਕੇ ਆਪ ਕੰਮੀਂ ਲੱਗ ਗਿਆ। ਬੀਰੋ ਵੀ ਦਲੇਰੀ ਵਿਚ ਆ ਗਈ ਕਿ ਜਦੋਂ ਉਹਦਾ ਪਤੀ ਉਹਦੀ ਹਰ ਗੱਲ ਨਾਲ ਸਹਿਮਤ ਹੈ, ਫਿਰ ਡਰਨ ਦੀ ਲੋੜ ਨਹੀਂ। ਥੋੜ੍ਹੇ ਮਹੀਨਿਆਂ ਪਿਛੋਂ ਸਭ ਕੁਝ ਠੀਕ ਹੋ ਗਿਆ। ਦਰਸ਼ਨ ਦੀ ਦੂਜੀ ਧੀ ਗੁਰਲੀਨ ਤੋਂ ਬਾਅਦ ਘਰ-ਬਾਰ ਅਤੇ ਖੇਤੀਬਾੜੀ ਵਿਚ ਹੋਰ ਵਾਧਾ ਹੋਇਆ। ਫਸਲਾਂ ਦਾ ਝਾੜ ਆਮ ਨਾਲੋਂ ਜ਼ਿਆਦਾ ਨਿਕਲਣ ਲੱਗ ਪਿਆ। ਲਵੇਰੇ ਨਾਲ ਲਵੇਰਾ ਜੁੜਦਾ ਗਿਆ। ਹੁਣ ਦਰਸ਼ਨ ਦੇ ਬੇਬੇ-ਬਾਪੂ ਨੇ ਵੀ ਮਨ ਸਮਝਾ ਲਿਆ ਸੀ ਕਿ ਜਦੋਂ ਨੂੰਹ-ਪੁੱਤ ਰਾਜ਼ੀ ਨੇ, ਫਿਰ ਉਹ ਕਿਉਂ ਤੜਫਦੇ ਹਨ!
ਇਕ ਦਿਨ ਦਰਸ਼ਨ ਨੇ ਆਪਣੇ ਬਾਪੂ ਨੂੰ ਪੁੱਛਿਆ, “ਬਾਪੂ, ਹਰੀ ਹੋਰੀ ਇਕ ਕਿੱਲਾ ਬੈਅ ਕਰਨ ਨੂੰ ਕਹਿੰਦੇ ਸੀ, ਆਪਣੀ ਵੱਟ ਨਾਲ ਲੱਗਦਾ ਵਾ। ਕੀ ਖਿਆਲ ਆ, ਜੇ ਆਪਾਂ ਲੈ ਲਈਏ?”
“ਪੈਸੇ ਹੈਗੇ ਨੇ? ਦਿਨੇ ਸੁਪਨੇ ਨਹੀਂ ਦੇਖੀਦੇ ਹੁੰਦੇ ਦਰਸ਼ਨਾ।” ਬਾਪੂ ਨੇ ਕਿਹਾ।
“ਬਾਪੂ, ਪੈਸੇ ਤਾਂ ਦੋ ਕਿੱਲਿਆਂ ਦੇ ਇਕੱਠੇ ਕਰੀ ਫਿਰਦਾ ਹਾਂ, ਤੂੰ ਹਾਂ ਕਰ। ਸਵੇਰੇ ਹੀ ਨਥਾਣੇ ਨੂੰ ਤੁਰ ਪੈਂਦੇ ਹਾਂ, ਰਜਿਸਟਰੀ ਕਰਵਾਉਣ।” ਦਰਸ਼ਨ ਨੇ ਚਾਅ ਨਾਲ ਕਿਹਾ।
ਬਾਪੂ ਨੇ ਅੱਖਾਂ ਗਿੱਲੀਆਂ ਕਰਦਿਆਂ ਦਰਸ਼ਨ ਨੂੰ ਬੁੱਕਲ ਵਿਚ ਲੈ ਕੇ ‘ਹਾਂ’ ਕਰ ਦਿੱਤੀ। ਦਰਸ਼ਨ ਨੇ ਹਰੀ ਹੋਰਾਂ ਦਾ ਇਕ ਕਿੱਲਾ ਬੈਅ ਲਿਖਵਾ ਲਿਆ। ਉਸ ਕਿੱਲੇ ਕਰ ਕੇ ਦਰਸ਼ਨ ਹੋਰਾਂ ਨੂੰ ਆਪਣੇ ਖੇਤ ਲਈ ਖੁੱਲ੍ਹਾ ਰਾਹ ਮਿਲ ਗਿਆ। ਦਰਸ਼ਨ ਦੀ ਬੇਬੇ ਪੋਤੀਆਂ ਨੂੰ ਖੇਤ ਲਿਜਾ ਕੇ ਆਪ ਖੇਤ ਦੇਖ ਕੇ ਆਈ, ਜੋ ਪੁੱਤ ਨੇ ਖਰੀਦਿਆ ਸੀ।
