ਬੋਚ ਬੋਚ ਪੱਬ ਧਰੀਏ…

ਸੁਖਦੇਵ ਸਿੱਧੂ
ਆਹ ਅਲਾਮਤ ਤਾਂ ਨਵੀਂ ਨਕੋਰ ਹੈ, ਪਰ ਏਦਾਂ ਦੀਆਂ ਨਿੱਕੀਆਂ ਮੋਟੀਆਂ ਹੋਰ ਵੀ ਪਹਿਲਾਂ ਆਈਆਂ ਸਨ। ਇਹਦੇ ਅਸਰ ਦਾ ਚੇਤਾ ਬੜਾ ਚਿਰ ਰਹੇਗਾ। ਜੋ ਕਦੇ ਕਿਸੇ ਕਿਸਾਇਆ ਵੀ ਨਹੀਂ ਸੀ, ਕਰੋਨਾ ਨੇ ਕੁਝ ਮਹੀਨਿਆਂ ‘ਚ ਮਨੁੱਖ ਨੂੰ ਚੇਤਾ ਕਰਾ ਦਿੱਤਾ ਹੈ। ਕਰੋਨਾ ਮੂਹਰੇ ਕੁਲ ਦੁਨੀਆਂ ਦਾ ਵਿਗਿਆਨ ਅਜੇ ਵਾਰਾਜੋਰ ਹੀ ਹੈ। ਮੇਰਾ ਮੰਨਣਾ ਹੈ ਕਿ ਵਿਗਿਆਨ ਨੇ ਇਹਦੇ ‘ਤੇ ਕਾਬੂ ਪਾਉਣਾ ਹੀ ਪਾਉਣਾ ਹੈ। ਅਜੇ ਤੀਕ ਹੋਰ ਕੁਝ ਨਾ ਹੋ ਸਕਣ ਦੀ ਸੂਰਤ ‘ਚ ਪੁਰਾਣੀਆਂ ਗੱਲਾਂ ਸਾਹਮਣੇ ਆ ਗਈਆਂ ਨੇ। ਆਪਣੇ ਵੇਲਿਆਂ ‘ਚ ਸਾਡੇ ਆਲੇ ਪਾਸੇ ਬੱਸਾਂ ‘ਚ ਆਮ ਲਿਖਿਆ ਹੁੰਦਾ ਸੀ, ‘ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ’ ਜਾਂ ‘ਬਚਾਓ ਵਿਚ ਹੀ ਬਚਾਓ ਹੈ।’ ਲਾਹੌਰ ਵਾਲੇ ਪਾਸੇ ਟਰੱਕਾਂ ‘ਤੇ ਲਿਖਿਆ ਹੁੰਦਾ ਹੈ, ‘ਫਾਸਲਾ ਰੱਖੇਂ, ਵਰਨਾ ਪਿਆਰ ਹੋ ਜਾਏਗਾ।’ ਮਾਮੂਲੀ ਹਾਸੇ-ਠੱਠੇ ਵਾਲੀਆਂ ਇਨ੍ਹਾਂ ਸਲਾਹੁਤਾਂ ਦੀ ਸਾਰਥਕਤਾ ਇਸ ਸਮੇਂ ਇੰਨੀ ਵੱਧ ਜਾਵੇਗੀ, ਕਿਸ ਨੇ ਸੋਚਿਆ ਸੀ!

