ਕੁਦਰਤ ਨਾਲ ਇਕਸੁਰ ਆਰਥਕ ਵਿਕਾਸ ਹੀ ਸਹਾਈ ਹੋਵੇਗਾ

ਕੁਦਰਤ ਨੂੰ ਦਰ-ਕਿਨਾਰ ਕਰਕੇ ਮਨੁੱਖ ਨੇ ਬਹੁਤ ਸਾਰੀਆਂ ਆਫਤਾਂ ਸਹੇੜੀਆਂ ਹਨ। ਸਿਆਣੇ ਲੋਕ ਮਨੁੱਖ ਨੂੰ ਇਸ ਬਾਰੇ ਅਕਸਰ ਚੇਤੇ ਕਰਵਾਉਂਦੇ ਰਹਿੰਦੇ ਹਨ। ਜਲੰਧਰ ਵੱਸਦੇ ਸ਼ ਗੁਰਬਚਨ ਸਿੰਘ ਨੇ ਅਜਿਹੇ ਸਿਆਣਿਆਂ ਦੇ ਅਨੇਕਾਂ ਹਵਾਲਿਆਂ ਨਾਲ ਆਪਣੀ ਗੱਲ ਆਪਣੇ ਇਸ ਲੇਖ ਵਿਚ ਆਖ ਸੁਣਾਈ ਹੈ। ਤੱਥ ਇਹੀ ਦੱਸਦੇ ਹਨ ਕਿ ਕੁਦਰਤ ਨਾਲ ਛੇੜਖਾਨੀ ਕਰਕੇ ਮਨੁੱਖ ਅਗਲਾ ਕਦਮ ਅਗਾਂਹ ਨਹੀਂ ਵਧਾ ਸਕਦਾ।

-ਸੰਪਾਦਕ

ਗੁਰਬਚਨ ਸਿੰਘ
ਫੋਨ: 91-98156-98451

ਬਿਨਾ ਸ਼ੱਕ ਕੁਦਰਤ ਉਤੇ ਜਿੱਤ ਪ੍ਰਾਪਤ ਕਰਨ ਦੀ ਖੁਸ਼ਫਹਿਮੀ ਵਿਚ ਮਨੁੱਖ ਨੇ ਆਪਣੀ ਕੁਦਰਤੀ ਫਿਤਰਤ ਵੀ ਗੁਆ ਲਈ ਹੈ। ਬੁੱਧੀਮਾਨ ਕਹਿੰਦੇ ਹਨ, ਮਨੁੱਖ ਨਾਸਵੰਤ ਕੁਦਰਤੀ ਜੀਵ ਹੈ। ਉਹ ਸਦੀਵੀ ਰਹਿਣ ਵਾਲੀ ਕੁਦਰਤ ਦਾ ਹੀ ਅਟੁੱਟ ਅੰਗ ਹੈ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥ (ਗੁਰੂ ਗ੍ਰੰਥ ਸਾਹਿਬ, ਪੰਨਾ 695)। ਮਨੁੱਖ ਦੇ ਜਿਉਂਦੇ ਰਹਿਣ ਲਈ ਸਾਰੀਆਂ ਲੋੜੀਂਦੀਆਂ ਵਸਤਾਂ ਕੁਦਰਤ ਕੋਲੋਂ ਪ੍ਰਾਪਤ ਹੁੰਦੀਆਂ ਹਨ। ਜ਼ਿੰਦਗੀ ਭਰ ਆਪਣੇ ਜਿਉਂਦੇ ਰਹਿਣ ਲਈ ਮਨੁੱਖ ਇਸ ਕੁਦਰਤ ਨਾਲ ਨਿਰੰਤਰ ਲੈਣ-ਦੇਣ ਕਰਦਾ ਹੈ। ਇਨ੍ਹਾਂ ਕੁਦਰਤੀ ਭੰਡਾਰਾਂ ਦਾ ਮਾਲਕ ਕੋਈ ਇਕੱਲਾ-ਇਕਹਿਰਾ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਨਹੀਂ, ਸਗੋਂ ਸਮੁੱਚੀ ਮਨੁੱਖ ਜਾਤੀ ਹੈ।
ਕੁਦਰਤ ਨਾਲ ਇਕਸੁਰ ਤੇ ਸਰਬੱਤ ਨਾਲ ਜੁੜ ਕੇ ਹੱਥੀਂ ਕਿਰਤ ਕਰਨੀ, ਇਸ ਕਿਰਤ ਦੀਆਂ ਸਮੂਹਿਕ ਪ੍ਰਾਪਤੀਆਂ ਨੂੰ ਸਭ ਨਾਲ ਵੰਡ ਕੇ ਛਕਣਾ ਤੇ ਚੇਤੰਨ ਅਨੁਭਵੀ ਮਨ ਦੀ ਅਵਸਥਾ ਵਿਚ ਵਿਚਰਦਿਆਂ ਆਪਣੇ ਮਨੁੱਖੀ ਜਜ਼ਬਿਆਂ ਨੂੰ ਜ਼ਬਤ ਵਿਚ ਰੱਖ ਕੇ ਆਪਣੀਆਂ ਮਨੁੱਖੀ ਲੋੜਾਂ ਦੀ ਪੂਰਤੀ ਕਰਨੀ ਅਤੇ ਆਪਣੇ ਮਨੁੱਖੀ ਜਜ਼ਬਿਆਂ ਦਾ ਭਰਪੂਰ ਅਨੰਦ ਮਾਣਨਾ ਹੀ ਅਸਲੀ ਮਨੁੱਖ ਦੀ ਨਿਸ਼ਾਨੀ ਹੈ। ਸਰਬਸਾਂਝੀਵਾਲਤਾ ਦੀ ਭਾਵਨਾ ਤੇ ਸਰਬੱਤ ਦੇ ਭਲੇ ਦੇ ਸਦਾਚਾਰ ਦੀ ਤਾਂਘ ਮਨ ਵਿਚ ਰੱਖ ਕੇ ਅੱਗੇ ਵਧਦਾ ਪਰਉਪਕਾਰੀ ਮਨੁੱਖ ਹੀ ਅਸਲੀ ਮਨੁੱਖ ਹੈ। ਸਰਬਸਾਂਝੀਵਾਲਤਾ ਦੀ ਸਮਾਜੀ ਚੇਤਨਾ ਤੇ ਸਰਬਤ ਦੇ ਭਲੇ ਦਾ ਸਦਾਚਾਰ ਹੀ ਇਸ ਮਨੁੱਖ ਦੀ ਜ਼ਿੰਦਗੀ ਹੈ, “ਵਿਚਿ ਦੁਨੀਆ ਸੇਵ ਕਮਾਈਐ ਤਾ ਦਰਗਹ ਬੈਸਣੁ ਪਾਈਐ॥” ਪਰ ਅਜੋਕਾ ਮਨੁੱਖ ਇਹ ਸਾਰਾ ਕੁਝ ਭੁੱਲ ਚੁਕਾ ਹੈ। ਅਜਿਹਾ ਕਿਉਂ ਵਾਪਰਿਆ?
