ਹਵਾਈ ਕੰਪਨੀਆਂ ਨੂੰ 1122 ਕਰੋੜ ਡਾਲਰ ਦਾ ਨੁਕਸਾਨ, ਲੱਖ ਬੇਰੁਜ਼ਗਾਰ

ਨਵੀਂ ਦਿੱਲੀ: ਕਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਈਆਂ ਪਾਬੰਦੀਆਂ ਕਾਰਨ ਇਸ ਸਾਲ ਭਾਰਤੀ ਏਅਰਲਾਈਨਜ਼ ਕੰਪਨੀਆਂ ਨੂੰ 1122 ਕਰੋੜ ਡਾਲਰ ਦਾ ਮਾਲੀਆ ਨੁਕਸਾਨ ਹੋਵੇਗਾ ਅਤੇ 29 ਲੱਖ ਤੋਂ ਵੱਧ ਲੋਕ ਬੇਰੁਜ਼ਗਾਰ ਹੋਣਗੇ। ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਏ.ਆਈ.ਟੀ.ਏ.) ਵਲੋਂ ਜਾਰੀ ਰਿਪੋਰਟ ਅਨੁਸਾਰ ਜੇ ਯਾਤਰੀਆਂ ਦੀ ਹਵਾਈ ਸੇਵਾ ‘ਤੇ ਸਖਤ ਪਾਬੰਦੀਆਂ ਤਿੰਨ ਮਹੀਨਿਆਂ ਲਈ ਜਾਰੀ ਰਹੀਆਂ ਤਾਂ ਸਾਲ 2019 ਦੇ ਮੁਕਾਬਲੇ ਇਸ ਸਾਲ ਦੇਸ਼ ‘ਚ ਯਾਤਰੀਆਂ ਦੀ ਗਿਣਤੀ ਵਿਚ 8.98 ਕਰੋੜ ਭਾਵ 47 ਫੀਸਦੀ ਗਿਰਾਵਟ ਆਵੇਗੀ।

ਇਸ ਨਾਲ ਕੰਪਨੀਆਂ ਨੂੰ 1,122.1 ਕਰੋੜ ਡਾਲਰ ਦਾ ਮਾਲੀਆ ਨੁਕਸਾਨ ਹੋਵੇਗਾ ਤੇ ਨਾਲ ਹੀ 29,32,900 ਲੋਕਾਂ ਦੀ ਰੋਜ਼ੀ-ਰੋਟੀ ਖਤਮ ਹੋ ਜਾਵੇਗੀ। ਏਸ਼ੀਆ-ਪ੍ਰਸ਼ਾਂਤ ਖੇਤਰ ਲਈ ਜਾਰੀ ਕੀਤੀ ਗਈ ਰਿਪੋਰਟ ‘ਚ ਭਾਰਤ ਵਿਚ ਵੱਧ ਤੋਂ ਵੱਧ ਨੌਕਰੀਆਂ ਜਾਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਦਕਿ ਮਾਲੀਆ ਘਾਟੇ ਦੇ ਮਾਮਲੇ ‘ਚ ਜਾਪਾਨ ਤੇ ਆਸਟਰੇਲੀਆ ਤੋਂ ਬਾਅਦ ਭਾਰਤ ਤੀਜੇ ਨੰਬਰ ਉਤੇ ਰਹੇਗਾ। ਏਅਰਲਾਈਨਜ਼ ਦੀ ਕਮਾਈ ‘ਚ ਜਾਪਾਨ ਵਿਚ 2200 ਕਰੋੜ ਡਾਲਰ ਅਤੇ ਆਸਟਰੇਲੀਆ ‘ਚ 1400 ਕਰੋੜ ਡਾਲਰ ਤੋਂ ਵੱਧ ਦੀ ਗਿਰਾਵਟ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਏਸ਼ੀਆ-ਪ੍ਰਸ਼ਾਂਤ ਖੇਤਰ ਲਈ ਏ.ਆਈ.ਟੀ.ਏ. ਦੇ ਉਪ ਪ੍ਰਧਾਨ ਕੋਨਾਰਡ ਕਲਿਫੋਰਡ ਨੇ ਕਿਹਾ ਕਿ ਪਿਛਲੀ ਰਿਪੋਰਟ ਤੋਂ ਬਾਅਦ ਹੁਣ ਹਾਲਾਤ ਹੋਰ ਵਿਗੜ ਗਏ ਹਨ ਅਤੇ ਜੇ ਸਰਕਾਰਾਂ ਮਦਦ ਨਹੀਂ ਕਰਦੀਆਂ ਤਾਂ ਬਹੁਤ ਸਾਰੀਆਂ ਏਅਰਲਾਈਨਾਂ ਬੰਦ ਹੋ ਸਕਦੀਆਂ ਹਨ।
