ਕਰੋਨਾ ਵਾਲੀ ਤਾਲਾਬੰਦੀ: ਮੱਧ ਵਰਗ ਤੇ ਮਜ਼ਦੂਰਾਂ ਉਤੇ ਸਭ ਤੋਂ ਵੱਧ ਮਾਰ

ਚੰਡੀਗੜ੍ਹ: ਤਾਲਾਬੰਦੀ ਨਾਲ ਜਿਥੇ ਅਰਥਚਾਰਾ ਲੀਹੋਂ ਲੱਥ ਗਿਆ ਹੈ ਉਥੇ ਇਸ ਦਾ ਭਾਰੀ ਖਮਿਆਜ਼ਾ ਹੇਠਲੇ ਮੱਧ-ਵਰਗ ਤੇ ਮਜ਼ਦੂਰਾਂ ਨੂੰ ਭੁਗਤਣਾ ਪੈ ਰਿਹਾ ਹੈ। ਮਜ਼ਦੂਰਾਂ ਦੇ ਨਾਲ-ਨਾਲ ਅਨਏਡਿਡ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ, ਡਾਟਾ ਐਂਟਰੀ ਅਪਰੇਟਰਾਂ, ਸੇਲਜ਼ਪਰਸਨ, ਰਿਸੈਪਸ਼ਨਿਸਟ, ਬਿਊਟੀਸ਼ੀਅਨ ਅਤੇ ਮੋਬਾਈਲ ਤੇ ਮੁਰੰਮਤ ਵਾਲੇ ਛੋਟੇ ਦੁਕਾਨਦਾਰਾਂ ਲਈ ਲੌਕਡਾਊਨ ਕਹਿਰ ਬਣ ਕੇ ਟੁੱਟਿਆ ਹੈ।

ਇਸ ਵਰਗ ਨੂੰ ਮੁਸ਼ਕਲ ਨਾਲ 5 ਹਜ਼ਾਰ ਤੋਂ 15 ਹਜ਼ਾਰ ਰੁਪਏ ਤਕ ਤਨਖਾਹ ਮਿਲਦੀ ਸੀ। ਉਨ੍ਹਾਂ ‘ਚੋਂ ਜ਼ਿਆਦਾਤਰ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਹਨ ਅਤੇ ਹੁਣ ਲੌਕਡਾਊਨ ਮਗਰੋਂ ਨੌਕਰੀ ਖੁੱਸਣ ਦਾ ਡਰ ਬਣ ਗਿਆ ਹੈ। ਮਾਹਿਰਾਂ ਮੁਤਾਬਕ ਹੇਠਲੇ ਮੱਧ ਵਰਗ ਵੱਲ ਸਰਕਾਰ ਵੀ ਕੋਈ ਧਿਆਨ ਨਹੀਂ ਦੇ ਰਹੀ ਹੈ ਜਿਸ ਕਾਰਨ ਉਨ੍ਹਾਂ ਦੀਆਂ ਮੁਸ਼ਕਲਾਂ ‘ਚ ਹੋਰ ਵਾਧਾ ਹੋ ਗਿਆ ਹੈ। ਗਰੀਬੀ ਰੇਖਾ ਤੋਂ ਹੇਠਾਂ ਵਾਲੇ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਸਹਾਇਤਾ ਜ਼ਰੂਰ ਮਿਲ ਰਹੀ ਹੈ।
ਕਰੋਨਾ ਵਾਇਰਸ ਕਰਕੇ ਪੰਜਾਬ ਵਿਚ ਕਰਫਿਊ ਨੂੰ ਇਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਕਾਰਖਾਨੇ ਬੰਦ ਹੋਣ ਕਾਰਨ ਮਜ਼ਦੂਰ ਬੇਰੁਜ਼ਗਾਰ ਹਨ। ਬਹੁਤ ਸਾਰੇ ਛੋਟੇ ਸਨਅਤਕਾਰਾਂ ਨੇ ਤਨਖਾਹਾਂ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਸਰਕਾਰ ਅਤੇ ਸਮਾਜ-ਸੇਵੀ ਜਥੇਬੰਦੀਆਂ ਨੇ ਕੁਝ ਸਮੇਂ ਲਈ ਸਹਾਇਤਾ ਵਜੋਂ ਮਜ਼ਦੂਰਾਂ ਨੂੰ ਰਾਸ਼ਨ ਜਾਂ ਲੰਗਰ ਦਾ ਪ੍ਰਬੰਧ ਕਰ ਦਿੱਤਾ ਪਰ ਇੰਨੇ ਲੰਮੇ ਲੌਕਡਾਊਨ/ਕਰਫਿਊ ਕਾਰਨ ਮਜ਼ਦੂਰਾਂ ਦਾ ਸਬਰ ਜਵਾਬ ਦੇਣਾ ਸ਼ੁਰੂ ਕਰ ਗਿਆ ਹੈ।