ਪ੍ਰੋ. ਪਿਆਰਾ ਸਿੰਘ ਭੋਗਲ ਨੇ ਆਪਣੀ ਇਕ ਲਿਖਤ ਵਿਚ ਲਿਖਿਆ ਹੈ, “ਆਪਣੀਆਂ ਸਭ ਖੋਜਾਂ ਤੇ ਕਾਢਾਂ ਨਾਲ ਮਨੁੱਖ ਨੂੰ ਗੁਮਾਨ ਹੋਣ ਲੱਗਾ ਕਿ ਮੈਂ ਕੁਦਰਤ ਉਤੇ ਜਿੱਤ ਪ੍ਰਾਪਤ ਕਰ ਲਈ ਹੈ, ਪਰ ਕੁਦਰਤ ਬੇਅੰਤ ਹੈ। ਬ੍ਰਹਿਮੰਡ ਬਹੁਤ ਵੱਡਾ ਹੈ। ਸ਼ਕਤੀਸ਼ਾਲੀ ਤੇ ਭੇਤ ਭਰਿਆ ਹੈ। ਨਤੀਜਾ ਇਹ ਹੈ ਕਿ ਚੀਨ ਦੇ ਸ਼ਹਿਰ ਵੂਹਾਨ ਵਿਚ ਕਰੋਨਾ ਜਾਂ ਕੋਵਿਡ-19 ਫੁਟ ਪਈ। … ਹੁਣ ਇਹ ਬਿਮਾਰੀ ਚੀਨ ਵਿਚੋਂ ਨਿਕਲ ਕੇ ਭਾਰਤ ਸਮੇਤ ਸਾਰੇ ਸੰਸਾਰ ਵਿਚ ਫੈਲ ਗਈ ਹੈ। ਅਮਰੀਕਾ, ਇੰਗਲੈਂਡ ਤੇ ਯੂਰਪ ਸਾਰੇ ਸੰਸਾਰ ਵਿਚ ਸਭ ਤੋਂ ਵੱਧ ਉਨਤ ਅਤੇ ਸਭ ਤੋਂ ਵਧੇਰੇ ਖੁਸ਼ਹਾਲ ਹਿੱਸੇ ਮੰਨੇ ਜਾਂਦੇ ਸਨ, ਪਰ ਹੁਣ ਇਹੋ ਖਿਤੇ ਇਸ ਮਹਾਮਾਰੀ ਦੇ ਸਭ ਤੋਂ ਵੱਡੇ ਨਿਸ਼ਾਨਾ ਬਣੇ ਹਨ। ਯੂਰਪ ਦੇ ਦੋ ਦੇਸ਼ਾਂ- ਇਟਲੀ ਤੇ ਸਪੇਨ ਵਿਚ ਹਜ਼ਾਰਾਂ ਮੌਤਾਂ ਹੋਈਆਂ ਹਨ। ਇਹੋ ਹਾਲ ਅਮਰੀਕਾ ਦਾ ਹੈ।
… ਬੁੱਧੀਮਾਨ ਕਹਿੰਦੇ ਹਨ, ਮਨੁੱਖ ਆਪਣੀ ਅਕਲ ਤੇ ਉਨਤੀ ਦੇ ਹੰਕਾਰ ਵਿਚ ਜੋ ਜੀਵਨ-ਢੰਗ ਅਪਨਾ ਰਿਹਾ ਸੀ, ਉਹ ਗਲਤ ਸੀ। ਖਾਂਦਾ ਖੂਬ ਸੀ। ਐਸ਼ ਕਰਦਾ ਸੀ। ਕਦੇ-ਕਦੇ ਖੇਡਦਾ ਵੀ ਸੀ। ਥੋੜ੍ਹੀ ਬਹੁਤ ਕਸਰਤ ਵੀ ਕਰਦਾ ਸੀ, ਪਰ ਸਮੁਚੇ ਤੌਰ ‘ਤੇ ਉਹ ਤਰੱਕੀ ਦੀ ਦੌੜ ਵਿਚ ਲੱਗਾ ਹੋਇਆ ਸੀ। ਧਨ ਇਕੱਠਾ ਕਰਨਾ ਮੁੱਖ ਨਿਸ਼ਾਨਾ ਬਣ ਗਿਆ ਸੀ। ਹਰ ਮਨੁੱਖ ਦੂਜੇ ਨੂੰ ਪਛਾੜਨਾ ਚਾਹੁੰਦਾ ਸੀ। ਬੁੱਧੀਮਾਨ ਕਹਿੰਦੇ ਹਨ, ਅੰਗਰੇਜ਼ੀ ਭਾਸ਼ਾ ਦੇ ਸ਼ਬਦ ਵਰਤ ਕੇ ਅੱਜ ਇਨਸਾਨ, ਇਨਸਾਨ ਨਹੀਂ ਰਿਹਾ, ਸਗੋਂ ਚੂਹਾ ਦੌੜ (ਰੈਟ ਰੇਸ) ਵਿਚ ਗਲਤਾਨ ਮਸ਼ੀਨ ਬਣ ਗਿਆ ਹੈ। ਉਸ ਨੂੰ ਤਾਂ ਸਿਰਫ ਧਨ ਚੇਤੇ ਰਹਿੰਦਾ ਹੈ ਜਾਂ ਹੋਰ ਪਦਾਰਥ। ਜਿਉਣਾ ਤੇ ਸੁਆਦ ਨਾਲ ਜਿਉਣਾ ਭੁੱਲ ਚੁਕੀ ਗੱਲ ਬਣ ਗਈ ਹੈ। ਇਸੇ ਕਰ ਕੇ ਕਰੋਨਾ ਨੇ ਭੂਚਾਲ ਵਾਂਗ ਸਾਰੀ ਧਰਤੀ ਹਿਲਾ ਦਿੱਤੀ ਹੈ। ਉਨਤ ਤੋਂ ਉਨਤ ਦੇਸ਼ ਤੇ ਅਮੀਰ ਤੋਂ ਅਮੀਰ ਵਿਅਕਤੀ ਭੈਅ-ਭੀਤ ਹਨ, ਪਰ ਕੀ ਭਟਕੀ ਹੋਈ ਇਨਸਾਨੀ ਭੀੜ ਹੁਣ ਰੁਕ ਕੇ ਸਿਆਣਪ ਵੱਲ ਮੋੜਾ ਕਟੇਗੀ? ਚੂਹਾ ਦੌੜ ਛੱਡੇਗੀ?
