ਆਫਤ ਦੀ ਘੜੀ ‘ਚ ਪੂਰੇ ਮੁਲਕ ਲਈ ਅੰਨਦਾਤਾ ਬਣਿਆ ਪੰਜਾਬ

ਚੰਡੀਗੜ੍ਹ: ਬੇਸ਼ੱਕ ਕੇਂਦਰ ਸਰਕਾਰ ਨੇ ਅੰਨਦਾਤੇ ਦੇ ਪਸੀਨੇ ਦੀ ਕਦੇ ਵੁੱਕਤ ਨਹੀਂ ਪਾਈ ਪਰ ਹੁਣ ਭੀੜ ਪੈਣ ਉਤੇ ਪੰਜਾਬ ਦੇ ਅਨਾਜ ਨੇ ਹੀ ਕੇਂਦਰ ਦੀ ਲਾਜ ਰੱਖੀ ਹੈ। ਕੌਮੀ ਆਫਤ ਦੀ ਘੜੀ ਵਿਚ ਪੰਜਾਬ ਪੂਰੇ ਮੁਲਕ ਲਈ ਅੰਨਦਾਤਾ ਬਣਿਆ ਹੈ। ਗਰੀਬ ਲੋਕਾਂ ਦਾ ਢਿੱਡ ਭਰਨ ਲਈ ਪੰਜਾਬ ਦੇ ਗੁਦਾਮਾਂ ਵਿਚੋਂ ਅਨਾਜ ਜਾਣ ਲੱਗਾ ਹੈ। ਲੱਖ ਦਿੱਕਤਾਂ ਦੇ ਬਾਵਜੂਦ ਤਾਲਾਬੰਦੀ ਪੰਜਾਬ ਲਈ ਧਰਵਾਸ ਵੀ ਬਣੀ ਹੈ। ਪੰਜਾਬ ਅੱਗੇ ਵੱਡਾ ਮਸਲਾ ਅਨਾਜ ਭੰਡਾਰਨ ਦਾ ਸੀ। ਹੁਣ ਜਦੋਂ ਪੰਜਾਬ ਦੇ ਗੁਦਾਮਾਂ ਖਾਲੀ ਹੋਣ ਲੱਗੇ ਹਨ ਤਾਂ ਸੂਬਾ ਸਰਕਾਰ ਨੇ ਰਾਹਤ ਮਹਿਸੂਸ ਕੀਤੀ ਹੈ।

ਤਾਲਾਬੰਦੀ ਮਗਰੋਂ ਤੇਜ਼ੀ ਨਾਲ ਪੰਜਾਬ ਦੇ ਗੁਦਾਮਾਂ ਵਿਚੋਂ ਉਚੀ ਦਰ ਨਾਲ ਅਨਾਜ ਦੂਸਰੇ ਰਾਜਾਂ ਵਿਚ ਗਿਆ ਹੈ। ਉਤਰ ਪ੍ਰਦੇਸ਼, ਬਿਹਾਰ, ਕਰਨਾਟਕਾ ਅਤੇ ਪੱਛਮੀ ਬੰਗਾਲ ਵਿਚ ਚੌਲਾਂ ਦੀ ਸਭ ਤੋਂ ਵੱਧ ਪਖਤ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ 810 ਮਿਲੀਅਨ ਗਰੀਬ ਲੋਕਾਂ ਨੂੰ ਤਿੰਨ ਮਹੀਨੇ ਲਈ ਬਿਲਕੁਲ ਮੁਫਤ ਰਾਸ਼ਨ ਦਿੱਤਾ ਜਾਣਾ ਹੈ। ਵੇਰਵਿਆਂ ਅਨੁਸਾਰ ਤਾਲਾਬੰਦੀ ਮਗਰੋਂ ਲੰਘੇ ਇਕ ਮਹੀਨੇ ਦੌਰਾਨ ਪੰਜਾਬ ਵਿਚੋਂ 20 ਲੱਖ ਮੀਟਰਿਕ ਟਨ ਅਨਾਜ ਦੂਸਰੇ ਰਾਜਾਂ ਨੂੰ 800 ਸਪੈਸ਼ਲਾਂ (ਰੇਲਵੇ) ਜ਼ਰੀਏ ਚਲਾ ਗਿਆ ਹੈ, ਜਿਸ ਵਿਚ 14.10 ਲੱਖ ਐਮ.ਟੀ. ਚੌਲ ਅਤੇ 5.90 ਲੱਖ ਕਣਕ ਸ਼ਾਮਲ ਹੈ। ਔਸਤਨ ਦੇਖੀਏ ਤਾਂ ਪੰਜਾਬ ਵਿਚੋਂ ਰੋਜ਼ਾਨਾ 25 ਸਪੈਸ਼ਲ ਟਰੇਨਾਂ ਵਿਚ ਅਨਾਜ ਮੁਲਕ ਭਰ ਵਿੱਚ ਜਾ ਰਿਹਾ ਹੈ।
