ਗੁਰੂ ਗ੍ਰੰਥ ਸਾਹਿਬ ਜੀ ਵਿਚ ਮਾਂ ਦਾ ਸਥਾਨ

ਜੇ. ਬੀ. ਸਿੰਘ (ਕੈਂਟ, ਵਾਸ਼ਿੰਗਟਨ)
ਫੋਨ: 253-508-9805
ਪਰਮਾਤਮਾ ਤੋਂ ਬਿਨਾ ਇਸ ਸੰਸਾਰ ਵਿਚ ਹਰ ਕਿਸੇ ਦੀ ਮਾਂ ਹੈ। ਸਿਰਫ ਉਹ ਪ੍ਰਭੂ ਹੀ ਅਜੂਨੀ ਹੈ, ‘ਨਾ ਤਿਸੁ ਕੁਟੰਬੁ ਨਾ ਤਿਸੁ ਮਾਤਾ’ (ਪੰਨਾ 1051), ਅਥਵਾ ‘ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ’ (ਪੰਨਾ 1136) ਗੁਰਬਾਣੀ ਦੇ ਮਹਾਂ ਵਾਕ ਹਨ। ਦੁਨੀਆਂ ਵਿਚ ਸਭ ਤੋਂ ਪਹਿਲਾਂ ਮਾਂ ਦਾ ਰੁਤਬਾ ਧਰਤੀ ਨੂੰ ਦਿੱਤਾ ਗਿਆ ਹੈ, ‘ਮਾਤਾ ਧਰਤਿ ਮਹਤੁ॥’

ਧਰਤੀ ਦੂਰ ਦੂਰ ਤਕ ਫੈਲੀ ਹੈ, ‘ਹੋਰੁ ਪਰੈ ਹੋਰੁ ਹੋਰੁ’ ਹੈ। ਰਾਤਾਂ, ਰੁੱਤਾਂ, ਥਿਤਾਂ, ਵਾਰ, ਹਵਾ, ਪਾਣੀ, ਅੱਗ ਅਤੇ ਪਾਤਾਲ-ਸਭ ਦੇ ਸਮੂਹ ਵਿਚ, ਇਹ ਧਰਤੀ ‘ਧਰਮ ਕਮਾਣ’ ਥਾਂ ਹੈ,
ਰਾਤੀ ਰੁਤੀ ਥਿਤੀ ਵਾਰ॥
ਪਵਣ ਪਾਣੀ ਅਗਨੀ ਪਾਤਾਲ॥
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ॥ (ਪੰਨਾ 7)
ਸਾਰੀ ਸ੍ਰਿਸ਼ਟੀ ਇਸ ਧਰਤੀ ਦੀ ਗੋਦ ਵਿਚ ਪਲ ਤੇ ਖੇਡ ਰਹੀ ਹੇ। ਸਭ ਜੀਵਾਂ, ਪਸੂ-ਪੰਛੀਆਂ, ਬਨਸਪਤੀ ਆਦਿ ਦਾ ਇਹ ਘਰ ਹੈ। ਬਨਸਪਤੀ ਦਾ ਜਨਮ ਇਸ ਤੋਂ ਹੁੰਦਾ ਹੈ। ਇਹ ਜੀਵ-ਮਾਂ ਵਾਂਗ ਸਭ ਆਪਣੇ ਪੇਟ ਵਿਚ ਪਾਲਦੀ ਹੈ, ‘ਉਦਰ ਸੰਜੋਗੀ ਧਰਤੀ ਮਾਤਾ॥’ (ਪੰਨਾ 1021)
ਧਰਤੀ ਤੋਂ ਬਾਅਦ ਜੀਵ ਇਸਤਰੀ ਹੀ ਸਿਰਫ ਮਾਂ ਬਣ ਸਕਣ ਦੇ ਕਾਬਿਲ ਹੈ। ਜਿਥੇ ਧਰਤੀ ਉਤਭੁਜ ਨੂੰ ਜਨਮ ਦਿੰਦੀ ਹੈ, ਉਵੇਂ ਜੀਵ-ਮਾਂ ਅੰਡਜ ਤੇ ਜੇਰਜ ਜੀਵਾਂ ਨੂੰ ਪੈਦਾ ਕਰਦੀ ਹੈ। ਉਸ ਨੂੰ ਗਰਭਵਤੀ ਹੋਣ ‘ਤੇ ਖੁਸ਼ੀ ਤੇ ਮਾਣ ਮਹਿਸੂਸ ਹੁੰਦਾ ਹੈ,
ਉਦਰੈ ਮਾਹਿ ਆਇ ਕੀਆ ਨਿਵਾਸੁ॥
ਮਾਤਾ ਕੈ ਮਨਿ ਬਹੁਤੁ ਬਿਗਾਸੁ॥ (ਪੰਨਾ 396)
ਹਰ ਮਾਂ ਖੁਦ ਮਾਇਆ ਦੇ ਬੰਧਨ ਵਿਚ ਹੈ, ਪਰ ਜਦ ਤਕ ਜੀਵ ਉਸ ਦੇ ਗਰਭ ਵਿਚ ਹੈ, ਤਦ ਤਕ ਉਹ ਉਸ ਤੇ ਸੰਸਾਰਕ ਮਾਇਆ ਦਾ ਅਸਰ ਨਹੀਂ ਹੋਣ ਦਿੰਦੀ। ਇਹੀ ਇਕ ਥਾਂ ਹੈ, ਜਿਥੇ ਜੀਵ ਪ੍ਰਭੂ ਨਾਲ ਲਿਵ ਲਾਈ ਰੱਖਦਾ ਹੈ ਤੇ ਅਰਦਾਸਾਂ ਕਰਦਾ ਹੈ; ਪਰ ਜਨਮ ਲੈਣ ਪਿਛੋਂ ਉਹ ਮਾਇਆ ਵਿਚ ਉਲਝ ਜਾਂਦਾ ਹੈ,
ਪ੍ਰਥਮੇ ਗਰਭ ਮਾਤਾ ਕੈ ਵਾਸਾ
ਊਹਾ ਛੋਡਿ ਧਰਨਿ ਮਹਿ ਆਇਆ॥ (ਪੰਨਾ 497)
ਅਤੇ
ਦਸ ਮਾਸ ਮਾਤਾ ਉਦਰਿ ਰਾਖਿਆ
ਬਹੁਰਿ ਲਾਗੀ ਮਾਇਆ॥ (ਪੰਨਾ 481)
ਸੋ ਮਾਇਆ ਦੀ ਖੇਡ ਇਸ ਧਰਤੀ ‘ਤੇ ਹੈ, ਜਿਥੇ ਅਨੇਕਾਂ ਕਿਸਮਾਂ ਤੇ ਜੁਗਤੀਆਂ ਵਾਲੇ ਜੀਵ ਹੋਰ ਵੀ ਰਹਿੰਦੇ ਹਨ। ਜਿਨ੍ਹਾਂ ਵਿਚ ਜਿਥੇ ਅਨੇਕਾਂ ਭਗਤ, ਸਤੀ, ਦਾਤਾਰ ਆਦਿ ਰਹਿੰਦੇ ਹਨ; ਉਥੇ ਅਣਗਿਣਤ ਅੰਧਘੋਰ ਮੂਰਖ, ਚੋਰ, ਹਤਿਆਰੇ, ਪਾਪੀ, ਕੁੜਿਆਰ, ਮਲੇਸ਼ ਤੇ ਨਿੰਦਕ ਭੀ ਰਹਿੰਦੇ ਹਨ। ਅਨੇਕਾਂ ਧਰਮ ਤੇ ਦੀਬਾਣੁ ਹਨ। ਧਰਤੀ ਮਾਤਾ ਧਰਮਸਾਲ ਹੈ, ਜਿਥੇ ਕਰਮ ਕਮਾਏ ਜਾਂਦੇ ਹਨ। ਧਰਤੀ ਨੂੰ ਸਾਜਣ ਵਾਲਾ ਸੱਚਾ ਨਿਆਂਕਾਰ ਹੈ। (ਕਰਮੀ ਕਰਮੀ ਹੋਇ ਵੀਚਾਰੁ॥ ਸਚਾ ਆਪਿ ਸਚਾ ਦਰਬਾਰੁ॥ ਪੰਨਾ 7) ਇਸ ਲਈ ਧਰਤੀ ‘ਤੇ ਆਏ ਹਰ ਜੀਵ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ।