ਉਧਰ, ਆਰ.ਬੀ.ਆਈ. ਦੇ ਸਾਬਕਾ ਗਵਰਨਰ ਡੀ. ਸੁੱਬਾਰਾਓ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਕੀਤੇ ਗਏ ਲੌਕਡਾਊਨ ਕਾਰਨ ਲੱਖਾਂ ਭਾਰਤੀਆਂ ਦੀ ਜ਼ਿੰਦਗੀ ਹਾਸ਼ੀਏ ਉਤੇ ਜਾ ਸਕਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕੋਵਿਡ-19 ਦਾ ਸੰਕਟ ਇਕ ਵਾਰ ਖਤਮ ਹੋਣ ਤੋਂ ਬਾਅਦ ਭਾਰਤ ਦੇ ਅਰਥਚਾਰੇ ਵਲੋਂ ਦੁਨੀਆਂ ਦੇ ਕਈ ਅਰਥਚਾਰਿਆਂ ਨਾਲੋਂ ਤੇਜ਼ੀ ਨਾਲ ਉਭਰਨ ਦੀ ਆਸ ਹੈ। ਉਨ੍ਹਾਂ ਕਿਹਾ, ‘ਬਹੁਤ ਸਾਰੇ ਮਾਹਿਰਾਂ ਦਾ ਮੰਨਣਾ ਸੀ ਕਿ ਇਸ ਸਾਲ ਭਾਰਤ ਦੀ ਵਿਕਾਸ ਦਰ ਬਹੁਤ ਘੱਟ ਰਹੇਗੀ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕਰੋਨਾ ਸੰਕਟ ਤੋਂ ਦੋ ਮਹੀਨੇ ਪਹਿਲਾਂ ਵੀ ਸਾਡੀ ਵਿਕਾਸ ਦਰ ਬਹੁਤ ਸੁਸਤ ਸੀ। ਇਹ ਸੱਚ ਹੈ ਕਿ ਭਾਰਤ ਦੀ ਸਥਿਤੀ ਇਸ ਸਮੇਂ ਕਈ ਮੁਲਕਾਂ ਮੁਕਾਬਲੇ ਬਿਹਤਰ ਹੈ ਪਰ ਸਾਡਾ ਮੁਲਕ ਬਹੁਤ ਗਰੀਬ ਹੈ ਅਤੇ ਜੇਕਰ ਇਹ ਸੰਕਟ ਲੰਮਾ ਸਮਾਂ ਰਹਿੰਦਾ ਹੈ ਤਾਂ ਸੰਭਵ ਹੈ ਕਿ ਲੱਖਾਂ ਲੋਕਾਂ ਦੀ ਜ਼ਿੰਦਗੀ ਹਾਸ਼ੀਏ ਉਤੇ ਚਲੀ ਜਾਵੇ।’ ਸੁੱਬਾਰਾਓ ਨੇ ਕਿਹਾ, ‘ਜਿਵੇਂ ਕਿ ਮਾਹਿਰ ਕਹਿ ਰਹੇ ਹਨ ਕਿ ਭਾਰਤ ਦੀ ਆਰਥਿਕਤਾ ਬਹੁਤ ਨਿਘਾਰ ‘ਚ ਜਾ ਕੇ ਸਿਖਰ ਵਲ ਜਾਵੇਗੀ ਤਾਂ ਭਾਰਤ ਕੋਲ ਬਹੁਤ ਸਾਰੇ ਮੁਲਕਾਂ ਮੁਕਾਬਲੇ ਹਾਲਾਤ ਸੁਧਾਰਨ ਦਾ ਚੰਗਾ ਮੌਕਾ ਹੈ।’
_________________________________
ਅਮਰੀਕਾ ਵਿਚ ਬੇਰੁਜ਼ਗਾਰੀ ਦਰ ਸਭ ਤੋਂ ਵੱਧ