ਪਿਛਲੇ ਵਰ੍ਹੇ ਦੀ ਔਸਤਨ ਵੇਖੀਏ ਤਾਂ ਪ੍ਰਤੀ ਮਹੀਨਾ ਪੌਣੇ ਪੰਜ ਸੌ ਸਪੈਸ਼ਲਾਂ (ਟਰੇਨਾਂ) ਜ਼ਰੀਏ ਹੀ ਅਨਾਜ ਭੇਜਿਆ ਗਿਆ ਜਦੋਂਕਿ 22 ਮਾਰਚ ਤੋਂ 23 ਅਪਰੈਲ 2020 ਦੇ ਇਕੋ ਮਹੀਨੇ ਵਿਚ 800 ਸਪੈਸ਼ਲਾਂ ਵਿਚ ਅਨਾਜ ਚਲਾ ਗਿਆ ਹੈ। ਇਥੋਂ ਤੱਕ ਕਿ ਜੋ ਮੰਡੀਆਂ ਵਿਚ ਹੁਣ ਕਣਕ ਆ ਰਹੀ ਹੈ, ਉਸ ਦੀਆਂ ਵੀ 10 ਸਪੈਸ਼ਲਾਂ ਲੋਡ ਹੋ ਕੇ ਚਲੀਆਂ ਗਈਆਂ ਹਨ। ਪੰਜਾਬ ਲਈ ਇਹ ਸੁਖਦ ਸੁਨੇਹਾ ਹੈ। ਉਂਜ, ਲੰਘੇ ਪੰਜ ਛੇ ਵਰ੍ਹਿਆਂ ਤੋਂ ਪੰਜਾਬ ਦੇ ਅਨਾਜ ਤੋਂ ਕੇਂਦਰ ਮੂੰਹ ਫੇਰਨ ਲੱਗਾ ਸੀ। ਤੱਥ ਬੋਲਦੇ ਹਨ ਕਿ ਪੰਜਾਬ ਵਿਚੋਂ ਸਾਲ 2014-15 ਵਿਚ ਅਨਾਜ ਦੇ ਭਰੇ 7370 ਰੇਲ ਰੈਕ ਦੂਸਰੇ ਸੂਬਿਆਂ ਵਿਚ ਗਏ ਸਨ। ਵਰ੍ਹਾ 2016-17 ‘ਚ 6952 ਰੈਕ (214.09 ਲੱਖ ਐਮ.ਟੀ), ਸਾਲ 2017-18 ‘ਚ 6095 ਰੈਕ (191.85 ਲੱਖ ਐਮ.ਟੀ) ਅਤੇ 2018-19 ਵਿਚ 5744 ਰੈਕ(179.38 ਲੱਖ ਐਮ.ਟੀ) ਪੰਜਾਬ ਵਿਚੋਂ ਦੂਸਰੇ ਰਾਜਾਂ ਵਿਚ ਗਏ ਸਨ।
ਪੰਜਾਬ ਵਿਚ ਇਸ ਵੇਲੇ ਹਰ ਤਰ੍ਹਾਂ ਦੇ 547 ਗੁਦਾਮ ਹਨ ਜਿਨ੍ਹਾਂ ਦੀ ਅਨਾਜ ਭੰਡਾਰਨ ਸਮਰੱਥਾ 234.24 ਲੱਖ ਮੀਟਰਿਕ ਟਨ ਦੀ ਹੈ। ਪੰਜਾਬ ਦੇ ਗੁਦਾਮਾਂ ਵਿਚ ਪਿਛਲੇ ਸਾਲਾਂ ਦਾ 102 ਲੱਖ ਐਮ.ਟੀ ਚੌਲ ਅਤੇ 75 ਲੱਖ ਐਮ.ਟੀ ਕਣਕ ਪਈ ਹੈ। ਐਤਕੀਂ ਕਣਕ ਦੀ ਨਵੀਂ ਫਸਲ 135 ਲੱਖ ਮੀਟਰਿਕ ਟਨ ਆਉਣ ਦਾ ਅਨੁਮਾਨ ਹੈ। ਭਾਵੇਂ ਚੌਲ ਮਿੱਲਾਂ ਵਿਚ ਕਣਕ ਭੰਡਾਰ ਕੀਤੀ ਜਾਣੀ ਹੈ ਪਰ ਖਾਲੀ ਹੋ ਰਹੇ ਗੁਦਾਮ ਪੰਜਾਬ ਲਈ ਠੁੰਮਣਾ ਜ਼ਰੂਰ ਬਣਨਗੇ। ਆਉਂਦੇ ਜੀਰੀ ਦੀ ਸੀਜ਼ਨ ਵਿਚ ਵੀ ਔਖ ਨਹੀਂ ਕੱਟਣੀ ਪਵੇਗੀ। ਪਿਛਲੇ ਵਰ੍ਹੇ ਪੰਜਾਬ ਵਿਚੋਂ ਅਨਾਜ ਦੀ 238.88 ਲੱਖ ਮੀਟਰਿਕ ਟਨ ਕੁੱਲ ਖਰੀਦ ਹੋਈ ਸੀ।
