ਪਾਕਿਸਤਾਨ ਮੇਲ ਦਾ ਆਖਰੀ ਅਸਵਾਰ

ਖੁਸ਼ਵੰਤ ਸਿੰਘ ਦਾ ਨਾਂ ਸੰਸਾਰ ਦੇ ਕਹਿੰਦੇ-ਕਹਾਉਂਦੇ ਲੇਖਕਾਂ ਅਤੇ ਪੱਤਰਕਾਰਾਂ ਵਿਚ ਆਉਂਦਾ ਹੈ। ਉਸ ਨੇ ਵਕਾਲਤ ਦੀ ਪੜ੍ਹਾਈ ਕੀਤੀ, ਪਰ ਸਫਲ ਨਾ ਹੋ ਸਕਿਆ। ਪਿਛੋਂ ਵਕਾਲਤ ਦੌਰਾਨ ਲਿਖਣ ਦੇ ਅਭਿਆਸ ਨੂੰ ਅਜਿਹਾ ਰਾਹ ਮਿਲਿਆ ਕਿ ਉਹ ਲੇਖਕ ਵਜੋਂ ਪ੍ਰਵਾਨ ਚੜ੍ਹਿਆ। ਪੰਜਾਬੀ ਗਲਪ ਜਗਤ ਵਿਚ ਆਪਣੀ ਨਿਵੇਕਲੀ ਪਛਾਣ ਬਣਾਉਣ ਵਾਲੇ ਲਿਖਾਰੀ ਗੁਲਜ਼ਾਰ ਸਿੰਘ ਸੰਧੂ ਨੇ ਉਸ ਦੀ ਜ਼ਿੰਦਗੀ ਅਤੇ ਰਚਨਾਵਾਂ ਨਾਲ ਜੁੜੀਆਂ ਯਾਦਾਂ ਆਪਣੇ ਇਸ ਲੇਖ ਵਿਚ ਸਮੇਟੀਆਂ ਹਨ, ਜੋ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।

-ਸੰਪਾਦਕ

ਗੁਲਜ਼ਾਰ ਸਿੰਘ ਸੰਧੂ

‘ਪਾਕਿਸਤਾਨ ਮੇਲ’ ਅੰਗਰੇਜ਼ੀ ਨਾਵਲ ‘ਟਰੇਨ ਟੂ ਪਾਕਿਸਤਾਨ’ ਦਾ ਪੰਜਾਬੀ ਅਨੁਵਾਦ ਹੈ। ਮੇਰਾ ਕੀਤਾ ਹੋਇਆ। ਇਸ ਦਾ ਮੂਲ ਲੇਖਕ ਖੁਸ਼ਵੰਤ ਸਿੰਘ ਸੀ। ਸਰਗੋਧਾ (ਪਾਕਿਸਤਾਨ) ਜਿਲੇ ਦੇ ਰੇਤਿਆਂ ਵਿਚ ਪੈਂਦੇ ਨਿੱਕੇ ਜਿਹੇ ਪਿੰਡ ਹਡਾਲੀ ਦਾ ਜੰਮਪਲ। ਉਦੋਂ ਇਸ ਪਿੰਡ ਦੀ ਵਸੋਂ ਸਿਰਫ ਹਜ਼ਾਰ-ਬਾਰਾਂ ਸੌ ਸੀ। ਗਿਣਵੇਂ ਹਿੰਦੂ-ਸਿੱਖ ਪਰਿਵਾਰਾਂ ਨੂੰ ਛੱਡ ਕੇ ਸਾਰੇ ਮੁਸਲਮਾਨ ਹੀ ਸਨ। ਬਲੋਚੀ ਕੱਦ ਕਾਠ ਦੇ ਮਾਲਕ।
ਪਿੰਡ ਤੋਂ ਤੀਹ ਪੈਂਤੀ ਮੀਲ ਦੀ ਦੂਰੀ ‘ਤੇ ਖਿਉੜਾ ਨਾਂ ਦਾ ਪਹਾੜ ਸੀ। ਖਾਣ ਵਾਲੇ ਨਮਕ ਦਾ ਖਜਾਨਾ। ਹਡਾਲੀ ਦੇ ਬਹੁਤੇ ਲੋਕ ਊਠ ਰੱਖਦੇ ਸਨ। ਉਹ ਇਸ ਖੇਤਰ ਦਾ ਨਮਕ ਤੇ ਖਜੂਰਾਂ ਊਠਾਂ ‘ਤੇ ਲੱਦ ਕੇ ਲਾਹੌਰ/ਅੰਮ੍ਰਿਤਸਰ ਤੱਕ ਲੈ ਕੇ ਜਾਂਦੇ। ਇਹੀਓ ਉਨ੍ਹਾਂ ਦਾ ਧੰਦਾ ਸੀ। ਖੁਸ਼ਵੰਤ ਸਿੰਘ ਦੇ ਦਾਦੇ-ਪੜਦਾਦੇ ਵੀ ਇਹੀ ਕੰਮ ਕਰਦੇ ਸਨ।
ਖੁਸ਼ਵੰਤ ਸਿੰਘ ਦੇ ਜਨਮ ਸਮੇਂ ਉਸ ਦੇ ਦਾਦਾ ਸੁਜਾਨ ਸਿੰਘ ਨੇ ਨਵੀਂ ਦਿੱਲੀ ਵਿਚ ਇਮਾਰਤੀ ਕੰਮ ਦਾ ਠੇਕਾ ਲੈਣਾ ਸ਼ੁਰੂ ਕਰ ਦਿੱਤਾ ਸੀ। ਦੋ ਫਰਵਰੀ 1915 ਨੂੰ ਉਸ ਦੇ ਜਨਮ ਸਮੇਂ ਉਹ ਦੋਵੇਂ ਹਡਾਲੀ ਤੋਂ ਬਹੁਤ ਦੂਰ ਦਿੱਲੀ ਸਨ। ਕਈ ਮਹੀਨੇ ਤੱਕ ਉਸ ਨੂੰ ਵੇਖਣ ਵੀ ਨਹੀਂ ਆਏ। ਕੁਝ ਇਸ ਕਾਰਨ ਵੀ ਕਿ ਉਹ ਆਪਣੇ ਪਿਤਾ ਦਾ ਦੂਜਾ ਲੜਕਾ ਸੀ। ਪਿਤਾ ਦਾ ਨਾਂ ਸੋਭਾ ਸਿੰਘ ਸੀ। ਉਹ ਦਿੱਲੀ ਤੋਂ ਆਇਆ ਵੀ ਤਾਂ ਖੁਸ਼ਵੰਤ ਦੀ ਮਾਂ ਅਤੇ ਉਸ ਤੋਂ ਵੱਡੇ ਭਰਾ ਨੂੰ ਦਿੱਲੀ ਲਿਜਾਣ ਵਾਸਤੇ।
ਖੁਸ਼ਵੰਤ ਨੂੰ ਉਸ ਦੀ ਦਾਦੀ ਨੇ ਪਾਲਿਆ ਤੇ ਪਿੰਡ ਦੀ ਧਰਮਸ਼ਾਲਾ ਵਿਚ ਭਾਈ ਹਰੀ ਸਿੰਘ ਕੋਲੋਂ ਪੜ੍ਹਾਇਆ। ਦਾਦੀ ਨਿੱਕੇ ਬਾਲਕ ਨੂੰ ਖੁਦ ਧਰਮਸ਼ਾਲਾ ਛੱਡ ਕੇ ਆਉਂਦੀ ਤੇ ਖੁਦ ਹੀ ਲੈ ਕੇ ਆਉਂਦੀ। ਉਹ ਜਾਂਦੇ-ਆਉਂਦੇ ਸਮੇਂ ਰਾਤ ਦੀ ਬਚੀ ਹੋਈ ਰੋਟੀ ਵੀ ਚੁੱਕ ਲੈਂਦੀ। ਇਸ ਰੋਟੀ ਦੇ ਟੁਕੜੇ ਕਰ ਕੇ ਦਾਦੀ-ਪੋਤਾ ਰਸਤੇ ਦੇ ਕੁੱਤਿਆਂ ਨੂੰ ਪਾਉਂਦੇ ਜਾਂਦੇ। ਦਾਦੀ ਨੂੰ ਉਡਣੇ ਪੰਛੀਆਂ ਨਾਲ ਵੀ ਪਿਆਰ ਸੀ। ਉਨ੍ਹਾਂ ਵਾਸਤੇ ਘਰ ਦੀ ਛੱਤ ਉਤੇ ਦਾਣੇ ਖਿਲਾਰਨਾ ਵੀ ਦਾਦੀ-ਪੋਤੇ ਦਾ ਨਿੱਤ ਨੇਮ ਸੀ।