ਪਰ ਜੀਵ-ਜਨਨੀ ਦਾ ਸੁਭਾਅ ਅਲੱਗ ਹੈ। ਪਹਿਲਾਂ ਉਹ ਗਰਭ ਵਿਚ ਬੱਚੇ ਨੂੰ ਪਾਲਦੀ ਹੈ, ਫਿਰ ਉਸ ਦਾ ਪਾਲਣ ਪੋਸਣ ਕਰ ਕੇ ਖੁਸ਼ ਹੁੰਦੀ ਹੈ। ਬੱਚੇ ਦੇ ਮੂੰਹ ਵਿਚ ਭੋਜਨ ਆਪ ਪਾਉਂਦੀ ਹੈ,
ਸਾਰਿ ਸਮ੍ਹਾਲਿ ਮਾਤਾ ਮੁਖਿ ਨੀਰੈ
ਤਬ ਓਹੁ ਤ੍ਰਿਪਤਿ ਅਘਾਈ॥ (ਪੰਨਾ 1266)
ਗੁਰਬਾਣੀ ਵਿਚ ਮਾਂ ਦੇ ਪਿਆਰ ਨੂੰ ਮਿਸਾਲ ਵਜੋਂ ਵਰਤਿਆ ਗਿਆ ਹੈ। ਜਿਵੇਂ ਮਾਂ ਆਪਣੇ ਬੱਚੇ ਨੂੰ ਪਾਲਦੀ ਹੈ, ਉਵੇਂ ਹੀ ਪਰਮਾਤਮਾ ਆਪਣੇ ਜੀਵਾਂ ਨੂੰ ਪਾਲਦਾ ਹੈ,
ਅਪੁਨੇ ਜੀਅ ਜੰਤ ਪ੍ਰਤਿਪਾਰੇ॥
ਜਿਉ ਬਾਰਿਕ ਮਾਤਾ ਸੰਮਾਰੇ॥ (ਪੰਨਾ 105)
ਦੂਸੇ ਪਾਸੇ, ਇਕ ਭਗਤ ਦੀ ਅਵਸਥਾ ਵੀ ਇਸ ਤਰ੍ਹਾਂ ਦੀ ਹੋ ਜਾਂਦੀ ਹੈ। ਜਿਵੇਂ ਮਾਂ ਆਪਣੇ ਪੁੱਤਰਾਂ ਨੂੰ ਵੇਖ ਵੇਖ ਕੇ ਜਿਉਂਦੀ ਹੈ, ਤਿਵੇਂ ਪਰਮਾਤਮਾ ਦਾ ਸੇਵਕ ਵੀ ਉਸ ਪ੍ਰਭੂ ਨਾਲ ਤਾਣੇ-ਪੇਟੇ ਦੇ ਸੂਤਰ ਵਾਂਗ ਰੱਤਿਆ ਰਹਿੰਦਾ ਹੈ,
ਪੂਤ ਪੇਖਿ ਜਿਉ ਜੀਵਤ ਮਾਤਾ॥
ਓਤਿ ਪੋਤਿ ਜਨੁ ਹਰਿ ਸਿਉ ਰਾਤਾ॥ (ਪੰਨਾ 198)
ਅਤੇ
ਜਿਉ ਮਾਤਾ ਬਾਲਿ ਲਪਟਾਵੈ॥
ਤਿਉ ਗਿਆਨੀ ਨਾਮੁ ਕਮਾਵੈ॥ (ਪੰਨਾ 629)
ਭਾਵ ਜੇ ਕਿਤੇ ਸੱਚਾ, ਗੂੜ੍ਹਾ ਪਿਆਰ ਲੱਭਣਾ ਹੋਵੇ ਤਾਂ ਮਾਂ ਦੇ ਦਿਲ ਵਿਚ ਝਾਤੀ ਮਾਰ ਲਓ। ਮਾਂ ਤੋਂ ਵੱਧ ਪਿਆਰ ਕਰਨ ਵਾਲਾ ਲੋਕ-ਪਰਲੋਕ ਵਿਚ ਕੋਈ ਨਹੀਂ ਲੱਭਣਾ।
ਹਰ ਜੀਵ-ਮਾਂ ਆਪਣੇ ਬੱਚਿਆਂ ਨੂੰ ਵੱਡੇ ਹੁੰਦਿਆਂ ਵਧਦਾ ਫੁਲਦਾ ਦੇਖ ਕੇ ਖੁਸ਼ੀ ਹੁੰਦੀ ਹੈ। ਉਹਨੂੰ ਇਹ ਨਹੀਂ ਸੁੱਝਦਾ ਕਿ ‘ਦਿਨ ਦਿਨ ਅਵਧ ਘਟਤੁ ਹੈ।’ ਉਹ ਸਮਝਦੀ ਹੈ ਕਿ ਉਸ ਦਾ ਰਿਸ਼ਤਾ ਆਪਣੇ ਬੱਚੇ ਨਾਲ ਸਦੀਵੀ ਹੈ। ਉਹ ਇਹ ਨਹੀਂ ਸੋਚਦੀ ਕਿ ਉਨ੍ਹਾਂ ਵਿਚੋਂ ਕਿਸੇ ਇਕ ਦੀ ਮੌਤ ਪਿਛੋਂ ਉਨ੍ਹਾਂ ਵਿਛੜ ਜਾਣਾ ਹੈ ਤੇ ਪਰਲੋਕ ਵਿਚ ਕੋਈ ਵੀ ਦੂਜੇ ਨਾਲ ਨਹੀਂ ਜਾ ਸਕਦਾ। ਮਾਂ ਦਾ ਸੁਭਾਅ ਸਿਰਫ ਪਿਆਰ ਕਰਨਾ ਹੈ।
ਜੀਵ-ਮਾਂ ਸਾਡੇ ਕੀਤੇ ਹੋਏ ਕਰਮਾਂ ਦਾ ਹਿਸਾਬ ਨਹੀਂ ਮੰਗਦੀ। ਉਸ ਦਾ ਪਿਆਰ ਸੁਆਰਥੀ ਵੀ ਨਹੀਂ। ਉਹ ਬੱਚੇ ਦੀਆਂ ਤਮਾਮ ਗਲਤੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦੀ ਹੈ। ਇਥੋਂ ਤਕ ਕਿ ਜੇ ਕੋਈ ਬੱਚਾ ਗੁੱਸੇ ਵਿਚ ਆ ਕੇ ਆਪਣੀ ਮਾਂ ਨੂੰ ਕੁੱਟ ਮਾਰ ਵੀ ਦੇਵੇ ਤਾਂ ਵੀ ਉਹ ਭੁਲਾ ਦਿੰਦੀ ਹੈ। ਇਸੇ ਕਰਕੇ ਹੀ ਪ੍ਰਭੂ-ਭਗਤ ਮਾਂ ਦੇ ਪਿਆਰ ਦਾ ਹਵਾਲਾ ਦੇ ਕੇ ਪਰਮਾਤਮਾ ਨੂੰ ਆਪਣੀਆਂ ਕੀਤੀਆਂ ਭੁੱਲਾਂ ਬਖਸ਼ਾਉਣ ਨੂੰ ਕਹਿੰਦੇ ਹਨ,
ਸੁਤੁ ਅਪਰਾਧ ਕਰਤ ਹੈ ਜੇਤੇ॥
ਜਨਨੀ ਚੀਤਿ ਨ ਰਾਖਸਿ ਤੇਤੇ॥੧॥
ਰਾਮਈਆ ਹਉ ਬਾਰਿਕੁ ਤੇਰਾ॥
ਕਾਹੇ ਨ ਖੰਡਸਿ ਅਵਗਨੁ ਮੇਰਾ॥੧॥ਰਹਾਉ॥
ਜੇ ਅਤਿ ਕ੍ਰੋਪ ਕਰੇ ਕਰਿ ਧਾਇਆ॥