ਸਾਰਾ ਭਾਰਤ ਬਾਹਰੋਂ ਨਿਕਲ ਕੇ ਘਰੀਂ ਮੁੜਿਆ ਹੈ। ਪਹਿਲਾਂ ਘਰ ਸਨ, ਪਰ ਮਨੁੱਖ ਘਰ ਘੱਟ ਰਹਿੰਦਾ ਸੀ। ਸੜਕਾਂ ਉਤੇ ਅਤੇ ਪੈਸੇ ਕਮਾਉਣ ਦੀਆਂ ਥਾਂਵਾਂ ਉਤੇ ਵੱਧ ਰਹਿੰਦਾ ਸੀ। ਹੁਣ ਸ਼ਹਿਰੀ ਲੋਕ ਵੀ ਘਰ ਆ ਕੇ ਬੈਠੇ ਹਨ। ਪਰਿਵਾਰ ਇਕੱਠੇ ਹੋ ਕੇ ਬੈਠੇ ਹਨ। ਸਾਲਾਂ ਬਾਅਦ ਘਰ ਬੈਠ ਕੇ ਸਾਹ ਸੌਖੇ ਲੈਣੇ ਸ਼ੁਰੂ ਕੀਤੇ ਹਨ। ਰੈਸਟੋਰੈਟਾਂ ਤੇ ਹੋਟਲਾਂ ਦਾ ਖਾਣਾ ਭੁੱਲ ਕੇ ਘਰ ਵਿਚ ਬਣਦੀ ਸਾਦਾ ਦਾਲ-ਰੋਟੀ ਖਾਣੀ ਸ਼ੁਰੂ ਕੀਤੀ ਹੈ। ਹੋਰ ਤਾਂ ਹੋਰ, ਪਹਿਲਾਂ ਪੜ੍ਹੇ-ਲਿਖੇ ਲੋਕ ਵੀ ਚੰਗੀ ਤਰ੍ਹਾਂ ਹੱਥ ਧੋਣੇ ਭੁੱਲ ਗਏ ਸਨ। ਹੁਣ ਘਰ ਵਿਚ ਬੈਠਿਆਂ ਵਾਰ-ਵਾਰ ਹੱਥ ਧੋਣ ਦੀ ਆਦਤ ਪੈ ਰਹੀ ਹੈ। ਇਹ ਜੀਵਨ-ਸ਼ੈਲੀ ਬਿਮਾਰੀਆਂ ਤੋਂ ਮੁਕਤੀ ਦੇਣ ਵਾਲੀ ਹੈ, ਪਰ ਅਜੇ ਮੋੜਾ ਮਾਮੂਲੀ ਹੈ। ਕੁਦਰਤ ਤਾਂ ਅਜੇ ਵੀ ਭੁੱਲੀ ਹੋਈ ਹੈ। ਚੜ੍ਹਦੇ ਤੇ ਛਿਪਦੇ ਸੂਰਜ ਦੀ ਝਾਕੀ ਵੱਲ ਅਜੇ ਵੀ ਧਿਆਨ ਨਹੀਂ। ਬਾਹਰ ਮੰਦ-ਮੰਦ ਵਗ ਰਹੀ ਹਵਾ ਵੱਲ ਵੀ ਧਿਆਨ ਨਹੀਂ। ਕੁਦਰਤ ਦੇ ਵਿਸ਼ਾਲ ਪਸਾਰੇ ਵੱਲ ਦੇਖੋ। ਨਦੀਆਂ ਕਲ-ਕਲ ਕਰ ਕੇ ਵਗਦੀਆਂ ਹਨ। ਹਵਾ ਮੰਦ-ਮੰਦ ਵਗਦੀ ਹੈ। ਹਵਾ ਵਗਦਿਆਂ ਬ੍ਰਿਛਾਂ ਦੇ ਪੱਤੇ ਇਉਂ ਇਕ-ਦੂਜੇ ਨਾਲ ਖਹਿੰਦੇ ਹਨ, ਜਿਵੇਂ ਗਿੱਧਾ ਪਾ ਰਹੇ ਹੋਣ। ਸੂਰਜ ਸਵੇਰ ਨੂੰ ਚੜ੍ਹਦਾ ਤੇ ਤ੍ਰਿਕਾਲਾਂ ਨੂੰ ਛਿਪਦਾ ਹੈ। ਸੂਰਜ ਨੂੰ ਕੋਈ ਕਾਹਲ ਨਹੀਂ। ਸ਼ਾਨ ਨਾਲ ਦਿਸਹੱਦੇ ਉਤੇ ਝਾਤੀ ਮਾਰਦਾ ਹੈ। ਹੌਲੀ-ਹੌਲੀ ਉਪਰ ਵਲ ਨੂੰ ਆਉਂਦਾ ਹੈ, ਪਰ ਅਕਲਾਂ ਵਾਲਾ ਇਨਸਾਨ ਇਨ੍ਹਾਂ ਬਹੁਤ ਮਨਮੋਹਣੀਆਂ ਤੇ ਰਹੱਸ ਭਰੀਆਂ ਝਾਕੀਆਂ ਵੱਲ ਵੇਖਣਾ ਹੀ ਭੁਲ ਚੁਕਾ ਹੈ।”
ਡਾ. ਸਵਰਾਜ ਸਿੰਘ ਦੀ ਹੁਣੇ ਛਪੀ ਇਕ ਲਿਖਤ ਅਨੁਸਾਰ, ਮਨੁੱਖੀ ਹੋਂਦ ਦੇ ਪੰਜ ਵਖ-ਵਖ ਪੱਧਰ ਹਨ। ਸਭ ਤੋਂ ਮੁਢਲੇ ਪੱਧਰ ‘ਤੇ ਮਨੁੱਖ ਦੀ ਨਿਜੀ ਹੋਂਦ ਹੈ। ਇਸ ਤੋਂ ਉਪਰਲਾ ਪੱਧਰ ਪਰਿਵਾਰਕ ਹੋਂਦ ਹੈ। ਇਸ ਤੋਂ ਉਪਰਲਾ ਪੱਧਰ ਸਮਾਜੀ ਹੋਂਦ ਹੈ ਅਤੇ ਇਸ ਤੋਂ ਉਪਰਲਾ ਪੱਧਰ ਸਭਿਆਚਾਰਕ ਹੋਂਦ ਹੈ। ਸਭ ਤੋਂ ਉਪਰਲਾ ਪੱਧਰ ਮਨੁੱਖ ਦੀ ਆਤਮਿਕ ਹੋਂਦ ਹੈ।