ਪੰਜਾਬ ਵਿਚ ਸਾਲ 2012-13 ਵਿਚ 85.58 ਲੱਖ ਮੀਟਰਿਕ ਟਨ ਜੀਰੀ ਦੀ ਖਰੀਦ ਹੋਈ ਸੀ ਜਦੋਂ ਕਿ ਸਾਲ 2019-20 ਵਿਚ 108.76 ਲੱਖ ਜੀਰੀ ਖਰੀਦ ਕੀਤੀ ਗਈ ਸੀ। ਇਵੇਂ ਹੀ ਪੰਜਾਬ ‘ਚੋਂ ਸਾਲ 2015-16 ਵਿਚ 103.44 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ ਜੋ ਕਿ ਲੰਘੇ ਸੀਜ਼ਨ ਵਿੱਚ ਵਧ ਕੇ 129.12 ਲੱਖ ਐਮ.ਟੀ. ਦੀ ਹੋ ਗਈ ਹੈ। ਦੱਸਣਯੋਗ ਹੈ ਕਿ ਦੂਸਰੇ ਸੂਬਿਆਂ ਵਿਚ ਕਣਕ ਦੀ ਪੈਦਾਵਾਰ ਵਧਣ ਮਗਰੋਂ ਪੰਜਾਬ ਦੀ ਕਣਕ ਦੀ ਵੁੱਕਤ ਘੱਟ ਗਈ ਸੀ। ਕੇਂਦਰ ਸਰਕਾਰ ਨੇ ਪੰਜਾਬ ਨੂੰ ਪੁਰਾਣਾ ਬਾਰਦਾਨਾ (ਇਕ ਵਾਰ ਵਰਤਿਆ) ਵਰਤਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਤਾਲਾਬੰਦੀ ਮਗਰੋਂ ਬਾਰਦਾਨੇ ਦੇ ਸੰਕਟ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕੇਂਦਰ ਤੋਂ ਇਹ ਪ੍ਰਵਾਨਗੀ ਮੰਗੀ ਸੀ। ਦੱਸਣਯੋਗ ਹੈ ਕਿ ਪੰਜਾਬ ਵਿਚ ਇਕ ਲੱਖ ਗੱਠ ਬਾਰਦਾਨਾ ਦੇਰੀ ਨਾਲ ਪੁੱਜੇਗਾ। ਇਸ ਲਈ ਪੁਰਾਣਾ ਬਾਰਦਾਨਾ ਵਰਤਿਆ ਜਾਵੇਗਾ।
ਖੇਤੀ ਵਿਭਾਗ ਪੰਜਾਬ ਦੇ ਸਕੱਤਰ ਕਾਹਨ ਸਿੰਘ ਪੰਨੂ ਆਖਦੇ ਹਨ ਕਿ ਅਨਾਜ ਤੇਜ਼ੀ ਨਾਲ ਮੂਵ ਹੋਣ ਕਰਕੇ ਰਾਜ ਦੇ ਗੁਦਾਮਾਂ ਵਿਚ ਨਵੀਂ ਫਸਲ ਲਈ ਜਗ੍ਹਾ ਬਣ ਜਾਵੇਗੀ ਅਤੇ ਰੋਜ਼ਾਨਾ ਅਨਾਜ ਦੂਸਰੇ ਸੂਬਿਆਂ ਵਿਚ ਜਾਣ ਲੱਗਾ ਹੈ ਜਦੋਂ ਕਿ ਪਿਛਲੇ ਵਰ੍ਹਿਆਂ ਵਿਚ ਮੂਵਮੈਂਟ ਘੱਟ ਹੋਈ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕਰਕੇ ਮੁਲਕ ‘ਤੇ ਬਣੇ ਸੰਕਟ ਦੌਰਾਨ ਪੰਜਾਬ ਦਾ ਅੰਨਦਾਤਾ ਹੀ ਕੰਮ ਆਇਆ ਹੈ। ਨਵੀਂ ਫਸਲ ਵੀ ਸਿੱਧੀ ਦੂਸਰੇ ਸੂਬਿਆਂ ਲਈ ਲੋਡ ਹੋਣ ਲੱਗੀ ਹੈ ਜਿਸ ਨਾਲ ਕਈ ਖਰਚੇ ਵੀ ਬਚਣਗੇ।