‘ਵੁਹਾਨ ਡਾਇਰੀ’ ਵਿਚ ਚੀਨ ਦੀਆਂ ਗਲਤੀਆਂ ਦਾ ਕੱਚਾ ਚਿੱਠਾ

ਨਵੀਂ ਦਿੱਲੀ: ਪਿਛਲੇ 5 ਮਹੀਨਿਆਂ ਦੌਰਾਨ ਕਰੋਨਾ ਵਾਇਰਸ ਨੂੰ ਲੈ ਕੇ ਚੀਨ ਵਲੋਂ ਕੀਤੀਆਂ ਗਲਤੀਆਂ ਦੀ ਸੂਚੀ ਕਾਫੀ ਲੰਬੀ ਹੋਣ ‘ਤੇ ਇਸ ਦਾ ਖੁਲਾਸਾ ‘ਵੁਹਾਨ ਡਾਇਰੀ’ ਜਰੀਏ ਕਰਨ ਵਾਲੀ ਲੇਖਿਕਾ ਨੂੰ ਹੁਣ ਚੀਨ ਵਿਚ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।

ਚੀਨ ਵਲੋਂ ਵਾਰ-ਵਾਰ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਕੋਈ ਲਾਪਰਵਾਹੀ ਨਾ ਵਰਤਣ ਦੇ ਕੀਤੇ ਜਾ ਰਹੇ ਦਾਅਵਿਆਂ ਦਰਮਿਆਨ ਚੀਨ ਦੀ ਨਾਮਵਰ ਲੇਖਿਕਾ ਫੇਂਗ ਫੇਂਗ (64) ਨੇ ਆਉਣ ਵਾਲੀ ਕਿਤਾਬ ‘ਵੁਹਾਨ ਡਾਇਰੀ’ ਜਰੀਏ ਚੀਨ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ। ਲੇਖਿਕਾ ਨੇ ਇਸ ਕਿਤਾਬ ‘ਚ ਖੁਲਾਸਾ ਕੀਤਾ ਹੈ ਕਿ ਦੁਨੀਆਂ ਭਰ ‘ਚ ਕਰੋਨਾ ਵਾਇਰਸ ਮਹਾਂਮਾਰੀ ਫੈਲਾਉਣ ਲਈ ਵੁਹਾਨ ਸ਼ਹਿਰ ਨਹੀਂ ਸਗੋਂ ਚੀਨ ਦੀ ਸਰਕਾਰ ਜ਼ਿੰਮੇਵਾਰ ਹੈ। ਵੁਹਾਨ ਡਾਇਰੀ ‘ਚ ਲੇਖਿਕਾ ਨੇ ਕਰੋਨਾ ਫੈਲਣ ਦੀ ਪੂਰੀ ਕਹਾਣੀ ਦਾ ਸਿਲਸਿਲੇਵਾਰ ਖੁਲਾਸਾ ਕੀਤਾ ਹੈ ਕਿ ਕਿਵੇਂ ਵੁਹਾਨ ‘ਚ 23 ਜਨਵਰੀ ਤੋਂ 8 ਅਪਰੈਲ ਤੱਕ ਸਖਤ ਤਾਲਾਬੰਦੀ ਦੌਰਾਨ ਹਸਪਤਾਲਾਂ ‘ਚ ਜਗ੍ਹਾ ਨਾ ਹੋਣ ਉਤੇ ਮਰੀਜ਼ਾਂ ਨੂੰ ਭਜਾ ਦਿੱਤਾ ਗਿਆ ਅਤੇ ਹਸਪਤਾਲਾਂ ‘ਚ ਮਾਸਕਾਂ ਤੇ ਉਪਕਰਣਾਂ ਦੀ ਕਮੀ ਅਤੇ ਇਕ-ਦੂਜੇ ਤੋਂ ਕਰੋਨਾ ਫੈਲਣ ਦੀ ਗੱਲ ਨੂੰ ਲੋਕਾਂ ਵਲੋਂ ਅਣਡਿੱਠ ਕੀਤੇ ਜਾਣ ਦਾ ਖੁਲਾਸਾ ਕੀਤਾ ਹੈ। ਵੁਹਾਨ ਡਾਇਰੀ ਨਾਂ ਦੀ ਇਹ ਕਿਤਾਬ ਜੂਨ ਤੱਕ ਬਾਜ਼ਾਰ ‘ਚ ਆ ਜਾਵੇਗੀ, ਜਿਸ ਨੂੰ ਅਮਰੀਕਾ ਦੀ ਪ੍ਰਕਾਸ਼ਨ ਕੰਪਨੀ ਹਾਰਪਰ ਕਾਲਿਨਸ ਵਲੋਂ ਛਾਪਿਆ ਜਾ ਰਿਹਾ ਹੈ।
___________________________________
ਕਰੋਨਾ ਵਾਇਰਸ ਪ੍ਰਯੋਗਸ਼ਾਲਾ ਵਿਚ ਬਣਿਆ
ਜਨੇਵਾ (ਸਵਿਟਜ਼ਰਲੈਂਡ): ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਦਾ ਕਹਿਣਾ ਹੈ ਕਿ ਵਰਤਮਾਨ ਤੱਕ ਦੇ ਸਾਰੇ ਉਪਲਬਧ ਤੱਥਾਂ ਤੋਂ ਪਤਾ ਚੱਲਦਾ ਹੈ ਕਿ ਕਰੋਨਾ ਇਕ ਕੁਦਰਤੀ ਵਾਇਰਸ ਹੈ ਤੇ ਇਸ ‘ਚ ਕਿਸੇ ਤਰ੍ਹਾਂ ਦੀ ਕੋਈ ਹੇਰਾਫੇਰੀ ਜਾਂ ਇਸ ਨੂੰ ਬਣਾਇਆ ਨਹੀਂ ਗਿਆ ਹੈ। ਡਬਲਿਊ.ਐਚ.ਓ. ਅਨੁਸਾਰ ਕਈ ਸਾਇੰਸਦਾਨ ਸਾਰਸ-ਸੀ.ਓ.ਵੀ.-2 ਦੀ ਜੀਨੇਟਿਕ ਵਿਸ਼ੇਸ਼ਤਾਵਾਂ ਨੂੰ ਦੇਖਣ ‘ਚ ਸਫਲ ਰਹੇ ਹਨ ਤੇ ਉਨ੍ਹਾਂ ਨੂੰ ਇਸ ਗੱਲ ਦੇ ਕੋਈ ਵੀ ਸਬੂਤ ਨਹੀਂ ਮਿਲੇ ਕਿ ਇਹ ਪ੍ਰਯੋਗਸ਼ਾਲਾ ‘ਚ ਬਣਾਇਆ ਵਾਇਰਸ ਹੋਵੇ। ਸੰਸਥਾ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਇਹ ਮਨੁੱਖ ਵੱਲੋਂ ਬਣਾਇਆ ਵਾਇਰਸ ਹੁੰਦਾ ਤਾਂ ਇਸ ਦਾ ‘ਜੀਨੇਟਿਕ ਸੀਕਵੈਂਸ’ ਜਾਣੂ ਤੱਤਾਂ ਦਾ ਮਿਸ਼ਰਣ ਹੁੰਦਾ ਪਰ ਅਜਿਹਾ ਨਹੀਂ ਹੈ।
_____________________________________
ਚੀਨ ਨੂੰ ਨਤੀਜੇ ਭੁਗਤਣੇ ਪੈਣਗੇ: ਪੌਂਪੀਓ
ਵਾਸ਼ਿੰਗਟਨ: ਦੁਨੀਆਂ ਭਰ ਵਿਚ ਕਰੋਨਾ ਦੀ ਬਿਮਾਰੀ ਫੈਲਾਉਣ ਦੇ ਦੋਸ਼ ਚੀਨ ‘ਤੇ ਮੜ੍ਹਦਿਆਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਚੀਨ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਚੀਨ ਨੇ ਇਸ ਬਿਮਾਰੀ ਨਾਲ ਨਿਪਟਣ ਦੇ ਆਪਣੇ ਤਜਰਬੇ ਦੁਨੀਆਂ ‘ਚ ਪਾਰਦਰਸ਼ੀ ਢੰਗ ਨਾਲ ਸਾਂਝੇ ਨਹੀਂ ਕੀਤੇ ਜਿਸ ਕਾਰਨ ਅਮਰੀਕਾ ਦੀ ਅਰਥਵਿਵਸਥਾ ਨੂੰ ਭਾਰੀ ਢਾਹ ਲੱਗੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਸੱਤਾਧਾਰੀ ਕਮਿਊਨਿਸਟ ਪਾਰਟੀ ਨੂੰ ਵੀ ਵੱਡੀ ਕੀਮਤ ਚੁਕਾਉਣੀ ਪਵੇਗੀ।