ਸੁਪਨਾ, ਜੋ ਸੱਚ ਹੀ ਤਾਂ ਹੈ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਉਨ੍ਹਾਂ ਤਾਰਿਆਂ ਨਾਲ ਗੱਲਾਂ ਕਰਦਿਆਂ ਪ੍ਰੇਰਿਆ ਸੀ, “ਤਾਰਿਆਂ ਵੱਲ ਦੇਖੋ। ਉਨ੍ਹਾਂ ਨੂੰ ਨਿਹਾਰੋ। ਉਨ੍ਹਾਂ ਦੇ ਦੀਦਿਆਂ ਵਿਚ ਝਾਕੋ। ਫਿਰ ਪਤਾ ਲੱਗੇਗਾ ਕਿ ਤਾਰੇ ਤੁਹਾਨੂੰ ਹੀ ਦੇਖਣ ਲਈ ਹਰ ਰਾਤ ਨੂੰ ਅੰਬਰ-ਵਿਹੜੇ ਵਿਚ ਦਸਤਕ ਦਿੰਦੇ।…

ਤਾਰਿਆਂ ਨਾਲ ਗੱਲਾਂ ਕੀਤਿਆਂ ਹੀ ਮਨੁੱਖ ਸਵੈ-ਚਿੰਤਨ ਕਰਨ ਦੀ ਸੋਚੇਗਾ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਪਰਵਾਸ ਲਈ ਪਰਵਾਜ਼ ਵਿਚੋਂ ਉਪਜੀ ਪੀੜ ਅਤੇ ਆਪਣੀ ਮਿੱਟੀ ਤੇ ਰਿਸ਼ਤਿਆਂ ਦੀ ਮਹਿਕ ਤੋਂ ਦੂਰ ਜਾਣ ਦਾ ਝੋਰਾ ਅਵਚੇਤਨ ਵਿਚ ਬੈਠੇ ਸੁਪਨੇ ਰਾਹੀਂ ਬਿਆਨ ਕੀਤਾ ਹੈ, “ਪਰਦੇਸ ਜਾਣ ਵਾਲਿਆ! ਤੈਨੂੰ ਤਾਂ ਸ਼ਾਇਦ ਚੇਤਾ ਨਾ ਹੋਵੇ, ਪਰ ਤੂੰ ਜਾਣ ਵੇਲੇ ਆਪਣੇ ਮਾਪਿਆਂ ਤੋਂ ਦੂਰ ਜਾਣ ਦਾ ਦਰਦ, ਭੈਣ-ਭਰਾਵਾਂ ਤੋਂ ਵਿਛੜਨ ਦੀ ਪੀੜਾ, ਸੰਗੀਆਂ-ਸਾਥੀਆਂ ਦੇ ਸਾਥ ਨੂੰ ਮਾਣਨ ਤੋਂ ਵਿਰਵੇ ਹੋਣ ਦੀ ਚੀਸ ਅਤੇ ਮਾਣੇ ਹੋਏ ਚੌਗਿਰਦੇ ਦੀ ਘਾਟ ਵੀ ਆਪਣੇ ਨਾਲ ਹੀ ਲੈ ਕੇ ਜਾ ਰਿਹਾ ਏਂ। ਇਸ ਨੇ ਤੈਨੂੰ ਦੇਰ-ਸਵੇਰ ਤੇ ਗਾਹੇ-ਬਗਾਹੇ ਸਤਾਉਂਦੇ ਰਹਿਣਾ।” ਉਹ ਕਹਿੰਦੇ ਹਨ, “ਜਾਣ ਵਾਲਿਆ! ਬਹੁਤ ਕੁਝ ਹੈ ਤੇਰੀ ਅਰਧ-ਚੇਤਨਾ ਵਿਚ, ਜੋ ਤੂੰ ਜਾਣੇ-ਅਣਜਾਣੇ ਨਾਲ ਹੀ ਲੈ ਜਾ ਰਿਹਾ ਏਂ। ਬਹੁਤ ਮਹੀਨ, ਡੂੰਘੀਆਂ ਅਤੇ ਅਥਾਹ ਹੁੰਦੀਆਂ ਨੇ ਇਸ ਦੀਆਂ ਪਰਤਾਂ, ਕਿਉਂਕਿ ਸੋਚਾਂ ਦੀਆਂ ਘੁੰਮਣਘੇਰੀਆਂ ਕਦੋਂ ਬੰਦੇ ਵਿਚੋਂ ਮਨਫੀ ਹੁੰਦੀਆਂ ਨੇ? ਮਨ ਵਿਚੋਂ ਕਦੋਂ ਮਿਟਦੀ ਹੈ, ਤਿੜਕੇ ਸੁਪਨਿਆਂ ਦੀ ਟੀਸ?…ਤੂੰ ਦੱਸ, ਭਾਵੇਂ ਨਾ ਦੱਸ, ਬਹੁਤ ਕੁਝ ਤੇਰੇ ਮਨ ਵਿਚ ਮਚਲਦਾ ਤੂਫਾਨ ਬਣ ਕੇ ਨਾਲ ਜਾਣ ਲਈ ਕਾਹਲਾ ਏ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਸੁਪਨਾ ਆਉਂਦਾ ਹੈ। ਆਪਣੇ ਪਿਆਰੇ ਪੰਜਾਬ ਤੋਂ ਅਮਰੀਕਾ ਨੂੰ ਜਾਣ ਦੀ ਕਾਹਲ ਹੈ। ਭਾਰਤ ਦੇ ਏਅਰਪੋਰਟ ‘ਤੇ ਇਮੀਗਰੇਸ਼ਨ ਅਫਸਰ ਪਾਸਪੋਰਟ ਵੱਲ ਦੇਖਦਾ ਹੈ। ਫਿਰ ਮੇਰੇ ਵੰਨੀਂ ਦੇਖ ਕੇ ਪੁੱਛਦਾ ਹੈ, “ਵਿਦੇਸ਼ ਨੂੰ ਜਾ ਰਿਹਾ ਏਂ? ਕੀ ਲੈ ਕੇ ਜਾ ਰਿਹਾ ਏਂ?”