ਕੱਚੀ ਮਿੱਟੀ ਦੇ ਘਰਾਂ ਵਿਚ ਜਨਮੇ ਤੇ ਰੇਤਿਆਂ ਵਿਚ ਖੇਡੇ ਖੁਸ਼ਵੰਤ ਸਿੰਘ ਨੇ ਇੰਗਲੈਂਡ ਜਾ ਕੇ ਵਕੀਲੀ ਵਿੱਦਿਆ ਪ੍ਰਾਪਤ ਕੀਤੀ ਅਤੇ ਦੇਸ਼ ਵੰਡ ਤੋਂ ਪਹਿਲਾਂ ਇੱਕ ਦਹਾਕਾ ਲਾਹੌਰ ਦੀ ਕਚਹਿਰੀ ਵਿਚ ਵਕਾਲਤ ਵੀ ਕੀਤੀ, ਪਰ ਉਸ ਦਾ ਮਨ ਵਕੀਲ ਨਾਲੋਂ ਲੇਖਕ ਬਣਨ ਦਾ ਸੀ। ਦੇਸ਼ ਵੰਡ ਤੋਂ ਪਿੱਛੋਂ ਉਸ ਨੇ ਭਾਰਤ ਸਰਕਾਰ ਲਈ ਆਕਾਸ਼ਵਾਣੀ ਤੇ ਯੋਜਨਾ ਕਮਿਸ਼ਨ ਦੇ ਰਸਾਲੇ ਵਿਚ ਵੀ ਕੰਮ ਕੀਤਾ ਅਤੇ ਫਿਰ ਗੈਰ-ਸਰਕਾਰੀ ‘ਇਲਸਟ੍ਰੇਟਿਡ ਵੀਕਲੀ’, ‘ਨੈਸ਼ਨਲ ਹੈਰਲਡ’, ‘ਹਿੰਦੋਸਤਾਨ ਟਾਈਮਜ਼’ ਤੇ ‘ਨਿਊ ਦਿੱਲੀ’ ਵਿਚ ਸਮਾਚਾਰ ਪੱਤਰਾਂ ਤੇ ਰਸਾਲਿਆਂ ਦਾ ਸੰਪਾਦਕ ਰਿਹਾ।
ਇਸ ਦੇ ਨਾਲ ਹੀ ਉਸ ਨੇ ਪੰਜ ਨਾਵਲ, ਵਾਰਤਕ ਦੀਆਂ ਅੱਠ ਪੁਸਤਕਾਂ ਤੇ ਅਨੇਕਾਂ ਕਹਾਣੀਆਂ ਅੰਗਰੇਜ਼ੀ ਵਿਚ ਲਿਖੀਆਂ, ਜਿਨ੍ਹਾਂ ਵਿਚੋਂ ਦੋ ਨਾਵਲ ‘ਪਾਕਿਸਤਾਨ ਮੇਲ’ ਤੇ ‘ਰੰਨਾ ਵਿਚ ਧੰਨਾ’ ਨਾਂ ਹੇਠ ਪੰਜਾਬੀ ਭਾਸ਼ਾ ਵਿਚ ਵੀ ਛਪੇ। ਇਸ ਤੋਂ ਪਹਿਲਾਂ ਉਸ ਦੀ ਸਭ ਤੋਂ ਪਹਿਲੀ ਕਹਾਣੀਆਂ ਦੀ ਪੁਸਤਕ ਵੀ ਪੰਜਾਬੀ ਵਿਚ ਅਨੁਵਾਦ ਹੋ ਕੇ ‘ਨਾਂ ਵਿਚ ਕੀ ਪਿਆ ਏ’ ਨਾਮ ਹੇਠ ਛਪੀ। ਹੁਣ ਤਾਂ ਉਸ ਦੀ ਸਵੈ-ਜੀਵਨੀ ‘ਮੌਜ ਮੇਲਾ’ ਵੀ ਪੰਜਾਬੀ ਵਿਚ ਛਪ ਚੁਕੀ ਹੈ। ਉਸ ਦੀ ਇਸ ਰਚਨਾਕਾਰੀ ਨੇ ਉਸ ਦੀ ਗੁੱਡੀ ਆਕਾਸ਼ ਤੱਕ ਚੜ੍ਹਾਈ, ਪਰ ਜਿਸ ਰਚਨਾ ਲਈ ਉਸ ਨੂੰ ਸਭ ਤੋਂ ਵੱਧ ਯਾਦ ਕੀਤਾ ਜਾਵੇਗਾ, ਉਹ ਦੋ ਜਿਲਦਾਂ ਵਿਚ ਛਪੀ ‘ਹਿਸਟਰੀ ਆਫ ਦਿ ਸਿੱਖਸ’ ਹੈ। ਇਹ ਵੀ ਪੰਜਾਬੀ ਵਿਚ ‘ਸਿੱਖ ਹਿਸਟਰੀ’ ਨਾਂ ਥੱਲੇ ਛਪੀ ਹੋਈ ਮਿਲਦੀ ਹੈ।
ਲੇਖਕ ਤੇ ਮਨੁੱਖ ਵਜੋਂ ਖੁਸ਼ਵੰਤ ਸਿੰਘ ਬੇਹੱਦ ਮਕਬੂਲ ਹਸਤੀ ਸੀ। ਭਾਰਤ ਦੀ ਸ਼ਾਇਦ ਹੀ ਕੋਈ ਅਖਬਾਰ ਤੇ ਰਸਾਲਾ ਹੋਵੇ, ਜਿਸ ਨੇ ਉਸ ਦੇ ਚਲਾਣੇ ਤੋਂ ਪਿੱਛੋਂ ਸ਼ਰਧਾਂਜਲੀ ਲੇਖ ਨਾ ਛਾਪੇ ਹੋਣ। ਲਿਖਣ ਵਾਲੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੇ ਵਸਨੀਕ ਹਨ। ਭਾਰਤ ਦੇ ਉਤਰ, ਦੱਖਣ, ਪੂਰਬ ਤੇ ਪੱਛਮ ਤੱਕ ਫੈਲੇ ਹੋਏ। ਸ਼ੋਭਾ ਡੇਅ, ਵਿਕਰਮ ਸੇਠ, ਰਿਜ਼ੌਲ ਹਸਨ ਲਸਕਰ, ਬੱਚੀ ਕਰਕਾਰੀਆ, ਰਾਜੂ ਭਾਰਤਨ, ਨੀਲਿਮਾ ਡਾਲਮੀਆ, ਆਸਿਫ ਨੂਰਾਨੀ, ਅਸਗ਼ਰ ਕਾਦਿਰ, ਸਈਦ ਫਿਰਦੌਸ ਅਸ਼ਰਫ, ਕੁਲਦੀਪ ਨਈਅਰ, ਮੰਗਲਮ ਸ੍ਰੀਨਿਵਾਸਨ, ਕਿਸ਼ਵਰ ਦੇਸਾਈ, ਸਾਦੀਆ ਦੇਹਲਵੀ, ਐਤਜਾਜ਼ ਅਹਿਸਨ, ਇੰਦਰ ਮਲਹੋਤਰਾ, ਪ੍ਰੇਮ ਸ਼ੰਕਰ ਝਾਅ, ਭਾਈਚੰਦ ਪਟੇਲ, ਅੰਜਨਾ ਰਾਜਨ, ਬਿਸ਼ਨ ਸਿੰਘ ਬੇਦੀ, ਰੂਪਿੰਦਰ ਸਿੰਘ, ਹਰਚਰਨ ਬੈਂਸ, ਸ਼ਹਿਰਯਾਰ ਫੀਰੋਜ਼, ਸ਼ੀਲਾ ਰੈੱਡੀ, ਅਜੀਤ ਪਿੱਲੈ, ਬਲਜੀਤ ਮਲਿਕ ਤੇ ਡੇਢ ਦਰਜਨ ਹੋਰ।
ਖੁਸ਼ਵੰਤ ਸਿੰਘ ਦੀਆਂ ਇਨ੍ਹਾਂ ਪ੍ਰਾਪਤੀਆਂ ਸਦਕਾ ਉਸ ਨੂੰ ਭਾਰਤ ਸਰਕਾਰ ਨੇ ਪਦਮ ਭੂਸ਼ਨ ਹੀ ਨਹੀਂ, ਪਦਮ ਵਿਭੂਸ਼ਨ ਦਾ ਸਨਮਾਨ ਵੀ ਦਿੱਤਾ ਅਤੇ ਕਿੰਗਜ਼ ਕਾਲਜ ਲੰਡਨ ਨੇ ਆਪਣੇ ਇਸ ਵਿਦਿਆਰਥੀ ਨੂੰ ਉਸ ਦੇ ਸੁਜਾਨ ਸਿੰਘ ਪਾਰਕ ਵਾਲੇ ਨਿਵਾਸ ਅਸਥਾਨ ‘ਤੇ ਆ ਕੇ ਫੈਲੋਸ਼ਿਪ ਦਿੱਤੀ। ਉਰਦੂ ਭਾਸ਼ਾ ਨਾਲ ਉਸ ਦਾ ਇੰਨਾ ਮੋਹ ਸੀ ਕਿ ਉਹ ਹਰ ਮਹਿਫਿਲ ਵਿਚ ਉਰਦੂ ਦੇ ਬਹੁਤ ਢੁਕਵੇਂ ਸ਼ਿਅਰ ਸੁਣਾਉਂਦਾ ਸੀ। ਉਸ ਨੇ ਇਲਾਮਾ ਇਕਬਾਲ ਤੇ ਮਿਰਜ਼ਾ ਗਾਲਿਬ ਦੀ ਸ਼ਾਇਰੀ ਹੀ ਨਹੀਂ, ਰਾਜਿੰਦਰ ਸਿੰਘ ਬੇਦੀ ਦਾ ਨਾਵਲ ‘ਇਕ ਚਾਦਰ ਅੱਧੋਰਾਣੀ’ ਵੀ ਅੰਗਰੇਜ਼ੀ ਵਿਚ ਉਲਥਾ ਕਰ ਕੇ ਛਪਵਾਇਆ। ਭਾਵੇਂ ਉਸ ਨੇ ਪੰਜਾਬੀ ਵਿਚ ਕੁਝ ਵੀ ਨਹੀਂ ਲਿਖਿਆ, ਪਰ ਉਸ ਨੂੰ ਇਸ ਭਾਸ਼ਾ ਦੀ ਏਨੀ ਸਮਝ ਸੀ ਕਿ ਉਸ ਨੇ ਜਪੁਜੀ ਸਾਹਿਬ ਤੋਂ ਲੈ ਕੇ ਅੰਮ੍ਰਿਤਾ ਪ੍ਰੀਤਮ ਦੇ ਨਾਵਲ ‘ਪਿੰਜਰ’ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਅਤੇ ਉਸ ਲਈ ਪ੍ਰਕਾਸ਼ਕ ਵੀ ਲੱਭੇ। ਇਹੋ ਕਾਰਨ ਹੈ ਕਿ ਉਸ ਦੇ ਜੀਵਨ ਦੇ ਅੰਤਲੇ ਸਮਿਆਂ ਵਿਚ ਨਵੀਂ ਦਿੱਲੀ ਦੀ ਸਿਰਮੌਰ ਸੰਸਥਾ ਪੰਜਾਬੀ ਸਾਹਿਤ ਸਭਾ ਨੇ ਉਸ ਦਾ ਘਰ ਜਾ ਕੇ ਸਨਮਾਨ ਕੀਤਾ, ਜਿਸ ਦੀ ਰਕਮ ਤਾਂ ਭਾਵੇਂ ਪੰਜਾਹ ਹਜ਼ਾਰ ਹੀ ਸੀ, ਪਰ ਉਸ ਨੇ ਇਹ ਰਕਮ ਬੜੇ ਮਾਣ ਨਾਲ ਪ੍ਰਾਪਤ ਅਤੇ ਆਪਣੇ ਮਨਭਾਉਂਦੇ ਪਰਬਤੀ ਟਿਕਾਣੇ ਕਸੌਲੀ ਵਿਚ ਬੂਟੇ ਲਾਉਣ ਲਈ ‘ਖੁਸ਼ਵੰਤ ਸਿੰਘ ਫਾਊਂਡੇਸ਼ਨ ਆਫ ਇੰਡੀਆ’ ਨੂੰ ਸੌਂਪ ਦਿੱਤੀ।
ਉਸ ਦੇ ਸੁਭਾਅ ਦੀ ਸ਼ਰਧਾਹੀਣਤਾ ਅਤੇ ਖਚਰੀ ਮਸਖਰੀ ਬਹੁਤ ਮਸ਼ਹੂਰ ਹੈ। ਇਸ ਦੇ ਨਮੂਨੇ ਵਜੋਂ ਮੈਂ ਦੋ ਹੀ ਗੱਲਾਂ ਲਿਖਦਾ ਹਾਂ। ਜਦੋਂ ਉਸ ਨੇ ਸਿੱਖਾਂ ਬਾਰੇ ਲਤੀਫੇ ਲਿਖਣੇ ਤੇ ਛਾਪਣੇ ਸ਼ੁਰੂ ਕੀਤੇ ਤਾਂ ਸ਼੍ਰੋਮਣੀ ਕਮੇਟੀ ਦੇ ਕਿਸੇ ਸ਼ਰਧਾ-ਭਾਵੀ ਮੈਂਬਰ ਨੇ ਬੜੀ ਸਨਿਮਰ ਬੇਨਤੀ ਕੀਤੀ ਕਿ ਉਹ ਇਹ ਕੰਮ ਨਾ ਕਰੇ। ਖੁਸ਼ਵੰਤ ਸਿੰਘ ਨੇ ਉਸ ਦੀ ਅਰਜ਼ੋਈ ਦਾ ਹਵਾਲਾ ਦੇ ਕੇ ਇੱਕ ਲਾਈਨ ਦਾ ਉਤਰ ਲਿਖਿਆ ‘ਗੋ ਟੂ ਹੈੱਲ’, ਭਾਵ ਢੱਠੇ ਖੂਹ ਵਿਚ ਪੈ। ਜਦੋਂ ਫਿਲਮੀ ਅਭਿਨੇਤਰੀ ਨਰਗਿਸ ਨੇ ਉਸ ਦੇ ਕਸੌਲੀ ਵਾਲੇ ਘਰ ਰਹਿਣ ਦੀ ਮੰਗ ਪਾਈ ਤਾਂ ਉਸ ਨੇ ਉਤਰ ਦਿੱਤਾ ਕਿ ਉਹ ਜੀਅ ਸਦਕੇ ਰਹਿ ਸਕਦੀ ਹੈ, ਬਸ਼ਰਤੇ ਉਹ ਇਸ ਗੱਲ ਦਾ ਗੁੱਸਾ ਨਾ ਕਰੇ, ਜੇ ਖੁਸ਼ਵੰਤ ਆਪਣੇ ਜਾਣਕਾਰਾਂ ਨੂੰ ਇਹ ਦੱਸੇ ਕਿ ਨਰਗਿਸ ਵੀ ਉਸ ਦੇ ਬਿਸਤਰੇ ਵਿਚ ਸੌਂ ਚੁਕੀ ਹੈ।
ਖੁਸ਼ਵੰਤ ਮਜ਼ਾਕ ਉਡਾਉਂਦਿਆਂ ਅੱਗਾ-ਪਿੱਛਾ ਨਹੀਂ ਸੀ ਦੇਖਦਾ। ਉਸ ਨੇ ਆਪਣੇ ਦੇਸ਼ ਵਾਸੀਆਂ ਨੂੰ ਆਪਣੀ ਖਿੱਲੀ ਆਪ ਉਡਾਉਣ ਦੀ ਜਾਚ ਸਿਖਾਈ। ਹੁਸੀਨ ਔਰਤਾਂ ਦੀ ਸੰਗਤ ਤੇ ਉਰਦੂ ਦੇ ਖੂਬਸੂਰਤ ਸ਼ਿਅਰਾਂ ਦਾ ਇਹ ਮੱਦਾਹ ਔਰਤਾਂ ਦਾ ਪਰਦਾ ਹਟਾ ਕੇ ਉਨ੍ਹਾਂ ਦੇ ਜਿਸਮਾਂ ਨੂੰ ਵੇਖਣ ਦਾ ਆਦੀ ਸੀ। ਆਪਣੀ ਸਵੈ-ਜੀਵਨੀ ਵਿਚ ਉਹ ਹਡਾਲੀ ਪਿੰਡ ਦੀਆਂ ਲੰਮੀਆਂ-ਲੰਝੀਆਂ ਮੁਸਲਿਮ ਔਰਤਾਂ ਨੂੰ ਆਪਣੇ ਸਿਰਾਂ ਉਤੇ ਦੋ-ਦੋ ਘੜੇ ਚੁੱਕੀ ਜਾਂਦੀਆਂ ਦਿਖਾਉਂਦਾ ਹੈ ਤਾਂ ਇਹ ਦੱਸਣਾ ਨਹੀਂ ਭੁੱਲਦਾ ਕਿ ਉਨ੍ਹਾਂ ਘੜਿਆਂ ਵਿਚੋਂ ਉਛਲ ਕੇ ਜਿਹੜਾ ਪਾਣੀ ਉਨ੍ਹਾਂ ਦੇ ਜਿਸਮਾਂ ਉਤੇ ਪੈਂਦਾ ਸੀ, ਉਹ ਉਨ੍ਹਾਂ ਨੂੰ ਕਿੰਨਾ ਮਨਮੋਹਣਾ ਬਣਾਉਂਦਾ ਸੀ।