ਮਨੁੱਖ ਦੀ ਨਿਜੀ ਹੋਂਦ ਸਭ ਤੋਂ ਮੁਢਲੇ ਪੱਧਰ ਦੀ ਹੈ, ਜਿਸ ਦਾ ਮੁਖ ਮੰਤਵ ਆਪਣੀ ਜੈਵਿਕ ਹੋਂਦ ਨੂੰ ਕਾਇਮ ਰੱਖਣਾ ਹੈ। ਖਾਣ-ਪੀਣ-ਹੱਗਣ ਤੇ ਲਿੰਗ-ਤ੍ਰਿਪਤੀ ਤਕ ਸੀਮਤ ਇਹ ਹੋਂਦ ਸਾਡੀਆਂ ਮੂਲ ਬਿਰਤੀਆਂ ‘ਤੇ ਨਿਰਭਰ ਕਰਦੀ ਹੈ। ਇਸ ਪੱਧਰ ‘ਤੇ ਮਨੁੱਖ ਦੀ ਪਹਿਲ ਸਿਰਫ ਆਪੇ ਦੀ ਸੰਭਾਲ ਹੁੰਦੀ ਹੈ। ਮਨੁੱਖ ਦੀ ਸੋਚ ਮੁਖ ਤੌਰ ‘ਤੇ ਨਿਜ ਦੁਆਲੇ ਕੇਂਦ੍ਰਿਤ ਰਹਿੰਦੀ ਹੈ। ਇਸ ਤੋਂ ਉਪਰਲਾ ਪੱਧਰ ਪਰਿਵਾਰਕ ਹੋਂਦ ਹੈ, ਜਿਸ ਵਿਚ ਮਨੁੱਖ ਆਪਣੇ ਜੈਵਿਕ ਰਿਸ਼ਤਿਆਂ ਨਾਲ ਸਾਂਝ ਦਾ ਅਹਿਸਾਸ ਕਰਦਾ ਹੈ। ਇਹ ਪੱਧਰ ਵੀ ਮਨੁੱਖ ਦੀ ਜੈਵਿਕ ਹੋਂਦ ਦਾ ਹੀ ਪਸਾਰ ਹੈ। ਇਸ ਪੱਧਰ ‘ਤੇ ਮਨੁੱਖ ਆਪਣੇ ਪਰਿਵਾਰ ਨਾਲ ਆਪਣੇ ਹਿਤਾਂ ਦੀ ਸਾਂਝ ਵੇਖਦਾ ਹੈ। ਇਹ ਦੋਨੋਂ ਪੱਧਰ ਜੈਵਿਕ ਹਨ। ਇਸ ਵਾਸਤੇ ਕਿਸੇ ਵਿਸ਼ੇਸ਼ ਨੇਮ ਭਾਵ ਜ਼ਾਬਤਾ ਵਿਕਸਿਤ ਕਰਨ ਦੀ ਲੋੜ ਨਹੀਂ ਪੈਂਦੀ। ਇਨ੍ਹਾਂ ਪੱਧਰਾਂ ‘ਤੇ ਮੁਖ ਰੂਪ ਵਿਚ ਕੁਦਰਤੀ ਬਿਰਤੀਆਂ ਹੀ ਪ੍ਰਭਾਵਿਤ ਕਰਦੀਆਂ ਹਨ।
ਮਨੁੱਖ ਦੀ ਸਮਾਜੀ ਹੋਂਦ ਉਸ ਦੀ ਜੈਵਿਕ ਹੋਂਦ ਤੋਂ ਉਪਰ ਹੈ। ਮਨੁੱਖ ਕਿਸੇ ਨਾ ਕਿਸੇ ਸਮਾਜੀ ਇਕਾਈ ਦਾ ਅੰਗ ਬਣ ਕੇ ਜਿਉਂਦਾ ਹੈ। ਕਿਸੇ ਵੀ ਸਮਾਜ ਦਾ ਅੰਗ ਬਣਨ ਲਈ ਮਨੁੱਖ ਨੂੰ ਉਸ ਦੇ ਨੇਮਾਂ ਤੇ ਜ਼ਾਬਤੇ ਦੇ ਘੇਰੇ ਵਿਚ ਰਹਿਣਾ ਪੈਂਦਾ ਹੈ। ਇਹ ਬਾਹਰੀ ਜ਼ਾਬਤਾ ਹੁੰਦਾ ਹੈ, ਭਾਵ ਇਸ ਦਾ ਫੈਸਲਾ ਬਾਹਰੋਂ ਸਮਾਜ ਕਰਦਾ ਹੈ। ਇਸ ਤੋਂ ਉਪਰਲਾ ਪੱਧਰ ਸਭਿਆਚਾਰਕ ਹੋਂਦ ਦਾ ਹੈ। ਸਭਿਆਚਾਰ ਦਾ ਸਬੰਧ ਸਾਡੇ ਜੀਵਨ ਢੰਗ ਤੇ ਸਾਡੀਆਂ ਕਦਰਾਂ ਕੀਮਤਾਂ ਨਾਲ ਹੁੰਦਾ ਹੈ। ਬੋਲੀ ਸਭਿਆਚਾਰ ਦਾ ਮੂਲ ਆਧਾਰ ਹੈ। ਬੋਲੀ ਦੇ ਆਧਾਰ ‘ਤੇ ਹੀ ਸਮੂਹਿਕ ਸਭਿਆਚਾਰ ਵਿਕਸਿਤ ਹੁੰਦਾ ਹੈ ਅਤੇ ਮਨੁੱਖ ਆਪਣੀ ਸਭਿਆਚਾਰਕ ਪਛਾਣ ਬਣਾਉਂਦਾ ਹੈ। ਸਮਾਜੀ ਹੋਂਦ ਦਾ ਮੁੱਖ ਖੇਤਰ ਬਾਹਰਲਾ ਹੈ, ਅਰਥਾਤ ਸਮਾਜ ਨਾਲ ਅੰਤਰਕ੍ਰਿਆ ਹੈ, ਪਰ ਸਭਿਆਚਾਰ ਮੁਖ ਤੌਰ ‘ਤੇ ਮਨੁੱਖ ਦੀਆਂ ਅੰਦਰੂਨੀ ਭਾਵਨਾਵਾਂ ਨਾਲ ਜੁੜਿਆ ਹੁੰਦਾ ਹੈ। ਇਸ ਲਈ ਕਿਸੇ ਸਭਿਆਚਾਰ ਦਾ ਅੰਗ ਬਣਨ ਲਈ ਮਨੁੱਖ ਨੂੰ ਬਾਹਰੀ ਨੇਮਾਂ ਜਾਂ ਬਾਹਰੀ ਜ਼ਾਬਤੇ ਦੀ ਲੋੜ ਨਹੀਂ ਹੁੰਦੀ, ਸਗੋਂ ਅੰਦਰੂਨੀ ਸਵੈ-ਜ਼ਾਬਤੇ ਦੀ ਲੋੜ ਹੁੰਦੀ ਹੈ।