ਮੈਂ ਆਲੇ-ਦੁਆਲੇ ਦੇਖਦਾ ਕਹਿੰਦਾ ਹਾਂ ਕਿ ਕੁਝ ਵੀ ਗੈਰ-ਕਾਨੂੰਨੀ ਨਹੀਂ। ਸਿਰਫ ਲੋੜ ਦੀਆਂ ਵਸਤਾਂ ਹੀ ਲੈ ਕੇ ਜਾ ਰਿਹਾ ਹਾਂ, ਜੋ ਲਿਜਾ ਸਕਦਾ ਹਾਂ। ਉਹ ਬਹੁਤ ਹੀ ਸੰਜੀਦਗੀ ਨਾਲ ਮੇਰੇ ਵੰਨੀਂ ਦੇਖਦਾ ਕਹਿੰਦਾ ਹੈ, “ਤੂੰ ਬਹੁਤ ਕੁਝ ਲੈ ਕੇ ਜਾ ਰਿਹਾ ਏਂ ਮਿੱਤਰ ਪਿਆਰੇ। ਸ਼ਾਇਦ ਤੈਨੂੰ ਪਤਾ ਨਾ ਹੋਵੇ ਜਾਂ ਕਿਆਸ ਨਾ ਹੋਵੇ। ਬਹੁਤ ਕੁਝ ਤੇਰੇ ਨਾਲ ਜਾ ਰਿਹਾ ਏ। ਇਸ ਦਾ ਸਿਰਫ ਕੁਝ ਕੁ ਲੋਕਾਂ ਨੂੰ ਹੀ ਅਹਿਸਾਸ ਏ, ਜੋ ਸੁਚੇਤ ਨੇ, ਚਿੰਤਕ ਨੇ ਤੇ ਫਿਕਰਮੰਦ ਨੇ। ਇਸ ਫਿਕਰਮੰਦੀ ਕਾਰਨ ਹੀ ਉਨ੍ਹਾਂ ਦੀ ਚੇਤਨਾ, ਉਨ੍ਹਾਂ ਨੂੰ ਬਹੁਤ ਕੁਰੇਦਦੀ ਏ।”
ਅਫਸਰ ਕਹਿੰਦਾ ਏ, “ਤੂੰ ਜਾ ਰਿਹਾ ਏਂ। ਆਪਣੇ ਨਾਲ ਆਪਣੀ ਦਿੱਖ, ਦਿੱਭ-ਦ੍ਰਿਸ਼ਟੀ ਅਤੇ ਸਮੁੱਚ ਨੂੰ ਲੈ ਕੇ ਜਾ ਰਿਹਾ ਏ। ਤੇਰੀ ਦਸਤਾਰ ਵੀ ਬਾਹਰ ਜਾ ਰਹੀ ਏ, ਦਾਹੜੀ ਵੀ, ਦਰਿਆਦਿਲੀ ਅਤੇ ਦਰਦਵੰਤਾ ਵੀ ਤੇਰੇ ਨਾਲ ਹੀ ਵਿਰਾਸਤੀ ਰੂਪ ਵਿਚ ਬਾਹਰ ਨੂੰ ਤੁਰ ਪਈ ਏ। ਜਦ ਤੂੰ ਆਪਣੇ ਪਹਿਰਾਵੇ, ਸੂਰਤ ਅਤੇ ਰੋਅਬ-ਦਾਅਬ ਵਿਚੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪਛਾਣ ਨਵੀਂ ਧਰਤੀ ‘ਤੇ ਸਿਰਜੇਂਗਾ ਤਾਂ ਪੰਜਾਬ ਨੂੰ ਬਹੁਤ ਹਿਰਖ ਹੋਵੇਗਾ, ਕਿਉਂਕਿ ਕਿਸੇ ਹੋਰ ਦੇਸ਼ ਦਾ ਹਾਸਲ, ਪੰਜਾਬ ਲਈ ਤਾਂ ਵੱਡਾ ਘਾਟਾ ਹੋਵੇਗਾ ਹੀ।”
“ਤੂੰ ਜਾ ਰਿਹਾ ਏਂ ਤਾਂ ਆਪਣੇ ਨਾਲ ਪੰਜਾਬੀਅਤ ਰੰਗੀ ਸਭਿਆਚਾਰਕ ਦਿੱਖ ਵੀ ਲੈ ਕੇ ਜਾ ਰਿਹਾ ਏਂ। ਪੰਜਾਬ ਦੀ ਧਰਤੀ ਨੂੰ ਨਕਾਰਿਆ ਤੇ ਦੁਰਕਾਰਿਆ ਜਾ ਰਿਹਾ ਏ। ਜਦ ਪੰਜਾਬੀ ਹੀ ਇਸ ਦੀ ਅਣਦੇਖੀ ਕਰਨ ਲੱਗ ਪੈਣਗੇ ਜਾਂ ਇਸ ਦੀ ਉਚਮਤਾ ‘ਤੇ ਪ੍ਰਸ਼ਨ ਉਗ ਪੈਣ ਤਾਂ ਸਿਰਫ ਕੁਝ ਹੀ ਫਿਕਰਮੰਦ ਲੋਕ ਹੁੰਦੇ, ਜਿਨ੍ਹਾਂ ਨੂੰ ਪੰਜਾਬੀਅਤ ਨਾਲ ਮੋਹ ਹੁੰਦਾ। ਉਹ ਮੋਹ ਵੀ ਤੂੰ ਆਪਣੇ ਨਾਲ ਤਾਂ ਲੈ ਕੇ ਜਾ ਰਿਹਾ ਏਂ।”
