ਕੁਦਰਤ ਨਾਲ ਖਿਲਵਾੜ ਅਤੇ ਕਰੋਨਾ ਦਾ ਕਹਿਰ

ਚਾਰ-ਪੰਜ ਮਹੀਨੇ ਪਹਿਲਾਂ ਚਰਚਾ ਵਿਚ ਆਏ ਕਰੋਨਾ ਵਾਇਰਸ ਨੇ ਮਨੁੱਖ ਜਾਤੀ ਦੇ ਸੋਚਣ ਲਈ ਸਵਾਲਾਂ ਦੀ ਝੜੀ ਲਾ ਦਿੱਤੀ ਹੈ। ਇਸ ਮਸਲੇ ਦੇ ਹੱਲ ਲਈ ਤਾਂਘ ਰੱਖਣ ਵਾਲੇ ਲੋਕ, ਮਨੁੱਖੀ ਵਿਕਾਸ ਅਤੇ ਇਸ ਅੰਦਰ ਲਗਾਤਾਰ ਆਏ ਵਿਗਾੜਾਂ ਦੀ ਨਿਸ਼ਾਨਦੇਹੀ ਕਰ ਰਹੇ ਹਨ। ਵੱਖ-ਵੱਖ ਪੱਖਾਂ ਤੋਂ ਬਹੁਤ ਸਾਰੇ ਮਸਲੇ ਰਿੜਕੇ ਜਾ ਰਹੇ ਹਨ। ਇਸ ਸਮੁੱਚੇ ਰਿੜਕਣ ਵਿਚ ਇਕ ਗੱਲ ਸਾਂਝੀ ਹੈ ਕਿ ਮਨੁੱਖ ਨੇ ਕੁਦਰਤ ਨਾਲ ਜੋ ਖਿਲਵਾੜ ਕੀਤਾ ਹੈ ਜਾਂ ਹੁਣ ਵੀ ਕਰ ਰਿਹਾ ਹੈ, ਇਸ ਬਾਰੇ ਗੰਭੀਰਤਾ ਨਾਲ ਸੋਚਣ-ਵਿਚਾਰਨ ਦਾ ਵੇਲਾ ਹੈ।

ਪੰਜਾਬੀ ਸੱਥ ਲਾਂਬੜਾ (ਜਲੰਧਰ) ਦੇ ਕਰਤਾ-ਧਰਤਾ ਡਾ. ਨਿਰਮਲ ਸਿੰਘ ਨੇ ਆਪਣੇ ਇਸ ਲੇਖ ਵਿਚ ਇਨ੍ਹਾਂ ਮਸਲਿਆਂ ਬਾਰੇ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ ਹੈ ਅਤੇ ਕਰੋਨਾ ਜਿਹੇ ਸੰਕਟਾਂ ਤੋਂ ਖਹਿੜਾ ਛੁਡਾਉਣ ਬਾਰੇ ਸਲਾਹਾਂ ਸਾਂਝੀਆਂ ਕੀਤੀਆਂ ਹਨ। -ਸੰਪਾਦਕ

ਡਾ. ਨਿਰਮਲ ਸਿੰਘ
ਪੰਜਾਬੀ ਸੱਥ ਲਾਂਬੜਾ, ਜਲੰਧਰ

ਅਨੰਤ ਬ੍ਰਹਿਮੰਡ ਦੇ ਅਸੀਮ ਤਾਣੇ-ਬਾਣੇ ਦਾ ਹਿੱਸਾ ਹੈ, ਸਾਡਾ ਸੂਰਜੀ ਮੰਡਲ| ਸੂਰਜ ਦਾ ਆਰ-ਪਰਿਵਾਰ ਹਨ ਇਹਦੇ ਆਲੇ-ਦੁਆਲੇ ਘੁੰਮਦੇ ਗ੍ਰਹਿ-ਉਪਗ੍ਰਹਿ, ਅਰਥਾਤ ਚੰਦ ਤੇ ਧੂਮ-ਕੇਤੂ| ਇਨ੍ਹਾਂ ਦਾ ਪੈਂਡਾ ਕਰੋੜਾਂ-ਅਰਬਾਂ ਕੋਹਾਂ ਦਾ ਹੋਣ ਕਰਕੇ ਅੰਤਹੀਣ, ਬੇਅੰਤ ਹੈ| ਗੱਲ ਆਪਣੀ ਮਾਂ ਧਰਤੀ ਦੀ ਕਰੀਏ ਤਾਂ ਸਿਆਣਿਆਂ ਦਾ ਕਹਿਣਾ ਹੈ ਕਿ ਇੱਥੇ ਨਿਰਜੀਵ ਪਦਾਰਥਾਂ ਦੇ ਕਰੋੜਾਂ ਵਰ੍ਹੇ ਸਜੀਵ ਜੀਵਨ ਦੀ ਅੰਕੁਰ ਬੇਹੱਦ ਮਹੀਨ ਕਣ ਵਾਇਰਸ ਦੇ ਰੂਪ ਵਿਚ ਫੁੱਟੀ| ਉਹਦੀ ਗਿਣਤੀ-ਮਿਣਤੀ ਵੀ ਨਿਰੰਤਰ ਵਧਦੀ ਰਹੀ ਤੇ ਉਹ ਰੂਪ ਵਟਾਉਂਦਾ ਲਗਾਤਾਰ ਵਿਕਸਿਤ ਹੁੰਦਾ ਦੋ ਹਿੱਸਿਆਂ ਵਿਚ ਵੰਡਿਆ ਗਿਆ| ਬਨਸਪਤ ਜਗਤ ਤੇ ਜੀਵ ਸੰਸਾਰ ਦੀਆਂ ਲੱਖਾਂ ਵੰਨਗੀਆਂ, ਲੱਖਾਂ ਵਰ੍ਹਿਆਂ ਵਿਚ ਧਰਤੀ ‘ਤੇ ਪਸਰ ਗਈਆਂ| ਵਾਇਰਸ ਦੀਆਂ ਅਨੇਕਾਂ ਕਿਸਮਾਂ ਵੀ ਰੁੱਖਾਂ-ਬੂਟਿਆਂ ਤੇ ਜੀਵ-ਜੰਤੂਆਂ ਦੇ ਜਿਸਮਾਂ ਵਿਚ ਜੀਵਨ ਲਈ ਫਾਇਦੇਮੰਦ ਤੇ ਨੁਕਸਾਨਦੇਹ ਕਿਰਦਾਰ ਸਮੇਂ ਤੇ ਸਥਾਨ ਅਨੁਸਾਰ ਨਿਭਾਉਂਦੀਆਂ ਆ ਰਹੀਆਂ ਹਨ| ਕੁਦਰਤ ਨੇ ਸਮੁੱਚੇ ਜੀਵ-ਜੰਤੂਆਂ ਦਾ ਵਿਕਾਸਮਈ ਸਮਤੋਲ ਬਰਕਰਾਰ ਰੱਖਣ ਦਾ ਪੁਖਤਾ ਪ੍ਰਬੰਧ ਵੀ ਸਦਾ ਹੀ ਕਾਇਮ ਰੱਖਿਆ| ਮਿਸਾਲ ਵਜੋਂ ਇੱਕੋ ਜੰਗਲ ਵਿਚ ਮਾਸਾਹਾਰੀ ਸ਼ੇਰ ਤੇ ਸ਼ਾਕਾਹਾਰੀ ਹਿਰਨ ਖੁੱਲ੍ਹੇ-ਡੁੱਲ੍ਹੇ ਵਿਚਰਦੇ ਰਹੇ| ਇੰਜ ਹੀ ਵਾਇਰਸ, ਬੈਕਟੀਰੀਆ ਦੀ ਕਹਾਣੀ ਹੈ| ਅਸਮਾਨ, ਸਮੁੰਦਰੀ ਜੀਵਾਂ ਦਾ ਜੀਵਨ ਬਿਰਤਾਂਤ ਵੀ ਇਹੋ ਸਮਝਾਉਂਦਾ ਹੈ ਕਿ ਥੋੜ੍ਹੀ ਗਿਣਤੀ ਵਾਲੇ ਵੱਡੇ ਸਮੁੰਦਰੀ ਮਛ-ਕੱਛ ਆਪਣਾ ਆਹਾਰ ਬੇਹਿਸਾਬੀ ਵੱਡੀ ਗਿਣਤੀ ਵਾਲੇ ਜੀਵਾਂ ਨੂੰ ਹੀ ਬਣਾਉਂਦੇ ਹਨ|
ਵਿਗਾੜ ਕਿੱਥੇ ਪਿਆ? ਜਦੋਂ ਵੀ ਇਹ ਸਮਤੋਲ ਵਿਗੜਿਆ ਤਾਂ ਸਿੱਟੇ ਭਿਆਨਕ ਨਿਕਲੇ| ਧੜਵੈਲ ਵੱਡ-ਆਕਾਰੀ ਡਾਇਨਾਸੋਰਾਂ ਨੂੰ ਜਦੋਂ ਆਪਣੀ ਹੀ ਭੁੱਖ ਨੇ ਸਤਾਇਆ ਤਾਂ ਉਨ੍ਹਾਂ, ਧਰਤੀ ਦੇ ਛੋਟੇ ਜੀਅ-ਜੰਤ ਤਾਂ ਇੱਕ ਪਾਸੇ, ਬਨਸਪਤੀ ਦੀ ਵੀ ਅਲਖ ਮੁਕਾਉਣ ‘ਚ ਅੱਤ ਕਰ ਦਿੱਤੀ| ਆਖਰਕਾਰ ਉਹ ਆਪਣੀ ਹੀ ਹਵਸ ਦੇ ਸ਼ਿਕਾਰੀ ਹੋ ਕੇ ਸਦਾ-ਸਦਾ ਲਈ ਇਸ ਰੰਗਲੀ ਧਰਤੀ ਤੋਂ ਲੋਪ ਹੋ ਗਏ| ਮਿਸਾਲਾਂ ਹੋਰ ਵੀ ਦਿੱਤੀਆਂ ਜਾ ਸਕਦੀਆਂ ਹਨ| ਮਨੁੱਖ ਜਾਤੀ ਨੇ ਭਰਮ ਪਾਲ ਲਿਆ ਕਿ ਉਹ ਸਾਰੇ ਜੀਅ-ਜੰਤੂ ਤੋਂ ਉਤੇ ਤੇ ਵੱਧ ਸਿਆਣੀ ਹੈ| ਉਹਨੇ ਕੁਦਰਤੀ ਵਰਤਾਰਿਆਂ ਨਾਲ ਹੋਏ ਵਿਕਾਸ ਦੇ ਇਤਿਹਾਸ ਨੂੰ ਸਮਝਣ ਦੀ ਥਾਂ ਆਪਣੀ ਨਿਜਵਾਦੀ ਸੋਚ ਕਾਰਨ ਕੁਦਰਤ ‘ਤੇ ਹੀ ਕਾਠੀ ਪਾਉਣ ਦੀ ਠਾਣ ਲਈ| ਇਸ ਵਰਤਾਰੇ ਨੂੰ ਮਨੁੱਖ ਨੇ ਵਿਕਾਸ, ਤਰੱਕੀ, ਅੱਗੇ ਵਧਣ, ਸਭਿਅਕ, ਆਧੁਨਿਕ, ਉਸਾਰੂ, ਪ੍ਰਗਤੀਵਾਦੀ ਤੇ ਪਤਾ ਨਹੀਂ ਹੋਰ ਕਿੰਨੇ ਕੁ ਨਾਂ ਦੇ ਕੇ ਵਿਗਿਆਨ ਨੂੰ ਵੀ ਵਿਚ ਹੀ ਘੜੀਸ ਲਿਆ| ਹਕੀਕਤ ਵਿਚ ਵਿਗਿਆਨ, ਗਿਆਨ ਦੀ ਉਹ ਸ਼ਾਖ ਹੈ, ਜਿਸ ਰਾਹੀਂ ਅਸੀਂ ਕੁਦਰਤੀ ਵਰਤਾਰਿਆਂ ਦੀ ਥਾਹ ਪਾ ਕੇ ਕੁਦਰਤ ਨਾਲ ਇੱਕਸੁਰ ਹੋ ਕੇ ਕਿਸੇ ਸਿੱਟੇ ‘ਤੇ ਪੁੱਜਦੇ ਹਾਂ| ਇਹ ਵਰਤਾਰਾ ਭਾਵੇਂ ਕਾਫੀ ਪੁਰਾਣਾ ਹੈ, ਪਰ ਅਜੋਕੇ ਸਮਿਆਂ ‘ਚ ਇਹਦਾ ਮੁੱਢ 17ਵੀਂ-18ਵੀਂ ਸਦੀ ਵਿਚ ਬੱਝਦਾ ਹੈ|
ਸਨਅਤੀ ਇਨਕਲਾਬ ਕਾਰਨ ਨਿੱਕੇ-ਨਿੱਕੇ, ਥੋੜ੍ਹੀ ਵਸੋਂ ਵਾਲੇ, ਕੁਦਰਤ ਦੀਆਂ ਨੇਹਮਤਾਂ ਦਾ ਨਿੱਘ ਮਾਣ ਰਹੇ ਪਿੰਡ ਮਨੁੱਖ ਵੱਲੋਂ ਉਸਾਰੇ ਵੱਡੇ-ਵੱਡੇ ਸ਼ਹਿਰਾਂ ਦੀ ਭੀੜ ਵਿਚ ਗੁਆਚ ਗਏ| ਕਿਰਸਾਨੀ ਸਮੇਤ ਸਾਰੇ ਹੀ ਕਸਬੇ ਕਿੱਤੇ, ਸਬਰ-ਸੰਤੋਖ ਵਾਲੀ ਜੀਵਨ ਸ਼ੈਲੀ ਵਿਸਾਰ ਕੇ ਲੋਭੀ-ਲਾਲਚੀ ਮੁਨਾਫੇਖੋਰ ਵਪਾਰਕ ਸੋਚ ਵਿਚ ਧਸਦੇ ਹੀ ਚਲੇ ਗਏ| ਸਦੀਆਂ ਤੋਂ ਚੱਲਿਆ ਆ ਰਿਹਾ ਪਰਿਵਾਰਕ ਤਾਣਾ-ਬਾਣਾ ਤੇ ਭਾਈਚਾਰਕ ਰਿਸ਼ਤੇਦਾਰੀ ਵਾਲਾ ਨਿਜਾਮ ਬਾਜ਼ਾਰੂ ਰੂਪ ਵਟਾ ਕੇ ਵਰ੍ਹਿਆਂ ਵਿਚ ਹੀ ਹੋਰ ਦਾ ਹੋਰ ਹੁੰਦਾ ਚਲਾ ਗਿਆ| ਖਾਣ-ਪੀਣ, ਪਹਿਨਣ, ਪਰਚਣ, ਆਵਾਜਾਈ, ਸੰਚਾਰ, ਖੇਡਣ ਮੱਲ੍ਹਣ, ਜੀਅ ਪਰਚਾਉਣ, ਗਾਉਣ ਵਜਾਉਣ, ਲਿਖਣ ਪੜ੍ਹਨ-ਗੱਲ ਕੀ ਸਭ ਕੁਝ ਹੀ ਭੋਗਵਾਦ ਦੀ ਭੇਟ ਚੜ੍ਹ ਗਿਆ| ਮਨੁੱਖ ਕੁਦਰਤ ਨਾਲੋਂ, ਸਰਬੱਤ ਨਾਲੋਂ ਟੁੱਟਦਾ-ਟੁੱਟਦਾ ਸਿਰਫ ਤੇ ਸਿਰਫ ਆਪਣੀਆਂ ਨਿਜੀ ਖਾਹਿਸ਼ਾਂ, ਉਮੰਗਾਂ, ਰੀਝਾਂ, ਹਵਸ ਤੇ ਵਿਕਾਸ ਤੀਕ ਸੀਮਤ ਹੋ ਗਿਆ| ਬਲਦੀ ‘ਤੇ ਤੇਲ ਨਵੀਆਂ-ਨਵੀਆਂ ਵਿਗਿਆਨਕ ਕਾਢਾਂ ਨਾਲ ਹੋਂਦ ‘ਚ ਆਏ ਚਮਤਕਾਰੀ ਚਕਾਚੌਂਧ ਵਾਲੇ ਸੰਦ ਵਲੇਵੇਂ ਰੇਲਾਂ, ਹਵਾਈ ਜਹਾਜ਼ਾਂ, ਮੋਟਰ ਵਾਹਨਾਂ, ਟੈਲੀਫੋਨ, ਰੇਡੀਓ, ਟੈਲੀਵਿਜ਼ਨ, ਕੰਪਿਊਟਰ, ਇੰਟਰਨੈਟ ਅਤੇ ਜੰਗਾਂ, ਯੁੱਧਾਂ ਲਈ ਬਾਰੂਦ, ਬੰਬ, ਮਿਜ਼ਾਇਲਾਂ ਲਈ ਲੱਗੀ ਹੋੜ ਨੇ ਭਰਪੂਰ ਯੋਗਦਾਨ ਪਾਇਆ| ਇਹ ਸਾਰਾ ਕੁਝ ਖੋਜਣ ਵਾਲਿਆਂ ਨੇ ਇਹ ਅਜਬ-ਗਜ਼ਬ ਲੱਭਤਾਂ ਇਨਸਾਨੀ ਸਮਾਜ ਦੇ ਭਲੇ ਲਈ ਖੋਜੀਆਂ ਸਨ| ਹਕੀਕਤ ਵਿਚ ਇਹ ਸਾਰਾ ਮਾਲ ਮੱਤਾ ਤਰੱਕੀ ਲਈ ਘੱਟ ਤੇ ਤਬਾਹੀ ਲਈ ਵੱਧ ਵਰਤਿਆ ਗਿਆ| ਵੱਖੋ-ਵੱਖ ਸਮਿਆਂ ‘ਚ ਹਰ ਧਿਰ ਨੇ ਆਪਣੀ ਚੌਧਰ ਤੇ ਵਡੱਪਣ ਦਰਸਾਉਣ ਲਈ ਹਰ ਕਿਸਮ ਦੇ ਪੁੱਠੇ-ਸਿੱਧੇ ਹਰਬੇ ਵਰਤ ਕੇ ਛਿੱਤਰੀਂ ਦਾਲ ਵੰਡਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ| ਪਹਿਲੋਂ ਬਾਦਸ਼ਾਹਾਂ-ਸ਼ਹਿਨਸ਼ਾਹਾਂ ਨੇ ਆਮ ਲੋਕਾਈ ਦੇ ਨੱਕ ‘ਚ ਦਮ ਕਰ ਛੱਡਿਆ, ਫਿਰ ਬਸਤੀਵਾਦੀਆਂ ਨੇ ਆਹੂ ਲਾਹੇ, ਸਮੁੱਚੀ ਨਵੀਂ ਪੁਰਾਣੀ ਦੁਨੀਆਂ ਦੇ ਬਾਸ਼ਿੰਦਿਆਂ ਦੀ ਹੋਂਦ ਹਸਤੀ ਨਾਲ ਖੂਨੀ ਹੋਲੀ ਖੇਡੀ| ਇਹਦੀ ਪ੍ਰਤੱਖ ਮਿਸਾਲ ਹੈ, ਅਮਰੀਕਾ ਦੇ ਆਦਿ ਵਾਸੀਆਂ, ਅਫਰੀਕਾ ਦੇ ਪੁਸ਼ਤੈਨੀ ਵਸਨੀਕਾਂ ਅਤੇ ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਮੂਲ ਵਾਸੀਆਂ ਦੇ ਖੁਰਾ ਖੋਜ ਮਿਟਾ ਕੇ ਆਪਣੀ ਚੌਧਰ ਕਾਇਮ ਕਰਨ ਦੀਆਂ ਕਰਤੂਤਾਂ ਦੀ| ਦੋਵੇਂ ਆਲਮੀ ਜੰਗਾਂ ਅਸਲ ਵਿਚ ਕੁੱਲ ਸੰਸਾਰ ਦੇ ਸਾਧਨਾਂ ਤੇ ਸੋਮਿਆਂ ਲਈ ਹੋਏ ਮਨੁੱਖੀ ਘਾਣ ਦਾ ਦਰਦਨਾਕ ਇਤਿਹਾਸ ਅਤੇ ਕੁੱਲ ਜਗਤ ਦੇ ਸਭਿਆਚਾਰਾਂ, ਬੋਲੀਆਂ ਤੇ ਵਿਰਾਸਤਾਂ ਅਨੁਸਾਰ ਵਸਦੇ ਲੋਕਾਂ ਨੂੰ ਆਪਣੀਆਂ ਲਾਠੀਆਂ ਦੇ ਗਜਾਂ ਨਾਲ ਵੰਡਣ ਦੇ ਕਾਰਨਾਮੇ ਸਾਡੇ ਸਾਹਮਣੇ ਹਨ|