ਉਸ ਨੂੰ ਨੇੜਿਓਂ ਜਾਣਨ ਵਾਲੇ ਜਾਣਦੇ ਹਨ ਕਿ ਉਹ ਆਪਣੀ ਡਾਇਰੀ ਵਿਚ ਇੱਕ ਪੋਸਟ-ਕਾਰਡ ਸਾਂਭ ਕੇ ਰੱਖਦਾ ਸੀ, ਜਿਸ ਦੇ ਪਤੇ ਵਾਲੇ ਖਾਨੇ ਵਿਚ ਸਿਰਫ ਚਾਰ ਸ਼ਬਦ ਸਨ: ਖੁਸ਼ਵੰਤ ਸਿੰਘ, ਬਾਸਟਰਡ, ਇੰਡੀਆ। ਤੇ ਇਹ ਕਾਰਡ ਸਹਿਜੇ ਹੀ ਉਸ ਦੇ ਸੁਜਾਨ ਸਿੰਘ ਪਾਰਕ ਵਾਲੇ ਘਰ ਪਹੁੰਚ ਗਿਆ ਸੀ। ਉਸ ਨੇ ਇਹ ਕਾਰਡ ਮੈਨੂੰ ਵੀ ਦਿਖਾਇਆ ਸੀ, ਪਰ ਮੈਂ ਉਸ ਨੂੰ ਇਹ ਕਹਿਣ ਦਾ ਹੌਸਲਾ ਨਹੀਂ ਕਰ ਸਕਿਆ ਕਿ ਇਸ ਦੇ ਲਿਖਣ ਵਾਲਾ ਉਹ ਖੁਦ ਹੀ ਹੋ ਸਕਦਾ ਸੀ।
ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇੱਕ ਵਾਰੀ ਫਿਰ ਖੁਸ਼ਵੰਤ ਸਿੰਘ ਦੀ ਜਨਮ ਭੂਮੀ ਹਡਾਲੀ (ਪਾਕਿਸਤਾਨ) ਲੈ ਜਾਵਾਂ, ਮੈਂ ਦੱਸਣਾ ਚਾਹਾਂਗਾ ਕਿ ਉਸ ਦੀ ਮੌਤ ਦੀ ਖਬਰ ਸੁਣ ਕੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਉਸ ਦੇ ਘਰ ਪਹੁੰਚ ਗਏ ਸਨ। ਸ਼ਰਧਾਂਜਲੀ ਸੰਦੇਸ਼ ਭੇਜਣ ਵਾਲਿਆਂ ਵਿਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਹੀ ਨਹੀਂ, ਭਾਜਪਾ ਨੇਤਾ ਐਲ਼ ਕੇ. ਅਡਵਾਨੀ ਵੀ ਸੀ। ਅਡਵਾਨੀ ਦੇ ਸ਼ਬਦ ਨੋਟ ਕਰਨ ਵਾਲੇ ਹਨ, “ਜ਼ਿੰਦਗੀ ਵਿਚ ਉਸ ਨੂੰ ਖੁਸ਼ਵੰਤ ਸਿੰਘ ਜਿਹਾ ਹੋਰ ਕੋਈ ਵੀ ਨਹੀਂ ਮਿਲਿਆ।”
ਇੱਕ ਉਰਦੂ ਅਖਬਾਰ ਨੇ ਉਰਦੂ ਅਦੀਬ ਮੁਜਤਬਾ ਹੁਸੈਨ ਦੇ ਤੀਹ ਸਾਲ ਪਹਿਲਾਂ ਦੇ ਲਿਖੇ ਇੱਕ ਲੇਖ ਦੇ ਹਵਾਲੇ ਨਾਲ ਇਹ ਲੇਖ ਛਾਪਿਆ ਸੀ, “ਅੰਗਰੇਜ਼ੀ ਕਾ ਮਾਇਆਨਾਜ਼ ਅਦੀਬ, ਹਿੰਦੁਸਤਾਨ ਦੀ ਗੰਗਾ-ਯਮੁਨਾ ਤਹਿਜ਼ੀਬ ਦਾ ਆਲਮਬਰਦਾਰ, ਉਰਦੂ ਕਾ ਪੁਜਾਰੀ, ਇਕਬਾਲ ਕਾ ਆਸ਼ਿਕ, ਗ਼ਾਲਿਬ ਕਾ ਮੁਰੀਦ, ਅਕਲੀਅਤੋਂ ਔਰ ਖਾਸ ਕਰ ਮੁਸਲਮਾਨੋਂ ਕਾ ਖੈਰ-ਖਵਾਹ, ਕਿਰਦਾਰ ਔਰ ਗੁਫਤਾਰ ਕਾ ਗਾਜ਼ੀ” ਸ਼ਬਦ ਵਰਤਣ ਪਿੱਛੋਂ ਮੁਜਤਬਾ ਹੁਸੈਨ ਵੱਲੋਂ ਇਹ ਵੀ ਲਿਖਿਆ ਖੁੱਲ੍ਹ ਕੇ ਛਾਪਿਆ, “ਮੈਂ ਅਪਨੀ ਜ਼ਿੰਦਗੀ ਮੇਂ ਸੈਂਕੜੇ ਅਦੀਬੋਂ, ਦਾਨਿਸ਼ਵਰੋਂ, ਫਨਕਾਰੋਂ ਸੇ ਮਿਲ ਚੁਕਾ ਹੂੰ, ਮਗਰ ਖੁਸ਼ਵੰਤ ਸਿੰਘ ਕੀ ਸਿਫਤ ਯਿਹ ਹੈ ਕਿ ਵੁਹ ਸਭ ਸੇ ਮੁਖਤਲਿਫ ਹੈ। ਉਸ ਕੇ ਲਿਖਨੇ ਕਾ ਅਸਲੂਬ ਮੁਖਤਲਿਫ, ਸੋਚਨੇ ਕਾ ਅੰਦਾਜ਼ ਮੁਖਤਲਿਫ, ਜ਼ਿੰਦਗੀ ਕੋ ਦੇਖਨੇ, ਸਮਝਨੇ ਔਰ ਪਰਖਨੇ ਕਾ ਨਜ਼ਰੀਆ ਮੁਖਤਲਿਫ ਔਰ ਸ਼ਖਸੀਅਤ ਕਾ ਯਹੀ ਅਨੋਖਾਪਨ ਖੁਸ਼ਵੰਤ ਸਿੰਘ ਕੋ ਖੁਸ਼ਵੰਤ ਸਿੰਘ ਬਨਾਤਾ ਹੈ।”
ਮੈਂ ਖੁਸ਼ਵੰਤ ਸਿੰਘ ਦੇ ਸੰਪਰਕ ਵਿਚ ਪੂਰੇ ਛੇ ਦਹਾਕੇ ਰਿਹਾ ਹਾਂ। 1956 ਵਿਚ ਉਸ ਦੇ ‘ਯੋਜਨਾ’ ਦਾ ਸੰਪਾਦਕ ਬਣਨ ਤੋਂ ਲੈ ਕੇ 2013 ਵਿਚ ਮੇਰੇ ਹੱਥੋਂ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦਾ ਸਨਮਾਨ ਲੈਣ ਤੱਕ। ਉਸ ਦੇ ਦੇਖਣ-ਪਰਖਣ, ਪੜ੍ਹਨ-ਲਿਖਣ ਤੇ ਸਦਾ ਸੁੱਚੇ ਮਨ ਦਾ ਕੋਈ ਜਵਾਬ ਨਹੀਂ ਸੀ। ਜਦੋਂ ਮੈਂ 1958 ਵਿਚ ਉਸ ਦੇ ਨਾਵਲ ‘ਟਰੇਨ ਟੂ ਪਾਕਿਸਤਾਨ’ ਦਾ ਨਵਯੁਗ ਪ੍ਰਕਾਸ਼ਨ ਦੀ ਪਾਕਿਟ ਲੜੀ ਲਈ ਸੰਖੇਪ ਅਨੁਵਾਦ ਕੀਤਾ ਤਾਂ ਮੇਰਾ ਅਨੁਵਾਦ ਪੜ੍ਹ ਕੇ ਉਸ ਕਿਹਾ ਕਿ ਮੈਂ ਉਸ ਨੂੰ ਨਾਵਲ ਵਿਚੋਂ ਉਕਾ ਹੀ ਕੱਢ ਦਿੱਤਾ ਹੈ। ਉਸ ਦਾ ਇਸ਼ਾਰਾ ਨਾਵਲ ਦੇ ਇੱਕ ਪਾਤਰ ਇਕਬਾਲ ਸਿੰਘ ਵੱਲ ਸੀ, ਜੋ ਨਾਵਲ ਦੀ ਹਰ ਘਟਨਾ ਨੂੰ ਫਿਲਾਸਫਰ ਦੀ ਅੱਖ ਨਾਲ ਵੇਖਦਾ ਸੀ। ਇਹ ਸੁਣਦੇ ਸਾਰ ਮੇਰੇ ਪੈਰਾਂ ਥੱਲਿਓਂ ਧਰਤੀ ਨਿਕਲ ਗਈ। ਮੈਨੂੰ ਘਾਬਰਿਆ ਤੱਕ ਉਹ ਤੁਰੰਤ ਬੋਲਿਆ, “ਪਰ ਤੇਰਾ ਅਨੁ ਵਾਦ/ਵੇਰਵਾ ਪੜ੍ਹਨ ਤੋਂ ਪਿੱਛੋਂ ਮੈਨੂੰ ਯਕੀਨ ਹੋ ਗਿਆ ਹੈ ਕਿ ਨਾਵਲ ਨੂੰ ਇਕਬਾਲ ਦੇ ਫਲਸਫੇ ਦੀ ਲੋੜ ਹੀ ਨਹੀਂ ਸੀ।”