ਕਿਸੇ ਸਭਿਆਚਾਰ ਨਾਲ ਆਪਣਾ ਸਬੰਧ ਬਣਾਈ ਰੱਖਣ ਲਈ ਮਨੁੱਖ ਨੂੰ ਉਸ ਸਭਿਆਚਾਰ ਦੀਆਂ ਸਦਾਚਾਰੀ ਕੀਮਤਾਂ ਨਾਲ ਜਜ਼ਬਾਤੀ ਸਾਂਝ ਬਣਾਈ ਰੱਖਣੀ ਪੈਂਦੀ ਹੈ। ਇਹ ਸਾਂਝ ਕਿਸੇ ਬਾਹਰਲੇ ਜ਼ਬਤ ਨਾਲ ਨਹੀਂ, ਸਗੋਂ ਅੰਦਰੂਨੀ ਜ਼ਬਤ ਨਾਲ ਬਣਦੀ ਹੈ। ਬਾਹਰਲੇ ਜ਼ਬਤ ਨਾਲੋਂ ਅੰਦਰੂਨੀ ਸਵੈ-ਜ਼ਾਬਤਾ ਉਪਰਲੇ ਪੱਧਰ ਦਾ ਹੁੰਦਾ ਹੈ। ਇਸ ਲਈ ਮਨੁੱਖ ਦੀ ਸਭਿਆਚਾਰਕ ਹੋਂਦ ਸਮਾਜੀ ਹੋਂਦ ਨਾਲੋਂ ਉਪਰਲੇ ਪੱਧਰ ਦੀ ਹੁੰਦੀ ਹੈ। ਭਾਵੇਂ ਹੋਂਦ ਦੇ ਇਹ ਚਾਰੇ ਪੱਧਰ ਸਰੀਰਕ ਹੋਂਦ ਨਾਲ ਜੁੜੇ ਹੋਏ ਹਨ, ਪਰ ਸਭਿਆਚਾਰਕ ਹੋਂਦ ਵਿਚ ਸਾਡੀਆਂ ਭਾਵਨਾਵਾਂ, ਕਦਰਾਂ ਕੀਮਤਾਂ, ਸਦਾਚਾਰ ਤੇ ਨੈਤਿਕਤਾ ਸ਼ਾਮਲ ਹੋਣ ਕਰਕੇ ਇਹ ਇਨ੍ਹਾਂ ਚਾਰਾਂ ਪੱਧਰਾਂ ਵਿਚੋਂ ਮਨੁੱਖ ਦਾ ਸਭ ਤੋਂ ਵਿਕਸਿਤ ਭਾਵ ਉਪਰਲਾ ਪੱਧਰ ਹੈ।
ਇਨ੍ਹਾਂ ਚਾਰਾਂ ਪੱਧਰਾਂ ਤੋਂ ਉਪਰ ਮਨੁੱਖ ਦੀ ਆਤਮਿਕ ਹੋਂਦ ਹੈ। ਇਸ ਪੱਧਰ ‘ਤੇ ਮਨੁੱਖ ਆਪਣੀ ਸਰੀਰਕ ਹੋਂਦ ਨੂੰ ਪਾਰ ਕਰ ਜਾਂਦਾ ਹੈ। ਇਹ ਹੋਂਦ ਉਸ ਦੀ ਚੇਤਨਾ (ਆਤਮਾ) ਨਾਲ ਜੁੜੀ ਹੁੰਦੀ ਹੈ। ਮਨੁੱਖੀ ਚੇਤਨਾ (ਆਤਮਾ) ਕਿਸੇ ਵੀ ਘੇਰੇ ਵਿਚ ਸੀਮਤ ਨਹੀਂ ਹੁੰਦੀ, ਸਗੋਂ ਅਸੀਮ ਹੁੰਦੀ ਹੈ। ਇਸ ਪੱਧਰ ਦੀ ਹੋਂਦ ਨੂੰ ਬ੍ਰਹਿਮੰਡੀ, ਯੂਨੀਵਰਸਲ ਜਾਂ ਕੌਸਮਿਕ ਹੋਂਦ ਵੀ ਕਿਹਾ ਜਾ ਸਕਦਾ ਹੈ। ਬਾਕੀ ਚਾਰੇ ਪੱਧਰਾਂ ਵਿਚ ਵਖਰੇਵੇਂ ਹੁੰਦੇ ਹਨ। ਮਨੁੱਖ ਕਿਸੇ ਸਮਾਜ ਜਾਂ ਸਭਿਆਚਾਰ ਦਾ ਅੰਗ ਹੋ ਸਕਦਾ ਹੈ। ਇਹ ਵਖਰੇਵੇਂ ਜਾਂ ਵਿਰੋਧ ਕੁਦਰਤੀ ਤੌਰ ‘ਤੇ ਵਿਕਸਿਤ ਹੋਏ ਹੁੰਦੇ ਹਨ। ਇਸ ਲਈ ਇਨ੍ਹਾਂ ਨੂੰ ਕੁਦਰਤੀ ਵਿਰੋਧ ਜਾਂ ਲੋਕਾਂ ਵਿਚਲੇ ਵਿਰੋਧ ਜਾਂ ਦੋਸਤਾਨਾ ਵਿਰੋਧ ਕਿਹਾ ਜਾ ਸਕਦਾ ਹੈ। ਲੋਕ-ਦੋਖੀ ਰਾਜਨੀਤੀ ਲੋਕਾਂ ਵਿਚਲੇ ਭਾਵ ਦੋਸਤਾਨਾ ਵਿਰੋਧਾਂ ਨੂੰ ਦੁਸ਼ਮਣੀ ਵਾਲੇ ਵਿਰੋਧ ਵਿਚ ਬਦਲਣ ਦੇ ਯਤਨ ਕਰਦੀ ਹੈ, ਪਰ ਆਤਮਿਕ (ਚੇਤਨਾ ਦੇ) ਪੱਧਰ ‘ਤੇ ਕੋਈ ਵਖਰੇਵਾਂ ਨਹੀਂ ਕੀਤਾ ਜਾ ਸਕਦਾ। ਇਸ ਲਈ ਇਸ ਅਵਸਥਾ ਵਿਚ ਕੋਈ ਵਿਰੋਧ ਨਹੀਂ ਹੁੰਦੀ। ਇਸ ਅਵਸਥਾ ਵਿਚ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’, ‘ਜੋ ਹਮ ਸਹਿਰੀ ਸੋ ਮੀਤ ਹਮਾਰਾ’ ਦਾ ਜਜ਼ਬਾ ਪੈਦਾ ਹੁੰਦਾ ਹੈ।
