ਕਰੋਨਾ: ਡਬਲਿਊ.ਐਚ.ਓ. ਤੇ ਆਲਮੀ ਭਾਈਵਾਲ ਇਕਜੁੱਟ

ਜਨੇਵਾ: ਵਿਸ਼ਵ ਸਿਹਤ ਸੰਸਥਾ (ਡਬਲਿਊ.ਐਚ.ਓ.) ਨੇ ਆਲਮੀ ਭਾਈਵਾਲਾਂ ਦੇ ਗਰੁੱਪ ਨਾਲ ਮਿਲ ਕੇ ਕੋਵਿਡ-19 ਲਈ ਲੋੜੀਂਦੀਆਂ ਨਵੀਆਂ ਤਕਨਾਲੋਜੀਆਂ ਵਿਕਸਤ ਕਰਨ ਦਾ ਫੈਸਲਾ ਲਿਆ ਹੈ। ਉਧਰ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਟੇਰੇਜ਼ ਨੇ ਕੋਵਿਡ-19 ਮਹਾਮਾਰੀ ਦਰਮਿਆਨ ਬਹੁ-ਪਰਤੀਵਾਦ (ਮਲਟੀਲੈਟਰਲਿਜ਼ਮ) ‘ਤੇ ਜ਼ੋਰ ਦਿੱਤਾ ਹੈ।

ਡਬਲਿਊ.ਐਚ.ਓ. ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨੌਮ ਗੈਬ੍ਰਿਸਸ ਅਤੇ ਹੋਰ ਆਲਮੀ ਆਗੂਆਂ ਨੇ ਵੀਡੀਓ ਕਾਨਫਰੰਸ ਰਾਹੀਂ ਹੋਈ ਬੈਠਕ ਦੌਰਾਨ ਕੋਵਿਡ-19 ਦੇ ਟਾਕਰੇ ਲਈ ਰਲ ਕੇ ਕੰਮ ਕਰਨ ਦੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਦਵਾਈਆਂ, ਇਲਾਜ ਅਤੇ ਹੋਰ ਸਾਮਾਨ ਦੀ ਬਰਾਬਰ ਵੰਡ ‘ਤੇ ਜ਼ੋਰ ਦਿੱਤਾ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਅਤੇ ਜਰਮਨ ਚਾਂਸਲਰ ਐਂਜਲਾ ਮਰਕਲ ਨੇ ਵੀ ਨਵੀਂ ਸਾਂਝ ਨੂੰ ਹਮਾਇਤ ਦਿੱਤੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਟੇਰੇਜ਼ ਨੇ ਕਿਹਾ ਕਿ ਵਾਇਰਸ ਦੀਆਂ ਦਵਾਈਆਂ ਅਤੇ ਇਲਾਜ ਦਾ ਪੂਰੀ ਦੁਨੀਆਂ ਨੂੰ ਅਧਿਕਾਰ ਮਿਲਣਾ ਚਾਹੀਦਾ ਹੈ ਅਤੇ ਇਹ ਸਿਰਫ ਇਕ ਮੁਲਕ ਜਾਂ ਖਿੱਤੇ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਹੈ। ਕੌਮਾਂਤਰੀ ਬਹੁ-ਪਰਤੀਵਾਦ ਦਿਵਸ ਮੌਕੇ ਗੁਟੇਰੇਜ਼ ਨੇ ਕਿਹਾ ਕਿ ਵਾਇਰਸ ਕਿਸੇ ਵੀ ਸਰਹੱਦ ਨੂੰ ਨਹੀਂ ਜਾਣਦਾ ਹੈ ਅਤੇ ਇਹ ਆਲਮੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਇਕ ਪਰਿਵਾਰ ਵਜੋਂ ਪੂਰੀ ਦੁਨੀਆਂ ਨੂੰ ਰਲ ਕੇ ਕਰੋਨਾ ਖਿਲਾਫ ਡਟਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਾਨਾਂ ਬਚਾਉਣ ਦੇ ਨਾਲ ਨਾਲ ਆਰਥਿਕ ਤੇ ਸਮਾਜਿਕ ਨਿਘਾਰ ਵਲ ਵੀ ਧਿਆਨ ਦੇਣ ਦੀ ਲੋੜ ਹੈ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਟੇਰੇਜ਼ ਨੇ ਯੂਰਪੀਅਨ ਯੂਨੀਅਨ ਦੇ ਆਗੂਆਂ ਨਾਲ ਸ਼ਾਮਲ ਹੁੰਦਿਆਂ ਸਾਰੇ ਦੇਸ਼ਾਂ ਦੇ ਨੇਤਾਵਾਂ ਦਾ ਕਰੋਨਾ ਮਹਾਮਾਰੀ ਦੇ ਮੁਕਾਬਲੇ ਲਈ ਇੱਕਜੁਟ ਹੋਣ ਦਾ ਸੱਦਾ ਦਿੱਤਾ। ਉਹ ਫਰਾਂਸ ਦੇ ਪ੍ਰਧਾਨ ਮੰਤਰੀ ਇਮੈਨੂਅਲ ਮੈਕਰੋਂ, ਵਿਸ਼ਵ ਸਿਹਤ ਸੰਸਥਾ ਦੇ ਮੁਖੀ ਟੈਡਰੋਸ ਅਧਾਨੋਮ ਗੈਬਰੀਆਸਸ, ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰੂਸਲਾ ਵੋਨ ਡਿਰ ਲੇਯੇਨ ਅਤੇ ਬਿੱਲ ਤੇ ਮਲਿੰਡਾ ਗੇਟਸ ਫਾਊਂਡੇਸ਼ਨ ਦੀ ਸਾਂਝੀ ਮੇਜ਼ਬਾਨੀ ਵਾਲੇ ਸਮਾਗਮ ‘ਚ ਬੋਲ ਰਹੇ ਸਨ। ਯੂ.ਐਨ. ਮੁਖੀ ਨੇ ਕਿਹਾ ਕਿ ਕਰੋਨਾ ਦੇ ਮੁਕਾਬਲੇ ਲਈ ਕੌਮੀ ਨੇਤਾਵਾਂ ਦਾ ਨਿੱਜੀ ਸੈਕਟਰ, ਮਨੁੱਖਤਾ ਸਬੰਧੀ ਸੰਗਠਨਾਂ ਅਤੇ ਹੋਰ ਸਹਿਯੋਗੀਆਂ ਨਾਲ ਇਕਜੁਟ ਹੋਣਾ ਜ਼ਰੂਰੀ ਹੈ।
_______________________________________
ਚੀਨ ਵਲੋਂ ਡਬਲਿਊ.ਐਚ.ਓ. ਨੂੰ ਤਿੰਨ ਕਰੋੜ ਡਾਲਰ ਦੀ ਗਰਾਂਟ
ਪੇਈਚਿੰਗ: ਚੀਨ ਨੇ ਕਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਵਿਸ਼ਵ ਸਿਹਤ ਸੰਸਥਾ (ਡਬਲਿਊ.ਐਚ.ਓ.) ਦੀ ਮਦਦ ਵਾਸਤੇ ਤਿੰਨ ਕਰੋੜ ਡਾਲਰ ਦੀ ਵਾਧੂ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਸ਼ਵ ਸਿਹਤ ਸੰਸਥਾ ਦੀ ਕਰੋਨਾ ਲਾਗ ਨਾਲ ਸਹੀ ਢੰਗ ਨਾਲ ਨਾ ਨਜਿੱਠੇ ਜਾਣ ਕਾਰਨ ਆਲੋਚਨਾ ਕਰਦਿਆਂ ਸੰਸਥਾ ਨੂੰ ਦਿੱਤੀ ਜਾਂਦੀ ਮਦਦ ‘ਤੇ ਰੋਕ ਲਾ ਦਿੱਤੀ ਸੀ। ਪੇਈਚਿੰਗ ਨੇ ਅਮਰੀਕਾ ਦੇ ਇਸ ਕਦਮ ਨੂੰ ਗੰਭੀਰਤਾ ਨਾਲ ਲੈਂਦਿਆਂ ਆਲਮੀ ਸਿਹਤ ਸੰਸਥਾ ਦੀ ਮਦਦ ਦਾ ਐਲਾਨ ਕੀਤਾ ਹੈ। ਇਹ ਐਲਾਨ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਗੇਂਗ ਸ਼ੁਆਂਗ ਵਲੋਂ ਕੀਤਾ ਗਿਆ। ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ ਵਾਲੇ ਚੀਨ ਵਲੋਂ ਡਬਲਿਊ.ਐਚ.ਓ. ਨੂੰ ਦੋ ਕਰੋੜ ਡਾਲਰ ਦੀ ਮਦਦ ਤੋਂ ਵੱਖਰੇ ਤੌਰ ਉਤੇ ਇਹ ਗਰਾਂਟ ਦਿੱਤੀ ਜਾਵੇਗੀ।
_________________________________________
ਕਰੋਨਾ ਦੀ ਦਵਾਈ ਲਈ ਅਜੇ ਉਡੀਕਣਾ ਪਵੇਗਾ