ਜਿੰਨਾ ਚਿਰ ਵਿਗਿਆਨ ਇਲਾਜ ਦੇ ਆਹਰ ‘ਚ ਦਿਨ-ਰਾਤ ਡਟਿਆ ਹੋਇਆ ਹੈ, ਕਰੋਨਾ ਨੇ ਕਈ ਬਾਤਾਂ ਧਿਆਨ ‘ਚ ਲੈ ਆਂਦੀਆਂ। ਨਿਆਰੇ ਵਰਤਾਰੇ ਸਾਹਮਣੇ ਆ ਗਏ ਹਨ। ਲੋਕਾਂ ਦੇ ਸਦੀਆਂ ਤੋਂ ਮਨਾਂ ‘ਚ ਬੈਠਾ-ਬਿਠਾਇਆ ਵਿਹਾਰ ਬਦਲ ਗਿਆ। ਲੋਕ ਹੱਥ ਮਿਲਾਉਣੋਂ ਹਟ ਗਏ; ਗਲੇ ਮਿਲਣਾ ਤਾਂ ਦੂਰ ਦੀ ਗੱਲ ਹੋ ਗਈ। ਹੋਰ ਗਲ ਮਨ ‘ਚ ਆਉਂਦੀ ਹੈ ਕਿ ਕਰੋਨਾ ਦੇ ਸਹਿਮ ਨੇ ਇਹ ਫੁਰਤੀ ‘ਚ ਕਰਵਾ ਦਿੱਤਾ। ਸਾਡਿਆਂ ਨੇ ਗੁਰੂ ਬਾਬਿਆਂ ਦੀ ਨਸੀਹਤ ਨਹੀਂ ਮੰਨੀ। ਕੀ ਇਹ ਕੋਈ ਕਰਾਮਾਤ ਹੈ? ਕੁਦਰਤ ਨੇ ਸ਼ਾਇਦ ਮਨੁੱਖ ਦੀ ਅਸਲੀ ਅਹਿਮੀਅਤ ਦਾ ਖਿਆਲ ਕਰਵਾਇਆ ਹੈ। ਜਾਨ ਦਾ ਮੁੱਲ ਵਧ ਗਿਆ ਹੈ। ਲੋਕਾਂ ਨਾਲ ਰਾਬਤਾ ਚੋਖਾ ਜੁੜ ਗਿਆ ਹੈ। ਦਇਆ ਵੱਧ ਹਾਜ਼ਰ ਦਿਸਦੀ ਹੈ। ਕੋਮਲ ਚਿਤ ਮਦਦਗਾਰ ਲੋਕਾਂ ਦਾ ਪਤਾ ਲੱਗਾ ਹੈ। ਨਿਤਾਣਿਆਂ ਦੇ ਤਾਣ ਵੀ ਹੋ ਨਿਬੜੇ।
ਬੇਪ੍ਰਵਾਹ-ਲਾਪ੍ਰਵਾਹ ਬੰਦਿਆਂ ਦੀ ਕਿਤੇ ਘਾਟ ਨਹੀਂ ਹੈ। ਸਾਡੇ ਆਪਣੇ ਵੀ ਬਥੇਰੇ ਹਨ। ਸਿਰੇ ਦਾ ਜੁਆਬ ਤਾਂ ਇਹ ਹੁੰਦਾ ਹੈ, ਅੱਜ ਜਾਂ ਕੱਲ ਮਰਨਾ ਹੀ ਹੈ! ਕੁਝ ਲੋਕ ਇਹ ਕਹਿ ਕੇ ਰਾਜ਼ੀ ਹੋ ਲੈਂਦੇ ਹਨ ਕਿ ਅਸੀਂ ਗੰਨੇ-ਗੁੰਨੇ ਚੂਪਣ ਵਾਲੇ ਜਾਂ ਸਾਗ-ਸੂਗ ਖਾਣ ਵਾਲੇ ਬੰਦੇ ਆਂ, ਸਾਨੂੰ ਕਰੋਨਾ ਕੀ ਕਰ ਸਕਦਾ? ਇਹਦੀ ਮਾਰ ਦਾ ਕਹਿਰ ਉਨ੍ਹਾਂ ਦੇ ਭੋਲੇਪਣ ਦੇ ਵਲ ‘ਚ ਆਇਆ ਨਹੀਂ ਲਗਦਾ। ਡਰ ਇਹ ਹੈ, ਕਿਸੇ ਦੀ ਬੇਇਲਮੀ ‘ਚ ਕੀਤੀ ਹੋਰਾਂ ਨੂੰ ਬਹੁਤ ਮਹਿੰਗੀ ਪੈ ਸਕਦੀ ਏ। ਇਹਦੇ ਪਿੱਛੇ ਚੰਗੀ-ਮਾੜੀ, ਹੋਈ-ਬੀਤੀ ਦਾ ਭਾਂਡਾ ਕੁਦਰਤ ਸਿਰ ਮੜ੍ਹਨ ਦਾ ਸੁਭਾਅ ਵੀ ਹੋ ਸਕਦਾ ਹੈ। ਜਾਂ ਵੇਦਾਂ ਗ੍ਰੰਥਾਂ ਦੇ ਮਨ ਮਰਜ਼ੀ ਦੇ ਹਵਾਲਿਆਂ ਆਸਰੇ ਮਨ ਨੂੰ ਢਾਰਸ ਦੇ ਲੈਣਾ ਵੱਡਾ ਆਸਰਾ ਵੀ ਹੋ ਸਕਦਾ ਹੈ। ਔਖ ਪੈਣ ‘ਤੇ ਜੋ ਵੀ ਕਿਸੇ ਨੇ ਕਰਨਾ ਹੈ, ਕਰੋਗੇ; ਪਰ ਕੁਝ ਕਿਆਸ ਕਰ ਲੈਣ ‘ਚ ਭੋਰਾ ਹਰਜ਼ ਨਹੀਂ ਹੈ। ਅਜੇ ਤਾਂ ਭਲਾ ਚੌਕਸੀ ‘ਚ ਹੀ ਹੈ।
ਕਦੇ ਕਿਸੇ ਨੇ ਸੋਚਿਆ ਸੀ ਕਿ ਢਿੱਡ ਭਰ ਕੇ ਖਾਂਦੇ, ਸ਼ਹਿਰਾਂ ਦੇ ਮੱਧ ਵਰਗੀ ਬਾਸ਼ਿੰਦੇ ਕਿਸੇ ਕੂੜਾ ਚੁੱਕਣ ਵਾਲੇ ‘ਤੇ ਉਪਰਲੀਆਂ ਮੰਜ਼ਿਲਾਂ ਤੋਂ ਫੁੱਲ ਪੱਤੀਆਂ ਦੀ ਬਰਖਾ ਕਰ ਦੇਣਗੇ? ਜਾਂ ਉਸ ਦੇ ਗਲ ‘ਚ ਨਵੇਂ ਨਕੋਰ ਨੋਟਾਂ ਵਾਲੇ ਹਾਰ ਪਾ ਪਾ ਕੇ ਉਨ੍ਹਾਂ ਦੀ ‘ਅਹਿਮੀਅਤ’ ਦਰਸਾ ਦੇਣਗੇ। ਐਸਾ ਸਿਰਫ ਵਿਆਹ ਵੇਲੇ ਲਾੜੇ ਜਾਂ ਸਰਵਾਲੇ ਨਾਲ ਹੁੰਦਾ ਆਇਆ ਹੈ। ਅੱਜ ਕੱਲ ਇਹ ਲੀਡਰਾਂ, ਗਵੱਈਆਂ, ਬਾਬਿਆਂ, ਦੇਵੀਆਂ ਜਾਂ ਹੋਰ ਵੱਡੇ ਰੁਤਬਿਆਂ ਵਾਲਿਆਂ ਨਾਲ ਵੀ ਹੋ ਜਾਂਦਾ ਹੈ। ਸਮੇਂ ਸਮੇਂ ਦਾ ਗੇੜ ਹੈ। ਸ਼ਬਦ ‘ਕੰਮੀ ਕੰਮੀਣ’ ਇਨ੍ਹਾਂ ਲਈ ਸਹਿੰਦਾ ਬਣ ਗਿਆ ਸੀ। ਅਸਲ ‘ਚ ਤਾਂ ਇਨ੍ਹਾਂ ਲਈ ਹੋਰ ਰਾਖਵੇਂ ਲਫਜ਼ ਵਰਤੇ ਜਾਂਦੇ ਹਨ। ਆਪਣੇ ਰਾਹ ਤੁਰਿਆ ਜਾਂਦਾ ਬੰਦਾ ਵੀ ਬਿਨਾ ਕਿਸੇ ਕਾਰਨ ਇਨ੍ਹਾਂ ਨੂੰ ਗਾਲੀ ਗਲੋਚ ਕਰ ਸਕਦਾ ਹੈ। ਆਹ ਗੱਲ ਕਿਸੇ ਨੂੰ ਚੁੱਭ ਵੀ ਸਕਦੀ ਹੈ, ਬਈ ਜਦ ਹੁਣ ਰਵੱਈਆ ਬਦਲ ਗਿਆ ਹੈ ਤਾਂ ਚਿਤਾਰਨ ਦੀ ਕੀ ਲੋੜ ਹੈ? ਬਿਲਕੁਲ ਆਦਰ ਮਾਣ ਕਰਨ ਵਾਲਿਆਂ ਨੇ ਸ਼ੋਭਾ ਵਾਲਾ ਕੰਮ ਕੀਤਾ ਹੈ। ਨਿਮਾਣਿਆਂ ਦਾ ਮਾਣ ਹੀ ਗਿਆ। ਸਹੀ ਵਿਹਾਰ ‘ਚ ਬਦਲ ਉਦੋਂ ਦੇਖਣ ਵਾਲਾ ਹੋਣਾ ਹੈ, ਜਦੋਂ ਕਰੋਨਾ ਦੇ ਕਰੋਪ ‘ਤੇ ਕਾਬੂ ਪੈ ਗਿਆ ਤੇ ਜੀਵਨ ਮੁੜ ਆਪਣੀ ਰਾਹੇ ਪੈ ਗਿਆ।
ਡਾਕਟਰਾਂ, ਨਰਸਾਂ ਤੇ ਹਸਪਤਾਲਾਂ ‘ਚ ਹੋਰ ਕਈ ਤਰ੍ਹਾਂ ਦਾ ਕੰਮ ਕਰਨ ਵਾਲੇ, ਖਾਣ-ਪੀਣ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਰੱਖਣ ਵਾਲੇ, ਬਰੈਡਾਂ ਬਣਾਉਣ ਵਾਲੇ, ਵੱਧ ਗਈ ਉਮਰ ਕਾਰਨ ਆਪਣਾ ਆਪ ਨਾ ਸੋਧ ਸਕਣ ਵਾਲਿਆਂ ਦੀ ਸੇਵਾ ‘ਚ ਜੁੱਟੇ ਜਾਂ ਗਹਿਰੇ ਸਰੀਰਕ ਅਲਾਮਤਾਂ ਵਾਲਿਆਂ ਦੀ ਦਿਨ ਰਾਤ ਦੇਖ ਭਾਲ ਕਰਨ ਵਾਲੇ ਅੱਜ ਕਲ ਸੱਭੇ ਜ਼ਿੰਦਾਬਾਦ ਹਨ-ਕੱਲ ਤੀਕ ਇਹ ਨਿਗੁਣੇ ਸੇਵਾਦਾਰ ਸਨ। ਹਾਲਾਤ ਦੇ ਜ਼ੋਰ ਇਨ੍ਹਾਂ ਨੇ ਆਪਣੀ ਅਹਿਮੀਅਤ ਕਬੂਲ ਕਰਵਾ ਲਈ ਹੈ। ਸਵਾਲ ਹੈ ਕਿ ਕੀ ਇਹ ਆਫਤ ਟਲ ਜਾਣ ‘ਤੇ ਲੋਕ ਇਨ੍ਹਾਂ ਦੀ ਕੁਰਬਾਨੀ ਯਾਦ ਰੱਖਣਗੇ?
ਇਟਲੀ ‘ਚ ਕਰੋਨਾ ਮਰੀਜ਼ਾਂ ਦੀ ਸੇਵਾ ਕਰਦਿਆਂ ਕਈ ਡਾਕਟਰ-ਨਰਸਾਂ ਦੀ ਜਾਨ ਚਲੀ ਗਈ। ਵਲੈਤ ‘ਚ ਕੁਝ ਡਾਕਟਰਾਂ-ਨਰਸਾਂ ਨਾਲ ਵੀ ਏਦਾਂ ਹੀ ਹੋਇਆ ਹੈ। ਬੰਦੇ ਦਾ ਹੌਸਲਾ ਦੇਖੋ, ਇਨ੍ਹਾਂ ਨੂੰ ਪਤਾ ਹੈ ਕਿ ਇਹ ਕੰਮ ਜਾਨ ਨੂੰ ਜੋਖਮ ‘ਚ ਪਾਉਣ ਵਾਲਾ ਹੈ। ਹੋਰ ਤਾਂ ਹੋਰ ਰਿਟਾਇਰ ਹੋ ਚੁਕੇ ਹਜ਼ਾਰਾਂ ਡਾਕਟਰ, ਨਰਸਾਂ ਬਿਨਾ ਕਿਸੇ ਝਿਜਕ ਵਾਪਿਸ ਡਿਊਟੀਆਂ ‘ਤੇ ਆ ਗਏ ਹਨ। ਇਹ ਬੇਗਰਜ਼ ਮਨੁੱਖੀ ਸੁਭਾਅ ਦਾ ਸੂਰਮਤਾਈ ਵਾਲਾ ਹਿੱਸਾ ਹੈ। ਜਦੋਂ ਵਲੈਤ ਦਾ ਪ੍ਰਧਾਨ ਮੰਤਰੀ ਕਰੋਨਾ ਦੀ ਮਾਰ ਤੋਂ ਬਚ ਕੇ ਸਹੀ ਸਲਾਮਤ ਘਰ ਆਇਆ ਤਾਂ ਉਸ ਨੇ ਹਸਪਤਾਲ ਦੇ ਅਮਲੇ ਫੈਲੇ ਦਾ ਸ਼ੁਕਰੀਆ ਕੀਤਾ, ਪਰ ਦੋਂਹ ਨਰਸਾਂ ਦਾ ਖਾਸ ਧੰਨਵਾਦ ਕੀਤਾ। ਇਨ੍ਹਾਂ ‘ਚੋਂ ਇਕ ਨਿਊਜ਼ੀਲੈਂਡ ਦੀ ਹੈ ਤੇ ਦੂਜਾ ਪੁਰਤਗਾਲ ਦਾ ਭਾਈ ਹੈ। ਸਾਨੂੰ ਆਸ ਰਹੇਗੀ ਕਿ ਪ੍ਰਧਾਨ ਮੰਤਰੀ ਦਾ ਇਹ ਨਿਰਾ ਸਿਆਸੀ ਬਿਆਨ ਨਾ ਰਹਿ ਜਾਵੇ। ਔਖੇ ਹਾਲਾਤ ‘ਚ ਕੰਮ ਕਰਨ ਵਾਲੇ ਇਨ੍ਹਾਂ ਕਾਮਿਆਂ ਦੀ ਬਾਂਹ ਫੜ੍ਹਨ ਦਾ ਹੌਸਲਾ ਬੌਰਿਸ ਜੌਹਨਸਨ ਆਉਣ ਵਾਲੇ ਵੇਲਿਆਂ ‘ਚ ਵੀ ਰੱਖੂ? ਊਠ ਕਿਸ ਕਰਵਟ ਬੈਠੂ, ਸਮਾਂ ਦੱਸੂ! ਸਭ ਨੂੰ ਵਲੈਤ ਦੀ ਨੈਸ਼ਨਲ ਹੈਲਥ ਸਰਵਿਸ ਦੀ ਵੁੱਕਤ ਦਾ ਅਹਿਸਾਸ ਹੋ ਗਿਆ ਹੈ।