“ਤੂੰ ਬਾਹਰ ਜਾ ਰਿਹਾ ਏਂ ਤਾਂ ਤੂੰ ਆਪਣੇ ਨਾਲ ਆਪਣਾ ਬਚਪਨਾ ਵੀ ਲੁਕਾ ਕੇ ਲਿਜਾ ਰਿਹਾ ਏਂ। ਪੁਰਾਣੀਆਂ ਸਾਂਝਾਂ, ਯਾਰੀਆਂ ਅਤੇ ਦੋਸਤੀਆਂ ਦੀ ਮਹਿਕੀਲੀ ਯਾਦ ਨੂੰ ਆਪਣੇ ਸੀਨੇ ਵਿਚ ਛੁਪਾ ਕੇ ਤਾਂ ਲੈ ਜਾ ਰਿਹਾ ਏਂ! ਇਸ ਤੋਂ ਤੂੰ ਕਿਵੇਂ ਮੁੱਕਰ ਸਕਦੈਂ? ਤੇਰੇ ਨਾਲ ਹੀ ਜਾ ਰਿਹਾ ਏ ਉਹ ਪਿੰਡ, ਉਸ ਦੀ ਮਿੱਟੀ ਦੀ ਮਹਿਕ, ਗਲੀਆਂ ਵਿਚ ਫਿਰਨ ਦਾ ਚਾਅ ਅਤੇ ਭੱਠੀ ‘ਤੇ ਦਾਣੇ ਭੰਨਾਉਣ ਦਾ ਸ਼ੌਕ। ਪੁਰਾਣੇ ਸਕੂਲ ਦੀਆਂ ਕੰਧਾਂ ‘ਤੇ ਉਕਰੀਆਂ ਇਬਾਰਤਾਂ, ਜਿਨ੍ਹਾਂ ਨੇ ਤੈਨੂੰ ਸੁਪਨੇ ਦਿਤੇ ਸਨ। ਲੈ ਕੇ ਜਾ ਰਿਹਾ ਏਂ ਪੁਰਾਣਾ ਘਰ, ਹਵੇਲੀ, ਖੂਹ, ਮੋਟਰਾਂ ਅਤੇ ਉਨ੍ਹਾਂ ਦੀਆਂ ਨਿਆਮਤਾਂ ਵਿਚੋਂ ਪੂੰਗਰ ਕੇ ਪ੍ਰਵਾਨ ਚੜ੍ਹੀ ਉਸ ਸੋਚ ਨੂੰ, ਜੋ ਪਿੰਡ, ਪਰਿਵਾਰ ਅਤੇ ਪ੍ਰਕਿਰਤੀ ਦਾ ਹਾਸਲ ਸੀ।”
“ਤੂੰ ਜਾ ਰਿਹਾ ਏਂ ਤਾਂ ਆਪਣੇ ਨਾਲ ਉਹ ਸਾਰਾ ਗਿਆਨ ਵੀ ਲੈ ਕੇ ਜਾ ਰਿਹਾ ਏਂ, ਜੋ ਤੂੰ ਆਪਣੇ ਬਜੁਰਗਾਂ, ਅਧਿਆਪਕਾਂ, ਵਡੇਰਿਆਂ ਅਤੇ ਚੰਗੇ ਬੰਦਿਆਂ ਦੀ ਸੰਗਤ ਵਿਚੋਂ ਸਿੱਖਿਆ ਸੀ। ਗਿਆਨ, ਜਿਸ ਨੇ ਤੈਨੂੰ ਇਨਸਾਨੀਅਤ ਦੇ ਰਾਹ ਤੋਰਿਆ ਸੀ। ਤੇਰਾ ਜਾਣਾ ਸਿਰਫ ਬਰੇਨ-ਡਰੇਨ ਹੀ ਨਹੀਂ ਹੈ, ਇਹ ਤਾਂ ਨੌਜਵਾਨੀ ਦੀ ਲਾਚਾਰੀ, ਬੇਜ਼ਾਰੀ, ਬੇਰੁਜ਼ਗਾਰੀ ਤੋਂ ਬੇਵੱਸ ਹੋ ਕੇ ਵਿਦੇਸ਼ ਵੱਲ ਨੂੰ ਵਹੀਰਾਂ ਘੱਤਣ ਦਾ ਨਾਮ ਹੈ। ਤੂੰ ਤਾਂ 40 ਸਾਲ ਤੀਕ ਆਪਣੇ ਦੇਸ਼ ਅਤੇ ਲੋਕਾਂ ਲਈ ਕੰਮ ਕਰਨਾ ਸੀ। ਇਸ ਦੀ ਭਲਾਈ ਅਤੇ ਚੰਗਿਆਈ ਨੂੰ ਚਾਰ ਚੰਨ ਲਾਉਣੇ ਸਨ। ਮਾਤਭੂਮੀ ਲਈ ਸਪੂਤ ਹੋਣਾ ਸਾਬਤ ਕਰਨਾ ਸੀ। ਤੇਰੇ ਜਾਣ ਸਮੇਂ, ਤੇਰੇ ਬਾਪ-ਦਾਦੇ ਦੀ ਜ਼ਮੀਨ, ਬਜੁਰਗੀ ਘਰ ਅਤੇ ਖੇਤ-ਬੰਨਿਆਂ ‘ਤੇ ਖੜੀਆਂ ਟਾਹਲੀਆਂ, ਤੂਤ, ਅੰਬਾਂ ਅਤੇ ਪਿੱਪਲਾਂ ਦੀ ਵਿਕਰੀ ਵੀ ਤੇਰੀ ਚੇਤਨਾ ਵਿਚ ਬੈਠੀ ਹੈ, ਜੋ ਤੂੰ ਆਪਣੇ ਨਾਲ ਲੈ ਕੇ ਜਾ ਰਿਹਾ ਏਂ।”
“ਤੂੰ ਜਾਂਦੇ ਸਮੇਂ ਆਪਣੇ ਨਾਲ ਮਾਂ ਦੇ ਚਰਖੇ ਦੀ ਹੂਕ ਅਤੇ ਸੰਦੂਕ ਵਿਚ ਪਈਆਂ ਦਰੀਆਂ ਦੀਆਂ ਘੁੱਗੀਆਂ ਅਤੇ ਤੋਤਿਆਂ ਨੂੰ ਮਨ-ਜੂਹ ਵਿਚ ਧਰ ਕੇ ਲੈ ਜਾ ਰਿਹਾ ਏਂ। ਤੇਰੀ ਸੋਚ ਵਿਚ ਓਟੇ ਦੀਆਂ ਚਿੜੀਆਂ ਵੀ ਚੁੱਪ ਨੇ। ਤੇਰੇ ਨੈਣਾਂ ਵਿਚ ਛਹਿ ਕੇ ਬੈਠੀ ਹੈ, ਚੁੱਲੇ ‘ਤੇ ਤੌੜੀ ਵਿਚ ਰਿੱਝਦੀ ਮਾਂਹ ਦੀ ਦਾਲ, ਤਵੇ ‘ਤੇ ਪਾਈ ਰੋਟੀ ਅਤੇ ਆਲੇ-ਦੁਆਲੇ ਵਿਚ ਘੁਲੀ ਪਰਿਵਾਰਕ ਮਹਿਕ। ਇਹ ਸਭ ਕੁਝ ਤਾਂ ਨਾਲ ਹੀ ਲੈ ਕੇ ਜਾ ਰਿਹਾ ਏਂ ਅਤੇ ਤੂੰ ਕਹਿਨਾ ਏਂ ਕਿ ਕੁਝ ਵੀ ਨਹੀਂ ਲੈ ਕੇ ਜਾ ਰਿਹਾ ਏ?”