ਤਾ ਭੀ ਚੀਤਿ ਨ ਰਾਖਸਿ ਮਾਇਆ॥ (ਪੰਨਾ 478)
ਪੁਰਤਨ ਸਮੇਂ ਤੋਂ ਔਰਤ ਨੂੰ ਮਰਦ ਜਿੰਨੀ ਬਰਾਬਰੀ ਨਹੀਂ ਮਿਲੀ। ਫਾਰਸੀ ਦੇ ਸ਼ਬਦ ‘ਔਰਤ’ ਦਾ ਅਖਰੀ ਅਰਥ ਹੈ, “ਉਹ ਚੀਜ਼, ਜੋ ਛੁਪਾਉਣ ਲਾਇਕ ਹੋਵੇ।” ਸੋ, ਔਰਤ ਨੂੰ ਘਰ ਦੀ ਦਹਿਲੀਜ਼ ਟੱਪ ਕੇ ਸਮਾਜ ਦੇ ਕੰਮਾਂ ਵਿਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਸੀ। ਤੁਲਸੀ ਦਾਸ ਦੇ ਸ਼ਬਦਾਂ ਵਿਚ ‘ਢੋਲ ਗਵਾਰ ਸ਼ੂਦਰ ਪਛੁ ਨਾਰੀ, ਜਿਹ ਸਭ ਤਾੜਨ ਕੇ ਅਧਿਕਾਰੀ’ ਹਨ। ਔਰਤ ਨੂੰ ਪੈਰ ਦੀ ਜੁੱਤੀ ਜਾਂ ਪੁਆੜੇ ਦੀ ਜੜ੍ਹ ਕਿਹਾ ਜਾਂਦਾ ਸੀ, ਪਰ ਗੁਰੂ ਨਾਨਕ ਦੇਵ ਜੀ ਨੇ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’ ਆਖ ਕੇ ਸਤਿਕਾਰ ਦਿੱਤਾ। ਮਨੁੱਖਤਾ ਦੀ ਹੋਂਦ ਨੂੰ ਔਰਤ ਦੇ ਮਨਫੀ ਹੋ ਜਾਣ ‘ਤੇ ਜ਼ੀਰੋ ਕਰ ਦਿੱਤਾ। ਪੈਰ ਦੀ ਜੁੱਤੀ ਆਖੀ ਜਾਣ ਵਾਲੀ ਔਰਤ ਨੂੰ ਮਨੁੱਖ ਦਾ ਸਿਰਤਾਜ ਬਣਾ ਦਿਤਾ। ਇਥੋਂ ਤਕ ਕਿ ਪੁਰਖ ਸ਼ਬਦ ਉਸ ਪਰਮਤਾਮਾ ਲਈ ਵਰਤਿਆ, ਜੋ ‘ਭੰਡੈ ਬਾਹਰਾ’ ਹੈ, ਜਿਸ ਨੇ ਔਰਤ ਦੀ ਕੁਖ ਤੋਂ ਜਨਮ ਹੀ ਨਹੀਂ ਲਿਆ। ਸਭ ਜਗਿਆਸੂਆਂ ਨੂੰ ਉਸ ਪ੍ਰਭੂ ਦੀਆਂ ਪਤਨੀਆਂ ਜਾਂ ਦਾਸੀਆਂ ਨਾਲ ਸੰਬੋਧਨ ਕੀਤਾ,
ਇਸ ਜਗ ਮਹਿ ਪੁਰਖ ਏਕ ਹੈ
ਹੋਰੁ ਸਗਲੀ ਨਾਰ ਸਬਾਈ॥ (ਪੰਨਾ 591)