ਹੋਰਾਂ ਰਾਜਾਂ ਦੇ ਮੁਕਾਬਲੇ ਪੰਜਾਬ ਦੇ ਉਦਯੋਗਾਂ ਅਤੇ ਹੋਰ ਸੰਸਥਾਵਾਂ ਵਿਚ ਕੰਮ ਕਰਦੇ ਪਰਵਾਸੀ ਮਜ਼ਦੂਰ ਇਥੇ ਟਿਕੇ ਹੋਏ ਹਨ ਕਿਉਂਕਿ ਖਾਣ-ਪੀਣ ਅਤੇ ਰਾਸ਼ਨ ਦੀ ਸਮੱਸਿਆ ਦੂਸਰੇ ਸੂਬਿਆਂ ਦੇ ਮੁਕਾਬਲੇ ਘੱਟ ਹੈ। ਪਿਛਲੇ ਕੁਝ ਦਿਨਾਂ ਤੋਂ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਉਤੇ ਲੰਗਰ ਪਕਾ ਦੇ ਦੇਣ ਬਾਰੇ ਪਾਬੰਦੀ ਲਗਾ ਦਿੱਤੀ ਗਈ ਹੈ। ਸ਼ਹਿਰੀ ਮਜ਼ਦੂਰਾਂ ਕੋਲ ਬਚਾਏ ਗਏ ਮਾਮੂਲੀ ਪੈਸੇ ਵੀ ਖਰਚ ਹੋ ਗਏ ਹਨ। ਉਦਯੋਗ ਚੱਲਣ ਦੀ ਉਮੀਦ ਨਹੀਂ ਅਤੇ ਅਗਲੇ ਦਿਨ ਉਨ੍ਹਾਂ ਲਈ ਹੋਰ ਮੁਸ਼ਕਲ ਭਰੇ ਦਿਖਾਈ ਦੇ ਰਹੇ ਹਨ।
ਲੁਧਿਆਣਾ, ਪਟਿਆਲਾ ਅਤੇ ਹੋਰ ਕਈ ਥਾਵਾਂ ਉਤੇ ਮਜ਼ਦੂਰਾਂ ਨੇ ਸੜਕਾਂ ਉਤੇ ਆ ਕੇ ਜਾਂ ਆਪਣੇ ਮੁਹੱਲਿਆਂ ਵਿਚ ਥਾਲੀਆਂ ਖੜਕਾ ਕੇ ਰਾਸ਼ਨ ਦੀ ਮੰਗ ਕੀਤੀ ਹੈ। ਜਲੰਧਰ ਦੇ ਫੋਕਲ ਪੁਆਇੰਟ ਦੇ ਉਦਯੋਗਾਂ ਵਿਚ ਲੱਗੇ ਸੌ ਦੇ ਕਰੀਬ ਮਜ਼ਦੂਰਾਂ ਨੇ ਸੜਕ ਜਾਮ ਕਰ ਕੇ ਉਨ੍ਹਾਂ ਨੂੰ ਆਪੋ-ਆਪਣੇ ਸੂਬਿਆਂ ਤੱਕ ਪਹੁੰਚਾਉਣ ਲਈ ਕਿਹਾ ਹੈ। ਖੁਰਾਕ ਨਾਲ ਸਬੰਧਿਤ ਮਾਹਿਰਾਂ ਮੁਤਾਬਕ ਭਾਵੇਂ ਅਨਾਜ ਭੰਡਾਰ ਭਰੇ ਪਏ ਹਨ, ਫਿਰ ਵੀ ਭੁੱਖਮਰੀ ਵਧਣ ਦਾ ਖਤਰਾ ਹੈ। ਭਾਰਤ ਦੇ ਰਾਖਵੇਂ ਅਨਾਜ ਭੰਡਾਰ ‘ਚ 7 ਕਰੋੜ ਟਨ ਕਣਕ ਤੇ ਚੌਲ ਪਏ ਹਨ। ਹਾੜ੍ਹੀ ਦਾ ਨਵਾਂ ਸੀਜ਼ਨ ਚੱਲ ਰਿਹਾ ਹੈ।
ਕਨਫੈਡਰੇਸ਼ਨ ਆਫ ਵਾਲੰਟਰੀ ਐਸੋਸੀਏਸ਼ਨਜ਼ ਦੇ ਕਾਰਜਕਾਰੀ ਨਿਰਦੇਸ਼ਕ ਮਜ਼ਹਰ ਹੁਸੈਨ ਨੇ ਕਿਹਾ ਕਿ ਹੇਠਲਾ ਮੱਧ ਵਰਗ ਆਪਣੀ ਇੱਜ਼ਤ ਕਰ ਕੇ ਹੱਥ ਫੈਲਾਉਣ ਤੋਂ ਘਬਰਾਉਂਦਾ ਹੈ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦਾ ਹਰ ਜੀਅ ਕਮਾਉਂਦਾ ਹੈ ਪਰ ਹੇਠਲੇ ਮੱਧ ਵਰਗ ‘ਚ ਅਜਿਹਾ ਨਹੀਂ ਹੈ ਜਿਸ ਕਾਰਨ ਹੁਣ ਹੱਥ ਵਿਚ ਧੇਲਾ ਨਾ ਹੋਣ ਕਾਰਨ ਉਹ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਹੈ।