“ਮੇਰੇ ਦੋਸਤ ਤੂੰ ਤਾਂ ਆਪਣੇ ਨਾਲ ਉਨ੍ਹਾਂ ਤਲਖੀਆਂ ਨੂੰ ਆਪਣੀ ਮਨ-ਚੇਤਨਾ ਵਿਚ ਧਰ ਕੇ ਲਿਜਾ ਰਿਹਾ ਏਂ, ਜਿਸ ਕਰਕੇ ਤੈਨੂੰ ਇਸ ਸਿਸਟਮ ਨਾਲ ਨਫਰਤ ਹੋਈ ਸੀ। ਇਸ ਨਾਕਸ ਰਾਜਸੀ, ਸਮਾਜਕ ਅਤੇ ਪਰਿਵਾਰਕ ਸਿਸਟਮ ਨੇ ਬਹੁਤ ਲੋਕਾਂ ਨੂੰ ਆਪਣੇ ਨਾਲੋਂ ਤੋੜਿਆ ਏ ਅਤੇ ਤੂੰ ਉਨ੍ਹਾਂ ਵਿਚੋਂ ਇਕ ਏਂ। ਤੇਰੀ ਰੂਹ ਵਿਚ ਪਿੰਡੇ ਹੰਢਾਈਆਂ ਤੰਗੀਆਂ ਦੀਆਂ ਲਾਸ਼ਾਂ ਦੀ ਚਸਕ, ਭੁੱਖੇ ਰਹਿਣ ਦੀ ਪੀੜਾ ਅਤੇ ਆਪਣੇ ਪੈਰਾਂ ਨੂੰ ਖੁਦਕੁਸ਼ੀ ਤੋਂ ਵਰਜਣ ਦੀ ਹਿੰਮਤ ਅਤੇ ਇਸ ਦੀ ਕਰੂਰ ਯਾਦ ਨੂੰ ਸੀਨੇ ਵਿਚ ਸਦਾ ਲਈ ਵਸਾਉਣ ਲਈ ਤੂੰ ਇਸ ਨੂੰ ਵੀ ਲਿਜਾ ਰਿਹਾ ਏਂ।”
“ਤੂੰ ਜਾ ਰਿਹਾ ਏਂ ਤਾਂ ਆਪਣੀ ਪੁਰਾਣੀਆਂ ਕਿਤਾਬਾਂ ਅਤੇ ਕਾਪੀਆਂ ਵਿਚ ਰੱਖੇ ਹੋਏ ਮੋਰਪੰਖ, ਡਾਇਰੀ ਦੇ ਮੋੜੇ ਹੋਏ ਵਰਕਿਆਂ ਅਤੇ ਲਾਈਆਂ ਨਿਸ਼ਾਨੀਆਂ ਦੇ ਚਿੱਤਰਪਟ ਰੂਪੀ ਯਾਦ ਵਿਚ ਬਹੁਤ ਕੁਝ ਛੁਪਾ ਕੇ ਲਿਜਾ ਰਿਹਾ ਏਂ।”
“ਤੂੰ ਜਾ ਰਿਹਾ ਏਂ ਤਾਂ ਆਪਣੇ ਨਾਲ ਉਹ ਗਿਆਨ-ਬੋਧ ਅਤੇ ਅੱਖਰ-ਜੋਤ ਨੂੰ ਆਪਣੇ ਮਸਤਕ ਵਿਚ ਧਰ ਕੇ ਨਾਲ ਹੀ ਲਿਜਾ ਰਿਹਾ ਏਂ। ਆਪਣੀਆਂ ਕੀਰਤੀਆਂ ਦੀ ਉਡਾਣ ਨੂੰ ਨਵੇਂ ਅੰਬਰਾਂ ਦੇ ਨਾਂਵੇਂ ਕਰਨ ਦੀ ਚਾਹਨਾ ਵੀ ਤੇਰੇ ਮਨ ਵਿਚ ਬੈਠੀ ਹੋਈ ਹੈ।”
“ਤੇਰੇ ਜਾਣ ਵੇਲੇ ਬਹੁਤ ਕੁਝ ਹੀ ਤੇਰੇ ਮਨ ਵਿਚ ਹੈ, ਜੋ ਨਾ-ਚਾਹੁੰਦਿਆਂ ਵੀ ਤੇਰੇ ਨਾਲ ਹੀ ਜਾਵੇਗਾ। ਬਹੁਤ ਕੁਝ ਹੈ ਤੇਰੇ ਦਿਲ ਦੇ ਡੂੰਘੇ ਖੂਹ ਵਿਚ, ਜਿਸ ਦੀ ਹਾਥ ਕੋਈ ਵਿਰਲਾ ਹੀ ਲੈ ਸਕਦਾ ਅਤੇ ਇਹ ਸਭ ਕੁਝ ਤੇਰੇ ਨਾਲ ਹੀ ਉਡਾਣ ਭਰਨ ਲਈ ਕਾਹਲਾ ਹੈ। ਬਹੁਤ ਕੁਝ ਹੈ ਤੇਰੀ ਮਸਤਕ-ਕੈਨਵਸ ‘ਤੇ ਉਕਰੇ ਜਾਣ ਲਈ ਕਾਹਲਾ, ਜਿਸ ਦੀਆਂ ਰੇਖਾਵਾਂ ਨੇ ਤੈਨੂੰ ਤਕਦੀਰ ਤੇ ਤਦਬੀਰ ਦੇਣੀ ਏ। ਇਹ ਵੀ ਤਾਂ ਨਾਲ ਹੀ ਜਾ ਰਿਹਾ ਏ ਨਾ।”
“ਜਾਣ ਵਾਲਿਆ! ਬਹੁਤ ਕੁਝ ਹੈ ਤੇਰੀ ਅਰਧ-ਚੇਤਨਾ ਵਿਚ, ਜੋ ਤੂੰ ਜਾਣੇ-ਅਣਜਾਣੇ ਨਾਲ ਹੀ ਲੈ ਜਾ ਰਿਹਾ ਏਂ। ਬਹੁਤ ਮਹੀਨ, ਡੂੰਘੀਆਂ ਅਤੇ ਅਥਾਹ ਹੁੰਦੀਆਂ ਨੇ ਇਸ ਦੀਆਂ ਪਰਤਾਂ। ਬਹੁਤ ਕੁਝ ਹੁੰਦਾ ਅਵਚੇਤਨ ਵਿਚ ਬੈਠਾ, ਜੋ ਤੁਹਾਡੇ ਸੁਪਨਿਆਂ ਵਿਚ ਆਉਂਦਾ। ਤੁਹਾਨੂੰ ਬੀਤੇ ਨਾਲ ਨਾਲ ਜੋੜਦਾ। ਸ਼ਾਇਦ ਤੈਨੂੰ ਪਤਾ ਹੀ ਹੋਣਾ ਕਿ ਬੰਦਾ ਕਿਧਰੇ ਵੀ ਚਲਾ ਜਾਵੇ, ਉਸ ਨੂੰ ਸੁਪਨੇ ਸਿਰਫ ਉਸ ਦੇ ਪਿੰਡ, ਸਕੂਲ, ਖੇਤਾਂ, ਪੁਰਾਣੇ ਸਾਥੀਆਂ, ਬਚਪਨੀ ਘਟਨਾਵਾਂ ਦੇ ਹੀ ਆਉਂਦੇ, ਕਿਉਂਕਿ ਇਹ ਉਸ ਦੇ ਅਵਚੇਤਨ ਦਾ ਅਣਮੁੱਲਾ ਹਿੱਸਾ ਹੁੰਦੇ। ਸੋ ਉਹ ਸਭ ਕੁਝ ਤਾਂ ਲੈ ਕੇ ਹੀ ਜਾ ਰਿਹਾ ਏਂ।”
“ਪਰਦੇਸ ਜਾਣ ਵਾਲਿਆ! ਤੈਨੂੰ ਤਾਂ ਸ਼ਾਇਦ ਚੇਤਾ ਨਾ ਹੋਵੇ, ਪਰ ਤੂੰ ਜਾਣ ਵੇਲੇ ਆਪਣੇ ਮਾਪਿਆਂ ਤੋਂ ਦੂਰ ਜਾਣ ਦਾ ਦਰਦ, ਭੈਣ-ਭਰਾਵਾਂ ਤੋਂ ਵਿਛੜਨ ਦੀ ਪੀੜਾ, ਸੰਗੀਆਂ-ਸਾਥੀਆਂ ਦੇ ਸਾਥ ਨੂੰ ਮਾਣਨ ਤੋਂ ਵਿਰਵੇ ਹੋਣ ਦੀ ਚੀਸ ਅਤੇ ਮਾਣੇ ਹੋਏ ਚੌਗਿਰਦੇ ਦੀ ਘਾਟ ਵੀ ਆਪਣੇ ਨਾਲ ਹੀ ਲੈ ਕੇ ਜਾ ਰਿਹਾ ਏਂ। ਇਸ ਨੇ ਤੈਨੂੰ ਦੇਰ-ਸਵੇਰ ਤੇ ਗਾਹੇ-ਬਗਾਹੇ ਸਤਾਉਂਦੇ ਰਹਿਣਾ ਅਤੇ ਤੇਰੇ ਮਨ ਵਿਚ ਵਾਪਸ ਪਰਤਣ ਦਾ ਖਿਆਲ ਉਪਜਾਉਂਦੇ ਰਹਿਣਾ ਏ।”
“ਮਿੱਤਰ ਯਾਦ ਰੱਖਣਾ, ਜਦ ਕੋਈ ਬਾਹਰ ਨੂੰ ਪੈਰ ਪੁੱਟਦਾ ਏ ਤਾਂ ਉਹ ਬਹੁਤ ਕੁਝ ਦਿਸਦਾ ਅਤੇ ਅਣਦਿਸਦਾ ਵੀ ਆਪਣੇ ਨਾਲ ਲਈ ਫਿਰਦਾ ਏ। ਇਸ ਨੇ ਸਦਾ ਉਸ ਦੇ ਨਾਲ ਹੀ ਰਹਿਣਾ ਹੁੰਦਾ, ਭਾਵੇਂ ਉਹ ਸਮਝੇ ਜਾਂ ਨਾ-ਸਮਝੇ। ਇਸ ਤੋਂ ਵੀ ਤੂੰ ਕਿਵੇਂ ਅਣਜਾਣ ਹੋ ਸਕਦੈਂ?”
“ਮਿੱਤਰਾ ਤੂੰ ਬਹੁਤ ਕੁਝ ਤਾਂ ਲੈ ਕੇ ਜਾ ਰਿਹਾ, ਪਰ ਜ਼ਰਾ ਇਹ ਵੀ ਦੱਸੀਂ ਕਿ ਆਪਣੇ ਬਜੁਰਗਾਂ, ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿਚ ਰੁਲਣ ਲਈ ਕਿਉਂ ਛੱਡ ਕੇ ਜਾ ਰਿਹਾ ਏਂ? ਕੌਣ ਬਣੇਗਾ ਉਨ੍ਹਾਂ ਦੀ ਡੰਗੋਰੀ, ਜਿਨ੍ਹਾਂ ਦੇ ਆਪਣੇ ਪਰਦੇਸੀਂ ਉਡਾਰੀ ਮਾਰਨ ਲਈ ਕਾਹਲੇ ਨੇ? ਕਿਸ ਨੇ ਉਨ੍ਹਾਂ ਨੂੰ ਬਿਮਾਰੀ ਦੀ ਹਾਲਤ ਵਿਚ ਪਾਣੀ ਦੀ ਘੁੱਟ ਪਿਆਉਣੀ ਏ? ਕਿਸ ਨੇ ਭਰਨਾ ਏ ਹੂੰਗਰ ਦਾ ਹੂੰਗਾਰਾ? ਕੌਣ ਲਵੇਗਾ ਉਨ੍ਹਾਂ ਦੀ ਸਾਰ? ਕੌਣ ਉਨ੍ਹਾਂ ਦੀ ਉਡੀਕ ਨੂੰ ਆਸ ਦੇ ਪਰ ਲਾਵੇਗਾ? ਕੌਣ ਸੁੰਨੇ ਘਰ ਵਿਚ ਰੌਣਕ ਬਣ ਕੇ ਇਸ ਨੂੰ ਚਹਿਕਣ ਦਾ ਵਰਦਾਨ ਦੇਵੇਗਾ? ਕੌਣ ਰੋਂਦੇ ਖੇਤਾਂ ਨੂੰ ਪਲੋਸੇਗਾ, ਜੋ ਬਜੁਰਗੀ ਛੋਹ ਤੋਂ ਵਿਰਵੇ ਹੋ ਰੋਣਹਾਕੇ ਹੋ ਜਾਣਗੇ? ਕਿਸ ਨੇ ਬੁੱਝੇ ਚੁੱਲ੍ਹੇ ਵਿਚ ਅੱਗ ਬਾਲਣੀ ਅਤੇ ਘਰ ਨੂੰ ਘਰ ਬਣਾਉਣਾ? ਬਹੁਤ ਕੁਝ ਛੱਡ ਕੇ ਜਾ ਰਿਹਾ ਏਂ। ਇਸ ਨੂੰ ਵੀ ਆਪਣੇ ਨਾਲ ਹੀ ਲੈ ਜਾਂਦਾ ਤਾਂ ਚੰਗਾ ਹੋਣਾ ਸੀ।”
“ਦੋਸਤ ਤੂੰ ਤਾਂ ਆਪਣੀਆਂ ਪੈੜਾਂ ਦੇ ਨਿਸ਼ਾਨ ਵੀ ਛੱਡ ਕੇ ਜਾ ਰਿਹਾ ਏਂ। ਖੇਤਾਂ ਵਿਚ ਚੋਏ ਮੁੜ੍ਹਕੇ ਤੇ ਰਾਤਾਂ ਦੀ ਹੰਘਾਲੀ ਨੀਂਦ ਦੀਆਂ ਮਿੱਠੀਆਂ ਯਾਦਾਂ ਅਤੇ ਨੰਗੇ ਪੈਰੀਂ ਗਾਹੀਆਂ ਰਾਹਾਂ-ਥਾਂਵਾਂ ਦੇ ਨਿਸ਼ਾਨ ਛੱਡ ਕੇ ਜਾ ਰਿਹਾ ਏਂ। ਤੂੰ ਕਦ ਪਰਤ ਕੇ ਉਨ੍ਹਾਂ ਨਾਲ ਬੀਤੇ ਦੀਆਂ ਬਾਤਾਂ ਪਾਂਵਾਂਗਾ?
“ਦੋਸਤ ਸ਼ਾਇਦ ਤੂੰ ਜਾਣਦਾ ਹੀ ਨਹੀਂ ਕਿ ਇਕ ਹੋਰ ਬਹੁਤ ਜਰੂਰੀ ਅਤੇ ਅਹਿਮ ਵਸਤ ਤੂੰ ਆਪਣੇ ਨਾਲ ਕਦੇ ਨਹੀਂ ਲਿਜਾ ਸਕੇਂਗਾ। ਉਹ ਹੈ, ਗੁਰੂਆਂ ਪੀਰਾਂ ਦੀ ਛੋਹ ਮਾਣਨ ਵਾਲੀ ਮਿੱਟੀ ਦੀ ਮਹਿਕ, ਉਨ੍ਹਾਂ ਨਾਲ ਵਰੋਸਾਏ ਅਸਥਾਨ, ਅਕੀਦਤੀ ਵਿਰਾਸਤ। ਤੂੰ ਨਹੀਂ ਲੈ ਕੇ ਜਾ ਸਕਦਾ ਜਲਿਆਂ ਵਾਲਾ ਬਾਗ, ਭਗਤ ਸਿੰਘ ਦੀ ਸਮਾਧ, ਅੰਮ੍ਰਿਤਸਰ ਵਿਚ ਸੁ.ਸੋ.ਭਿਤ ਗੋਲਡਨ ਟੈਂਪਲ ਅਤੇ ਖਾਲਸਾ ਸਿਰਜਣ ਵਾਲੀ ਭੂਮੀ ਅਨੰਦਪੁਰ ਸਾਹਿਬ ਆਦਿ। ਤੂੰ ਆਪਣੇ ਬਜੁਰਗਾਂ ਦੀਆਂ ਨਿਸ਼ਾਨੀਆਂ, ਸਮਾਧ ਜਾਂ ਸਿਵਿਆਂ ਨੂੰ ਕਿੰਜ ਲੈ ਕੇ ਜਾਵੇਂਗਾ?”
“ਮੇਰੇ ਪਿਆਰੇ ਤੂੰ ਚਾਹੁੰਦਿਆਂ ਵੀ ਆਪਣੇ ਪੁਰਾਣੇ ਮਿੱਤਰਾਂ, ਅਧਿਆਪਕਾਂ, ਰਾਹ-ਦਸੇਰਿਆਂ ਜਾਂ ਜਿਨ੍ਹਾਂ ਨਾਲ ਤੇਰੀ ਰੂਹ ਜੁੜੀ ਹੋਈ ਏ, ਉਨ੍ਹਾਂ ਨੂੰ ਨਾਲ ਨਹੀਂ ਲਿਜਾ ਸਕਦਾ। ਇਨ੍ਹਾਂ ਦੀ ਯਾਦ ਹੀ ਤੇਰੇ ਜੀਵਨ ਦਾ ਸਰਮਾਇਆ ਬਣ ਜਾਵੇਗੀ।”
“ਪਰਦੇਸੀ ਹੋਣ ਵਾਲਿਆ! ਪਰਦੇਸ ਵਿਚ ਤੈਨੂੰ ਬਹੁਤ ਕੁਝ ਮਿਲੇਗਾ, ਜਿਸ ਦੀ ਚਾਹਨਾ ਤੂੰ ਮਨ ਵਿਚ ਪਾਲੀ ਏ। ਸਮੂਹ ਸੁੱਖ-ਸਹੂਲਤਾਂ ਅਤੇ ਜੀਵਨ-ਪ੍ਰਾਪਤੀਆਂ ਤੇਰਾ ਹਾਸਲ ਹੋਣਗੀਆਂ, ਪਰ ਤੇਰੇ ਮਨ ਵਿਚ ਇਕ ਚਸਕ ਜਰੂਰ ਰਹੇਗੀ।”
“ਮਿੱਤਰ, ਤੂੰ ਸਿਰਫ ਅੱਧਾ-ਪਚੱਧਾ ਹੀ ਜਾ ਰਿਹਾ ਏਂ, ਪੂਰਨ ਨਹੀਂ। ਤੂੰ ਚਾਹੁੰਦਾ ਹੋਇਆ ਵੀ ਆਪਣੇ ਵਿਚੋਂ ਆਪਣਾ ਪਿੰਡ, ਘਰ, ਖੇਤ ਅਤੇ ਮਾਣੀਆਂ ਨਿਆਮਤਾਂ ਨੂੰ ਨਹੀਂ ਕੱਢ ਸਕਦਾ। ਫਿਰ ਕਿਵੇਂ ਕਹਿਨਾ ਏਂ ਕੁਝ ਨਹੀਂ ਲੈ ਕੇ ਜਾ ਰਿਹਾ?”