ਮੰਨੂ ਸਿਮ੍ਰਤੀ ਅਨੁਸਾਰ ਪਤੀ ਦੇ ਮਰਨ ਪਿਛੋਂ ਉਸ ਦੀ ਪਤਨੀ ਨੂੰ ‘ਸਤੀ ਦੀ ਰਸਮ’ ਨਿਭਾਉਣੀ ਪੈਂਦੀ ਸੀ, ਜਿਸ ਦਾ ਭਾਵ ਉਸ ਨੇ ਆਪਣੇ ਪਤੀ ਦੀ ਚਿਖਾ ਵਿਚ ਸੜ ਕੇ ਮਰਨਾ ਹੁੰਦਾ ਸੀ। ਗੁਰੂ ਸਾਹਿਬਾਨ ਨੇ ਇਸ ਰਸਮ ਨੂੰ ਨਿੰਦਿਆ ਤੇ ਖਤਮ ਕਰਨ ‘ਤੇ ਜ਼ੋਰ ਦਿਤਾ। ਗੁਰਬਾਣੀ ਅਨੁਸਾਰ ਸਤੀ ਉਹ ਹੈ, ਜੋ ਸੁੱਚੇ ਆਚਰਣ (ਸੀਲ ਸੰਤੋਖਿ) ਵਾਲਾ ਜੀਵਨ ਅਪਨਾਵੇ।
ਗੁਰੂਆਂ ਵਲੋਂ ਦਿਤਾ ਸਿੱਖ ਫਲਸਫਾ ਉਸ ਵਕਤ ਦੇ ਸਮਾਜ ਅੱਗੇ, ਔਰਤ ਲਈ ਸਿਰਫ ਢਾਲ ਬਣ ਕੇ ਹੀ ਨਹੀਂ ਖੜਿਆ, ਸਗੋਂ ਔਰਤ ਅੰਦਰ ਦਫਨ ਹੋਈਆਂ, ਕੁਦਰਤ ਵਲੋਂ ਦਿੱਤੀਆਂ ਮਹਾਨ ਸ਼ਕਤੀਆਂ ਨੂੰ ਮੁੜ ਜਿਉਂਦਾ ਕਰ ਕੇ ਉਸ ਨੂੰ ਮਰਦ ਦੇ ਮੂਹਰੇ ਲਿਆ ਖੜਾ ਕੀਤਾ। ਮਾਂਵਾਂ ਨੂੰ ਆਪਣੇ ਨਾਂ ਅੱਗੇ ਮਾਤਾ ਸ਼ਬਦ ਲਾ ਕੇ ਮਾਣ ਮਹਿਸੂਸ ਹੋਣ ਲੱਗਾ। ਜਿਥੇ ਮਰਦ ਆਪਣੇ ਨਾਂ ਅੱਗੇ ਸੰਤ, ਭਾਈ, ਰਾਜਾ, ਸਰਦਾਰ ਤੇ ਸ੍ਰੀਮਾਨ ਜਿਹੇ ਸ਼ਬਦ ਲਾਉਣ ਦਾ ਮਾਣ ਰੱਖਦਾ ਸੀ, ਉਥੇ ਬੀਬੀਆਂ ਨੇ ਅਜਿਹੇ ਕਾਰਨਾਮੇ ਦਿਖਾਏ ਕਿ ਇਤਿਹਾਸ ‘ਮਾਤਾ’ ਸ਼ਬਦ ਦਾ ਸਜਦਾ ਕਰਨ ਲੱਗ ਪਿਆ। ਮਾਤਾ ਜੀਤੋ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵੇਲੇ ਪਤਾਸੇ ਪਾਉਣ ਦਾ ਸਨਮਾਨ ਮਿਲਿਆ। ਮਾਤਾ ਗੁਜਰੀ, ਮਾਤਾ ਸੁੰਦਰੀ, ਮਾਤਾ ਖੀਵੀ, ਮਾਤਾ ਗੰਗਾ ਤੇ ਮਾਈ ਭਾਗੋ ਆਦਿ ਦੀ ਅਨਮੋਲ ਪੰਥਕ ਸੇਵਾ ਦਾ ਕੋਈ ਸਾਨੀ ਨਹੀਂ ਮਿਲਦਾ। ਗੁਰੂ ਗੋਬਿੰਦ ਸਿੰਘ ਨੇ ਔਰਤ ਨੂੰ ਆਪਣੇ ਨਾਂ ਨਾਲ ਕੌਰ (ਕੰਵਰ) ਲਾ ਕੇ ਰਾਜਕੁਮਾਰੀ ਦਾ ਦਰਜਾ ਦਿਤਾ। ਅਰਦਾਸ ਵਿਚ ਧਰਮ ਲਈ ਬਲੀਦਾਨ ਦੇਣ ਵਾਲੀਆਂ ਮਾਂਵਾਂ ਤੇ ਸਿੰਘਣੀਆਂ ਨੂੰ ਹਰ ਵਕਤ ਯਾਦ ਕੀਤਾ ਜਾਂਦਾ ਹੈ।
ਅਫਸੋਸ ਦੀ ਗੱਲ ਹੈ ਕਿ ਸਿਰਫ ਔਰਤ ਨੂੰ ਹੀ ਆਪਣੀ ਔਲਾਦ ਦੀਆਂ ਭੁੱਲਾਂ, ਗਲਤੀਆਂ ਲਈ ਸ਼ਰਮਿੰਦਾ ਹੋਣਾ ਪੈਂਦਾ ਹੈ। ਅੱਜ ਦੇ ਜਮਾਨੇ ਵਿਚ ਵੀ ਇਹੀ ਸੁਣਨ ਨੂੰ ਮਿਲਦਾ ਹੈ, ‘ਕੀ ਤੇਰੀ ਮਾਂ ਨੇ ਤੈਨੂੰ ਕੁਝ ਨਹੀਂ ਸਿਖਾਇਆ?’ ਭਾਵ ਇਹ ਮੰਨਿਆ ਗਿਆ ਹੈ ਕਿ ਮਨੁੱਖ ਦੀ ਮਤਿ ਜਾਂ ਅਕਲ ਸਿਰਫ ਉਸ ਦੀ ਮਾਂ ਦੀ ਸਿਖਿਆ ‘ਤੇ ਹੀ ਨਿਰਭਰ ਕਰਦੀ ਹੈ। ਇਸ ਲਈ ਹਰ ਮਾਂ ਕੋਸ਼ਿਸ਼ ਕਰਦੀ ਹੈ ਕਿ ਉਸ ਦੀ ਔਲਾਦ ਚੰਗੇ ਆਚਰਨ ਵਾਲੀ ਤੇ ਗੁਣਵਾਨ ਹੋਵੇ। ਇਸੇ ਸੰਕਲਪ ਹੇਠਾਂ ਗੁਰਬਾਣੀ ਵਿਚ ਮਤਿ (ਬੁਧੀ) ਨੂੰ ਵੀ ਮਾਤਾ ਕਿਹਾ ਗਿਆ ਹੈ।
ਗਉੜੀ ਰਾਗ (ਪੰਨਾ 151) ਵਿਚ ‘ਮਾਤਾ ਮਤਿ ਪਿਤਾ ਸੰਤੋਖੁ’ ਦਾ ਹੁਕਮ ਹੈ ਅਤੇ ਪੰਨਾ 172 ‘ਤੇ ਅੰਕਿਤ ਹੈ, ‘ਮਤਿ ਮਾਤਾ ਮਤਿ ਜੀਉ ਨਾਮੁ ਮੁਖਿ ਰਾਮਾ।’
ਗੁਰਮਤਿ ਅਧੀਨ ਗੁਰੂ ਵਲੋਂ ਦਿੱਤੀ ਮਤਿ ਜਾਂ ਸਿਖਿਆ ਸਾਨੂੰ ਪਾਲਦੀ ਹੈ ਤੇ ਮਾਨਸ ਤੋਂ ਦੇਵਤੇ ਬਣਾ ਦਿੰਦੀ ਹੈ। ਮਨਮਤਿ ਦੀ ਦੇਣ ਹੋਛਾਪਨ ਹੈ, ‘ਮਨ ਮਤਿ ਹਉਲੀ ਬੋਲੇ ਬੋਲੁ॥’ (ਪੰਨਾ 151)