ਨਿਊ ਯਾਰਕ: ਅਮਰੀਕਾ ਵਿਚ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਬੇਰੁਜ਼ਗਾਰੀ ਦਰ 1930 ਦੀ ਮਹਾਮੰਦੀ ਮਗਰੋਂ ਸਭ ਤੋਂ ਵੱਧ ਹੋ ਗਈ ਹੈ ਤੇ ਕਰੋਨਾ ਵਾਇਰਸ ਕਾਰਨ ਹਰ ਛੇ ਵਿਚੋਂ ਇਕ ਅਮਰੀਕੀ ਕਾਮੇ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਡੂੰਘੇ ਹੁੰਦੇ ਆਰਥਿਕ ਸੰਕਟ ਦਾ ਮੁਕਾਬਲਾ ਕਰਨ ਲਈ ਅਮਰੀਕੀ ਸੰਸਦ ਨੇ 500 ਅਰਬ ਡਾਲਰ ਦੇ ਪੈਕੇਜ ਨੂੰ ਮਨਜ਼ੂਰੀ ਦਿੱਤੀ ਹੈ। ਸਰਕਾਰ ਨੇ ਦੱਸਿਆ ਕਿ ਪਿਛਲੇ ਹਫਤੇ 44 ਲੱਖ ਤੋਂ ਵੱਧ ਲੋਕਾਂ ਨੇ ਬੇਰੁਜ਼ਗਾਰੀ ਭੱਤੇ ਲਈ ਅਰਜ਼ੀਆਂ ਦਿੱਤੀਆਂ ਹਨ। ਇਸ ਦੇ ਨਾਲ ਹੀ ਪਿਛਲੇ ਪੰਜ ਹਫਤਿਆਂ ਵਿਚ ਕਰੀਬ 2. 2.6 ਕਰੋੜ ਲੋਕ ਬੇਰੁਜ਼ਗਾਰ ਹੋਏ ਹਨ। ਅਮਰੀਕਾ ਲਈ ਮਾੜੀ ਖਬਰ ਇਹ ਵੀ ਹੈ ਕਿ ਅਜਿਹੇ ਸਬੂਤ ਵੀ ਮਿਲੇ ਹਨ ਕਿ ਨਿਊ ਯਾਰਕ ਸੂਬੇ ਵਿਚ 27 ਲੱਖ ਲੋਕਾਂ ਨੂੰ ਕਰੋਨਾ ਹੈ।
_____________________________
ਦੁਨੀਆਂ ‘ਚ ਅਕਾਲ ਪੈਣ ਦਾ ਖਤਰਾ: ਸੰਯੁਕਤ ਰਾਸ਼ਟਰ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਖੁਰਾਕ ਰਾਹਤ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆਂ ਵਿਚ ‘ਭੁੱਖਮਰੀ’ ਫੈਲਣ ਦਾ ਖਤਰਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁਲਕਾਂ ਨੇ ਕੋਵਿਡ-19 ਕਾਰਨ ਫੰਡਾਂ ਦੀ ਘਾਟ ਅਤੇ ਵਪਾਰ ਦੇ ਅੜਿੱਕਿਆਂ ਨੂੰ ਦੂਰ ਨਾ ਕੀਤਾ ਤਾਂ ਕੁਝ ਮਹੀਨਿਆਂ ‘ਚ ਹੀ ਕਈ ਅਕਾਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਸ਼ਵ ਫੂਡ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਡੇਵਿਡ ਬੀਸਲੇਅ ਨੇ ਸਲਾਮਤੀ ਪ੍ਰੀਸ਼ਦ ਦੇ ਇਜਲਾਸ ਦੌਰਾਨ ਇਹ ਚਿਤਾਵਨੀ ਦਿੰਦਿਆਂ ਕਿਹਾ ਕਿ ਅਜੇ ਭਾਵੇਂ ਅਕਾਲ ਨਹੀਂ ਹਨ ਪਰ ਜੇਕਰ ਮੁਲਕਾਂ ਨੇ ਹੁਣੇ ਹੀ ਕਦਮ ਨਾ ਉਠਾਏ ਤਾਂ ਕੁਝ ਮਹੀਨਿਆਂ ਦੇ ਅੰਦਰ ਹੀ ਕਈ ਅਕਾਲ ਪੈਣਗੇ।