_________________________________________
ਕਰੋਨਾ ਖਿਲਾਫ ਜੰਗ ‘ਚ ਟੈਸਟਿੰਗ ਅਹਿਮ: ਡਾ. ਮਨਮੋਹਨ ਸਿੰਘ
ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਟੈਸਟਿੰਗ ਦੀ ਜ਼ਿਆਦਾ ਤੋਂ ਜ਼ਿਆਦਾ ਸਹੂਲਤ ਦਿੱਤੇ ਬਿਨਾਂ ਮੁਲਕ ਕਰੋਨਾ ਵਾਇਰਸ ਦੀ ਚੁਣੌਤੀ ਉਤੇ ਫਤਿਹ ਨਹੀਂ ਪਾ ਸਕਦਾ ਹੈ।
ਕਾਂਗਰਸ ਵੱਲੋਂ ਜਾਰੀ ਵੀਡੀਓ ‘ਚ ਉਨ੍ਹਾਂ ਕਿਹਾ ਹੈ ਕਿ ਟੈਸਟਿੰਗ ਅਤੇ ਟਰੇਸਿੰਗ ਬਿਮਾਰੀ ਨਾਲ ਲੜਨ ‘ਚ ਅਹਿਮ ਹਨ। ਪਰਵਾਸੀ ਮਜ਼ਦੂਰਾਂ ਦੀ ਹਿਜਰਤ ਦੋ ਸੂਬਿਆਂ ਉਤੇ ਨਿਰਭਰ ਕਰਦੀ ਹੈ ਅਤੇ ਉਨ੍ਹਾਂ ਨੂੰ ਇਸ ਦਾ ਹੱਲ ਕੱਢਣਾ ਚਾਹੀਦਾ ਹੈ। ਇਸੇ ਦੌਰਾਨ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਸੁਝਾਅ ਦਿੱਤਾ ਕਿ ਪਰਵਾਸੀ ਮਜ਼ਦੂਰ ਜਿਹੜੇ ਸੂਬੇ ਦੇ ਮੂਲ ਵਾਸੀ ਹਨ, ਉਹ ਹੀ ਉਨ੍ਹਾਂ ਨੂੰ ਦੂਜੇ ਸੂਬਿਆਂ ਤੋਂ ਲਿਆਉਣ ਦੇ ਰਾਹ ਲੱਭਣ।
ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸਰਕਾਰ ਦੀ ਪਹਿਲੀ ਵਿੱਤੀ ਕਾਰਜ ਯੋਜਨਾ ਠੁੱਸ ਹੋ ਗਈ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਕਰੋਨਾ ਦੇ ਇਕ ਲੱਖ ਟੈਸਟ ਕਰਨ ਦੀ ਲੋੜ ਹੈ। ਪਾਰਟੀ ਤਰਜਮਾਨ ਮਨੀਸ਼ ਤਿਵਾੜੀ ਨੇ ਕਿਹਾ ਕਿ ਕਾਂਗਰਸ ਨੂੰ ਇਕੱਠਿਆਂ ਮਿਲ ਕੇ ਲੌਕਡਾਊਨ ਤੋਂ ਪੈਦਾ ਹੋਏ ਮਸਲਿਆਂ ਨਾਲ ਨਜਿੱਠਣ ਲਈ ਸੁਝਾਅ ਦੇਣੇ ਚਾਹੀਦੇ ਹਨ। ਕਾਂਗਰਸ ਨੇ ਇਹ ਵੀ ਕਿਹਾ ਕਿ ਮੁਸ਼ਕਲਾਂ ਦਾ ਹੱਲ ਵਾਰਤਾ ਅਤੇ ਵਿਚਾਰ-ਵਟਾਂਦਰੇ ਨਾਲ ਲੱਭਿਆ ਜਾ ਸਕਦਾ ਹੈ। ਉਧਰ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਆਗਰਾ ਦੇ ਮੇਅਰ ਵੱਲੋਂ ਲਿਖੇ ਗਏ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਅਤੇ ਸ਼ਹਿਰ ਨੂੰ ਬਚਾਉਣ ਲਈ ਸਖਤ ਫੈਸਲੇ ਲੈਣੇ ਪੈਣਗੇ।