ਖਾਲਿਸਤਾਨ ਦਾ ਐਲਾਨਨਾਮਾ: ਪ੍ਰਚੰਡ ਜਜ਼ਬਿਆਂ ਦੀ ਨਵੀਂ ਸਵੇਰ, ਨਵੀਂ ਬਹਾਰ

ਕਰਮਜੀਤ ਸਿੰਘ, ਚੰਡੀਗੜ੍ਹ
ਫੋਨ: 91-99150-91063
29 ਅਪਰੈਲ 1986 ਦੇ ਇਤਿਹਾਸਕ ਐਲਾਨਨਾਮੇ ਦੀਆਂ ਅਣਗਿਣਤ ਪਰਤਾਂ ਹਨ, ਅਣਗਿਣਤ ਵਿਆਖਿਆਵਾਂ ਤੇ ਅਣਗਿਣਤ ਪਰਿਭਾਸ਼ਾਵਾਂ ਹਨ, ਜਿਨ੍ਹਾਂ ਨੂੰ ਖਾਲਸਾ ਪੰਥ ਦੇ ਦਾਨਿਸ਼ਵਰਾਂ ਨੇ ਅਜੇ ਡੂੰਘੇ ਧਿਆਨ ਵਿਚ ਦੇਖਣ ਦੀ ਪਹਿਲਕਦਮੀ ਨਹੀਂ ਕੀਤੀ। ਕਿਉਂ ਨਹੀਂ ਕੀਤੀ ਗਈ? ਇਸ ਅਹਿਮ ਸਵਾਲ ਦੇ ਕਾਰਨ ਲੱਭਣ ਦਾ ਵੀ ਇਹੋ ਦਿਨ ਹੈ, ਕਿਉਂਕਿ ਘੱਟੋ ਘੱਟ ਇਹੋ ਦਿਨ ਹੈ, ਜਦੋਂ ਸਾਲ ਵਿਚ ਇੱਕ ਵਾਰੀ ਤੁਸੀਂ ਆਪਣੀ ਜ਼ਮੀਰ ਦੇ ਸਨਮੁੱਖ ਹੁੰਦੇ ਹੋ। ਸਿਰਫ ਉਨ੍ਹਾਂ ਹੀ ਪਲਾਂ ਵਿਚ ਤੁਸੀਂ ਉਹ ਪੈਂਡਾ ਫੜਿਆ ਹੁੰਦਾ ਹੈ, ਜਿਸ ਬਾਰੇ ਸੁਲਤਾਨ ਬਾਹੂ ਸਭ ਜ਼ਮੀਰ-ਫਰੋਸ਼ਾਂ ਨੂੰ ਯਾਦ ਕਰਾਉਂਦਾ ਹੈ,

ਓਸੇ ਰਾਹ ਵੱਲ ਜਾਈਏ ਬਾਹੂ
ਜਿਸ ਦੀ ਖਲਕਤ ਡਰਦੀ ਹੂ।
ਇਸ ਨੁਕਤੇ ਤੇ ਕਦੇ ਫਿਰ ਵਿਚਾਰ ਕਰਾਂਗੇ।
ਚੰਗੇ ਭਾਗਾਂ ਨੂੰ ਇਨ੍ਹਾਂ ਸਤਰਾਂ ਦਾ ਲੇਖਕ ਉਸ ਦੌਰ ਦੇ ਵੱਡੇ ਹਿੱਸੇ ਦਾ ਚਸ਼ਮਦੀਦ ਗਵਾਹ ਹੈ। ਮੈਂ 29 ਅਪਰੈਲ ਦੀ ਘਟਨਾ ਨੂੰ ਇਤਿਹਾਸ ਦੇ ਨਜ਼ਰੀਏ ਤੋਂ ਵੇਖਦਾ ਹਾਂ। ਇਤਿਹਾਸ ਸਿਰਫ ਬੀਤੇ ਦੀਆਂ ਘਟਨਾਵਾਂ ਦੀ ਹੀ ਵਿਆਖਿਆ ਨਹੀਂ ਕਰਦਾ, ਸਗੋਂ ਇਹ ਵਰਤਮਾਨ ਅਤੇ ਭਵਿੱਖ ਲਈ ਵੀ ਰੌਸ਼ਨੀ ਦਿੰਦਾ ਹੈ। ਮੇਰੇ ਖਿਆਲ ਵਿਚ ਖਾਲਿਸਤਾਨ ਬਾਰੇ ਇਤਿਹਾਸਕ ਐਲਾਨਨਾਮਾ ਅਸਲ ਵਿਚ ਪ੍ਰਚੰਡ ਚੇਤਨਾ ਦੀ ਨਵੀਂ ਪ੍ਰਭਾਤ ਸੀ; ਪਰ ਇਸ ਤੋਂ ਪਹਿਲਾਂ 13 ਅਪਰੈਲ 1978 ਨੂੰ ਵੀ ਯਾਦ ਕਰਨਾ ਬਣਦਾ ਹੈ, ਜਦੋਂ ਤੇਰਾਂ ਸਿੰਘਾਂ ਦੀਆਂ ਸ਼ਹਾਦਤਾਂ ਨੇ ਸਾਨੂੰ ਅਤੀਤ, ਭਵਿੱਖ ਤੇ ਵਰਤਮਾਨ ਨੂੰ ਨਵੇਂ ਨਜ਼ਰੀਏ ਤੋਂ ਵੇਖਣ ਦਾ ਸੁਨਹਿਰੀ ਮੌਕਾ ਬਖਸ਼ਿਆ। ਇਤਿਹਾਸਕਾਰ ਕਹਿ ਸਕਦੇ ਹਨ ਕਿ ਇਹ ਦਿਨ ਵਿਚਾਰਧਾਰਕ ਨਿਖੇੜੇ ਦੀ ਇੱਕ ਨਵੀਂ ਸਵੇਰ ਸੀ ਯਾਨਿ ਇਹ ਦਿਨ ਖਾਲਸਾ ਪੰਥ ਦੇ ਮਨ ਮੰਦਰ ਵਿਚ ਚਿਰਾਂ ਤੋਂ ਭੁੱਲੀ ਵਿਸਰੀ ਹਥਿਆਰਬੰਦ ਜੰਗ ਸ਼ੁਰੂ ਕਰਨ ਦਾ ਅੰਮ੍ਰਿਤ ਵੇਲਾ ਸੀ।
ਜੇ ਉਸ ਦੌਰ ਨੂੰ ਬਾਜ ਅੱਖ ਨਾਲ ਵੇਖਿਆ ਜਾਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ 13 ਅਪਰੈਲ 1986 ਦੀ ਵਿਸਾਖੀ ਨੇ 29 ਅਪਰੈਲ 1986 ਦੇ ਇਤਿਹਾਸਕ ਐਲਾਨਨਾਮੇ ਲਈ ਰਾਹ ਪੱਧਰਾ ਕਰ ਦਿੱਤਾ।
