ਨਵੀਂ ਦਿੱਲੀ: ਕਰੋਨਾ ਮਹਾਮਾਰੀ ਨੇ ਪੂਰੇ ਦੁਨੀਆਂ ਵਿਚ ਹਾਹਾਕਾਰ ਮਚਾਈ ਹੋਈ ਹੈ। ਇਸ ਔਖੀ ਘੜੀ ਵਿਚ ਵਿਸ਼ਵ ਵਸੋਂ ਦੇ ਇਕ ਵੱਡੇ ਹਿੱਸੇ ਲਈ ਭੁੱਖਮਰੀ ਵਾਲੇ ਹਾਲਤ ਬਣੇ ਹੋਏ ਹਨ। ਇਸ ਬਿਪਤਾ ਵੇਲੇ ਸਿੱਖ ਭਾਈਚਾਰਾ ਮਦਦ ਲਈ ਖੁੱਲ੍ਹ ਕੇ ਅੱਗੇ ਆਇਆ ਹੈ। ਸਿੱਖਾਂ ਦੇ ਇਸ ਉਪਰਾਲੇ ਦੀ ਪੂਰੇ ਦੁਨੀਆਂ ਵਿਚ ਵਾਹ-ਵਾਹ ਹੋ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਟਵੀਟ ਕਰਕੇ ਸਿੱਖਾਂ ਦੀ ਲੰਗਰ ਛਕਾਉਣ ਦੀ ਮੁਹਿੰਮ ਦੀ ਤਰੀਫ ਕੀਤੀ ਹੈ। ਇਹੀ ਨਹੀਂ, ਦਿੱਲੀ ਪੁਲਿਸ ਸਿੱਖਾਂ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਉਪਰਾਲਿਆਂ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਪੂਰੀ ਰਾਜਧਾਨੀ ਵਿਚ ਸਿੱਖ ਭਾਈਚਾਰੇ ਦਾ ਵਿਲੱਖਣ ਤਰੀਕੇ ਨਾਲ ਧੰਨਵਾਦ ਕੀਤਾ ਗਿਆ। ਦਿੱਲੀ ਪੁਲਿਸ ਦੇ ਸੀਨੀਅਰ ਅਫਸਰਾਂ ਦੀ ਅਗਵਾਈ ‘ਚ ਪੁਲਿਸ ਦੀਆਂ ਜਿਪਸੀਆਂ, ਕਾਰਾਂ ਤੇ ਮੋਟਰਸਾਈਕਲਾਂ ਰਾਹੀਂ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਇਸ ਦੌਰਾਨ ਪੁਲਿਸ ਦੀਆਂ ਗੱਡੀਆਂ ‘ਤੇ ਲੱਗੇ ਸਾਇਰਨ ਵੀ ਲਗਾਤਾਰ ਵੱਜਦੇ ਰਹੇ। ਇਸ ਪਰਿਕਰਮਾ ਦਾ ਮਕਸਦ, ਕਰੋਨਾ ਵਰਗੀ ਮੁਸੀਬਤ ਦੌਰਾਨ ਲੰਗਰ ਅਤੇ ਹੋਰਨਾਂ ਵਸੀਲਿਆਂ ਰਾਹੀਂ ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ ਦੇ ਮੱਦੇਨਜ਼ਰ ਦਿੱਲੀ ਕਮੇਟੀ ਅਤੇ ਸਿੱਖ ਭਾਈਚਾਰੇ ਦਾ ਧੰਨਵਾਦ ਕਰਨਾ ਸੀ।