“ਮੈਨੂੰ ਤਾਂ ਇਹ ਵੀ ਪਤਾ ਹੈ ਕਿ ਤੇਰੇ ਦਿਲ ਦੇ ਕਿਸੇ ਕੋਨੇ ਵਿਚ ਉਨ੍ਹਾਂ ਯਾਦਾਂ ਦਾ ਸਰਮਾਇਆ ਵੀ ਪਿਆ ਹੈ, ਜੋ ਤੇਰੇ ਦਿਲ ਦੇ ਬਹੁਤ ਕਰੀਬ ਨੇ। ਜਿਨ੍ਹਾਂ ਵਿਚੋਂ ਤੂੰ ਆਪਣੇ ਨਕਸ਼ ਨਿਹਾਰੇ ਸਨ, ਖੁਦ ਨੂੰ ਆਪਣੇ ਨੈਣਾਂ ਵਿਚ ਦੇਖਿਆ ਸੀ ਤੇ ਆਪਣੇ ਰਾਹਾਂ ਨੂੰ ਮੁੜ ਤੋਂ ਨਿਹਾਰਿਆ ਸੀ। ਯਾਦ-ਜੂਹ ਵਿਚੋਂ ਬਹੁਤ ਕੁਝ ਤੇਰਾ ਨਸੀਬਾ ਬਣ ਕੇ ਤੇਰੀ ਵਿਰਾਸਤ ਦਾ ਮਾਣ ਏ।”
“ਤੂੰ ਦੱਸ, ਭਾਵੇਂ ਨਾ ਦੱਸ, ਬਹੁਤ ਕੁਝ ਤੇਰੇ ਮਨ ਵਿਚ ਮਚਲਦਾ ਤੂਫਾਨ ਬਣ ਕੇ ਨਾਲ ਜਾਣ ਲਈ ਕਾਹਲਾ ਏ, ਕਿਉਂਕਿ ਸੋਚਾਂ ਦੀਆਂ ਘੁੰਮਣਘੇਰੀਆਂ ਕਦੋਂ ਬੰਦੇ ਵਿਚੋਂ ਮਨਫੀ ਹੁੰਦੀਆਂ ਨੇ? ਮਨ ਵਿਚੋਂ ਕਦੋਂ ਮਿਟਦੀ ਹੈ, ਤਿੜਕੇ ਸੁਪਨਿਆਂ ਦੀ ਟੀਸ? ਕਦੋਂ ਨਿਕਲਦੀ ਹੈ ਉਨ੍ਹਾਂ ਪਲਾਂ ਦੀ ਰਹਿਨੁਮਾਈ, ਜਿਨ੍ਹਾਂ ਵਿਚ ਜੀਵਨ ਨੂੰ ਨਵੇਂ ਦਿਸਹੱਦਿਆਂ ਦੀ ਨਿਸ਼ਾਨਦੇਹੀ ਮਿਲੀ ਸੀ। ਉਹ ਵੀ ਤਾਂ ਨਾਲ ਹੀ ਲੈ ਕੇ ਜਾ ਰਿਹਾ ਏਂ!”
“ਮਿੱਤਰ! ਤੂੰ ਮੁਨਕਰ ਨਾ ਹੋ ਅਤੇ ਜੋ ਚਾਹੁੰਨਾ ਏਂ ਲੈ ਜਾ, ਪਰ ਆਪਣਾ ਕੁਝ ਕੁ ਅਜਿਹਾ ਛੱਡ ਜਾਵੀਂ ਕਿ ਤੇਰਾ ਆਉਣਾ-ਜਾਣਾ ਬਣਿਆ ਰਹੇ। ਤੂੰ ਕਦੇ ਕਦਾਈਂ ਆਪਣੀ ਮਾਂ ਦੇ ਸਿਵੇ ਦੀ ਪਰਿਕਰਮਾ ਕਰਨ, ਖੇਤਾਂ ਵਿਚ ਉਗਦੀ ਖਾਮੋਸ਼ੀ ਨੂੰ ਮੁਖਾਤਬ ਹੋਣ ਜਾਂ ਰਿਸ਼ਤਿਆਂ ਵਿਚ ਪਸਰ ਰਹੀ ਮਾਤਮੀ ਚੁੱਪ ਦਾ ਹੁੰਗਾਰਾ ਭਾਲਣ ਲਈ ਆਪਣੀ ਮਿੱਟੀ ਵੰਨੀਂ ਪਰਤਦਾ ਰਹੀਂ। ਬਹੁਤ ਕਠਿਨ ਹੁੰਦਾ ਏ ਆਪਣੇ ਆਪ ਤੋਂ ਦੂਰ ਹੋਣਾ। ਉਨ੍ਹਾਂ ਨਿਸ਼ਾਨੀਆਂ ਅਤੇ ਵਸਤਾਂ ਤੋਂ ਦੂਰੀ ਬਣਾਉਣਾ, ਜਿਨ੍ਹਾਂ ਨੇ ਤੁਹਾਡੇ ਜੀਵਨ ਨੂੰ ਜਿਉਣ-ਜੋਗਾ ਕੀਤਾ ਹੋਵੇ। ਜਿਸ ‘ਚੋਂ ਤੁਸੀਂ ਸੁਪਨਕਾਰੀ ਕੀਤੀ ਅਤੇ ਅੰਬਰ ਦਾ ਤਾਰਾ ਬਣਨ ਦੀ ਤਮੰਨਾ ਨੂੰ ਪੂਰਾ ਕੀਤਾ।”
“ਮਿੱਤਰ, ਪਰਦੇਸ ਵਿਚ ਜਾਹ ਅਤੇ ਸੁੱਖੀ ਵੱਸੀਂ। ਬਹੁਤ ਕੁਝ ਖੁਸ ਰਿਹਾ ਏ। ਮੇਰੇ ਮਨ ਵਿਚ ਬਹੁਤ ਵਿਗੋਚਾ ਹੈ ਤੇਰੇ ਜਾਣ ਦਾ, ਪਰ ਮੈਂ ਕੁਝ ਨਹੀਂ ਕਰ ਸਕਦਾ। ਪਰਵਾਸ ਦੀ ਹਨੇਰੀ ਵਿਚ ਗਵਾਚ ਰਹੀ ਇਨਸਾਨੀਅਤ, ਜੀਵਨ ਸਾਰਥਿਕਤਾ ਅਤੇ ਟੁੱਟੇ ਰਿਸ਼ਤਿਆਂ ਦੀ ਸਾਰ ਲੈਣ ਦਾ ਹੀਆ ਕੌਣ ਕਰੇਗਾ? ਵਕਤ ਹੀ ਭਲੀ ਕਰੇ!”