ਆਦਿ ਕਾਲ ਤੋਂ ਮਨੁੱਖਤਾ ਦੀ ਭਲੇ ਲਈ ਆਵਾਜ਼ ਉਠਾਉਣ ਵਾਲੇ ਮਹਾਪੁਰਖਾਂ, ਵਿਚਾਰਵਾਨਾਂ, ਦਾਰਸ਼ਨਿਕਾਂ, ਫਿਲਾਸਫਰਾਂ ਵਲੋਂ ਦਰਸਾਏ ਰਸਤਿਆਂ ਨੂੰ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਅਤੇ ਮੱਤ ਧਰਮਾਂ ਦਾ ਨਾਂ ਦੇ ਕੇ ਪਹਿਲੋਂ ਵੰਡਣਾ ਫੇਰ ਆਪਸ ਵਿਚ ਉਲਝਾ ਕੇ ਮਨਮਰਜ਼ੀ ਦੇ ਅਰਥ ਕੱਢ ਕੇ ਸਭਿਅਕ ਕਦਰਾਂ-ਕੀਮਤਾਂ ਦਾ ਕਚੂਮਰ ਕੱਢਣਾ| ਜਨੂਨ, ਕੱਟੜਵਾਦ, ਕਠਮੁੱਲੇਪੁਣੇ ਦੀ ਪਨੀਰੀ ਪਹਿਲੋਂ ਤਿਆਰ ਕਰਨੀ ਤੇ ਉਨ੍ਹਾਂ ਵਲੋਂ ਕੀਤੀਆਂ ਆਪਹੁਦਰੀਆਂ ‘ਤੇ ਨੱਥ ਪਾਉਣ ਦੀ ਥਾਂ ਪੁਸ਼ਤਪਨਾਹੀ; ਜਦੋਂ ਪਾਣੀ ਸਿਰਾਂ ਤੋਂ ਉਪਰ ਚੜ੍ਹਨ ਲੱਗਣ ਫਿਰ ਅਤਿਵਾਦ, ਖਾੜਕੂਵਾਦ ਦਾ ਡਰ ਵਿਖਾ ਕੇ ਆਮ ਲੋਕਾਂ ਦੀ ਹੀ ਖੁੰਭ ਠੱਪਣੀ| ਇਹ ਵਰਤਾਰਾ ਅੱਜ ਵੀ ਅੱਗੇ ਤੋਂ ਅੱਗੇ ਵਧ ਰਿਹਾ ਹੈ| ਸੰਚਾਰ ਸਾਧਨਾ ਤੇ ਮੀਡੀਏ ਦੀ ਕੁਵਰਤੋਂ ਕਰ ਕੇ ਨਵੇਂ ਤੋਂ ਨਵੇਂ ਭਰਮ ਭੁਲੇਖੇ ਵਾਲੇ ਹਊਏ ਖੜ੍ਹੇ ਕਰ ਕੇ ਲੋਕਾਂ ਦੇ ਨੱਕ ਵਿਚ ਨੱਥ ਪਾ, ਜਿੱਧਰ ਜੀਅ ਚਾਹੇ ਉਧਰ ਧੂਹ ਕੇ ਲੈ ਜਾਣਾ|
ਕੁਦਰਤ ਦੇ ਅਨਮੋਲ ਸੋਮਿਆਂ ਤੇ ਮੁਨਾਫੇ ਨੂੰ ਮੁੱਖ ਰੱਖਦਿਆਂ ਕਿਵੇਂ ਨਾ ਕਿਵੇਂ ਆਪਣੇ ਕਬਜ਼ੇ ‘ਚ ਲੈ ਕੇ ਲੁੱਟਣਾ ਕਿਸੇ ਵੀ ਕਾਇਦੇ ਕਾਨੂੰਨ ਦੀ ਉਲੰਘਣਾ ਹੈ| ਪਹਿਲੋਂ ਰਾਜੇ-ਮਹਾਰਾਜੇ, ਫੇਰ ਬਸਤੀਵਾਦੀ ਹਕੂਮਤਾਂ, ਅੱਜ ਦੇ ਦੌਰ ਵਿਚ ਵਪਾਰੀਆਂ, ਧਨਵਾਨਾਂ ਤੇ ਸਿਆਸਤਦਾਨਾਂ ਵਲੋਂ ਬਣਾਈਆਂ ਬਹੁਕੌਮੀ ਕੰਪਨੀਆਂ, ਦੁਨੀਆਂ ਭਰ ਦੀ ਬਹੁਤੀ ਜ਼ਰ (ਦੌਲਤ) ਅਤੇ ਜ਼ਮੀਨ ‘ਤੇ ਸਿੱਧੇ ਢੰਗਾਂ ਤਰੀਕਿਆਂ ਨਾਲ ਕਾਬਜ਼ ਹਨ| ਅਫਰੀਕਾ ਦੀ ਧਰਤੀ ‘ਚ ਦੱਸੇ ਖਜ਼ਾਨੇ, ਬ੍ਰਾਜ਼ੀਲ ਦੇ ਜੰਗਲ, ਅਰਬ ਦੇਸ਼ਾਂ ਦੇ ਮਾਰੂਥਲਾਂ ਵਾਲਾ ਕਾਲਾ ਸੋਨਾ (ਤੇਲ) ਸਿੱਧੇ ਤੇ ਟੇਢੇ-ਮੇਢੇ ਤਰੀਕਿਆਂ ਨਾਲ ਇਨ੍ਹਾਂ ਅਖੌਤੀ ਵਿਕਸਿਤ ਤੇ ਸਭਿਅਕ ਦੇਸ਼.ਾਂ ਨੇ ਹਥਿਆ ਲਿਆ ਹੈ| ਜੇ ਕਿਸੇ ਦੇਸ਼ ਕੌਮ ਜਾਂ ਖਿੱਤੇ ਦੇ ਲੋਕ ਮਾੜੀ ਮੋਟੀ ਚੂੰ-ਚਾਂ ਕਰਦੇ ਹਨ ਤਾਂ ਅਖੌਤੀ ਲੋਕਰਾਜ ਦਾ ਪਾਠ ਪੜ੍ਹਾਉਣ ਵਾਲੇ ਉਨ੍ਹਾਂ ਦੀ ਸੰਘੀ ਆਪਣੀ ਧੌਂਸ ਤੇ ਹੈਂਕੜ ਨਾਲ ਨੱਪਣ ਲਈ ਸਦਾ ਕਮਰ ਕੱਸੇ ਕਰੀ ਹੀ ਰੱਖਦੇ ਨੇ| ਵਿਚਾਰਧਾਰਾਵਾਂ, ਮਾਨਤਾਵਾਂ ਤੇ ਮਨੁੱਖੀ ਹੱਕਾਂ ਵਾਲਿਆਂ ਦੀ ਤੂਤੀ ਇਨ੍ਹਾਂ ਦੇ ਢੋਲ ਨਗਾਰਿਆਂ ਦੇ ਸਾਹਮਣੇ ਕੁਝ ਵੀ ਨਹੀਂ ਕਰ ਸਕਦੀ|
ਸਾਹਿਤ, ਸਭਿਆਚਾਰਕ ਕਦਰਾਂ-ਕੀਮਤਾਂ, ਬੋਲੀ, ਵਿਰਾਸਤ ਦੇ ਅਰਥ ਇਨ੍ਹਾਂ ਆਪਣੇ ਹਿੱਤਾਂ ਅਨੁਸਾਰ ਕੱਢ ਕੇ ਅਜਿਹਾ ਚਿੱਟਕਪੜੀਆ ਤਬਕਾ ਸਿਰਜ ਲਿਆ ਹੈ, ਜੋ ਆਪਣੇ-ਆਪ ਨੂੰ ਆਪ ਹੀ ਬੁੱਧੀਜੀਵੀ ਆਖਣ/ਅਖਵਾਉਣ ਵਿਚ ਫਖਰ ਮਹਿਸੂਸ ਕਰਦਾ ਹੈ| ਇਨ੍ਹਾਂ ਭੱਦਰਪੁਰਸ਼ਾਂ ਨੇ ਅਜਿਹੇ ਭਰਮਾਊ ਤੇ ਚਿਕਨੇ ਚੋਪੜੇ ਸ਼ਬਦ ਘੜ ਲਏ ਹਨ, ਜੋ ਆਮ ਲੋਕਾਂ ਦੀ ਭਲਾਈ ਤੋਂ ਕੋਹਾਂ ਦੂਰ ਤੇ ਅਪਹੁੰਚ ਹਨ| ਇਨ੍ਹਾਂ ਸੂਝਵਾਨਾਂ ਵਿਚੋਂ ਇੱਕ ਵੱਡਾ ਹਿੱਸਾ ਆਪਣੀ ਸੋਚ ਨੂੰ ਵਿਗਿਆਨਕ ਸਿੱਧ ਕਰਨ ਲਈ ਪੂਰੀ ਵਾਹ ਲਾਉਂਦਾ ਹੈ| ਕੁਦਰਤ ਦੇ ਵਿਰੁੱਧ ਇਨ੍ਹਾਂ ਨੇ ਜੰਗ ਵਿੱਢੀ ਹੋਈ ਹੈ| ਇਹ ਸਦਾ ਹੀ ਇਹ ਸਾਬਤ ਕਰਨ ਲਈ ਯਤਨ ਕਰਦੇ ਹਨ ਕਿ ਮਨੁੱਖ ਕੁਦਰਤ ਦੇ ਵਰਤਾਰਿਆਂ ਨੂੰ ਆਪਣੇ ਅਨੁਕੂਲ ਚਲਾਉਣ ਦੇ ਸਮਰੱਥ ਹੈ| ਉਂਜ ਇਤਿਹਾਸ ਦਰਸਾਉਂਦਾ ਹੈ ਕਿ ਕੁਦਰਤ ਦੇ ਪਸਾਰੇ ਨਾਲ ਕੀਤੀ ਛੇੜਛਾੜ ਦੇ ਨਤੀਜੇ ਅਕਸਰ ਘਾਤਕ ਹੀ ਨਿਕਲੇ ਹਨ| ਲੱਖ ਕੋਸ਼ਿਸ਼ਾਂ ਦੇ ਬਾਵਜੂਦ ਭੂਚਾਲਾਂ, ਸੁਨਾਮੀਆਂ, ਝੱਖੜ ਝੋਲਿਆਂ, ਬਰਫੀਲੇ ਤੂਫਾਨਾਂ, ਗੜੇਮਾਰੀ, ਹੜ੍ਹਾਂ, ਸੋਕਿਆਂ, ਜੰਗਲੀ ਅੱਗਾਂ, ਬਦਲਦੇ ਮੌਸਮਾਂ, ਬਿਮਾਰੀਆਂ, ਮਹਾਮਾਰੀਆਂ ਦਾ ਟਾਕਰਾ ਕਰਨ ‘ਚ ਮਨੁੱਖ ਹਮੇਸ਼ਾ ਅਸਫਲ ਹੀ ਰਿਹਾ ਹੈ| ਜੇ ਕਿਸੇ ਇੱਕ ਮਹਾਮਾਰੀ ਦੀ ਤਾਕਤ ਘਟਾਉਣ ਜਾਂ ਠੱਲ੍ਹਣ ‘ਚ ਅਸੀਂ ਥੋੜੇ ਬਹੁਤ ਕਾਮਯਾਬ ਹੋ ਵੀ ਗਏ ਤਾਂ ਅਗਲੀ ਵਾਰ ਉਹਦੇ ਨਾਲੋਂ ਵੀ ਵੱਧ ਮਾਰੂ ਤੇ ਭਿਆਨਕ ਸਾਡੇ ਸਾਹਮਣੇ ਆ ਖੜ੍ਹੀ ਹੋਈ|
ਕਿਸੇ ਵੇਲੇ ਹੈਜਾ, ਚੇਚਕ, ਮਲੇਰੀਆ, ਤਪਦਿਕ, ਪਲੇਗ ਘਾਤਕ ਸਮਝੀਆਂ ਜਾਂਦੀਆਂ ਸਨ, ਜਦੋਂ ਕਿ ਹੁਣ ਕੈਂਸਰ, ਕਾਲਾ ਪੀਲੀਆ, ਸ਼ੂਗਰ, ਬਲੱਡ ਪ੍ਰੈਸ਼ਰ, ਗੁਰਦਾ ਰੋਗ, ਅਲਰਜੀ ਨਾਲ ਸਬੰਧਤ ਬਿਮਾਰੀਆਂ, ਵਾਇਰਸ ਰੋਗ ਤਬਾਹੀ ਮਚਾ ਰਹੇ ਹਨ| ਕਦੀ ਬਰਡ ਫਲੂ, ਕਦੇ ਸਵਾਈਨ ਫਲੂ, ਡੇਂਗੂ, ਈਬੋਲਾ, ਮੈਡ ਕਾਉ ਤੇ ਅੱਜ ਦੀ ਤਰੀਕ ਵਿਚ ਕਰੋਨਾ ਨੇ ਕਹਿਰ ਮਚਾਇਆ ਹੋਇਆ ਹੈ| ਵਿਗਿਆਨ ਤੇ ਮਨੁੱਖ ਦੀ ਸਮਝ ਦਾ ਮਜ਼ਾਕ ਉਡਾਉਂਦੇ ਇਨ੍ਹਾਂ ਰੋਗਾਂ ਦਾ ਕੋਈ ਠੋਸ ਇਲਾਜ ਸਾਡੇ ਕੋਲ ਨਹੀਂ| ਕੁਦਰਤ ਦੇ ਇਸ ਕਹਿਰੀ ਵਰਤਾਉ ਦਾ ਮੁੱਖ ਕਾਰਨ ਸਾਡਾ ਕੁਦਰਤ ਦਾ ਰਾਹ ਛੱਡ ਕੇ ਅਖੌਤੀ ਹਉਮੈ ਵਾਲਾ ਹੰਕਾਰੀ ਰਾਹ ਅਪਨਾਉਣਾ ਹੈ|
ਅਸੀਂ ਆਪਣਾ ਸਾਰੇ ਦਾ ਸਾਰਾ ਆਲਾ-ਦੁਆਲਾ ਰਿਹਾਇਸ਼ੀ ਪਿੰਡ, ਬਸਤੀਆਂ, ਕਸਬੇ, ਸ਼ਹਿਰ, ਨਗਰ, ਮਹਾਨਗਰ ਪੱਕੇ, ਮਜ਼ਬੂਤ, ਵੇਖਣ ਨੂੰ ਸੋਹਣੇ-ਸੁੰਦਰ ਤਾਂ ਉਸਾਰ ਲਏ ਹਨ; ਪਰ ਹਕੀਕਤ ਵਿਚ ਇਹ ਬੋਦੇ, ਜਰਜ਼ਰੇ, ਪ੍ਰਦੂਸ਼ਿਤ, ਕਬੂਤਰਖਾਨਿਆਂ ਨਾਲੋਂ ਵੀ ਘਟੀਆ ਹਨ| ਇੱਥੇ ਭੀੜ ਭੜੱਕੇ, ਰੌਲੇ-ਰੱਪੇ, ਆਪਾ-ਧਾਪੀ, ਲੜਾਈ-ਝਗੜੇ, ਖੋਹ-ਖਿੰਝ, ਲੁੱਟ-ਖਸੁੱਟ, ਅੰਨ੍ਹੀ ਮੁਕਾਬਲੇਬਾਜ਼ੀ, ਪੀਣਯੋਗ ਪਾਣੀ ਤੇ ਖਾਧ ਪਦਾਰਥਾਂ, ਰਸੋਈ ਗੈਸ, ਬਾਲਣ ਦੀ ਘਾਟ, ਹਸਪਤਾਲਾਂ ਦੀਆਂ ਮਰੀਜ਼ਾਂ ਵਾਲੀਆਂ ਅਮੁੱਕ ਕਤਾਰਾਂ, ਵਿੱਦਿਆ ਦੇ ਨਾਂ ਹੇਠ ਬਾਜ਼ਾਰੂ ਪੜ੍ਹਾਈ ਦੀਆਂ ਦੁਕਾਨਾਂ, ਅਖੌਤੀ ਆਧੁਨਿਕ ਸਕੂਲ, ਕਾਲਜ, ਧੜਾਧੜ ਵਪਾਰਕ ਲਾਭਾਂ ਲਈ ਖੋਲ੍ਹੀਆਂ ਯੂਨੀਵਰਸਿਟੀਆਂ, ਆਵਾਜਾਈ ਦੀ ਘੜਮੱਸ ਦੇ ਨਜ਼ਾਰੇ, ਸਕੂਲ ਦੀ ਥਾਂ ਨਰਕਾਂ ਦੀਆਂ ਝਲਕਾਂ ਬਾਖੂਬੀ ਪੇਸ਼ ਕਰ ਰਹੇ ਹਨ| ਇੱਥੋਂ ਦੀ ਗੰਦੀ ਜ਼ਹਿਰੀਲੀ ਹਵਾ, ਪ੍ਰਦੂਸ਼ਿਤ ਪਾਣੀ, ਬੇਹੀਆਂ ਬੁਸੀਆਂ, ਘਾਤਕ ਬਨਾਉਟੀ ਖਾਣ ਵਾਲੀਆਂ ਵਸਤਾਂ, ਖਾਣ ਵਾਲਿਆਂ ਵਿਚੋਂ ਕੋਈ ਵਿਰਲਾ ਹੀ ਤੰਦਰੁਸਤ ਰਹਿ ਸਕਦਾ ਹੈ| ਸਰੀਰਕ, ਮਾਨਸਿਕ ਤੇ ਸਮਾਜਕ ਰੋਗਾਂ ਦੀ ਭਰਮਾਰ ਦੇ ਸਿਰ ‘ਤੇ ਸਿਆਸੀ ਦਾਅ ਪੇਚ ਖੇਡ ਕੇ ਹਕੂਮਤਾਂ ਚਲਾਈਆਂ/ਉਲਟਾਈਆਂ ਜਾਂਦੀਆਂ ਹਨ| ਇੱਥੇ ਵਸਦੇ ਕਾਂ ਹੰਸਾਂ ਦੀ ਡਾਰ ਵਿਚ ਰਲਣ ਲਈ ਕਾਹਲੇ ਹੋਣ ਕਰਕੇ ਆਪਣੇ ਆਲ੍ਹਣੇ ਤੇ ਕਾਂ-ਕਾਂ ਨੂੰ ਭੁੱਲਣ ‘ਚ ਵੀ ਭਲਾ ਲੱਭ ਰਹੇ ਨੇ| ਸਦੀਆਂ ਤੋਂ ਚੱਲੀਆਂ ਆ ਰਹੀਆਂ ਸਿਹਤਮੰਦ ਰਵਾਇਤਾਂ, ਉਸਾਰੂ ਕਦਰਾਂ-ਕੀਮਤਾਂ, ਕੁਦਰਤ ਦਾ ਸਤਿਕਾਰ, ਸਰਬੱਤ ਦਾ ਭਲਾ, ਸਹਿਜ, ਸਬਰ, ਸੰਤੋਖ ਵਾਲਾ ਰਾਹ ਉਹ ਤਿਆਗ ਚੁੱਕੇ ਨੇ| ਅਖੌਤੀ ਸਭਿਅਕ, ਵਿਕਸਿਤ, ਅੱਗੇ ਵਧੇ ਦੇਸ਼ਾਂ ਦੀ ਘਿਨਾਉਣੀ ਨਕਲ ਨੇ ਉਨ੍ਹਾਂ ਨੂੰ ਨਾ ਘਰ ਦੇ ਛੱਡਿਆ ਹੈ, ਨਾ ਘਾਟ ਦੇ। ਅਸਲ ਵਿਚ ਅੱਜ ਦੇ ਦੌਰ ਦੇ ਮਨੁੱਖ ਨੇ ਸਾਨੂੰ ਕੁਦਰਤ ਤੋਂ ਬੇਮੁੱਖ ਕਰ ਨਿਜ ਵੱਲ ਜੋੜਨ ਦੀ ਜੋ ਕੋਤਾਹੀ ਕੀਤੀ ਹੈ, ਅਸੀਂ ਸਭ ਉਸ ਭੁੱਲ ਦਾ ਹੀ ਖਮਿਆਜ਼ਾ ਭੁਗਤ ਰਹੇ ਹਾਂ|