ਧਰਮ ਯੁੱਧ ਦੌਰਾਨ ਸੰਤ ਜਰਨੈਲ ਸਿੰਘ ਜਦੋਂ ਰਾਜਨੀਤਕ ਦ੍ਰਿਸ਼ ਉਤੇ ਆਏ ਤਾਂ ਉਸ ਦੌਰ ਦੀਆਂ ਸਰਗਰਮੀਆਂ ਵਿਚ ਖਾਲਸਾ ਰਾਜ ਕਾਇਮ ਕਰਨ ਦੀਆਂ ਕਨਸੋਆ ਮਿਲਦੀਆਂ ਹਨ। ਭਾਵੇਂ ਇਸ ਰੀਝ ਦੀ ਸਪੱਸ਼ਟ ਰੂਪ ਰੇਖਾ ਦੀ ਸ਼ਗਨਾਂ ਭਰੀ ਸਵੇਰ ਦਾ ਸੂਰਜ 29 ਅਪਰੈਲ 1986 ਨੂੰ ਹੀ ਚੜ੍ਹਿਆ।
29 ਅਪਰੈਲ ਦੇ ਐਲਾਨਨਾਮੇ ਨੂੰ ਸਮਝਣ ਲਈ ਸਾਨੂੰ ਰਤਾ ਪਿੱਛੇ ਵੱਲ ਜਾਣਾ ਪਵੇਗਾ ਅਰਥਾਤ ਚਾਰ ਲਹਿਰਾਂ ਦਾ ਸੰਖੇਪ ਮੁਲੰਕਣ ਕਰਨਾ ਪੈਣਾ ਹੈ, ਜਿਨ੍ਹਾਂ ਦਾ ਇਤਿਹਾਸ ਵਿਚ ਆਪਣਾ ਆਪਣਾ ਹੀ ਸਥਾਨ ਹੈ। ਇਹ ਸਿੱਖ ਲਹਿਰਾਂ ਹਨ-ਅਕਾਲੀ ਲਹਿਰ, ਗਦਰ ਪਾਰਟੀ ਲਹਿਰ, ਬੱਬਰ ਅਕਾਲੀ ਲਹਿਰ ਅਤੇ ਕੂਕਾ ਲਹਿਰ। ਵੀਹਵੀਂ ਸਦੀ ਵਿਚ ਬੱਬਰ ਅਕਾਲੀ ਲਹਿਰ ਦੇ ਯੋਧਿਆਂ ਨੇ ਵੀ ਹਥਿਆਰਬੰਦ ਜੰਗ ਸ਼ੁਰੂ ਕੀਤੀ ਸੀ ਅਤੇ ਇਸ ਲਹਿਰ ਦੇ ਕਈ ਅਨਮੋਲ ਹੀਰਿਆਂ ਨੇ ਜੈਕਾਰਿਆਂ ਦੀ ਗੂੰਜ ਵਿਚ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਸੀ। ਇਸ ਤੋਂ ਪਹਿਲਾਂ ਗਦਰ ਪਾਰਟੀ ਲਹਿਰ ਦੇ ਸਿੱਖ ਸੂਰਬੀਰ ਵੀ ਜੈਕਾਰੇ ਗੁਜਾਉਂਦੇ ਹੀ ਫਾਂਸੀ ‘ਤੇ ਚੜ੍ਹੇ ਸਨ; ਪਰ ਇਨ੍ਹਾਂ ਕੁਰਬਾਨੀਆਂ ਦੇ ਪਿੱਛੇ ਸਿੱਖਾਂ ਦੀ ਆਪਣੀ ਆਜ਼ਾਦੀ ਤੇ ਆਪਣੀ ਪ੍ਰਭੂਸੱਤਾ ਕਾਇਮ ਕਰਨ ਦਾ ਪੈਗਾਮ ਧੁੰਦਲਾ ਸੀ ਜਾਂ ਇਹ ਸਾਡੀ ਸਿਆਸੀ ਬਦਕਿਸਮਤੀ ਹੀ ਸੀ ਕਿ ਸਾਡੀ ਆਜ਼ਾਦੀ ਦਾ ਸੰਦੇਸ਼ ਇਨ੍ਹਾਂ ਕੁਰਬਾਨੀਆਂ ਵਿਚ ਸ਼ਾਮਿਲ ਨਹੀਂ ਸੀ। ਇਹ ਬੇਮਿਸਾਲ ਕੁਰਬਾਨੀਆਂ ਬ੍ਰਾਹਮਣਵਾਦੀ ਹਕੂਮਤ ਵੱਲੋਂ ਹਿੰਦੁਸਤਾਨ ਦੀ ਜੰਗ-ਏ-ਆਜ਼ਾਦੀ ਲਈ ਵਰਤ ਲਈਆਂ ਗਈਆਂ। ਕੂਕਾ ਲਹਿਰ ਦੇ ਨਾਇਕ ਬਾਬਾ ਰਾਮ ਸਿੰਘ ਦੀ ਅਗਵਾਈ ਵਿਚ ਚੱਲੀ ਹਥਿਆਰਬੰਦ ਜੱਦੋਜਹਿਦ ਵਿਚ ਵੀ ਖਾਲਸੇ ਦੀ ਪ੍ਰਭੂਸੱਤਾ ਕਾਇਮ ਕਰਨ ਦੀ ਰੀਝ ਕਿਸੇ ਹੱਦ ਤੱਕ ਧਾਰਮਿਕ ਤੌਰ ‘ਤੇ ਤਾਂ ਬਹੁਤ ਪ੍ਰਬਲ ਸੀ, ਪਰ ਉਸ ਦੇ ਸਿਆਸੀ ਰੂਪ ਵਿਚ ਅਸਪੱਸ਼ਟਤਾ ਦੀ ਧੁੰਦ ਛਾਈ ਹੋਈ ਸੀ। ਬਾਬਾ ਰਾਮ ਸਿੰਘ ਨੂੰ ਸਤਿਗੁਰੂ ਦੀ ਪਦਵੀ ਦੇਣ ਦੇ ਗੈਰ-ਸਿਧਾਂਤਕ ਰੁਝਾਨ ਨਾਲ ਇਹ ਲਹਿਰ ਖਾਲਸੇ ਦੇ ਨਿਰਮਲ ਸਰੂਪ ਤੋਂ ਦੂਰ ਚਲੀ ਗਈ ਅਤੇ ਹੌਲੀ ਹੌਲੀ ਅਲੱਗ ਥਲਗ ਹੋ ਕੇ ਬਿਪਰਨ ਕੀ ਰੀਤ ਦਾ ਹੀ ਇੱਕ ਹਿੱਸਾ ਬਣ ਗਈ।
ਜੇ ਅਸੀਂ ਅਕਾਲੀ ਦਲ ਦੇ ਸਿਆਸੀ ਸੱਭਿਆਚਾਰ ਦੀ ਗੱਲ ਕਰੀਏ ਤਾਂ ਬਿਨਾ ਸ਼ੱਕ ਇਸ ਪਾਰਟੀ ਦੇ ਅੰਦਰ ਇੱਕ ਹਿੱਸਾ ਸਿੱਖੀ ਦੇ ਨਿਰਮਲ ਸਰੂਪ ਨੂੰ ਤਰੋ ਤਾਜ਼ਾ ਰੱਖਣਾ ਚਾਹੁੰਦਾ ਸੀ। ਇਸ ਕੋਲ ਇਤਿਹਾਸਕ ਚੇਤਨਾ ਸੀ, ਧਾਰਮਿਕ ਪਰਪੱਕਤਾ ਸੀ ਅਤੇ ਕਿਸੇ ਹੱਦ ਤੱਕ ਸਿਆਸੀ ਗੰਭੀਰਤਾ ਵੀ। ਇਸ ਪਾਰਟੀ ਨੇ ਗੁਰਦੁਆਰਿਆਂ ਦੀ ਆਜ਼ਾਦੀ ਲਈ ਕੁਰਬਾਨੀਆਂ ਵੀ ਕੀਤੀਆਂ, ਪਰ ਹੁਣ ਹਾਲਤ ਇਹ ਹੈ ਕਿ ਇਸ ਨੇ ਆਪਣੀ ਪਛਾਣ ਨੂੰ ਹਉਮੈ ਗ੍ਰਸੀ ਕਿਸੇ ‘ਵੱਡੀ ਪਛਾਣ’ ਦੇ ਅਧੀਨ ਕਰ ਦਿੱਤਾ ਹੈ। ਇਹ ਪਾਰਟੀ ਖਾਲਸਾ ਚੇਤਨਾ ਨੂੰ ਬਾਲ ਪੜਾਅ ਵਿਚ ਹੀ ਰੱਖਣਾ ਚਾਹੁੰਦੀ ਹੈ। ਉਸ ਦੀ ਚੇਤਨਾ ਦੀ ਪਰਵਾਜ਼ ਬਹੁਤ ਛੋਟੀ ਹੈ, ਉਸ ਨੇ ਅੱਧੇ ਸਾਡੇ ਅਤੇ ਅੱਧੇ ਮੁਲਾਹਜ਼ੇਦਾਰਾਂ ਦੇ ਬਣੇ ਰਹਿਣ ਦੀ ਨੀਤੀ ਦਾ ਚੋਖਾ ਅਭਿਆਸ ਕਰ ਲਿਆ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਪਾਰਟੀ ਕਦੇ ਕਦੇ ਸਿੱਖ ਸਟੇਟ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੀ ਰਹੀ ਹੈ, ਪਰ ਹੁਣ ਇਸ ਪਾਰਟੀ ਦੇ ਸਿਆਸੀ ਏਜੰਡੇ ਵਿਚ ਆਜ਼ਾਦੀ ਦੀ ਰੀਝ, ਆਜ਼ਾਦੀ ਦੇ ਸੁਪਨੇ ਪੂਰੀ ਤਰ੍ਹਾਂ ਗੈਰਹਾਜ਼ਰ ਹੀ ਨਹੀਂ, ਸਗੋਂ ਪਾਰਟੀ ਦੀ ਲੀਡਰਸ਼ਿਪ ਆਜ਼ਾਦੀ ਦਾ ਖੁੱਲ੍ਹ ਕੇ ਵਿਰੋਧ ਵੀ ਕਰਦੀ ਹੈ।
ਜੁਝਾਰੂ ਲਹਿਰ ਨੂੰ ਕਿਵੇਂ ਸਮਝਿਆ ਜਾਵੇ? ਇਸ ਲਹਿਰ ਦਾ ਸਰਬਪੱਖੀ ਅਧਿਐਨ ਕਰਨ ਲਈ ਕਿਹੜੇ ਢੰਗ ਤਰੀਕੇ ਅਤੇ ਕਿਹੜੀ ਪਹੁੰਚ ਅਪਨਾਈ ਜਾਵੇ? ਇਨ੍ਹਾਂ ਗੰਭੀਰ ਸਵਾਲਾਂ ‘ਤੇ ਨਿੱਠ ਕੇ ਵਿਚਾਰ ਅਜੇ ਤੱਕ ਵੀ ਨਹੀਂ ਹੋਈ ਅਤੇ ਨਾ ਹੀ ਕਾਬਲੀਅਤ ਵਾਲੇ ਰਿਸਰਚ ਸਕਾਲਰ ਅਜੇ ਨਿਤਰ ਕੇ ਸਾਹਮਣੇ ਆਏ ਹਨ। ਇਸ ਲਹਿਰ ਦਾ ਥਾਹ ਪਾਉਣ ਲਈ ਕਈ ਪੱਖਾਂ ਨੂੰ ਧਿਆਨ ਵਿਚ ਰੱਖਣਾ ਪਵੇਗਾ। ਮਿਸਾਲ ਵਜੋਂ ਜਦੋਂ ਅਸੀਂ ਇਤਿਹਾਸਕ ਪੱਖ ਤੋਂ, ਸਮਾਜ ਵਿਗਿਆਨ, ਧਾਰਮਿਕ ਤੇ ਸੱਭਿਆਚਾਰਕ ਪੱਖ ਤੋਂ ਅਤੇ ਦਾਰਸ਼ਨਿਕ ਤੇ ਸਿਆਸੀ ਪੱਖ ਤੋਂ ਇਸ ਲਹਿਰ ਦਾ ਮੁਲੰਕਣ ਕਰਾਂਗੇ ਤਾਂ ਹੀ ਅਸੀਂ ਇਸ ਲਹਿਰ ਨਾਲ ਪੂਰਾ ਪੂਰਾ ਇਨਸਾਫ ਕਰ ਸਕਾਂਗੇ; ਹਾਲਾਂਕਿ ਇਸ ਤੱਥ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਸਾਰੇ ਪੱਖ ਇੱਕ ਦੂਜੇ ਨਾਲ ਤਾਣੇ-ਪੇਟੇ ਵਾਂਗ ਓਤ-ਪੋਤ ਵੀ ਹਨ ਅਤੇ ਲਹਿਰ ਦਾ ਸਮੁੱਚ ਜਾਂ ਸਮੁੱਚਾ ਨਿਚੋੜ ਵੀ ਸਾਡੇ ਸਾਹਮਣੇ ਉਭਰ ਕੇ ਆਉਣਾ ਚਾਹੀਦਾ ਹੈ। ਇੱਕ ਅਜਿਹੀ ਲਹਿਰ, ਜਿਸ ਨੇ ਕਰੀਬ ਡੇਢ ਦਹਾਕਾ ਸਿੱਖ ਮਾਨਸਿਕਤਾ ਵਿਚ ਆਪਣਾ ਘਰ ਵਸਾ ਲਿਆ ਹੋਵੇ, ਪਰ ਉਸ ਲਹਿਰ ਦਾ ਆਪਣਾ ਦਰਦ, ਉਸ ਦੀ ਆਪਣੀ ਪੀੜ, ਉਸ ਦੀ ਕੁਰਬਾਨੀ, ਤਿਆਗ, ਸਿਦਕ, ਉਸ ਦੀਆਂ ਜਿੱਤਾਂ, ਉਸ ਦੀਆਂ ਹਾਰਾਂ, ਉਸ ਦੀਆਂ ਪ੍ਰਾਪਤੀਆਂ ਅਤੇ ਉਸ ਦੀਆਂ ਕਮਜ਼ੋਰੀਆਂ ਨੂੰ ਜੇ ਸ਼ਬਦਾਂ ਵਿਚ ਨਾ ਉਤਾਰਿਆ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਿਸ ਨਜ਼ਰ ਨਾਲ ਦੇਖਣਗੀਆਂ? ਆਉਣ ਵਾਲਾ ਕੱਲ੍ਹ ਜੱਜ ਬਣ ਕੇ ਇਸ ਦੌਰ ਦੇ ਸਿਆਸੀ ਤੇ ਧਾਰਮਿਕ ਵਿਦਵਾਨਾਂ ਅਤੇ ਸਾਹਿਤ ਨਾਲ ਜੁੜੇ ਗੰਭੀਰ ਲੇਖਕਾਂ ਤੇ ਕਵੀਆਂ ਨੂੰ ਯਕੀਨਨ ਕਟਹਿਰੇ ਵਿਚ ਖੜ੍ਹਾ ਕਰੇਗਾ। ਇਸ ਲਈ ਸੁਹਿਰਦ ਤੇ ਨਿਰਪੱਖ ਵਿਦਵਾਨਾਂ ਅਤੇ ਪੜ੍ਹੇ ਲਿਖੇ ਤੇ ਸੁਲਝੇ ਨੌਜਵਾਨਾਂ ਨੂੰ ਇਸ ਚੁਣੌਤੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਯੂਨੀਵਰਸਿਟੀਆਂ ਵਿਚ ਕੰਮ ਕਰਦੇ ਰਿਸਰਚ ਸਕਾਲਰ ਵੀ ਜੁਝਾਰੂ ਲਹਿਰ ਬਾਰੇ ਖੋਜ ਕਰ ਰਹੇ ਹਨ, ਪਰ ਉਨ੍ਹਾਂ ਦੀ ਖੋਜ ਇਕ ਸੀਮਾ ਤੋਂ ਅੱਗੇ ਨਹੀਂ ਜਾ ਸਕਦੀ। ਉਸ ਖੋਜ ਤੋਂ ਨਿਰਪੱਖ ਸਿੱਟੇ ਵੀ ਸਾਹਮਣੇ ਨਹੀਂ ਆਉਂਦੇ, ਕਿਉਂਕਿ ਸਰਕਾਰੀ ਅਤੇ ਨੀਮ ਸਰਕਾਰੀ ਕਿਸਮ ਦੇ ਬੰਧਨ ਤੇ ਰੁਕਾਵਟਾਂ ਕਾਰਨ ਜੁਝਾਰੂ ਲਹਿਰ ਦਾ ਅਕਸਰ ਨਾਂਹ ਪੱਖੀ ਦ੍ਰਿਸ਼ਟੀਕੋਣ ਤੋਂ ਹੀ ਮੁਲੰਕਣ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਰਿਸਰਚ ਸਕਾਲਰ ਅਤੇ ਉਨ੍ਹਾਂ ਦੀ ਖੋਜ ਦੀ ਅਗਵਾਈ ਕਰ ਰਹੇ ਗਾਈਡਾਂ ਦੀ ਲਹਿਰ ਪ੍ਰਤੀ ਅਗਾਊਂ ਬਣੀ ਸੋਚ, ਧਾਰਨਾ ਜਾਂ ਘ੍ਰਿਣਾ ਵੀ ਖੋਜ ਨੂੰ ਪ੍ਰਭਾਵਿਤ ਕਰਦੀ ਹੈ।
ਖਾੜਕੂ ਲਹਿਰ ਨੂੰ ਜਜ਼ਬਾਤੀ ਨੌਜਵਾਨਾਂ ਦੀ ਆਪ ਮੁਹਾਰੇ ਉਠੀ ਲਹਿਰ ਕਹਿਣਾ ਇਸ ਲਹਿਰ ਨਾਲ ਭਾਰੀ ਬੇਇਨਸਾਫੀ ਹੋਵੇਗੀ। ਜਜ਼ਬਾਤੀ ਰਉਂ ਦਾ ਇੱਕ ਪ੍ਰਵਾਹ ਲਹਿਰ ਦੀਆਂ ਕਮਜ਼ੋਰ ਪਰਤਾਂ ਵਿਚ ਦੇਖਿਆ ਤੇ ਮਹਿਸੂਸ ਕੀਤਾ ਜਾ ਸਕਦਾ ਹੈ, ਪਰ ਸੁਚੇਤ ਅਤੇ ਜਥੇਬੰਦਕ ਹਿੱਸਿਆਂ ਵਿਚ ਵੀ ਵਿਚਾਰਾਂ ਦਾ ਇੱਕ ਵੱਡਾ ਤੇ ਬਲਵਾਨ ਪ੍ਰਵਾਹ ਜ਼ਰੂਰ ਸੀ। ਇਹ ਗੱਲ ਵੱਖਰੀ ਹੈ ਕਿ ਵਿਚਾਰਾਂ ਦੇ ਇਸ ਸਿਲਸਿਲੇ ਵਿਚ ਕੱਚੀ ਕਿਸਮ ਦੇ ਵਿਚਾਰ ਵੀ ਨਾਲ ਨਾਲ ਚੱਲਦੇ ਰਹੇ, ਪਰ ਉਚੀ ਪੱਧਰ ਦੇ ਵਿਵੇਕ ਵਿਚਾਰ ਵੀ ਇਸ ਲਹਿਰ ਦਾ ਅਨਮੋਲ ਹਿੱਸਾ ਹਨ ਅਤੇ ਇਹੋ ਲਹਿਰ ਦੀ ਮੁੱਖ ਧਾਰਾ ਹੈ। ਇਸ ਦਿਸ਼ਾ ਵਿਚ ਜੁਝਾਰੂ ਲਹਿਰ ਵੱਲੋਂ ਪੇਸ਼ ਕੀਤੇ ਕੁਝ ਦਸਤਾਵੇਜ਼ ਕੌਮਾਂਤਰੀ ਪੱਧਰ ‘ਤੇ ਰੱਖੇ ਜਾ ਸਕਦੇ ਹਨ। ਵੈਦਿਆ ਕਤਲ ਕਾਂਡ ਦੇ ਹੀਰੋ ਸੁੱਖਾ-ਜਿੰਦਾ ਦੀ ਰਾਸ਼ਟਰਪਤੀ ਦੇ ਨਾਂ ਲਿਖੀ ਆਖਰੀ ਚਿੱਠੀ ਦੱਸਦੀ ਹੈ ਕਿ ਜੁਝਾਰੂ ਲਹਿਰ ਦੇ ਕੁੱਝ ਹਿੱਸਿਆਂ ਵਿਚ ਇਤਿਹਾਸ, ਧਰਮ, ਦਰਸ਼ਨ ਅਤੇ ਇਨਕਲਾਬ ਦੀ ਅਤਿ ਸੂਖਮ ਤੇ ਵਿਵੇਕ ਸਮਝ ਮੌਜੂਦ ਸੀ। ਇਵੇਂ ਹੀ ਖਾੜਕੂਆਂ ਨੇ ਪੰਜਾਬੀ ਲਾਗੂ ਕਰਨ ਬਾਰੇ ਜੋ ਲੰਮੇ ਬਿਆਨ ਜਾਰੀ ਕੀਤੇ, ਉਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀਆਂ ਸਫਾਂ ਵਿਚ ਵੱਖ ਵੱਖ ਵਿਸ਼ਿਆਂ ਦੇ ਮਾਹਰ ਮੌਜੂਦ ਸਨ। ਵਾਤਾਵਰਣ ਬਾਰੇ ਉਨ੍ਹਾਂ ਦੇ ਜਾਰੀ ਬਿਆਨਾਂ ਨੂੰ ਜੇ ਨੀਝ ਲਾ ਕੇ ਘੋਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਦੁਨੀਆਂ ਵਿਚ ਚੱਲ ਰਹੇ ਨਵੇਂ ਸਿਆਸੀ ਰੁਝਾਨ ਤੇ ਨਵੇਂ ਸੰਸਾਰ ਦੀਆਂ ਲੋੜਾਂ ਅਤੇ ਉਸ ਵਿਚ ਸਿੱਖ ਕੌਮ ਦੇ ਰੋਲ ਬਾਰੇ ਜੁਝਾਰੂਆਂ ਨੂੰ ਕਨਸੋਆਂ ਮਿਲ ਰਹੀਆਂ ਸਨ।
ਜੁਝਾਰੂ ਲਹਿਰ ਦੌਰਾਨ ਇੱਕ ਅਜਿਹਾ ਦੌਰ ਵੀ ਆਇਆ, ਜਦੋਂ ਜੁਝਾਰੂ ਚਾਰੇ ਪਾਸੇ ਛਾ ਚੁਕੇ ਸਨ, ਉਦੋਂ ਉਨ੍ਹਾਂ ਨੇ ਅਖਬਾਰਾਂ ਲਈ ਫੁਰਮਾਨ ਜਾਰੀ ਕੀਤੇ ਕਿ ਜੁਝਾਰੂ ਇਨਕਲਾਬੀਆਂ ਲਈ ਕਿਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ। ਹਾਲਾਤ ਇੱਥੋਂ ਤੱਕ ਪੁੱਜ ਗਏ ਸਨ ਕਿ ਨਾ ਸਿਰਫ ਅਖਬਾਰਾਂ ਨੇ ਜੁਝਾਰੂ ਲਹਿਰ ਦਾ ਜ਼ਾਬਤਾ ਲਾਗੂ ਕੀਤਾ, ਸਗੋਂ ਰੇਡੀਓ ਅਤੇ ਦੂਰਦਰਸ਼ਨ ਵੀ ਉਨ੍ਹਾਂ ਦੇ ਫੁਰਮਾਨਾਂ ਦੀ ਪਾਲਣਾ ਕਰਨ ਲੱਗੇ।
ਸੋ ਅੱਜ ਲੋੜ ਇਸ ਗੱਲ ਦੀ ਹੈ ਕਿ 29 ਅਪਰੈਲ 1986 ਨੂੰ ਜਦੋਂ ਖਾਲਿਸਤਾਨ ਬਾਰੇ ਇਤਿਹਾਸਕ ਐਲਾਨਨਾਮਾ ਜਾਰੀ ਕੀਤਾ ਤਾਂ ਜੁਝਾਰੂ ਲਹਿਰ ਵਲੋਂ ਉਸ ਐਲਾਨਨਾਮੇ ਨੂੰ ਲਾਗੂ ਕਰਨ ਲਈ ਕੀਤੀਆਂ ਕੁਰਬਾਨੀਆਂ ਦਾ ਸਹੀ ਮੁਲੰਕਣ ਕੀਤਾ ਜਾਵੇ। ਸਿੱਖ ਹੱਕਾਂ ਦੀ ਇਸ ਐਲਾਨਨਾਮੇ ਮੁਤਾਬਕ ਕਿੱਥੋਂ ਤੱਕ ਸਹੀ ਤਰਜਮਾਨੀ ਕੀਤੀ ਗਈ ਅਤੇ ਕਿੱਥੇ ਕਿੱਥੇ ਜੁਝਾਰੂ ਥਿੜਕਦੇ ਰਹੇ? ਉਨ੍ਹਾਂ ਵੱਲੋਂ ਪੰਥ ਦੇ ਸੰਕਟ ਦੀਆਂ ਵੱਖ ਵੱਖ ਪਰਤਾਂ ਦਾ ਕੀਤਾ ਗਹਿਰ ਗੰਭੀਰ ਅਤੇ ਬਹੁ ਪਰਤੀ ਵਿਸ਼ਲੇਸ਼ਣ ਅਸਲੀਅਤ ਦੇ ਕਿੰਨਾ ਕੁ ਨੇੜੇ ਸੀ? ਕੌਮਾਂਤਰੀ ਸਿਆਸਤ ਬਾਰੇ ਉਨ੍ਹਾਂ ਦੀ ਸਮਝ ਅਤੇ ਉਸ ਸਮਝ ਦੀ ਰੌਸ਼ਨੀ ਵਿਚ ਕੀ ਲਹਿਰ ਦੇ ਪ੍ਰੋਗਰਾਮ ਵਿਚ ਰਣਨੀਤਕ ਤਬਦੀਲੀਆਂ ਹੋ ਸਕੀਆਂ ਜਾਂ ਨਹੀਂ? ਉਨ੍ਹਾਂ ਦੀ ਕਹਿਣੀ ਤੇ ਕਰਨੀ ਵਿਚ ਕਿੰਨਾ ਪਾੜਾ ਸੀ ਅਤੇ ਇਹ ਪਾੜਾ ਮਿਲਣ ਵਿਚ ਕੋਈ ਯਤਨ ਹੋਏ ਜਾਂ ਨਹੀਂ? ਲਹਿਰ ਵਿਚ ਸਰਗਰਮ ਵੱਖ ਵੱਖ ਜੁਝਾਰੂ ਗਰੁੱਪਾਂ ਵਿਚ ਮਤਭੇਦਾਂ ਨੂੰ ਮਿਟਾਉਣ ਲਈ ਉਹ ਕਿੰਨਾ ਕੁ ਸੰਜੀਦਾ ਸਨ? ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਉਹ ਕਿੰਨਾ ਕੁ ਨੇੜੇ ਸਨ ਅਤੇ ਕਿੰਨਾ ਕੁ ਦੂਰ? ਐਕਸ਼ਨਾਂ ਦੀ ਚੋਣ ਕਰਨ ਵਿਚ ਕਿੱਥੇ ਕਿੱਥੇ ਜ਼ਾਤੀ ਰੰਜਿਸ਼ਾਂ ਸਨ ਅਤੇ ਕਿੱਥੇ ਕਿੱਥੇ ਭਿਆਨਕ ਰਣਨੀਤਕ ਗਲਤੀਆਂ? ਖਾੜਕੂਆਂ ਦੀਆਂ ਰਣਨੀਤੀਆਂ ਵਿਚ ਖਾੜਕੂਆਂ ਦੀ ਭਰਤੀ ਕਰਨ ਲੱਗਿਆਂ ਕੋਈ ਤਰੀਕੇ ਅਤੇ ਸ਼ਰਤਾਂ ਸਨ? ਇਖਲਾਕ ਤੋਂ ਡਿੱਗੇ ਖਾੜਕੂਆਂ ਨੂੰ ਕਿੱਥੇ ਕਿੱਥੇ ਸਜ਼ਾਵਾਂ ਦਿੱਤੀਆਂ ਗਈਆਂ ਅਤੇ ਕਿਥੇ ਕਿਥੇ ਸਜ਼ਾ ਦੇਣ ਲੱਗਿਆਂ ਲਾਪਰਵਾਹੀ ਜਾਂ ਢਿੱਲ ਮੱਠ ਵਰਤੀ ਗਈ? ਕੀ ਭਰਾ ਮਾਰੂ ਜੰਗ ਨੂੰ ਰੋਕਣ ਲਈ ਕੋਈ ਯਤਨ ਹੋਏ? ਅਕਾਲੀ ਸਿਆਸਤ ਪ੍ਰਤੀ ਉਨ੍ਹਾਂ ਦੀ ਪਹੁੰਚ, ਵਤੀਰਾ ਅਤੇ ਜਾਣਕਾਰੀ ਦਾ ਪੱਧਰ ਕਿਹੋ ਜਿਹਾ ਸੀ? ਸਿਆਸੀ ਮੰਚ ਸਥਾਪਿਤ ਕਰਨ ਲਈ ਕੀਤੇ ਯਤਨਾਂ ਵਿਚ ਕੀ ਕੋਈ ਕਮੀ ਸੀ?
ਪੂਰਨ ਪ੍ਰਭੂਸੱਤਾ ਸੰਪੰਨ ਖਾਲਿਸਤਾਨ ਦੇ ਸੰਘਰਸ਼ ਨੂੰ ਬੇਰੁਜ਼ਗਾਰਾਂ, ਅਪਰਾਧੀਆਂ, ਗੁੰਮਰਾਹਕੁਨ ਤੇ ਮੱਤਹੀਣਾਂ ਵੱਲੋਂ ਪੈਦਾ ਕੀਤੀ ਅਫਰਾਤਫਰੀ ਅਤੇ ਕਾਨੂੰਨ ਤੇ ਵਿਵਸਥਾ ਲਈ ਖੜ੍ਹੀ ਕੀਤੀ ਸਮੱਸਿਆ ਕਰਾਰ ਦੇਣ ਲਈ ਭਾਰਤ ਸਰਕਾਰ, ਹਿੰਦੂਤਵੀ ਜਮਾਤਾਂ ਅਤੇ ਪੰਥ ਦੁਸ਼ਮਣ ਤਾਕਤਾਂ ਵੱਲੋਂ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਸਰਕਾਰੀ ਨਿਰਦੇਸ਼ਾਂ ਅਨੁਸਾਰ ਹੋਈ ਅਕਾਦਮਿਕ ਖੋਜ ਦੇ ਨਾਂ ਹੇਠ ਵੀ ਇਸ ਲਹਿਰ ਨੂੰ ਰੱਜ ਕੇ ਭੰਡਣ ਦੀ ਕੋਸ਼ਿਸ਼ ਹੋਈ ਹੈ।
ਅਸੀਂ ਇਹ ਵੀ ਚੇਤੇ ਕਰਾਉਣਾ ਚਾਹੁੰਦੇ ਹਾਂ ਕਿ ਇੱਕ ਅਜਿਹੀ ਸੋਚ ਵੀ ਉਭਰ ਕੇ ਸਾਹਮਣੇ ਆਈ ਹੈ, ਜੋ ਪੂਰਨ ਪ੍ਰਭੂਸੱਤਾ ਸੰਪੰਨ ਖਾਲਿਸਤਾਨ ਦੀ ਸਥਾਪਨਾ ਦੇ ਪੰਥਕ ਨਿਸ਼ਾਨੇ ਨੂੰ ਦੁਨੀਆਂ ਦੇ ਕੁਝ ਕੌਮੀ ਰਾਜਾਂ (ਂਅਟਿਨ ੰਟਅਟe) ਵੱਲੋਂ ਲੋਕਾਂ ‘ਤੇ ਢਾਹੇ ਜ਼ੁਲਮਾਂ ਦੀਆਂ ਮਿਸਾਲਾਂ ਦੇ ਕੇ ਗਲਤ ਸਾਬਤ ਕਰਨ ਲਈ ਖੰਭ ਫੜਕਾ ਰਹੀ ਹੈ, ਜਦ ਕਿ ਸਿੱਖ ਰਾਜ ਦੀ ਰੂਪ ਰੇਖਾ ਦੇ ਗੰਭੀਰ ਸੰਕੇਤ ਗੁਰੂ ਗ੍ਰੰਥ ਸਾਹਿਬ ਵਿਚ ਬਾਕਾਇਦਾ ਮਿਲਦੇ ਹਨ। ਇਸ ਵਿਸ਼ੇ ‘ਤੇ ਅਸੀਂ ਕਿਸੇ ਹੋਰ ਸਮੇਂ ਵਿਚਾਰ ਕਰਾਂਗੇ। ਦਸਮੇਸ਼ ਪਿਤਾ ਜੀ ਨੇ ਤਾਂ ‘ਰਾਜ ਕਰੇਗਾ ਖਾਲਸਾ’ ਦਾ ਸੰਕਲਪ ਖਾਲਸੇ ਦੇ ਮਨ ਮੰਦਰ ਵਿਚ ਉਕਰਿਆ ਹੋਇਆ ਹੈ। ਹਰ ਸਿੱਖ ਦੋਹੀਂ ਵੇਲੇ ਅਰਦਾਸ ਵਿਚ ਇਸ ਦਾ ਬੁਲੰਦ ਅਵਾਜ਼ ਨਾਲ ਅਲਾਪ ਕਰਦਾ ਹੈ। ਅਕਾਲ ਤਖਤ, ਪੰਜ ਤਖਤ, ਕਿਲੇ, ਸਿੱਖ ਸੰਗਤ, ਪੰਜ ਪਿਆਰੇ, ਖਾਲਸਾ, ਅਕਾਲ ਪੁਰਖ ਕੀ ਫੌਜ, ਵਾਸੀ ਅਨੰਦਪੁਰ ਸਾਹਿਬ ਅਤੇ ਸਤਿਗੁਰਾਂ ਵੱਲੋਂ ਮੁਗਲੀਆ ਸਲਤਨਤ ਤੇ ਬਾਈਧਾਰ ਦੇ ਰਾਜਿਆਂ ਨਾਲ ਕੀਤੇ ਸੰਧੀਆਂ, ਸਮਝੌਤੇ ਆਦਿ ਸਾਰੀ ਗੁਰੂ ਸਿਰਜਣਾ ਪੂਰਨ ਪ੍ਰਭੂਸੱਤਾ ਸੰਪੰਨ ਖਾਲਸਾ ਰਾਜ ਦੇ ਉਹ ਪ੍ਰਤੀਕ ਹੀ ਤਾਂ ਹਨ, ਜੋ ਰਾਜਨੀਤੀ ਸ਼ਾਸਤਰ ਅਨੁਸਾਰ ਰਾਜ ਦੇ ਜ਼ਰੂਰੀ ਤੱਤ ਮੰਨੇ ਗਏ ਹਨ।
18ਵੀਂ ਸਦੀ ਦੇ ਸਿੰਘਾਂ ਦਾ ਤਾਂ ਨਾ ਨਾਅਰਾ ਹੀ ‘ਰਾਜ ਕਰੇ ਜਾਂ ਲੜ ਮਰੇਂ’ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਗੁਰਮਤਿ ਅਨੁਸਾਰੀ ਪੂਰਨ ਪ੍ਰਭੂਸੱਤਾ ਸੰਪੰਨ ਖਾਲਸਾ ਰਾਜ ਸੀ, ਜੋ ਅਸਲ ਅਰਥਾਂ ਵਿਚ ਲੋਕਾਂ ਦਾ ਲੋਕਰਾਜ ਮੰਨਿਆ ਗਿਆ ਹੈ। ਇਸ ਦੀਆਂ ਮੋਹਰਾਂ ਤੇ ਸਿੱਕੇ ਕਿਸੇ ਰਾਜੇ ਜਾਂ ਵਿਅਕਤੀ ਵਿਸ਼ੇਸ਼ ਦੇ ਨਾਂ ‘ਤੇ ਨਹੀਂ, ਸਗੋਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਨਾਂ ‘ਤੇ ਹੀ ਜਾਰੀ ਕੀਤੇ ਗਏ ਸਨ ਅਤੇ ਸਰਬੱਤ ਦੇ ਭਲੇ ਦਾ ਗੁਰਮਤਿ ਸਿਧਾਂਤ ਲਾਗੂ ਕੀਤਾ ਗਿਆ ਸੀ।
ਕਿਸੇ ਜ਼ਾਲਮ ਬਾਦਸ਼ਾਹ ਦਾ ਜ਼ੁਲਮੀ ਰਾਜ ਨਾ ਤਾਂ ਕੌਮੀ ਰਾਜ (ਂਅਟਿਨ ੰਟਅਟe) ਹੀ ਹੁੰਦਾ ਹੈ, ਨਾ ਦੁਨੀਆਂ ਦੇ ਲੋਕਾਂ ‘ਤੇ ਕਹਿਰ ਵਰ੍ਹਾਉਣ ਵਾਲੇ ਅਜਿਹੇ ਕਿਸੇ ਰਾਜ ਨੂੰ ਕੌਮੀ ਰਾਜ ਕਰਾਰ ਦੇ ਕੇ ਉਸ ਦੁਆਰਾ ਲੋਕਾਂ ਤੇ ਇਨਸਾਨੀ ਹੱਕਾਂ ਦੇ ਵਿਰੁੱਧ ਕੀਤੀਆਂ ਜ਼ਾਲਮਾਨਾ ਕਾਰਵਾਈਆਂ ਦੀਆਂ ਮਿਸਾਲਾਂ ਨਾਲ ‘ਪੂਰਨ ਪ੍ਰਭੂਸੱਤਾ ਸੰਪੰਨ ਖਾਲਿਸਤਾਨ’ ਦਾ ਸੰਕਲਪ ਰੱਦ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਖਾਲਿਸਤਾਨ ਲਈ ‘ਸਿਰ ਧਰ ਤਲੀ’ ਸੰਘਰਸ਼ ਕਰਨ ਵਾਲੇ ਜੁਝਾਰੂਆਂ, ਮਰਜੀਵੜਿਆਂ ਤੇ ਸ਼ਹੀਦਾਂ ਨੂੰ ਬੇਰੁਜ਼ਗਾਰ, ਅਪਰਾਧੀ, ਗੁਮਰਾਹਕੁਨ ਅਤੇ ਮੱਤ ਹੀਣ ਗਰਦਾਨਿਆ ਜਾ ਸਕਦਾ ਹੈ।