ਉਸ ਨੇ ਇਹ ਗੱਲ ਕਿੱਥੋਂ ਤੱਕ ਅੰਦਰਲੇ ਮਨੋਂ ਆਖੀ ਇਹ ਤਾਂ ਮੈਂ ਨਹੀਂ ਜਾਣਦਾ, ਪਰ ਉਸ ਦੇ ਇਸ ਵਾਕ ਨੇ ਮੈਨੂੰ ਆਪਣੇ ਹਾਣ ਦਾ ਬਣਾ ਲਿਆ ਸੀ। ਉਹ ਪੂਰੇ ਸੱਠ ਸਾਲ ਮੇਰੇ ਨਾਲ ਹਾਣੀਆਂ ਵਾਂਗ ਵਿਚਰਦਾ ਰਿਹਾ। ਇਹ ਗੱਲ ਉਸ ਦੇ ਪਰਿਵਾਰ ਨੂੰ ਵੀ ਪਤਾ ਹੈ।
ਮੈਂ ਆਪਣੀ ਗੱਲ ਫਕੀਰ ਸੱਯਦ ਐਜਾਜ਼ੂਦੀਨ ਦੇ ਹਵਾਲੇ ਨਾਲ ਸਮਾਪਤ ਕਰਦਾ ਹਾਂ। ਉਹ ਖੁਸ਼ਵੰਤ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਕੰਮ ਕਰਨ ਵਾਲੇ ਆਪਣੇ ਵਡੇਰਿਆਂ ਬਾਰੇ ਲਿਖੀ ਪੁਸਤਕ ਦੇਣ ਗਿਆ ਸੀ। ਖੁਸ਼ਵੰਤ ਸਿੰਘ ਦੀ ਮੰਗ ਉਤੇ ਉਸ ਨੇ ਇਸ ਪੁਸਤਕ ਉਤੇ ਭੇਟਾ ਦੇ ਜੋ ਸ਼ਬਦ ਲਿਖੇ, ਉਨ੍ਹਾਂ ਦੀ ਮਿਤੀ 4 ਮਾਰਚ 2014 ਹੈ। ਖੁਸ਼ਵੰਤ ਸਿੰਘ ਦੇ ਅਕਾਲ ਚਲਾਣੇ ਸਮੇਂ ਇਹ ਪੁਸਤਕ ਉਸ ਦੇ ਸਿਰਹਾਣੇ ਪਈ ਸੀ।
ਐਜਾਜ਼ੂਦੀਨ ਅਨੁਸਾਰ ਪੁਸਤਕ ਪ੍ਰਵਾਨ ਕਰਦੇ ਸਮੇਂ ਉਸ ਨੇ ਕਿਹਾ ਸੀ, “ਮੈਂ ਹੁਣ 99 ਸਾਲ ਦਾ ਹੋ ਗਿਆ ਹਾਂ।” ਜਦੋਂ ਇਸ ਦੇ ਉਤਰ ਵਿਚ ਐਜਾਜ਼ੂਦੀਨ ਨੇ ‘ਮੇਰੀ ਉਮਰ ਵੀ ਤੁਹਾਨੂੰ ਲੱਗੇ’ ਕਿਹਾ ਤਾਂ ਖੁਸ਼ਵੰਤ ਦੀ ਟਿੱਪਣੀ ਵੀ ਇੱਕ ਲਾਈਨ ਦੀ ਸੀ, “ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਓਨੇ ਵਰ੍ਹੇ ਜੀਓ, ਜਿੰਨੇ ਮੈਂ ਜੀਵਿਆ ਹਾਂ।”
ਉਸ ਮੀਟਿੰਗ ਵਿਚ ਜੋ ਖਾਸ ਗੱਲ ਉਸ ਨੇ ਆਪਣੇ ਪਾਕਿਸਤਾਨ ਤੋਂ ਆਏ ਪ੍ਰਾਹੁਣੇ ਨੂੰ ਕਹੀ, ਉਹ ਇਹ ਸੀ ਕਿ ਉਸ ਦਾ ਹਡਾਲੀ ਦੇਖਣ ਨੂੰ ਜੀਅ ਕਰਦਾ ਹੈ। ਪ੍ਰਾਹੁਣੇ ਨੇ ਤੁਰਨ ਲੱਗਿਆਂ ਉਸ ਦਾ ਹੱਥ ਚੁੰਮਿਆ। ਫਕੀਰ ਨੂੰ ਪਤਾ ਸੀ ਕਿ ਇਹ ਉਸ ਦੀ ਆਖਰੀ ਮਿਲਣੀ ਹੈ। ਤੁਰਦੇ ਸਮੇਂ ਉਸ ਨੂੰ 21 ਅਗਸਤ 1978 ਦਾ ਉਹ ਦਿਨ ਚੇਤੇ ਆਇਆ, ਜਦੋਂ ਉਹ ਦੋਵੇਂ ਪਹਿਲੀ ਵਾਰ ਮਿਲੇ ਸਨ।
ਫਕੀਰ ਐਜਾਜ਼ੂਦੀਨ ਨੇ ਖੁਸ਼ਵੰਤ ਦੇ ਚਲਾਣੇ ਦੀ ਖਬਰ ਸੁਣਦੇ ਸਾਰ ਪਰਿਵਾਰ ਨੂੰ ਕਿਹਾ ਕਿ ਉਹ ਉਸ ਦੀਆਂ ਅਸਥੀਆਂ ਦਾ ਕੁਝ ਭਾਗ ਉਹਦੇ ਲਈ ਬਚਾ ਕੇ ਰੱਖਣ। ਉਹ ਇਨ੍ਹਾਂ ਨੂੰ ਉਸ ਦੇ ਜਨਮ ਸਥਾਨ ਹਡਾਲੀ ਲਿਜਾਣਾ ਚਾਹੇਗਾ। ਇੰਜ ਹੀ ਹੋਇਆ। ਪਰਿਵਾਰ ਨੇ ਖੁਸ਼ਵੰਤ ਸਿੰਘ ਦੀਆਂ ਕੁਝ ਅਸਥੀਆਂ ਉਸ ਦੇ ਸੁਜਾਨ ਸਿੰਘ ਪਾਰਕ ਵਾਲੇ ਘਰ ਦੇ ਵਿਹੜੇ ਵਿਚਲੇ ਰੁੱਖ ਥੱਲੇ ਦੱਬ ਦਿੱਤੀਆਂ ਅਤੇ ਕੁਝ ਉਸ ਦੇ ਕਸੌਲੀ ਵਾਲੇ ਘਰ ਦੇ ਰੁੱਖ ਥੱਲੇ।