ਬਿਮਾਰੀਆਂ, ਮਹਾਮਾਰੀਆਂ ਜਿਵੇਂ ਕਰੋਨਾ ਦਾ ਕਹਿਰ ਵਾਪਰ ਰਿਹਾ ਹੈ, ਕੁਦਰਤ ਦੇ ਵਿਰੁੱਧ ਭੁਗਤਣ ਦਾ ਹੀ ਨਤੀਜਾ ਹੈ| ਇਹ ਦ੍ਰਿਸ਼ ਇਨਸਾਨ ਸਦੀਆਂ ਤੋਂ ਦੇਖਦਾ, ਛੱਲਦਾ ਆ ਰਿਹਾ ਹੈ, ਉਥੇ ਇਨ੍ਹਾਂ ਕੋਲੋਂ ਇਹਨੇ ਕੋਈ ਸਬਕ ਨਹੀਂ ਸਿੱਖਿਆ| ਜਿੰਨਾ ਚਿਰ ਅਸੀਂ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਸਿਆਣੇ ਨਹੀਂ ਬਣਦੇ, ਅਜਿਹੇ ਭਿਆਨਕ ਭਾਣੇ ਵਰਤਦੇ ਹੀ ਰਹਿਣਗੇ|
ਜੇ ਕਰੋਨਾ ਵਾਲੀ ਕੁੱਲ ਸੰਸਾਰ ਦੀ ਅੱਧੀ ਵੱਸੋਂ ਨੇ ਸਿੱਧੇ ਤੌਰ ‘ਤੇ ਬਾਕੀ ਰਹਿੰਦੀ ਨੂੰ ਆਪਣੇ ਮਾਰੂ ਅਸਰ ਕਾਰਨ ਲਪੇਟ ਵਿਚ ਲੈਣਾ ਹੋਵੇ ਤਾਂ ਕਈ ਅਜਿਹੇ ਤੱਥ ਸਪਸ਼ਟ ਹੋ ਜਾਂਦੇ ਹਨ, ਜੋ ਅੱਗੇ ਵਧਣ, ਤਰੱਕੀ ਕਰਨ, ਸਭਿਅਕ ਬਣਨ ਦੀ ਭਰਾ ਮਾਰੂ ਦੌੜ ਵਿਚ ਇਨਸਾਨ ਨੇ ਮੁੱਢੋਂ ਹੀ ਭੁਲਾ ਦਿੱਤੇ| ਸਨਅਤਕਾਰੀ, ਸ਼ਹਿਰੀਕਰਨ, ਵਪਾਰਕ ਵਿੱਦਿਆ, ਬਾਜ਼ਾਰੂ ਤੰਦਰੁਸਤੀ, ਮੁਨਾਫੇਖੋਰੀ ਨੂੰ ਮੁੱਖ ਰੱਖਦਿਆਂ ਕੀਤੀ ਖੋਜਕਾਰੀ, ਭਰਾਮਾਰੂ ਜੰਗਾਂ-ਯੁੱਧਾਂ ਲਈ ਅਸਲੇ, ਬੰਬਾਂ, ਮਿਜ਼ਾਇਲਾਂ ਦੇ ਅੰਬਾਰ, ਕੁਰਾਹੇ ਪਾਉਣ ਵਾਲੇ ਸੰਚਾਰ ਸਾਧਨ, ਜ਼ਮੀਨੀ ਸਮੁੰਦਰੀ ਹਵਾਈ ਆਵਾਜਾਈ ਦੀ ਘੜਮੱਸ, ਨਸਲਾਂ, ਜਾਤਾਂ, ਧਰਮਾਂ, ਬੋਲੀਆਂ ‘ਚ ਵੰਡ ਪਾਉਣ ਦੀਆਂ ਕੁਚਾਲਾਂ, ਸਮਾਜ ਪਰਿਵਾਰ ਤੇ ਆਮ ਮਨੁੱਖ ਨੂੰ ਹੇਚ ਸਮਝਣ ਵਾਲਾ ਮਨੋਰੰਜਨ ਸਾਹਿਤ ਤੇ ਫਲਸਫਾ, ਲਿੰਗਕ ਵਿਰੋਧ, ਲੋਕ-ਰਾਜ, ਮਨੁੱਖੀ ਹੱਕਾਂ, ਸਮਾਜ ਸੇਵਾ ਦੇ ਨਾਂਵਾਂ ਦੀ ਦੁਰਵਰਤੋਂ, ਸਭ ਤੋਂ ਵੱਧ ਜੀਵਨ ਦੇ ਆਧਾਰ ਖੇਤੀ ਦੀ ਅਣਦੇਖੀ ਤੇ ਬਿਨਾ ਹਲ ਹਿਲਾਇਆਂ ਮਾਇਆ ਇਕੱਠੀ ਕਰਨ ਦੇ ਧੰਦਿਆਂ ਦੀ ਹੱਲਾਸ਼ੇਰੀ ਜਿਹੇ ਵਿਸ਼ਿਆਂ ਦੀ ਮਨਮਰਜ਼ੀ ਦੀ ਵਿਆਖਿਆ ਸਾਨੂੰ ਲੈ ਬੈਠੀ ਹੈ|
ਜੀਭ ਦਾ ਸਵਾਦ ਦਿਮਾਗ ਦੀ ਵਰਜਣਾ ਭੁੱਲ ਸਾਡੀ ਖਾਧ-ਖੁਰਾਕ ‘ਤੇ ਹਾਵੀ ਹੋ ਗਿਆ ਹੈ| ਇਹ ਖਾਊ-ਹੰਢਾਊ ਭੋਗਵਾਦੀ ਸਭਿਆਚਾਰ, ਕੁਦਰਤ ਨੇ ਖਾਧ ਖੁਰਾਕ ਲਈ ਅਣਗਿਣਤ ਪਦਾਰਥਾਂ ਦੀ ਸਿਰਜਣਾ ਭੂਗੋਲਿਕ ਹਾਲਤਾਂ ਅਨੁਸਾਰ ਕੀਤੀ ਹੈ| ਗਰਮ, ਖੁਸ਼ਕ, ਠੰਢੇ, ਸੀਤ ਅਤੇ ਸਿੱਲ੍ਹੇ ਤਰ ਮੌਸਮਾਂ ਅਨੁਸਾਰ ਹੀ ਬਨਾਸਪਤੀ ਹੁੰਦੀ ਹੈ| ਜੀਵ-ਜੰਤੂਆਂ ਦੀਆਂ ਖੁੱਡਾਂ, ਘੁਰਨੇ, ਕੁੰਦਰਾਂ, ਆਲ੍ਹਣੇ, ਰਿਹਾਇਸ਼ਗਾਹਾਂ ਹਮੇਸ਼ਾ ਰੁੱਤਾਂ, ਹਵਾਵਾਂ ਅਤੇ ਜਲ-ਥਲ ਦੀ ਭੂਗੋਲਿਕ ਅਨੁਕੂਲਤਾ ਅਨੁਸਾਰ ਹੀ ਹੁੰਦੀਆਂ ਹਨ| ਬਿਰਖ ਬੂਟਿਆਂ ਦੇ ਆਕਾਰ, ਫਲ-ਫੁੱਲ, ਪੱਤ-ਸੁੱਤ ਤੇ ਵਧਣ ਵਿਗਸਣ, ਪੁੰਗਰਨ ਦੇ ਸਮੇਂ ਨੂੰ ਵੀ ਕੁਦਰਤ ਹੀ ਨਿਰਧਾਰਤ ਕਰਦੀ ਹੈ| ਕੈਨੇਡਾ ਵਿਚ ਜੰਡ, ਵਣ, ਕਰੀਰ, ਪਿੱਪਲ, ਬੋਹੜ ਦੇ ਰੁੱਖ ਨਹੀਂ ਹੁੰਦੇ ਅਤੇ ਪੰਜਾਬ ਵਿਚ ਮੈਪਲ ਨਹੀਂ ਉਗ ਸਕਦਾ| ਗੱਲ ਪ੍ਰਾਣੀ ਜਗਤ ਦੀ ਕਰਨੀ ਹੋਵੇ ਤਾਂ ਕਾਦਰ ਦੀ ਸਿਰਜਣਾ ਦੀ ਤਸਬੀਰ ਹੋਰ ਸਪਸ਼ਟ ਹੋ ਜਾਂਦੀ ਹੈ| ਸੰਘਣੀ ਜੱਤ, ਫਰ ਵਾਲੇ ਪੰਛੀ ਬਰਫੀਲੇ ਦੇਸ਼ਾਂ ਵਿਚ ਹੀ ਹੁੰਦੇ ਹਨ ਅਤੇ ਪਤਲੀ ਚਮੜੀ ਵਾਲੇ ਨਗੌਰੀ ਬਲਦ ਜਾਂ ਬੀਕਾਨੇਰੀ ਊਠ ਜਾਂ ਹਾਥੀ, ਗੈਂਡੇ ਗਰਮ ਦੇਸ਼ਾਂ ਦੀ ਹੀ ਸ਼ਾਨ ਹੁੰਦੇ ਹਨ| ਤਾਮਿਲਨਾਡੂ, ਕੇਰਲ, ਸ੍ਰੀਲੰਕਾ ਦੇ ਵਸਨੀਕ ਨੰਗੇ ਪੈਰੀਂ ਜਾਂ ਚੱਪਲਾਂ ਹੀ ਪਾਉਂਦੇ ਹਨ ਅਤੇ ਨਾਰਵੇ, ਸਵੀਡਨ, ਰੂਸ ਵਾਲੇ ਭਾਰੇ ਬੂਟ ਤੇ ਗਰਮ ਜੁਰਾਬਾਂ ਤੋਂ ਬਿਨਾਂ ਘਰੋਂ ਨਿਕਲ ਹੀ ਨਹੀਂ ਸਕਦੇ|