ਖਾਲਿਸਤਾਨ ਦੀ ਸਥਾਪਨਾ ਲਈ ਚੱਲੀ ਜੁਝਾਰੂ ਲਹਿਰ ਦੀ ਇਹ ਵੀ ਇੱਕ ਵਿਲੱਖਣਤਾ ਹੈ ਕਿ ਇਸ ਨੇ ਲਿਖਤੀ ਰੂਪ ਵਿਚ ਏਨੀ ਵੱਡੀ ਗਿਣਤੀ ਵਿਚ ਦਸਤਾਵੇਜ਼ ਦਿੱਤੇ ਹਨ, ਜਿੰਨੇ ਕਿ ਪੰਜਾਬ ਵਿਚ 20ਵੀਂ ਸਦੀ ਵਿਚ ਸਮੇਂ ਸਮੇਂ ਚੱਲੀਆਂ ਬਹੁਤ ਸਾਰੀਆਂ ਲਹਿਰਾਂ ਵਿਚੋਂ ਕੋਈ ਵੀ ਲਹਿਰ ਨਹੀਂ ਸੀ ਦੇ ਸਕੀ। ਇਹੋ ਹੀ ਇੱਕੋ ਇੱਕ ਲਹਿਰ ਹੈ, ਜਿਸ ਨੇ ਲਿਖਤੀ ਰੂਪ ਵਿਚ ਆਪਣੇ ਨੀਤੀ ਪੱਤਰ ਬਾਕਾਇਦਾ ਜਾਰੀ ਕੀਤੇ, ਵਿਰੋਧੀ ਤਾਕਤਾਂ ਦੇ ਹਰ ਬਿਆਨ ਦਾ ਤੁਰੰਤ ਸਿਧਾਂਤਕ, ਇਤਿਹਾਸਕ, ਠੀਕ ਤੇ ਢੁੱਕਵਾਂ ਜਵਾਬ ਦਿੱਤਾ। ਪੈਦਾ ਹੋਏ ਹਰ ਮਸਲੇ ‘ਤੇ ਆਪਣਾ ਪੱਖ ਰੱਖਿਆ। ਆਪਣੀਆਂ ਕਾਰਵਾਈਆਂ ਤੇ ਕੰਮਾਂ ਦੀ ਜ਼ਿੰਮੇਵਾਰੀ ਲਈ।
ਸਰਕਾਰ ਅਤੇ ਦੁਸ਼ਮਣ ਤਾਕਤਾਂ ਵੱਲੋਂ ਸਮੇਂ ਸਮੇਂ ਪੈਦਾ ਕੀਤੇ ਸਭ ਭੁਲੇਖੇ ਵੀ ਦੂਰ ਕੀਤੇ। ਦੁਨੀਆਂ ਭਰ ਵਿਚ ਖਿੱਲਰੇ ਹੋਏ ਜੁਝਾਰੂ ਲਹਿਰ ਦੇ ਇਹ ਸਾਰੇ ਦਸਤਾਵੇਜ਼ ਜੇ ਕਿਧਰੇ ਇਕੱਠੇ ਕਰ ਲਏ ਜਾਣ ਤਾਂ ਇਨ੍ਹਾਂ ਦੀਆਂ ਪੰਜ ਕਿਤਾਬਾਂ ਬਣ ਸਕਦੀਆਂ ਹਨ। ਇਨ੍ਹਾਂ ਦਸਤਾਵੇਜ਼ਾਂ ਵਿਚ ਝਲਕਦੀ ਸੁਹਿਰਦਤਾ, ਇਮਾਨਦਾਰੀ, ਪ੍ਰਤੀਬੱਧਤਾ, ਲੋਕ ਪੱਖੀ ਵਿਚਾਰਧਾਰਾ, ਜੂਝ ਮਰਨ ਦਾ ਚਾਅ, ਮੰਜ਼ਿਲ ਸਰ ਕਰਨ ਦਾ ਜਜ਼ਬਾ ਅਤੇ ਲਗਨ ਨਾ ਸਿਰਫ ਤੁਹਮਤਾਂ ਤੇ ਦੂਸ਼ਣਬਾਜ਼ੀ ਦੇ ਰਾਹੀਂ ਆਪ ਸੱਚੀ ਬਣਨ ਅਤੇ ਜੁਝਾਰੂਆਂ ਨੂੰ ਝੂਠੇ ਆਖਣ ਤੇ ਬਦਨਾਮ ਕਰਨ ਲਈ ਯਤਨਸ਼ੀਲ ਭਾਰਤ ਸਰਕਾਰ, ਹਿੰਦੂਤਵੀ ਸੋਚ ਅਤੇ ਪੰਥ ਦੁਸ਼ਮਣ ਤਾਕਤਾਂ ਦੇ ਮੂੰਹ ‘ਤੇ ਚਪੇੜ ਹੈ, ਸਗੋਂ ਉਸ ਸੋਚ ਲਈ ਵੀ ਕਰਾਰਾ ਜਵਾਬ ਹੈ, ਜੋ ਕੌਮੀ ਰਾਜ ਦਾ ਡਰ ਪੈਦਾ ਕਰਕੇ ਲੋਕਾਂ ਵਿਚ ਪੂਰਨ ਪ੍ਰਭੂਸੱਤਾ ਸੰਪਨ ਖਾਲਸਾ ਰਾਜ ਬਾਰੇ ਵੀ ਭੁਲੇਖੇ ਪਾ ਰਹੀ ਹੈ।
29 ਅਪਰੈਲ 1986 ਵਾਲੀ ਸਵੇਰ ਨੂੰ ਪ੍ਰਣਾਮ, ਜਦੋਂ ਪ੍ਰਭੂ ਸੰਪੰਨ ਖਾਲਿਸਤਾਨ ਦਾ ਪਵਿੱਤਰ ਐਲਾਨਨਾਮਾ ਜਾਰੀ ਕੀਤਾ ਗਿਆ।
ਜੁਝਾਰੂ ਲਹਿਰ ਨੂੰ ਪ੍ਰਣਾਮ, ਜਿਸ ਨੇ ਇਸ ਐਲਾਨਨਾਮੇ ਨੂੰ ਲਾਗੂ ਕਰਨ ਲਈ ਸ਼ਹਾਦਤਾਂ ਦਿਤੀਆਂ, ਫਾਂਸੀ ਦੇ ਰੱਸੇ ਚੁੰਮੇ, ਘਰ-ਘਾਟ ਬਰਬਾਦ ਕੀਤੇ।
ਜੇਲ੍ਹਾਂ ਵਿਚ ਬੰਦ ਉਨ੍ਹਾਂ ਯੋਧਿਆਂ ਨੂੰ ਪ੍ਰਣਾਮ, ਜੋ ਖਾਲਿਸਤਾਨ ਦੇ ਨਿਸ਼ਾਨੇ ਦੀ ਪੂਰਤੀ ਲਈ ਲੰਮੀਆਂ ਕੈਦਾਂ ਕਟ ਰਹੇ ਹਨ।
ਉਨ੍ਹਾਂ ਤਮਾਮ ਜਥੇਬੰਦੀਆਂ, ਵਿਅਕਤੀਆਂ, ਸੰਸਥਾਵਾਂ ਅਤੇ ਵਿਦੇਸ਼ਾਂ ਵਿਚ ਆਪਣੇ ਆਪਣੇ ਢੰਗ ਨਾਲ ਖਾਲਿਸਤਾਨ ਲਈ ਜੂਝ ਰਹੇ ਭਰਾਵਾਂ ਅਤੇ ਭੈਣਾਂ ਨੂੰ ਪ੍ਰਣਾਮ, ਜਿਨ੍ਹਾਂ ਦੇ ਇਰਾਦੇ, ਸਿਦਕ ਅਤੇ ਦ੍ਰਿੜਤਾ ਅਡੋਲ ਅਤੇ ਅਟੱਲ ਹੈ।