ਉਸ ਦੇ ਅਕਾਲ ਚਲਾਣੇ ਤੋਂ ਇੱਕ ਮਹੀਨਾ ਪਿੱਛੋਂ ਫਕੀਰ ਸੱਯਦ ਐਜਾਜ਼ੂਦੀਨ ਦਿੱਲੀ ਤੋਂ ਲਾਹੌਰ ਜਾਣ ਲਈ ਗੱਡੀ ਚੜ੍ਹਿਆ ਤਾਂ ਉਸ ਕੋਲ ਅਸਥੀਆਂ ਵਾਲੇ ਗੜਵੇ ਦੇ ਨਾਲ ਨਾਲ ਖੁਸ਼ਵੰਤ ਸਿੰਘ ਦੀ ਸਵੈ-ਜੀਵਨੀ ਅਤੇ ਜਪੁਜੀ ਸਾਹਿਬ ਤੇ ਰਹਿਰਾਸ ਦਾ ਅੰਗਰੇਜ਼ੀ ਅਨੁਵਾਦ ਵੀ ਸੀ, ਜੋ ਖੁਸ਼ਵੰਤ ਸਿੰਘ ਦਾ ਕੀਤਾ ਹੋਇਆ ਸੀ। ਉਹ ਜਾਣਦਾ ਸੀ ਕਿ ਇਹ ਪੁਸਤਕਾਂ ਛੇ ਘੰਟੇ ਦੇ ਲੰਮੇ ਸਫਰ ਵਿਚ ਉਸ ਦੇ ਪੜ੍ਹਨ ਦੇ ਕੰਮ ਆਉਣਗੀਆਂ। ਉਹ ਆਪਣੇ ਇਸ ਸਫਰ ਦਾ ਵਰਣਨ ਬੜੀ ਭਾਵਨਾ ਨਾਲ ਕਰਦਾ ਹੈ। ਉਹ ਸਮਝੌਤਾ ਐਕਸਪ੍ਰੈੱਸ ਰਾਹੀਂ ਵੀ ਜਾ ਸਕਦਾ ਸੀ, ਪਰ ਇਹ ਵਿਧੀ ਉਸ ਨੂੰ ਜਚਦੀ ਨਹੀਂ ਸੀ। ਇਸ ਰਾਹੀਂ ਅੰਮ੍ਰਿਤਸਰ ਤੋਂ ਲਾਹੌਰ ਦਾ 25 ਮੀਲ ਦਾ ਸਫਰ ਦੋ ਗੱਡੀਆਂ ਵਿਚ ਕਰਨਾ ਪੈਣਾ ਸੀ। ਏਧਰ ਵਾਲੀ ਗੱਡੀ ਨੇ ਏਧਰ ਰਹਿ ਜਾਣਾ ਸੀ ਤੇ ਉਧਰ ਵਾਲੀ ਨੇ ਉਸ ਨੂੰ ਸਰਹੱਦ ਪਾਰ ਤੋਂ ਚੁੱਕਣਾ ਸੀ। ਉਹ ਇਸ ਨੂੰ ਸਮਝੌਤਾ ਸੱਤਿਆਨਾਸ ਦੱਸਦਾ ਹੈ।
ਉਸ ਨੇ ਇਹ ਸੀਮਾ ਪੈਦਲ ਪਾਰ ਕੀਤੀ, ਜਿੱਥੇ ਗੜਵੇ ਵਿਚਲੀਆਂ ਅਸਥੀਆਂ ਤੋਂ ਉਸ ਨੂੰ ਖੁਸ਼ਵੰਤ ਸਿੰਘ ਦਾ ਨਿੱਘਾ ਸਾਥ ਮਿਲਿਆ। ਉਂਜ ਵੀ ਅਸਥੀਆਂ ਵਾਸਤੇ ਕੋਈ ਵੀਜ਼ਾ ਜਾਂ ਹੋਰ ਦਸਤਾਵੇਜ਼ ਲੈਣ ਦੀ ਲੋੜ ਨਹੀਂ ਸੀ। ਇਹ ਖਾਸ ਮਹਿਮਾਨ ਜਦੋਂ 22 ਅਪਰੈਲ 2014 ਨੂੰ ਹਡਾਲੀ ਪਹੁੰਚਿਆ ਤਾਂ ਪਿੰਡ ਵਾਲਿਆਂ ਨੇ ਮੁੰਡਿਆਂ ਦੇ ਸਕੂਲ ਵਾਲੇ ਹਾਲ ਕਮਰੇ ਦੀ ਚੌੜੀ ਕੰਧ ਵਿਚ ਸੰਗਮਰਮਰ ਦੀ ਫੱਟੀ ਲਾਉਣ ਵਾਸਤੇ ਥਾਂ ਬਣਾ ਰੱਖੀ ਸੀ। ਸਕੂਲ ਦੇ ਮਾਸਟਰ ਨੇ ਐਜਾਜ਼ੂਦੀਨ ਨੂੰ ਦੱਸਿਆ ਕਿ ਇਹ ਹਾਲ ਕਮਰਾ 1920 ਵਾਲਾ ਹੀ ਸੀ, ਜਿੱਥੋਂ ਖੁਸ਼ਵੰਤ ਸਿੰਘ ਆਪਣੇ ਬਚਪਨ ਵਿਚ ਪੜ੍ਹਦਾ ਦਿੱਲੀ ਗਿਆ ਸੀ।
ਮਾਸਟਰ ਨੇ ਇਹ ਵੀ ਦੱਸਿਆ ਕਿ ਜਦੋਂ 1980 ਵਿਚ ਖੁਸ਼ਵੰਤ ਸਿੰਘ ਪੂਰੇ ਸੱਠ ਸਾਲ ਦੇਸ ਪਰਦੇਸ ਦੀ ਹਵਾ ਫੱਕਣ ਪਿੱਛੋਂ ਹਡਾਲੀ ਆਇਆ ਤਾਂ ਇਸ ਸਕੂਲ ਦੀ ਛੱਤ ਦੇ ਨਿਵੇਂ ਹੋਏ ਸ਼ਤੀਰਾਂ ਨੂੰ ਵੇਖ ਕੇ ਫਿੱਸ ਪਿਆ ਸੀ।
ਐਜਾਜ਼ੂਦੀਨ ਨੇ ਵੇਖਿਆ ਕਿ 2014 ਵਿਚ ਇਸ ਪਿੰਡ ਦੀ ਵਸੋਂ 50 ਹਜ਼ਾਰ ਤੋਂ ਵੱਧ ਹੋ ਚੁਕੀ ਸੀ ਤੇ ਪਿੰਡ ਦੇ ਲੋਕਾਂ ਦੀ ਭੀੜ ਦਾ ਕੋਈ ਅੰਤ ਹੀ ਨਹੀਂ ਸੀ, ਜੋ ਇਸ ਪਿੰਡ ਦੇ ਜਨਮੇ ਖੁਸ਼ਵੰਤ ਸਿੰਘ ਦੀ ਯਾਦ ਵਾਲੀ ਫੱਟੀ ਲੱਗਦੀ ਵੇਖਣ ਆਏ ਸਨ। ਇਸ ਉਤੇ ਲਿਖਿਆ ਸੀ,
“ਹਡਾਲੀ ਦੇ ਪੁੱਤਰ ਸਰਦਾਰ ਖੁਸ਼ਵੰਤ ਸਿੰਘ ਦੀ ਯਾਦ ਵਿਚ, ਜੋ ਕੌਮਾਂਤਰੀ ਪੱਧਰ ਦਾ ਲੇਖਕ ਤੇ ਸਿੱਖ ਸਕਾਲਰ ਸੀ। ਉਹ ਇਸ ਭੂਮੀ ਨੂੰ ਸਦਾ ਇਨ੍ਹਾਂ ਸ਼ਬਦਾਂ ਨਾਲ ਚੇਤੇ ਕਰਦਾ ਸੀ, ਮੇਰੀਆਂ ਜੜ੍ਹਾਂ ਏਥੇ ਹਨ, ਜਿਨ੍ਹਾਂ ਨੂੰ ਮੈਂ ਉਦਰੇਵੇਂ ਦੇ ਹੰਝੂਆਂ ਨਾਲ ਸਿੰਜਦਾ ਆਇਆ ਹਾਂ।”
ਜਦੋਂ ਰਾਜ ਮਿਸਤਰੀ ਨੇ ਸੀਮਿੰਟ ਵਿਚ ਖੁਸ਼ਵੰਤ ਸਿੰਘ ਦੀਆਂ ਅਸਥੀਆਂ ਦੀ ਰਾਖ ਮਿਲਾ ਕੇ ਇਸ ਫੱਟੀ ਨੂੰ ਆਪਣੇ ਹੱਥਾਂ ਦੀਆਂ ਉਂਗਲੀਆਂ ਨਾਲ ਸਾਫ ਕਰ ਕੇ ਇਸ ਕਾਰਜ ਦੇ ਪੂਰੇ ਹੋਣ ਦਾ ਇਸ਼ਾਰਾ ਕੀਤਾ ਤਾਂ ਫਕੀਰ ਐਜਾਜ਼ੂਦੀਨ ਨੇ ਖੁਸ਼ਵੰਤ ਸਿੰਘ ਦੇ ਜਪੁਜੀ ਸਾਹਿਬ ਵਾਲੇ ਅਨੁਵਾਦ ਵਿਚੋਂ ਪਹਿਲੀ ਪਾਉੜੀ ਦੀਆਂ ਇਹ ਤੁਕਾਂ ਪੜ੍ਹੀਆਂ,
ੴ ਸਤਿਨਾਮੁ ਕਰਤਾ ਪੁਰਖੁ ਨਿਰਭਓ ਨਿਰਵੈਰ
ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥
ਇਸ ਦੇ ਨਾਲ ਹੀ ਉਸ ਨੇ ਅੰਤਲੇ ਸਲੋਕ ਦੇ ਇਹ ਸ਼ਬਦ ਵੀ ਪੜ੍ਹੇ,
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ॥
ਫਕੀਰ ਸਾਹਿਬ ਨੇ ਆਪਣੀ ਸ਼ਰਧਾਂਜਲੀ ਵਿਚ ਖੁਸ਼ਵੰਤ ਸਿੰਘ ਦੀਆਂ ਅਸਥੀਆਂ ਸਮੇਤ ਵਾਹਗਾ ਪਾਰ ਕਰਨ ਵਾਲੇ ਸਫਰ ਨੂੰ ‘ਟਰੇਨ ਟੂ ਪਾਕਿਸਤਾਨ’ ਦਾ ਨਾਂ ਦਿੱਤਾ ਸੀ। ਅਸਥੀਆਂ ਦੇ ਰੂਪ ਵਿਚ ਖੁਸ਼ਵੰਤ ਸਿੰਘ ਦਾ ਇਸ ਗੱਡੀ ਉਤੇ ਇਹ ਆਖਰੀ ਸਫਰ ਸੀ।

ਜੜ੍ਹਾਂ ਦੀਆਂ ਗੱਲਾਂ-ਬਾਤਾਂ
ਮੇਰੀ ਅਕਸਰ ਇਸ ਗੱਲੋਂ ਆਲੋਚਨਾ ਕੀਤੀ ਜਾਂਦੀ ਹੈ ਕਿ ਮੈਂ ਪਾਕਿਸਤਾਨ-ਪੱਖੀ ਹਾਂ, ਪਰ ਮੈਂ ਮਹਿਸੂਸ ਕਰਦਾ ਹਾਂ ਕਿ ਪਾਕਿਸਤਾਨ ਨਾਲ ਚੰਗੇ ਤੁਆਲੁਕਾਤ ਦੀ ਇੱਛਾ ਜਤਾ ਕੇ ਮੈਂ ਭਾਰਤ ਦਾ ਭਲਾ ਹੀ ਕਰ ਰਿਹਾ ਹਾਂ।
ਪਾਕਿਸਤਾਨ ਉਹ ਦੇਸ਼ ਹੈ, ਜਿਸ ਵਿਚ ਮੇਰੀਆਂ ਜੜ੍ਹਾਂ ਹਨ। ਮੈਨੂੰ ਇਸ ਦੇਸ਼ ਨਾਲ ਸਨੇਹ ਰਹੇਗਾ ਹੀ। ਜਦੋਂ ਵੀ ਮੈਂ ਆਪਣੇ ਜੱਦੀ ਪਿੰਡ ਹਡਾਲੀ ਗਿਆ, ਮੈਂ ਜਜ਼ਬਾਤੀ ਹੋ ਗਿਆ। ਉਸ ਪਿੰਡ ਵਿਚ ਮੇਰਾ ਜਨਮ ਹੋਇਆ ਸੀ, ਮੇਰੇ ਮੁਢਲੇ ਸਾਲ ਗੁਜ਼ਰੇ ਸਨ ਅਤੇ ਉਥੇ ਹੁਣ ਵੀ ਮੇਰਾ ਜੱਦੀ ਘਰ ਮੌਜੂਦ ਹੈ। ਮੈਂ ਅਜੇ ਬੱਚਾ ਹੀ ਸਾਂ, ਜਦੋਂ ਮੇਰੀ ਦਾਦੀ ਤੇ ਮੈਨੂੰ ਆਪਣਾ ਪਿੰਡ ਛੱਡ ਕੇ ਦਿੱਲੀ ਆਉਣਾ ਪਿਆ ਜਿੱਥੇ ਮੇਰੇ ਦਾਦਾ ਤੇ ਪਿਤਾ ਜੀ ਦਾ ਠੇਕੇਦਾਰੀ ਦਾ ਕੰਮ ਚੰਗਾ ਚੱਲ ਰਿਹਾ ਸੀ। ਇਸ ਪਿਛੋਂ ਮੈਂ ਤਿੰਨ ਵਾਰ ਹਡਾਲੀ ਗਿਆ-ਦੋ ਵਾਰ ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਅਤੇ ਇੱਕ ਵਾਰ ਬਟਵਾਰੇ ਤੋਂ ਬਹੁਤ ਬਾਅਦ। ਹਰ ਵਾਰ ਜੱਦੀ ਘਰ ਤੇ ਜੱਦੀ ਪਿੰਡ ਦੇਖ ਕੇ ਮੇਰੇ ਹੰਝੂ ਵਹਿ ਤੁਰਦੇ ਸਨ। ਮੇਰੀ ਦਾਦੀ ਦੀਆਂ ਯਾਦਾਂ ਮੇਰੀਆਂ ਅੱਖਾਂ ਸਾਹਮਣੇ ਤੈਰਨ ਲੱਗਦੀਆਂ ਸਨ। ਕਿਵੇਂ ਉਹ ਮੈਨੂੰ ਦੁਲਾਰਦੀ ਸੀ। ਕਿਵੇਂ ਉਹ ਮੈਨੂੰ ਲੈ ਕੇ ਗੁਆਂਢੀਆਂ ਦੇ ਘਰਾਂ ਵਿਚ ਜਾਂਦੀ ਸੀ। ਕਿਵੇਂ ਉਹਦੀ ਉਂਗਲ ਫੜ ਕੇ ਮੈਂ ਧਰਮਸ਼ਾਲਾ ਜਾਂਦਾ ਸੀ। ਕਿਵੇਂ ਉਹ ਮੈਨੂੰ ਪੜ੍ਹਾਈ ਲਈ ਗ੍ਰੰਥੀ ਹਵਾਲੇ ਕਰ ਕੇ ਆਉਂਦੀ ਸੀ। ਉਹਦੇ ਵੱਲੋਂ ਪਕਾਈਆਂ ਰੋਟੀਆਂ, ਉਸ ਵੱਲੋਂ ਕੀਤੀ ਸਫਾਈ,…ਉਸ ਦੀ ਅਵਾਜ਼-ਸਭ ਕੁਝ ਮੇਰੇ ਲਈ ਤਰੋ-ਤਾਜ਼ਾ ਹੋ ਜਾਂਦਾ ਸੀ।
ਮੈਂ ਜਦੋਂ ਵੀ ਪਿੰਡ ਗਿਆ, ਉਥੋਂ ਦੇ ਵਸਨੀਕਾਂ ਨੇ ਬੜੇ ਨਿੱਘ ਨਾਲ ਮੇਰਾ ਸੁਆਗਤ ਕੀਤਾ। ਜਦੋਂ ਆਖਰੀ ਵਾਰ ਹਡਾਲੀ ਗਿਆ ਤਾਂ ਰੋਹਤਕ ਤੋਂ ਉਜੜ ਕੇ ਗਏ ਤਿੰਨ ਪਰਿਵਾਰ ਸਾਡੇ ਜੱਦੀ ਘਰ ਵਿਚ ਵਸੇ ਮਿਲੇ। ਉਹ ਮੈਨੂੰ ਮਿਲ ਕੇ ਨਿਹਾਇਤ ਖੁਸ਼ ਹੋਏ। ਕੁਝ ਸਾਲ ਪਹਿਲਾਂ (ਪਾਕਿਸਤਾਨ ਦੇ ਪਾਰਸੀ ਸੰਸਦ ਮੈਂਬਰ) ਮੀਨੂ ਭੰਡਾਰਾ ਨੇ ਮੈਨੂੰ ਸਾਡੇ ਜੱਦੀ ਘਰ ਦਾ ਇੱਕ ਫੋਟੋ ਭੇਜਿਆ। ਉਸ ਵਿਚ ਸਾਡੇ ਘਰ ਦੇ ਬਾਹਰ ਲੱਗੇ ਬੋਰਡ ‘ਤੇ ਇਹ ਲਿਖਤ ਉਕਰੀ ਹੋਈ ਸੀ, “ਇਸ ਹਵੇਲੀ ਵਿਚ ਉਘੇ ਨਾਵਲਕਾਰ, ਇਤਿਹਾਸਕਾਰ ਤੇ ਹਿੰਦ-ਪਾਕਿ ਦੋਸਤੀ ਦੇ ਮੁੱਦਈ ਖੁਸ਼ਵੰਤ ਸਿੰਘ ਦਾ ਜਨਮ ਹੋਇਆ।”
-ਖੁਸ਼ਵੰਤ ਸਿੰਘ

ਧਰਮ, ਧਰਮ ਗ੍ਰੰਥ ਅਤੇ ਕਥਾਕਾਰ
ਧਰਮ ਦੀ ਅੱਜ ਦੁਨੀਆਂ ਵਿਚ ਭੂਮਿਕਾ ਵਧ ਗਈ ਹੈ। ਲੋਕ ਅਸੁਰੱਖਿਆ ਦੀ ਭਾਵਨਾ ਕਾਰਨ ਧਰਮ ਵਲ ਝੁਕ ਰਹੇ ਹਨ। ਧਾਰਮਿਕ ਭਾਵਨਾ ਪ੍ਰਬਲ ਹੋਣ ਕਾਰਨ ਇਸ ਦੇ ਪ੍ਰਗਟਾਵੇ ਵੀ ਵੱਧ ਜ਼ੋਰਦਾਰ ਢੰਗ ਨਾਲ ਹੋਣ ਲੱਗੇ ਹਨ। ਘੱਟ ਗਿਣਤੀਆਂ ਵਿਚ ਸਹਿਮ ਹੈ ਅਤੇ ਉਹ ਵੀ ਇਸੇ ਸਹਿਮ ਤੇ ਅਸੁਰੱਖਿਆ ਕਾਰਨ ਧਰਮ ‘ਤੇ ਹੀ ਵੱਧ ਨਿਰਭਰ ਹੁੰਦੀਆਂ ਜਾ ਰਹੀਆਂ ਹਨ।
ਮੈਂ ਨਾਸਤਿਕ ਹਾਂ। ਮੈਂ ਕਦੇ ਵੀ ਬਹੁਤਾ ਧਾਰਮਿਕ ਨਹੀਂ ਰਿਹਾ। ਬਚਪਨ ਵਿਚ ਵੀ ਨਹੀਂ। ਜਦੋਂ ਮੈਂ ਵੀਹਵਿਆਂ ਵਿਚ ਸਾਂ ਤਾਂ ਮੇਰੀ (ਹੁਣ ਪਾਕਿਸਤਾਨੀ ਦੋਸਤ) ਮਨਜ਼ੂਰ ਕਾਦਿਰ ਨਾਲ ਧਰਮ ਬਾਰੇ ਅਕਸਰ ਹੀ ਬਹਿਸ ਹੁੰਦੀ ਰਹਿੰਦੀ ਸੀ। ਮੈਂ ਉਸ ਨੂੰ ਪੁੱਛਿਆ ਕਰਦਾ ਸਾਂ ਕਿ ਤਰਕ ਨੂੰ ਮੰਨਣ ਵਾਲਾ ਬੰਦਾ, ਜੱਨਤ ਦੀਆਂ ਹੂਰਾਂ, ਫਰਿਸ਼ਤਿਆਂ, ਪੁਨਰ ਜਨਮ ਅਤੇ ਸ਼ਨੀ ਦੇ ਪ੍ਰਭਾਵਾਂ ਜਿਹੀਆਂ ਗੱਲਾਂ ‘ਤੇ ਕਿਵੇਂ ਵਿਸ਼ਵਾਸ ਕਰ ਸਕਦਾ ਹੈ? ਉਸ ਕੋਲ ਇਸ ਸਵਾਲ ਦਾ ਜਵਾਬ ਨਹੀਂ ਸੀ ਹੁੰਦਾ, ਪਰ ਉਹ ‘ਅੱਲ੍ਹਾ ਜ਼ਰੂਰ ਹੈ’ ਦੀ ਰਟ ਲਾਉਣ ਤੋਂ ਝਿਜਕਦਾ ਨਹੀਂ ਸੀ।
ਮੈਂ ਆਪਣੀ ਜ਼ਿੰਦਗੀ ਦੌਰਾਨ ਵੱਖ ਵੱਖ ਧਰਮਾਂ ਦੇ ਪਾਵਨ ਗ੍ਰੰਥ ਪੜ੍ਹੇ ਹਨ। ਮੈਨੂੰ ਇਹੋ ਅਹਿਸਾਸ ਹੈ ਕਿ ਬਹੁਤੇ ਗ੍ਰੰਥਾਂ ਵਿਚ ਬਹੁਤ ਕੁਝ ਅਜਿਹਾ ਹੈ, ਜਿਸ ਨੂੰ ਉਚ ਕੋਟੀ ਦਾ ਸਾਹਿਤ ਮੰਨਿਆ ਜਾ ਸਕਦਾ ਹੈ। ਮੈਂ ਧਰਮ ਗ੍ਰੰਥ 1960ਵਿਆਂ ਵਿਚ ਪੜ੍ਹਨੇ ਸ਼ੁਰੂ ਕੀਤੇ, ਜਦੋਂ ਮੈਂ ਪਹਿਲਾਂ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ, ਫਿਰ ਸਵਾਰਦਮੋਰ ਕਾਲਜ ਅਤੇ ਫਿਰ ਹਵਾਈ ਯੂਨੀਵਰਸਿਟੀ ਵਿਚ ਮਜ਼ਹਬਾਂ ਦੇ ਤੁਲਨਾਤਮਕ ਅਧਿਐਨ ਦਾ ਪ੍ਰੋਫੈਸਰ ਸਾਂ। ਇਸੇ ਕਾਰਨ ਮੈਨੂੰ ਕੁਰਾਨ ਸ਼ਰੀਫ ਦੀਆਂ ਆਇਤਾਂ, ਭਗਵਦ ਗੀਤਾ ਦੇ ਸਲੋਕ, ਬਾਈਬਲ ਦੀਆਂ ਆਇਤਾਂ ਅਤੇ ਗ੍ਰੰਥ ਸਾਹਿਬ ਦੇ ਸ਼ਬਦ ਯਾਦ ਹਨ। ਮੈਨੂੰ ਸਿੱਖ ਗੁਰੂਆਂ ਦੀ ਬਾਣੀ ਪੜ੍ਹਨ ਤੇ ਸਮਝਣ ਵਿਚ ਸਭ ਤੋਂ ਘੱਟ ਕਠਿਨਾਈ ਹੋਈ, ਕਿਉਂਕਿ ਇਹ ਉਸ ਪੰਜਾਬੀ ਵਿਚ ਹੈ, ਜੋ ਅੱਜ ਦੇ ਯੁੱਗ ਵਿਚ ਵੀ ਬੋਲੀ ਜਾਂਦੀ ਹੈ। ਮੈਂ ਅਰਬੀ ਜਾਂ ਸੰਸਕ੍ਰਿਤ ਨਹੀਂ ਪੜ੍ਹ ਸਕਦਾ, ਇਸ ਲਈ ਮੈਨੂੰ ਅੰਗਰੇਜ਼ੀ ਤਰਜਮੇ ਉਪਰ ਨਿਰਭਰ ਕਰਨਾ ਪਿਆ। ਤਰਜਮਾ, ਸ਼ਬਦਾਂ ਅੰਦਰਲੇ ਸੰਗੀਤ ਨੂੰ ਨਹੀਂ ਫੜ ਸਕਦਾ। ਇਸੇ ਲਈ ਇਸ ਨੂੰ ਪੜ੍ਹ ਕੇ ਵੀ ਤਸੱਲੀ ਨਹੀਂ ਹੁੰਦੀ।
ਇਨ੍ਹਾਂ ਸਾਰੇ ਧਰਮ ਗ੍ਰੰਥਾਂ ਨੂੰ ਪੜ੍ਹਨ ਦੇ ਬਾਵਜੂਦ ਮੈਨੂੰ ਅਸਲ ਮਜ਼ਾ ਗਾਲਿਬ, ਫੈਜ਼ ਤੇ ਇਕਬਾਲ ਨੂੰ ਪੜ੍ਹ ਕੇ ਆਇਆ। ਫਿਰ ਵੀ ਮੈਂ ਇਹੀ ਕਹਾਂਗਾ ਕਿ ਧਰਮ ਗ੍ਰੰਥਾਂ ਨੂੰ ਪੜ੍ਹਨ ਤੇ ਗੁੜ੍ਹਨ ਦਾ ਵੱਡਾ ਲਾਭ ਹੈ। ਮਾਨਵਤਾ ਦਾ ਜੋ ਸੁਨੇਹਾ ਇਹ ਦਿੰਦੇ ਹਨ, ਉਹ ਇਨ੍ਹਾਂ ਦਾ ਪਾਠ ਜਾਂ ਕਥਾ ਕਰਨ ਵਾਲੇ ਨਹੀਂ ਦਿੰਦੇ। ਪਾਠ ਜਾਂ ਕਥਾ ਕਰਨ ਵਾਲੇ ਤਾਂ ਇਸ ਸੁਨੇਹੇ ਨੂੰ ਅਕਸਰ ਉਲਟਾ ਦਿੰਦੇ ਹਨ।
-ਖੁਸ਼ਵੰਤ ਸਿੰਘ