ਮਨੁੱਖੀ ਸਮਾਜ ਹਜ਼ਾਰਾਂ ਲੱਖਾਂ ਸਾਲਾਂ ਵਿਚ ਕੁਦਰਤ ਦੇ ਵਰਤਾਰਿਆਂ ਅਤੇ ਆਪਣੇ ਅਨੁਭਵਾਂ ਤਜਰਬਿਆਂ ਤੋਂ ਸਿੱਖਦਾ/ਸਿਖਾਉਂਦਾ ਸਾਡੇ ਸਮਿਆਂ ਵਿਚ ਪਹੁੰਚਿਆ ਹੈ| ਜਦੋਂ ਸਾਡੇ ਵੱਡ-ਵਡੇਰੇ ਪਸੂਆਂ ਦੇ ਪੱਧਰ ‘ਤੇ ਹੀ ਜੀਅ ਰਹੇ ਸਨ ਤਾਂ ਉਨ੍ਹਾਂ ਦੀ ਮਨੋਬਿਰਤੀ ਵੀ ਡੰਗਰਾਂ ਜਿਹੀ ਹੀ ਸੀ| ਲੜਨ, ਭਿੜਨ, ਖੋਹਣ, ਖਿੰਝਣ, ਮਿੱਧਣ, ਲਤਾੜਨ, ਜੀਭ ਦਾ ਝੱਸ ਪੂਰਾ ਕਰਨ, ਲਿੰਗਕ ਲੋੜਾਂ ਦੀ ਪੂਰਤੀ ਲਈ ਖੂਨੀ ਝੜਪਾਂ, ਕਮਜ਼ੋਰਾਂ, ਮਾੜਿਆਂ ਤੇ ਬੁੱਢਿਆਂ ਠੇਰਿਆਂ ਤੇ ਮਾਦਾ ਜਿਸਮ ਵਾਲੀਆਂ ‘ਤੇ ਰੋਅਬ ਪਾਉਣ ਤੇ ਧੌਂਸ ਜਮਾਉਣ ਦੀਆਂ ਘਿਨਾਉਣੀਆਂ ਕਰਤੂਤਾਂ ਹੱਦੋਂ ਵੱਧ ਗਈਆਂ ਤਾਂ ਸਮਾਜ ਨੇ ਮੋੜਾ ਕੱਟਿਆ| ਇਨ੍ਹਾਂ ਪਸੂ-ਬਿਰਤੀਆਂ ਨੂੰ ਕਾਬੂ ਕਰਨ ਲਈ ਵਿਆਹ ਦੀ ਪਿਰਤ ਹੋਂਦ ‘ਚ ਆਈ| ਕੁਝ ਫਿਕਰਮੰਦ ਬੰਦਿਆਂ ਅਤੇ ਕੁਦਰਤੀ ਜ਼ਿੰਮੇਵਾਰੀ ਨਿਭਾਉਣ ਵਾਲੀਆਂ ਔਰਤਾਂ ਨੇ ਪਸੂਆਂ ਦੇ ਇਸ ਬੇਮੁਹਾਰੇ ਆਪਹੁਦਰੇ ਵੱਗ ਨੂੰ ਕਾਬੂ ‘ਚ ਰੱਖਣ ਲਈ ਕਈ ਕਿਸਮ ਦੇ ਕਾਇਦੇ ਕਾਨੂੰਨ ਸਥਾਪਤ ਕਰ ਕੇ ਸਭਿਆਤਾਵਾਂ, ਸਭਿਆਚਾਰ ਤੇ ਸਲੀਕੇਦਾਰ ਕਦਰਾਂ-ਕੀਮਤਾਂ ਦਾ ਮੁੱਢ ਬੰਨ੍ਹਿਆ| ਪਰਿਵਾਰ ਬਣੇ, ਘਰ ਉਸਰੇ, ਭਾਈਚਾਰਕ ਸਬੰਧ ਤੇ ਸਾਕ ਸਰੀਕੇ ਹੋਂਦ ਵਿਚ ਆਏ|
ਹੌਲੀ-ਹੌਲੀ ਸਮੇਂ ਦੇ ਬਦਲਣ ਨਾਲ ਮਾਤਾਵਾਂ ਵਲੋਂ ਸਿਰਜਿਆ ਭਾਈਚਾਰਾ ਫੇਰ ਮਰਦਾਂ ਦੀ ਗ੍ਰਿਫਤ ਵਿਚ ਆ ਗਿਆ, ਕਿਉਂਕਿ ਅੰਸ਼-ਵੰਸ਼ ਵਧਾਉਣ ਦੀ ਦਾਤ ਕੁਦਰਤ ਨੇ ਔਰਤ ਜਾਤ ਨੂੰ ਹੀ ਬਖਸ਼ੀ ਹੈ| ਇਹਦੇ ਕਾਰਨ ਸਰੀਰਕ ਪੱਖੋਂ ਇਹ ਮਰਦਾਂ ਨਾਲ ਮੁਕਾਬਲਾ ਨਾ ਕਰਨ ਕਰਕੇ ਉਹਦੀ ਧੌਂਸ, ਧੱਕੇ, ਹਵਸ, ਹਉਮੈ ਦੀ ਸ਼ਿਕਾਰ ਹੁੰਦੀ ਰਹੀ| ਰਾਜਿਆਂ, ਮਹਾਰਾਜਿਆਂ, ਬਾਦਸ਼ਾਹਾਂ-ਸ਼ਹਿਨਸ਼ਾਹਾਂ ਦੇ ਦੌਰ ਵਿਚ ਔਰਤਾਂ ਨਾਲ ਜੋ ਹੋਇਆ, ਉਹ ਦਰਦਨਾਕ ਘਟਨਾਵਾਂ ਪੜ੍ਹ-ਸੁਣ ਕੇ ਹੀ ਦਿਲ ਦਹਿਲ ਜਾਂਦਾ ਹੈ| ਧਰਮਾਂ-ਮਜ਼੍ਹਬਾਂ ਵਾਲੇ, ਮਨੁੱਖੀ ਹੱਕਾਂ ਦੇ ਮੁੱਦਈ, ਫਲਸਫੀ ਦਾਰਸ਼ਨਿਕਤਾ ਦੇ ਹੀਲੇ ਵਸੀਲੇ ਕਰਨ ਵਾਲੇ ਵੀ ਸੂਝਵਾਨ ਸਮਾਜ ਉਸਾਰੀ ਨਾ ਕਰਵਾ ਸਕੇ| ਸਿਆਸਤਦਾਨ, ਸਾਹਿਤਕਾਰ, ਵਿਗਿਆਨੀ ਵੀ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਉਲਝਾਉਣ ਵਿਚ ਹੀ ਮਸਰੂਫ ਰਹੇ|
ਅਤਿ ਖੁਦਾ ਦਾ ਵੈਰ, ਸਾਡਾ ਸਦੀਆਂ ਪੁਰਾਣਾ ਮੁਹਾਵਰਾ ਹੈ| 2020 ਵਾਲੀ ਬਸੰਤ ਰੁੱਖ ‘ਚ ਛਾਈ ਪੱਤਝੜ ਨੇ, ਜੋ ਕਹਿਰ ਕਰੋਨਾ ਦੀ ਮਹਾਮਾਰੀ ਨੇ ਚੌਹੀਂ ਕੂਟੀਂ ਵਰਤਾਇਆ ਹੈ, ਉਸ ਦਾ ਮੁੱਖ ਕਾਰਨ ਮਨੁੱਖ ਵਲੋਂ ਹਰ ਖੇਤਰ ਵਿਚ ਫੈਲਾਇਆ ਅਤਿਵਾਦ ਹੀ ਹੈ| ਕੀ ਪਹਾੜਾਂ ਦੀਆਂ ਗਗਨ ਚੁੰਮਦੀਆਂ ਕੁਦਰਤ ਦੀ ਕਾਰੀਗਰੀ ਦੇ ਅਦਭੁਤ ਨਮੂਨੇ ਬਰਫਾਨੀ ਚੋਟੀਆਂ, ਅਮਾਜ਼ੋਨ ਤੇ ਅਫਰੀਕਾ ਦੇ ਵੰਨ-ਸੁਵੰਨਤਾ ਦੀ ਮਹਿਕ, ਭਰਪੂਰ ਸੰਘਣੇ ਜੰਗਲ, ਉਤਰੀ ਦੱਖਣੀ ਧਰੁਖਾਂ ਤੇ ਲੱਖਾਂ ਵਰ੍ਹਿਆਂ ‘ਚ ਜੰਮੀ ਕੁਦਰਤ ਦੀ ਅਨਮੋਲ ਬਖਸ਼ਿਸ਼ ਮੀਲਾਂ ਮੋਟੀਆਂ ਦੁੱਧ ਚਿੱਟੀ ਜੀਵਨ ਦਾਤੀ ਬਰਫ ਦੀਆਂ ਪਰਤਾਂ, ਨੀਲ ਸਿੰਧ, ਅਮਾਜ਼ੋਨ, ਵੋਲਗਾ ਜਿਹੇ ਅਮੁੱਕ ਜਲ ਭੰਡਾਰਾਂ ਦੇ ਸੋਮੇ, ਦਰਿਆ, ਕੈਸਪੀਅਨ, ਮਾਨਸਰੋਵਰ, ਵਿਕਟੋਰੀਆ, ਟਾਹੋ ਤੇ ਗਰੇਟ ਲੇਕਸ ਜਿਹੀਆਂ ਅਦਭੁਤ ਨਜ਼ਾਰਿਆਂ ਵਾਲੀਆਂ ਝੀਲਾਂ| ਥਾਰ, ਅਰਬ, ਗੋਬੀ, ਸਹਾਰਾ ਤੇ ਆਸਟਰੇਲੀਆ ਦੇ ਰੇਗਿਸਤਾਨੀ ਮਾਰੂਥਲ, ਬੀਆਬਾਨ ਲੋੜੀ-ਮੁਨਾਫੇਖੋਰ, ਨਿਜਵਾਦੀ, ਭੋਗ ਵਿਲਾਸੀ ਸ਼ੈਤਾਨੀ ਇਨਸਾਨ ਨੇ ਕੁਦਰਤ ਕੋਲੋਂ ਖੋਹ ਕੇ ਬਾਜ਼ਾਰੂ-ਵਪਾਰਕ ਸੈਲਾਨੀ ਟੂਰਿਸਟ ਅੱਡੇ ਬਣਾਉਣ ਦੇ ਬੇਰਹਿਮ ਕਾਰੇ ਕੀਤੇ| ਸਾਗਰਾਂ ਦੇ ਕੰਢੇ, ਦਰਿਆਵਾਂ ਦੀਆਂ ਵਾਦੀਆਂ, ਪਹਾੜਾਂ ਦੀਆਂ ਢਲਾਣਾਂ, ਮਾਰੂਥਲਾਂ ਵਿਚਲੇ ਨਖਲਿਸਤਾਨ, ਸਮੁੰਦਰੀ ਟਾਪੂ, ਮਨੁੱਖ ਦੇ ਰੂਪ ਵਿਚ ਵਿਚਰਦੇ ਹਵਸੀ ਕਾਮੁਕ ਭੋਗੀ ਦੈਂਤਾਂ ਨੇ ਜੂਏਖਾਨੇ, ਨਾਚਘਰ, ਸ਼ਰਾਬਖਾਨੇ ਤੇ ਵੇਸਵਾਵਾਂ ਦੇ ਅੱਡੇ ਬਣਾ ਕੇ ਕੁਦਰਤ ਨੂੰ ਚਿੜਾਇਆ ਤੇ ਠਿੱਠ ਕੀਤਾ ਹੈ|
ਪੀਰਾਂ, ਪੈਗੰਬਰਾਂ, ਗੁਰੂਆਂ, ਅਵਤਾਰਾਂ, ਮਹਾਪੁਰਸ਼ਾਂ, ਰਿਸ਼ੀਆਂ, ਮੁਨੀਆਂ, ਭਗਤਾਂ, ਸੂਫੀਆਂ ਨਾਲ ਸਬੰਧਤ ਨੂੰ ਵੀ ਰੂਹ ਨੂੰ ਸਕੂਨ ਵਾਲੇ ਤੀਰਥਾਂ ਦੀ ਥਾਂ ਧਾਰਮਿਕ ਟੂਰਿਜ਼ਮ ਦੇ ਮੁਨਾਫੇਖੋਰ ਵਪਾਰ ਦੇ ਕੇਂਦਰ ਬਣਾ ਲਿਆ ਹੈ| ਧਰਮ ਕਰਮ ਦੇ ਪਰਦੇ ਹੇਠ ਕੀਤੇ ਜਾਂਦੇ ਕਰਮ ਕਾਂਡੀ ਭੀੜਾਂ ਭਰੇ ਇਕੱਠ, ਮੇਲੇ, ਸੋਭਾ-ਯਾਤਰਾਵਾਂ, ਜਲਸੇ, ਜਲੂਸ ਹਕੀਕਤ ਵਿਚ ਅਧਿਆਤਮਕ ਪੁੰਨ ਦੇ ਕਾਰਜ ਨਹੀਂ, ਅੰਧ-ਵਿਸ਼ਵਾਸ ਫੈਲਾਉਣ, ਵਿਖਾਵੇ, ਹਉਮੈ, ਹੰਕਾਰ ਭਰੀ ਇਸ਼ਤਿਹਾਰਬਾਜ਼ੀ ਦੇ ਵਪਾਰਕ ਧੰਦੇ ਬਣ ਗਏ ਹਨ| ਸਾਰੇ ਦੇ ਸਾਰੇ ਧਰਮਾਂ ਦੇ ਮੋਢੀ ਤਾਂ ਸਬਰ, ਸੰਤੋਖ, ਸੰਜਮ ਤੇ ਸਹਿਜ ਦੀ ਸਿੱਖਿਆ ਦਿੰਦੇ ਹਨ ਤੇ ਉਨ੍ਹਾਂ ਮਹਾਪੁਰਖਾਂ ਦੇ ਅਖੌਤੀ ਪੈਰੋਕਾਰ ਆਪੋ-ਆਪਣੇ ਅਕੀਦਿਆਂ ਨੂੰ ਹੀ ਸਰਬਸ੍ਰੇਸ਼ਟ, ਉਤਮ ਤੇ ਇੱਕੋ-ਇੱਕ ਉਚਾ ਤੇ ਸੁੱਚਾ ਦਰਸਾਉਣ ਦੀ ਧੁਨ ਵਿਚ ਹਰ ਹਰਬਾ ਵਰਤਣ ਲਈ ਸਦਾ ਤਤਪਰ ਰਹਿੰਦੇ ਹਨ| ਅਖੌਤੀ ਚਮਤਕਾਰੀ ਬਾਬਿਆਂ ਦੀਆਂ ਹੇੜ੍ਹਾਂ ਨੇ ਚਲਾਕੀ, ਮੱਕਾਰੀ ਤੇ ਹੁਸ਼ਿਆਰੀ ਨਾਲ ਆਮ ਲੋਕਾਈ ਨੂੰ ਵਹਿਮਾਂ-ਭਰਮਾਂ ਦੇ ਮੱਕੜਜਾਲ ਵਿਚ ਜਕੜਨ ਲਈ ਅੱਤ ਮਚਾਇਆ ਹੋਇਆ ਹੈ| ਇਨ੍ਹਾਂ ਅਡੰਬਰੀ ਅਤਿਵਾਦੀ ਅੱਡਿਆਂ ਦੀ ਪੁਸ਼ਤਪਨਾਹੀ ਅਖੌਤੀ ਸਿਆਸੀ ਆਗੂ ਆਪਣੀਆਂ ਕਮਜ਼ੋਰੀਆਂ ਲੁਕਾਉਣ ਲਈ ਕਰਦੇ ਹਨ|
ਜ਼ਿਕਰ ਖਾਧ ਖੁਰਾਕ ਦਾ ਕਰਨਾ ਹੋਵੇ ਤਾਂ ਮੈਰਿਜ ਪੈਲੇਸ ਵਿਚ ਵਿਆਹ ਦੇ ਨਾਂ ਹੇਠ ਲੱਗੇ ਮੇਲੇ ਦਾ ਦ੍ਰਿਸ਼ ਹੀ ਕਾਫੀ ਹੈ| ਦਲੀਦੀ-ਮਲੀਦੀ ਵਿਚ ਨਾ ਧੇਤਿਆਂ ਦਾ ਪਤਾ ਲਗਦਾ ਹੈ ਅਤੇ ਨਾ ਹੀ ਪੁਤੇਤਿਆਂ ਦਾ| ਸੈਂਕੜੇ ਨਹੀਂ, ਹਜ਼ਾਰਾਂ ਦੀ ਤਾਦਾਦ ਵਿਚ ਇੱਥੇ ਉਮੜੀ ਭੀੜ ਸਵੇਰ ਤੋਂ ਸ਼ਾਮ ਤੀਕ ਬਰਾਤ ਦੇ ਢੁੱਕਣ ਤੋਂ ਵਿਦਾਇਗੀ ਤੀਕ ਖਾਂਦੀ ਘੱਟ ਦੇ ਜੂਠ ਦੇ ਅੰਬਾਰ ਲਾਉਣ ਨੂੰ ਸ਼ਾਨ ਸਮਝਦੀ ਹੈ| ਅਚਾਰ, ਚਟਣੀਆਂ, ਪਾਪੜ, ਸਲਾਦ, ਪਕੌੜੇ, ਸਮੋਸੇ, ਗੋਲ-ਗੱਪੇ; ਰੰਗ-ਬਿਰੰਗੇ ਕੋਲਡ ਡਰਿੰਕਸ, ਕਈ ਕਿਸਮ ਦੀ ਸ਼ਰਾਬ; ਰੁਮਾਲੀ, ਤੰਦੂਰੀ, ਮਿੱਸੀਆਂ, ਮੱਕੀ ਦੀਆਂ ਰੋਟੀਆਂ; ਮੀਟ, ਮੱਛੀ, ਚਿਕਨ, ਆਂਡੇ, ਭਾਂਤ-ਭਾਂਤ ਦੀਆਂ ਮਠਿਆਈਆਂ; ਦਹੀਂ-ਭੱਲੇ, ਲੱਸੀ, ਕੱਟੇ ਹੋਏ ਫਲ, ਜੂਸ, ਚਾਹ, ਕੌਫੀ, ਸਵੀਟ ਡਿਸ਼ਾਂ, ਆਈਸ ਕਰੀਮ, ਬੋਤਲ ਬੰਦ ਪਾਣੀ ਆਦਿ ਭਲਾ ਕੋਈ ਬੰਦਾ ਕਿਵੇਂ ਤੇ ਕਿੰਨਾ ਕੁ ਖਾ ਸਕਦਾ ਹੈ?