ਤੇ ਮੇਰਾ ਸੁਪਨਾ ਟੁੱਟ ਜਾਂਦਾ ਏ। ਤ੍ਰਭਕ ਕੇ ਅੱਬੜਵਾਹੇ ਉਠਦਾ ਹਾਂ। ਸੋਚਦਾਂ, ਇਹ ਸੁਪਨਾ ਹੀ ਨਹੀਂ, ਸਗੋਂ ਇਹੀ ਤਾਂ ਸੱਚ ਏ, ਜੋ ਅਜੋਕੇ ਸਮੇਂ ਵਿਚ ਵਾਪਰ ਰਿਹਾ ਏ। ਸੋਚਦਾਂ ਕਿ ਜੇ ਇਸ ਸੰਵੇਦਨਸ਼ੀਲ ਅਫਸਰ ਨੂੰ ਸਭ ਪਤਾ ਹੈ ਤਾਂ ਕੀ ਇਹ ਸਭ ਕੁਝ ਸਮਾਜਕ, ਰਾਜਨੀਤਕ ਜਾਂ ਧਾਰਮਿਕ ਰਹਿਨੁਮਾਵਾਂ ਨੂੰ ਨਹੀਂ ਪਤਾ? ਕੀ ਉਹ ਜਾਣ-ਬੁਝ ਕੇ ਇਹ ਸਭ ਕੁਝ ਵਾਪਰਨ ਵਿਚ ਭਿਆਲ ਨੇ?
ਕਲਮ ਕੂਕਣ ਲੱਗ ਪਈ,
ਪੈਰ ਪੁੱਟਿਆ ਜਾਂ ਦਰੋਂ
ਬੜਾ ਅੰਦਰੋਂ ਸੀ ਰੋਇਆ
ਬਾਹਰੋਂ ਸਾਬਤ-ਸਬੂਤਾ
ਗਿਆ ਵਿਚੋ-ਵਿਚ ਕੋਹਿਆ।
ਘੁੱਲੀ ਸਾਹਾਂ ਵਿਚ ਮਹਿਕ ਨੇ
ਕੇਹੀਆਂ ਦਿਤੀਆਂ ਸਜ਼ਾਵਾਂ,
ਵੱਸੇ ਸੋਚੀਂ ਬੁੱਢੇ ਘਰ ਨੂੰ
ਭੁਲਾ ਵੀ ਨਾ ਪਾਵਾਂ।

ਕਦੇ ਦੀਦਿਆਂ ‘ਚ ਉਗਿਆ
ਸੁਪਨਾ ਨਿਹਾਰਾਂ
ਇਹਦੇ ਮੁੱਢ ਹੇਠ ਬਹਿ ਕੇ
ਭਾਵ-ਆਰਤੀ ਉਤਾਰਾਂ।
ਇਹਦੀ ਜੂਹੇ ਉਗੇ ਸੂਰਜਾਂ ਨੂੰ
ਮੁੱਖ ‘ਤੇ ਸਜਾਵਾਂ,
ਤਦ ਬੜਾ ਚੇਤੇ ਆਉਂਦੀਆਂ
ਮਾਂ ਦੀਆਂ ਦੁਆਵਾਂ।

ਕਦੇ ਮੈਟਰੋ ‘ਚੋਂ ਦਿਸਦਾ ਏ
ਛੋਟਾ ਜਿਹਾ ਪਿੰਡ
ਕਦੇ ਹਾਈਵੇ ‘ਚੋਂ ਝਾਕਦਾ ਏ
ਫਿਰਨੀ ਦਾ ਬਿੰਬ।
ਜਦ ਬੀਤਿਆ ਫਰੋਲਾਂ
ਤਾਂ ਬੜਾ ਮਨ ਸਮਝਾਵਾਂ,
ਕਿ ਮੁੜ ਨਾ ਥਿਆਉਂਦੀਆਂ
ਜੋ ਲੰਘ ਆਏ ਰਾਹਵਾਂ।

ਕਦੇ ਸਾਈਕਲ ਸਵਾਰੀ
ਮੇਟੀ ਮੰਜ਼ਿਲਾਂ ਦੀ ਵਾਟ
ਹੁਣ ਜਹਾਜ ਵਿਚ ਬੈਠਿਆਂ ਵੀ
ਬਣ ਜਾਈਏ ਆਹਟ।
ਪਾਕ ਸਾਂਝਾਂ ਦੀ ਦੁਹਾਈ
ਕੀਹਦੇ ਕੋਲ ਪਾਵਾਂ,
ਤਾਂ ਹੀ ‘ਕੱਲਾ ਬਹਿ ਕੇ
ਹਰਫਾਂ ਨੂੰ ਦੁੱਖੜਾ ਸੁਣਾਵਾਂ।
ਤੇ ਕਈ ਦਿਨ ਇਸ ਸੁਪਨੇ ਨੇ ਸੌਣ ਹੀ ਨਹੀਂ ਦਿਤਾ। ਸ਼ਾਇਦ ਸਭ ਨਾਲ ਅਕਸਰ ਅਜਿਹਾ ਹੀ ਵਾਪਰਦਾ ਹੋਵੇ! ਕੀ ਤੁਹਾਡੇ ਨਾਲ ਵੀ ਕਦੇ ਅਜਿਹਾ ਵਾਪਰਿਆ ਏ? ਦੱਸਣਾ ਜਰੂਰ।