ਸਾਡੇ ਵਾਲੇ ਪਾਸੇ ਤਾਂ ਏਦਾਂ ਦੇ ਘੱਟ ਹੀ ਹੁੰਦੇ ਹਨ, ਪਰ ਮਹਿਬੂਬ ਲਾਹੌਰੀਏ ਪੱਤਰਕਾਰ ਹਸਨ ਨਿਸਾਰ ਨੇ ਆਪਣੇ ਸੁਭਾਅ ਮੁਤਾਬਕ ਬਹੁਤ ਤਲਖ, ਪਰ ਹਕੀਕਤ ਬਿਆਨ ਕਰ ਦਿੱਤੀ ਹੈ, “ਜੇ ਕੁਝ ਦੌਲਤੀਏ ਚਲਦੇ ਕਾਰੋਬਾਰਾਂ ਦੇ ਖੜੌਣ ਜਾਂ ਬੰਦ ਹੋਣ ਨਾਲ ਔਖੇ ਹੋਏ ਹਨ ਤਾਂ ਕੋਈ ਫਿਕਰ ਵਾਲੀ ਗੱਲ ਨਹੀਂ। ਜੇ ਦੋ ਸੌ ਛੱਬੀ ਦੌਲਤੀਏ ਗਏ ਵੀ ਤਾਂ ਕੀ ਫਰਕ ਪਊ? ਜੇ ਇਹ ਦੋ ਲੱਖ ਛੱਬੀ ਵੀ ਹੋਣ ਤਾਂ ਵੀ ਦੁਨੀਆਂ ਨੂੰ ਫਰਕ ਨਹੀਂ ਪਏਗਾ। ਅਸਰ ਉਦੋਂ ਹੋਣਾ ਹੈ, ਜਦੋਂ ਮਜ਼ਦੂਰ, ਕਿਸਾਨ, ਕੰਮੀ-ਕਮੀਣ ਇਨ੍ਹਾਂ ਦਾ ਢਿੱਡ ਭਰਨ ਲਈ ਨਾ ਰਹੇ।” ਜੇ ਐਸੀ ਸੂਰਤ ਆ ਜਾਂਦੀ ਹੈ ਤਾਂ ਵੱਡੇ ਅਮੀਰਜ਼ਾਦਿਆਂ ਦਾ ਪੰਦਰਾਂ-ਵੀਹਾਂ ਦਿਨਾਂ ਦੇ ਵਿਚ ਵਿਚ ਮਲੀਆ ਮੇਟ ਵੀ ਹੋ ਸਕਦਾ ਹੈ; ਜਦੋਂ ਕਿ ਮਜ਼ਦੂਰ, ਕਿਸਾਨ, ਕੰਮੀ, ਡਰਾਈਵਰ, ਮੋਚੀ, ਨਾਈ, ਵੇਟਰ, ਕੁੱਕ, ਜੀਂਦੇ ਰਹਿਣਗੇ ਤਾਂ ਸਭ ਦਾ ਢਿੱਡ ਭਰਦੇ ਰਹਿਣਗੇ। ਜੇ ਲੋਕਾਂ ਦਾ ਢਿੱਡ ਭਰਨ ਵਾਲੇ ਨਾ ਹੋਏ, ਤਦ ਕੀ ਹੋਊ? ਗੱਲ ਗਹਿਰੀ ਹੈ!