ਸ਼ੋਰ-ਸ਼ਰਾਬੇ, ਢੋਲ-ਢਮੱਕੇ ਦੀ ਤੇ ਇੱਥੇ ਹਨੇਰੀ ਆਈ ਹੁੰਦੀ ਹੈ| ਲੱਚਰ ਗਾਈਕੀ, ਅਸ਼ਲੀਲ ਹਰਕਤਾਂ ਵਾਲੀਆਂ ਬਾਂਦਰ ਟਪੂਸੀਆਂ ਤੇ ਅਧਨੰਗੀਆਂ ਨਾਚੀਆਂ ‘ਤੇ ਹੋ ਰਹੀ ਮਾਇਆ ਦੀ ਵਰਖਾ, ਕਿਹੜੇ ਗ੍ਰਹਿਸਥੀ ਜੀਵਨ ਦਾ ਮੁੱਢ ਬੰਨ੍ਹ ਰਹੇ ਹੁੰਦੇ ਹਨ? ਵਰਦੀਧਾਰੀ ਚਿੱਟ-ਕੱਪੜੀਏ ਬਹਿਰੇ ਅਤੇ ਪਰੀਆਂ ਜਿਹੀਆਂ ਪਾਰਦਰਸ਼ੀ ਪੁਸ਼ਾਕਾਂ ਵਾਲੀਆਂ ਅੱਲ੍ਹੜ ਮੁਟਿਆਰਾਂ ਕਿਹੜੇ ਸਭਿਆਚਾਰ ਦੀ ਨੁਮਾਇੰਦਗੀ ਕਰਦੀਆਂ ਹਨ? ਰਹਿੰਦੀ ਕਸਰ ਵੀਡੀਓ ਕੈਮਰਿਆਂ ਵਾਲੇ ਮੂੰਹਾਂ ‘ਚ ਚਮਚੇ ਪਾਉਂਦਿਆਂ ਦੀਆਂ ਤਸਵੀਰਾਂ ਖਿੱਚ ਕੇ ਕੱਢ ਦਿੰਦੇ ਨੇ| ਲਾੜਾ ਲਾੜੀ ਨੂੰ ਸੋਫਿਆਂ ‘ਤੇ ਬਿਠਾ ਕੇ ਕਤਾਰਾਂ ਵਿਚ ਵਾਰੀ ਦੀ ਉਡੀਕ ਕਰਦਿਆਂ, ਨੋਟ ਵਿਖਾ-ਵਿਖਾ ਕੇ ਕੀਤੀ ਅਪਣੱਤ ਦੀ ਅਹਿਮੀਅਤ ਕਿੰਨੀ ਕੁ ਹੈ? ਦਾਜ-ਦਹੇਜ, ਮਿਲਣੀਆਂ, ਛੱਲੇ-ਮੁੰਦੀਆਂ, ਕੰਬਲਾਂ ਦੀਆਂ ਪੰਡਾਂ ਤੇ ਦਾਜ ਵਾਲੀਆਂ ਕਾਰਾਂ ਦੀ ਲਾਇਨ ਕਿਹੋ ਜਿਹੇ ਸਮਾਜ ਦੀ ਉਸਾਰੀ ਕਰ ਰਹੇ ਨੇ? ਇਹ ਅਤਿਵਾਦ ਦਾ ਸਿਖਰ ਨਹੀਂ ਤਾਂ ਹੋਰ ਕੀ ਹੈ?
ਕੁਦਰਤ ਵਿਰੁਧ ਕੀਤੀਆਂ ਕਰਤੂਤਾਂ ਦੀ ਫਹਿਰਿਸਤ ਬਿਨਾ ਸ਼ੱਕ ਬਹੁਤ ਲੰਮੀ ਹੈ| ਇਨ੍ਹਾਂ ਨੂੰ ਇੱਕ ਹੀ ਲਿਖਤ ਵਿਚ ਸਮੇਟਣਾ ਸੰਭਵ ਨਹੀਂ| ਸਿਰਫ ਹੁਣ ਵਾਲੀ ਹੋਈ ਤਬਾਹੀ ‘ਤੇ ਮਾਰੀ ਇੱਕ ਝਾਤ ਹੀ ਸਥਿਤੀ ਨੂੰ ਸਮਝਣ ਲਈ ਕਾਫੀ ਹੈ| ਲੰਘੇ ਕੁਝ ਕੁ ਮਹੀਨਿਆਂ ਵਿਚ ਹੀ ਅਸੀਂ ਤਾਜਾਂ-ਤਖਤਾਂ ਵਾਲੇ, ਮੂਧੇ ਮੂੰਹ ਡਿੱਗਦੇ ਵੇਖੇ ਨੇ| ਸ਼ਮਸ਼ਾਨਾਂ, ਕਬਰਿਸਤਾਨਾਂ ਮਨੁੱਖੀ ਲਾਸ਼ਾਂ ਸਮੇਟਣ ਤੋਂ ਅਸਮਰਥ ਹਨ| ਲਾਇਲਾਜ ਬਿਮਾਰੀ ਦਾ ਇਲਾਜ ਕਰਨ ਵਾਲੇ ਅੱਕੀਂ ਪਲਾਹੀਂ ਹੱਥ ਮਾਰ ਰਹੇ ਹਨ| ਆਪਣੇ-ਆਪ ਨੂੰ ਸਰਬ ਕਲਾ ਸਮਰੱਥ ਆਪੇ ਉਸਾਰੇ ਘਰਾਂ ਰੂਪੀ ਕੈਦਖਾਨਿਆਂ ‘ਚ ਡੱਕੇ ਹੋਏ ਹਨ ਅਤੇ ਪਿੰਜਰਿਆਂ ਵਿਚ ਕੈਦ, ਪੰਖ-ਪੰਖੇਰੂ ਖੁੱਲ੍ਹੇ ਅੰਬਰੀਂ ਚਹਿਚਹਾਉਂਦੇ ਉਡਾਰੀਆਂ ਮਾਰ ਰਹੇ ਹਨ| ਉਜੜੇ ਬਾਗਾਂ ਦੇ ਪਟਵਾਰੀ ਗਾਲ੍ਹੜ, ਨਗਰਾਂ ਮਹਾਂਨਗਰਾਂ ਵਿਚ ਮੌਜ ਮੇਲੇ ਮਨਾਉਂਦੇ ਗਸ਼ਤ ਕਰ ਰਹੇ ਨੇ| ਕਹਿੰਦੇ ਨੇ, ਅਜਿਹਾ ਮੰਜ਼ਰ ਅੱਜ ਤੀਕ ਦੇ ਇਤਿਹਾਸ ਵਿਚ ਕਿਸੇ ਨੇ ਕਦੇ ਵੀ ਨਹੀਂ ਦੇਖਿਆ| ਕਈਆਂ ਦਾ ਕਹਿਣਾ ਹੈ ਕਿ ਯੁਗ ਪਲਟ ਰਿਹਾ ਹੈ ਤੇ ਮਹਾਮਾਰੀ ਤੋਂ ਪਿੱਛੋਂ ਨਵੇਂ ਯੁਗ ਤੇ ਨਵੀਂ ਸੋਚ ਦਾ ਆਗਾਜ਼ ਹੋਵੇਗਾ|
ਸਾਡੀ ਅਲਪ ਮੱਤ ਅਨੁਸਾਰ ਕਰੋਨਾ ਮਹਾਮਾਰੀ ਸਮੁੱਚੀ ਇਨਸਾਨੀਅਤ ਲਈ ਵਿਨਾਸ਼, ਤਬਾਹੀ ਦੀ ਝਲਕ ਹੈ| ਜੇ ਅਸੀਂ ਲੀਹ ‘ਤੇ ਨਾ ਆਏ ਤਾਂ ਪਰਲੋ ਨੇ ਸਾਡਾ ਹਸ਼ਰ ਵੀ ਡਾਇਨਾਸੋਰਾਂ ਵਾਲਾ ਕਰਨਾ ਹੀ ਕਰਨਾ ਹੈ| ਮਹਾਕਾਲ ਦੇ ਤਾਂਡਵ ਨੇ ਮਨੁੱਖੀ ਨਸਲ ਨੂੰ ਵੀ ਭਸਮ ਕਰ ਦੇਣਾ ਹੈ| ਮੌਤ ਦੀ ਅੰਕੜਿਆਂ ਦੀ ਖੇਡ ‘ਤੇ ਕੱਛਾਂ ਵਜਾਉਣ ਤੇ ਕੀਰਨੇ ਪਾਉਣ ਵਾਲੇ ਸਭ ਦੇ ਸਭ ਕਾਲ ਦਾ ਖਾਜਾ ਬਣ ਜਾਣਗੇ| ਆਪਣੇ ਅੰਸ਼-ਵੰਸ਼ ਬਚਾਉਣ ਦਾ ਇੱਕੋ-ਇੱਕ ਤਰੀਕਾ ਹੈ, ਕੁਦਰਤ ਦੀ ਗੋਦ ਵਿਚ ਪਰਤਣ ਵਾਲਾ ਰਾਹ| ਕੁਦਰਤ ਦੀ ਪ੍ਰਯੋਗਸ਼ਾਲਾ ਵੱਲ ਮੋੜੇ ਨੇ ਤੱਥਾਂ ਅਨੁਸਾਰ ਪ੍ਰਤੱਖ ਨਤੀਜੇ ਕੱਢ ਸਾਡੇ ਸਾਹਮਣੇ ਰੱਖ ਦਿੱਤੇ ਹਨ| ਕੁਝ ਹਫਤਿਆਂ ਵਿਚ ਹੀ ਧਰਤੀ ਮਾਤਾ, ਪਾਣੀ ਪਿਤਾ ਤੇ ਪਵਣ ਗੁਰੂ ਬਣ ਕੇ ਸਾਨੂੰ ਦਰਸ਼ਨ ਦੇਣ ਲਈ ਆ ਬਹੁੜੇ ਹਨ| ਮਰਜ਼ੀ ਸਾਡੀ ਹੈ ਕਿ ਅਸੀਂ ਇਨ੍ਹਾਂ ਨੂੰ ਸਤਿਕਾਰ ਸਹਿਤ ‘ਜੀ ਆਇਆਂ’ ਕਹਿਣਾ ਹੈ ਕਿ ਅਜੇ ਵੀ ਹੂੜ੍ਹਮੱਤੇ ਕਪੁੱਤ ਬਣ, ਮਨਮਰਜ਼ੀਆਂ ਹੀ ਕਰਨੀਆਂ ਹਨ! ਗੁਰਵਾਕ ਹੈ, “ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ॥” ਅਤੇ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥”