ਕਰੋਨਾ ਖਿਲਾਫ ਜੰਗ ਲਈ ਸਿਰੜ ਤੇ ਸੰਜੀਦਗੀ ਦੀ ਲੋੜ

-ਜਤਿੰਦਰ ਪਨੂੰ
ਸੰਸਾਰ ਇੱਕ ਬਹੁਤ ਵੱਡੀ ਮੁਸੀਬਤ ਦੇ ਮੂੰਹ ਆਇਆ ਪਿਆ ਹੈ। ਇਹ ਮੁਸੀਬਤ ਕਾਬੂ ਵਿਚ ਆਉਣ ਦੀ ਥਾਂ ਹਰ ਨਵੇਂ ਦਿਨ ਨਾਲ ਵਧਦੀ ਜਾਂਦੀ ਜਾਪਦੀ ਹੈ। ਜੰਗਾਂ ਵਿਰੁੱਧ ਸਾਂਝੇ ਮੋਰਚੇ ਬਣਾਏ ਤਾਂ ਇਤਿਹਾਸ ਵਿਚੋਂ ਮਿਲ ਜਾਂਦੇ ਹਨ, ਪਰ ਇਸ ਵਾਰੀ ਇੱਕ ਅਣਦਿੱਸਦੇ ਦੁਸ਼ਮਣ ਕਰੋਨਾ ਵਾਇਰਸ ਨਾਲ ਜੰਗ ਲੜਨ ਲਈ ਸਾਂਝਾ ਮੋਰਚਾ ਨਹੀਂ ਬਣ ਸਕਿਆ ਤੇ ਦੇਸ਼ਾਂ ਦੀਆਂ ਸਰਕਾਰਾਂ ਆਪੋ-ਆਪਣੇ ਘੋੜੇ ਭਜਾਈ ਫਿਰਦੀਆਂ ਹਨ। ਦੁਨੀਆਂ ਦੀ ਇਕਲੌਤੀ ਮਹਾਸ਼ਕਤੀ ਹੋਣ ਦੇ ਭਰਮ ਵਿਚ ਫਸਿਆ ਅਮਰੀਕਾ ਇੱਕ ਅੱਥਰੇ ਸੁਭਾਅ ਵਾਲੇ ਰਾਸ਼ਟਰਪਤੀ ਦੀ ਅਗਵਾਈ ਹੇਠ ਦੁਨੀਆਂ ਵਿਚ ਕਰੋਨਾ ਦੀ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ। ਨਿਊ ਯਾਰਕ ਸਟੇਟ ਵਿਚ ਹੀ ਮੌਤਾਂ ਦੀ ਲੜੀ ਟੁੱਟਣ ਵਿਚ ਨਹੀਂ ਆ ਰਹੀ। ਸੰਸਾਰ ਭਰ ਦੇ ਲੋਕ ਅਮਰੀਕਾ ਵੱਲ ਵੇਖ ਰਹੇ ਹਨ, ਪਰ ਉਸ ਨਾਲ ਜੰਗਾਂ ਲੜਨ ਲਈ ਕਦੀ ਇਰਾਕ ਅਤੇ ਕਦੀ ਅਫਗਾਨਿਸਤਾਨ ਨੂੰ ਫੌਜਾਂ ਭੇਜਣ ਵਾਲੇ ਦੇਸ਼ ਵੀ ਇਸ ਵਕਤ ਉਸ ਵੱਲ ਵੇਖੇ ਬਿਨਾ ਆਪੋ-ਆਪਣੀ ਥਾਂ ਬਿਮਾਰੀ ਨਾਲ ਜੂਝ ਰਹੇ ਹਨ।

ਬਿਮਾਰੀ ਦਾ ਪਹਿਲਾ ਵੱਡਾ ਪ੍ਰਗਟਾਵਾ ਚੀਨ ਵਿਚ ਪਿਛਲੇ ਦਸੰਬਰ ਵਿਚ ਹੋਇਆ ਸੀ। ਉਦੋਂ ਦੁਨੀਆਂ ਦੇ ਕਿਸੇ ਵੀ ਦੇਸ਼ ਨੇ ਇਹ ਨਹੀਂ ਸੀ ਸੋਚਿਆ ਕਿ ਮੁਸੀਬਤ ਉਨ੍ਹਾਂ ਦੇ ਘਰ ਤੱਕ ਵੀ ਆ ਸਕਦੀ ਹੈ। ਫਿਰ ਜਦੋਂ ਇਹ ਉਨ੍ਹਾਂ ਦੇਸ਼ਾਂ ਵੱਲ ਨੂੰ ਆਉਣੀ ਸ਼ੁਰੂ ਹੋਈ ਤਾਂ ਇੱਕਦਮ ਵੱਜੀ ਸੱਟ ਨਾਲ ਉਥੋਂ ਦੀਆਂ ਸਰਕਾਰਾਂ ਦੇ ਥੰਮ੍ਹ ਥਿੜਕ ਗਏ। ਸੰਸਾਰ ਦੇ ਅਗਵਾਨੂੰ ਦੇਸ਼ ਅਖਵਾਉਣ ਵਾਲਿਆਂ ਵਿਚ ਜਦੋਂ ਬਿਮਾਰੀ ਪਹੁੰਚੀ ਤੇ ਪਹੁੰਚਦੇ ਸਾਰ ਸੱਥਰ ਵਿਛਾਉਣ ਲੱਗ ਪਈ ਤਾਂ ਉਥੋਂ ਦੀਆਂ ਸਰਕਾਰਾਂ ਨੇ ਆਪਣਾ ਘਰ ਸਾਂਭਣ ਦੀ ਥਾਂ ਇੱਕ ਨਵਾਂ ਕੂਟਨੀਤਕ ਮੋਰਚਾ ਖੋਲ੍ਹ ਲਿਆ ਕਿ ਚੀਨ ਨੇ ਸਾਨੂੰ ਇਸ ਬਾਰੇ ਵੇਲੇ ਸਿਰ ਨਹੀਂ ਦੱਸਿਆ। ਇਹ ਗੱਲ ਮੰਨੀ ਜਾਣ ਵਿਚ ਕਿਸੇ ਨੂੰ ਇਤਰਾਜ਼ ਨਾ ਵੀ ਹੋਵੇ ਕਿ ਚੀਨ ਨੇ ਵੇਲੇ ਸਿਰ ਸੰਸਾਰ ਭਰ ਵਿਚ ਡੌਂਡੀ ਨਹੀਂ ਪਿੱਟੀ, ਫਿਰ ਵੀ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਚੀਨ ਦੇ ਹਾਲਾਤ ਵੇਖ ਕੇ ਜਿਨ੍ਹਾਂ ਦੇਸ਼ਾਂ ਨੂੰ ਆਪਣੇ ਘਰ ਵਿਚ ਅਗੇਤੇ ਬਚਾਓ ਦੇ ਪ੍ਰਬੰਧ ਕਰ ਲੈਣੇ ਚਾਹੀਦੇ ਸਨ, ਉਨ੍ਹਾਂ ਨੇ ਏਦਾਂ ਦਾ ਕੁਝ ਕੀਤਾ ਹੀ ਨਹੀਂ। ਅਜੋਕੇ ਹਾਲ ਵਿਚ ਉਹ ਚੀਨ ਦੇ ਖਿਲਾਫ ਜੋ ਮਰਜ਼ੀ ਕਹਿ ਲੈਣ, ਆਪਣੇ ਲੋਕਾਂ ਵੱਲੋਂ ਪੁੱਛੇ ਜਾਂਦੇ ਸਵਾਲਾਂ ਤੇ ਮੁੱਦਿਆਂ ਦਾ ਵੀ ਕੋਈ ਜਵਾਬ ਤਾਂ ਦੇਣ! ਇਸ ਦੀ ਉਹ ਲੋੜ ਹੀ ਨਹੀਂ ਸਮਝਦੇ।
ਉਲਟਾ ਇਹ ਹੈ ਕਿ ਅਮਰੀਕਾ ਦੀ ਨੈਸ਼ਨਲ ਇੰਸਟੀਚਿਊਟ ਆਫ ਅਲਰਜੀ ਦੇ ਡਾਇਰੈਕਟਰ ਡਾ. ਐਂਥਨੀ ਫਾਊਸੀ ਤੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੇ ਡਾਇਰੈਕਟਰ ਡਾ. ਰੈੱਡਫੀਲਡ ਨੇ ਕੁਝ ਕਿਹਾ ਤਾਂ ਉਨ੍ਹਾਂ ਨੂੰ ਜਨਤਕ ਤੌਰ ‘ਤੇ ਭੰਡਿਆ ਗਿਆ। ਅਮਰੀਕਾ ਦੀ ਬਾਇਓਮੈਡੀਕਲ ਐਡਵਾਂਸ ਰਿਸਰਚ ਅਥਾਰਟੀ ਦੇ ਡਾਇਰੈਕਟਰ ਰਿਕ ਬਰਾਈਟ ਨੂੰ ਨੌਕਰੀ ਤੋਂ ਹੀ ਕੱਢ ਦਿੱਤਾ ਅਤੇ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਮੈਂ ਰਿਕ ਬਰਾਈਟ ਨੂੰ ਜਾਣਦਾ ਤੱਕ ਨਹੀਂ। ਕਾਰਨ ਬੱਸ ਇਹ ਸੀ ਕਿ ਇਨ੍ਹਾਂ ਲੋਕਾਂ ਵੱਲੋਂ ਕਹੇ ਗਏ ਸ਼ਬਦ ਰਾਸ਼ਟਰਪਤੀ ਟਰੰਪ ਦੀ ਕੂਟਨੀਤੀ ਦੇ ਮੁਤਾਬਕ ਨਹੀਂ ਸਨ। ਉਸ ਦੀ ਕੂਟਨੀਤੀ ਤੇ ਦੇਸ਼ ਵਿਚ ਅਗਲੇ ਦਿਨੀਂ ਹੋਣ ਜਾ ਰਹੀ ਰਾਸ਼ਟਰਪਤੀ ਚੋਣ ਨੀਤੀ ਦੀਆਂ ਲੋੜਾਂ ਇਸ ਵੇਲੇ ਵੀ ਭਾਰੂ ਹਨ।
ਭਾਰਤ ਵਿਚ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਇਸ ਵਕਤ ਤੱਕ ਆਪਣੇ ਲੋਕਾਂ ਨੂੰ ਕਰੋਨਾ ਦੀ ਇਸ ਬਿਮਾਰੀ ਤੋਂ ਬਚਾਉਣ ਲਈ ਜਿੰਨੇ ਪ੍ਰਬੰਧ ਕਰ ਰਹੀਆਂ ਹਨ, ਆਮ ਤੌਰ ‘ਤੇ ਉਹ ਠੀਕ ਹਨ। ਹਰ ਗੱਲ ਦੀ ਨੁਕਤਾਚੀਨੀ ਕਰਨ ਵਾਲੇ ਲੋਕਾਂ ਨੂੰ ਛੱਡ ਲਈਏ ਤਾਂ ਬਹੁਤੇ ਲੋਕਾਂ ਦੀ ਰਾਏ ਹੈ ਕਿ ਮੁੱਢ ਵਿਚ ਬੇਸ਼ੱਕ ਲੌਕਡਾਊਨ ਅਤੇ ਕਰਫਿਊ ਦੋਵੇਂ ਹੱਦੋਂ ਬਾਹਰੇ ਨੰਬਰ ਬਣਾਉਣ ਲਈ ਚੁੱਕੇ ਕਦਮ ਜਾਪਦੇ ਸਨ, ਸਮੇਂ ਨੇ ਸਾਬਤ ਕਰ ਦਿੱਤਾ ਕਿ ਇਹ ਕੁਝ ਨਾ ਕੀਤਾ ਜਾਂਦਾ ਤਾਂ ਜੋ ਹਾਲ ਮਹਾਰਾਸ਼ਟਰ ਦਾ ਹੋਇਆ ਹੈ, ਉਸ ਤੋਂ ਵੱਧ ਪੰਜਾਬ ਵਿਚ ਹੋ ਜਾਣਾ ਸੀ।
ਭਾਰਤ ਵਿਚ ਬਿਮਾਰੀ ਅਜੇ ਤੱਕ ਵੀ ਓਨੀ ਬੁਰੀ ਤਰ੍ਹਾਂ ਪੈਰ ਨਹੀਂ ਪਸਾਰ ਸਕੀ, ਜਿੰਨੀ ਲੌਕਡਾਊਨ ਨਾ ਲੱਗਣ ਤੇ ਵਿਦੇਸ਼ੀ ਉਡਾਣਾਂ ਬੰਦ ਨਾ ਕਰਨ ਦੀ ਸੂਰਤ ਵਿਚ ਫੈਲ ਸਕਦੀ ਸੀ। ਪਹਿਲੇ ਦਿਨਾਂ ਵਿਚ ਪੁਲਿਸ ਦੀ ਸਖਤੀ ਦਾ ਲੋਕਾਂ ਦੀ ਬੇਇੱਜਤੀ ਕਰਨ ਵਾਲਾ ਪੁਰਾਣਾ ਢੰਗ ਕਿਸੇ ਨੂੰ ਵੀ ਪਸੰਦ ਨਹੀਂ ਸੀ, ਅਸੀਂ ਵੀ ਇਸ ਦੇ ਖਿਲਾਫ ਸਾਂ ਤੇ ਬਹੁਤ ਸਾਰੇ ਲੋਕਾਂ ਨੇ ਵੀ ਵੱਡੇ ਪੱਧਰ ‘ਤੇ ਇਸ ਦਾ ਵਿਰੋਧ ਕੀਤਾ ਸੀ, ਪਰ ਜਦੋਂ ਇਸ ਤਰ੍ਹਾਂ ਦੀ ਸਖਤੀ ਤੋਂ ਰਾਜ ਸਰਕਾਰ ਨੇ ਵਰਜ ਦਿੱਤਾ, ਉਸ ਪਿਛੋਂ ਸਮਝਾਊ ਮੁਹਿੰਮ ਦਾ ਅਸਰ ਕੋਈ ਖਾਸ ਦਿਖਾਈ ਨਹੀਂ ਦੇ ਰਿਹਾ। ਕਿਸੇ ਨਾ ਕਿਸੇ ਬਹਾਨੇ ਲੋਕ ਅਜੇ ਵੀ ਬਾਜ਼ਾਰਾਂ ਵਿਚ ਨਿਕਲ ਪੈਂਦੇ ਹਨ ਤੇ ਅੱਗੇ ਜਾ ਕੇ ਢਾਣੀਆਂ ਬਣਾਉਣ ਤੋਂ ਗੁਰੇਜ਼ ਨਹੀਂ ਕਰਦੇ।