ਪੂਰਨ ਗੁਰੂ ਦੀ ਦਿਤੀ ਮਤਿ ਮਨੁੱਖ ਨੂੰ ਪੂਰਨ ਬਣਾਉਂਦੀ ਹੈ। ਕੱਚੇ ਪਿਲੇ ਗੁਰੂ ਦੀ ਦਿੱਤੀ ਮਤਿ ਜੀਵਨ ਗੱਡੀ ਨੂੰ ਅਧਰਮ ਦੇ ਰਸਤੇ ਤੋਰਦੀ ਹੈ, ‘ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ॥’ (ਪੰਨਾ 951) ਗੁਰਬਾਣੀ ਸਾਨੂੰ ਕੱਚੇ ਗੁਰੂਆਂ ਦੀ ਮਤਿ ਅਤੇ ਆਪਣੇ ਮਨ ਦੀ ਮਤਿ-ਦੋਹਾਂ ਪਿੱਛੇ ਲੱਗਣ ਤੋਂ ਵਰਜਦੀ ਹੈ। ਇਹ ਅਖੌਤੀ ਗੁਰੂਆਂ ਦੀ ਦਿੱਤੀ ਮਤਿ ਨੂੰ ਧਿਰਕਾਰ ਪਾਉਂਦੀ ਹੈ, ਜੋ ਆਪਣੇ ਸਿੱਖ ਦੇ ਭਰਮ ਦੂਰ ਨਹੀਂ ਕਰ ਸਕਦੀ,
ਕਬੀਰ ਮਾਇ ਮੂੰਡਉ ਤਿਹ ਗੁਰੂ ਕੀ
ਜਾ ਤੇ ਭਰਮੁ ਨ ਜਾਇ॥ (ਪੰਨਾ 1369)
ਜੋ ਆਪਣੇ ਮਨ ਪਿੱਛੇ ਲਗ ਕੇ ਪਰਮਾਤਮਾ ਦਾ ਨਾਮ ਨਹੀਂ ਜਪਦੇ, ਗੁਰਬਾਣੀ ਉਨ੍ਹਾਂ ਦਾ ‘ਮਤਿਹੀਨ’ ਹੋ ਜਾਣਾ ਹੀ ਬਿਹਤਰ ਸਮਝਦੀ ਹੈ,
ਜਿਨ ਹਰਿ ਹਿਰਦੈ ਨਾਮੁ ਨ ਬਸਿਓ
ਤਿਨ ਮਾਤ ਕੀਜੈ ਹਰਿ ਬਾਂਝਾ॥ (ਪੰਨਾ 697)
ਅਤੇ
ਜਿਨਿ ਐਸਾ ਨਾਮੁ ਵਿਸਾਰਿਆ ਮੇਰਾ ਹਰਿ ਹਰਿ
ਤਿਸ ਕੈ ਕੁਲਿ ਲਾਗੀ ਗਾਰੀ॥
ਹਰਿ ਤਿਸ ਕੈ ਕੁਲਿ ਪਰਸੂਤਿ ਨ ਕਰੀਅਹੁ
ਤਿਸੁ ਬਿਧਵਾ ਕਰਿ ਮਹਤਾਰੀ॥ (ਪੰਨਾ 1262)
ਇਨ੍ਹਾਂ ਤੁਕਾਂ ਵਿਚ ‘ਮਾਤ, ਮਹਿਤਾਰੀ ਤੇ ਮਾਇ’ ਸ਼ਬਦ ਮਤਿ-ਮਾਤਾ (ਬੁਧੀ) ਲਈ ਵਰਤੇ ਗਏ ਹਨ, ਮਦੀਨ ਜਾਂ ਜਨਨੀ ਲਈ ਨਹੀਂ।
ਗੁਰਬਾਣੀ ਅਨੁਸਾਰ ਉਹ ਮਾਂ ਧੰਨ ਹੈ, ਜਿਸ ਦੀ ਔਲਾਦ ਜਨਮ ਤੋਂ ਬਾਅਦ ਗੁਰੂ ਦਾ ਪੱਲਾ ਫੜ ਕੇ ਜਨਮ ਸਫਲਾ ਕਰਦੀ ਹੈ। ਉਨ੍ਹਾਂ ਮਾਂਵਾਂ ਲਈ ਫੁਰਮਾਨ ਹੈ, ‘ਨਾਨਕ ਜਨਨੀ ਧੰਨੀ ਮਾਇ।’ (ਪੰਨਾ 1257)