ਗੁਰਮਤਿ ਵਿਚ ਇਸ ਨੂੰ ਸਹਿਜ ਅਵਸਥਾ ਕਿਹਾ ਗਿਆ ਹੈ। ਜਿਥੇ ਕੋਈ ਵਖਰੇਵਾਂ, ਵਿਰੋਧ ਜਾਂ ਟਕਰਾਅ ਨਹੀਂ ਹੈ। ਸਹਿਜ ਵਿਚੋਂ ਅਨੰਦ ਉਪਜਦਾ ਹੈ। ਜਿਥੇ ਸੁੱਖ ਦਾ ਵਿਰੋਧੀ ਦੁੱਖ ਹੈ, ਉਥੇ ਅਨੰਦ ਦਾ ਕੋਈ ਵਿਰੋਧੀ ਨਹੀਂ ਹੈ। ਇਥੇ ਮਨੁੱਖ ਦੀ ਹੋਂਦ ਕੁਦਰਤ ਨਾਲ ਪੂਰਨ ਤੌਰ ‘ਤੇ ਇਕਸੁਰਤਾ ਵਾਲੀ ਹੁੰਦੀ ਹੈ। ਮਨੁੱਖ ਆਪਣੀ ਹੋਂਦ ਨੂੰ ਕੁਦਰਤ ਨਾਲੋਂ ਨਿਖੇੜ ਕੇ ਨਹੀਂ, ਸਗੋਂ ਕੁਦਰਤ ਦੇ ਅੰਗ ਵਜੋਂ ਵੇਖਦਾ ਹੈ। ਉਸ ਨੂੰ ਸਮਝ ਆਉਂਦੀ ਹੈ ਕਿ ਉਹ ਸਮੁੱਚੀ ਕੁਦਰਤ ਜਾਂ ਸਰਬਤ ਦਾ ਹੀ ਇਕ ਅੰਗ ਹੈ ਅਤੇ ਸਰਬਤ ਦੇ ਭਲੇ ਦੇ ਨਾਲ ਹੀ ਉਸ ਦਾ ਭਲਾ ਵੀ ਜੁੜਿਆ ਹੋਇਆ ਹੈ। ਇਸ ਨੂੰ ਮਨੁੱਖੀ ਵਿਕਾਸ ਦਾ ਸਭ ਤੋਂ ਉਪਰਲਾ ਪੱਧਰ ਕਿਹਾ ਜਾ ਸਕਦਾ ਹੈ।
ਪੂਰਨ ਤੌਰ ‘ਤੇ ਜਾਗ੍ਰਿਤ ਮਨੁੱਖ ਨੂੰ ਗੁਰੂ ਨਾਨਕ ਸਾਹਿਬ ‘ਗੁਰਮੁਖ’ ਅਤੇ ਗੁਰੂ ਗੋਬਿੰਦ ਸਿੰਘ ਜੀ ‘ਖਾਲਸਾ’ ਕਹਿੰਦੇ ਹਨ। ਮਾਰਕਸ ਨੇ ਇਸੇ ਪੱਧਰ ਦੇ ਮਨੁੱਖ ਨੂੰ ਕਮਿਊਨਿਸਟ ਕਿਹਾ ਹੈ। ਇਸ ਪੱਧਰ ‘ਤੇ ਪਹੁੰਚਣ ਲਈ ਆਤਮਿਕ ਇਨਕਲਾਬ ਦੀ ਲੋੜ ਹੈ। ਖਾਲਸੇ ਦੇ ਰੂਪ ਵਿਚ ਨਵੇਂ ਮਨੁੱਖ ਦੀ ਸਿਰਜਣਾ ਵਾਸਤੇ ਆਤਮਿਕ ਇਨਕਲਾਬ ਦਾ ਜ਼ਿਕਰ ਕੀਤਾ ਗਿਆ ਹੈ। ਮਾਰਕਸ ਨੇ ਵੀ ਆਪਣੀ ਫਿਲਾਸਫੀ ਵਿਚ ਆਤਮਿਕ ਇਨਕਲਾਬ ਦਾ ਜ਼ਿਕਰ ਕੀਤਾ ਹੈ, ਪਰ ਇਹ ਸੰਕਲਪ ਮਾਰਕਸਵਾਦੀਆਂ ਵਲੋਂ ਅਮਲ ਵਿਚ ਨਹੀਂ ਲਿਆਂਦਾ ਜਾ ਸਕਿਆ। ਮਾਰਕਸ ਦਾ ਕਮਿਊਨਿਸਟ ਮਨੁੱਖ ਵੀ ਅਸਲ ਵਿਚ ਪੂਰਨ ਰੂਪ ਵਿਚ ਜਾਗ੍ਰਿਤ ਹੋਣ ਉਤੇ ਹੀ ਆਧਾਰਿਤ ਹੈ। ਮਾਰਕਸ ਦਾ ਕਥਨ ਹੈ, “ਨਿਜੀ ਜਾਇਦਾਦ ਤੇ ਪੈਸੇ ਦੇ ਗਲਬੇ ਅਧੀਨ ਕੁਦਰਤ ਬਾਰੇ ਬਣਿਆ ਦ੍ਰਿਸ਼ਟੀਕੋਣ ਅਸਲ ਵਿਚ ਕੁਦਰਤ ਪ੍ਰਤੀ ਨਫਰਤ ਅਤੇ ਅਮਲ ਵਿਚ ਕੁਦਰਤ ਪ੍ਰਤੀ ਜਹਾਲਤ ਪੈਦਾ ਕਰਦਾ ਹੈ।”