ਭਾਰਤ ਵਿਚ ਦੋ ਮਾਰਚ ਨੂੰ ਪਹਿਲੀ ਵਾਰ ਤਿੰਨ ਕੇਸ ਪਤਾ ਲੱਗਣ ਨਾਲ ਸ਼ੁਰੂਆਤ ਹੋਈ ਤੇ ਬਾਰਾਂ ਮਾਰਚ ਨੂੰ ਪਹਿਲੀ ਮੌਤ ਹੋਈ ਸੀ। ਉਸੇ ਵਕਤ ਲੌਕਡਾਊਨ ਕਰ ਦੇਣ ਸਦਕਾ ਕੇਸਾਂ ਅਤੇ ਮੌਤਾਂ-ਦੋਹਾਂ ਪੱਖਾਂ ਤੋਂ ਇਹ ਦੇਸ਼ ਕਾਫੀ ਹੱਦ ਤੱਕ ਬਚਿਆ ਹੋਇਆ ਹੈ। ਅਮਰੀਕਾ ਵਿਚ ਪਹਿਲੀ ਮਾਰਚ ਦੇ ਦਿਨ, ਭਾਰਤ ਤੋਂ ਛੇ ਦਿਨ ਪਹਿਲਾਂ ਕਰੋਨਾ ਵਾਇਰਸ ਨਾਲ ਪਹਿਲੀ ਮੌਤ ਹੋਈ ਸੀ ਤੇ ਫਿਰ ਉਹ ਕਰੋਨਾ ਦੀਆਂ ਮੌਤਾਂ ਦੇ ਮਾਮਲੇ ਵਿਚ ਦੁਨੀਆਂ ਦੇ ਸਾਰੇ ਦੇਸ਼ਾਂ ਨਾਲੋਂ ਵੱਧ ਪੀੜਤ ਦੇਸ਼ ਬਣਦਾ ਗਿਆ। ਉਸ ਦੇਸ਼ ਵਿਚ ਜਦੋਂ ਪੰਜਾਹ ਹਜ਼ਾਰ ਤੋਂ ਵੱਧ ਮੌਤਾਂ ਹੋ ਚੁਕੀਆਂ ਸਨ, ਉਦੋਂ ਭਾਰਤ ਵਿਚ ਅੱਠ ਸੌ ਤੋਂ ਹੇਠਾਂ ਸਨ। ਵੇਲੇ ਸਿਰ ਚੁੱਕੇ ਗਏ ਕਦਮਾਂ ਨੇ ਬਚਾਅ ਕੀਤਾ ਤਾਂ ਦਿੱਸਦਾ ਹੀ ਹੈ।
ਪੰਜਾਬ ਵਿਚ ਇਸ ਦੌਰਾਨ ਵੀਹ ਤੋਂ ਘੱਟ ਮੌਤਾਂ ਹੋਈਆਂ ਅਤੇ ਕੇਸਾਂ ਦੀ ਗਿਣਤੀ ਤਿੰਨ ਸੌ ਤੱਕ ਪਹੁੰਚੀ ਹੈ ਤਾਂ ਇਥੇ ਵੀ ਸਰਕਾਰ ਅਤੇ ਬਾਕੀ ਸਭ ਧਿਰਾਂ ਦੇ ਸਹਿਯੋਗ ਦਾ ਅਸਰ ਮੰਨਿਆ ਜਾ ਸਕਦਾ ਹੈ। ਦੋ ਜਿਲਿਆਂ-ਜਲੰਧਰ ਤੇ ਮੋਹਾਲੀ ਵਿਚ ਹਾਲਤ ਗੰਭੀਰ ਹੈ, ਪਰ ਜਿਹੜੇ ਨਵਾਂ ਸ਼ਹਿਰ ਤੋਂ ਬਿਮਾਰੀ ਸ਼ੁਰੂ ਹੋਈ ਸੀ, ਸ਼ੁਕਰ ਹੈ! ਉਥੋਂ ਫਿਰ ਇੱਕ ਵੀ ਮੌਤ ਦੀ ਖਬਰ ਨਹੀਂ ਆਈ ਤੇ ਜਿਹੜੇ ਅਠਾਰਾਂ ਲੋਕ ਇਸ ਦੀ ਲਾਗ ਨਾਲ ਹਸਪਤਾਲ ਪਹੁੰਚੇ ਸਨ, ਉਨ੍ਹਾਂ ਨੂੰ ਠੀਕ ਕਰ ਕੇ ਘਰੀਂ ਭੇਜ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਦੇਸ਼ ਦੇ ਜਿਹੜੇ ਜਿਲੇ ਬਿਮਾਰੀ ਤੋਂ ਬਚੇ ਹੋਏ ਦੱਸੇ ਹਨ, ਉਨ੍ਹਾਂ ਵਿਚ ਨੌਂ ਜਿਲੇ ਪੰਜਾਬ ਦੇ ਦਰਜ ਹਨ। ਇਹ ਵੀ ਰਾਜ ਸਰਕਾਰ ਦੇ ਯਤਨਾਂ ਅਤੇ ਲੋਕਾਂ ਦੇ ਸਹਿਯੋਗ ਦਾ ਸਿੱਟਾ ਹੈ।
ਫਿਰ ਵੀ ਦੋ ਰਾਜਾਂ-ਕੇਰਲਾ ਤੇ ਉੜੀਸਾ ਵਿਚ ਜਿਵੇਂ ਇਸ ਬਿਮਾਰੀ ਨੂੰ ਠੱਲ੍ਹਿਆ ਗਿਆ, ਉਸ ਦੀ ਹਰ ਕੋਈ ਦਾਦ ਦਿੰਦਾ ਹੈ। ਕੇਰਲਾ ਦੇ ਲੋਕ ਪੜ੍ਹੇ-ਲਿਖੇ ਅਤੇ ਜ਼ਾਬਤਾ ਮੰਨਣ ਵਾਲੇ ਹਨ। ਉਸ ਰਾਜ ਦੀ ਸਿਹਤ ਮੰਤਰੀ ਬੀਬੀ ਕੇ. ਕੇ. ਸ਼ੈਲਜਾ ਬਾਰੇ ਵੀ ਹਰ ਪਾਸਿਓਂ ਸਿਫਤਾਂ ਸੁਣਦੀਆਂ ਹਨ ਕਿ ਉਸ ਨੇ ਰਾਤ ਦਿਨ ਬਹੁਤ ਕੰਮ ਕੀਤਾ ਹੈ ਤੇ ਰਿਲੀਫ ਦੇ ਕੰਮਾਂ ਵਿਚ ਆਪਣੇ ਕਾਮਰੇਡਾਂ ਦੇ ਨਾਲ ਕਾਂਗਰਸੀਆਂ ਹੀ ਨਹੀਂ, ਭਾਜਪਾ ਅਤੇ ਆਰ. ਐਸ਼ ਐਸ਼ ਵਾਲਿਆਂ ਨੂੰ ਵੀ ਜੋੜ ਕੇ ਨਤੀਜੇ ਕੱਢੇ ਹਨ। ਇਸ ਰਾਜ ਦੇ ਨਾਲ ਹੀ ਮਹਾਰਾਸ਼ਟਰ ਵਿਚ ਬਿਮਾਰੀ ਦੀ ਸ਼ੁਰੂਆਤ ਹੋਈ ਸੀ, ਉਥੇ ਇਹ ਸਤਰਾਂ ਲਿਖਣ ਤੱਕ ਮੌਤਾਂ ਦੀ ਗਿਣਤੀ ਤਿੰਨ ਸੌ ਟੱਪ ਚੁੱਕੀ ਹੈ ਤੇ ਕੇਰਲਾ ਵਿਚ ਮੁਢਲੇ ਦਿਨਾਂ ਵਿਚ ਹੋਈਆਂ ਤਿੰਨ ਮੌਤਾਂ ਤੋਂ ਅੱਗੇ ਨਹੀਂ ਵਧ ਸਕੀ। ਪਹਿਲਾਂ ਨਿਪਾਹ ਦੇ ਵਾਇਰਸ ਵੇਲੇ ਵੀ ਉਸ ਰਾਜ ਵਿਚ ਇਸੇ ਲਈ ਵੱਡਾ ਨੁਕਸਾਨ ਨਹੀਂ ਸੀ ਹੋਇਆ ਕਿ ਰਾਜ ਸਰਕਾਰ ਨੇ ਵੇਲੇ ਸਿਰ ਕਦਮ ਚੁੱਕੇ ਸਨ ਅਤੇ ਲੋਕਾਂ ਨੇ ਰਾਜਸੀ ਮੱਤਭੇਦ ਲਾਂਭੇ ਰੱਖ ਕੇ ਸਰਕਾਰ ਦਾ ਸਹਿਯੋਗ ਕੀਤਾ ਸੀ।