ਨਵੀਂ ਦਿੱਲੀ: ਜੇਕਰ ਮਨੁੱਖ ਉਤੇ ਕੀਤੇ ਗਏ ਪ੍ਰੀਖਣ ਸਫਲ ਰਹੇ ਤਾਂ ਅਕਤੂਬਰ ਤੱਕ ਕਰੋਨਾ ਵਾਇਰਸ ਦੀ ਵੈਕਸੀਨ ਬਾਜ਼ਾਰ ਵਿਚ ਆ ਸਕਦੀ ਹੈ। ਸਿਰਮ ਇੰਸਟੀਚਿਊਟ ਆਫ ਇੰਡੀਆ ਨੇ ਕਿਹਾ ਕਿ ਉਹ ਕਰੋਨਾ ਵਾਇਰਸ ਦੀ ਔਕਸਫੋਰਡ ਯੂਨੀਵਰਸਿਟੀ ਵੱਲੋਂ ਅਗਲੇ ਤਿੰਨ ਹਫਤਿਆਂ ਵਿਚ ਬਣਾਈ ਜਾਣ ਵਾਲੀ ਵੈਕਸੀਨ ਨੂੰ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ।
ਵੈਕਸੀਨ ਤਿਆਰ ਕਰਨ ਲਈ ਸੱਤ ਆਲਮੀ ਸੰਸਥਾਵਾਂ ਜੁਟੀਆਂ ਹੋਈਆਂ ਹਨ ਅਤੇ ਪੁਣੇ ਆਧਾਰਿਤ ਕੰਪਨੀ ਔਕਸਫੋਰਡ ਯੂਨੀਵਰਸਿਟੀ ਨਾਲ ਭਾਈਵਾਲੀ ਕਰਨ ਵਾਲਿਆਂ ਵਿਚੋਂ ਇਕ ਹੈ। ਸਿਰਮ ਇੰਸਟੀਚਿਊਟ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਕਿਹਾ, “ਸਾਡੀ ਟੀਮ ਔਕਸਫੋਰਡ ਯੂਨੀਵਰਸਿਟੀ ਦੇ ਡਾਕਟਰ ਹਿੱਲ ਨਾਲ ਕੰਮ ਕਰ ਰਹੀ ਹੈ ਅਤੇ ਸਾਨੂੰ ਆਸ ਹੈ ਕਿ 2-3 ਹਫਤਿਆਂ ਵਿਚ ਵੈਕਸੀਨ ਬਣਨੀ ਸ਼ੁਰੂ ਹੋ ਜਾਵੇਗੀ। ਪਹਿਲੇ ਛੇ ਮਹੀਨੇ 50 ਲੱਖ ਖੁਰਾਕ ਹਰ ਮਹੀਨੇ ਤਿਆਰ ਕੀਤੀ ਜਾਵੇਗੀ। ਇਸ ਮਗਰੋਂ ਸਾਨੂੰ ਹਰ ਮਹੀਨੇ ਉਤਪਾਦਨ ਵਧ ਕੇ ਇਕ ਕਰੋੜ ਖੁਰਾਕ ਹੋਣ ਦੀ ਆਸ ਹੈ।”
ਉਨ੍ਹਾਂ ਕਿਹਾ ਕਿ ਇੰਸਟੀਚਿਊਟ ਨੇ ਪਹਿਲਾਂ ਔਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲ ਮਿਲ ਕੇ ਮਲੇਰੀਆ ਦੀ ਦਵਾਈ ਦੇ ਪ੍ਰੋਜੈਕਟ ਉਤੇ ਕੰਮ ਕੀਤਾ ਸੀ ਅਤੇ ਆਖਿਆ ਜਾ ਸਕਦਾ ਹੈ ਕਿ ਉਹ ਬਿਹਤਰੀਨ ਵਿਗਿਆਨੀਆਂ ਵਿਚੋਂ ਇਕ ਹਨ। ਪੂਨਾਵਾਲਾ ਨੇ ਆਸ ਜਤਾਈ ਕਿ ਪ੍ਰੀਖਣ ਸਫਲ ਰਹਿਣ ‘ਤੇ ਕਰੋਨਾ ਵਾਇਰਸ ਦੀ ਵੈਕਸੀਨ ਸਤੰਬਰ-ਅਕਤੂਬਰ ਤੱਕ ਬਾਜ਼ਾਰ ‘ਚ ਆ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਵਿਚ ਪ੍ਰੀਖਣ ਅਗਲੇ ਦੋ-ਤਿੰਨ ਹਫਤਿਆਂ ‘ਚ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ। ਕੰਪਨੀ ਕਰੋਨਾ ਦੀ ਵੈਕਸੀਨ ਦਾ ਪੇਟੈਂਟ ਨਹੀਂ ਕਰਵਾਏਗੀ ਤੇ ਦੁਨੀਆਂ ਭਰ ‘ਚ ਕੋਈ ਵੀ ਇਸ ਨੂੰ ਤਿਆਰ ਕਰਕੇ ਵੇਚ ਸਕੇਗਾ।