ਇਸ ਕੌੜੀ ਸੱਚਾਈ ਦਾ ਸਾਡਿਆਂ ‘ਚੋਂ ਕਿਸੇ ਨੇ ਹਾਲੇ ਹੁੰਗਾਰਾ ਨਹੀਂ ਭਰਿਆ। ਕਿਉਂ ਭਲਾ? ਆਪਣੇ ਡਾਕਟਰ ਸੱਜਣਾਂ ਨੂੰ ਪੁੱਛ ਲਈਦਾ ਹੈ; ਉਨ੍ਹਾਂ ਦੀ ਮੰਨ ਵੀ ਲਈਦੀ ਹੈ, ਪਰ ਜਿਨ੍ਹਾਂ ‘ਤੇ ਯਕੀਨ ਹੈ, ਉਨ੍ਹਾਂ ਸਭ ਦੀ ਰਾਏ ਵੀ ਇਕਸੁਰ ਨਹੀਂ ਹੈ। ਵੇਲਾ ਔਖਾ ਹੈ, ਅਸੀਂ ਹੁਣ ਕੀ ਕਰੀਏ? ਬੱਸ, ਬੋਚ ਬੋਚ ਪੱਬ ਧਰੀਏ। ਪ੍ਰਦੂਸ਼ਣ ਏਨਾ ਘਟ ਗਿਆ ਹੈ ਕਿ ਦਮੇ ਦੇ ਮਰੀਜ਼ਾਂ ਨੂੰ ਸਾਹ ਲੈਣ ‘ਚ ਸੌਖ ਹੋ ਗਈ ਹੈ। ਜਲੰਧਰੋਂ ਉਤਰ ‘ਚ ਪਹਾੜੀਆਂ ਦਿਸਣ ਲੱਗ ਪਈਆਂ ਹਨ ਤੇ ਉਨ੍ਹਾਂ ‘ਤੇ ਜੰਮੀ ਬਰਫ ਵੀ; ਪੰਜਾਹ ਕੁ ਸਾਲ ਪਹਿਲਾਂ, ਜੇ ਤੜਕੇ ਛੇ ਕੁ ਵਜੇ ਉਠਦੇ ਤਾਂ ਵੀ ਐਸੇ ਨਜ਼ਾਰੇ ਦਿਸ ਜਾਂਦੇ ਸਨ। ਜਨਵਰੀ ‘ਚ ਹੋਣ ਵਾਲੇ ਪ੍ਰਦੂਸ਼ਣ ‘ਤੇ ਅਸਰ ਅਜੇ ਦੇਖਣਾ ਹੈ। ਚਿੜੀਆਂ ਚੂਕਣ ਤੇ ਪੰਛੀ ਵੱਧ ਚਹਿਕਣ ਲੱਗ ਪਏ ਹਨ। ਘਰਾਂ ਲਾਗੇ ਜਾਨਵਰ ਆਉਣੇ ਸ਼ੁਰੂ ਹੋ ਗਏ ਹਨ। ਸੜਕਾਂ ਦੇ ਲਾਗੇ ਬੰਨੇ ਘਾਹ ਹਰਾ ਕਚੂਰ ਦਿਸਦਾ ਹੈ। ਰੁੱਖ ਵੱਧ ਹਰੇ-ਭਰੇ ਦਿਸਦੇ ਹਨ।
ਲੋੜੋਂ ਵੱਧ ਭੱਜ ਦੌੜ ਕਰਨ ਵਾਲਿਆਂ ਲਈ ਘਰ ‘ਚ ਮਿਲ ਬਹਿਣ ਦਾ ਸਬੱਬ ਹੋ ਗਿਆ ਹੈ। ਜ਼ਮੀਨ ‘ਤੇ ਅੱਡੀ ਨਾ ਲੱਗਣ ਦੇਣ ਵਾਲੀ ਜ਼ਿੰਦਗੀ ਦੇ ਮੁਲੰਕਣ ਦਾ ਵੇਲਾ ਮਿਲ ਗਿਆ ਹੈ ਤੇ ਇਹਦਾ ਸੁਆਦ ਲੈਣ ਦਾ ਵੀ। ਕਈਆਂ ਨੂੰ ਰਤਾ ਕੁ ਸਾਹ ਲੈਣ ਦੀ ਲੋੜ ਸੀ, ਉਹ ਕੰਮ ਵੀ ਹੋ ਗਿਆ ਹੈ। ਵੇਲਾ ਔਖਾ ਹੈ। ਐਸੇ ਸਮਿਆਂ ‘ਚ ਢਾਰਸ ਬੰਨ੍ਹਾਉਣ ਲਈ ਮੇਰੀ ਦਾਦੀ ਕਿਹਾ ਕਰਦੀ ਸੀ, ‘ਦੁੱਖ ਆਵੇ, ਪਰ ਸੁੱਖ ਦਾ ਆਵੇ।’ ਕੀ ਮਨੁੱਖਾ ਜੀਵਨ ਦੀ ਤੰਦ ਏਨੀ ਕਮਜ਼ੋਰ ਹੈ ਕਿ ਝਟਕਾ ਵੀ ਭਾਰੀ ਪੈ ਸਕਦਾ!