ਡੀæਸੀæਪੀæ ਸਿੰਗਲ ਦਾ ਕਹਿਣਾ ਸੀ ਕਿ ਕੈਲੀਫੋਰਨੀਆ ‘ਚ ਵੀ ਪੁਲਿਸ ਵਲੋਂ ਅਜਿਹੇ ਤਰੀਕੇ ਨਾਲ ਹੌਸਲਾ ਅਫਜਾਈ ਕੀਤੀ ਗਈ ਸੀ, ਜਿਸ ਤੋਂ ਪ੍ਰੇਰਿਤ ਹੋ ਕੇ ਹੁਣ ਦਿੱਲੀ ਪੁਲਿਸ ਵਲੋਂ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ ਹੈ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦਿੱਲੀ ਕਮੇਟੀ ਅਹੁਦੇਦਾਰਾਂ ਨਾਲ ਲੰਗਰ ਹਾਲ ਜਾ ਕੇ ਕੁਝ ਦੇਰ ਲਈ ਸੇਵਾ ਵੀ ਕੀਤੀ। ਕਮੇਟੀ ਵਲੋਂ ਰੋਜ਼ਾਨਾ 1 ਲੱਖ ਤੋਂ ਵੱਧ ਲੋਕਾਂ ਲਈ ਲੰਗਰ ਤਿਆਰ ਕਰਕੇ ਲੋੜਵੰਦਾਂ ਤੱਕ ਭੇਜਿਆ ਜਾ ਰਿਹਾ ਹੈ। ਦੱਸ ਦਈਏ ਕਿ ਔਖੀ ਘੜੀ ਵੇਲੇ ਮਨੁੱਖੀ ਮਦਦ ਲਈ ਅੱਗੇ ਆਉਣ ਕਰਕੇ ਪੂਰੀ ਦੁਨੀਆਂ ਵਿਚ ਸਿੱਖ ਭਾਈਚਾਰੇ ਦੀ ਪ੍ਰਸੰਸਾ ਹੋ ਰਹੀ ਹੈ। ਪਿਛਲੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਭਾਈਚਾਰੇ ਦੀ ਸੇਵਾ ਭਾਵਨਾ ਦੀ ਤਰੀਫ ਕੀਤੀ ਸੀ।
ਅਮਰੀਕਾ ਅਧਾਰਿਤ ਮੁਨਾਫਾ ਰਹਿਤ ਸਿੱਖ ਸੰਗਠਨ ‘ਯੂਨਾਈਟਿਡ ਸਿੱਖਸ’ ਵਲੋਂ ਕਰੋਨਾ ਵਾਇਰਸ ਮਹਾਮਾਰੀ ਕਾਰਨ ਉਪਜੇ ਇਸ ਸੰਕਟ ਦੇ ਸਮੇਂ ਦੌਰਾਨ ਦੁਨੀਆਂ ਭਰ ਦੇ ਕਈ ਦੇਸ਼ਾਂ ਵਿਚ ਹੁਣ ਤੱਕ ਦਸ ਲੱਖ ਤੋਂ ਵੱਧ ਲੋਕਾਂ ਨੂੰ ਮੁਫਤ ਭੋਜਨ ਮੁਹੱਈਆ ਕਰਵਾਇਆ ਹੈ। ਸੰਗਠਨ ਨੇ ਭਾਰਤ, ਬਰਤਾਨੀਆ, ਮਲੇਸ਼ੀਆ, ਆਸਟਰੇਲੀਆ, ਅਮਰੀਕਾ ਤੇ ਕੈਨੇਡਾ ਸਣੇ ਹੋਰ ਦੇਸ਼ਾਂ ਵਿਚ ਦਸ ਲੱਖ ਤੋਂ ਵੱਧ ਲੋਕਾਂ ਨੂੰ ਮੁਫਤ ਭੋਜਨ ਮੁਹੱਈਆ ਕਰਵਾਇਆ ਹੈ। ਨਿਊ ਯਾਰਕ ਵਿਚ 30,000 ਲੋਕਾਂ ਲਈ ਭੋਜਨ ਤਿਆਰ ਕਰਨ ਤੇ ਉਸ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਲਈ ਨਿਊ ਯਾਰਕ ਦੇ ਐਮਰਜੈਂਸੀ ਪ੍ਰਬੰਧਨ ਦਫਤਰ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਵੱਡੇ ਗਿਣਤੀ ਸਿੱਖ ਸੰਗਠਨ ਦੁਨੀਆਂ ਭਰ ਵਿਚ ਸੇਵਾ ਵਿਚ ਜੁਟੇ ਹੋਏ ਹਨ।