ਕਈ ਪਿੰਡ ਵਾਲੇ ਦਰਸ਼ਨ ਨੂੰ ਕਹਿਣ ਲੱਗ ਪਏ ਸੀ ਕਿ ਦਰਸ਼ਨਾ! ਪੈਸੇ ਜੋੜ ਲੈ, ਹਰੀ ਹੋਰਾਂ ਨੇ ਦੂਜਾ ਕਿੱਲਾ ਵੀ ਬੈਅ ਕਰ ਦੇਣਾ। ਦਰਸ਼ਨ ਹੱਸ ਕੇ ਸਾਰ ਦਿੰਦਾ, ਪਰ ਲੋਕਾਂ ਦੀ ਕਹੀ ਗੱਲ ਸੱਚ ਵੀ ਹੋ ਜਾਂਦੀ ਹੈ। ਅਗਲਾ ਸਾਲ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਦੂਜਾ ਕਿੱਲਾ ਵੀ ਦਰਸ਼ਨ ਨੂੰ ਬੈਅ ਲਿਖਵਾ ਦਿੱਤਾ। ਹੁਣ ਦਰਸ਼ਨ ਨੂੰ ਉਨ੍ਹਾਂ ਦੀ ਮੋਟਰ ਅਤੇ ਟਿਊਬਵੈਲ ਵੀ ਮਿਲ ਗਏ ਸਨ। 12 ਕਿੱਲਿਆਂ ਵਿਚ ਦੋ ਮੋਟਰਾਂ ਹੋ ਗਈਆਂ। ਸਾਰਾ ਪਰਿਵਾਰ ਹੀ ਖੁਸ਼ ਸੀ। ਇਸ ਖੁਸ਼ੀ ਦਾ ਸਿਹਰਾ ਸਾਰੇ ਗੁਰਲੀਨ ਨੂੰ ਸਮਝਦੇ ਕਿ ਉਸ ਦੇ ਆਉਣ ਨਾਲ ਹੀ ਸਾਨੂੰ ਦੋ ਕਿੱਲੇ ਮਿਲੇ ਹਨ।
ਇਕ ਦਿਨ ਦੇਬੋ ਦਾਈ ਘਰੇ ਆਈ ਤਾਂ ਕਹਿੰਦੀ, “ਲਿਆ ਨੀ ਬੀਰੋ ਤੇਰਾ ਢਿੱਡ ਮਲ ਦੇਵਾਂ। ਚਾਰ ਸਾਲ ਦੀ ਗੁਰਲੀਨ ਹੋ ਗਈ, ਤੂੰ ਅਜੇ ਢਿੱਡੀ ਨਹੀਂ ਪੱਟੀ।” ਦੇਬੋ ਗੋਲ ਟਿੱਚਰ ਕਰ ਗਈ ਸੀ। ਸੱਸ ਨੇ ਬੀਰੋ ਦਾ ਢਿੱਡ ਮਲਾਇਆ ਤੇ ਦੇਬੋ ਨੂੰ ਕਣਕ ਦਾ ਪੀਪਾ ਤੇ ਗਿਆਰਾਂ ਰੁਪਏ ਦੇ ਕੇ ਤੋਰਿਆ। ਦੇਬੋ ਅਸੀਸਾਂ ਦਿੰਦੀ ਬੂਹਾ ਟੱਪ ਗਈ। ਤਿੰਨ ਮਹੀਨੇ ਨਹੀਂ ਸਨ ਟੱਪੇ ਕਿ ਬੀਰੋ ਦੇ ਦਿਨ ਟੱਪ ਗਏ। ਇਸ ਵਾਰੀ ਪਰਮਾਤਮਾ ਦੇ ਆਸਰੇ ‘ਤੇ ਗੱਲ ਛੱਡ ਦਿੱਤੀ ਗਈ ਤੇ ਦਰਸ਼ਨ ਦੇ ਘਰ ਪੁੱਤਰ ਨੇ ਜਨਮ ਲਿਆ। ਸਾਰੇ ਕਹਿਣ, ਚੱਲ ਧੀਆਂ ਢੱਕੀਆਂ ਗਈਆਂ, ਭੈਣਾਂ ਦਾ ਵੀਰ ਆ ਗਿਆ। ਸਾਰੇ ਪਿੰਡ ਨੇ ਹੀ ਪੁੱਤ ਦਾ ਚਾਅ ਕੀਤਾ। ਪੁੱਤਰ ਦਾ ਨਾਂ ਸਨਦੀਪ ਰੱਖਿਆ ਗਿਆ। ਲੋਹੜੀ ‘ਤੇ ਇਕੱਠ ਕਰ ਕੇ ਸਭ ਨੂੰ ਖੁਸ਼ ਕੀਤਾ ਗਿਆ।
ਸਮਾਂ ਬੀਤਦਾ ਗਿਆ। ਵੱਡੀ ਧੀ ਆਸੂ ਨੇ ਪਲੱਸ-ਟੂ ਕਰ ਕੇ ਆਈਲੈਟਸ ਕਰ ਲਿਆ ਅਤੇ ਉਸ ਨੂੰ ਆਸਟਰੇਲੀਆ ਦਾ ਸਟੱਡੀ ਵੀਜ਼ਾ ਮਿਲ ਗਿਆ। ਫਿਰ ਗੁਰਲੀਨ ਨੇ ਵੀ ਇਸੇ ਤਰ੍ਹਾਂ ਕੀਤਾ, ਉਸ ਨੂੰ ਕੈਨੇਡਾ ਦਾ ਸਟੱਡੀ ਵੀਜ਼ਾ ਮਿਲ ਗਿਆ। ਧੀਆਂ ਵਲੋਂ ਦਰਸ਼ਨ ਦਾ ਭਾਰ ਅੱਧਿਓਂ ਵੱਧ ਲਹਿ ਗਿਆ ਸੀ।
ਹੁਣ ਵਾਰੀ ਸੀ ਸਨਦੀਪ ਦੀ। ਉਹਨੇ ਦਸਵੀਂ ਵਧੀਆ ਨੰਬਰਾਂ ਨਾਲ ਪਾਸ ਕਰ ਲਈ ਸੀ ਅਤੇ ਹੁਣ ਅਗਲੀ ਪੜ੍ਹਾਈ ਲਈ ਸ਼ਹਿਰ ਦੇ ਕਾਲਜ ਵਿਚ ਦਾਖਲਾ ਲੈਣਾ ਸੀ। ਦੋਵੇਂ ਭੈਣਾਂ ਪਰਦੇਸਾਂ ਤੋਂ ਫੋਨ ਕਰਦੀਆਂ ਕਿ ਇਸ ਨੂੰ ਵੀ ਪਲੱਸ-ਟੂ ਕਰਵਾ ਕੇ ਆਈਲੈਟਸ ਕਰਵਾਓ ਤੇ ਉਨ੍ਹਾਂ ਕੋਲ ਭੇਜ ਦਿਓ, ਪਰ ਸਨਦੀਪ ਕਾਲਜ ਜਾ ਕੇ ਬਦਲਣ ਲੱਗ ਪਿਆ ਸੀ। ਦਰਸ਼ਨ ਤੋਂ ਲਾਡਾਂ ਨਾਲ ਬੁਲਟ ਮੋਟਰਸਾਈਕਲ ਲੈ ਲਿਆ। ਚੜ੍ਹਦੀ ਉਮਰੇ ਜਵਾਨੀ ਦਾ ਜੋਸ਼ ਸੀ, ਤੇ ਨਾਲ ਦੇ ਪਿੰਡ ਵਾਲੇ ਸਰਦਾਰਾਂ ਦੇ ਮੁੰਡੇ ਨਾਲ ਯਾਰੀ ਪੈ ਗਈ। ਨਸ਼ਿਆਂ ਨੂੰ ਤਾਂ ਦੋਵੇਂ ਨਹੀਂ ਲੱਗੇ, ਪਰ ਕੁੜੀਆਂ ਦੇ ਚੱਕਰਾਂ ਵਿਚ ਫਸ ਗਏ ਸਨ।