ਉੜੀਸਾ ਵਿਚ ਮੁੱਖ ਮੰਤਰੀ ਨਵੀਨ ਪਟਨਾਇਕ ਮੀਡੀਏ ਵਿਚ ਖਾਸ ਝਲਕਦਾ ਨਹੀਂ, ਪਰ ਉਸ ਨੇ ਬਿਮਾਰੀ ਰੋਕਣ ਲਈ ਆਪਣੀ ਸਰਕਾਰ ਨੂੰ ਇਸ ਤਰ੍ਹਾਂ ਸਰਗਰਮ ਕੀਤਾ ਹੈ ਕਿ ਇਹ ਸਤਰਾਂ ਲਿਖਣ ਵੇਲੇ ਤੱਕ ਗੁਜਰਾਤ ਵਿਚ ਮੌਤਾਂ ਦੀ ਗਿਣਤੀ ਜਦੋਂ ਸਵਾ ਸੌ ਟੱਪ ਚੁਕੀ ਹੈ, ਮੱਧ ਪ੍ਰਦੇਸ਼ ਵਿਚ ਸੌ ਦੇ ਨੇੜੇ ਜਾ ਪਹੁੰਚੀ ਹੈ, ਉੜੀਸਾ ਵਿਚ ਸਿਰਫ ਨੱਬੇ ਕੇਸ ਤੇ ਇੱਕ ਮੌਤ ਤੋਂ ਬਿਮਾਰੀ ਅੱਗੇ ਨਹੀਂ ਵਧ ਸਕੀ। ਇਹ ਸਭ ਉਸ ਮੁੱਖ ਮੰਤਰੀ ਦੀ ਯੋਗ ਅਗਵਾਈ ਦਾ ਸਿੱਟਾ ਹੈ।
ਇਸ ਮੌਕੇ ਅਸੀਂ ਸਾਰੇ ਸੰਸਾਰ ਦੇ ਦ੍ਰਿਸ਼ ‘ਤੇ ਵੀ ਝਾਤ ਮਾਰੀਏ ਤਾਂ ਸੰਕਟ ਦੇ ਸਮੇਂ ਸਭ ਤੋਂ ਲਾਪ੍ਰਵਾਹ ਕਿਸਮ ਦਾ ਵਿਹਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਦਿਖਾਈ ਦਿੰਦਾ ਹੈ। ਉਸ ਨੇ ਪਹਿਲਾਂ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਸੀ ਕਿ ਲੱਖ, ਦੋ ਲੱਖ ਮੌਤਾਂ ਹੋਣ ਪਿੱਛੋਂ ਵੀ ਜੇ ਅਸੀਂ ਕੰਟਰੋਲ ਕਰ ਲਈਏ ਤਾਂ ਇਹ ਸਰਕਾਰ ਦੀ ਕਾਮਯਾਬੀ ਹੋਵੇਗੀ। ਕਹਿਣ ਤੋਂ ਭਾਵ ਕਿ ਸ਼ੁਰੂ ਵਿਚ ਹੀ ਉਸ ਨੇ ਲੋਕਾਂ ਨੂੰ ਲੱਖ, ਦੋ ਲੱਖ ਮੌਤਾਂ ਹੋਣ ਬਾਰੇ ਤਿਆਰ ਰਹਿਣ ਲਈ ਉਦੋਂ ਕਹਿ ਦਿੱਤਾ ਸੀ, ਜਦੋਂ ਅਜੇ ਉਸ ਦੇਸ਼ ਵਿਚ ਕੁੱਲ ਮੌਤਾਂ ਦੀ ਗਿਣਤੀ ਪੰਜ ਹਜ਼ਾਰ ਨਹੀਂ ਸੀ ਹੋਈ ਤੇ ਇਹੀ ਕਾਰਨ ਹੈ ਕਿ ਜਦੋਂ ਮੌਤਾਂ ਦੀ ਗਿਣਤੀ ਅੱਧੇ ਲੱਖ ਤੋਂ ਵੀ ਟੱਪ ਗਈ ਤਾਂ ਉਥੇ ਰੌਲਾ ਨਹੀਂ ਪਿਆ ਕਿ ਰਾਸ਼ਟਰਪਤੀ ਨੇ ਮੌਤਾਂ ਬਾਰੇ ਅਗੇਤਾ ਹੀ ਇੱਕ ਗੋਲ ਮਿਥ ਦਿੱਤਾ ਸੀ, ਜਿੱਥੋਂ ਤੱਕ ਸੋਚਣ ਦੀ ਬਹੁਤੀ ਲੋੜ ਨਹੀਂ ਸੀ ਰਹਿੰਦੀ। ਅੱਧਾ ਲੱਖ ਮੌਤਾਂ ਹੋਣ ਵਾਲੇ ਦਿਨ ਵੀ ਉਹ ਵ੍ਹਾਈਟ ਹਾਊਸ ਦੀ ਪ੍ਰੈੱਸ ਕਾਨਫਰੰਸ ਵਿਚ ਸੈਨੇਟਾਈਜ਼ਰ ਦੇ ਟੀਕੇ ਲਾਉਣ ਦੀ ਗੱਲ ਕਹਿੰਦਾ ਤੇ ਮਜ਼ਾਕ ਕਰਦਾ ਪਿਆ ਸੀ। ਸੰਸਾਰ ਭਰ ਦੀਆਂ ਕੁੱਲ ਮੌਤਾਂ ਦੇ ਚੌਥੇ ਹਿੱਸੇ ਤੋਂ ਵੱਧ ਜਿਹੜੇ ਇਕੱਲੇ ਦੇਸ਼ ਵਿਚ ਹੀ ਹੋਈਆਂ ਹੋਣ, ਉਸ ਦੇ ਰਾਸ਼ਟਰਪਤੀ ਨੂੰ ਤਾਂ ਰਾਤਾਂ ਨੂੰ ਨੀਂਦ ਨਹੀਂ ਆਉਣੀ ਚਾਹੀਦੀ, ਪਰ ਟਰੰਪ ਨੂੰ ਮਜ਼ਾਕ ਸੁੱਝਦੇ ਹਨ!
ਦੁਨੀਆਂ ਭਰ ਦੇ ਲੋਕਾਂ ਨੂੰ ਤਰੇਲੀਆਂ ਲਿਆ ਦੇਣ ਅਤੇ ਲਾਸ਼ਾਂ ਦੇ ਢੇਰ ਲਾ ਦੇਣ ਵਾਲੀ ਇਹੋ ਜਿਹੀ ਬਿਮਾਰੀ ਸੰਸਾਰ ਦੇ ਲੋਕਾਂ ਸਿਰ ਪਹਿਲੀ ਵਾਰ ਪਈ ਹੈ। ਇਸ ਨਾਲ ਸਿੱਝਣ ਲਈ ਸੰਜੀਦਗੀ ਦੀ ਲੋੜ ਹੈ। ਸੰਸਾਰ ਦੀ ਪੰਚਾਇਤ ਯੂ. ਐਨ. ਓ. ਇਸ ਕੰਮ ਵਿਚ ਕੋਈ ਨਰੋਈ ਸਿਹਤ ਦੇਣ ਵਿਚ ਕਾਮਯਾਬ ਨਹੀਂ ਹੋਈ। ਉਸ ਵਿਚ ਵੀ ਕਮੀਆਂ ਹਨ। ਅਣਦਿੱਸਦੇ ਦੁਸ਼ਮਣ ਵਾਇਰਸ ਨਾਲ ਹੋ ਰਹੀ ਇਸ ਨਿਵੇਕਲੀ ਜੰਗ ਵਿਚ ਸਿਰੜ ਤੇ ਸੰਜੀਦਗੀ-ਦੋਹਾਂ ਦੀ ਲੋੜ ਹੈ।