ਏਂਗਲਜ਼ ਨੇ ਲਿਖਿਆ ਹੈ, “ਪਹਿਲੀ ਵਾਰ ਹੁਣ ਹੀ ਅਸਲੀ ਮਨੁੱਖੀ ਆਜ਼ਾਦੀ ਦੀ ਗੱਲ ਕੀਤੀ ਜਾ ਸਕਦੀ ਹੈ। ਕੁਦਰਤ ਦੇ ਜਾਣੇ ਹੋਏ ਨੇਮਾਂ ਨਾਲ ਇਕਸੁਰ ਹੋ ਕੇ ਜ਼ਿੰਦਗੀ ਜਿਉਣਾ ਹੀ ਅਸਲੀ ਮਨੁੱਖੀ ਆਜ਼ਾਦੀ ਹੈ।”
ਉਹ ਮਨੁੱਖ, ਜੋ ਕੁਦਰਤ ਨਾਲ ਪੂਰੀ ਤਰ੍ਹਾਂ ਇਕਸੁਰਤਾ ਨਾਲ ਜੀਵਨ ਜੀਅ ਰਹੇ ਹਨ, ਉਹ ਸਾਰੇ ਆਪਣੀ ਸਮਰਥਾ ਅਨੁਸਾਰ ਕੰਮ ਕਰਦੇ ਹਨ ਅਤੇ ਆਪਣੀਆਂ ਲੋੜਾਂ ਅਨੁਸਾਰ ਉਜਰਤ ਲੈਂਦੇ ਹਨ। ਇਸ ਨੂੰ ਅੰਗਰੇਜ਼ੀ ਵਿਚ ਮਾਰਕਸ ਨੇ ‘ਫਰੋਮ ਈਚ ਅਕਾਰਡਿੰਗ ਟੂ ਹਿਜ਼ ਏਬਲਿਟੀ ਐਂਡ ਈਚ ਅਕਾਰਡਿੰਗ ਟੂ ਹਿਜ਼ ਨੀਡਜ਼’ ਕਿਹਾ ਹੈ। ਪੂਰਨ ਤੌਰ ‘ਤੇ ਜਾਗ੍ਰਿਤ ਮਨੁੱਖ ਹੀ ਆਪਣੀਆਂ ਤਰਕ ਸੰਗਤ ਲੋੜਾਂ ਦੀ ਪਛਾਣ ਕਰ ਸਕਦਾ ਹੈ।
ਰੂਸ ਦਾ ਇਨਕਲਾਬ ਸਿਆਸੀ ਇਨਕਲਾਬ ਸੀ, ਜਿਸ ਨੇ ਅਜੇ ਹੋਰ ਉਚੇ ਪੱਧਰ ਵੱਲ ਵਧਣਾ ਸੀ, ਪਰ ਸਾਮਰਾਜੀ ਦੇਸ਼ਾਂ ਨੇ ਰੂਸੀ ਇਨਕਲਾਬ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਰੂਸ ਨੂੰ ਘੇਰ ਲਿਆ। ਅਜਿਹੇ ਹਾਲਾਤ ਵਿਚ ਰੂਸੀ ਇਨਕਲਾਬ ਦੀਆਂ ਪ੍ਰਾਪਤੀਆਂ ਬਚਾਉਣ ਲਈ ਲੈਨਿਨ ਨੂੰ ਵਕਤੀ ਤੌਰ ‘ਤੇ ਪਿਛੇ ਹਟਣਾ ਪਿਆ ਅਤੇ ਉਸ ਨੂੰ ਆਰਥਕਤਾ ਉਤੇ ਜ਼ੋਰ ਦੇਣਾ ਪਿਆ; ਪਰ ਸਟਾਲਿਨ ਨੇ ਲੈਨਿਨ ਦੀ ਵਕਤੀ ਨੀਤੀ ਨੂੰ ਇਕ ਤਰ੍ਹਾਂ ਨਾਲ ਸਥਾਈ ਨੀਤੀ ਬਣਾਉਣ ਦਾ ਯਤਨ ਕੀਤਾ, ਭਾਵੇਂ ਇਸ ਪਿਛੇ ਵੀ ਕਈ ਮਜਬੂਰੀਆਂ ਤੇ ਹਾਲਾਤ ਹੋ ਸਕਦੇ ਹਨ, ਜਿਵੇਂ ਸਾਮਰਾਜੀ ਦੇਸ਼ਾਂ ਦੇ ਰੂਸੀ ਇਨਕਲਾਬ ਨੂੰ ਪੁੱਠਾ ਗੇੜਾ ਦੇਣ ਦੇ ਯਤਨ ਤੇ ਸਟਾਲਿਨ ਦਾ ਗੈਰ ਰੂਸੀ (ਜਾਰਜੀਅਨ) ਹੋਣਾ; ਭਾਵ ਲੈਨਿਨ ਵਾਂਗ ਰੂਸੀ ਮਾਨਸਿਕਤਾ ਨੂੰ ਸਮਝਣ ਦੇ ਸਮਰਥ ਨਾ ਹੋਣਾ ਵੀ ਹੋ ਸਕਦਾ ਹੈ।
ਅੰਤ ਵਿਚ ਸਾਮਰਾਜੀ ਦੇਸ਼ ਰੂਸ ਵਿਚਲੇ ਇਨਕਲਾਬ ਨੂੰ ਪੁੱਠਾ ਗੇੜਾ ਦੇਣ ਵਿਚ ਸਫਲ ਹੋ ਗਏ। ਚੀਨ ਵਿਚ ਮਾਓ ਜ਼ੇ ਤੁੰਗ ਨੇ ਰੂਸ ਦੇ ਤਜਰਬੇ ਤੋਂ ਸਬਕ ਸਿੱਖ ਕੇ ਚੀਨ ਵਿਚ ਸਿਆਸੀ ਤੋਂ ਸਭਿਆਚਾਰਕ ਇਨਕਲਾਬ ਵਲ ਵਧਣ ਦਾ ਯਤਨ ਕੀਤਾ, ਪਰ ਪੱਛਮੀ ਸਰਮਾਏਦਾਰੀ ਨੇ ਚੀਨ ਵਿਚਲੇ ਇਨਕਲਾਬ ਨੂੰ ਵੀ ਅੱਗੇ ਲੈ ਕੇ ਜਾਣ ਵਿਚ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ। ਜਿਵੇਂ ਰੂਸ ਵਿਚ ਇਨਕਲਾਬ ਨੂੰ ਪੁੱਠਾ ਗੇੜਾ ਦਿੱਤਾ ਗਿਆ, ਉਸੇ ਤਰ੍ਹਾਂ ਸਾਮਰਾਜੀ ਦੇਸ਼ ਚੀਨ ਨੂੰ ਘੇਰ ਕੇ ਉਸ ਦੇ ਇਨਕਲਾਬ ਨੂੰ ਵੀ ਪੁੱਠਾ ਗੇੜਾ ਦੇਣ ਵਾਸਤੇ ਨਿਰੰਤਰ ਯਤਨਸ਼ੀਲ ਹਨ।
ਪੱਛਮੀ ਸਰਮਾਏਦਾਰੀ ਨੇ ਨਾ ਸਿਰਫ ਰੂਸ, ਚੀਨ ਤੇ ਹੋਰਨਾਂ ਦੇਸ਼ਾਂ ਵਿਚਲੇ ਸਿਆਸੀ ਇਨਕਲਾਬਾਂ ਨੂੰ ਪੁੱਠਾ ਗੇੜਾ ਦੇਣ ਦਾ ਯਤਨ ਕੀਤਾ ਹੈ, ਸਗੋਂ ਆਪਣੇ ਦੇਸ਼ਾਂ ਵਿਚ ਵੀ ਮਨੁੱਖੀ ਹੋਂਦ ਨੂੰ ਉਪਰਲੇ ਪੱਧਰ ਤਕ ਲੈ ਕੇ ਜਾਣ ਦੀ ਥਾਂ ਥੱਲੇ ਸੁੱਟਿਆ ਹੈ। ਮਨੁੱਖ ਦੀ ਹੋਂਦ ਵਿਚੋਂ ਆਤਮਿਕ (ਚੇਤਨਾ) ਤੱਤ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਉਸ ਨੂੰ ਸਿਰਫ ਪਦਾਰਥ (ਆਰਥਕਤਾ) ਤਕ ਸੀਮਤ ਕਰ ਦਿੱਤਾ ਹੈ। ਪੱਛਮੀ ਸਰਮਾਏਦਾਰੀ ਦੇ ਖਪਤਕਾਰੀ ਸਭਿਆਚਾਰ ਨੇ ਦੂਜੇ ਸਭ ਸਭਿਆਚਾਰਾਂ ਨੂੰ ਨਿਗਲਣਾ ਸ਼ੁਰੂ ਕੀਤਾ ਹੋਇਆ ਹੈ। ਪੱਛਮੀ ਸਰਮਾਏਦਾਰ ਦੇਸ਼ਾਂ ਵਿਚ ਮਨੁੱਖ ਦੀ ਸਭਿਆਚਾਰਕ ਹੋਂਦ ਪੂਰੀ ਤਰ੍ਹਾਂ ਖਤਮ ਹੋ ਚੁਕੀ ਹੈ। ਮਨੁੱਖ ਦੀ ਹੋਂਦ ਨੂੰ ਸਿਰਫ ਖਪਤਕਾਰੀ ਹੋਂਦ ਤਕ ਸੀਮਤ ਕਰ ਦਿੱਤਾ ਗਿਆ ਹੈ। ਸਾਮਰਾਜੀ ਖਪਤਕਾਰੀ ਸਭਿਆਚਾਰ ਨੇ ਦੂਜੇ ਦੇਸ਼ਾਂ ‘ਤੇ ਵੀ ਹਮਲਾ ਕਰਕੇ ਉਨ੍ਹਾਂ ਦੀ ਵਿਲੱਖਣ ਸਭਿਆਚਾਰਕ ਹੋਂਦ ਨੂੰ ਖਤਮ ਕਰਨ ਦਾ ਯਤਨ ਸ਼ੁਰੂ ਕੀਤਾ ਹੋਇਆ ਹੈ।
ਪੱਛਮੀ ਸਰਮਾਏਦਾਰੀ ਨੇ ਉਦਾਰਵਾਦ ਦੇ ਰੂਪ ਵਿਚ ਅਤਿ ਦਰਜੇ ਦੇ ਨਿਜਵਾਦ ਨੂੰ ਉਕਸਾ ਕੇ ਮਨੁੱਖ ਨੂੰ ਅਮਲੀ ਤੌਰ ‘ਤੇ ਸਮਾਜ ਅਤੇ ਪਰਿਵਾਰ ਨਾਲੋਂ ਤੋੜ ਦਿੱਤਾ ਹੈ। ਦੂਜੇ ਸ਼ਬਦਾਂ ਵਿਚ ਮਨੁੱਖ ਦੀ ਹੋਂਦ ਨੂੰ ਸਭ ਤੋਂ ਮੁਢਲੇ ਪੱਧਰ ਅਰਥਾਤ ਨਿਜੀ ਹੋਂਦ ਤਕ ਸੀਮਤ ਕਰ ਦਿੱਤਾ ਹੈ। ਇਹ ਮਨੁੱਖੀ ਵਿਕਾਸ ਨੂੰ ਦਿੱਤਾ ਗਿਆ ਪੁੱਠਾ ਗੇੜਾ ਹੈ। ਇਸੇ ਕਰਕੇ ਅਜੋਕਾ ਮਨੁੱਖ ਘੋਰ ਇਕਲਾਪੇ ਦਾ ਸ਼ਿਕਾਰ ਹੈ। ਇਕਲਾਪੇ ਤੇ ਨਿਜਵਾਦ ਦਾ ਸ਼ਿਕਾਰ ਮਨੁੱਖ ਭਲਾ ਕਰੋਨਾ ਵਾਇਰਸ ਜਿਹੀ ਭਿਆਨਕ ਤੇ ਰਹੱਸਮਈ ਬਿਮਾਰੀ ਨਾਲ ਲੜਨ ਦਾ ਹੌਸਲਾ ਕਿਵੇਂ ਕਰ ਸਕਦਾ ਹੈ? ਇਸੇ ਕਰਕੇ ਸੰਸਾਰ ਭਰ ਦਾ ਮਨੁੱਖ ਇਸ ਬਿਮਾਰੀ ਤੋਂ ਲੋੜੋਂ ਵੱਧ ਡਰਿਆ ਹੋਇਆ ਹੈ।