ਇਕ ਦਿਨ ਕਿਸੇ ਕੁੜੀ ਨੂੰ ਬਿਠਾ ਕੇ ਦੋਵੇਂ ਜਣੇ ਜਾ ਰਹੇ ਸਨ ਕਿ ਮੋਟਰਸਾਈਕਲ ਦਾ ਬੱਸ ਨਾਲ ਐਕਸੀਡੈਂਟ ਹੋ ਗਿਆ। ਕੁੜੀ ਥਾਏਂ ਮਰ ਗਈ। ਦੂਜਾ ਮੁੰਡਾ ਕੋਮਾ ਵਿਚ ਚਲਾ ਗਿਆ। ਸਨਦੀਪ ਦੇ ਸਿਰ ਅਤੇ ਲੱਤਾਂ ਉਤੇ ਸੱਟਾਂ ਵੱਜੀਆਂ। ਗੱਲ ਪੁਲਿਸ ਕੋਲ ਪਹੁੰਚ ਗਈ। ਸਰਦਾਰਾਂ ਨੇ ਸਨਦੀਪ ਸਿਰ ਘੜਾ ਭੰਨ ਦਿੱਤਾ ਕਿ ਇਹ ਉਨ੍ਹਾਂ ਦੇ ਮੁੰਡੇ ਨੂੰ ਖਰਾਬ ਕਰਦਾ ਸੀ। ਥਾਣੇਦਾਰ ਤੋਂ ਕੇਸ ਬਣਵਾ ਦਿੱਤਾ ਕਿ ਸਨਦੀਪ ਸ਼ਹਿਰ ਕੁੜੀਆਂ ਸਪਲਾਈ ਕਰਦਾ ਸੀ। ਪੁੱਤ ਨੇ ਦਰਸ਼ਨ ਦੀ ਬਣੀ ਹੋਈ ਇੱਜਤ ਲੀਰੋ-ਲੀਰ ਕਰ ਦਿੱਤੀ ਸੀ। ਥਾਣੇਦਾਰ ਨੇ ਕੇਸ ਰਫਾ-ਦਫਾ ਕਰਨ ਲਈ ਵੀਹ ਲੱਖ ਰੁਪਇਆ ਮੰਗਿਆ। ਆਖਰ ਗੱਲ ਪੰਦਰਾਂ ਲੱਖ ‘ਤੇ ਮੁੱਕੀ। ਕੁੜੀ ਵਾਲੇ ਹਮਾਤੜ ਸਨ, ਦੋ ਲੱਖ ਲੈ ਕੇ ਰਾਜ਼ੀਨਾਮਾ ਕਰ ਗਏ।
ਦਰਸ਼ਨ ਦਾ ਸਾਰਾ ਟੱਬਰ ਇਕੋ ਗੱਲ ਕਹਿ ਰਿਹਾ ਸੀ ਕਿ ਜਿਥੇ ਦੋ ਧੀਆਂ ਆਈਆਂ ਸਨ, ਇਹ ਵੀ ਧੀ ਬਣ ਕੇ ਜੰਮ ਪੈਂਦਾ, ਆਹ ਦਿਨ ਨਾ ਦੇਖਣੇ ਪੈਂਦੇ! ਦਰਸ਼ਨ ਨੂੰ ਬੈਅ ਲਏ ਦੋਵੇਂ ਕਿੱਲੇ ਵੇਚਣੇ ਪੈ ਗਏ, ਫਿਰ ਹੀ ਉਹ ਸੁਰਖਰੂ ਹੋ ਸਕਿਆ। ਜੇ ਪੁੱਤਾਂ ਨਾਲ ਸੋਨੇ ਦੀਆਂ ਕੰਧਾਂ ਉਸਾਰੀਆਂ ਜਾਂਦੀਆਂ ਹਨ ਤਾਂ ਇਨ੍ਹਾਂ ਦੇ ਨਾਲ ਹੀ ਤਬਾਹੀ ਦੇ ਤੂਫਾਨ ਵੀ ਉਠ ਪੈਂਦੇ ਹਨ, ਪਰ ਪਤਾ ਠਹਿਰ ਕੇ ਲਗਦਾ ਹੈ। ਰੱਬ ਰਾਖਾ!